Source :- BBC PUNJABI

ਮ੍ਰਿਤਕ ਹੇਮੰਤ ਜੋਸ਼ੀ ਦੁਆਰਾ ਕੱਲ੍ਹ ਸਵੇਰੇ ਪੋਸਟ ਕੀਤੀ ਗਈ ਫੋਟੋ

22 ਅਪ੍ਰੈਲ ਨੂੰ ਕਸ਼ਮੀਰ ਵਿੱਚ ਇੱਕ ਹਥਿਆਰਬੰਦ ਹਮਲੇ ਵਿੱਚ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਡੋਂਬੀਵਾਲੀ ਇਲਾਕੇ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨੇ ਨਾ ਸਿਰਫ਼ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਸੁੱਟਿਆ ਹੈ, ਸਗੋਂ ਪੀੜਤ ਪਰਿਵਾਰ ਦੇ ਗੁਆਂਢੀ ਵੀ ਡੂੰਘੇ ਸਦਮੇ ਵਿੱਚ ਹਨ।

ਮਹੇਸ਼ ਸੁਰਸੇ ਅਤੁਲ ਮੋਨੇ ਦੀ ਇਮਾਰਤ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਦੋਸਤੀ ਪਿਛਲੇ 25 ਸਾਲਾਂ ਤੋਂ ਹੈ।

ਮਹੇਸ਼ ਸੁਰਸੇ ਜਦੋਂ ਦੱਸ ਰਹੇ ਸਨ ਤਾਂ ਉਨ੍ਹਾਂ ਦੇ ਸ਼ਬਦ ਲੜਖੜਾ ਰਹੇ ਸਨ, “ਮੇਰਾ ਭਰਾਵਾਂ ਵਰਗਾ ਦੋਸਤ ਇਸ ਵਿੱਚ ਮਾਰਿਆ ਗਿਆ ਹੈ।”

“ਕੱਲ੍ਹ ਸ਼ਾਮ ਨੂੰ ਘੰਟੀ ਵੱਜੀ ਅਤੇ ਅਚਾਨਕ ਨਿਊਜ਼ ਚੈਨਲ ਦੇ ਲੋਕ ਦਰਵਾਜ਼ੇ ‘ਤੇ ਆ ਗਏ। ਅਸੀਂ ਪੁੱਛਿਆ, ਕੀ ਤੁਹਾਡੇ ਕੋਲ ਕੋਈ ਪੁਖ਼ਤਾ ਜਾਣਕਾਰੀ ਹੈ?”

“ਫਿਰ ਉਨ੍ਹਾਂ ਨੇ ਸਾਨੂੰ ਦਿਖਾਇਆ ਕਿ ਅਤੁਲ ਮੋਨੇ ਦਾ ਨਾਮ ਵੀ ਜੰਮੂ-ਕਸ਼ਮੀਰ ਦੇ ਪਹਿਲਗਾਮ ਦੇ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ ਸੀ ਅਤੇ ਅਸੀਂ ਹੈਰਾਨ ਰਹਿ ਗਏ।”

ਮਹੇਸ਼ ਸੁਰਸੇ

ਅਤੁਲ ਮੋਨੇ ਦਾ ਗੁਆਂਢੀ ਅਤੇ ਦੋਸਤ ਮਹੇਸ਼ ਸੁਰਸੇ ਇਸ ਸਮੇਂ ਸਦਮੇ ਵਿੱਚ ਹੈ। ਸੁਰਸੇ ਦੀ ਪਤਨੀ ਵਨੀਤਾ ਸੁਰਸੇ ਦੇ ਚਿਹਰੇ ‘ਤੇ ਡਰ ਸਾਫ਼ ਦਿਖਾਈ ਦੇ ਰਿਹਾ ਸੀ।

ਮਹੇਸ਼ ਸੁਰਸੇ ਵੀ ਆਪਣੇ ਪਰਿਵਾਰ ਨਾਲ ਅਗਲੇ ਮਹੀਨੇ, 22 ਮਈ ਨੂੰ ਕਸ਼ਮੀਰ ਜਾਣ ਵਾਲੇ ਸਨ। ਹਾਲਾਂਕਿ, ਉਨ੍ਹਾਂ ਨੇ ਹੁਣ ਆਪਣਾ ਪਲਾਨ ਰੱਦ ਕਰ ਦਿੱਤਾ ਹੈ।

ਬੀਬੀਸੀ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ, “ਸਾਡੀ ਵੀ 22 ਤਰੀਕ ਨੂੰ ਉੱਥੇ ਜਾਣ ਲਈ ਬੁਕਿੰਗ ਸੀ। ਇਹ ਸਭ ਦੇਖ ਕੇ, ਅਸੀਂ ਹੁਣ ਇਸ ਨੂੰ ਰੱਦ ਕਰ ਦਿੱਤਾ ਹੈ।”

“ਅਸੀਂ ਵੀ ਇੱਕ ਵੱਡੇ ਸਦਮੇ ਵਿੱਚ ਹਾਂ। ਸਾਡੇ ਦਿਲਾਂ ਵਿੱਚ ਡਰ ਬੈਠ ਗਿਆ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਸਰਕਾਰ ਸੈਲਾਨੀਆਂ ਦੀ ਸੁਰੱਖਿਆ ਦਾ ਧਿਆਨ ਨਹੀਂ ਰੱਖਦੀ, ਲੋਕਾਂ ਨੂੰ ਉੱਥੇ ਨਹੀਂ ਜਾਣਾ ਚਾਹੀਦਾ।”

ਮਹੇਸ਼ ਸੁਰਸੇ ਨੇ ਕਿਹਾ, “ਕੱਲ੍ਹ ਸ਼ਾਮ ਨੂੰ ਘੰਟੀ ਵੱਜੀ ਅਤੇ ਨਿਊਜ਼ ਚੈਨਲ ਦੇ ਲੋਕ ਆਏ। ਅਸੀਂ ਪੁੱਛਿਆ, ਕੀ ਤੁਹਾਡੇ ਕੋਲ ਕੋਈ ਪੁਖ਼ਤਾ ਜਾਣਕਾਰੀ ਹੈ? ਫਿਰ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਮ੍ਰਿਤਕਾਂ ਦੀ ਸੂਚੀ ਵਿੱਚ ਅਤੁਲ ਮੋਨੇ ਦਾ ਨਾਮ ਦਿਖਾਇਆ।”

“ਅਸੀਂ ਹੈਰਾਨ ਰਹਿ ਗਏ। ਸਾਡਾ ਦੋਵਾਂ ਪਰਿਵਾਰਾਂ ਦਾ ਬਹੁਤ ਪਿਆਰ ਸੀ।”

ਪਹਿਲਗਾਮ
ਇਹ ਵੀ ਪੜ੍ਹੋ-

ਆਪਣੀ ਘੁੱਟੀ ਹੋਈ ਆਵਾਜ਼ ਨੂੰ ਥੋੜ੍ਹਾ ਸਾਫ਼ ਕਰ ਕੇ ਉਨ੍ਹਾਂ ਨੇ ਕਿਹਾ ਕਿ ਸੁਰਸੇ ਨੇ ਮੋਨੇ ਦੀ ਪਤਨੀ ਨੂੰ ਫ਼ੋਨ ਕੀਤਾ ਸੀ।

“ਜਦੋਂ ਅਸੀਂ ਉਸ ਦੀ ਪਤਨੀ ਨਾਲ ਗੱਲ ਕੀਤੀ, ਤਾਂ ਉਸ ਨੇ ਕਿਹਾ, ‘ਮੈਨੂੰ ਵੀ ਇਸ ਬਾਰੇ ਕੁਝ ਨਹੀਂ ਪਤਾ,’ ਅਤੇ ਰੋਣ ਲੱਗ ਪਈ। ਮੈਂ ਉਸ ਨੂੰ ਵਿਸਥਾਰ ਵਿੱਚ ਕੁਝ ਪੁੱਛਣਾ ਉਚਿਤ ਨਹੀਂ ਸਮਝਿਆ, ਇਸ ਲਈ ਮੈਂ ਉਸ ਨੂੰ ਦਿਲਾਸਾ ਦਿੱਤਾ ਅਤੇ ਫ਼ੋਨ ਕੱਟ ਦਿੱਤਾ। ਉਹ ਵੀ ਇਸ ਸਮੇਂ ਸ਼੍ਰੀਨਗਰ ਵਿੱਚ ਹੈ।”

ਜੋ ਕੁਝ ਹੋਇਆ ਸੀ, ਉਸ ਦਾ ਡਰ ਮਹੇਸ਼ ਅਤੇ ਉਨ੍ਹਾਂ ਦੀ ਪਤਨੀ ਦੇ ਚਿਹਰਿਆਂ ‘ਤੇ ਸਾਫ਼ ਦਿਖਾਈ ਦੇ ਰਿਹਾ ਸੀ। ਹਾਲਾਂਕਿ, ਇਸ ਤੋਂ ਵੀ ਗਹਿਰਾ ਦੁੱਖ ਇੱਕ ਦੋਸਤ ਦੇ ਵਿਛੋੜੇ ਦਾ ਸੀ।

ਅਤੁਲ ਮੋਨੇ (43) ਸੈਂਟਰਲ ਰੇਲਵੇ ਵਿੱਚ ਸੀਨੀਅਰ ਸੈਕਸ਼ਨ ਇੰਜੀਨੀਅਰ ਵਜੋਂ ਕੰਮ ਕਰਦੇ ਸਨ। ਉਹ ਆਪਣੀ ਪਤਨੀ ਅਤੇ 18 ਸਾਲ ਦੀ ਧੀ ਨਾਲ ਕਸ਼ਮੀਰ ਗਏ ਸਨ।

ਦਰਅਸਲ, ਇਸ ਹਮਲੇ ਵਿੱਚ ਅਤੁਲ ਮੋਨੇ ਦੇ ਕਰੀਬੀ ਰਿਸ਼ਤੇਦਾਰਾਂ ਦੀ ਵੀ ਮੌਤ ਹੋ ਗਈ ਹੈ।

ਇਸ ਹਮਲੇ ਵਿੱਚ ਤਿੰਨ ਜਣਿਆਂ, ਅਤੁਲ ਮੋਨੇ, ਸੰਜੇ ਲੇਲੇ ਅਤੇ ਹੇਮੰਤ ਜੋਸ਼ੀ ਦੀ ਮੌਤ ਹੋ ਗਈ। ਉਹ ਤਿੰਨੋਂ ਚਾਚੇ-ਤਾਏ ਦੇ ਮੁੰਡੇ ਸਨ।

 ਸੰਜੇ ਲੇਲੇ, ਅਤੁਲ ਮੋਨੇ ਅਤੇ ਹੇਮੰਤ ਜੋਸ਼ੀ ਹਨ

ਬੀਬੀਸੀ ਮਰਾਠੀ ਨਾਲ ਗੱਲ ਕਰਦੇ ਹੋਏ, ਸੰਜੇ ਲੇਲੇ ਦੇ ਰਿਸ਼ਤੇਦਾਰ ਅਤੇ ਸ਼ਿਵ ਸੈਨਾ (ਸ਼ਿੰਦੇ ਧੜੇ) ਦੇ ਡਿਪਟੀ ਜ਼ਿਲ੍ਹਾ ਮੁਖੀ ਰਾਜੇਸ਼ ਕਦਮ ਨੇ ਕਿਹਾ, “ਸੰਜੇ ਲੇਲੇ ਮੇਰਾ ਕਰੀਬੀ ਹੈ। ਉਸ ਦੇ ਪੁੱਤਰ ਅਤੇ ਮੇਰੇ ਭਤੀਜੇ ਹਰਸ਼ਲ ਲੇਲੇ ਦੀ ਉਂਗਲੀ ਵਿੱਚ ਗੋਲੀ ਲੱਗੀ ਹੈ। ਬਾਕੀ ਪਰਿਵਾਰ ਸੁਰੱਖਿਅਤ ਹੈ। ਅਸੀਂ ਸਵੇਰ ਦੀ ਉਡਾਣ ਰਾਹੀਂ ਉੱਥੇ ਜਾ ਰਹੇ ਹਾਂ।”

ਪਰਿਵਾਰ ਦੇ ਨੌਂ ਮੈਂਬਰ ਕਸ਼ਮੀਰ ਗਏ ਸਨ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ।

ਅਤੁਲ ਮੋਨੇ ਦੀ ਪਤਨੀ ਅਨੁਸ਼ਕਾ ਮੋਨੇ (35) ਅਤੇ ਧੀ ਰੁਚਾ ਮੋਨੇ (18), ਸੰਜੇ ਲੇਲੇ (50) ਦੀ ਪਤਨੀ ਕਵਿਤਾ ਲੇਲੇ (46) ਅਤੇ ਪੁੱਤਰ ਹਰਸ਼ਲ ਲੇਲੇ (20) ਅਤੇ ਹੇਮੰਤ ਜੋਸ਼ੀ ਦੀ ਪਤਨੀ ਮੋਨਿਕਾ ਜੋਸ਼ੀ (41) ਅਤੇ ਪੁੱਤਰ ਧਰੁਵ ਜੋਸ਼ੀ (16) ਕਸ਼ਮੀਰ ਗਏ ਹੋਏ ਸਨ।

ਅਤੁਲ ਮੋਨੇ

‘ਪਹਿਲਾ ਪੁੱਛਿਆ ਤੂੰ ਕੌਣ ਹੈਸ ਫਿਰ ਮਾਰੀ ਗੋਲੀ’

ਸੰਜੇ ਲੇਲੇ ਮੁੰਬਈ ਵਿੱਚ ਇੱਕ ਫਾਰਮਾ ਕੰਪਨੀ ਵਿੱਚ ਕੰਮ ਕਰਦੇ ਸਨ। ਉਨ੍ਹਾਂ ਦੇ ਚਾਚੇ ਦੇ ਮੁੰਡੇ ਕੌਸ਼ਿਕ ਲੇਲੇ ਨੇ ਬੀਬੀਸੀ ਮਰਾਠੀ ਨੂੰ ਦੱਸਿਆ, “ਸਾਨੂੰ ਕੱਲ੍ਹ ਰਾਤ ਇਸ ਬਾਰੇ ਪਤਾ ਲੱਗਾ। ਪਰਿਵਾਰ ਹੈਰਾਨ ਰਹਿ ਗਿਆ। ਇਹ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ।”

“ਅਸੀਂ ਉੱਥੇ ਸੈਰ-ਸਪਾਟੇ ਲਈ ਜਾਂਦੇ ਹਾਂ ਅਤੇ ਅਜਿਹਾ ਕੁਝ ਹੁੰਦਾ ਹੈ, ਇਹ ਮੰਦਭਾਗਾ ਹੈ।”

ਇਸ ਵੇਲੇ, ਇਸ ਪਰਿਵਾਰ ਦੇ ਰਿਸ਼ਤੇਦਾਰ ਸਵੇਰ ਦੀ ਉਡਾਣ ਰਾਹੀਂ ਜੰਮੂ-ਕਸ਼ਮੀਰ ਲਈ ਰਵਾਨਾ ਹੋ ਗਏ ਹਨ। ਇਸ ਲਈ, ਇਸ ਵੇਲੇ ਡੋਂਬੀਵਲੀ ਵਿੱਚ ਉਨ੍ਹਾਂ ਦੇ ਘਰ ਕੋਈ ਨਹੀਂ ਹੈ।

ਉਸ ਨੇ ਪੁੱਛਿਆ, “ਤੂੰ ਕੌਣ ਹੈ?” ਤੇ ਫਿਰ ਗੋਲੀ ਮਾਰ ਦਿੱਤੀ।

ਵਨੀਤਾ ਸੁਰਸੇ

ਬੀਬੀਸੀ ਮਰਾਠੀ ਨੇ ਅਤੁਲ ਮੋਨੇ ਦੇ ਜੀਜਾ ਰਾਹੁਲ ਅਕੁਲ ਨਾਲ ਗੱਲ ਕੀਤੀ।

ਉਨ੍ਹਾਂ ਨੇ ਕਿਹਾ, “ਦਰਅਸਲ, ਅਸੀਂ ਕੱਲ੍ਹ ਸ਼ਾਮ 6:30 ਵਜੇ ਗੱਲ ਕੀਤੀ ਸੀ ਅਤੇ ਉਨ੍ਹਾਂ ਦੀ ਧੀ ਨੇ ਕਿਹਾ ਕਿ ਅਸੀਂ ਸਾਰੇ ਸੁਰੱਖਿਅਤ ਹਾਂ। ਹਾਲਾਂਕਿ, ਉਹ ਥੋੜ੍ਹੀ ਡਰ ਗਈ ਸੀ। ਉਸ ਤੋਂ ਬਾਅਦ, ਫ਼ੋਨ ਨਹੀਂ ਆਇਆ। ਸਾਡੀ ਕੋਈ ਵੀ ਗੱਲ ਨਹੀਂ ਹੋਈ।”

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸਦੀ ਪੁਸ਼ਟੀ ਸਿਰਫ਼ ਖ਼ਬਰਾਂ ਰਾਹੀਂ ਹੋਈ ਹੈ ਕਿ ਉਸ ਦਾ ਦੇਹਾਂਤ ਹੋ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਕੁੱਲ 9 ਲੋਕ ਇਕੱਠੇ ਗਏ ਸਨ।

ਪਹਿਲਗਾਮ ਹਮਲਾ

ਤਸਵੀਰ ਸਰੋਤ, Getty Images

ਕੁੜੀ ਨੇ ਆਪਣੀ ਬਾਰ੍ਹਵੀਂ ਜਮਾਤ ਪੂਰੀ ਕਰ ਲਈ ਸੀ ਅਤੇ ਅਤੁਲ ਮੋਨੇ ਆਪਣੇ ਪਰਿਵਾਰ ਨਾਲ ਯਾਤਰਾ ਦਾ ਆਨੰਦ ਲੈਣ ਗਿਆ ਸੀ।

“ਉਨ੍ਹਾਂ ਨੇ ਇਨ੍ਹਾਂ ਨੌਂ ਲੋਕਾਂ ਵਿੱਚੋਂ ਸਿਰਫ਼ ਤਿੰਨ ਨੂੰ ਨਿਸ਼ਾਨਾ ਬਣਾਇਆ, ਜੋ ਕਿ ਮਰਦ ਸਨ।”

“ਮੈਂ ਸਵੇਰੇ 7 ਵਜੇ ਆਪਣੀ ਪਤਨੀ ਦੀ ਭੈਣ ਨਾਲ ਗੱਲ ਕੀਤੀ। ਉਸ ਨੇ ਮੈਨੂੰ ਦੱਸਿਆ ਕਿ ਉਸਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ ਸੀ।”

“ਪਹਿਲਾਂ ਪੁੱਛਿਆ ਕਿ ਤੁਸੀਂ ਕੌਣ ਹੋ। ਫਿਰ ਸੰਜੇ ਲੇਲੇ ਜਿਸ ਨੂੰ ਗੋਲੀ ਮਾਰੀ ਗਈ ਸੀ, ਨੇ ਕਿਹਾ ਕਿ ਅਸੀਂ ਇਸ ਵਿੱਚ ਸ਼ਾਮਲ ਨਹੀਂ ਸੀ। ਹੁਣ ਇਹ ਪਤਾ ਲੱਗਿਆ ਹੈ ਕਿ ਲੇਲੇ ਦੇ ਸਿਰ ਵਿੱਚ, ਗਲ਼ੇ ਵਿੱਚ ਅਤੇ ਛਾਤੀ ਵਿੱਚ ਗੋਲੀ ਮਾਰੀ ਗਈ ਸੀ।”

ਉਹ ਹੁਣ 1:30 ਵਜੇ ਏਅਰ ਐਂਬੂਲੈਂਸ ਰਾਹੀਂ ਜਾ ਰਹੇ ਹਨ। ਫ਼ਿਰ ਉਡਾਣ ਰਾਹੀਂ ਸ਼ਾਮ 5:30 ਵਜੇ ਤੱਕ ਪਹੁੰਚ ਜਾਣਗੇ।

ਪ੍ਰਵੀਨ ਰਾਊਲ

ʻਸੰਜੇ ਦਾ ਕੀ ਕਸੂਰ ਸੀ?ʼ

ਸੰਜੇ ਲੇਲੇ ਦੇ ਪ੍ਰਵੀਨ ਰਾਉਲ ਅਖ਼ਬਾਰ ਵੇਚਦੇ ਹਨ। ਉਹ ਬੇਹੱਦ ਚਿੰਤਾ ਵਿੱਚ ਬੋਲ ਰਹੇ ਸਨ।

ਉਹ ਕਹਿੰਦੇ ਹਨ, “ਮੈਂ ਪਹਿਲਾਂ ਨਾਮ ਪੜ੍ਹਿਆ। ਮੈਨੂੰ ਲੱਗਿਆ ਕਿ ਇਹ ਕੋਈ ਹੋਰ, ਸੰਜੇ ਲੇਲੇ ਹੈ। ਪਰ ਜਦੋਂ ਮੈਂ ਫੋਟੋ ਦੇਖੀ, ਮੈਂ ਕਿਹਾ, ‘ਇਹ ਤਾਂ ਸਾਡਾ ਸੰਜੇ ਹੈ।’ ਮੈਨੂੰ ਬਹੁਤ ਦੁੱਖ ਹੋਇਆ। ਮੈਂ ਹੈਰਾਨ ਰਹਿ ਗਿਆ।”

ਇਹ ਕਹਿੰਦੇ ਹੋਏ ਉਨ੍ਹਾਂ ਗ਼ਲਾ ਭਰ ਆਇਆ।

ਪ੍ਰਵੀਨ ਰਾਉਲ 1992 ਤੋਂ ਅਖ਼ਬਾਰ ਵੇਚ ਰਹੇ ਹਨ। ਅੱਜ ਤੱਕ, ਉਨ੍ਹਾਂ ਨੇ ਅਖ਼ਬਾਰਾਂ ਰਾਹੀਂ ਦੇਸ਼ ਅਤੇ ਰਾਜ ਦੀਆਂ ਬਹੁਤ ਸਾਰੀਆਂ ਵੱਡੀਆਂ ਖ਼ਬਰਾਂ ਸੁਣੀਆਂ ਅਤੇ ਪੜ੍ਹੀਆਂ ਹਨ। ਪਰ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਅੱਜ ਸਵੇਰੇ (23 ਅਪ੍ਰੈਲ, 2025) ਅਖ਼ਬਾਰ ਖੋਲ੍ਹੇਣਗੇ ਅਤੇ ਆਪਣੇ ਬਚਪਨ ਦੇ ਦੋਸਤ ਦੀ ਮੌਤ ਦੀ ਖ਼ਬਰ ਦੇਖਣਗੇ।

ਪ੍ਰਵੀਨ ਰਾਉਲ 40-45 ਸਾਲਾਂ ਤੋਂ ਸੰਜੇ ਲੇਲੇ ਦੇ ਦੋਸਤ ਰਹੇ ਹਨ। ਉਸ ਇਮਾਰਤ ਦੇ ਸਾਹਮਣੇ ਰਾਉਲ ਦਾ ਅਖ਼ਬਾਰ ਦਾ ਸਟਾਲ ਹੈ ਜਿੱਥੇ ਦਾ ਲੇਲੇ ਪਰਿਵਾਰ ਰਹਿੰਦਾ ਹੈ।

ਉਨ੍ਹਾਂ ਕੋਲ ਮੋਬਾਈਲ ਫ਼ੋਨ ਨਹੀਂ ਹੈ। ਘਰ ਵਿੱਚ ਟੀਵੀ ਬੰਦ ਹੈ। ਇਸ ਲਈ ਪ੍ਰਵੀਨ ਨੂੰ 22 ਤਰੀਕ ਦੀ ਰਾਤ ਤੱਕ ਕਸ਼ਮੀਰ ਵਿੱਚ ਹਮਲੇ ਦੀ ਖ਼ਬਰ ਨਹੀਂ ਮਿਲੀ।

ਉਨ੍ਹਾਂ ਨੇ ਸਵੇਰੇ ਅਖ਼ਬਾਰ ਚੁੱਕਿਆ। ਉਸ ਸਮੇਂ, ਉਨ੍ਹਾਂ ਨੂੰ ਹਮਲੇ ਦੀ ਖ਼ਬਰ ਸੁਣ ਲਈ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਦੋਸਤ ਇਸ ਵਿੱਚ ਮਾਰਿਆ ਗਿਆ ਹੈ। ਉਹ ਅਖ਼ਬਾਰ ਨੂੰ ਸਟਾਲ ʼਤੇ ਪੜ੍ਹਨ ਲਈ ਲੈ ਗਏ। ਉਨ੍ਹਾਂ ਨੇ ਇੱਕ ਅਖ਼ਬਾਰ ਦੇ ਪਹਿਲੇ ਪੰਨੇ ‘ਤੇ ਸੰਜੇ ਲੇਲੇ ਦੀ ਫੋਟੋ ਦੇਖੀ ਅਤੇ ਹੈਰਾਨ ਹੀ ਰਹਿ ਗਏ।

ਉਨ੍ਹਾਂ ਨੇ ਕਿਹਾ, “ਮੈਂ ਉਨ੍ਹਾਂ ਨੂੰ 20 ਦਿਨ ਪਹਿਲਾਂ ਚੌਕ ‘ਤੇ ਮਿਲਿਆ ਸੀ। ਅਸੀਂ ਬਚਪਨ ਤੋਂ ਹੀ ਗਾਰਡਨ ਗਰਾਊਂਡ ਵਿੱਚ ਕ੍ਰਿਕਟ ਖੇਡਦੇ ਆਏ ਹਾਂ। ਮੈਂ ਉਸ ਦੇ ਘਰ ਅਖ਼ਬਾਰ ਪਹੁੰਚਾਉਂਦਾ ਹੁੰਦਾ ਸੀ। ਉਸ ਦੇ ਮਾਪੇ ਹਮੇਸ਼ਾ ਉਸ ਨੂੰ ਆਪਣੇ ਘਰ ਬੁਲਾਉਂਦੇ ਸਨ ਅਤੇ ਅਖ਼ਬਾਰਾਂ ਦਿੰਦੇ ਸਨ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ।”

“ਸਰਕਾਰ ਕਹਿ ਰਹੀ ਸੀ ਕਿ ਕਸ਼ਮੀਰ ਵਿੱਚ ਸਭ ਕੁਝ ਠੀਕ ਹੈ। ਇਸੇ ਲਈ ਲੋਕ ਉੱਥੇ ਘੁੰਮਣ ਜਾ ਰਹੇ ਸਨ। ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਇਸ ਦਾ ਹੱਲ ਲੱਭਣਾ ਚਾਹੀਦਾ ਹੈ। ਮਾਸੂਮ ਲੋਕ ਸ਼ਾਮਲ ਸਨ। ਇਸ ਵਿੱਚ ਸੰਜੇ ਦਾ ਕੀ ਕਸੂਰ ਸੀ?”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI