Source :- BBC PUNJABI

ਸਾਈਬਰ ਠੱਗੀ

ਤਸਵੀਰ ਸਰੋਤ, Getty Images

ਕਾਂਗਰਸ ਪਾਰਟੀ ਦੇ ਤਮਿਲਨਾਡੂ ਸੂਬੇ ਦੀ ਕਾਰਜਕਾਰਨੀ ਦੇ ਇੱਕ ਮੈਂਬਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਏਆਈ ਜ਼ਰੀਏ ਬਣੇ ਫੇਕ ਵੀਡੀਓ ਵਾਲੇ ਇੱਕ ਫੇਸਬੁੱਕ ਪੇਜ ‘ਤੇ ਮੌਜੂਦ ‘ਲਿੰਕ’ ‘ਤੇ ਕਲਿੱਕ ਕਰਕੇ 33 ਲੱਖ ਰੁਪਏ ਗੁਆ ਲਏ।

ਜਿਸ ਲਿੰਕ ‘ਤੇ ਕਲਿੱਕ ਕੀਤਾ ਗਿਆ ਸੀ ਉਸ ਵਿੱਚ ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਦਯੋਗਪਤੀ ਅੰਬਾਨੀ ਦੀ ਗੱਲਬਾਤ ਵਾਲਾ ਫੇਕ ਵੀਡੀਓ ਪੋਸਟ ਕੀਤਾ ਗਿਆ ਸੀ, ਜੋ ਕਿ ਏਆਈ ਤਕਨੀਕ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਸੀ ਅਤੇ ਜਾਅਲੀ ਸੀ।

ਠੱਗੀ ਦਾ ਸ਼ਿਕਾਰ ਲਾਰੈਂਸ ਡੋਮਿਨਿਕ ਜ਼ੇਵੀਅਰ ਕਹਿੰਦੇ ਹਨ ਕਿ ਕਿਉਂਕਿ ਇਹ ਠੱਗੀ ਸਿਖਲਾਈ ਪ੍ਰਾਪਤ ਅਤੇ ਅੰਗਰੇਜ਼ੀ ਦੇ ਗਿਆਨ ਵਾਲੇ ਨੌਜਵਾਨਾਂ ਦੁਆਰਾ ਕੀਤਾ ਜਾ ਰਿਹਾ ਹੈ, ਇਸ ਲਈ ਸਿਰਫ਼ ਪੜ੍ਹੇ-ਲਿਖੇ, ਔਨਲਾਈਨ ਵਪਾਰੀਆਂ ਨੂੰ ਹੀ ਠੱਗਿਆ ਜਾ ਰਿਹਾ ਹੈ।

ਇਸ ਮਾਮਲੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਜ਼ੇਵੀਅਰ ਵੱਲੋਂ ਅਦਾ ਕੀਤੀ ਗਈ ਰਕਮ ਦੇ 15 ਲੱਖ ਰੁਪਏ ਜ਼ਬਤ ਕਰ ਲਏ ਹਨ।

ਬੀਬੀਸੀ ਤਮਿਲ ਨਾਲ ਗੱਲ ਕਰਦਿਆਂ ਪੁਲਿਸ ਨੇ ਕਿਹਾ ਕਿ ਹਾਲਾਂਕਿ ਇਸਨੂੰ ਚਲਾਉਣ ਵਾਲੇ ਲੋਕ ਵਿਦੇਸ਼ਾਂ ਵਿੱਚ ਹਨ, ਪਰ ਸੰਭਾਵਨਾ ਹੈ ਕਿ ਪੈਸਾ ਵਸੂਲ ਕਰ ਲਿਆ ਜਾਵੇਗਾ, ਕਿਉਂਕਿ ਜਿਨ੍ਹਾਂ ਬੈਂਕ ਖਾਤਿਆਂ ਵਿੱਚ ਪੈਸੇ ਦਾ ਭੁਗਤਾਨ ਕੀਤਾ ਗਿਆ ਸੀ, ਉਹ ਜ਼ਿਆਦਾਤਰ ਭਾਰਤ ਵਿੱਚ ਹਨ।

ਸਾਈਬਰ ਠੱਗੀ

ਤਸਵੀਰ ਸਰੋਤ, Getty Images

ਲਾਰੈਂਸ ਡੋਮਿਨਿਕ ਜ਼ੇਵੀਅਰ ਨੀਲਗਿਰੀ ਜ਼ਿਲ੍ਹੇ ਦੇ ਕੂਨੂਰ ਦੇ ਰਹਿਣ ਵਾਲੇ ਹਨ।

ਉਹ ਇੱਕ ਰੀਅਲ ਅਸਟੇਟ ਡਿਵੈਲਪਰ ਹਨ ਅਤੇ ਦੋ ਬੇਕਰੀਆਂ ਵੀ ਚਲਾਉਂਦੇ ਹਨ। ਉਹ ਕੂਨੂਰ ਸ਼ਹਿਰ ਦੇ ਕਾਂਗਰਸ ਪਾਰਟੀ ਦੇ ਸਾਬਕਾ ਸਕੱਤਰ ਰਹੇ ਹਨ ਅਤੇ ਵਰਤਮਾਨ ਵਿੱਚ ਹੋਰ ਪਛੜੇ ਵਰਗ ਵਾਲੇ ਵਿੰਗ ਦੇ ਸੂਬਾ ਜਨਰਲ ਸਕੱਤਰ ਹਨ।

ਉਨ੍ਹਾਂ ਨੇ ਫੇਸਬੁੱਕ ਪੇਜ ‘ਤੇ ਇੱਕ ਇਸ਼ਤਿਹਾਰ ਦੇਖਿਆ ਅਤੇ ਉਸ ਵਿੱਚ ਮੌਜੂਦ ‘ਲਿੰਕ’ ‘ਤੇ ਕਲਿੱਕ ਕੀਤਾ। ਫਿਰ ਉਨ੍ਹਾਂ ਨੇ ਹਦਾਇਤਾਂ ਅਨੁਸਾਰ ਲਗਾਤਾਰ ਭੁਗਤਾਨ ਕੀਤੇ ਅਤੇ ਅੰਤ ਵਿੱਚ 33 ਲੱਖ 10,472 ਰੁਪਏ ਦਾ ਭੁਗਤਾਨ ਕੀਤਾ ਤੇ ਇੱਕ ਵੱਡੀ ਠੱਗੀ ਦਾ ਸ਼ਿਕਾਰ ਬਣ ਗਏ।

ਉਦਾਸਿਟੀ ਸਾਈਬਰ ਕ੍ਰਾਈਮ ਪੁਲਿਸ ਇੰਸਪੈਕਟਰ ਪ੍ਰਵੀਨਾ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਇਸ ਸਬੰਧ ਵਿੱਚ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ, ਬੀਐੱਨਐੱਸ 318 (ਧੋਖਾਧੜੀ) ਦੇ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਹੈ।

ਪੜ੍ਹੇ-ਲਿਖੇ ਔਨਲਾਈਨ ਟ੍ਰੇਡਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ

ਪੁਲਿਸ ਸਟੇਸ਼ਨ

ਲਾਰੈਂਸ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੰਪਿਊਟਰ ਟ੍ਰੇਡਿੰਗ ਵਿੱਚ 10 ਸਾਲ ਅਤੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ 15 ਸਾਲ ਦਾ ਤਜਰਬਾ ਹੈ, ਅਤੇ ਹਾਲ ਹੀ ਵਿੱਚ ਉਨ੍ਹਾਂ ਨੇ ਔਨਲਾਈਨ ਟ੍ਰੇਡਿੰਗ ਵਿੱਚ ਵੀ ਸ਼ੁਰੂ ਕੀਤੀ ਹੈ।

ਲਾਰੈਂਸ ਨੇ ਦੱਸਿਆ ਕਿ ਉਹ ਪਿਛਲੇ ਅਕਤੂਬਰ ਤੋਂ ਹੀ ਇਸ ਕਾਰੋਬਾਰ ਵਿੱਚ ਜੁੜੇ ਹਨ। ਉਹ ਕਹਿੰਦੇ ਹਨ ਕਿ ਇਹ ਘੁਟਾਲੇ ਅਤਿ-ਆਧੁਨਿਕ ਤਕਨੀਕੀ ਗਿਆਨ ਅਤੇ ਅੰਗਰੇਜ਼ੀ ਦੇ ਹੁਨਰ ਵਾਲੇ ਨੌਜਵਾਨਾਂ ਨੂੰ ਚੁਣ ਕੇ, ਉਨ੍ਹਾਂ ਨੂੰ ਸਿਖਲਾਈ ਦੇ ਕੇ ਅਤੇ ਉਨ੍ਹਾਂ ਨੂੰ ਸਾਈਬਰ ਗੁਲਾਮ ਬਣਾ ਕੇ ਕੀਤੇ ਜਾਂਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਸਭ ਤੋਂ ਵੱਧ ਨਿਸ਼ਾਨਾ ਪੜ੍ਹੇ-ਲਿਖੇ, ਅਮੀਰ ਅਤੇ ਔਨਲਾਈਨ ਕਾਰੋਬਾਰੀ ਲੋਕ ਹਨ। ਲਾਰੈਂਸ ਜ਼ੇਵੀਅਰ ਨੇ ਵਿਸਥਾਰ ਨਾਲ ਦੱਸਿਆ ਕਿ ਉਨ੍ਹਾਂ ਨਾਲ ਇਹ ਧੋਖਾ ਕਿਵੇਂ ਹੋਇਆ।

ਸਾਈਬਰ ਠੱਗੀ

ਤਸਵੀਰ ਸਰੋਤ, Getty Images

ਲਾਰੈਂਸ ਮੁਤਾਬਕ, “ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਦਯੋਗਪਤੀ ਅੰਬਾਨੀ ਦੀ ਗੱਲਬਾਤ ਵਾਲੇ ਇਸ਼ਤਿਹਾਰ ਦੇ ‘ਲਿੰਕ’ ਫੇਸਬੁੱਕ ‘ਤੇ ਆਉਂਦੇ ਰਹਿੰਦੇ ਸਨ। ਇਹ ਪਹਿਲੀ ਵਾਰ ਸੀ ਜਦੋਂ ਮੈਂ ਇਸ ਨੂੰ ਦੇਖਿਆ। ਪਰ ਮੈਨੂੰ ਜਲਦੀ ਹੀ ਅਹਿਸਾਸ ਹੋਇਆ ਕਿ ਇਹ ਏਆਈ ਤਕਨਾਲੋਜੀ ਸੀ।”

”ਪਰ ਉਦੋਂ ਤੱਕ, ਉਨ੍ਹਾਂ ਨੇ ਇੱਕ ਹੋਰ ‘ਲਿੰਕ’ ਭੇਜ ਦਿੱਤਾ ਅਤੇ ਮੈਨੂੰ ਇਸ ਨਾਲ ਔਨਲਾਈਨ ਟ੍ਰੇਡਿੰਗ ਕਰਨ ਲਈ ਕਿਹਾ ਸੀ। ਸਿਰਫ਼ ਉਹ ਲੋਕ ਜੋ ਔਨਲਾਈਨ ਟ੍ਰੇਡਿੰਗ ਦਾ ਤਜਰਬਾ ਰੱਖਦੇ ਹਨ, ਉਹ ਸਮਝ ਸਕਦੇ ਹਨ ਕਿ ਉਹ ਕੀ ਕਹਿ ਰਹੇ ਸਨ ਅਤੇ ਕੀ ਟ੍ਰੇਡਿੰਗ ਕਰ ਰਹੇ ਸਨ। ਹੋਰ ਲੋਕ ਉਨ੍ਹਾਂ ਦਾ ਨਿਸ਼ਾਨਾ ਨਹੀਂ ਹਨ!”

ਲਾਰੈਂਸ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੇ ਧੋਖੇਬਾਜ਼ਾਂ ‘ਤੇ ਵਿਸ਼ਵਾਸ ਕੀਤਾ ਕਿਉਂਕਿ ਉਹ ਤਕੀਨੀਕੀ ਤੌਰ ‘ਤੇ ਬਿਲਕੁਲ ਸਹੀ ਗੱਲਬਾਤ ਕਰ ਰਹੇ ਸਨ।

ਜਾਣਕਾਰੀ ਹੋਣ ਦੇ ਬਾਵਜੂਦ ਨਿਵੇਸ਼ ਕਿਉਂ ਕੀਤਾ

ਨਕਸ਼ਾ

ਲਾਰੈਂਸ ਦਾ ਕਹਿਣਾ ਹੈ ਕਿ ਉਸਨੇ ਥੋੜ੍ਹੀ ਜਿਹੀ ਰਕਮ ਨਾਲ ਨਿਵੇਸ਼ ਕਰਨਾ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਇਹ ਰਕਮ ਵੱਡੀ ਹੁੰਦੀ ਚਲੀ ਗਈ।

ਉਨ੍ਹਾਂ ਕਿਹਾ, “ਸ਼ੁਰੂ ਵਿੱਚ ਮੈਂ ਸਿਰਫ਼ 20,000 ਰੁਪਏ ਦਾ ਨਿਵੇਸ਼ ਕੀਤਾ। ਮੈਨੂੰ 50, 70, 90 ਅਮਰੀਕੀ ਡਾਲਰ ਦਾ ਰਿਟਰਨ ਮਿਲਿਆ। ਮੈਂ ਉਹ ਰਕਮ ਕੱਢ ਵੀ ਲਈ ਸੀ। ਇਸ ਤਰ੍ਹਾਂ ਉਨ੍ਹਾਂ ਨੇ ਮੈਨੂੰ ਇਸ ‘ਟ੍ਰੇਡ ਲਿੰਕ’ ਵਾਲੇ ਜਾਲ਼ ‘ਚ ਫਸਾ ਲਿਆ।”

”ਇਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਤੋਂ ਪਹਿਲਾਂ 50 ਹਜ਼ਾਰ ਅਤੇ ਫਿਰ ਇੱਕ ਲੱਖ ਰੁਪਏ ਨਿਵੇਸ਼ ਕਰਵਾਏ। ਜਦੋਂ ਮੈਂ 2 ਲੱਖ ਰੁਪਏ ਨਿਵੇਸ਼ ਕੀਤੇ ਤਾਂ ਉਨ੍ਹਾਂ ਨੇ ਮੈਨੂੰ 1 ਲੱਖ ਰੁਪਏ ਦਾ ਮੁਨਾਫਾ ਦਿਖਾਇਆ।”

”ਦੋ ਮਹੀਨਿਆਂ ਵਿੱਚ 100 ਫੀਸਦੀ ਮੁਨਾਫ਼ਾ ਹੋਇਆ। ਇਸ ਦੇ ਨਾਲ ਹੀ ਉਹ ਮੈਨੂੰ ਇਹ ਵੀ ਦਿਖਾਉਂਦੇ ਰਹੇ ਕਿ ਵਪਾਰ ਉਸੇ ਰਕਮ ਲਈ ਕੀਤਾ ਜਾ ਰਿਹਾ ਸੀ ਜੋ ਅਸੀਂ ਅਦਾ ਕੀਤੀ ਸੀ।”

ਸਾਈਬਰ ਠੱਗੀ

ਲਾਰੈਂਸ ਅੱਗੇ ਦੱਸਦੇ ਹਨ, “ਫਿਰ ਉਨ੍ਹਾਂ ਨੇ ਟ੍ਰੇਡਿੰਗ ਦਾ ਤਰੀਕਾ ਬਦਲ ਦਿੱਤਾ ਅਤੇ ਸਾਡੇ ਤੋਂ ਵੱਡੀ ਰਕਮ ਨਿਵੇਸ਼ ਕਰਵਾਈ।”

”ਉਨ੍ਹਾਂ ਕਿਹਾ ਕਿ ਅਸੀਂ ਸਿੱਧੇ ਅਮਰੀਕੀ ਡਾਲਰਾਂ ਵਿੱਚ ਵਪਾਰ ਨਹੀਂ ਕਰ ਸਕਦੇ ਅਤੇ ਸਾਨੂੰ ਵੱਖ-ਵੱਖ ਬੈਂਕ ਖਾਤਿਆਂ ਵਿੱਚ ਰਕਮ ਜਮ੍ਹਾ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਸੀ ਕਿ ਇਹ ਉਨ੍ਹਾਂ ਦੇ ਏਜੰਟਾਂ, ਦਲਾਲਾਂ ਅਤੇ ਵਪਾਰੀਆਂ ਦੇ ਬੈਂਕ ਖਾਤੇ ਹਨ।”

”ਇਸ ਤਰ੍ਹਾਂ, ਜਦੋਂ ਅਸੀਂ ਉਸ ਖਾਤੇ ਵਿੱਚ 2 ਲੱਖ ਰੁਪਏ ਜਮ੍ਹਾ ਕਰਵਾਏ ਤਾਂ ਸਾਡੇ ਔਨਲਾਈਨ ਟ੍ਰੇਡਿੰਗ ਦੇ ਖਾਤੇ ਵਿੱਚ ਅਗਲੇ 10 ਮਿੰਟਾਂ ਵਿੱਚ ਸਾਡੀ ਨਿਵੇਸ਼ ਕੀਤੇ ਗਈ ਰਕਮ ਵਿੱਚ 2 ਲੱਖ ਰੁਪਏ ਦਾ ਵਾਧਾ ਹੋ ਗਿਆ (ਡਾਲਰਾਂ ਦੇ ਹਿਸਾਬ ਨਾਲ ਜੋ ਵੀ ਬਣੀ)। ਇਸ ਨਾਲ ਉਨ੍ਹਾਂ ‘ਤੇ ਵਿਸ਼ਵਾਸ ਹੋਰ ਪੱਕਾ ਹੋ ਗਿਆ।”

ਟਰੰਪ ਦੇ ਨਾਮ ਦਾ ਜ਼ਿਕਰ ਕਰਕੇ ਕੀ ਝਾਂਸਾ ਦਿੱਤਾ ਗਿਆ

ਸਾਈਬਰ ਠੱਗੀ

ਤਸਵੀਰ ਸਰੋਤ, Getty Images

ਲਾਰੈਂਸ ਕਹਿੰਦੇ ਹਨ, “ਉਨ੍ਹਾਂ ਕਿਹਾ ਕਿ ਅੱਜ ਤੁਹਾਨੂੰ ਵਾਧੂ ਮੁਨਾਫ਼ਾ ਮਿਲੇਗਾ, ਕੁਝ ਦਿਨਾਂ ਵਿੱਚ ਤੁਹਾਡਾ ਮੁਨਾਫ਼ਾ ਵੱਧ ਜਾਵੇਗਾ ਕਿਉਂਕਿ ਟਰੰਪ ਆ ਗਏ ਹਨ, ਅਤੇ ਫਿਰ 5 ਲੱਖ ਰੁਪਏ ਹੋਰ ਨਿਵੇਸ਼ ਕਰਨ ਲਈ ਕਿਹਾ।”

ਉਨ੍ਹਾਂ ਅੱਗੇ ਦੱਸਿਆ, “ਜੇ ਅਸੀਂ ਔਨਲਾਈਨ ਟ੍ਰੇਡ ਵਿੱਚ ਮੁਨਾਫ਼ੇ ਵਿੱਚੋਂ ਕੁਝ ਰਕਮ ਕਢਵਾਉਣਾ ਚਾਹੁੰਦੇ ਹਾਂ ਤਾਂ ਉਹ ਕਹਿੰਦੇ ਹਨ ‘ਇਸਨੂੰ ਅਜੇ ਨਾ ਕਢਵਾਓ’, ਨਹੀਂ ਤਾਂ ਤੁਸੀਂ ਉਸ ਵੱਡੇ ਲਾਭ ਨੂੰ ਗੁਆ ਦਿਓਗੇ ਜੋ ਕਮਾਇਆ ਜਾ ਸਕਦਾ ਹੈ।”

ਲਾਰੈਂਸ ਨੇ ਅੱਗੇ ਦੱਸਿਆ, “ਉਹ ਮੇਰੇ ਨਾਲ ਵਟਸਐਪ ‘ਤੇ ਗੱਲ ਕਰਦੇ ਸਨ। ਉਨ੍ਹਾਂ ਨੇ ਬ੍ਰਿਟਿਸ਼ ਦਫ਼ਤਰ ਦੇ ਪਤੇ ‘ਤੇ ਇੱਕ ਇਕਰਾਰਨਾਮਾ ਭੇਜਿਆ ਅਤੇ ਮੈਨੂੰ ਭਰੋਸਾ ਦਿਵਾਇਆ। ਇਹ ਦੇਖ ਕੇ ਕਿ ਮੈਂ ਚੰਗੀਂ ਟ੍ਰੇਡਿੰਗ ਕਰ ਰਿਹਾ ਸੀ, ਉਨ੍ਹਾਂ ਨੇ ਕਿਹਾ ਕਿ ਕੰਪਨੀ ਖੁਦ ਮੈਨੂੰ 5 ਲੱਖ ਰੁਪਏ ਦਾ ਕ੍ਰੈਡਿਟ ਦੇਵੇਗੀ। ਬਸ ਇਸੇ ਥਾਂ ‘ਤੇ ਬਹੁਤ ਸਾਰੇ ਲੋਕ ਫਸ ਜਾਂਦੇ ਹਨ।”

”ਉਨ੍ਹਾਂ ਨੇ ਔਨਲਾਈਨ ਟ੍ਰੇਡਿੰਗ ਇਸ ਤਰ੍ਹਾਂ ਦਿਖਾਈ ਜਿਵੇਂ ਮੈਂ 5 ਲੱਖ ਰੁਪਏ ਨਾਲ ਬਹੁਤ ਵੱਡਾ ਮੁਨਾਫ਼ਾ ਕਮਾਇਆ ਹੋਵੇ। ਫਿਰ ਉਨ੍ਹਾਂ ਨੇ ਮੈਨੂੰ 5 ਲੱਖ ਰੁਪਏ ਕਿਸ਼ਤਾਂ ਵਿੱਚ ਦੇਣ ਲਈ ਕਿਹਾ। ਇੱਕ ਸਮੇਂ ਤਾਂ ਉਨ੍ਹਾਂ ਨੇ ਮੈਨੂੰ 70,000 ਡਾਲਰ ਜਾਂ 54 ਲੱਖ ਰੁਪਏ ਦਾ ਮੁਨਾਫਾ ਦਿਖਾਇਆ।”

ਬਿਨਾਂ ਕੋਈ ਪੈਸਾ ਪ੍ਰਾਪਤ ਕੀਤੇ ਇੰਨੀ ਵੱਡੀ ਰਕਮ ਕਿਉਂ ਦਿੱਤੀ

ਸਾਈਬਰ ਠੱਗੀ

ਤਸਵੀਰ ਸਰੋਤ, Getty Images

ਲਾਰੈਂਸ ਮੁਤਾਬਕ, “ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 54 ਲੱਖ ਰੁਪਏ ਲਏ ਹਨ ਜੋ ਮੈਂ ਟ੍ਰੇਡਿੰਗ ਤੋਂ ਕਮਾਏ ਸਨ, ਜੋ ਕਿ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੂੰ ਚਲੇ ਗਏ ਹਨ ਅਤੇ ਇਸ ਤੋਂ ਬਾਅਦ ਇਹ ਰਕਮ ਰਿਜ਼ਰਵ ਬੈਂਕ ਰਾਹੀਂ ਤੁਹਾਨੂੰ ਟ੍ਰਾਂਸਫਰ ਕਰ ਦਿੱਤੀ ਜਾਵੇਗੀ।”

”ਉਨ੍ਹਾਂ ਨੇ ਮੈਨੂੰ ਲੈਣ-ਦੇਣ ਟੈਕਸ ਦਾ 10 ਫੀਸਦੀ ਅਦਾ ਕਰਨ ਲਈ ਕਿਹਾ। ਸੇਬੀ ਦਾ ਈਮੇਲ ਬਿਲਕੁਲ ਉਵੇਂ ਹੀ ਆਇਆ ਜਿਵੇਂ ਉਨ੍ਹਾਂ ਨੇ ਕਿਹਾ ਸੀ। ਉਸੇ ਅਨੁਸਾਰ ਮੈਂ 5.4 ਲੱਖ ਰੁਪਏ ਅਦਾ ਕਰ ਦਿੱਤੇ।”

ਲਾਰੈਂਸ ਦੇ ਇਹ ਵੀ ਕਿਹਾ ਕਿ ਸੇਬੀ ਮੋਨੋਗ੍ਰਾਮ ਅਤੇ ਡੀਐਨਜੀਐਸਟੀ ਨੰਬਰ ਵੀ ਇਸੇ ਤਰ੍ਹਾਂ ਛਾਪੇ ਗਏ ਸਨ ਜਿਵੇਂ ਅਸਲੀ ਹੋਣ ਅਤੇ ਉਨ੍ਹਾਂ ਨੂੰ ਸੇਬੀ ਤੋਂ 11 ਈਮੇਲ ਪ੍ਰਾਪਤ ਹੋਏ ਸਨ।

ਲਾਰੈਂਸ ਦਾ ਕਹਿਣਾ ਹੈ ਕਿ ਟ੍ਰਾਂਜੈਕਸ਼ਨ ਟੈਕਸ ਦਾ ਭੁਗਤਾਨ ਕਰਨ ਤੋਂ ਬਾਅਦ, ਉਨ੍ਹਾਂ ਨੂੰ ਇੱਕ ਈਮੇਲ ਮਿਲੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਮੁਨਾਫਾ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ, ਅਤੇ ਫਿਰ ਉਨ੍ਹਾਂ ਨੂੰ ਇੱਕ ਹੋਰ ਈਮੇਲ ਮਿਲੀ ਜਿਸ ਵਿੱਚ ਉਨ੍ਹਾਂ ਨੂੰ ਕਿਸੇ ਵੀ ਨੁਕਸਾਨ ਦੀ ਸਥਿਤੀ ਵਿੱਚ 10 ਫੀਸਦੀ ਬੀਮਾ ਪ੍ਰੀਮੀਅਮ ਦਾ ਭੁਗਤਾਨ ਕਰਨ ਲਈ ਕਿਹਾ ਗਿਆ।

ਲਾਰੈਂਸ ਨੇ ਅੱਗੇ ਕਿਹਾ, “ਇਸਦੇ ਲਈ ਵੀ 5.4 ਲੱਖ ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ, ਉਨ੍ਹਾਂ ਨੇ ਮੈਨੂੰ ਦੁਬਾਰਾ 15 ਫੀਸਦੀ ਕੈਪੀਟਲ ਗੇਨ ਟੈਕਸ ਦੇਣ ਲਈ ਕਿਹਾ।”

”ਬਹੁਤ ਸਾਰੇ ਕਾਰੋਬਾਰੀ ਦੋਸਤਾਂ ਨੇ ਮੈਨੂੰ ਦੱਸਿਆ ਕਿ ਇਹ ਟੈਕਸ ਲਾਜ਼ਮੀ ਹੈ, ਇਸ ਲਈ ਮੈਂ ਆਪਣੇ ਸਾਰੇ ਗਹਿਣੇ ਗਿਰਵੀ ਰੱਖ ਦਿੱਤੇ ਅਤੇ 9 ਲੱਖ ਰੁਪਏ ਅਦਾ ਕਰ ਦਿੱਤੇ। ਜਦੋਂ ਮੈਨੂੰ ਪਤਾ ਲੱਗਾ ਕਿ ਕਿਸੇ ਨੂੰ ਵੀ ਸੇਬੀ ਤੋਂ ਨਿੱਜੀ ਈਮੇਲ ਨਹੀਂ ਮਿਲਦੇ ਤਾਂ ਮੈਂ ਪੂਰੀ ਤਰ੍ਹਾਂ ਨਿਰਾਸ਼ ਹੋ ਗਿਆ।”

ਇਹ ਵੀ ਪੜ੍ਹੋ-

ਧੋਖੇ ਬਾਰੇ ਕਿਵੇਂ ਪਤਾ ਲੱਗਿਆ ਅਤੇ ਫਿਰ ਕੀ ਕੀਤਾ

“ਮੈਂ ਉਨ੍ਹਾਂ ਤੋਂ ਬੀਮਾ ਅਤੇ ਲੈਣ-ਦੇਣ ਦੇ ਟੈਕਸ ਲਈ ਅਦਾ ਕੀਤੀ ਰਕਮ ਦੀ ਰਸੀਦ ਮੰਗੀ, ਪਰ ਕੋਈ ਜਵਾਬ ਨਹੀਂ ਮਿਲਿਆ, ਫਿਰ ਮੈਂ ਸਾਈਬਰ ਕ੍ਰਾਈਮ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਉਹ ਅਜੇ ਵੀ ਉਸੇ ਡੇਟਾ ਨਾਲ ਧੋਖਾਧੜੀ ਕਰ ਰਹੇ ਹਨ।”

ਲਾਰੈਂਸ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਉਨ੍ਹਾਂ ਵਰਗੇ ਕਈ ਜਾਣਕਾਰਾਂ ਨੇ ਇਸੇ ਤਰ੍ਹਾਂ ਦੇ ਘੁਟਾਲਿਆਂ ਵਿੱਚ ਵੱਡੀ ਰਕਮ ਗੁਆ ਦਿੱਤੀ ਹੈ, ਅਤੇ ਉਨ੍ਹਾਂ ਵਿੱਚੋਂ ਕੋਈ ਵੀ ਸ਼ਿਕਾਇਤ ਕਰਨ ਲਈ ਅੱਗੇ ਨਹੀਂ ਆਇਆ।

ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਉਨ੍ਹਾਂ ਦੀ ਇੱਕ ਔਰਤ ਨਾਲ ਗੱਲ ਹੋਈ ਸੀ, ਫਿਰ ਇੱਕ ਸਲਾਹਕਾਰ ਨਾਲ, ਅਤੇ ਫਿਰ ਹੋਰ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ।

ਪੁਲਿਸ ਕੀ ਕਾਰਵਾਈ ਕਰੇਗੀ

ਪੁਲਿਸ ਸਟੇਸ਼ਨ

ਉਦਾਸਿਟੀ ਸਾਈਬਰ ਕ੍ਰਾਈਮ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਕਤੂਬਰ ਤੋਂ ਫਰਵਰੀ ਤੱਕ ਕੁਆਂਟਮ ਏਆਈ ਨਾਮਕ ਇਸ ਧੋਖਾਧੜੀ ਵਾਲੀ ਔਨਲਾਈਨ ਟ੍ਰੇਡਿੰਗ ਤੋਂ ਨਿਰਾਸ਼ ਵਿਅਕਤੀ ਨੇ ਇਸੇ ਸਾਲ ਮਾਰਚ ਵਿੱਚ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਸਾਈਬਰ ਕ੍ਰਾਈਮ ਪੁਲਿਸ ਇੰਸਪੈਕਟਰ ਪ੍ਰਵੀਣਾ ਨੇ ਬੀਬੀਸੀ ਤਮਿਲ ਨੂੰ ਦੱਸਿਆ, “ਉਹ ਵੱਖ-ਵੱਖ ਪਲੇਟਫਾਰਮਾਂ ‘ਤੇ ਔਨਲਾਈਨ ਟ੍ਰੇਡਿੰਗ ਕਰਕੇ ਪੈਸੇ ਕਮਾ ਰਹੇ ਸਨ। ਉਹ (ਧੋਖੇਬਾਜ਼) ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਟਰੈਕ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਇੱਕ ਜਾਅਲੀ ਔਨਲਾਈਨ ਟ੍ਰੇਡਿੰਗ ਪਲੇਟਫਾਰਮ ਦਾ ਲਿੰਕ ਭੇਜਿਆ ਸੀ। ਉਨ੍ਹਾਂ (ਲਾਰੈਂਸ) ਨੇ ਧੋਖੇਬਾਜ਼ਾਂ ‘ਤੇ ਭਰੋਸਾ ਕਰ ਲਿਆ ਅਤੇ ਉਨ੍ਹਾਂ ਨੂੰ ਪੈਸੇ ਵੀ ਅਦਾ ਕਰਦੇ ਰਹੇ ਕਿਉਂਕਿ ਉਹ ਸਭ ਆਮ ਟ੍ਰੇਡਿੰਗ ਸਾਈਟਾਂ ਵਾਂਗ ਹੀ ਸੀ।”

ਸਾਈਬਰ ਠੱਗੀ

“ਇੱਕ ਪਾਸੇ ਜਿੱਥੇ ਦੂਜੇ ਪਲੇਟਫਾਰਮਾਂ ‘ਤੇ ਨਿਵੇਸ਼ ਜ਼ਿਆਦਾ ਸੀ ਅਤੇ ਰਿਟਰਨ ਘੱਟ ਸੀ, ਉਨ੍ਹਾਂ ਨੇ ਲਾਰੈਂਸ ਨੂੰ ਭਰੋਸਾ ਦਿੱਤਾ ਹੈ ਕਿ ਇਸ ਪਲੇਟਫਾਰਮ ‘ਤੇ ਉਨ੍ਹਾਂ ਨੂੰ ਘੱਟ ਨਿਵੇਸ਼ ਨਾਲ ਜ਼ਿਆਦਾ ਰਿਟਰਨ ਮਿਲਿਆ ਹੈ। ਉਨ੍ਹਾਂ ਨੇ ਇਸ ਮਕਸਦ ਲਈ ਇੱਕ ਜਾਅਲੀ ਆਈਡੀ ਬਣਾਈ ਅਤੇ ਉਨ੍ਹਾਂ ਨੂੰ ਧੋਖਾਧੜੀ ਦੇ ਜਾਲ਼ ਵਿੱਚ ਫਸਾਇਆ।”

ਪੁਲਿਸ ਇੰਸਪੈਕਟਰ ਪ੍ਰਵੀਣਾ ਨੇ ਕਿਹਾ, “ਜਦੋਂ ਮੈਂ ਉਨ੍ਹਾਂ ਦੁਆਰਾ ਦਿੱਤੇ ਗਏ ਈਮੇਲ ਆਈਡੀ ਅਤੇ ਟੈਲੀਗ੍ਰਾਮ ਦੀ ਜਾਂਚ ਕੀਤੀ, ਤਾਂ ਮੈਨੂੰ ਪਤਾ ਲੱਗਾ ਕਿ ਸਭ ਕੁਝ ਵਿਦੇਸ਼ ਵਿੱਚ ਬਣਾਇਆ ਗਿਆ ਸੀ।”

ਸਾਈਬਰ ਠੱਗੀ

ਤਸਵੀਰ ਸਰੋਤ, Getty Images

ਪੁਲਿਸ ਇੰਸਪੈਕਟਰ ਮੁਤਾਬਕ ਨੀਲਗਿਰੀ ਜ਼ਿਲ੍ਹੇ ਵਿੱਚ ਕਦੇ ਵੀ ਕਿਸੇ ਨੇ ਇਸ ਤਰ੍ਹਾਂ ਦੇ ਘੁਟਾਲੇ ਬਾਰੇ ਸ਼ਿਕਾਇਤ ਦਰਜ ਨਹੀਂ ਕਰਵਾਈ। ਉਨ੍ਹਾਂ ਕਿਹਾ, “ਕਿਉਂਕਿ ਉਨ੍ਹਾਂ ਦੁਆਰਾ ਜਮ੍ਹਾਂ ਕੀਤੇ ਗਏ ਸਾਰੇ ਦਸਤਾਵੇਜ਼ ਅਸਲੀ ਜਾਪਦੇ ਸਨ ਅਤੇ ਉਨ੍ਹਾਂ ਦੁਆਰਾ ਦਿੱਤੀ ਗਈ ਸਲਾਹ ਦਾ ਉਦੇਸ਼ ਮੁਨਾਫ਼ਾ ਕਮਾਉਣਾ ਸੀ, ਇਸ ਲਈ ਕਿਸੇ ਨੂੰ ਵੀ ਆਸਾਨੀ ਨਾਲ ਮੂਰਖ ਬਣਾਇਆ ਜਾ ਸਕਦਾ ਸੀ।”

ਪੁਲਿਸ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਬੈਂਕ ਖਾਤਿਆਂ ਵਿੱਚ ਲਾਰੈਂਸ ਨੇ ਪੈਸੇ ਜਮ੍ਹਾਂ ਕਰਵਾਏ ਸਨ, ਉਹ ਉੱਤਰ ਪ੍ਰਦੇਸ਼ ਦੇ ਲੋਕਾਂ ਦੇ ਨਾਮ ‘ਤੇ ਸਨ।

ਪੁਲਿਸ ਇੰਸਪੈਕਟਰ ਪ੍ਰਵੀਨ ਨੇ ਕਿਹਾ, “ਇੱਕੋ-ਇੱਕ ਸੰਭਾਵਨਾ ਇਹ ਹੈ ਕਿ ਜਿਨ੍ਹਾਂ ਬੈਂਕ ਖਾਤਿਆਂ ਵਿੱਚ ਉਨ੍ਹਾਂ ਨੇ ਪੈਸੇ ਜਮ੍ਹਾਂ ਕੀਤੇ ਸਨ, ਉਹ ਸਾਰੇ ਭਾਰਤ ਵਿੱਚ ਹਨ।”

”ਸ਼ਿਕਾਇਤ ਦਰਜ ਕਰਨ ਤੋਂ ਬਾਅਦ, ਅਸੀਂ ਸਬੰਧਤ ਬੈਂਕ ਖਾਤੇ ਵਿੱਚ 15 ਲੱਖ ਰੁਪਏ ਫ੍ਰੀਜ਼ ਕਰ ਦਿੱਤੇ ਹਨ। ਪਰ ਇਸ ਵੇਲੇ ਇਸ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਹਾਲਾਂਕਿ ਪੈਸੇ ਕੁਝ ਹੱਦ ਤੱਕ ਵਸੂਲ ਕੀਤੇ ਜਾ ਸਕਦੇ ਹਨ, ਪਰ ਧੋਖਾਧੜੀ ਕਰਨ ਵਾਲਿਆਂ ਨੂੰ ਰੋਕਣਾ ਕੋਈ ਆਸਾਨ ਕੰਮ ਨਹੀਂ ਹੈ।”

ਕੀ ਪੈਸੇ ਵਾਪਸ ਮਿਲ ਸਕਣਗੇ

ਪੈਸੇ

ਤਸਵੀਰ ਸਰੋਤ, Getty Images

ਪੁਲਿਸ ਦਾ ਕਹਿਣਾ ਹੈ ਕਿ ਉਹ ਲੈਣ-ਦੇਣ ਕਰਨ ਲਈ ਵਰਤੀ ਗਈ ਆਈਡੀ ਦੀ ਵਰਤੋਂ ਕਰਕੇ ਬੈਂਕ ਖਾਤੇ ਨੂੰ ਫ੍ਰੀਜ਼ ਕਰ ਦੇਣਗੇ, ਅਤੇ ਅਦਾਲਤ ਵਿੱਚ ਧੋਖਾਧੜੀ ਸਾਬਤ ਹੋਣ ਅਤੇ ਆਦੇਸ਼ ਪ੍ਰਾਪਤ ਹੋਣ ਤੋਂ ਬਾਅਦ, ਬੈਂਕ ਵਿੱਚ ਆਦੇਸ਼ ਨੂੰ ਰਸਮੀ ਤੌਰ ‘ਤੇ ਲਾਗੂ ਕੀਤਾ ਜਾਵੇਗਾ, ਅਤੇ ਫਿਰ ਹੀ ਉਹ ਪੈਸੇ ਭੁਗਤਾਨਕਰਤਾ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੇ ਜਾਣਗੇ।

ਪੁਲਿਸ ਇੰਸਪੈਕਟਰ ਪ੍ਰਵੀਣਾ ਨੇ ਕਿਹਾ ਕਿ ਪਹਿਲਾਂ ਨੀਲਗਿਰੀ ਵਿੱਚ 6-7 ਲੋਕਾਂ ਨੇ ਡਿਜੀਟਲ ਗ੍ਰਿਫ਼ਤਾਰੀ ਵਾਲੇ ਸਕੈਮ ਰਾਹੀਂ ਸ਼ਿਕਾਇਤਾਂ ਦਰਜ ਕਰਵਾਈਆਂ ਸਨ।

ਉਨ੍ਹਾਂ ਕਿਹਾ ਕਿ ਕਿਉਂਕਿ ਉਨ੍ਹਾਂ ਮਾਮਲਿਆਂ ਵਿੱਚ ਵੀ ਧੋਖਾਧੜੀ ਵਿਦੇਸ਼ ਤੋਂ ਕੀਤੀ ਗਈ ਸੀ, ਇਸ ਲਈ ਹੁਣ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਪੈਸੇ ਦੀ ਰੱਖਿਆ ਕਰਨ ਦਾ ਇੱਕੋ-ਇੱਕ ਤਰੀਕਾ ਹੈ – ਜਨਤਾ ਦਾ ਚੌਕਸ ਰਹਿਣਾ।

ਧੋਖਾਧੜੀ ਤੋਂ ਨਿਰਾਸ਼ ਲਾਰੈਂਸ ਕਹਿੰਦੇ ਹਨ, “ਇਸ ਬਾਰੇ ਕੋਈ ਵੀ ਸਰਕਾਰ ਕੁਝ ਨਹੀਂ ਕਰ ਸਕਦੀ। ਪਰ ਜਿਵੇਂ ਡਿਜੀਟਲ ਅਰੈਸਟ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ ਹੈ, ਉਸੇ ਤਰ੍ਹਾਂ ਇਸ ਕਿਸਮ ਦੀ ਧੋਖਾਧੜੀ ਬਾਰੇ ਵੀ ਜਾਗਰੂਕਤਾ ਪੈਦਾ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI