Source :- BBC PUNJABI

ਤਸਵੀਰ ਸਰੋਤ, Kamal Saini/BBC
14 ਮਿੰਟ ਪਹਿਲਾਂ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਕੱਟੜਵਾਦੀ ਹਮਲੇ ਵਿੱਚ ਭਾਰਤੀ ਜਲ ਸੈਨਾ ਦੇ 26 ਸਾਲਾ ਲੈਫ਼ਟੀਨੈਂਟ ਵਿਨੇ ਨਰਵਾਲ ਵੀ ਮਾਰੇ ਗਏ ਹਨ।
ਨਰਵਾਲ ਦਾ ਵਿਆਹ 16 ਅਪ੍ਰੈਲ ਨੂੰ ਹੋਇਆ ਸੀ ਅਤੇ ਰਿਸੈਪਸ਼ਨ ਪਾਰਟੀ ਹਮਲੇ ਤੋਂ ਮਹਿਜ਼ ਚਾਰ ਦਿਨ ਪਹਿਲਾਂ 19 ਅਪ੍ਰੈਲ ਨੂੰ ਹੋਈ ਸੀ। ਉਹ ਆਪਣੀ ਪਤਨੀ ਨਾਲ ਛੁੱਟੀਆਂ ਮਨਾਉਣ ਲਈ ਕਸ਼ਮੀਰ ਗਏ ਸਨ।
ਵਿਨੇ ਦੇ ਦਾਦਾ, ਹਵਾ ਸਿੰਘ ਨਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ, “ਉਹ ਵਿਆਹ ਤੋਂ ਬਾਅਦ ਸਵਿਟਜ਼ਰਲੈਂਡ ਜਾਣਾ ਚਾਹੁੰਦਾ ਸੀ ਪਰ ਵੀਜ਼ਾ ਨਹੀਂ ਮਿਲਿਆ, ਇਸ ਲਈ ਉਹ ਕਸ਼ਮੀਰ ਚਲਾ ਗਿਆ।”
ਨਰਵਾਲ, ਮੂਲ ਰੂਪ ਵਿੱਚ ਹਰਿਆਣਾ ਦੇ ਕਰਨਾਲ ਸ਼ਹਿਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਹਾਲੇ ਦੋ ਸਾਲ ਪਹਿਲਾਂ ਹੀ ਨੇਵੀ ਵਿੱਚ ਨੌਕਰੀ ਸ਼ੁਰੂ ਕੀਤੀ ਸੀ।
ਨਰਵਾਲ ਦੇ ਪਰਿਵਾਰ ਮੁਤਾਬਕ, ਉਹ ਇਨ੍ਹੀਂ ਦਿਨੀਂ ਕੋਚੀ ਵਿੱਚ ਤੈਨਾਤ ਸਨ। ਬੀ.ਟੈੱਕ ਕਰਨ ਤੋਂ ਬਾਅਦ, ਨਰਵਾਲ ਭਾਰਤੀ ਜਲ ਸੈਨਾ ਦਾ ਹਿੱਸਾ ਬਣੇ ਸਨ।
ਉਨ੍ਹਾਂ ਦੀ ਮੌਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਭਾਰਤੀ ਜਲ ਸੈਨਾ ਨੇ ਕਿਹਾ, “ਪਹਿਲਗਾਮ ਵਿੱਚ ਹੋਏ ਇਸ ਕਾਇਰਤਾਪੂਰਨ ਹਮਲੇ ਵਿੱਚ ਲੈਫਟੀਨੈਂਟ ਵਿਨੇ ਨਰਵਾਲ ਦੀ ਮੌਤ ਤੋਂ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਅਤੇ ਸਾਰੇ ਭਾਰਤੀ ਜਲ ਸੈਨਾ ਦੇ ਕਰਮਚਾਰੀ ਸਦਮੇ ਵਿੱਚ ਹਨ।”
ਉਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਦੀ ਇੱਕ ਛੋਟੀ ਭੈਣ ਹੈ, ਜੋ ਯੂਪੀਐੱਸਸੀ ਦੀ ਤਿਆਰੀ ਕਰ ਰਹੀ ਹੈ।
ਇਹ ਹਮਲਾ ਪਹਿਲਗਾਮ ਦੀ ਬੈਸਰਾਨ ਘਾਟੀ ਵਿੱਚ ਹੋਇਆ, ਜਿਸਨੂੰ ਕਸ਼ਮੀਰ ਦਾ ‘ਮਿੰਨੀ ਸਵਿਟਜ਼ਰਲੈਂਡ’ ਵੀ ਕਿਹਾ ਜਾਂਦਾ ਹੈ। ਮੰਗਲਵਾਰ ਨੂੰ ਹੋਏ ਇਸ ਹਮਲੇ ਵਿੱਚ ਦੋ ਵਿਦੇਸ਼ੀ ਨਾਗਰਿਕਾਂ ਸਣੇ 26 ਲੋਕ ਮਾਰੇ ਗਏ ਸਨ।
ਨਰਵਾਲ ਪਰਿਵਾਰ ਸਦਮੇ ਵਿੱਚ

ਤਸਵੀਰ ਸਰੋਤ, Social Media
ਬੀਬੀਸੀ ਸਹਿਯੋਗੀ ਕਮਲ ਸੈਣੀ ਨਰਵਾਲ ਦੇ ਪਰਿਵਾਰ ਨਾਲ ਗੱਲਬਾਤ ਕਰਨ ਉਨ੍ਹਾਂ ਦੀ ਕਰਨਾਲ ਸਥਿਤ ਰਿਹਾਇਸ਼ ਉੱਤੇ ਗਏ ਸਨ।
ਵਿਨੇ ਦਾ ਪਰਿਵਾਰ ਸਦਮੇ ਵਿੱਚ ਹੈ।
ਵਿਨੇ ਦਾ ਪਰਿਵਾਰ ਭੂਸਲੀ ਪਿੰਡ ਦਾ ਰਹਿਣ ਵਾਲਾ ਸੀ ਜੋ ਕਿ ਬਾਅਦ ਵਿੱਚ ਕਰਨਾਲ ਰਹਿਣ ਲੱਗ ਪਿਆ।
ਪਰਿਵਾਰ ਦੇ ਮੁਤਾਬਕ, ਵਿਨੇ ਨਰਵਾਲ 21 ਅਪ੍ਰੈਲ ਨੂੰ ਆਪਣੀ ਪਤਨੀ ਨਾਲ ਹਨੀਮੂਨ ਮਨਾਉਣ ਲਈ ਕਸ਼ਮੀਰ ਗਏ ਸਨ।
ਪਹਿਲਗਾਮ ਹਮਲੇ ਤੋਂ ਬਾਅਦ, ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਔਰਤ ਜ਼ਮੀਨ ‘ਤੇ ਇੱਕ ਲਾਸ਼ ਦੇ ਕੋਲ ਚੁੱਪਚਾਪ ਬੈਠੀ ਹੈ। ਇਹ ਫ਼ੋਟੋ ਵਿਨੇ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਹਿਮਾਂਸ਼ੀ ਦੀ ਹੈ।
ਬੁੱਧਵਾਰ ਸਵੇਰੇ ਮੀਡੀਆ ਨਾਲ ਗੱਲ ਕਰਦੇ ਹੋਏ, ਵਿਨੇ ਨਰਵਾਲ ਦੇ ਦਾਦਾ ਹਵਾ ਸਿੰਘ ਨਰਵਾਲ ਨੇ ਕਿਹਾ, “ਜਿਸ ਵਿਅਕਤੀ ਨੇ ਇਹ ਕੀਤਾ ਹੈ, ਉਸਨੂੰ ਫੜਿਆ ਜਾਣਾ ਚਾਹੀਦਾ ਹੈ ਅਤੇ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।”
ਉਨ੍ਹਾਂ ਨੇ ਕਿਹਾ, “ਜੇ ਉਸ ਨੂੰ ਗੋਲ਼ੀ ਨਾ ਮਾਰੀ ਗਈ ਹੁੰਦੀ, ਤਾਂ ਉਹ ਦੋ ਜਾਂ ਚਾਰ ਅੱਤਵਾਦੀਆਂ ਨੂੰ ਮਾਰ ਸਕਦਾ ਸੀ। ਮੈਂ ਚਾਹੁੰਦਾ ਹਾਂ ਕਿ ਉਸਦੀ ਮੌਤ ਦਾ ਬਦਲਾ ਲਿਆ ਜਾਵੇ। ਇਹ ਅੱਤਵਾਦ ਖ਼ਤਮ ਹੋ ਜਾਵੇ।”
ਬੁੱਧਵਾਰ ਸਵੇਰ ਤੋਂ ਹੀ ਵਿਨੇ ਨਰਵਾਲ ਦੇ ਘਰ ਲੋਕਾਂ ਦਾ ਆਉਣਾ ਜਾਰੀ ਹੈ। ਕਰਨਾਲ ਦੇ ਲੋਕ ਉਸਦੀ ਮੌਤ ਤੋਂ ਬਾਅਦ ਦੁੱਖ ਵਿੱਚ ਹਨ।
ਸਥਾਨਕ ਵਿਧਾਇਕ ਜਗਮੋਹਨ ਆਨੰਦ ਸਣੇ ਕਈ ਸਿਆਸਤਦਾਨ ਵੀ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਆਏ।
ਮੀਡੀਆ ਨਾਲ ਗੱਲ ਕਰਦਿਆਂ ਜਗਮੋਹਨ ਆਨੰਦ ਨੇ ਕਿਹਾ, “ਪੂਰਾ ਦੇਸ ਅੱਤਵਾਦੀਆਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦੇਣ ਦੇ ਤਰੀਕੇ ਨਾਲ ਗੁੱਸੇ ਵਿੱਚ ਹੈ। ਅਜਿਹੇ ਅੱਤਵਾਦੀਆਂ ਨੂੰ ਚੁਣ-ਚੁਣ ਕੇ ਇਸ ਦਾ ਬਦਲਾ ਲਿਆ ਜਾਵੇਗਾ।”
“ਦੇਸ ਦੇ ਪ੍ਰਧਾਨ ਮੰਤਰੀ ਆਪਣੀ ਸਾਊਦੀ ਅਰਬ ਯਾਤਰਾ ਤੋਂ ਅੱਧ ਵਿਚਕਾਰ ਛੱਡੇ ਕੇ ਵਾਪਸ ਆ ਗਏ ਹਨ। ਉਹ ਸ੍ਰੀਨਗਰ ਵੀ ਜਾ ਰਹੇ ਹਨ। ਕੁਝ ਵੱਡਾ ਜ਼ਰੂਰ ਹੋਵੇਗਾ।”
ਉਨ੍ਹਾਂ ਦੇ ਇੱਕ ਹੋਰ ਗੁਆਂਢੀ, ਬੀਰ ਸਿੰਘ ਨੇ ਕਿਹਾ, “ਅਸੀਂ ਆਪਣੇ ਦਿਲ ਦੇ ਦਰਦ ਨੂੰ ਬਿਆਨ ਨਹੀਂ ਕਰ ਸਕਦੇ। ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਨੂੰ ਅਜਿਹਾ ਸਬਕ ਸਿਖਾਇਆ ਜਾਵੇ ਕਿ ਉਹ ਭਵਿੱਖ ਵਿੱਚ ਅੱਤਵਾਦੀ ਭੇਜਣ ਬਾਰੇ ਸੋਚ ਵੀ ਨਾ ਸਕੇ।”
ਹਿਮਾਂਸ਼ੀ ਦਾ ਪਰਿਵਾਰ

ਤਸਵੀਰ ਸਰੋਤ, indiannavy
ਨਰਵਾਲ ਦੀ ਪਤਨੀ ਹਿਮਾਂਸ਼ੀ ਗੁਰੂਗ੍ਰਾਮ ਦੀ ਰਹਿਣ ਵਾਲੀ ਹੈ ਅਤੇ ਪੀਐੱਚਡੀ ਕਰ ਰਹੀ ਹੈ।
ਹਿਮਾਂਸ਼ੀ ਦੇ ਪਿਤਾ ਜੀਐੱਸਟੀ ਵਿੱਚ ਸੁਪਰਡੈਂਟ ਹਨ ਅਤੇ ਦਾਦਾ ਪੁਲਿਸ ਵਿਭਾਗ ਤੋਂ ਸੇਵਾਮੁਕਤ ਹੋਏ ਹਨ।
ਵਿਨੇ ਨਰਵਾਲ ਦੇ ਇੱਕ ਪਰਿਵਾਰਕ ਦੋਸਤ ਨੇ ਸਥਾਨਕ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਨਰਵਾਲ ਨੇ ਵਿਆਹ ਤੋਂ ਪਹਿਲਾਂ ਫ਼ੈਸਲਾ ਕੀਤਾ ਸੀ ਕਿ ਉਹ ਆਪਣੇ ਹਨੀਮੂਨ ਲਈ ਜੰਮੂ-ਕਸ਼ਮੀਰ ਜਾਵੇਗਾ।
ਉਨ੍ਹਾਂ ਦੇ ਦੋਸਤ ਦੇ ਮੁਤਾਬਕ, ਨਰਵਾਲ ਦਾ ਜਨਮ ਦਿਨ 1 ਮਈ ਨੂੰ ਸੀ ਅਤੇ ਉਸਨੇ ਆਪਣੇ ਹਨੀਮੂਨ ਤੋਂ ਵਾਪਸ ਆਉਣ ਤੋਂ ਬਾਅਦ ਜਨਮ ਦਿਨ ਆਪਣੇ ਪਰਿਵਾਰ ਨਾਲ ਘਰ ਵਿੱਚ ਮਨਾਉਣ ਦੀ ਯੋਜਨਾ ਬਣਾਈ ਸੀ।
ਹਮਲੇ ਤੋਂ ਤੁਰੰਤ ਬਾਅਦ ਹੋਈ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਵਿੱਚ, ਵਿਨੇ ਨਰਵਾਲ ਦੀ ਪਤਨੀ ਮੌਕੇ ‘ਤੇ ਆਏ ਲੋਕਾਂ ਨੂੰ ਕਹਿੰਦੀ ਦਿਖਾਈ ਦੇ ਰਹੀ ਹੈ, “ਮੈਂ ਇੱਥੇ ਸੀ, ਭੇਲਪੁਰੀ ਖਾ ਰਹੀ ਸੀ। ਮੇਰਾ ਪਤੀ ਇਸ ਸਾਈਡ ‘ਤੇ ਸੀ। ਇੱਕ ਆਦਮੀ ਆਇਆ ਅਤੇ ਉਸਨੂੰ ਗੋਲੀ ਮਾਰ ਦਿੱਤੀ।”
ਪਹਿਲਗਾਮ ਵਿੱਚ ਹੋਏ ਇਸ ਅੱਤਵਾਦੀ ਹਮਲੇ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਸਾਊਦੀ ਅਰਬ ਦੌਰਾ ਵਿਚਕਾਰ ਛੱਡ ਕੇ ਭਾਰਤ ਵਾਪਸ ਆ ਗਏ ਹਨ।
ਮੋਦੀ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਦੱਸਿਆ ਹੈ ਅਤੇ ਕਿਹਾ ਹੈ ਕਿ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਦੌਰਾਨ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਨੂੰ ਹਾਲ ਹੀ ਦੇ ਸਾਲਾਂ ਵਿੱਚ ਕਸ਼ਮੀਰ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਸਭ ਤੋਂ ਵੱਡਾ ਹਮਲਾ ਦੱਸਿਆ ਹੈ।
ਇਸ ਹਮਲੇ ਵਿੱਚ ਘੱਟੋ-ਘੱਟ 26 ਲੋਕਾਂ ਦੀ ਮੌਤ ਤੋਂ ਇਲਾਵਾ, ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
ਤਿੰਨ ਗੁਜਰਾਤੀ ਸੈਲਾਨੀਆਂ ਦੀ ਵੀ ਗਈ ਜਾਨ

ਤਸਵੀਰ ਸਰੋਤ, ALPESH DABHI
ਪਹਿਲਗਾਮ ਹਮਲੇ ਵਿੱਚ ਕੁੱਲ ਤਿੰਨ ਗੁਜਰਾਤੀ ਵੀ ਮਾਰ ਗਏ ਹਨ।
ਇਨ੍ਹਾਂ ਵਿੱਚੋਂ ਦੋ ਸੈਲਾਨੀ ਭਾਵਨਗਰ ਦੇ ਰਹਿਣ ਵਾਲੇ ਸਨ ਅਤੇ ਇੱਕ ਮੂਲ ਰੂਪ ਵਿੱਚ ਸੂਰਤ ਦਾ ਰਹਿਣ ਵਾਲਾ ਸੀ ਪਰ ਮੁੰਬਈ ਵਿੱਚ ਵਸਿਆ ਹੋਇਆ ਸੀ।
ਭਾਵਨਗਰ ਵਿੱਚ ਬੀਬੀਸੀ ਗੁਜਰਾਤੀ ਦੇ ਅਲਪੇਸ਼ ਡਾਭੀ ਨੇ ਕਿਹਾ, “ਭਾਵਨਗਰ ਦੇ ਕੂਲੈਕਟਰ ਡਾਕਟਰ ਮਨੀਸ਼ ਕੁਮਾਰ ਬਾਂਸਲ ਨੇ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।”
“ਭਾਵਨਗਰ ਤੋਂ ਜੰਮੂ-ਕਸ਼ਮੀਰ ਦੇ ਪਹਿਲਗਾਮ ਤੱਕ ਘੁੰਮਣ ਲਈ ਗਏ ਇੱਕ ਗਰੁੱਪ ਵਿੱਚ ਦੋ ਲੋਕਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਹੁਣ ਖ਼ਬਰ ਦੀ ਪੁਸ਼ਟੀ ਹੋ ਗਈ ਹੈ ਕਿ ਇਹ ਦੋਵੇਂ ਪਿਤਾ-ਪੁੱਤ ਇਸ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਹਨ।”
ਦੋਵੇਂ ਭਾਵਨਗਰ ਦੇ ਰਹਿਣ ਵਾਲੇ ਹਨ ਅਤੇ ਪਿਓ-ਪੁੱਤਰ ਹਨ।
ਉਨ੍ਹਾਂ ਦੇ ਨਾਮ ਯਤੀਸ਼ਭਾਈ ਸੁਧੀਰਭਾਈ ਪਰਮਾਰ ਅਤੇ ਸਮਿਤ ਯਤੀਸ਼ਭਾਈ ਪਰਮਾਰ ਹਨ।
ਇਸ ਹਮਲੇ ਵਿੱਚ ਇਸੇ ਗਰੁੱਪ ਵਿੱਚੋਂ ਵਿਨੂਭਾਈ ਡਾਭੀ ਵਾਸੀ ਭਾਰਤਨਗਰ, ਭਗਵਾਨਨਗਰ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਇਸ ਵੇਲੇ ਇਲਾਜ ਚੱਲ ਰਿਹਾ ਹੈ ਅਤੇ ਉਹ ਸੁਰੱਖਿਅਤ ਹਨ।
ਮ੍ਰਿਤਕ ਯਤੀਸ਼ ਪਰਮਾਰ ਦੇ ਜੀਜਾ ਨਿਖਿਲ ਨਥਾਨੀ, ਹਮਲੇ ਦੇ ਤਰੀਕੇ ਬਾਰੇ ਦੱਸਦੇ ਹੋਏ ਕਹਿੰਦੇ ਹਨ, “20 ਲੋਕ ਮੋਰਾਰੀ ਬਾਪੂ ਦੀ ਕਥਾ ਸੁਣਨ ਗਏ ਸਨ। ਮੇਰੇ ਮਾਤਾ-ਪਿਤਾ, ਯਤੀਸ਼ਭਾਈ ਅਤੇ ਸਮਿਤ ਵੀ ਸ਼੍ਰੀਨਗਰ ਗਏ ਸਨ।”
“ਯਤੀਸ਼ਭਾਈ ਮੇਰਾ ਜੀਜਾ ਹੈ ਅਤੇ ਸਮਿਤ ਮੇਰਾ ਭਤੀਜਾ ਹੈ। ਪਹਿਲਗਾਮ ਵਿੱਚ ਹੋਏ ਹਮਲੇ ਵਿੱਚ ਦੋਵਾਂ ਨੂੰ ਗੋਲੀ ਲੱਗੀ ਸੀ। ਮੇਰਾ ਭਤੀਜਾ ਵੀ ਉਸਦੇ ਨਾਲ ਸੀ ਅਤੇ ਉਸਨੇ ਇਹ ਸਭ ਆਪਣੀਆਂ ਅੱਖਾਂ ਨਾਲ ਦੇਖਿਆ।”
“ਮੇਰੇ ਭਤੀਜੇ ਨੇ ਰਾਤ ਨੂੰ ਮੈਨੂੰ ਫ਼ੋਨ ਕੀਤਾ ਅਤੇ ਉਸਨੇ ਮੈਨੂੰ ਦੱਸਿਆ ਕਿ ਸਮਿਤਭਾਈ ਦੀ ਛਾਤੀ ਵਿੱਚ ਗੋਲੀ ਲੱਗੀ ਹੈ, ਉਸਦਾ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ। ਅੱਤਵਾਦੀਆਂ ਨੇ ਹਮਲਾ ਕੀਤਾ। ਉਨ੍ਹਾਂ ਨੇ ਕਈ ਲੋਕਾਂ ‘ਤੇ ਗੋਲੀਬਾਰੀ ਕੀਤੀ।”
ਉਹ, ਆਪਣੀ ਪਤਨੀ, ਪੁੱਤਰ ਅਤੇ ਹੋਰ ਰਿਸ਼ਤੇਦਾਰਾਂ ਨਾਲ, 16 ਅਪ੍ਰੈਲ ਨੂੰ ਸੁਰੇਂਦਰਨਗਰ ਤੋਂ ਜੰਮੂ ਤਵੀ ਐਕਸਪ੍ਰੈਸ ‘ਤੇ ਸ਼੍ਰੀਨਗਰ ਵਿੱਚ ਹੋ ਰਹੀ ਮੋਰਾਰੀ ਬਾਪੂ ਕਥਾ ਵਿੱਚ ਸ਼ਾਮਲ ਹੋਣ ਲਈ ਗਏ ਸਨ।
ਉਨ੍ਹਾਂ ਦੀ ਅਚਾਨਕ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।
ਹੁਣ ਉਨ੍ਹਾਂ ਦੀਆਂ ਲਾਸ਼ਾਂ ਨੂੰ ਭਾਵਨਗਰ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਨਿਊਜ਼ ਏਜੰਸੀ ਏਐਨਆਈ ਨੇ ਸੂਰਤ ਤੋਂ ਡਿਪਟੀ ਤਹਿਸੀਲਦਾਰ ਸਾਜਿਦ ਮੇਰੂਜੇ ਦੇ ਹਵਾਲੇ ਨਾਲ ਰਿਪੋਰਟ ਕੀਤਾ ਹੈ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਵਿੱਚ ਸੂਰਤ ਦੇ ਇੱਕ ਸੈਲਾਨੀ ਦੀ ਮੌਤ ਹੋ ਗਈ ਹੈ। ਇਸ ਯਾਤਰੀ ਦਾ ਨਾਮ ਸ਼ੈਲੇਸ਼ਭਾਈ ਹਿੰਮਤਭਾਈ ਕਲਾਥੀਆ ਸੀ। ਉਹ 44 ਸਾਲਾਂ ਦੇ ਸਨ।
ਸੂਰਤ ਦੇ ਡਿਪਟੀ ਤਹਿਸੀਲਦਾਰ ਸਾਜਿਦ ਮੇਰੂਜੇ ਨੇ ਮੀਡੀਆ ਨੂੰ ਦੱਸਿਆ, “ਜੰਮੂ-ਕਸ਼ਮੀਰ ਵਿੱਚ ਹੋਏ ਇਸ ਅੱਤਵਾਦੀ ਹਮਲੇ ਵਿੱਚ ਸ਼ੈਲੇਸ਼ਭਾਈ ਕਲਾਥੀਆ ਦੀ ਦੁਖਦਾਈ ਮੌਤ ਹੋ ਗਈ ਹੈ।”
“ਉਨ੍ਹਾਂ ਦੇ ਚਚੇਰੇ ਭਰਾ ਮਯੂਰਭਾਈ ਨੇ ਸਾਡੇ ਨਾਲ ਸੰਪਰਕ ਕੀਤਾ। ਉਹ ਮੋਟਾ ਵਰਾਛਾ ਵਿੱਚ ਰਹਿੰਦੇ ਹਨ। ਸਾਨੂੰ ਉਨ੍ਹਾਂ ਤੋਂ ਜਾਣਕਾਰੀ ਮਿਲੀ।”
“ਉਨ੍ਹਾਂ ਬਾਰੇ ਜਾਣਕਾਰੀ ਲੈਣ ਲਈ, ਅਸੀਂ ਗਾਂਧੀਨਗਰ ਵਿੱਚ ਸਟੇਟ ਐਮਰਜੈਂਸੀ ਆਪ੍ਰੇਸ਼ਨ ਅਤੇ ਜੰਮੂ-ਕਸ਼ਮੀਰ ਵਿੱਚ ਅਨੰਤਨਾਗ ਜ਼ਿਲ੍ਹਾ ਪੁਲਿਸ ਕੰਟਰੋਲ ਰੂਮ ਨਾਲ ਸੰਪਰਕ ਕੀਤਾ। ਸਾਨੂੰ ਉੱਥੋਂ ਇਸ ਖ਼ਬਰ ਦੀ ਪੁਸ਼ਟੀ ਹੋਈ ਹੈ।”
“ਉਨ੍ਹਾਂ ਦੀ ਪਤਨੀ ਸ਼ੀਤਲਬੇਨ, ਧੀ ਨੀਤੀ ਅਤੇ ਪੁੱਤਰ ਨਕਸ਼ ਵੀ ਉਨ੍ਹਾਂ ਦੇ ਨਾਲ ਸਨ। ਪਰ ਉਹ ਹੁਣ ਸੁਰੱਖਿਅਤ ਹਨ। ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਉਹ ਇਸ ਸਮੇਂ ਜ਼ਿਲ੍ਹਾ ਹੈੱਡਕੁਆਰਟਰ ‘ਚ ਹਨ।”
ਮਰਨ ਵਾਲਿਆਂ ਵਿੱਚ 6 ਮਹਾਰਾਸ਼ਟਰ ਦੇ

ਪਹਿਲਗਾਮ ਵਿਚਲੇ ਹਮਲੇ ਸਮੇਂ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਤੋਂ ਬਹੁਤ ਸਾਰੇ ਸੈਲਾਨੀ ਉੱਥੇ ਘੁੰਮਣ ਗਏ ਹੋਏ ਸਨ। ਇਨ੍ਹਾਂ ਵਿੱਚੋਂ 6 ਦੀ ਮੌਤ ਹੋ ਗਈ ਹੈ। ਕੁਝ ਜ਼ਖਮੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਠਾਣੇ ਜ਼ਿਲ੍ਹੇ ਦੇ ਡੋਂਬੀਵਲੀ ਦੇ ਰਹਿਣ ਵਾਲੇ ਤਿੰਨ ਜਾਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੇ ਨਾਮ ਸੰਜੇ ਲੇਲੇ, ਅਤੁਲ ਮੋਨੇ ਅਤੇ ਹੇਮੰਤ ਜੋਸ਼ੀ ਹਨ। ਮ੍ਰਿਤਕਾਂ ਦੀ ਸੂਚੀ ਵਿੱਚ ਇੱਕ ਵਿਅਕਤੀ ਪਨਵੇਲ ਦਾ ਰਹਿਣ ਵਾਲਾ ਸ਼ਾਮਲ ਹੈ ਅਤੇ ਦੋ ਲੋਕ ਪੁਣੇ ਦੇ ਸਨ।।
ਹਮਲੇ ਵਿੱਚ ਪਨਵੇਲ ਦੇ 60 ਸਾਲਾ ਦਿਲੀਪ ਦੇਸਲੇ ਦੀ ਮੌਤ ਹੋ ਗਈ। ਉਨ੍ਹਾਂ ਦੇ ਨਾਲ 42 ਸਾਲਾ ਸੁਬੋਧ ਪਾਟਿਲ ਸਨ, ਜੋ ਜ਼ਖਮੀ ਹੋ ਗਿਆ ਸੀ ਅਤੇ ਇਸ ਸਮੇਂ ਸ਼੍ਰੀਨਗਰ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਪ੍ਰਸ਼ਾਸਨ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਣੇ ਦੇ ਸੰਤੋਸ਼ ਜਗਦਾਲੇ ਅਤੇ ਕੌਸਤੁਭ ਗਨਬੋਟੇ ਦੀ ਮੌਤ ਹੋ ਗਈ ਹੈ। ਜਗਦਾਲੇ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ।
ਹਮਲੇ ਸਮੇਂ ਨਾਗਪੁਰ ਦਾ ਇੱਕ ਪਰਿਵਾਰ ਵੀ ਉੱਥੇ ਸੀ।
ਗੋਲੀਬਾਰੀ ਦੀ ਆਵਾਜ਼ ਸੁਣ ਕੇ, ਉਨ੍ਹਾਂ ਨੇ ਪਹਾੜੀ ਤੋਂ ਛਾਲ ਮਾਰ ਦਿੱਤੀ ਅਤੇ ਸਿਮਰਨ ਰੂਪਚੰਦਾਨੀ ਡਿੱਗਣ ਤੋਂ ਬਾਅਦ ਜ਼ਖਮੀ ਹੋ ਗਈ।
ਉਸਦੀ ਲੱਤ ਟੁੱਟ ਗਈ ਹੈ। ਤਿਲਕ ਅਤੇ ਗਰਵ ਰੂਪਚੰਦਾਨੀ ਵੀ ਉਨ੍ਹਾਂ ਦੇ ਨਾਲ ਹਨ। ਤਿੰਨੋਂ ਸੁਰੱਖਿਅਤ ਹਨ।
ਪ੍ਰਸ਼ਾਸਨ ਵਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਕੰਟਰੋਲ ਰੂਮ ਐਮਰਜੈਂਸੀ ਨੰਬਰ
ਜੰਮੂ-ਕਸ਼ਮੀਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਐਮਰਜੈਂਸੀ ਕੰਟਰੋਲ ਰੂਮ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ।
ਸ਼੍ਰੀਨਗਰ ਵਿੱਚ ਐਮਰਜੈਂਸੀ ਕੰਟਰੋਲ ਰੂਮ:
0194-2457543
0194-2483651
7006058623 (ਆਦਿਲ ਫਰੀਦ, ਏ.ਡੀ.ਸੀ. ਸ਼੍ਰੀਨਗਰ)
ਅਨੰਤਨਾਗ ਐਮਰਜੈਂਸੀ ਕੰਟਰੋਲ ਰੂਮ:
ਸੈਲਾਨੀਆਂ ਦੀ ਜਾਣਕਾਰੀ ਲਈ ਅਨੰਤਨਾਗ ਵਿੱਚ ਇੱਕ ਵਿਸ਼ੇਸ਼ ਡੈਸਕ ਸਥਾਪਤ ਕੀਤਾ ਗਿਆ ਹੈ। ਤੁਸੀਂ ਹੇਠਾਂ ਦਿੱਤੇ ਸੰਪਰਕ ਨੰਬਰ ‘ਤੇ ਸੰਪਰਕ ਕਰ ਸਕਦੇ ਹੋ।
01932222337
7780885759
9697982527
6006365245
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI