SOURCE : SIKH SIYASAT
April 12, 2025 | By ਹਰਪ੍ਰੀਤ ਸਿੰਘ ਲੌਂਗੋਵਾਲ
19ਵੀਂ ਸਦੀ ਤੋਂ ਲੈਕੇ ਅਫ਼ਗਾਨਿਸਤਾਨ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਲਈ ਜੰਗ ਦਾ ਮੈਦਾਨ ਬਣਦਾ ਆਇਆ ਹੈ। ਰੂਸ ਅਤੇ ਬਰਤਾਨੀਆ ਵਿਚਕਾਰ ਜੰਗ ਦਾ ਮੈਦਾਨ ਬਣੇ ਰਹਿਣ ਤੋਂ ਬਾਅਦ ‘ਘਰੇਲੂ ਜੰਗ’ (ਸਿਵਲ ਵਾਰ) ਅਤੇ ਫੇਰ ਰੂਸ ਅਤੇ ਅਮਰੀਕਾ ਵਿਚਕਾਰ ਲੜੀ ਜਾਣ ਵਾਲੀ ‘ਠੰਡੀ ਜੰਗ’ (ਕੋਲਡ ਵਾਰ) ਦਾ ਮੈਦਾਨ ਬਣਿਆ। ਰੂਸ ਅਤੇ ਅਮਰੀਕਾ ਆਪਸ ਵਿੱਚ ਸਿੱਧੇ ਮੁਕਾਬਲੇ ਵਿੱਚ ਨਹੀਂ ਆਏ, ਪਰ ਉਨ੍ਹਾਂ ਨੇ ਆਪਸ ਵਿੱਚ ਅਫਗਾਨਿਸਤਾਨ ਦੇ ਰਾਹੀਂ ਜੰਗ ਲੜਿਆ। ਇਸਤੋਂ ਬਾਅਦ ਵੀ ਲਗਾਤਾਰ ਇਥੇ ਹਲਾਤ ਕਦੇ ਸ਼ਾਂਤੀ ਵਾਲੇ ਨਹੀਂ ਰਹੇ। ਇਨ੍ਹਾਂ ਸਮਿਆਂ ਵਿੱਚ ਵਾਪਰੇ ਕਿਹੜੇ ਵਰਤਾਰਿਆਂ ਨੇ ਅਫ਼ਗਾਨਿਸਤਾਨ ਵਿੱਚ ਜੰਗ ਦੇ ਹਲਾਤ ਬਣਾਈ ਰੱਖੇ, ਇਹ ਲੇਖ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ ਹੈ।
18ਵੀਂ ਸਦੀ ਵਿੱਚ ਅਫਗਾਨਿਸਤਾਨ ਉਪਰ ਦੁਰਾਨੀਆਂ ਦਾ ਰਾਜ ਸੀ। ਦੁਰਾਨੀ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ (ਦੁਰਾਨੀ) ਵਰਗਿਆਂ ਨੇ ਗਵਾਂਢੀ ਮੁਲਕਾਂ ਹਿੰਦੁਸਤਾਨ, ਇਰਾਨ, ਮੱਧ ਏਸ਼ੀਆ ਦੇ ਇਲਾਕਿਆਂ ਨੂੰ ਜਿੱਤ ਕੇ ਅਫ਼ਗਾਨਿਸਤਾਨ ਕਾਇਮ ਕੀਤਾ ਸੀ। ਅਹਿਮਦ ਸ਼ਾਹ ਦੁਰਾਨੀ ਦੀ ਮੌਤ ਦੇ ਬਾਅਦ ਗੱਦੀ ਉਪਰ ਬੈਠਣ ਲਈ ਅਹਿਮਦ ਸ਼ਾਹ ਦੇ ਪੁੱਤਰਾਂ ਵਿਚਕਾਰ ਕਈ ਸਾਲ ਲੜਾਈ ਚੱਲਦੀ ਰਹੀ। 19ਵੀਂ ਸਦੀ ਦੀ ਸ਼ੁਰੂਆਤ ਵਿੱਚ ਪਠਾਣਾਂ ਦਾ ਬਰਕਜ਼ਈ ਖ਼ਾਨਦਾਨ, ਦੁਰਾਨੀ ਖ਼ਾਨਦਾਨ ਨੂੰ ਹਰਾ ਕੇ ਕਾਬੁਲ ਦਾ ਸ਼ਾਹ ਬਣ ਗਿਆ। ਅਫਗਾਨਿਸਤਾਨ ਵਿੱਚ ਸਦੀਆਂ ਤੋਂ ਹੀ ਮੁਸਲਿਮ ਕਬੀਲਿਆਂ ਦਾ ਰਾਜ ਰਿਹਾ ਸੀ। ਤਾਕਤਵਰ ਕਬੀਲੇ ਦੂਸਰੇ ਕਬੀਲਿਆਂ ਨਾਲ ਸਹਿਮਤੀ ਕਰਕੇ ਕਾਬੁਲ ਉਪਰ ਕਾਬਜ਼ ਹੋ ਜਾਂਦੇ ਸਨ, ਜਿਨ੍ਹਾਂ ਨੂੰ ਅਮੀਰ ਆਖਿਆ ਜਾਂਦਾ ਸੀ। ਕਈ ਵਾਰ ਕਬੀਲੇ ਆਪੋ ਵਿਚਲੀ ਖ਼ਾਨਾਜੰਗੀ ਵਿੱਚ ਉਲਝ ਜਾਂਦੇ ਸਨ। ਅਫਗਾਨਿਸਤਾਨ ਦੇ ਇਲਾਕੇ ਵਿਚੋਂ ਅਮੀਰਾਂ ਨੂੰ ਬਹੁਤੀ ਆਮਦਨੀ ਨਾ ਹੋਣ ਕਰਕੇ ਅਮੀਰ ਆਪਣੇ ਲਈ ਵੱਖਰੇ ਤੌਰ ਤੇ ਫੌਜ ਦਾ ਇੰਤਜ਼ਾਮ ਨਹੀਂ ਕਰ ਸਕਦੇ ਸਨ, ਸਗੋਂ ਉਨ੍ਹਾਂ ਦੀ ਫੌਜ ਦਾ ਵੱਡਾ ਹਿੱਸਾ ਕਬੀਲਿਆਂ ਦੇ ਸਰਦਾਰਾਂ ਵਲੋਂ ਭੇਜੇ ਗਏ ਲੜਾਕੇ ਨੌਜਵਾਨ ਹੀ ਹੁੰਦੇ ਸਨ। ਹਰ ਕਬੀਲੇ ਵਿੱਚ ਹਥਿਆਰਬੰਦ ਸਿਪਾਹੀਆਂ ਦਾ ਦਲ ਹੁੰਦਾ ਸੀ, ਜਿਸਨੂੰ ਅਮੀਰਾਂ ਦੀ ਤਰਫੋਂ ਲੜਨ ਤੇ ਆਮਦਨੀ ਪ੍ਰਾਪਤੀ ਹੁੰਦੀ ਸੀ। ਵੱਡੇ ਰੂਪ ਵਿੱਚ ਇਹ ਕਬੀਲੇ ਪਠਾਣ, ਹਜ਼ਾਰਾ, ਬਲੋਚ, ਤਜ਼ਾਕ, ਉਜ਼ਬੇਕ ਅਤੇ ਤੁਰਕਾਂ ਦੇ ਸਨ।

ਅਹਿਮਦ ਸ਼ਾਹ ਦੁਰਾਨੀ
19ਵੀਂ ਸਦੀ ਵਿੱਚ ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ ਰੂਸ ਦੀ ਜ਼ਾਰਸ਼ਾਹੀ (ਰਾਜਾਸ਼ਾਹੀ) ਅਤੇ ਅੰਗਰੇਜ਼ੀ (ਬਰਤਾਨੀਆ) ਸਾਮਰਾਜ ਵਿਚਕਾਰ ਦੁਨੀਆਂ ਦੇ ਵੱਡੇ ਹਿੱਸੇ ਉਪਰ ਕਬਜ਼ੇ ਨੂੰ ਲੈਕੇ ਖਿੱਚੋਤਾਣ ਚੱਲ ਰਹੀ ਸੀ। ਰੂਸ ਦਾ ਬਾਦਸ਼ਾਹ ਉਤਰ ਤੋਂ ਦੱਖਣ ਵੱਲ ਨੂੰ ਵਧਦਾ ਹੋਇਆ ਮੱਧ ਏਸ਼ੀਆ (ਅਜੋਕੇ ਕਜ਼ਾਕਿਸਤਾਨ, ਉਜ਼ਬੇਕਿਸਤਾਨ, ਕਿਰਗਿਸਤਾਨ, ਤੁਰਕਮੇਨਿਸਤਾਨ, ਤਾਜਿਕਸਤਾਨ) ਅਤੇ ਅਫ਼ਗਾਨਿਸਤਾਨ ਦੇ ਇਲਾਕੇ ਵੱਲ ਨੂੰ ਆ ਰਿਹਾ ਸੀ। ਅੰਗਰੇਜ਼ ਹਕੂਮਤ ਨੇ ਰੂਸ ਨੂੰ ਅੱਗੇ ਦੱਖਣ ਵੱਲ ਵਧਣ ਅਤੇ ਹਿੰਦੁਸਤਾਨ ਦੇ ਵਿਸ਼ਾਲ ਖਿੱਤੇ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਬਹੁਤ ਸਾਰੀਆਂ ਫ਼ੌਜੀ ਅਤੇ ਕੂਟਨੀਤੀ ਕੋਸ਼ਿਸ਼ਾਂ ਕੀਤੀਆਂ। ਹਿੰਦੁਸਤਾਨ ਦਾ ਇਲਾਕਾ ਜਿਸ ਵਿੱਚ ਅੰਗਰੇਜ਼ ਰਾਜ ਕਰ ਰਹੇ ਸਨ, ਇਸ ਗੱਲ ਤੋਂ ਭਲੀ ਭਾਂਤ ਜਾਣੂ ਸਨ ਕਿ ਇਤਿਹਾਸ ਵਿੱਚ ਸਦੀਆਂ ਤੋਂ ਹਮਲਾਵਰ ਅਤੇ ਹਕੂਮਤਾਂ ਹਿੰਦੁਸਤਾਨ ਉਪਰ ਕਬਜ਼ੇ ਨੂੰ ਲੈਕੇ ਵਧਦੀਆਂ ਆਈਆਂ ਅਤੇ ਸਦਾ ਉਨ੍ਹਾਂ ਦਾ ਰਸਤਾ ਅਫਗ਼ਾਨਿਸਤਾਨ ਵਿਚੋਂ ਦੀ ਹੋਕੇ ਦਰਾ ਖ਼ੈਬਰ ਦੇ ਰਸਤੇ ਪੰਜਾਬ ਰਿਹਾ ਹੈ। ਅੰਗਰੇਜ਼, ਰੂਸ ਨੂੰ ਮੱਧ ਏਸ਼ੀਆ ਵੱਲ ਵਧਦਾ ਵੇਖ ਰਹੇ ਸਨ ਕਿ ਅਫ਼ਗਾਨਿਸਤਾਨ ਤੋਂ ਰੂਸ, ਹਿੰਦੁਸਤਾਨ ਵੱਲ ਹਮਲਾ ਕਰਕੇ ਅੰਗਰੇਜ਼ੀ ਹਕੂਮਤ ਨੂੰ ਕਿਸੇ ਵੀ ਵੇਲੇ ਵੱਡਾ ਝਟਕਾ ਦੇ ਸਕਦਾ ਹੈ। ਰੂਸ ਦੀ ਫੌਜ ਦੀ ਥੋੜ੍ਹੀ ਜਿਹੀ ਕੋਸ਼ਿਸ ਹੀ ਹਿੰਦੁਸਤਾਨ ਵਿਚੋਂ ਅੰਗਰੇਜ਼ਾਂ ਨੂੰ ਬਾਹਰ ਕਰਕੇ ਆਪਣੀ ਸਲਤਨਤ ਵਿੱਚ ਮਿਲਾ ਸਕਦੀ ਸੀ ਜਾਂ ਦੋਵੇਂ ਸਾਮਰਾਜਾਂ ਦੀ ਆਪਸੀ ਲੜਾਈ ਸਮੇਂ ਰੂਸ ਅਫ਼ਗਾਨਿਸਤਾਨ ਵਿੱਚ ਪੱਕਾ ਮੋਰਚਾ ਬਣਾਕੇ ਓਥੋਂ ਲਗਾਤਾਰ ਅੰਗਰੇਜ਼ ਹਕੂਮਤ ਉਪਰ ਹਮਲੇ ਜਾਰੀ ਰੱਖ ਸਕਦਾ ਸੀ। ਅਫਗਾਨਿਸਤਾਨ ਦੇ ਕਬੀਲੇ ਆਪਸੀ ਏਕਤਾ ਦੀ ਘਾਟ ਕਰਕੇ ਰੂਸ ਨੂੰ ਓਥੇ ਕਾਬਜ਼ ਹੋਣ ਤੋਂ ਰੋਕ ਨਹੀਂ ਸਕਦੇ ਸਨ। ਅੰਗਰੇਜ਼ੀ ਹਕੂਮਤ ਆਪਸੀ ਖਾਨਾਜੰਗੀ ਵਿੱਚ ਉਲਝ ਰਹੇ ਅਫ਼ਗ਼ਾਨ ਕਬੀਲਿਆਂ ਦੀ ਤਾਕਤ ਤੋਂ ਭੈਭੀਤ ਨਹੀਂ ਸੀ, ਬਲਕਿ ਰੂਸ ਦੀ ਵੱਡੀ ਫ਼ੌਜੀ ਤਾਕਤ ਤੋਂ ਭੈਭੀਤ ਸੀ, ਜੋਕਿ ਹੌਲੀ ਹੌਲੀ ਅਫਗਾਨਿਸਤਾਨ ਵੱਲ ਵੱਧ ਰਿਹਾ ਸੀ। ਅਫ਼ਗਾਨਿਸਤਾਨ ਨੂੰ ਰੂਸ ਦੇ ਕਿਸੇ ਵੀ ਪ੍ਰਭਾਵ ਹੇਠ ਆਉਣ ਤੋਂ ਰੋਕਣ ਲਈ ਅੰਗਰੇਜ਼ ਹਕੂਮਤ ਨੇ ਓਥੇ ਲਗਾਤਾਰ ਫ਼ੌਜੀ ਅਤੇ ਕੂਟਨੀਤਕ ਦਖ਼ਲਅੰਦਾਜ਼ੀ ਬਰਕਰਾਰ ਰੱਖੀ। ਅੰਗਰੇਜ਼ੀ ਹਕੂਮਤ ਵੀ ਹਿੰਦੁਸਤਾਨ ਤੋਂ ਹੌਲੀ ਹੌਲੀ ਪੰਜਾਬ, ਸਿੰਧ ਅਤੇ ਕਸ਼ਮੀਰ ਦੀਆਂ ਸਰਕਾਰਾਂ ਨਾਲ ਦੋਸਤਾਨਾ ਸਬੰਧ ਕਾਇਮ ਕਰਕੇ ਅਫ਼ਗਾਨਿਸਤਾਨ ਵੱਲ ਵਧਦੀ ਆ ਰਹੀ ਸੀ। ਅੰਗਰੇਜ਼ਾਂ ਦੇ ਵਧਦੇ ਕਦਮਾਂ ਨੂੰ ਰੂਸ ਵੀ ਸ਼ੱਕੀ ਨਜ਼ਰ ਨਾਲ ਵੇਖਦਾ ਸੀ ਅਤੇ ਅੰਗਰੇਜ਼ਾਂ ਨੂੰ ਮੱਧ ਏਸ਼ੀਆ ਵਿੱਚ ਵਪਾਰ ਅਤੇ ਫ਼ੌਜੀ ਦਖ਼ਲਅੰਦਾਜ਼ੀ ਦੇ ਪੱਖ ਤੋਂ ਆਪਣੇ ਲਈ ਚੰਗਾ ਨਹੀਂ ਮੰਨ ਰਿਹਾ ਸੀ। ਦੁਨੀਆਂ ਉਪਰ ਸਰਦਾਰੀ ਦੀ ਲੜਾਈ ਵਿੱਚ ਰੂਸ ਅਤੇ ਅੰਗਰੇਜ਼ੀ ਹਕੂਮਤ ਬਹੁਤ ਵਾਰ ਛੋਟੀਆਂ ਵੱਡੀਆਂ ਘਟਨਾਵਾਂ ਵਿੱਚ ਉਲਝੀ, ਪਰ ਸਿੱਧੇ ਤੌਰ ਤੇ ਇੱਕ ਦੂਜੇ ਦੇ ਵਿਰੁੱਧ ਜੰਗ ਵਿੱਚ ਨਹੀਂ ਉੱਤਰੀ। ਇਨ੍ਹਾਂ ਕੂਟਨੀਤੀਆਂ ਅਤੇ ਘਟਨਾਵਾਂ ਦੇ ਦੌਰ ਨੂੰ ਅੰਗਰੇਜ਼ਾਂ ਨੇ ‘ਵੱਡੀ ਖੇਡ’ (ਗ੍ਰੇਟ ਗੇਮ) ਅਤੇ ਰੂਸ ਵਲੋਂ ‘ਪਰਛਾਵਿਆਂ ਦੀ ਖੇਡ’ (ਟੂਰਨਾਮੈਂਟ ਆਫ ਸ਼ੈਡੋ) ਆਖਿਆ ਗਿਆ।
ਦੁਰਾਨੀਆਂ ਦੇ ਪੰਜਾਬ ਉੱਪਰ ਵਾਰ ਵਾਰ ਹਮਲੇ ਅਤੇ ਅਫ਼ਗਾਨਿਸਤਾਨ ਦੀਆਂ ਹੱਦਾਂ ਪੰਜਾਬ ਨਾਲ ਜੋੜਨ ਦੀਆਂ ਕੋਸ਼ਿਸਾਂ ਵਿੱਚ ਮੁਗਲ ਸਲਤਨਤ ਦੇ ਸੂਬੇ ਤਬਾਹ ਹੋ ਗਏ ਸਨ, ਪਰ ਸਿੱਖ ਤਾਕਤਵਰ ਹੋ ਗਏ ਸਨ। ਸਿੱਖ-ਅਫ਼ਗ਼ਾਨ ਲੜਾਈਆਂ ਵਿਚ ਅਫ਼ਗਾਨ ਹਾਰਦੇ ਰਹੇ ਅਤੇ ਪਿੱਛੇ ਹਟਦੇ ਗਏ, ਪਰ ਸਿੱਖ ਅਫਗਾਨਿਤਾਨ ਦੀ ਸਰਹੱਦ ਤੱਕ ਪਹੁੰਚਣ ਲੱਗ ਪਏ ਸਨ। ਮੁਸਲਿਮ ਕਬੀਲਿਆਂ ਦੇ ਸਦੀਆਂ ਦੇ ਕਬਜ਼ੇ ਵਿੱਚ ਰਹੀ ਅਤੇ ਕਾਬੁਲ ਦੇ ਅਮੀਰਾਂ ਦੀ ਸਲਤਨਤ ਦਾ ਖਾਸ ਹਿੱਸਾ ਪੇਸ਼ਾਵਰ ਦੀ ਘਾਟੀ ਮਹਾਰਾਜਾ ਰਣਜੀਤ ਸਿੰਘ ਨੇ ਨੌਸ਼ਹਿਰੇ ਦੀ ਜੰਗ ਵਿਚ ਅਫਗਾਨਾਂ ਤੋਂ ਖੋਹ ਲਈ। ਇਹ ਪੇਸ਼ਾਵਰ ਦੀ ਘਾਟੀ ਜਿਸਦੀ ਬਹੁਤੀ ਵਸੋਂ ਉਸ ਵੇਲੇ ਅਤੇ ਅੱਜ ਵੀ ਪਠਾਣ ਹੈ, ਅਫ਼ਗ਼ਾਨ ਅਮੀਰਾਂ ਨੇ ਕਈ ਵਾਰ ਆਪਣੇ ਪ੍ਰਬੰਧ ਹੇਠ ਲੈਣ ਦੀ ਕੋਸ਼ਿਸ ਕੀਤੀ। ਪਰ ਅੱਜ ਤੱਕ ਇਹ ਘਾਟੀ ਕਾਬੁਲ ਦੇ ਪ੍ਰਬੰਧ ਹੇਠ ਨਹੀਂ ਆ ਸਕੀ। ਸਿੱਖ ਜਰਨੈਲ ਹਰੀ ਸਿੰਘ ਨਲੂਆ ਨੇ ਜਮਰੌਦ ਨਾਮ ਦੇ ਇੱਕ ਪਿੰਡ ਵਿੱਚ ਅਫ਼ਗਾਨਿਸਤਾਨ ਵੱਲ ਤੋਂ ਹੋਣ ਵਾਲੇ ਕਿਸੇ ਵੀ ਹਮਲੇ ਨੂੰ ਰੋਕਣ ਦੇ ਮਕਸਦ ਨਾਲ ਇੱਕ ਕਿਲਾ ਬਣਾ ਕੇ ਪੱਕੀ ਫੌਜ ਬਿਠਾ ਦਿੱਤੀ ਸੀ। ਕਾਬਲ ਦੇ ਅਮੀਰ ਦੋਸਤ ਮੁਹੰਮਦ ਖਾਂ ਨੇ ਪੇਸ਼ਾਵਰ ਦੀ ਘਾਟੀ ਨੂੰ ਓਥੋਂ ਦੇ ਕਬੀਲਿਆਂ ਦੀ ਮਦਦ ਨਾਲ ਜਹਾਦ ਦਾ ਨਾਅਰਾ ਦੇਕੇ ਦੁਬਾਰਾ ਕਬਜ਼ੇ ਹੇਠ ਲੈਣ ਦੀ ਕੋਸ਼ਿਸ ਕੀਤੀ ਸੀ, ਜਿਸ ਵਿੱਚ ਉਹ ਅਸਫਲ ਰਹੇ ਸਨ, ਪਰ ਜਰਨੈਲ ਹਰੀ ਸਿੰਘ ਨਲੂਆ ਸਖ਼ਤ ਜ਼ਖਮੀ ਹੋਕੇ ਸ਼ਹੀਦੀ ਪ੍ਰਾਪਤ ਕਰ ਗਏ ਸਨ। ਸਿੱਖ ਰਾਜ ਦੇ ਖਤਮ ਹੋਣ ਤੋਂ ਬਾਅਦ ਇਹ ਸਾਰਾ ਇਲਾਕਾ ਅੰਗਰੇਜ਼ਾਂ ਦੇ ਪ੍ਰਬੰਧ ਹੇਠ ਆ ਗਿਆ।

ਜਮਰੌਦ ਦਾ ਕਿਲ੍ਹਾ
ਯੂਰਪ ਤੋਂ ਕਈ ਆਦਮੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਸਨ, ਕੁਝ ਫੌਜ ਦੀਆਂ ਵੱਡੀਆਂ ਪਦਵੀਆਂ ਉਪਰ ਵੀ ਤਾਇਨਾਤ ਸਨ। ਇਸੇ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਰੂਸ ਅਤੇ ਫਰਾਂਸ ਜਰਨਲ ਨੈਪੋਲੀਅਨ ਬੋਨਾਪਾਰਟ ਦੀ ਵਧ ਰਹੀ ਤਾਕਤ ਅਤੇ ਦੋਵਾਂ ਤਾਕਤਾਂ ਦੇ ਅਫ਼ਗਾਨਿਸਤਾਨ ਵੱਲ ਵਧਣ ਦਾ ਪਤਾ ਲੱਗਾ ਹੋਵੇਗਾ। ਰੂਸ ਦਾ ਹੇਠਾਂ ਨੂੰ ਵਧਣਾ, ਇਹ ਵੀ ਇੱਕ ਕਾਰਨ ਹੋਵੇਗਾ ਕਿ ਅੰਗਰੇਜ਼ਾਂ ਵਲੋਂ ਸਮਝੌਤੇ ਦੀ ਪੇਸ਼ਕਸ ਆਉਣ ਤੇ ਉਨ੍ਹਾਂ ਸੰਧੀ ਕਰ ਲਈ। ਭਾਵੇਂ ਕਿ ਇਸ ਸੰਧੀ ਦਾ ਪੰਥ ਅੰਦਰੋਂ ਵੀ ਵਿਰੋਧ ਹੋਇਆ। ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਇਸ ਸੰਧੀ ਦੇ ਬਰਖਿਲਾਫ਼ ਜਾਣ ਅਤੇ ਮਹਾਰਾਜਾ ਲਾਹੌਰ ਨਾਲ ਨਰਾਜ਼ ਹੋਣ ਦੀ ਗੱਲ ਇਤਿਹਾਸ ਵਿੱਚ ਆਉਂਦੀ ਹੈ। ਅੰਗਰੇਜ਼ਾਂ ਨਾਲ ਸੰਧੀ ਨੇ ਮਹਾਰਾਜਾ ਲਾਹੌਰ ਨੂੰ ਮਾਲਵੇ ਦਾ ਸਤਲੁਜ ਤੋਂ ਯਮੁਨਾ ਦੇ ਵਿਚਕਾਰਲਾ ਇਲਾਕਾ ਆਪਣੇ ਰਾਜ ਹੇਠ ਕਰਨ ਤੋਂ ਰੋਕ ਦਿੱਤਾ ਸੀ ਅਤੇ ਅੰਗਰੇਜ਼ੀ ਹਕੂਮਤ ਨੇ ਪੰਜਾਬ ਨੂੰ ਰੂਸ ਦੇ ਹਮਲੇ ਦੀ ਸੂਰਤ ਵਿੱਚ ਬਫ਼ਰ ਸਟੇਟ ਮੰਨ ਲਿਆ ਸੀ, ਜਿਸਨੂੰ ਕਿ ਬਾਹਰੋਂ ਹਮਲੇ ਦੀ ਸੂਰਤ ਵਿੱਚ ਅੰਗਰੇਜ਼ਾਂ ਵਲੋਂ ਫ਼ੌਜੀ ਮਦਦ ਮੁਹਈਆ ਕਰਵਾਈ ਜਾਣੀ ਸੀ। ਯੂਰਪੀਅਨ ਤਾਕਤਾਂ ਦੇ ਮੁਕਾਬਲੇ ਲੜਾਈ ਦੇ ਸਮਰੱਥ ਬਣਨ ਅਤੇ ਫੌਜ ਨੂੰ ਆਧੁਨਿਕ ਬਣਾਉਣ ਦੇ ਮਕਸਦ ਨਾਲ ਮਹਾਰਾਜਾ ਲਾ ਵਿੱਚ ਇੱਕ ਟੁਕੜੀ ਵੀ ਕਾਇਮ ਕੀਤੀ ਸੀ।

ਫਰਾਂਸੀਸੀ ਜਰਨੈਲ: ਨੈਪੋਲੀਅਨ ਬੋਨਾਪਾਰਟ
ਅਫ਼ਗਾਨਿਸਤਾਨ ਅਮੀਰ ਦੋਸਤ ਮੁਹੰਮਦ ਖਾਂ ਦੇ ਕਾਫੀ ਇਲਾਕੇ ਖਾਲਸਾ ਰਾਜ ਵਿੱਚ ਆ ਗਏ ਸਨ। ਰੂਸ ਅਤੇ ਹਿੰਦੁਸਤਾਨ ਵਿੱਚਲੀ ਅੰਗਰੇਜ਼ੀ ਸਾਮਰਾਜ ਦੀ ਤਾਕਤ ਵਿਚਕਾਰ ਉਸਨੇ ਅਫ਼ਗਾਨਿਸਤਾਨ ਦੇ ਬਫਰ ਸਟੇਟ ਵਜੋਂ ਕੰਮ ਕਰਨ ਦੀ ਸੰਭਾਵਨਾ ਵੇਖੀ ਅਤੇ ਦੋਵਾਂ ਤਾਕਤਾਂ ਨਾਲ ਤੋਲਵੇਂ ਸਬੰਧ ਕਾਇਮ ਕਰਕੇ ਆਪਣੇ ਲਈ ਲਾਹੇਵੰਦ ਸੌਦੇ ਦੀ ਤਾਕ ਰੱਖੀ। ਅੰਗਰੇਜ਼ਾਂ ਨਾਲ ਸੰਧੀ ਕਰਨ ਨੂੰ ਉਹ ਇਸ ਗੱਲ ਤੇ ਰਾਜ਼ੀ ਹੋਇਆ ਕਿ ਅੰਗਰੇਜ਼, ਅਫਗਾਨਿਸਤਾਨ ਦਾ ਸਿੱਖ ਰਾਜ ਕੋਲ ਖੁੱਸਿਆ ਹੋਇਆ ਇਲਾਕਾ ਵਾਪਸ ਕਰਵਾ ਦੇਣ, ਉਸਦੀ ਮਹਾਰਾਜਾ ਲਹੌਰ ਨਾਲ ਸੁਲ੍ਹਾ ਕਰਵਾ ਦੇਣ ਅਤੇ ਮਹਾਰਾਜੇ ਨੂੰ ਪੱਛਮ ਵੱਲ ਹੋਰ ਵਧਣ ਤੋਂ ਰੋਕ ਦੇਣ। ਅੰਗਰੇਜ਼ਾਂ ਨੇ ਦੋਸਤ ਨੂੰ ਇਸ ਗੱਲ ਲਈ ਰਜ਼ਾਮੰਦ ਕਰਨਾ ਚਾਹਿਆ ਕਿ ਉਹ ਪੇਸ਼ਾਵਰ ਉਪਰੋਂ ਅਪਣਾ ਦਾਅਵਾ ਛੱਡ ਦੇਵੇ ਅਤੇ ਰੂਸ ਬਾਦਸ਼ਾਹ ਦੇ ਸਫੀਰਾਂ ਨਾਲ ਕੋਈ ਗੱਲਬਾਤ ਨਾ ਰੱਖੇ। ਬਦਲੇ ਵਿੱਚ ਅੰਗਰੇਜ਼, ਮਹਾਰਾਜਾ ਲਹੌਰ ਨੂੰ ਪੱਛਮ ਵੱਲ ਹੋਰ ਵਧਣ ਤੋਂ ਰੋਕ ਦੇਣਗੇ। ਦੋਸਤ ਮੁਹੰਮਦ ਦੇ ਲਿਖਤੀ ਇਕਰਾਰਨਾਮਾ ਮੰਗਣ ਦੀ ਸੂਰਤ ਵਿੱਚ ਅੰਗਰੇਜ਼ਾਂ ਨੇ ਇਹ ਲਿਖਤੀ ਕਰਨ ਤੋਂ ਇਨਕਾਰ ਕਰ ਦਿੱਤਾ। ਦੋਸਤ ਨੇ ਅੰਗਰੇਜ਼ਾਂ ਉਪਰ ਦਬਾਅ ਬਣਾਉਣ ਲਈ ਰੂਸੀ ਵਫਦ ਨਾਲ ਗੱਲਬਾਤ ਵੀ ਸ਼ੁਰੂ ਕਰ ਲਈ ਸੀ, ਦੋਸਤ ਰੂਸ ਦੀ ਮਦਦ ਨਾਲ ਮਹਾਰਾਜਾ ਲਹੌਰ ਨਾਲ ਜੰਗ ਕਰਕੇ ਆਪਣੇ ਇਲਾਕੇ ਵਾਪਸ ਲੈਣਾ ਚਾਹੁੰਦਾ ਸੀ ਅਤੇ ਬਦਲੇ ਵਿੱਚ ਰੂਸ ਦੀਆਂ ਫ਼ੌਜਾਂ ਨੂੰ ਅਫ਼ਗਾਨਿਸਤਾਨ ਵਿਚੋਂ ਲਾਂਘਾਂ ਦੇ ਸਕਦਾ ਸੀ। ਰੂਸ ਨਾਲ ਦੋਸਤ ਦੀ ਇਹ ਗੱਲਬਾਤ ਸਿਰੇ ਨਾ ਚੜ੍ਹ ਸਕੀ ਅਤੇ ਅੰਗਰੇਜ਼ਾਂ ਨੇ ਵੀ ਦੋਸਤ ਨੂੰ ਸੰਧੀ ਕਰਨ ਦੇ ਯੋਗ ਨਾ ਸਮਝਿਆ। ਦੋਸਤ ਮੁਹੰਮਦ ਨਾਲ ਗੱਲਬਾਤ ਟੁੱਟਣ ਤੇ ਅੰਗਰੇਜ਼ਾਂ ਨੇ ਆਪਣੀ ਪਸੰਦ ਦਾ ਅਮੀਰ ਕਾਬਲ ਵਿੱਚ ਗੱਦੀ ਉਪਰ ਬਿਠਾਉਣ ਦੀ ਗੱਲ ਸੋਚੀ। ਦੁਰਾਨੀ ਖਾਨਦਾਨ ਦਾ ਅਮੀਰ ਸ਼ਾਹ ਸੁਜਾਅ ਖੁਦ ਨੂੰ ਗੱਦੀ ਉਪਰ ਬਿਠਾਉਣ ਲਈ ਲਹੌਰ ਦਰਬਾਰ ਅਤੇ ਅੰਗਰੇਜ਼ਾਂ ਕੋਲ ਬਿਨਤੀਆਂ ਕਰ ਚੁੱਕਾ ਸੀ, ਇਸੇ ਲਈ ਮਹਾਰਾਜਾ ਲਹੌਰ, ਅੰਗਰੇਜ਼ ਸਰਕਾਰ ਅਤੇ ਸ਼ਾਹ ਸੁਜਾ ਵਿਚਕਾਰ ਇੱਕ ਸਮਝੌਤਾ ਹੋਇਆ, ਜਿਸਦੇ ਤਹਿਤ ਸ਼ਾਹ ਸੁਜਾ ਨੂੰ ਇਸ ਸ਼ਰਤ ਉਪਰ ਕਾਬਲ ਦਾ ਅਮੀਰ ਬਣਾਇਆ ਜਾਵੇਗਾ ਕਿ ਉਹ ਪੇਸ਼ਾਵਰ ਉਪਰ ਅਪਣਾ ਦਾਅਵਾ ਨਹੀਂ ਕਰੇਗਾ, ਰੂਸ ਨਾਲ ਨੇੜਤਾ ਨਹੀਂ ਵਧਾਏਗਾ ਅਤੇ ਅੰਗਰੇਜ਼ ਹਕੂਮਤ ਦੇ ਨਾਲ ਸਹਿਮਤੀ ਵਿੱਚ ਰਹੇਗਾ। ਆਪਣੀ ਪਸੰਦ ਦਾ ਹਾਕਮ ਲਗਾਉਣ ਲਈ 1838 ਵਿੱਚ ਸਿੱਖ ਅਤੇ ਅੰਗਰੇਜ਼ ਦੋਵਾਂ ਤਾਕਤਾਂ ਨੇ ਮਿਲ ਕੇ ਕਾਬਲ ਉਪਰ ਹਮਲਾ ਕੀਤਾ, ਕੁਝ ਸਮੇਂ ਬਾਅਦ ਅੰਗਰੇਜ਼ ਗਵਰਨਰ ਆਕਲੈਂਡ ਨੇ ਲਹੌਰ ਦਰਬਾਰ ਨਾਲ ਸੰਧੀ ਤੋੜ ਦਿੱਤੀ ਅਤੇ ਖੁਦ ਹੀ ਕਾਰਵਾਈ ਕਰਦਿਆਂ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਸ਼ਾਹ ਸੁਜਾਅ ਨੂੰ ਕਾਬਲ ਦਾ ਅਮੀਰ ਬਣਾ ਦਿੱਤਾ ਗਿਆ। ਸੰਧੀ ਦੇ ਮੁਤਾਬਿਕ ਅੰਗਰੇਜ਼ਾਂ ਨੇ ਕੋਈ ਅੱਠ ਕ ਹਜ਼ਾਰ ਅੰਗਰੇਜ਼ੀ ਫੌਜ ਅਮੀਰ ਸ਼ਾਹ ਸੁਜਾਅ ਦੀ ਮਦਦ ਲਈ ਓਥੇ ਛੱਡ ਕੇ ਬਾਕੀ ਫੌਜ ਵਾਪਸ ਬੁਲਾ ਲਈ। ਅਫ਼ਗਾਨੀ ਕਬੀਲਿਆਂ ਦੇ ਸਰਦਾਰ ਸ਼ਾਹ ਸੁਜਾਅ ਦੀ ਥਾਂ ਦੋਸਤ ਮੁਹੰਮਦ ਨੂੰ ਵਧੇਰੇ ਪਸੰਦ ਕਰਦੇ ਸਨ। ਸ਼ਾਹ ਸੁਜਾ ਦੇ ਖਿਲਾਫ ਬਗਾਵਤ ਪੈਦਾ ਹੋਣ ਕਾਰਨ ਅੰਗਰੇਜ਼ੀ ਫੌਜ ਨੂੰ ਵਾਪਸ ਆਉਣਾ ਪਿਆ। ਜਦ ਅੰਗਰੇਜ਼ਾਂ ਨੇ ਵਧੇਰੇ ਫੌਜ ਅਤੇ ਨਾਲ ਉਨ੍ਹਾਂ ਦੇ ਪਰਿਵਾਰ ਵੀ ਭੇਜੇ ਤਾਂ ਅਫ਼ਗਾਨੀ ਲੋਕਾਂ ਨੇ ਵਿਰੋਧ ਕਰਦਿਆਂ ਇਸ ਸਾਰੀ ਟੁਕੜੀ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਕਤਲੇਆਮ ਵਿਚੋਂ ਸਿਰਫ ਇੱਕ ਅੰਗਰੇਜ਼ ਅਫਸਰ ਹੀ ਕਾਬਲ ਤੋਂ ਵਾਪਸ ਅੰਗਰੇਜ਼ੀ ਚੌਂਕੀ ਵਿੱਚ ਜ਼ਖਮੀ ਹਾਲਤ ਵਿੱਚ ਪਹੁੰਚ ਸਕਿਆ ਸੀ। ਦੋਸਤ ਮੁਹੰਮਦ ਖਾਂ ਨੇ ਦੁਬਾਰਾ ਕਾਬਲ ਨੂੰ ਆਪਣੇ ਹੱਥ ਵਿੱਚ ਕੀਤਾ ਅਤੇ ਸ਼ਾਹ ਸੁਜਾ ਨੂੰ ਕਤਲ ਕਰ ਦਿੱਤਾ। ਅੰਗਰੇਜ਼ਾਂ ਨੇ ਗਲਤੀ ਇਹ ਕਰ ਲਈ ਸੀ ਕਿ ਦੋਸਤ ਮੁਹੰਮਦ ਦੇ ਚਾਹੁੰਦਿਆ ਹੋਇਆ ਵੀ ਉਸ ਨਾਲ ਸੰਧੀ ਨਹੀਂ ਕੀਤੀ, ਸਗੋਂ ਉਨ੍ਹਾਂ ਨੇ ਅਯੋਗ ਵਿਅਕਤੀ ਨੂੰ ਸੰਧੀ ਦੇ ਲਈ ਚੁਣ ਲਿਆ, ਜਿਸਦੀ ਅਫ਼ਗਾਨੀ ਲੋਕਾਂ ਵਿੱਚ ਭੋਰਾ ਇੱਜ਼ਤ ਨਹੀਂ ਸੀ। ਹੁਣ ਅੰਗਰੇਜ਼ਾਂ ਦੇ ਸਬੰਧ ਅਫ਼ਗਾਨਿਸਤਾਨ ਨਾਲ ਵਿਗੜ ਚੁੱਕੇ ਸਨ। ਦੋਸਤ ਮੁਹੰਮਦ ਖਾਨ ਨੇ ਵਾਪਸ ਗੱਦੀ ਉਪਰ ਬੈਠਦਿਆਂ ਅਫ਼ਗਾਨਿਸਤਾਨ ਦੇ ਇਰਾਨ ਅਤੇ ਪੱਛਮ ਵੱਲ ਦੇ ਇਲਾਕਿਆਂ ਨੂੰ ਦੁਬਾਰਾ ਆਪਣੇ ਅਧਿਕਾਰ ਹੇਠ ਕੀਤਾ। ਜਦੋਂ 1847 ਅਤੇ 1848 ਵਿੱਚ ਸਿੱਖ ਅਤੇ ਅੰਗਰੇਜ਼ ਫ਼ੌਜਾਂ ਆਪਸ ਵਿੱਚ ਲੜ ਰਹੀਆਂ ਸਨ, ਉਦੋਂ ਵੀ ਦੋਸਤ ਨੇ ਪੇਸ਼ਾਵਰ ਉਪਰ ਕਬਜ਼ੇ ਦੀ ਕੋਸ਼ਿਸ ਕੀਤੀ ਸੀ। 1849 ਵਿੱਚ ਸਿੱਖ ਰਾਜ ਉਪਰ ਕਬਜ਼ੇ ਤੋਂ ਬਾਅਦ ਅੰਗਰੇਜ਼ ਅਫਗਾਨਿਸਤਾਨ ਤੱਕ ਅੱਗੇ ਵੱਧ ਗਏ। ਸੰਨ 1854 ਵਿੱਚ ਦੋਸਤ ਮੁਹੰਮਦ ਨਾਲ ਦੁਬਾਰਾ ਤੋਂ ਅੰਗਰੇਜ਼ਾਂ ਦੀ ਗੱਲਬਾਤ ਸ਼ੁਰੂ ਹੋਈ। ਸੰਨ 1857 ਵਿੱਚ ਇਰਾਨ ਦੇ ਖਿਲਾਫ ਦੋਸਤ ਮੁਹੰਮਦ ਦੀ ਮਦਦ ਲਈ ਅੰਗਰੇਜ਼ੀ ਸਰਕਾਰ ਨੇ ਆਪਣੀ ਫ਼ੌਜੀ ਟੁਕੜੀ ਨੂੰ ਕੰਧਾਰ ਵੀ ਭੇਜਿਆ।
ਐਂਗਲੋ-ਸਿੱਖ ਯੁੱਧ
ਅੰਤਰਰਾਸ਼ਟਰੀ ਹਾਲਤਾਂ ਬਦਲਣ ਕਰਕੇ ਰੂਸ ਅਤੇ ਅੰਗਰੇਜ਼ੀ ਹਕੂਮਤ ਨੇ ਅਫ਼ਗਾਨਿਸਤਾਨ ਨੂੰ ਬਫ਼ਰ ਸਟੇਟ ਮੰਨਣ ਦੇ ਸਮਝੌਤੇ ਤੇ ਦਸਤਖ਼ਤ ਕੀਤੇ। ਅੰਗਰੇਜ਼ੀ ਹਕੂਮਤ ਨੇ ਅਫਗਾਨਿਸਤਾਨ ਨੂੰ ਆਪਣੀ ਫ਼ੌਜੀ ਰੱਖਿਆ ਹੇਠ ਰੱਖਣਾ ਮਨਜ਼ੂਰ ਕਰ ਲਿਆ ਅਤੇ ਅਫਗਾਨਿਸਤਾਨ ਨੂੰ ਫ਼ੌਜੀ ਅਤੇ ਆਰਥਿਕ ਮਦਦ ਦੇਣੀ ਸ਼ੁਰੂ ਕੀਤੀ। ਇਸ ਵੇਲੇ ਤੱਕ ਰੂਸ ਅਤੇ ਅੰਗਰੇਜ਼ ਵੀ ਅਪਣਾ ਧਿਆਨ ਯੂਰਪ ਵੱਲ ਕੇਂਦਰਿਤ ਕਰਨ ਲੱਗ ਪਏ ਸਨ। ਯੂਰਪ ਦੇ ਹਲਾਤ ਹੌਲੀ ਹੌਲੀ ਪਹਿਲੀ ਸੰਸਾਰ ਜੰਗ ਵੱਲ ਵਧਦੇ ਜਾ ਰਹੇ ਸਨ। ਸੰਨ 1875-1876 ਤੱਕ ਪਹੁੰਚਦੇ ਪਹੁੰਚਦੇ ਅਫ਼ਗਾਨ ਅਮੀਰ ਅਤੇ ਅੰਗਰੇਜ਼ਾਂ ਦੇ ਸਬੰਧ ਫੇਰ ਤੋਂ ਵਿਗੜਨ ਲੱਗ ਪਏ। ਰੂਸ ਵਲੋਂ ਅਪਣਾ ਪ੍ਰਭਾਵ ਵਧਾਉਣ ਲਈ ਇੱਕ ਵਫਦ ਕਾਬਲ ਭੇਜਿਆ ਗਿਆ, ਜਿਸਤੇ ਅੰਗਰੇਜ਼ੀ ਹਕੂਮਤ ਨੇ ਇਤਰਾਜ਼ ਜਤਾਉਂਦਿਆਂ ਅਪਣਾ ਵਫਦ ਵੀ ਕਾਬਲ ਵੱਲ ਭੇਜਿਆ। ਪਰ ਅੰਗਰੇਜ਼ੀ ਵਫਦ ਨੂੰ ਖ਼ੈਬਰ ਦੱਰੇ ਤੋਂ ਕਾਬਲ ਅਮੀਰ ਦੁਆਰਾ ਮੋੜ ਦਿੱਤਾ ਗਿਆ। ਇਸ ਦੂਸਰੀ ਅੰਗਰੇਜ਼-ਅਫ਼ਗ਼ਾਨ ਲੜਾਈ ਵਿੱਚ ਕਾਬਲ ਦੇ ਨਵਾਬ ਸ਼ੇਰ ਅਲੀ ਦੇ ਵਿਰੁੱਧ ਅੰਗਰੇਜ਼ਾਂ ਨੇ ਚਾਲੀ ਹਜ਼ਾਰ ਫੌਜ ਭੇਜੀ ਅਤੇ ਕਾਬਲ ਨੂੰ ਘੇਰ ਲਿਆ। ਕਾਬਲ ਦਾ ਅਮੀਰ ਸ਼ੇਰ ਅਲੀ ਤਾਂ ਰੂਸ ਵੱਲ ਭੱਜ ਗਿਆ ਪਰ ਉਸਦੇ ਪੁੱਤਰ ਮੁਹੰਮਦ ਯਾਕੂਬ ਨੇ ਅੰਗਰੇਜ਼ਾਂ ਨਾਲ ਸੰਧੀ ਕਰਦਿਆਂ ਅਫ਼ਗਾਨਿਸਤਾਨ ਦੇ ਵਿਦੇਸ਼ੀ ਮਾਮਲਿਆਂ ਨੂੰ ਅੰਗਰੇਜ਼ਾਂ ਦੇ ਹੱਥ ਵਿੱਚ ਦੇ ਦਿੱਤਾ। ਬਾਅਦ ਵਿੱਚ ਮੁਹੰਮਦ ਯਾਕੂਬ ਨਾਲ ਵੀ ਵਿਗੜਨ ਤੇ ਅੰਗਰੇਜ਼ਾਂ ਨੇ ਅਬਦੁਰ ਰਹਿਮਾਨ ਨੂੰ ਕਾਬਲ ਦਾ ਅਮੀਰ ਬਣਾ ਦਿੱਤਾ। ਅਬਦੁਰ ਰਹਿਮਾਨ ਨੇ ਪੱਕੇ ਤੌਰ ਤੇ ਸੰਧੀ ਦੀਆਂ ਸ਼ਰਤਾਂ ਨੂੰ ਮੰਨ ਲਿਆ ਅਤੇ ਅੰਗਰੇਜ਼ਾਂ ਨਾਲ ਕੋਈ ਵਿਗਾੜ ਪੈਦਾ ਨਹੀਂ ਕੀਤੇ। ਅੰਗਰੇਜ਼ਾਂ ਨੇ ਵੀ ਕਾਬਲ ਤੋਂ ਫੌਜ ਵਾਪਸ ਬੁਲਾ ਲਈ। ਜਦੋਂ ਅਫਗਾਨਿਸਤਾਨ ਦੇ ਉੱਤਰੀ ਇਲਾਕਿਆਂ ਵੱਲ ਰੂਸੀ ਫੌਜ ਵਧੀ, ਤਾਂ ਸੰਧੀ ਦੇ ਤਹਿਤ ਅੰਗਰੇਜ਼ਾਂ ਨੇ ਫੌਜ ਭੇਜਕੇ ਅਫਗਾਨਿਸਤਾਨ ਵਿੱਚ ਰੂਸ ਦੀਆਂ ਫ਼ੌਜਾਂ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ।
ਕਾਬਲ ਅਮੀਰ ਅਬਦੁਰ ਰਹਿਮਾਨ ਨੇ ਅਫ਼ਗਾਨਿਸਤਾਨ ਵਿੱਚ ਅਲੱਗ ਅਲੱਗ ਕਬੀਲਿਆਂ ਨੂੰ ਇਕੱਠਾ ਕਰਕੇ ਸ਼ਾਂਤੀ ਕਾਇਮ ਕੀਤੀ, ਕਬੀਲਿਆਂ ਦੀ ਬਗਾਵਤ ਨੂੰ ਉਹ ਸਖਤੀ ਨਾਲ ਕੁਚਲਣਾ ਰਿਹਾ। ਉਸਨੇ ਕਬੀਲਿਆਂ ਦੀ ਤਾਕਤ ਘੱਟ ਕਰਨ ਲਈ ਪਠਾਣ ਵਸੋਂ ਨੂੰ ਉਜਾੜ ਕੇ ਹੋਰ ਕਬੀਲਿਆਂ ਵਿੱਚ ਵਸਾਇਆ। ਦੁਰੰਦ ਸਰਹੱਦ, ਉਸਦੇ ਲਈ ਇਸ ਗੱਲ ਤੋਂ ਠੀਕ ਸੀ ਕਿ ਅਫਗਾਨਾਂ ਵਿੱਚ ਭਾਰੂ ਪਠਾਣ ਕਬੀਲਿਆਂ ਦੀ ਵਸੋਂ ਦੋ ਹਿੱਸਿਆਂ ਵਿੱਚ ਵੰਡੀ ਜਾਵੇ ਅਤੇ ਉਸਦੀ ਗੱਦੀ ਨੂੰ ਕਬੀਲਿਆਂ ਦੀ ਬਗਵਤ ਤੋਂ ਖ਼ਤਰਾ ਨਾ ਰਹੇ। ਕਾਬਲ ਅਮੀਰ ਅਬਦੁਰ ਰਹਿਮਾਨ ਨੇ ਭਾਵੇਂ ਅੰਗਰੇਜ਼ੀ ਹਕੂਮਤ ਖਿਲਾਫ ਕੋਈ ਅੜਿਕਾ ਖੜਾ ਨਹੀਂ ਕੀਤਾ, ਪਰ ਉਸਨੇ ਅੰਗਰੇਜ਼ਾਂ ਵਲੋਂ ਅਫ਼ਗ਼ਾਨਿਸਤਾਨ ਨਾਲ ਹੋਈਆਂ ਵਧੀਕੀਆਂ ਬਾਰੇ ਅਫ਼ਗ਼ਾਨ ਜਨਤਾ ਨੂੰ ਜਾਗਰੂਕ ਕੀਤਾ। ਅਗਲਾ ਅਮੀਰ ਹਬੀਬੁੱਲਾ ਖਾਂ ਵੀ ਅੰਗਰੇਜ਼ਾਂ ਦੀਆਂ ਨੀਤੀਆਂ ਦੇ ਖਿਲਾਫ ਬੋਲਦਾ ਰਿਹਾ। ਇਹ ਗੱਲਾਂ ਅਫ਼ਗਾਨੀ ਜਨਤਾ ਵਿੱਚ ਪੱਛਮੀ ਅੰਗਰੇਜ਼ੀ ਫਲਸਫੇ ਦੇ ਖਿਲਾਫ ਧਾਰਮਿਕ ਅਤੇ ਰਾਜਨੀਤਕ ਪੱਖ ਤੋਂ ਵਿਰੋਧੀ ਭਾਵਨਾ ਉਜਾਗਰ ਕਰਨ ਵਿੱਚ ਸਹਾਈ ਹੋਈਆਂ।
ਪਠਾਣ ਵਸੋਂ ਅਤੇ ਪੇਸ਼ਾਵਰ ਦੀ ਘਾਟੀ ਵਾਲੇ ਇਲਾਕੇ ਨੂੰ ਦੁਬਾਰਾ ਅਫ਼ਗਾਨਿਸਤਾਨ ਨਾਲ ਜੋੜਨ ਲਈ ਅਫਗਾਨਾਂ ਦੀਆਂ ਅੰਗਰੇਜ਼ਾਂ ਨਾਲ ਸੰਨ 1919 ਤੱਕ ਕਈ ਵਾਰ ਲੜਾਈਆਂ ਹੋਈਆਂ। ਅੰਗਰੇਜ਼ਾਂ ਨੇ ਇਸ ਇਲਾਕੇ ਵਿੱਚ ਕਾਫੀ ਸਾਰੇ ਛੋਟੇ ਛੋਟੇ ਕਿਲੇ ਬਣਵਾਏ। ਸੰਨ 1893 ਵਿੱਚ ਕਾਬੁਲ ਦੇ ਅਮੀਰ ਨੂੰ ਮਜ਼ਬੂਰ ਕਰਕੇ ਉਨ੍ਹਾਂ ਨੇ ਅਫ਼ਗਾਨੀ ਇਲਾਕੇ ਅਤੇ ਅੰਗਰੇਜ਼ ਇਲਾਕੇ ਵਿੱਚ ਪੱਕੀ ਸਰਹੱਦ ਦੀ ਨਿਸ਼ਾਨਦੇਹੀ ਕਰਵਾਕੇ ਇਸਨੂੰ ਅਫਗਾਨਿਸਤਾਨ ਅਤੇ ਅੰਗਰੇਜ਼ੀ ਹਿੰਦੁਸਤਾਨ ਦੀ ਸਰਹੱਦ ਦੇ ਤੌਰ ਤੇ ਲਿਖਤ ਕਰਵਾ ਦਿੱਤਾ, ਜਿਸਨੂੰ ਦੁਰੰਦ ਰੇਖਾ ਜਾਂ ਦੁਰੰਦ ਸਰਹੱਦ ਆਖਿਆ ਜਾਂਦਾ ਹੈ। ਇਹੋ ਹੀ ਸਰਹੱਦ ਹੁਣ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਮੰਨੀ ਜਾਂਦੀ ਹੈ। ਇਸ ਸਰਹੱਦ ਨੇ ਪਠਾਣ ਵਸੋਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਕਾਬਲ ਦੇ ਅਮੀਰਾਂ ਨੇ ਵਾਹ ਲੱਗਦਿਆਂ ਇਸ ਸਰਹੱਦ ਤੋਂ ਅੰਦਰ ਆਕੇ ਅੰਗਰੇਜ਼ਾਂ ਤੋਂ ਇਹ ਇਲਾਕਾ ਬਹੁਤ ਵਾਰ ਖੋਹਣ ਦੀ ਕੋਸ਼ਿਸ ਕੀਤੀ। ਅੰਗਰੇਜ਼ਾਂ ਨੇ ਹਰ ਵਾਰ ਕੋਸ਼ਿਸ ਕਰਕੇ ਅਫ਼ਗਾਨ ਅਮੀਰਾਂ ਨੂੰ ਇਸ ਸਰਹੱਦ ਨੂੰ ਪੱਕੀ ਸਰਹੱਦ ਮੰਨਣ ਲਈ ਰਾਜ਼ੀ ਕੀਤਾ। ਪਰ ਅਫ਼ਗ਼ਾਨ ਸ਼ਾਸ਼ਕਾਂ ਨੇ ਇਸ ਸਰਹੱਦ ਨੂੰ ਕਦੇ ਵੀ ਦਿਲੋਂ ਮਨਜੂਰ ਨਹੀਂ ਸੀ ਕੀਤਾ। ਪਠਾਣ ਵਸੋਂ ਨੂੰ ਦੋ ਹਿੱਸਿਆਂ ਵਿੱਚ ਵੰਡਣ ਕਰਕੇ ਕਾਬਲ ਦੇ ਸ਼ਾਸਕ ਜ਼ਹੀਰ ਸ਼ਾਹ ਨੇ ਇਸਨੂੰ ਅਫਗਾਨਿਸਤਾਨ ਦੀ ਸਰਹੱਦ ਮੰਨਣ ਤੋਂ ਇਨਕਾਰ ਕੀਤਾ ਸੀ। ਅੰਗਰੇਜ਼ਾਂ ਦੇ ਹਿੰਦੁਸਤਾਨ ਤੋਂ ਜਾਣ ਬਾਅਦ ਪਾਕਿਸਤਾਨ ਨਾਲ ਕਾਬਲ ਸਰਕਾਰ ਦਾ ਦੁਰੰਦ ਸਰਹੱਦ ਦੇ ਮੁੱਦੇ ਤੇ ਇੱਕ ਵਾਰ ਯੁੱਧ ਵੀ ਛਿੜ ਪਿਆ ਸੀ। ਦੁਰੰਦ ਸਰਹੱਦ ਹੁਣ ਤੱਕ ਵੀ ਸਿਰਫ ਪ੍ਰਬੰਧ ਦੇ ਤੌਰ ਤੇ ਹੀ ਅਲੱਗ ਹੈ, ਇਸਨੂੰ ਪੱਕੇ ਤੌਰ ਤੇ ਬੰਦ ਨਹੀਂ ਕੀਤਾ ਗਿਆ। ਪਠਾਣ ਕਬੀਲੇ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਇਧਰ ਉਧਰ ਜਾਂਦੇ ਰਹਿੰਦੇ ਸਨ। ਅਫਗਾਨਿਸਤਾਨ ਦੀ ਸੋਵੀਅਤ ਫੌਜ ਨਾਲ ਲੜਾਈ ਅਤੇ ਫੇਰ ਅਮਰੀਕਾ ਨਾਲ ਜੰਗ ਵੇਲੇ ਵੀ ਲੜਾਕੂਆਂ ਨੇ ਇਸ ਸਰਹੱਦ ਨੂੰ ਪਾਰ ਕਰਕੇ ਪਾਕਿਸਤਾਨ ਵਿੱਚ ਸ਼ਰਨ ਲਈ।
ਸੰਨ 1907 ਵਿੱਚ ਰੂਸ ਦੇ ਬਾਦਸ਼ਾਹ ਨੇ ਪਹਿਲੇ ਇਨਕਲਾਬ ਤੋਂ ਬਾਅਦ ਲੋਕਤੰਤਰੀ ਪਾਰਲੀਮੈਂਟ ਨੂੰ ਜਗ੍ਹਾ ਦੇਣੀ ਸ਼ੁਰੂ ਕੀਤੀ ਅਤੇ ਅੰਗਰੇਜ਼ੀ ਹਕੂਮਤ ਨਾਲ ਇਰਾਨ ਅਤੇ ਅਫਗਾਨਿਸਤਾਨ ਦੇ ਵਿੱਚ ਕਿਸੇ ਕਿਸਮ ਦਾ ਪ੍ਰਭਾਵ ਨਾ ਰੱਖਣ ਲਈ ਸੰਧੀ ਕਰ ਲਈ। ਪਹਿਲੀ ਸੰਸਾਰ ਜੰਗ ਵਿੱਚ ਕਾਬਲ ਅਮੀਰ ਹਬੀਬੁੱਲਾ ਖਾਂ ਨੇ ਆਟੋਮਨ ਰਾਜ ਵਲੋਂ ਜਿਹਾਦ ਦਾ ਸੱਦਾ ਦਿੱਤੇ ਤੋਂ ਬਾਅਦ ਵੀ ਜੰਗ ਵਿੱਚ ਹਿੱਸਾ ਨਹੀਂ ਲਿਆ ਪਰ ਤੁਰਕੀ ਅਤੇ ਜਰਮਨ ਤੋਂ ਅਫ਼ਗਾਨੀ ਫ਼ੌਜ ਲਈ ਮਦਦ ਪ੍ਰਾਪਤ ਕੀਤੀ। ਜਦੋਂ ਪਹਿਲੀ ਸੰਸਾਰ ਜੰਗ ਖਤਮ ਹੋਈ ਤਾਂ ਕਾਬਲ ਦੇ ਅਗਲੇ ਅਮੀਰ ਅਮਨੁੱਲਾ ਖਾਂ ਨੇ ਅੰਗਰੇਜ਼ਾਂ ਦੀ ਹਾਲਤ ਨੂੰ ਕਮਜ਼ੋਰ ਸਮਝਦਿਆਂ ਅਤੇ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਦਾ ਵਿਰੋਧ ਵਧਦਾ ਵੇਖਕੇ ਅਫਗਾਨਿਸਤਾਨ ਦੇ ਵਿਦੇਸ਼ੀ ਮਾਮਲਿਆਂ ਨੂੰ ਆਪਣੇ ਹੱਥ ਵਿੱਚ ਲੈ ਲਿਆ ਅਤੇ ਅਫ਼ਗਾਨਿਸਤਾਨ ਦੀ ਅਜ਼ਾਦੀ ਦਾ ਐਲਾਨ ਕਰ ਦਿੱਤਾ। ਇਹ ਗੱਲ ਅੰਗਰੇਜ਼ ਅਤੇ ਅਫਗਾਨਾਂ ਵਿਚਕਾਰ ਤੀਜੀ ਜੰਗ ਦਾ ਸਬੱਬ ਬਣ ਗਈ। ਸੰਨ 1919 ਦੀ ਜੰਗ ਦੌਰਾਨ ਅਮਨੁੱਲਾ ਖਾਂ ਨੇ ਪੇਸ਼ਾਵਰ ਨੂੰ ਆਪਣੇ ਕਬਜ਼ੇ ਹੇਠ ਲੈਣ ਦੀ ਦੁਬਾਰਾ ਤੋਂ ਕੋਸ਼ਿਸ ਕੀਤੀ। ਅਮਨੁੱਲਾਂ ਖਾਂ ਨੇ ਇਸ ਜੰਗ ਵਿੱਚ ਅਫ਼ਗ਼ਾਨ ਕਬੀਲਿਆਂ ਦੀ ਵੀ ਮਦਦ ਲਈ, ਉਨ੍ਹਾਂ ਨੂੰ ਹਥਿਆਰ ਅਤੇ ਫ਼ੌਜੀ ਸਿਖਲਾਈ ਦਿੱਤੀ ਗਈ ਅਤੇ ਸ਼ਾਹੀ ਫੌਜ ਵਿੱਚ ਭਰਤੀ ਵੀ ਕੀਤਾ ਗਿਆ। ਅੰਗਰੇਜ਼, ਅਫਗਾਨੀ ਫੌਜ ਨੂੰ ਹਰਾਉਂਦੇ ਹੋਏ ਦੁਰੰਦ ਸਰਹੱਦ ਉਪਰ ਆਕੇ ਅੱਗੇ ਵਧਣੋਂ ਰੁਕ ਗਏ, ਇਹ ਜਨਾਉਣਾ ਚਾਹਿਆ ਕਿ ਇਹ ਸਰਹੱਦ ਪੱਕੀ ਸਰਹੱਦ ਹੈ। ਅਫਗਾਨਿਸਤਾਨ ਦੀ ਅਜ਼ਾਦੀ ਦੀ ਗੱਲ ਮੰਨੀ ਲਈ ਗਈ ਅਤੇ ਵਿਦੇਸ਼ੀ ਮਾਮਲਿਆਂ ਦੇ ਹੱਕ ਅਫਗਾਨਿਸਤਾਨ ਸਰਕਾਰ ਅਮਨੁੱਲਾਂ ਖਾਂ ਨੂੰ ਦੇ ਦਿੱਤੇ ਗਏ। 1926 ਵਿੱਚ ਅਮਨੁੱਲਾਂ ਖਾਂ ਨੇ ਆਪਣੇ ਆਪ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਘੋਸ਼ਿਤ ਕਰ ਦਿੱਤਾ। ਅਫਗਾਨਿਸਤਾਨ ਨੂੰ ਆਧੁਨਿਕ ਲੀਹਾਂ ਉਪਰ ਤੋਰਦਿਆਂ ਉਸਨੇ ਬਹੁਤ ਸਾਰੇ ਜਨਤਕ ਬਦਲਾਅ ਲਿਆਉਣੇ ਸ਼ੁਰੂ ਕੀਤੇ। ਉਸਤੋਂ ਬਾਅਦ 1933 ਤੱਕ ਅਫ਼ਗ਼ਾਨਿਸਤਾਨ ਵਿੱਚ ਗੱਦੀ ਉਪਰ ਬੈਠਣ ਲਈ ਬਗਾਵਤਾਂ ਚੱਲਦੀਆਂ ਰਹੀਆਂ ਅਤੇ ਅਫਗਾਨਿਸਤਾਨ ਦੇ ਬਾਦਸ਼ਾਹ ਬਦਲਦੇ ਰਹੇ। 1933 ਵਿੱਚ ਮੋਹੰਮਦ ਜ਼ਹੀਰ ਖਾਂ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ।

ਐਂਗਲੋ-ਅਫਗਾਨ ਯੁੱਧ
ਸੰਨ 1917 ਵਿੱਚ ਰੂਸ ਵਿੱਚ ਬਾਦਸ਼ਾਹ ਦਾ ਤਖ਼ਤਾ ਪਲਟ ਕਰਕੇ ਜ਼ਾਰ ਨੂੰ ਹਟਾ ਦਿੱਤਾ ਗਿਆ ਅਤੇ ਲੈਨਿਨ ਦੀ ਅਗਵਾਈ ਵਾਲੀ ਕਮਿਊਨਿਸਟ ਸੋਵੀਅਤ ਯੂਨੀਅਨ ਸਰਕਾਰ ਕਾਇਮ ਕੀਤੀ ਗਈ। ਰੂਸ ਵਿੱਚ ਕਮਿਊਨਿਸਟ ਸਰਕਾਰ ਬਣਨ ਨਾਲ ਪੂਰੀ ਦੁਨੀਆਂ ਵਿੱਚ ਕਾਰਲ ਮਾਰਕਸ ਦੀ ਵਿਚਾਰਧਾਰਾ ਦਾ ਪ੍ਰਭਾਵ ਵਧਿਆ। ਰੂਸ ਨੇ ਆਪਣੇ ਇਨਕਲਾਬ ਦੀ ਤਰਜ਼ ਉਪਰ ਦੁਨੀਆਂ ਵਿੱਚ ਆਪਣੇ ਸਿਧਾਂਤ ਦਾ ਪ੍ਰਭਾਵ ਵਧਾਉਣ ਦਾ ਯਤਨ ਕੀਤਾ। ਪਹਿਲਾਂ ਰੂਸ ਦਾ ਬਾਦਸ਼ਾਹ ਆਪਣੀ ਸਲਤਨਤ ਦਾ ਪ੍ਰਭਾਵ ਵਧਾਉਣ ਲਈ ਅਫ਼ਗਾਨਿਸਤਾਨ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਹੁਣ ਸੋਵੀਅਤ ਯੂਨੀਅਨ ਆਪਣੀ ਵਿਚਾਰਧਾਰਾ ਨੂੰ ਦੁਨੀਆਂ ਵਿੱਚ ਫੈਲਾਉਣ ਦੇ ਮਕਸਦ ਲਈ ਅਫ਼ਗਾਨਿਸਤਾਨ ਉਪਰ ਪ੍ਰਭਾਵ ਵਧਾਉਣਾ ਚਾਹੁੰਦੀ ਸੀ। ਅਫ਼ਗਾਨਿਸਤਾਨ ਵਿੱਚ ਭਾਵੇਂ ਅਜੇ ਵੀ ਰਾਜਾਸ਼ਾਹੀ ਚੱਲਦੀ ਸੀ, ਤਾਂ ਵੀ ਰੂਸ ਨੇ ਅਫ਼ਗਾਨਿਸਤਾਨ ਨੂੰ ਆਰਥਿਕ ਮਦਦ ਭੇਜਦਾ ਰਿਹਾ।
ਅਫਗਾਨਿਸਤਾਨ ਬਾਦਸ਼ਾਹ ਮੁਹੰਮਦ ਜ਼ਹੀਰ ਸ਼ਾਹ ਨੇ ਵੀ ਦੂਸਰੀ ਸੰਸਾਰ ਜੰਗ ਵਿੱਚ ਕਿਸੇ ਤਰ੍ਹਾਂ ਦਾ ਹਿੱਸਾ ਨਹੀਂ ਲਿਆ, ਪਰ ਉਹ ਇਸ ਤਾਕ ਵਿੱਚ ਰਿਹਾ ਕਿ ਜੇਕਰ ਅੰਗਰੇਜ਼ ਹਕੂਮਤ ਕਮਜ਼ੋਰ ਹੋਈ ਤਾਂ ਦੁਰੰਦ ਸਰਹੱਦ ਨੂੰ ਮੇਟ ਕੇ ਪਠਾਣ ਵਸੋਂ ਨੂੰ ਇੱਕ ਕੀਤਾ ਜਾਵੇ। 1973 ਵਿੱਚ ਉਸਦੇ ਰਾਜਗੱਦੀ ਤੋਂ ਹਟਾਏ ਜਾਣ ਤੱਕ ਉਸਨੇ ਅਫਗਾਨਿਸਤਾਨ ਦੀ ਆਮ ਜਨਤਾ ਨੂੰ ਆਧੁਨਿਕਤਾ ਵੱਲ ਲਿਜਾਣ ਦੀ ਕੋਸ਼ਿਸ ਕੀਤੀ। ਉਸਨੇ ਕਾਬੁਲ ਵਿੱਚ ਯੂਨੀਵਰਸਿਟੀ ਖੋਲੀ। ਇਸਲਾਮਿਕ ਕਦਰਾਂ ਕੀਮਤਾਂ ਦੀ ਜਗ੍ਹਾ ਪੱਛਮੀ ਤਰਜ਼ ਉਪਰ ਸਭਿਆਚਾਰ ਨੂੰ ਬਦਲਿਆ ਜਾਣ ਲੱਗਾ ਸੀ। 1966 ਵਿੱਚ ਉਸਨੇ ਪੱਛਮੀ ਤਰਜ਼ ਉਪਰ ਅਫਗਾਨਿਸਤਾਨ ਵਿੱਚ ਨਵਾਂ ਸੰਵਿਧਾਨ ਲਾਗੂ ਕਰਵਾਇਆ। ਜਿਸ ਵਿੱਚ ਔਰਤਾਂ ਨੂੰ ਪੜ੍ਹਾਈ ਅਤੇ ਕੰਮਕਾਜ ਵਿੱਚ ਹਿੱਸੇਦਾਰੀ ਦੇ ਅਧਿਕਾਰ ਦਿੱਤੇ ਗਏ। ਲੋਕਾਂ ਨੂੰ ਚੋਣਾਂ ਰਾਹੀਂ ਆਪਣੇ ਨੁਮਾਇੰਦੇ ਚੁਣਕੇ ਪਾਰਲੀਮੈਂਟ ਵਿੱਚ ਭੇਜਣ ਦਾ ਹੱਕ ਦਿੱਤਾ ਗਿਆ। ਇਹ ਪ੍ਰਬੰਧ ਤਕਰੀਬਨ ਬਰਤਾਨੀਆਂ ਦੇ ਪ੍ਰਬੰਧ ਨਾਲ ਰਲਦਾ ਮਿਲਦਾ ਸੀ, ਜਿੱਥੇ ਬਾਦਸ਼ਾਹ ਵੀ ਸੀ ਅਤੇ ਪਾਰਲੀਮੈਂਟ ਵੀ ਸੀ। ਜ਼ਹੀਰ ਖਾਂ ਨੇ ਅਫਗਾਨਿਸਤਾਨ ਵਿੱਚ ਪੱਕੀ ਫੌਜ ਦੀ ਭਰਤੀ ਕੀਤੀ ਅਤੇ ਜਨਤਾ ਉਪਰ ਕਰ ਲਗਾਕੇ ਲਗਾਨ ਵਸੂਲਣਾ ਸ਼ੁਰੂ ਕੀਤਾ। ਪੱਛਮੀ ਸਭਿਆਚਾਰ ਅਤੇ ਮੁਸਲਿਮ ਰਵਾਇਤਾਂ ਦੇ ਆਪਸੀ ਵਿਰੋਧ ਵਿੱਚ ਉਸਨੂੰ ਅਫ਼ਗਾਨ ਕਬੀਲਿਆਂ ਦੀਆਂ ਬਗਾਵਤਾਂ ਦਾ ਵੀ ਸਾਹਮਣਾ ਕਰਨਾ ਪਿਆ।
1947 ਵਿੱਚ ਅੰਗਰੇਜ਼ ਹਕੂਮਤ ਦੇ ਮੱਧ ਏਸ਼ੀਆ ਤੋਂ ਚਲੇ ਜਾਣ ਤੋਂ ਬਾਅਦ ਸੋਵੀਅਤ ਯੂਨੀਅਨ ਨੇ ਅਫ਼ਗਾਨਿਸਤਾਨ ਵਿੱਚ ਦੁਬਾਰਾ ਤੋਂ ਅਪਣਾ ਪ੍ਰਭਾਵ ਵਧਾਉਣਾ ਸ਼ੁਰੂ ਕੀਤਾ। ਅਫ਼ਗਾਨਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਅਤੇ ਪਾਰਲੀਮੈਂਟ ਦੇ ਬਣਨ ਨਾਲ ਮਾਰਕਸੀ ਲੀਹਾਂ ‘ਤੇ ਚੱਲਣ ਵਾਲੀ ਪਾਰਟੀ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਹੋਂਦ ਵਿੱਚ ਆਈ। 1960-70 ਦੇ ਵੇਲੇ ਪੂਰੀ ਦੁਨੀਆਂ ਵਿੱਚ ਕਮਿਊਨਿਸਟ ਇਨਕਲਾਬ ਹੋ ਰਹੇ ਸਨ। ਪਰ ਜ਼ਹੀਰ ਸ਼ਾਹ ਨੇ ਕਮਿਊਨਿਸਟ ਪਾਰਟੀ ਨੂੰ ਦਬਾਇਆ ਨਹੀਂ, ਕਿਉਂਕਿ ਇੱਕ ਤਾਂ ਉਹ ਲੋਕਾਂ ਨੂੰ ਚੋਣਾਂ ਦੇ ਹੱਕ ਦੇ ਚੁੱਕਿਆ ਸੀ, ਦੂਸਰਾ ਸੋਵੀਅਤ ਯੂਨੀਅਨ ਅਤੇ ਅਫਗ਼ਾਨਿਸਤਾਨ ਦੇ ਚੰਗੇ ਸਬੰਧ ਬਣ ਗਏ ਸਨ। ਇਸ ਪਾਰਟੀ ਦਾ ਪ੍ਰਭਾਵ ਹੌਲੀ ਹੌਲੀ ਲੋਕਾਂ ਅਤੇ ਅਫ਼ਗਾਨੀ ਫੌਜ ਅੰਦਰ ਵੀ ਵਧਦਾ ਗਿਆ। ਅਫ਼ਗਾਨਿਸਤਾਨ ਸਰਕਾਰ ਦੇ ਵੀ ਪਾਕਿਸਤਾਨ ਅਤੇ ਇਰਾਨ ਨਾਲ ਸਬੰਧ ਵਿਗੜ ਗਏ ਸਨ, ਇਸ ਲਈ ਇਕੱਲਾ ਸੋਵੀਅਤ ਯੂਨੀਅਨ ਹੀ ਅਜਿਹਾ ਦੇਸ਼ ਸੀ, ਜਿਸਦੇ ਉਪਰ ਫ਼ੌਜੀ ਅਤੇ ਆਰਥਿਕ ਪੱਖ ਤੋਂ ਅਫਗਾਨਿਸਤਾਨ ਦੀ ਨਿਰਭਰਤਾ ਬਣ ਗਈ ਸੀ।
ਸੰਨ 1973 ਵਿੱਚ ਜ਼ਹੀਰ ਸ਼ਾਹ ਨੂੰ ਗੱਦੀ ਤੋਂ ਲਾਹ ਕੇ ਦਾਊਦ ਖਾਂ ਕਾਬਲ ਦਾ ਪ੍ਰੈਜ਼ੀਡੈਂਟ ਬਣ ਗਿਆ। ਇਸਨੇ ਕਾਨੂੰਨ ਬਣਾ ਕੇ ਇੱਕ ਪਾਰਟੀ ਪ੍ਰਬੰਧ ਲਾਗੂ ਕਰ ਦਿੱਤਾ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਕਮਿਊਨਿਸਟ ਪਾਰਟੀ) ਵਲੋਂ ਵਿਰੋਧ ਜਤਾਉਣ ਤੇ ਦਾਊਦ ਖਾਂ ਨੇ ਇਸਦੇ ਮੈਂਬਰਾਂ ਨੂੰ ਕਤਲ ਕਰਵਾਉਣਾ ਸ਼ੁਰੂ ਕਰ ਦਿੱਤਾ। ਮੁਸਲਿਮ ਧਾਰਮਿਕ ਆਗੂ ਵੀ ਇਸਦੀਆਂ ਕੁਝ ਨੀਤੀਆਂ ਕਰਕੇ ਵਿਰੋਧ ਵਿੱਚ ਉੱਤਰ ਆਏ ਸਨ। ਅਪ੍ਰੈਲ 1978 ਵਿੱਚ ਹਥਿਆਰਬੰਦ ਕਬੀਲਿਆਂ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਅਤੇ ਫ਼ੌਜੀ ਜਰਨੈਲਾਂ ਨੇ ਤਖ਼ਤ ਪਲਟ ਕਰਦਿਆਂ ਦਾਊਦ ਖਾਂ ਨੂੰ ਗ੍ਰਿਫਤਾਰ ਕਰਕੇ ਕਤਲ ਕਰ ਦਿੱਤਾ। ਅਫਗਾਨਿਸਤਾਨ ਦਾ ਨਵਾਂ ਸੰਵਿਧਾਨ ਹੋਂਦ ਵਿੱਚ ਲਿਆਂਦਾ ਗਿਆ, ਇਸਨੂੰ ਗਣਤੰਤਰ ਬਣਾਕੇ ਨਵਾਂ ਪ੍ਰੈਜ਼ੀਡੈਂਟ ਮੁਹੰਮਦ ਤਰਾਕੀ ਨੂੰ ਬਣਾਇਆ ਗਿਆ।
ਮੁਹੰਮਦ ਤਰਾਕੀ ਵਾਲੀ ਕਮਿਊਨਿਸਟ ਸਰਕਾਰ ਨੇ ਅਫ਼ਗਾਨਿਸਤਾਨ ਅੰਦਰ ਧਾਰਮਿਕ ਗਤੀਵਿਧੀਆਂ ਨੂੰ ਸਖਤੀ ਨਾਲ ਬੰਦ ਕਰ ਦਿੱਤਾ। ਬੜੀ ਤੇਜ਼ੀ ਨਾਲ ਅਜਿਹੇ ਬਦਲਾਅ ਕੀਤੇ ਜਾਣ ਦੀ ਵਜ੍ਹਾ ਨਾਲ ਮੁਸਲਿਮ ਆਗੂ ਇਸਦੇ ਵਿਰੋਧ ਤੇ ਉੱਤਰ ਆਏ ਅਤੇ ਹਥਿਆਰਬੰਦ ਬਗਾਵਤ ਫੇਰ ਤੋਂ ਸ਼ੁਰੂ ਹੋ ਗਈ। ਸਦੀਆਂ ਤੋਂ ਮੁਸਲਿਮ ਕਬੀਲਿਆਂ ਨੇ ਕਦੇ ਸੋਚਿਆ ਨਹੀਂ ਸੀ ਕਿ ਦੇਸ਼ ਦਾ ਕੋਈ ਹਾਕਮ ਮਸਜਿਦਾਂ ਅਤੇ ਮੁਸਲਮਾਨਾਂ ਦੇ ਖਿਲਾਫ ਵੀ ਜਾ ਸਕਦਾ ਹੈ। ਮੁਸਲਿਮ ਆਗੂਆਂ ਨੇ ਕਬੀਲਿਆਂ ਨੂੰ ਸੱਦਾ ਦਿੱਤਾ ਕਿ ਰੱਬ ਨੂੰ ਨਾ ਮੰਨਣ ਵਾਲੀ ਸਰਕਾਰ ਨੂੰ ਡੇਗ ਦਿੱਤਾ ਜਾਵੇ। ਲੋਕਾਂ ਤੋਂ ਜਬਰੀ ਕਰ ਵਸੂਲਣ ਅਤੇ ਜਾਇਦਾਤ ਨੂੰ ਕਮਿਊਨਿਸਟ ਸੋਚ ਤਹਿਤ ਆਪਣੇ ਮਾਤਹਿਤ ਕਰਨ ਦੇ ਵਿਰੋਧ ਵਿੱਚ ਵੀ ਲੋਕ ਸਰਕਾਰ ਦੇ ਖਿਲਾਫ਼ ਖੜ੍ਹੇ ਹੋ ਗਏ। ਜਦੋਂ ਕਮਿਊਨਿਸਟ ਸਰਕਾਰ ਨੂੰ ਬਚਾਉਣਾ ਤਰਾਕੀ ਦੇ ਲਈ ਮੁਸ਼ਕਿਲ ਹੋ ਗਿਆ, ਤਾਂ ਉਸਨੇ ਸੋਵੀਅਤ ਯੂਨੀਅਨ ਤੋਂ ਬਗਾਵਤ ਨੂੰ ਦਬਾਉਣ ਲਈ ਸਿੱਧੀ ਫ਼ੌਜੀ ਦਖ਼ਲਅੰਦਾਜ਼ੀ ਦੇ ਲਈ ਮਦਦ ਮੰਗੀ। ਪੀਪਲਜ਼ ਪਾਰਟੀ ਵਿੱਚ ਵੀ ਦੋ ਹਿੱਸੇ ਸਨ, ਜਿਨ੍ਹਾਂ ਦੀ ਆਪੋ ਆਪਣੀ ਸੋਚ ਸੀ। ਮੁਹੰਮਦ ਤਰਾਕੀ ਨੂੰ ਹਫੀਜ਼ੁੱਲਾ ਅਮੀਨ ਨੇ ਕਤਲ ਕਰਵਾ ਦਿੱਤਾ ਅਤੇ ਖੁਦ ਪ੍ਰੈਜ਼ੀਡੈਂਟ ਬਣ ਗਿਆ। ਅਫ਼ਗਾਨ ਸਰਕਾਰ ਵਲੋਂ ਵਾਰ ਵਾਰ ਬਾਹਰੋਂ ਮਦਦ ਦੀ ਅਪੀਲ ਤੇ ਪਹਿਲਾਂ ਸੋਵੀਅਤ ਯੂਨੀਅਨ, ਅਫ਼ਗ਼ਾਨ ਸਰਕਾਰ ਨੂੰ ਦੇਸ਼ ਦੇ ਅੰਦਰੂਨੀ ਮਾਮਲੇ ਖੁਦ ਸੁਲਝਾਉਣ ਦੇ ਲਈ ਕਹਿੰਦਾ ਰਿਹਾ, ਪਰ ਬਾਅਦ ਦਸੰਬਰ 1979 ਵਿੱਚ ਅਫ਼ਗਾਨਿਸਤਾਨ ਵਿੱਚ ਫੌਜ ਭੇਜ ਦਿੱਤੀ। ਜਿਸ ਨਾਲ ਅਫਗਾਨਿਸਤਾਨ ਵਿੱਚ ਸੋਵੀਅਤ ਅਤੇ ਅਫਗਾਨਾਂ ਦੀ 9 ਸਾਲਾਂ ਲੰਬੀ ਲੜਾਈ ਦੀ ਸ਼ੁਰੂਆਤ ਹੋ ਗਈ।
ਅੰਤਰਰਾਸ਼ਟਰੀ ਪੱਧਰ ਤੇ ਇਹ ਵੇਲਾ ‘ਠੰਡੀ ਜੰਗ’ (ਕੋਲਡ ਵਾਰ) ਦਾ ਸੀ, ਜਿਸ ਵਿੱਚ ਅਮਰੀਕਾ ਅਤੇ ਸੋਵੀਅਤ ਯੂਨੀਅਨ ਦੁਨੀਆਂ ਵਿੱਚ ਆਪੋ ਆਪਣਾ ਪ੍ਰਭਾਵ ਵਧਾਉਣ ਦੇ ਲਈ ਕੋਸ਼ਿਸ ਕਰ ਰਹੇ ਸਨ, ਜਿਸਦਾ ਆਧਾਰ ਵਿਚਾਰਧਾਰਕ ਮੰਨਿਆ ਜਾ ਸਕਦਾ ਹੈ। ਸੋਵੀਅਤ ਯੂਨੀਅਨ ਕਮਿਊਨਿਸਟ ਵਿਚਾਰਧਾਰਾ ਨੂੰ ਦੁਨੀਆਂ ਪੱਧਰ ਤੇ ਫੈਲਾਉਣ ਦੀ ਕੋਸ਼ਿਸ ਕਰ ਰਿਹਾ ਸੀ, ਜਿਸਦੇ ਵਿਰੋਧ ਵਿੱਚ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ ਆਪਣੀ ਭੂਮਿਕਾ ਨਿਭਾ ਰਹੇ ਸਨ। ਦੁਨੀਆਂ ਭਰ ਵਿੱਚ ਮਾਰਕਸੀ ਵਿਚਾਰਧਾਰਾ ਵਾਲੀਆਂ ਸਰਕਾਰਾਂ ਹੋਂਦ ਵਿੱਚ ਆ ਰਹੀਆਂ ਸਨ। ਦੂਜੇ ਪਾਸੇ ਅਮਰੀਕਾ ਪੂੰਜੀਵਾਦ ਦਾ ਮੁੱਦਈ ਸੀ। ਦੂਜੇ ਪੱਖ ਤੋਂ ਇਹ ਲੜਾਈ ਦੁਨੀਆਂ ਦੀ ਸਰਦਾਰੀ ਦੀ ਵੀ ਸੀ, ਜਿਸਨੂੰ ਕਿ ਸੋਵੀਅਤ ਸਰਕਾਰ ਵਲੋਂ ਚੁਣੌਤੀ ਮਿਲ ਰਹੀ ਸੀ। ਵੀਅਤਨਾਮ ਵਿੱਚ ਅਮਰੀਕਾ ਕਮਿਊਨਿਸਟ ਤਾਕਤਾਂ ਹੱਥੋਂ ਹਾਰ ਗਿਆ ਸੀ, ਇਸ ਲਈ ਇਹ ਵੀ ਕਿਹਾ ਗਿਆ ਕਿ ਅਮਰੀਕਾ ਨੇ ਕੂਟਨੀਤੀ ਦੇ ਤਹਿਤ ਅਫਗਾਨਿਸਤਾਨ ਦੀ ਜੰਗ ਵਿੱਚ ਕੁੱਦਣ ਲਈ ਸੋਵੀਅਤ ਸਰਕਾਰ ਨੂੰ ਮਜ਼ਬੂਰ ਕਰ ਦਿੱਤਾ।
ਹਫੀਜ਼ੁੱਲਾ ਅਮੀਨ ਵਾਲੀ ਅਫ਼ਗ਼ਾਨ ਸਰਕਾਰ ਨੇ ਸੋਵੀਅਤ ਸਰਕਾਰ ਦੀ ਜਗ੍ਹਾ ਆਪਣੀ ਨਿਰਭਰਤਾ ਪਾਕਿਸਤਾਨ ਦੇ ਰਾਹੀਂ ਅਮਰੀਕਾ ਤੇ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਇਹ ਵੀ ਇੱਕ ਕਾਰਨ ਬਣਿਆ ਕਿ ਸੋਵੀਅਤ ਸਰਕਾਰ ਨੇ ਬਹੁਤ ਤੇਜ਼ੀ ਦੇ ਨਾਲ ਕਾਬਲ ਤੇ ਹਮਲਾ ਕੀਤਾ। ਹਫੀਜ਼ੁੱਲਾ ਅਮੀਨ ਨੂੰ ਕਤਲ ਕਰ ਦਿੱਤਾ ਗਿਆ ਅਤੇ ਸੋਵੀਅਤ ਪੱਖ ਦਾ ਪ੍ਰੈਜ਼ੀਡੈਂਟ ਲਗਾਇਆ ਗਿਆ। ਸੋਵੀਅਤ ਸਰਕਾਰ ਦਾ ਅੰਦਾਜ਼ਾ ਸੀ ਕਿ ਬਗਾਵਤ ਖਤਮ ਕਰਕੇ ਛੇਤੀ ਹੀ ਸ਼ਾਂਤੀ ਸਥਾਪਿਤ ਹੋ ਜਾਵੇਗੀ, ਪਰ ਇਹ ਗਲਤ ਸਾਬਤ ਹੋਇਆ। ਜਿਸ ਸਮੇਂ ਸੋਵੀਅਤ ਨੇ ਅਫਗਾਨਿਸਤਾਨ ਵਿੱਚ ਹਮਲਾ ਕੀਤਾ, ਉਸ ਸਮੇਂ ਬਹੁਤ ਸਾਰੇ ਅਫ਼ਗਾਨ ਗਰੁੱਪ ਸਰਕਾਰ ਦੇ ਵਿਰੁੱਧ ਦੇਸ਼ ਦੇ ਅਲੱਗ-2 ਹਿੱਸਿਆਂ ਵਿੱਚ ਹਥਿਆਰਬੰਦ ਲੜਾਈ ਲੜ ਰਹੇ ਸਨ। ਸੋਵੀਅਤ ਫੌਜ ਨੇ ਪਹਿਲਾਂ ਤੋਂ ਹੀ ਚੱਲ ਰਹੀ ਹਥਿਆਰਬੰਦ ਜੰਗ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਲਿਆ। ਸੋਵੀਅਤ ਫੌਜ ਅਤੇ ਸੋਵੀਅਤ ਸਰਕਾਰ ਦੀਆਂ ਨੀਤੀਆਂ ਤੋਂ ਅਫ਼ਗ਼ਾਨ ਲੋਕ ਪਹਿਲਾਂ ਹੀ ਜਾਣੂ ਸਨ। ਸੋਵੀਅਤ ਯੂਨੀਅਨ ਦੇ ਕਬਜ਼ੇ ਦੇ ਨਾਲ ਹੀ ਅਫ਼ਗਾਨੀ ਲੋਕਾਂ ਦੀ ਸਿੱਧੀ ਜੰਗ ਸੋਵੀਅਤ ਫੌਜ ਦੇ ਨਾਲ ਹੋਣੀ ਸ਼ੁਰੂ ਹੋ ਗਈ। ਮੁਸਲਿਮ ਧਾਰਮਿਕ ਆਗੂਆਂ ਨੇ ਇਸਨੂੰ ਇਸਲਾਮ ਉਪਰ ਹਮਲਾ ਦੱਸਕੇ ਜਿਹਾਦ ਦਾ ਨਾਅਰਾ ਦਿੱਤਾ। ਸੋਵੀਅਤ ਵਿਰੁੱਧ ਇਸ ਜੰਗ ਵਿੱਚ ਮੁਸਲਿਮ ਜਗਤ ਨੇ ਵੱਧ ਚੜਕੇ ਹਿੱਸਾ ਲਿਆ। ਪਾਕਿਸਤਾਨ ਨੇ ਵੀ ਇਹ ਅੰਦਾਜ਼ਾ ਲਗਾਉਂਦਿਆਂ ਕਿ ਸੋਵੀਅਤ ਫ਼ੌਜਾਂ ਪਾਕਿਸਤਾਨ ਅੰਦਰ ਵੀ ਆ ਸਕਦੀਆਂ ਹਨ, ਅਮਰੀਕਾ ਅਤੇ ਹੋਰ ਮੁਲਕਾਂ ਦੀ ਮਦਦ ਲੈਣੀ ਅਰੰਭ ਕੀਤੀ ਅਤੇ ਸੋਵੀਅਤ ਨੂੰ ਅਫ਼ਗਾਨਿਸਤਾਨ ਅੰਦਰ ਹੀ ਉਲਝਾਉਣ ਲਈ ਅਫਗ਼ਾਨ ਲੜਾਕੂਆਂ ਦੀ ਮਦਦ ਕਰਨੀ ਸ਼ੁਰੂ ਕੀਤੀ। ਜੰਗ ਦੌਰਾਨ ਸਿਖਲਾਈ ਅਤੇ ਦਮ ਲੈਣ ਲਈ ਦੁਰੰਦ ਸਰਹੱਦ ਤੋਂ ਲੜਾਕੂ ਪਾਕਿਸਤਾਨ ਅੰਦਰ ਰੁਕਦੇ ਰਹੇ। ਅੰਦਾਜ਼ਨ ਅਮਰੀਕਾ ਨੇ ਵੀ ਇਸ ਜੰਗ ਵਿੱਚ ਅਫਗਾਨਾਂ ਦੀ ਮਦਦ ਕੀਤੀ, ਫ਼ੌਜੀ, ਤਕਨੀਕੀ ਅਤੇ ਆਰਥਿਕ ਮਦਦ ਅਫ਼ਗ਼ਾਨ ਲੜਾਕੂਆਂ ਨੂੰ ਮੁਹਈਆ ਕਰਵਾਈ ਗਈ। ਆਖਰ 1989 ਵਿੱਚ ਸੋਵੀਅਤ ਸਰਕਾਰ ਨੂੰ ਅਫਗਾਨਿਸਤਾਨ ਵਿਚੋਂ ਫੌਜ ਬੁਲਾਉਣੀ ਪਈ। ਅਫਗਾਨਾਂ ਦੇ ਨਾਲ ਨਾਲ ਇਹ ਜਿੱਤ ਅਮਰੀਕਾ ਅਤੇ ਉਸਦੇ ਦੇ ਸਹਿਯੋਗੀਆਂ ਦੀ ਵੀ ਸੀ, ਜਿਸ ਦਾ ਨਤੀਜਾ ਹੋਇਆ ਕਿ ਸੋਵੀਅਤ ਯੂਨੀਅਨ ਕਮਜ਼ੋਰ ਹੋਕੇ ਟੁੱਟ ਗਿਆ ਅਤੇ ਅਮਰੀਕਾ ਫੇਰ ਤੋਂ ਦੁਨੀਆਂ ਦੀ ਵੱਡੀ ਤਾਕਤ ਬਣ ਗਿਆ।
ਸੋਵੀਅਤ ਸਰਕਾਰ ਨੇ ਅਫ਼ਗਾਨਿਸਤਾਨ ਵਿਚੋਂ ਸਰਕਾਰ ਦੇ ਨਾਲ ਇਹ ਸੰਧੀ ਕਰਦਿਆਂ ਵਾਪਸੀ ਕਰ ਦਿੱਤੀ ਕਿ ਸਰਕਾਰ ਨੂੰ ਦਿੱਤੀ ਜਾਣ ਵਾਲੀ ਮਦਦ ਜਾਰੀ ਰੱਖੀ ਜਾਵੇਗੀ। ਸੋਵੀਅਤ ਸਰਕਾਰ ਦੇ ਜਾਂਦਿਆ ਹੀ ਅਫ਼ਗ਼ਾਨ ਲੜਾਕੂਆਂ ਨੇ ਸੋਵੀਅਤ ਦੁਆਰਾ ਸਥਾਪਿਤ ਅਫਗਾਨਿਸਤਾਨ ਸਰਕਾਰ ਨਾਲ ਲੜਨਾ ਅਰੰਭ ਕੀਤਾ। ਇਹ ਘਰੇਲੂ ਜੰਗ 3 ਸਾਲ 1992 ਤੱਕ ਚੱਲਦੀ ਰਹੀ। ਤਿੰਨ ਸਾਲਾਂ ਤੱਕ ਅਫ਼ਗਾਨ ਲੜਾਕੇ ਅਤੇ ਸਰਕਾਰ ਇਲਾਕਿਆਂ ਉਪਰ ਆਪਣੇ ਕਬਜ਼ੇ ਨੂੰ ਲੈਕੇ ਲੜਦੇ ਰਹੇ। ਜਦ ਲੜਾਈ ਰੁਕਦੀ ਨਜ਼ਰ ਨਾ ਆਈ ਤਾਂ ਅਫ਼ਗਾਨੀ ਰਾਜਨੀਤੀ ਵਿੱਚ ਸਰਗਰਮ ਰਾਜਨੀਤਕ ਪਾਰਟੀਆਂ ਨੇ ਅਫ਼ਗਾਨ ਲੜਾਕੇ ਗਰੁੱਪਾਂ ਨੂੰ ਅਫਗਾਨਿਸਤਾਨ ਸਰਕਾਰ ਨਾਲ ਰਲਕੇ ਅਤੇ ਮਹਿਕਮੇ ਵੰਡ ਕੇ ਸਰਕਾਰ ਬਣਾਉਣ ਲਈ ਸੱਦਾ ਦਿੱਤਾ। ਪਰ ਲੜਾਕੇ ਅਫ਼ਗਾਨਿਸਤਾਨ ਸਰਕਾਰ ਨੂੰ ਡੇਗਣ ਲਈ ਬਜ਼ਿੱਦ ਸਨ। ਅਪ੍ਰੈਲ 1992 ਵਿੱਚ ਤਿੰਨ ਵੱਡੇ ਲੜਾਕੂ ਗਰੁੱਪਾਂ ਨੇ ਇਕੱਠੇ ਹੋਕੇ ਕਾਬੁਲ ਸ਼ਹਿਰ ਨੂੰ ਚਾਰੇ ਪਾਸਿਉਂ ਘੇਰ ਲਿਆ ਅਤੇ ਤੇਜ਼ੀ ਨਾਲ ਸ਼ਹਿਰ ਅੰਦਰ ਕਬਜ਼ਾ ਕਰ ਲਿਆ। ਅਫਗਾਨਿਸਤਾਨ ਸਰਕਾਰ ਮੁਖੀ ਮੁਹੰਮਦ ਨਫੀਬੁੱਲਾ ਨੂੰ ਮੁਲਕ ਛੱਡਣ ਤੋਂ ਰੋਕ ਦਿੱਤਾ ਗਿਆ।
ਸੋਵੀਅਤ ਦੁਆਰਾ ਸਥਾਪਿਤ ਸਰਕਾਰ ਨਾਲ ਕਾਫੀ ਸਾਰੇ ਅਫ਼ਗਾਨ ਗਰੁੱਪਾਂ ਦੀਆਂ ਫ਼ੌਜਾਂ ਲੜ ਰਹੀਆਂ ਸਨ, ਜਿੰਨ੍ਹਾ ਦੇ ਹੇਠ ਲੜਾਕਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਸੀ। ਸਰਕਾਰ ਡੇਗਣ ਤੋਂ ਬਾਅਦ ਇਹ ਗਰੁੱਪ ਕਾਬਲ ਅਤੇ ਅਫ਼ਗਾਨਿਸਤਾਨ ਵਿੱਚ ਆਪਣੀ ਸਰਕਾਰ ਬਣਾਉਣ ਲਈ ਆਹਮੋ ਸਾਹਮਣੇ ਹੋਣ ਲੱਗੇ। ਸਾਰੀਆਂ ਲੜਨ ਵਾਲੀਆਂ ਧਿਰਾਂ ਸਿਵਾਏ ਇੱਕ ਧਿਰ ਦੇ ਪੇਸ਼ਾਵਰ ਵਿੱਚ ਇੱਕ ਬੈਠਕ ਕਰਕੇ ਸਰਕਾਰ ਬਣਾਉਣ ਅਤੇ ਮਹਿਕਮੇ ਵੰਡਣ ਵਿੱਚ ਰਾਜ਼ੀ ਹੋ ਗਈਆਂ ਸਨ। ਪਰ ਜਦ ਇੱਕ ਗਰੁੱਪ ਨੇ ਕਾਬਲ ਸ਼ਹਿਰ ਦੇ ਅੰਦਰ ਜਾਣਾ ਸ਼ੁਰੂ ਕਰ ਦਿੱਤਾ ਅਤੇ ਦੂਜਿਆਂ ਨਾਲ ਸਹਿਮਤੀ ਤੋਂ ਇਨਕਾਰ ਕਰ ਦਿੱਤਾ ਤਾਂ ਇਨ੍ਹਾਂ ਦੀ ਆਪਸ ਵਿੱਚ ਦੁਬਾਰਾ ਤੋਂ ਲੜਾਈ ਸ਼ੁਰੂ ਹੋ ਗਈ। ਸੰਨ 1994 ਤੱਕ ਗਰੁੱਪ ਆਪੋ ਵਿੱਚ ਏਕਤਾ ਕਰਦੇ ਅਤੇ ਫੇਰ ਅਲੱਗ ਹੁੰਦੇ ਰਹੇ। 1995 ਦੀ ਸ਼ੁਰੂਆਤ ਵਿੱਚ ਇੱਕ ਨਵਾਂ ਵਿਦਿਆਰਥੀ ਗਰੁੱਪ ਤਾਲਿਬਾਨ ਨਾਮ ਹੇਠ ਤਾਕਤ ਵਿੱਚ ਆਇਆ ਅਤੇ ਇਸਨੇ ਅਫਗਾਨਿਸਤਾਨ ਦੇ ਕਾਫੀ ਗਰੁੱਪ ਆਪਣੇ ਨਾਲ ਮਿਲਾ ਲਏ। ਇਸ ਗਰੁੱਪ ਨੇ ਅਫਗਾਨਿਸਤਾਨ ਦੇ ਵੱਡੇ ਹਿੱਸੇ ਉਪਰ ਕਬਜ਼ਾ ਕਰ ਲਿਆ ਅਤੇ ਸਤੰਬਰ 1996 ਵਿੱਚ ਕਾਬਲ ਵਿੱਚ ਦਾਖਲ ਹੋਕੇ ਸਰਕਾਰ ਕਾਇਮ ਕਰ ਲਈ। ਜਿਹੜੇ ਗਰੁੱਪ ਤਾਲੀਬਾਨ ਦੇ ਨਾਲ ਸਹਿਮਤ ਨਹੀਂ ਹੋਏ, ਉਨ੍ਹਾਂ ਨੇ ਆਪਸ ਵਿੱਚ ਇਕੱਠੇ ਹੋਕੇ ਵੱਖਰਾ ਧੜਾ ਉੱਤਰੀ ਅਲਾਇੰਸ (ਨੌਰਦਰਨ ਅਲਾਇੰਸ) ਕਾਇਮ ਕਰ ਲਿਆ। ਉੱਤਰੀ ਅਲਾਇੰਸ ਅਫ਼ਗਾਨਿਸਤਾਨ ਦੇ ਉੱਤਰ ਵਾਲੇ ਪਾਸੇ ਕਾਬਜ਼ ਰਿਹਾ, ਅਤੇ ਦੋਵੇਂ ਧੜੇ ਆਉਣ ਵਾਲੇ ਕਈ ਸਾਲਾਂ ਤੱਕ ਆਪਸ ਵਿੱਚ ਲੜਦੇ ਰਹੇ। ਜਦ ਤੱਕ ਕਿ ਅਮਰੀਕਾ ਅਤੇ ਇਸਦੇ ਸਾਥੀ ਦੇਸ਼ਾਂ ਨੇ 2001 ਵਿੱਚ ਓਸਾਮਾ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖਕੇ ਤਾਲਿਬਾਨ ਉਪਰ ਉੱਤਰੀ ਅਲਾਇੰਸ ਧੜੇ ਦੀ ਮਦਦ ਨਾਲ ਹਮਲਾ ਨਹੀਂ ਕਰ ਦਿੱਤਾ। ਅਮਰੀਕਾ ਅਤੇ ਤਾਲੀਬਾਨ ਦੀ ਲੜਾਈ ਨੇ ਅਗਲੇ 20 ਸਾਲਾਂ ਤੱਕ ਅਫ਼ਗਾਨਿਸਤਾਨ ਵਿੱਚ ਅਸ਼ਾਂਤੀ ਬਣਾਈ ਰੱਖੀ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Afghanistan, Bhai Harpreet Singh Longowal
SOURCE : SIKH SIYASAT