Source :- BBC PUNJABI

ਤਸਵੀਰ ਸਰੋਤ, UGC
ਉੱਤਰਾਖੰਡ ਦੇ ਨੈਨੀਤਾਲ ਵਿੱਚ ਇੱਕ ਨਾਬਾਲਗ ਨਾਲ ਕਥਿਤ ਦੁਸ਼ਕਰਮ ਤੋਂ ਬਾਅਦ ਭੜਕੀ ਹਿੰਸਾ ਦੇ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ, ਇੱਕ ਨੌਜਵਾਨ ਮਹਿਲਾ ਭੀੜ ਦੇ ਸਾਹਮਣੇ ਖੜ੍ਹੀ ਹੋਕੇ ਪੁੱਛ ਰਹੀ ਹੈ, “ਜੇ ਇੱਕ ਵਿਅਕਤੀ ਨੇ ਅਪਰਾਧ ਕੀਤਾ ਹੈ, ਤਾਂ ਪੂਰੇ ਭਾਈਚਾਰੇ ਨੂੰ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ?”
ਮਹਿਲਾ ਦੀ ਪਛਾਣ ਸ਼ੈਲਾ ਨੇਗੀ ਵਜੋਂ ਹੋਈ ਹੈ, ਜੋ ਕਿ ਮੱਲੀਤਾਲ ਇਲਾਕੇ ਦੇ ਵਪਾਰ ਮੰਡਲ ਪ੍ਰਧਾਨ ਦੇ ਬੇਟੀ ਹਨ।
ਇਹ ਵੀਡੀਓ ਉਦੋਂ ਰਿਕਾਰਡ ਕੀਤਾ ਗਿਆ ਸੀ, ਜਦੋਂ ਗੁੱਸੇ ਵਿੱਚ ਆਈ ਭੀੜ ਦੁਕਾਨਾਂ ਬੰਦ ਕਰਨ ਲਈ ਪਹੁੰਚੀ ਸੀ ਅਤੇ ਸ਼ੈਲਾ ਨੇ ਇਸਦਾ ਵਿਰੋਧ ਕੀਤਾ ਸੀ।
ਕੀ ਹੈ ਪੂਰਾ ਮਾਮਲਾ?

ਤਸਵੀਰ ਸਰੋਤ, Asif Ali
30 ਅਪ੍ਰੈਲ ਨੂੰ ਰਾਤ 8 ਵਜੇ ਦੇ ਕਰੀਬ, ਇੱਕ ਨਾਬਾਲਗ ਕੁੜੀ ਆਪਣੀ ਮਾਂ ਅਤੇ ਇੱਕ ਵਕੀਲ ਨਾਲ ਮੱਲੀਤਾਲ ਪੁਲਿਸ ਸਟੇਸ਼ਨ ਪਹੁੰਚੀ।
ਉਨ੍ਹਾਂ ਨੇ ਪੁਲਿਸ ਕੋਲ ਇੱਕ ਸ਼ਿਆਕਿਤ ਦਰਜ ਕਰਵਾਈ ਅਤੇ ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਗਿਆ ਕਿ 12 ਅਪ੍ਰੈਲ ਨੂੰ ਉਸਮਾਨ ਨਾਮ ਦੇ ਇੱਕ ਠੇਕੇਦਾਰ ਨੇ ਉਸਨੂੰ ਪੈਸੇ ਦਾ ਲਾਲਚ ਦਿੱਤਾ ਅਤੇ ਆਪਣੇ ਘਰ ਦੇ ਗੈਰਾਜ ਵਿੱਚ ਖੜ੍ਹੀ ਕਾਰ ਵਿੱਚ ਉਸ ਨਾਲ ਬਲਾਤਕਾਰ ਕੀਤਾ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹਲਦਵਾਨੀ ਜੇਲ੍ਹ ਵਿੱਚ ਭੇਜ ਦਿੱਤਾ ਹੈ। ਉਸਮਾਨ ‘ਤੇ ਬਲਾਤਕਾਰ ਅਤੇ ਅਪਰਾਧਿਕ ਧਮਕੀ ਦੀ ਧਾਰਾ 65(1), 351(2) ਅਤੇ ਪੋਕਸੋ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਐਸਪੀ ਜਗਦੀਸ਼ ਚੰਦਰ ਨੇ ਬੀਬੀਸੀ ਨੂੰ ਦੱਸਿਆ, “ਪੀੜਤ ਕੁੜੀ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਨੇ ਪੈਸੇ ਦਾ ਲਾਲਚ ਦੇ ਕੇ ਘਰ ਦੇ ਗੈਰਾਜ ਵਿੱਚ ਖੜ੍ਹੀ ਕਾਰ ਵਿੱਚ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਦੀ ਮੈਡੀਕਲ ਜਾਂਚ ਡਾਕਟਰਾਂ ਦੇ ਇੱਕ ਪੈਨਲ ਨੇ ਕੀਤੀ ਹੈ।”
ਕੁੜੀ ਦੀ ਮੈਡੀਕਲ ਰਿਪੋਰਟ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ।

ਤਸਵੀਰ ਸਰੋਤ, Asif Ali
ਜਿਵੇਂ ਹੀ 30 ਅਪ੍ਰੈਲ ਨੂੰ ਇਹ ਖ਼ਬਰ ਫੈਲੀ, ਮੱਲੀਤਾਲ ਥਾਣੇ ਦੇ ਬਾਹਰ ਭੀੜ ਇਕੱਠੀ ਹੋਣ ਲੱਗ ਪਈ ਅਤੇ ਥੋੜ੍ਹੀ ਦੇਰ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਇਲਜ਼ਾਮ ਹੈ ਕਿ 1 ਮਈ ਦੀ ਰਾਤ ਨੂੰ, ਗਾੜੀ ਪੜਾਵ ਖੇਤਰ ਵਿੱਚ ਮੁਸਲਿਮ ਦੁਕਾਨਾਂ ‘ਚ ਭੰਨਤੋੜ ਅਤੇ ਕੁੱਟਮਾਰ ਕੀਤੀ ਗਈ।
ਪੁਲਿਸ ਅਨੁਸਾਰ ਇਸ ਭੀੜ ਵਿੱਚ ਕੁਝ ਹਿੰਦੂਵਾਦੀ ਸੰਗਠਨ ਵੀ ਸ਼ਾਮਲ ਸਨ।
ਹਿੰਸਾ ਤੋਂ ਤੁਰੰਤ ਬਾਅਦ ਪੁਲਿਸ ਨੇ ਵਾਧੂ ਫੋਰਸ ਤਾਇਨਾਤ ਕਰ ਦਿੱਤੀ। ਐਸਐਸਪੀ ਪ੍ਰਹਿਲਾਦ ਨਾਰਾਇਣ ਮੀਣਾ ਨੇ ਕਿਹਾ, “ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਹੜੇ ਲੋਕ ਹਿੰਸਾ ‘ਚ ਸ਼ਾਮਲ ਪਾਏ ਜਾਣਗੇ, ਭਾਵੇਂ ਉਨ੍ਹਾਂ ਨੇ ਦੁਕਾਨਾਂ ਦੀ ਭੰਨਤੋੜ ਕੀਤੀ ਹੋਵੇ ਜਾਂ ਫਿਰਕੂ ਮਾਹੌਲ ਖਰਾਬ ਕੀਤਾ ਹੋਵੇ, ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹਿੰਸਾ ਕਰਨ ਵਾਲਿਆਂ ਦੀ ਪਛਾਣ ਕਰ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਹੋਟਲ ਅਤੇ ਰੈਸਟੋਰੈਂਟ ਖੁੱਲ੍ਹੇ ਹਨ। ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਨੂੰ ਧਿਆਨ ‘ਚ ਰੱਖਦਿਆਂ, ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੇਫ਼ਿਕਰ ਹੋ ਕੇ ਨੈਨੀਤਾਲ ਜਾਣ।
ਭੀੜ ਦੇ ਸਾਹਮਣੇ ਇੱਕਲੇ ਖੜ੍ਹੇ ਰਹੇ ਸ਼ੈਲਾ ਨੇਗੀ

ਤਸਵੀਰ ਸਰੋਤ, Asif Ali
ਇਸ ਦੌਰਾਨ, ਹਿੰਸਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਕਿ ਸਥਾਨਕ ਮਹਿਲਾ ਸ਼ੈਲਾ ਨੇਗੀ ਦਾ ਹੈ।
ਸ਼ੈਲਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਦੁਕਾਨ ‘ਤੇ ਕੰਮ ਕਰਦੇ ਹਨ।
ਬੀਬੀਸੀ ਹਿੰਦੀ ਨਾਲ ਗੱਲਬਾਤ ਵਿੱਚ ਉਨ੍ਹਾਂ ਦੱਸਿਆ, “ਘਟਨਾ ਦੇ ਦੂਜੇ ਦਿਨ, ਜਦੋਂ ਭੀੜ ਸਾਰਿਆਂ ਦੀਆਂ ਦੁਕਾਨਾਂ ਬੰਦ ਕਰਨ ਲਈ ਕਹਿ ਰਹੀ ਸੀ, ਅਸੀਂ ਆਪਣੀ ਦੁਕਾਨ ਬੰਦ ਨਹੀਂ ਕੀਤੀ।”
ਸ਼ੈਲਾ ਨੇ ਅੱਗੇ ਦੱਸਿਆ, “ਉਸ ਸਮੇਂ ਭੀੜ ਵਿੱਚ ਕੁਝ ਅਣਜਾਣ ਚਿਹਰੇ ਵੀ ਸਨ ਅਤੇ ਕੁਝ ਲੋਕ ਗਾਲ੍ਹਾਂ ਕੱਢਦੇ ਹੋਏ ਫਿਰਕੂ ਨਾਅਰੇ ਲਗਾ ਰਹੇ ਸਨ।”
ਉਨ੍ਹਾਂ ਕਿਹਾ, “ਭੀੜ ਵਿੱਚ ਸ਼ਾਮਲ ਇੱਕ ਔਰਤ ਨੇ ਮੇਰੇ ਪਿਤਾ ਨੂੰ ਬਦਤਮੀਜ਼ੀ ਨਾਲ ਪੁੱਛਿਆ ਕਿ ਤੂੰ ਭਾਰਤੀ ਹੈ ਜਾਂ ਪਾਕਿਸਤਾਨੀ!”
ਸ਼ੈਲਾ ਮੁਤਾਬਕ, “ਇਹ ਸੁਣਦੇ ਹੀ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਆਪਣੇ ਆਪ ‘ਤੇ ਕਾਬੂ ਨਹੀਂ ਰੱਖ ਸਕੀ।”
ਸ਼ੈਲਾ, ਭੀੜ ਨੂੰ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਕਿਸੇ ਇੱਕ ਵਿਅਕਤੀ ਦੇ ਕੀਤੇ ਦੀ ਸਜ਼ਾ ਪੂਰੇ ਭਾਈਚਾਰੇ ਨੂੰ ਕਿਉਂ ਮਿਲ ਰਹੀ ਹੈ।

ਸ਼ੈਲਾ ਕਹਿੰਦੇ ਹਨ, “ਇਹ ਹਿੰਦੂ ਦੀ ਲੜਾਈ ਨਹੀਂ ਸੀ, ਉਸ ਬੱਚੀ ਦੀ ਲੜਾਈ ਸੀ। ਮੈਂ ਸਮਝਦੀ ਹਾਂ ਕਿ ਉਸ ਦੇ ਲਈ ਹਰ ਮਹਿਲਾ ਨੂੰ ਸੜਕ ‘ਤੇ ਉਤਰਨਾ ਵੀ ਚਾਹੀਦਾ ਹੈ।”
ਸ਼ੈਲਾ ਸਵਾਲ ਕਰਦੇ ਹਨ, “ਕੀ ਉਹ ਭੀੜ ਸਾਡੇ ਲਈ ਸੁਰੱਖਿਅਤ ਸੀ? ਮੈਂ ਉਨ੍ਹਾਂ ਨਾਅਰਿਆਂ ਨੂੰ ਦੁਹਰਾ ਵੀ ਨਹੀਂ ਸਕਦੀ, ਬਹੁਤ ਹੀ ਭੱਦੀ ਭਾਸ਼ਾ ਵਰਤੀ ਜਾ ਰਹੀ ਸੀ।”
ਉਨ੍ਹਾਂ ਕਿਹਾ, “ਦੋਸ਼ੀ ਨੂੰ ਸਜ਼ਾ ਮਿਲੇ ਜਾਂ ਕੁੜੀ ਨੂੰ ਇਨਸਾਫ਼, ਭੀੜ ਦੇ ਬੁੱਲ੍ਹਾਂ ‘ਤੇ ਅਜਿਹਾ ਕੋਈ ਨਾਅਰਾ ਨਹੀਂ ਸੀ।”
ਸ਼ੈਲੀ ਨੇ ਕਿਹਾ ਕਿ ਇਸ ਦੀ ਬਜਾਏ, ਭੀੜ ਇੱਕ ਖਾਸ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਿਰਕੂ ਨਾਅਰੇ ਲਗਾ ਰਹੀ ਸੀ।
ਸ਼ੈਲਾ ਕਹਿੰਦੇ ਹਨ, “ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ, ਇਹ ਪਹਿਲੀ ਵਾਰ ਮੈਂ ਨੈਨੀਤਾਲ ਵਿੱਚ ਅਜਿਹੀ ਘਟਨਾ ਦੇਖੀ ਹੈ। ਅਸੀਂ ਇਕੱਠੇ ਰਹਿੰਦੇ ਸੀ, ਇਕੱਠੇ ਖਾਂਦੇ ਸੀ। ਤਾਂ ਅੱਜ ਅਚਾਨਕ ਕੀ ਹੋ ਗਿਆ ਕਿ ਉਨ੍ਹਾਂ ਨੂੰ ਬਾਹਰ ਕੱਢੋ?”
ਉਨ੍ਹਾਂ ਕਿਹਾ, “ਇਹ ਵਪਾਰੀਆਂ ਲਈ ਸੀਜ਼ਨ ਦਾ ਵੇਲ਼ਾ ਹੈ, ਜਿਸ ਨਾਲ ਨੁਕਸਾਨ ਹੋ ਰਿਹਾ ਹੈ। ਜਦੋਂ ਅਜਿਹਾ ਮਾਹੌਲ ਬਣਾਇਆ ਜਾਵੇਗਾ, ਤਾਂ ਕੀ ਟੂਰਿਸਟ ਇੱਥੇ ਆਵੇਗਾ?”
ਸ਼ੈਲਾ ਨੇ ਕਿਹਾ, “ਇਹ ਮੇਰੀ ਸੁਰੱਖਿਆ ਦਾ ਸਵਾਲ ਸੀ ਅਤੇ ਮੇਰੇ ਲਈ ਲੜਨਾ ਜ਼ਰੂਰੀ ਸੀ।”
ਮੁਲਜ਼ਮ ਦੇ ਪਰਿਵਾਰ ਨੇ ਲਗਾਇਆ ਸਾਜ਼ਿਸ਼ ਦਾ ਇਲਜ਼ਾਮ

ਦੂਜੇ ਪਾਸੇ, ਮੁਲਜ਼ਮ ਉਸਮਾਨ ਦੇ ਪੁੱਤਰ ਡਾਕਟਰ ਕਾਸਿਮ, ਜੋ ਕਿ ਇੱਕ ਸਰਕਾਰੀ ਡਾਕਟਰ ਹਨ, ਦਾ ਕਹਿਣਾ ਹੈ ਕਿ ਇਹ ਮਾਮਲਾ ਇੱਕ ਸਾਜ਼ਿਸ਼ ਹੈ।
ਬੀਬੀਸੀ ਹਿੰਦੀ ਨਾਲ ਗੱਲ ਕਰਦਿਆਂ ਕਾਸਿਮ ਨੇ ਕਿਹਾ, “ਮੇਰੇ ਪਿਤਾ 72 ਸਾਲ ਦੇ ਹਨ। ਉਹ ਇੱਕ ਸਤਿਕਾਰਯੋਗ ਵਿਅਕਤੀ ਹਨ ਅਤੇ ਸਾਲਾਂ ਤੋਂ ਠੇਕੇਦਾਰੀ ਦਾ ਕੰਮ ਕਰ ਰਹੇ ਹਨ। ਜੋ ਲੋਕ ਉਨ੍ਹਾਂ ਤੋਂ ਈਰਖਾ ਕਰਦੇ ਹਨ, ਉਨ੍ਹਾਂ ਨੇ ਇਹ ਸਾਜ਼ਿਸ਼ ਰਚੀ ਹੈ।”
ਉਨ੍ਹਾਂ ਕਿਹਾ, “ਜਿਸ ਰਾਤ ਸ਼ਿਕਾਇਤ ਦਰਜ ਕੀਤੀ ਗਈ, ਦੋ-ਤਿੰਨ ਮਿੰਟਾਂ ਵਿੱਚ 250 ਲੋਕ ਪੁਲਿਸ ਸਟੇਸ਼ਨ ਕਿਵੇਂ ਪਹੁੰਚ ਗਏ? ਇਹ ਜਾਣਬੁੱਝ ਕੇ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਹੈ।”
ਉਸਦਾ ਦਾਅਵਾ ਹੈ ਕਿ ਪੁਲਿਸ ਨੇ ਘਰ ਦੇ ਵਾਹਨਾਂ ਅਤੇ ਸੀਸੀਟੀਵੀ ਦੀ ਜਾਂਚ ਕੀਤੀ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਸ ਦੇ ਬਾਵਜੂਦ, ਉਨ੍ਹਾਂ ਦੇ ਘਰ ਨੂੰ ਜੰਗਲਾਤ ਦੀ ਜ਼ਮੀਨ ਦੱਸ ਕੇ ਇੱਕ ਨੋਟਿਸ ਚਿਪਕਾ ਦਿੱਤਾ ਗਿਆ। ਉਨ੍ਹਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਭਾਜਪਾ ਸ਼ਹਿਰੀ ਪ੍ਰਧਾਨ ਨਿਤਿਨ ਕਾਰਕੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਬੁੱਧਵਾਰ ਰਾਤ ਨੂੰ ਉਸ ਵੇਲੇ ਮੱਲੀਤਾਲ ਪੁਲਿਸ ਸਟੇਸ਼ਨ ਵਿੱਚ ਮੌਜੂਦ ਸਨ, ਜਦੋਂ ਸਵਾਤੀ ਪਰਿਹਾਰ ਨਾਮ ਦੀ ਇੱਕ ਮਹਿਲਾ, ਕੁੜੀ ਅਤੇ ਉਨ੍ਹਾਂ ਦੀ ਮਾਂ ਨੂੰ ਪੁਲਿਸ ਸਟੇਸ਼ਨ ਲੈ ਕੇ ਆਈ।
ਕਾਰਕੀ ਨੇ ਕਿਹਾ, “ਉਸ ਸਮੇਂ ਦੁਕਾਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਬੰਦ ਕਰਵਾਇਆ ਜਾ ਰਿਹਾ ਸੀ, ਪਰ ਫਿਰ ਇੱਕ ਵਿਅਕਤੀ ਨੇ ਇੱਕ ਖਾਸ ਭਾਈਚਾਰੇ ਵਿਰੁੱਧ ਟਿੱਪਣੀ ਕੀਤੀ, ਜਿਸ ਤੋਂ ਬਾਅਦ ਮਾਹੌਲ ਵਿਗੜ ਗਿਆ।”
ਉਨ੍ਹਾਂ ਕਿਹਾ, “ਜਦੋਂ ਲੜਾਈ ਉਨ੍ਹਾਂ ਵੱਲੋਂ ਸ਼ੁਰੂ ਹੋਈ, ਤਾਂ ਫਿਰ ਸਾਡੇ ਵਾਲੇ ਪਾਸਿਓਂ ਵੀ ਲੜਾਈ ਸ਼ੁਰੂ ਹੋ ਗਈ। ਨੈਨੀਤਾਲ ਵਿੱਚ ਜੋ ਡੈਮੋਗ੍ਰਾਫਿਕ ਬਦਲਾਅ ਹੋ ਰਿਹਾ ਹੈ, ਉਸ ‘ਤੇ ਰੋਕ ਲਗਾਉਣ ਦੀ ਲੋੜ ਹੈ। ਬਾਹਰੋਂ ਆਏ ਲੋਕਾਂ ਦੀ ਤਸਦੀਕ ਹੋਣੀ ਵੀ ਜ਼ਰੂਰੀ ਹੈ।”
ਮੁੱਖ ਮੰਤਰੀ ਧਾਮੀ ਨੇ ਕੀ ਪ੍ਰਤੀਕਿਰਿਆ ਦਿੱਤੀ

ਤਸਵੀਰ ਸਰੋਤ, Getty Images
ਇਸ ਮਾਮਲੇ ‘ਤੇ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੁੜੀ ਦੇ ਪਰਿਵਾਰ ਨਾਲ ਫ਼ੋਨ ‘ਤੇ ਗੱਲ ਕੀਤੀ। ਉਨ੍ਹਾਂ ਕਿਹਾ, “ਤੁਸੀਂ ਇਕੱਲੇ ਨਹੀਂ ਹੋ, ਸਰਕਾਰ ਤੁਹਾਡੇ ਨਾਲ ਹੈ।”
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਪਰਿਵਾਰ ਨੂੰ ਸੁਰੱਖਿਆ, ਵਿੱਤੀ ਸਹਾਇਤਾ ਅਤੇ ਮਾਨਸਿਕ ਸਲਾਹ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਐਲਾਨ ਕੀਤਾ ਗਿਆ ਕਿ ਕੁੜੀ ਨੂੰ ਸਪਾਂਸਰਸ਼ਿਪ ਸਕੀਮ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਸਰਕਾਰ ਉਨ੍ਹਾਂ ਦੀ ਭੈਣ ਦੀ ਸਿੱਖਿਆ ਦੀ ਜ਼ਿੰਮੇਵਾਰੀ ਲਵੇਗੀ।
ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਕਿਹਾ ਗਿਆ ਕਿ “ਜੋ ਕਿਉਂ ਵੀ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।”
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਨੈਨੀਤਾਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਮਾਹੌਲ ਖਰਾਬ ਕਰਨ ਵਾਲਿਆਂ ‘ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI