Source :- BBC PUNJABI

‘ਡਰ ਤਾਂ ਹੁੰਦਾ ਹੀ ਹੈ। ਬਾਰਡਰ ‘ਤੇ ਰਹਿ ਰਹੇ ਹਾਂ, ਕੁਝ ਵੀ ਹੋ ਸਕਦਾ ਹੈ। ਬਾਰਡਰ ‘ਤੇ ਰਹਿਣ ਵਾਲਿਆਂ ਨੂੰ ਤਾਂ ਹਮੇਸ਼ਾ ਹੀ ਦਿੱਕਤਾਂ ਆਉਂਦੀਆਂ ਹਨ।”
”ਸਾਡੀ ਮੁਸ਼ਕਿਲ ਦਾ ਹੱਲ ਤਾਂ ਅੱਜ ਤੱਕ ਕਿਸੇ ਸਰਕਾਰ ਨੇ ਸੋਚਿਆ ਹੀ ਨਹੀਂ, ਅਸੀਂ ਤਾਂ ਇਹ ਸੰਤਾਪ ਹੀ ਹੰਢਾ ਰਹੇ ਹਾਂ।”
ਇਹ ਸ਼ਬਦ ਹਨ ਭਾਰਤ-ਪਾਕਿਸਤਾਨ ਦੀ ਸਰੱਹਦ ਨੇੜੇ ਵਸੇ ਪਿੰਡ ਰੋਸੇ ਦੇ ਨੰਬਰਦਾਰ ਲਖਵਿੰਦਰ ਸਿੰਘ ਦੇ, ਜੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਦਾ ਹੀ ਬਾਰਡਰ ‘ਤੇ ਦਿੱਕਤਾਂ ਰਹਿੰਦੀਆਂ ਹਨ।
ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ। ਦੇਸ਼-ਦੁਨੀਆਂ ਦੇ ਲੋਕ ਅਤੇ ਵੱਡੇ ਆਗੂ ਇਸ ਹਮਲੇ ਦੀ ਕੜੀ ਨਿੰਦਾ ਕਰ ਰਹੇ ਹਨ, ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟਾ ਰਹੇ ਹਨ ਅਤੇ ਅੱਤਵਾਦ ਨੂੰ ਜੜੋਂ ਮੁਕਾਉਣ ਦੇ ਨਾਅਰੇ ਗੂੰਜ ਰਹੇ ਹਨ।
ਕੁਝ ਲੋਕ ਇਸ ਗੱਲ ਦੀ ਵੀ ਚਿੰਤਾ ਕਰ ਰਹੇ ਹਨ ਕਿ ਜਿਨ੍ਹਾਂ ਕਸ਼ਮੀਰੀ ਲੋਕਾਂ ਦੀ ਰੋਜ਼ੀ ਸੈਲਾਨੀਆਂ ਦੇ ਆਸਰੇ ਚੱਲਦੀ ਹੈ, ਹੁਣ ਉਨ੍ਹਾਂ ‘ਤੇ ਅਸਰ ਪਵੇਗਾ।
ਪਰ ਇਸ ਸਭ ਦੇ ਵਿਚਕਾਰ, ਉਹ ਲੋਕ ਵੀ ਹਨ ਜੋ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਰਹਿੰਦੇ ਹਨ ਅਤੇ ਇਸ ਵੇਲੇ ਉਨ੍ਹਾਂ ਦੇ ਦਿਲਾਂ ਵਿੱਚ ਬਹੁਤ ਸਾਰੇ ਸਵਾਲ ਹਨ।

ਤਸਵੀਰ ਸਰੋਤ, Getty Images
ਵਾਇਰਲ ਵੀਡੀਓ ਅਤੇ ਪ੍ਰਸ਼ਾਸਨ ਦਾ ਇਨਕਾਰ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿੱਚ ਪੈਦਾ ਹੋਏ ਤਣਾਅ ਦਾ ਅਸਰ ਸਰਹੱਦੀ ਖੇਤਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਕੁਝ ਦਿਨ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਇਲਾਕੇ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਬੀਐੱਸਐੱਫ ਦੇ ਕਹਿਣ ਮਗਰੋਂ ਕਿਸਾਨ ਬਾਰਡਰ ਪਾਰ ਆਪਣੀ ਫਸਲ ਨੂੰ ਵੱਢਣ ਦੀ ਕਾਹਲੀ ਕਰ ਰਹੇ ਹਨ।
ਬਾਅਦ ਵਿੱਚ ਡੀਸੀ ਅੰਮ੍ਰਿਤਸਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਵੀਡੀਓ ਦੇ ਤੱਥ ਸਹੀ ਨਹੀਂ ਹੈ। ਅਜਿਹੀ ਕੋਈ ਵੀ ਜਾਣਕਾਰੀ ਪੁਲਿਸ ਅਤੇ ਬੀਐੱਸਐੱਫ ਦੀ ਪੁਸ਼ਟੀ ਤੋਂ ਬਗੈਰ ਕਿਸੇ ਵੀ ਅਜਿਹੀ ਜਾਣਕਾਰੀ ਨੂੰ ਸਾਂਝਾ ਨਾ ਕੀਤਾ ਜਾਵੇ ਅਤੇ ਨਾ ਭਰੋਸਾ ਕੀਤਾ ਜਾਵੇ।

ਹਾਲਾਂਕਿ, ਹੁਣ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਬੀਐੱਸਐੱਫ ਨੇ ਇੱਕ ਮੀਟਿੰਗ ਵਿੱਚ ਉਨ੍ਹਾਂ ਨੂੰ ਸਰਹੱਦ ਪਾਰ ਆਪਣੀਆਂ ਫਸਲਾਂ ਦੋ-ਤਿੰਨ ਦਿਨਾਂ ਵਿੱਚ ਹੀ ਵੱਢਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਬੀਬੀਸੀ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ।
ਕਿਸਾਨਾਂ ਨੇ ਕੀ ਦਾਅਵਾ ਕੀਤਾ

ਤਸਵੀਰ ਸਰੋਤ, Getty Images
ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ‘ਚ ਵਸੇ ਰੋਸੇ ਪਿੰਡ ਦੇ ਕਿਸਾਨਾਂ ਮੁਤਾਬਕ, ”ਦੋ ਦਿਨ ਪਹਿਲਾਂ ਬੀਐੱਸਐੱਫ ਦੇ ਅਧਿਕਾਰੀਆਂ ਨੇ ਇੱਕ ਮੀਟਿੰਗ ਬੁਲਾ ਕੇ ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਦੋ ਦਿਨ ਦੇ ਅੰਦਰ ਸਰਹੱਦ ਦੀ ਤਾਰ ਦੇ ਨਾਲ ਲੱਗਦੀ ਅਤੇ ਉਸ ਤੋ ਪਾਰ ਖੜ੍ਹੀ ਆਪਣੀ ਕਣਕ ਦੀ ਫ਼ਸਲ ਦੀ ਕਟਾਈ ਕਰ ਲੈਣ।”
ਪਿੰਡ ਦੇ ਸਾਬਕਾ ਸਰਪੰਚ ਪ੍ਰਭਸ਼ਰਣ ਸਿੰਘ ਨੇ ਬੀਐੱਸਐੱਫ ਅਧਿਕਾਰੀਆਂ ਨਾਲ ਹੋਈ ਮੀਟਿੰਗ ਬਾਰੇ ਗੱਲ ਕਰਦਿਆਂ ਦੱਸਿਆ, ”ਸਾਨੂੰ ਕਿਹਾ ਗਿਆ ਹੈ ਕਿ ਤੁਹਾਨੂੰ 2-3 ਦਿਨਾਂ ਦਾ ਸਮਾਂ ਦੇ ਰਹੇ ਹਾਂ, ਤੁਸੀਂ ਗੇਟੋਂ ਪਾਰ ਖੜੀਆਂ ਆਪਣੀਆਂ ਕਣਕਾਂ ਵੱਢ ਲਓ।”

ਪਿੰਡ ਦੇ ਕਿਸਾਨ ਹਰਕੀਰਤ ਸਿੰਘ ਕਹਿੰਦੇ ਹਨ ਕਿ ”ਗੇਟ ‘ਤੇ ਜਾ ਕੇ ਦੇਖੋ, ਹਜ਼ਾਰਾਂ ਬੰਦੇ ਖੜ੍ਹੇ ਨੇ ਕਿ ਮੇਰੀ ਫਸਲ ਕੱਟੋ, ਮੇਰੀ ਫਸਲ ਕੱਟੋ, ਪਰ ਇੱਕ ਲਿਮਿਟ ‘ਚ ਬੰਦੇ ਜਾਣੇ ਹਨ ਤੇ ਲਿਮਿਟ ‘ਚ ਹੀ ਸਾਧਨ ਜਾਣੇ ਹਨ।”
ਕਿਸਾਨਾਂ ਦਾ ਕਹਿਣਾ ਹੈ ਕਿ ਵੱਡੇ ਕਿਸਾਨ ਤਾਂ ਫਿਰ ਵੀ ਆਪਣੇ ਦਾਣੇ ਸੰਭਾਲ ਸਕਦੇ ਹਨ ਪਰ ਛੋਟੇ ਕਿਸਾਨਾਂ ਲਈ ਦਿੱਕਤਾਂ ਹੋਰ ਵੀ ਜ਼ਿਆਦਾ ਹਨ ਕਿਉਂਕਿ ਉਨ੍ਹਾਂ ਕੋਲ ਆਪਣੀਆਂ ਮਸ਼ੀਨਾਂ ਨਹੀਂ ਹੁੰਦੀਆਂ ਅਤੇ ਉਨ੍ਹਾਂ ਨੂੰ ਫਸਲਾਂ ਦੀ ਵਾਢੀ ਲਈ ਵੱਡੇ ਕਿਸਾਨਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ।
ਪੁਲਿਸ ਅਧਿਕਾਰੀਆਂ ਨੇ ਕੀ ਦੱਸਿਆ

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਬੀਐੱਸਐੱਫ ਨੇ ਸਰਹੱਦੀ ਪਿੰਡਾਂ ਵਿੱਚ ਕਣਕ ਦੀ ਕਟਾਈ ਸਬੰਧੀ ਕੋਈ ਅਨਾਊਂਸਮੈਂਟ ਨਹੀਂ ਕਰਵਾਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ‘ਮੇਰੀ ਆਈਜੀ ਬੀਐੱਸਐੱਫ ਨਾਲ ਗੱਲ ਹੋਈ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਬੀਐੱਸਐੱਫ ਨੇ ਪਿੰਡਾਂ ਵਿੱਚ ਅਜਿਹੀ ਕੋਈ ਅਨਾਊਂਸਮੈਂਟ ਨਹੀਂ ਕਰਵਾਈ ਕਿ ਕਿਸਾਨ ਕੰਡਿਆਲੀ ਤਾਰ ਤੋਂ ਪਾਰ ਵਾਲੀ ਫਸਲ ਦੋ ਦਿਨਾਂ ਵਿੱਚ ਵੱਢ ਲੈਣ।’
ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਅਜਿਹੀ ਕਿਸੇ ਵੀ ਗੁੰਮਰਾਹਕੁੰਨ ਖਬਰ ਦੀ ਪੁਸ਼ਟੀ ਬੀਐੱਸਐੱਫ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਕਰਨ।
‘ਪਹਿਲਾਂ ਵੀ ਸਾਨੂੰ ਇੱਥੋਂ ਪਲਾਇਨ ਕਰਕੇ ਜਾਣਾ ਪਿਆ’

ਰੋਸੇ ਪਿੰਡ ਦੇ ਨੰਬਰਦਾਰ ਲਖਵਿੰਦਰ ਸਿੰਘ ਕਹਿੰਦੇ ਹਨ, ”ਬੀਐੱਸਐੱਫ ਨੇ ਹਿਦਾਇਤਾਂ ਦਿੱਤੀਆਂ ਹਨ ਕਿ ਜਲਦੀ ਤੋਂ ਜਲਦੀ ਆਪਣੀ ਕਣਕ ਸਾਂਭ ਲਓ।”
”ਉਹ ਕਹਿੰਦੇ ਹਨ ਨਾ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’। ਬਾਰਡਰ ‘ਤੇ ਰਹਿੰਦਿਆਂ ਨੂੰ ਤਾਂ ਹਮੇਸ਼ਾ ਹੀ ਦਿੱਕਤਾਂ ਆਉਂਦੀਆਂ ਹਨ।”
ਉਨ੍ਹਾਂ ਕਿਹਾ, ”ਮੇਰੀ 67-68 ਸਾਲ ਉਮਰ ਹੋ ਗਈ ਹੈ ਅਤੇ ਜੋ ਸਾਡੇ ਨਾਲ ਵਧੀਕੀਆਂ ਹੋਈਆਂ ਹਨ, ਕਿੰਨਾ ਚਿਰ ਸਾਡੀ ਜ਼ਮੀਨ ਇੱਥੇ ਬੇਆਬਾਦ ਪਈ ਰਹੀ। ਮੁਸ਼ਕਿਲ ਤਾਂ ਇੱਥੇ ਬਹੁਤ ਆ ਰਹੀ ਹੈ।”
”ਇੱਕੋ ਦਮ ਹਿਦਾਇਤਾਂ ਦੇ ਦਿੱਤੀਆਂ, ਮੁਸ਼ਕਿਲ ਤਾਂ ਆਉਂਦੀ ਹੀ ਹੈ। ਉਹ ਤਾਂ ਚਲੋ ਸਾਡੇ ਕੋਲ ਵੀ ਕੁਝ ਮਸ਼ੀਨਾਂ ਹਨ ਤੇ ਕੁਝ ਮਿੱਤਰ ਬਾਹਰੋਂ ਆਉਂਦੇ ਨੇ, ਉਨ੍ਹਾਂ ਦੀ ਮਦਦ ਨਾਲ ਹੋ ਗਿਆ ਸਾਰਾ ਕੰਮ।”
”ਸਾਡੀ ਮੁਸ਼ਕਿਲ ਦਾ ਹੱਲ ਤਾਂ ਅੱਜ ਤੱਕ ਕਿਸੇ ਸਰਕਾਰ ਨੇ ਸੋਚਿਆ ਹੀ ਨਹੀਂ, ਅਸੀਂ ਤਾਂ ਇਹ ਸੰਤਾਪ ਹੀ ਹੰਢਾ ਰਹੇ ਹਾਂ।”
ਉਹ ਕਹਿੰਦੇ ਹਨ ਕਿ ”ਪਹਿਲਾਂ ਵੀ ਸਾਨੂੰ ਇੱਥੋਂ ਪਲਾਇਨ ਕਰਕੇ ਜਾਣਾ ਪਿਆ, 1965 ਵੇਲੇ ਵੀ ਤੇ 1971 ਵੇਲੇ ਵੀ। ਜੋ ਸਾਨੂੰ ਮਾਨਸਿਕ ਤੇ ਜਾਨ-ਮਾਲ ਦੀ ਪਰੇਸ਼ਾਨੀ ਹੁੰਦੀ ਹੈ.. ਆਪਣੇ ਬੱਚੇ ਲੈ ਕੇ ਇੱਥੋਂ ਸੁਰੱਖਿਅਤ ਥਾਂ ਜਾਣਾ।”
”ਮੇਰੇ ਬੱਚੇ ਤਾਂ ਮੇਰੀ ਫ਼ਸਲ ਨਾਲ ਪਲਣੇ ਨੇ, ਸਰਕਾਰ ਦੇ ਕਹਿਣ ‘ਤੇ ਨਹੀਂ’

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ‘ਚ ਪੈਂਦਾ ਪਿੰਡ ਰੋਸਾ, ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਲਾਗੇ ਵਸਿਆ ਹੋਇਆ ਹੈ।
ਇਥੋਂ ਦੇ ਵਸਨੀਕ ਹਰਕੀਰਤ ਸਿੰਘ ਕਹਿੰਦੇ ਹਨ, ”ਜਿਨ੍ਹਾਂ ਕਿਸਾਨਾਂ ਕੋਲ ਸਾਧਨ ਨਹੀਂ ਹਨ ਉਹ ਦੋ ਦਿਨਾਂ ‘ਚ ਕਿਵੇਂ ਸਾਰਾ ਕੰਮ ਕਰਨਗੇ।”
ਉਹ ਕਹਿੰਦੇ ਹਨ ਕਿ ”ਸਾਡੇ ਲਈ ਤਾਂ ਥੋੜ੍ਹੇ ਸਾਲਾਂ ਬਾਅਦ ਇਹ ਮਾਹੌਲ ਬਣ ਹੀ ਜਾਂਦਾ ਹੈ। ਜੋ ਇੱਥੇ ਰਹਿੰਦਾ ਹੈ, ਉਸ ਨੂੰ ਹੀ ਪਤਾ ਹੈ ਦਿੱਕਤ ਦਾ।”
ਇਹ ਪੁੱਛਣ ‘ਤੇ ਕਿ ਕੀ ਉਨ੍ਹਾਂ ਦੇ ਮਨ ‘ਚ ਕੋਈ ਡਰ ਹੈ, ਉਨ੍ਹਾਂ ਕਿਹਾ, ”ਜਿਹੜਾ ਪਿੱਛੇ ਬੈਠਾ ਹੈ ਉਹ ਭਾਵੇਂ ਕਹਿ ਦੇਵੇ ਕਿ ਕਤਲ ਕਰਾ ਦਿਓ, ਪਰ ਜਿਸ ਦੇ ਮਰ ਗਏ ਨੇ ਉਸ ਨੂੰ ਪੁੱਛੋ।”
”ਜਿਸ ਦਾ ਅੱਗੇ ਨੁਕਸਾਨ ਹੋ ਗਿਆ, ਉਸ ਨੂੰ ਸਭ ਪਤਾ ਚੱਲਣਾ ਹੈ। ਮੇਰੀ ਫਸਲ ਖਰਾਬ ਹੋ ਗਈ ਤਾਂ ਮੇਰਾ ਸਭ ਕੁਝ ਇੱਥੇ ਹੀ ਖਤਮ ਹੋ ਗਿਆ। ਮੇਰੇ ਬੱਚੇ ਤਾਂ ਮੇਰੀ ਫ਼ਸਲ ਨਾਲ ਪਲਣੇ ਹਨ। ਸਰਕਾਰ ਦੇ ਕਹਿਣ ਨਾਲ ਤਾਂ ਪਲਣੇ ਨਹੀਂ।”
”ਇਹ ਵੀ ਨਹੀਂ ਪਤਾ ਕਿ ਅਗਲੀ ਫਸਲ ਲਈ ਵੀ ਕੰਮ ਕਰਨ ਦੇਣਾ ਕਿ ਨਹੀਂ।”
‘ਲਗਭਗ 2000 ਏਕੜ ਜ਼ਮੀਨ ਸਰੱਹਦ ਪਾਰ ਹੈ’

ਇਸੇ ਪਿੰਡ ਦੇ ਸਾਬਕਾ ਸਰਪੰਚ ਪ੍ਰਭਸ਼ਰਣ ਸਿੰਘ ਕਹਿੰਦੇ ਹਨ, ”ਸਰਹੱਦ ਪਾਰ ਸਾਡੇ ਪਿੰਡ ਦੀ 100 ਕਿੱਲੇ ਜ਼ਮੀਨ ਹੈ ਅਤੇ ਸਾਡੇ ਨਾਲ ਲੱਗਦੇ ਇੱਕ-ਦੋ ਪਿੰਡਾਂ ਦੀ ਜ਼ਮੀਨ ਤਾਂ ਸਾਡੇ ਤੋਂ ਵੀ ਵੱਧ ਹੈ।”
ਉਨ੍ਹਾਂ ਦੱਸਿਆ ਕਿ ਸਾਰੇ ਪਿੰਡਾਂ ਦੀ ਮਿਲਾ ਕੇ ”ਲਗਭਗ 2000 ਏਕੜ ਜ਼ਮੀਨ ਹੈ ਜੋ ਸਰੱਹਦ ਪਾਰ ਹੈ।”
”ਉਂਝ ਤਾਂ 1-2 ਮਸ਼ੀਨਾਂ ਹੀ ਜਾਣ ਦਿੰਦੇ ਹੁੰਦੇ ਸਨ, ਪਰ ਹੁਣ ਕਹਿ ਰਹੇ ਹਨ ਕਿ 5-10 ਮਸ਼ੀਨਾਂ ਲੈ ਆਓ, ਆਪਣੀ ਦੋ ਤਿੰਨ ਦਿਨਾਂ ‘ਚ ਕਣਕ ਸਾਂਭ ਲਓ।”
ਉਹ ਕਹਿੰਦੇ ਹਨ, ”ਕਦੇ ਕਿਤੇ, ਕਦੇ ਕਿਤੇ ਫੋਨ ਕਰ ਕਰਕੇ ਮਸ਼ੀਨਾਂ ਮੰਗਵਾਈਆਂ ਨੇ ਤੇ ਆਪਣੇ ਦਾਣੇ ਸੰਭਾਲੇ ਨੇ। ਹੁਣ ਸਾਨੂੰ ਇਹ ਖਦਸ਼ਾ ਹੈ ਕਿ ਜੇ ਇਨ੍ਹਾਂ ਨੇ ਗੇਟ ਬੰਦ ਕਰ ਦਿੱਤੇ ਤਾਂ ਸਾਡੀ ਤੂੜੀ ਬਣਨੋਂ ਰਹਿ ਜਾਵੇਗੀ, ਸਾਡੇ ਝੋਨੇ ਲੱਗਣੇ ਰਹਿ ਜਾਣਗੇ।”
ਉਹ ਰੋਸ ਜ਼ਾਹਿਰ ਕਰਦੇ ਹੋਏ ਕਹਿੰਦੇ ਹਨ, ”ਪਹਿਲਾਂ ਤਾਂ ਕਣਕਾਂ ਜਾਂ ਝੋਨੇ ਦੀ ਵਾਢੀ ਵੇਲੇ ਇਹ ਕਹਿ ਦਿੰਦੇ ਸਨ ਕਿ ਇੱਕੋ ਮਸ਼ੀਨ ਲੈ ਕੇ ਆਓ, ਭਾਣੇ ਲਗਾ ਦਿੰਦੇ ਸਨ ਕਿ ਸਾਡੇ ਕੋਲ ਗਾਰਡ ਨਹੀਂ ਹਨ। ਕੱਲ੍ਹ ਪਤਾ ਨਹੀਂ ਇਨ੍ਹਾਂ ਕੋਲ ਇੰਨੇ ਗਾਰਡ ਕਿੱਥੋਂ ਆ ਗਏ ਤੇ ਮਿੰਟਾਂ ‘ਚ ਕਣਕਾਂ ਵਢਾ ਦਿੱਤੀਆਂ।”

ਫਤਿਹਗੜ੍ਹ ਸਾਹਿਬ ਤੋਂ ਬਾਰਡਰ ਦੇ ਕਿਸਾਨਾਂ ਦੀ ਮਦਦ ਲਈ ਆਏ ਗੁਰਪਿੰਦਰ ਸਿੰਘ ਦੱਸਦੇ ਹਨ, ”ਸਾਡੇ ਕੋਲ ਕੰਬਾਈਨਾਂ ਹਨ। ਪਹਿਲਾਂ ਤਾਂ 4-5 ਦਿਨ ‘ਚ ਕਣਕ ਵੱਢ ਲੈਂਦੇ ਸੀ, ਹੁਣ ਤਾਂ ਇਨ੍ਹਾਂ ਕਿਹਾ ਹੈ ਕਿ ਬਸ ਕੱਲ੍ਹ ਜਾਂ ਪਰਸੋਂ ਤੱਕ ਆਪਣੀ ਕਣਕ ਸੰਭਾਲ ਲਵੋ।”
ਉਹ ਕਹਿੰਦੇ ਹਨ ਕਿ ”ਅਸੀਂ ਲਗਭਗ 15-16 ਸਾਲਾਂ ਤੋਂ ਆ ਰਹੇ ਹਾਂ ਪਰ ਅਜਿਹਾ ਪਹਿਲੀ ਵਾਰ ਦੇਖਿਆ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI