Source :- BBC PUNJABI

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਇਆ ਅੱਤਵਾਦੀ ਹਮਲਾ 2019 ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਸਭ ਤੋਂ ਘਾਤਕ ਹਮਲਾ ਹੈ, ਜਿਸ ਵਿੱਚ 26 ਲੋਕ ਮਾਰੇ ਗਏ ਹਨ।
ਮਾਰੇ ਗਏ ਲੋਕ ਸਿਪਾਹੀ ਜਾਂ ਅਧਿਕਾਰੀ ਨਹੀਂ ਸਨ, ਸਗੋਂ ਸੈਲਾਨੀ ਸਨ ਜੋ ਭਾਰਤ ਦੀ ਸਭ ਤੋਂ ਖ਼ੂਬਸੂਰਤ ਘਾਟੀ ਵਿੱਚ ਘੁੰਮਣ ਆਏ ਸਨ।
ਇਸ ਲਈ ਇਹ ਹਮਲਾ ਕਰੂਰ ਅਤੇ ਸੰਕੇਤਕ ਦੋਵੇਂ ਹੈ, ਇਹ ਸਿਰਫ਼ ਲੋਕਾਂ ਦੀ ਜਾਨ ਲੈਣ ਦੀ ਸੋਚੀ-ਸਮਝੀ ਕਾਰਵਾਈ ਹੀ ਨਹੀਂ ਹੈ, ਬਲਿਕ ਇਹ ਹਾਲਾਤ ਦੇ ਆਮ ਹੋਣ ʼਤੇ ਵੀ ਹਮਲਾ ਹੈ।
ਉਹ ʻਆਮ ਹਾਲਾਤʼ ਜਿਸ ਦਾ ਸੰਦੇਸ਼ ਦੇਣ ਲਈ ਭਾਰਤ ਸਰਕਾਰ ਨੇ ਸਖ਼ਤ ਮਿਹਨਤ ਕੀਤੀ ਹੈ।

ਕਸ਼ਮੀਰ ਦੇ ਗੁੰਝਲਦਾਰ ਇਤਿਹਾਸ ਨੂੰ ਦੇਖਦੇ ਹੋਏ, ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਪ੍ਰਤੀਕਿਰਿਆ, ਦਬਾਅ ਦੇ ਨਾਲ-ਨਾਲ ਪਿਛਲੀਆਂ ਉਦਾਹਰਣਾਂ ਨਾਲ ਵੀ ਤੈਅ ਹੋਵੇਗੀ।
ਪੂਰੇ ਕਸ਼ਮੀਰ ‘ਤੇ ਭਾਰਤ ਅਤੇ ਪਾਕਿਸਤਾਨ ਦੋਵੇਂ ਦਾਅਵਾ ਕਰਦੇ ਹਨ, ਹਾਲਾਂਕਿ ਉਹ ਇਸ ਦੇ ਵੱਖ-ਵੱਖ ਹਿੱਸਿਆਂ ‘ਤੇ ਸ਼ਾਸਨ ਕਰਦੇ ਹਨ।
ਹਮਲੇ ਤੋਂ ਬਾਅਦ ਭਾਰਤ ਨੇ ਕਈ ਜਵਾਬੀ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਮੁੱਖ ਬਾਰਡਰ ਕ੍ਰਾਸਿੰਗ ਅਟਾਰੀ ਨੂੰ ਬੰਦ ਕਰਨਾ, ਪਾਕਿਸਤਾਨ ਨਾਲ ਮਹੱਤਵਪੂਰਨ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨਾ ਅਤੇ ਕੁਝ ਡਿਪਲੋਮੈਟਾਂ ਨੂੰ ਕੱਢਣਾ ਸ਼ਾਮਲ ਹੈ।
ਇਸ ਤੋਂ ਇਲਾਵਾ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਸਖ਼ਤ ਕਾਰਵਾਈ’ ਕਰਨ ਦੀ ਗੱਲ ਕੀਤੀ ਹੈ ਅਤੇ ਵਾਅਦਾ ਕੀਤਾ ਹੈ ਕਿ ਨਾ ਸਿਰਫ਼ ਹਮਲਾਵਰਾਂ ਖ਼ਿਲਾਫ਼, ਸਗੋਂ ਭਾਰਤੀ ਧਰਤੀ ‘ਤੇ ਇਸ ‘ਨਾਪਾਕ ਕਾਰਵਾਈ’ ਦੇ ਪਿੱਛੇ ਮਾਸਟਰਮਾਈਂਡ ʼਤੇ ਵੀ ਕਾਰਵਾਈ ਕੀਤੀ ਜਾਵੇਗੀ।

ਭਾਰਤ ਕੀ ਕਾਰਵਾਈ ਕਰ ਸਕਦਾ ਹੈ?
ਵਿਸ਼ਲੇਸ਼ਕ ਕਹਿੰਦੇ ਹਨ ਕਿ ਸਵਾਲ ਇਹ ਨਹੀਂ ਹੈ ਕਿ ਫੌਜੀ ਕਾਰਵਾਈ ਹੋਵੇਗੀ ਜਾਂ ਨਹੀਂ, ਸਗੋਂ ਸਵਾਲ ਇਹ ਹੈ ਕਿ ਇਹ ਕਾਰਵਾਈ ਕਿਸ ਕੀਮਤ ‘ਤੇ ਅਤੇ ਕਦੋਂ ਕੀਤੀ ਜਾਵੇਗੀ।
ਫੌਜੀ ਇਤਿਹਾਸਕਾਰ ਸ਼੍ਰੀਨਾਥ ਰਾਘਵਨ ਨੇ ਬੀਬੀਸੀ ਨੂੰ ਦੱਸਿਆ, “ਸਾਨੂੰ ਸਖ਼ਤ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਅਤੇ ਪਾਕਿਸਤਾਨ ਇਸ ਦਾ ਜਵਾਬ ਦੇਵੇਗਾ, ਜਿਵੇਂ ਉਸ ਨੇ ਪਹਿਲਾਂ ਵੀ ਕੀਤਾ ਹੈ। ਦੋਵੇਂ ਪਾਸਿਓਂ ਗ਼ਲਤ ਅਨੁਮਾਨ ਦਾ ਖ਼ਤਰਾ ਬਣਿਆ ਰਹੇਗਾ ਜਿਵੇਂ ਹਮੇਸ਼ਾ ਹੁੰਦਾ ਹੈ।”
ਰਾਘਵਨ ਦਾ ਇਸ਼ਾਰਾ, ਇਸ ਤੋਂ ਪਹਿਲਾਂ 2016 ਅਤੇ 2019 ਦੇ ਸ਼ੁਰੂ ਵਿੱਚ ਕੀਤੀ ਗਈ ਜਵਾਬੀ ਕਾਰਵਾਈ ਵੱਲ ਹੈ।

ਸਤੰਬਰ 2016 ਵਿੱਚ, ਜੰਮੂ-ਕਸ਼ਮੀਰ ਦੇ ਉਰੀ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨੇੜੇ ਇੱਕ ਘਾਤਕ ਹਮਲੇ ਵਿੱਚ 19 ਭਾਰਤੀ ਫੌਜੀ ਮਾਰੇ ਗਏ ਸਨ।
ਇਸ ਤੋਂ ਬਾਅਦ, ਭਾਰਤ ਨੇ ਕੰਟਰੋਲ ਰੇਖਾ (ਐੱਲਓਸੀ) ਦੇ ਪਾਰ ਇੱਕ ਕਥਿਤ ‘ਸਰਜੀਕਲ ਸਟ੍ਰਾਈਕ’ ਕੀਤੀ ਅਤੇ ਦਾਅਵਾ ਕੀਤਾ ਕਿ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
2019 ਵਿੱਚ, ਪੁਲਵਾਮਾ ਵਿੱਚ ਇੱਕ ਹਮਲਾ ਹੋਇਆ ਸੀ, ਜਿਸ ਵਿੱਚ ਅਰਧ ਸੈਨਿਕ ਬਲਾਂ ਦੇ 40 ਜਵਾਨ ਮਾਰੇ ਗਏ ਸਨ। ਇਸ ਤੋਂ ਬਾਅਦ, ਭਾਰਤ ਨੇ ਬਾਲਾਕੋਟ ਵਿੱਚ ਕਥਿਤ ਅੱਤਵਾਦੀ ਕੈਂਪਾਂ ‘ਤੇ ਹਵਾਈ ਹਮਲੇ ਕੀਤੇ ਸਨ।
1971 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਭਾਰਤ ਨੇ ਪਾਕਿਸਤਾਨ ਦੇ ਅੰਦਰ ਹਮਲਾ ਕੀਤਾ ਸੀ।
ਪਾਕਿਸਤਾਨ ਨੇ ਲੜਾਕੂ ਜਹਾਜ਼ਾਂ ਨਾਲ ਇਸ ਦਾ ਜਵਾਬ ਦਿੱਤਾ ਅਤੇ ਇੱਕ ਭਾਰਤੀ ਪਾਇਲਟ ਨੂੰ ਫੜ੍ਹ ਲਿਆ ਸੀ।
ਇਸ ਵਿੱਚ ਦੋਵਾਂ ਪਾਸਿਓਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਪਰ ਪੂਰਨ ਜੰਗ ਨੂੰ ਟਾਲ ਦਿੱਤਾ ਗਿਆ।
ਟਕਰਾਅ ਦਾ ਖ਼ਤਰਾ
ਦੋ ਸਾਲ ਬਾਅਦ, 2021 ਵਿੱਚ ਦੋਵਾਂ ਦੇਸ਼ਾਂ ਵਿਚਾਲੇ ਐੱਲਓਸੀ ਸੀਜ਼ਫਾਇਰ ʼਤੇ ਸਹਿਮਤੀ ਬਣੀ, ਪਰ ਜੰਮੂ-ਕਸ਼ਮੀਰ ਵਿੱਚ ਵਾਰ-ਵਾਰ ਅੱਤਵਾਦੀ ਹਮਲਿਆਂ ਦੇ ਬਾਵਜੂਦ, ਸਮਝੌਤਾ ਬਰਕਰਾਰ ਰਿਹਾ।
ਵਿਦੇਸ਼ ਨੀਤੀ ਦੇ ਵਿਸ਼ਲੇਸ਼ਕ ਮਾਈਕਲ ਕੁਗਲਮੈਨ ਦਾ ਮੰਨਣਾ ਹੈ ਕਿ ਹਾਲ ਹੀ ਵਿੱਚ ਹੋਏ ਹਮਲੇ ‘ਚ ਵੱਡੀ ਗਿਣਤੀ ‘ਚ ਹੋਈਆਂ ਮੌਤਾਂ ਅਤੇ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਨੇ ਇਹ ਖਦਸ਼ਾ ਪੈਦਾ ਕਰ ਦਿੱਤਾ ਹੈ ਕਿ ਜੇਕਰ ਭਾਰਤ ਨੂੰ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦੇ ਸਬੂਤ ਮਿਲ ਜਾਂਦੇ ਹਨ ਜਾਂ ਸਿਰਫ਼ ਇਹ ਮੰਨ ਵੀ ਲੈਂਦਾ ਹੈ, ਤਾਂ ਭਾਰਤੀ ਫੌਜ ਉਸ (ਪਾਕਿਸਤਾਨ) ਖ਼ਿਲਾਫ਼ ਸਖ਼ਤ ਕਾਰਵਾਈ ਕਰ ਸਕਦੀ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਭਾਰਤ ਲਈ ਇਸ ਤਰ੍ਹਾਂ ਦੀ ਕਿਸੇ ਪ੍ਰਤੀਕਿਰਿਆ ਦਾ ਮੁੱਖ ਫਾਇਦਾ ਰਾਜਨੀਤਕ ਹੋਵੇਗਾ, ਕਿਉਂਕਿ ਉਸ ‘ਤੇ ਸਖ਼ਤ ਕਾਰਵਾਈ ਕਰਨ ਦਾ ਦਬਾਅ ਹੋਵੇਗਾ।”
ਕੁਗਲਮੈਨ ਕਹਿੰਦੇ ਹਨ, “ਇੱਕ ਹੋਰ ਫਾਇਦਾ ਹੈ ਕਿ ਜੇਕਰ ਬਦਲੇ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਸਫ਼ਲਤਾਪੂਰਵਕ ਨਿਸ਼ਾਨਾ ਬਣਾਇਆ ਜਾਂਦਾ ਹੈ, ਤਾਂ ਇਸ ਨਾਲ ਉਸ ਦੀ ਡਿਟਰੈਂਸ ਸਮਰੱਥਾ ਵਧੇਗੀ ਅਤੇ ਭਾਰਤ ਵਿਰੋਧੀ ਖ਼ਤਰਾ ਘੱਟ ਹੋਵੇਗਾ।”
“ਇਸਦਾ ਨੁਕਸਾਨ ਇਹ ਹੈ ਕਿ ਜਵਾਬੀ ਕਾਰਵਾਈ ਨਾਲ ਸੰਕਟ ਗੰਭੀਰ ਹੋ ਸਕਦਾ ਹੈ ਅਤੇ ਇੱਥੋਂ ਤੱਕ ਕਿ ਸੰਘਰਸ਼ ਛਿੜਨ ਦਾ ਵੀ ਖ਼ਤਰਾ ਹੈ।”

ਭਾਰਤ ਕੋਲ ਕਿਹੜੇ ਬਦਲ ਹਨ?
ਅਮਰੀਕਾ ਦੀ ਅਲਬਾਨੀ ਯੂਨੀਵਰਸਿਟੀ ਨਾਲ ਜੁੜੇ ਕ੍ਰਿਸਟੋਫਰ ਕਲੈਰੀ ਕਹਿੰਦੇ ਹਨ ਕਿ ਗੁਪਤ ਕਾਰਵਾਈ ਦਾ ਇੱਕ ਪਹਿਲੂ ਇਹ ਹੈ ਕਿ ਇਸ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਪਰ ਇਸ ਨਾਲ ਕਾਰਵਾਈ ਕਰਦੇ ਹੋਏ ਨਜ਼ਰ ਆਉਣ ਦੀ ਸਿਆਸੀ ਜ਼ਰੂਰਤ ਨੂੰ ਪੂਰੀ ਨਹੀਂ ਹੁੰਦੀ।
ਉਨ੍ਹਾਂ ਅਨੁਸਾਰ, ਭਾਰਤ ਕੋਲ ਦੋ ਰਾਹ ਬੱਚਦੇ ਹਨ।
ਪਹਿਲਾ, 2021 ਦੀ ਐੱਲਓਸੀ ਜੰਗਬੰਦੀ ਕਮਜ਼ੋਰ ਹੋ ਰਹੀ ਹੈ, ਇਸ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕ੍ਰਾਸ ਬਾਰਡਰ ਫਾਈਰਿੰਗ ਨੂੰ ਹਰੀ ਝੰਡੀ ਦੇ ਸਕਦੇ ਹਨ।
ਦੂਜਾ, ਸਾਲ 2019 ਦੀ ਤਰ੍ਹਾਂ ਹਮਲੇ ਜਾਂ ਰਵਾਇਤੀ ਕਰੂਜ਼ ਮਿਜ਼ਾਇਲ ਹਮਲੇ ਦਾ ਬਦਲ ਵੀ ਮੌਜੂਦ ਹੈ, ਇਸ ਨਾਲ ਜਵਾਬੀ ਕਾਰਵਾਈ ਦਾ ਖ਼ਤਰਾ ਹੈ, ਜਿਵੇਂ 2019 ਦੌਰਾਨ ਦੇਖਣ ਨੂੰ ਮਿਲਿਆ ਸੀ।
ਦੱਖਣੀ ਏਸ਼ੀਆ ਦੀ ਸਿਆਸਤ ʼਤੇ ਅਧਿਐਨ ਕਰਨ ਵਾਲੇ ਕ੍ਰਿਸਟੋਫਰ ਕਲੈਰੀ ਨੇ ਬੀਬੀਸੀ ਨੂੰ ਕਿਹਾ, “ਕੋਈ ਵੀ ਰਸਤਾ ਬਿਨਾਂ ਜੋਖ਼ਮ ਵਾਲਾ ਨਹੀਂ ਹੈ। ਇਸ ਵੇਲੇ ਅਮਰੀਕਾ ਵੀ ਦੂਜੇ ਮਾਮਲਿਆਂ ਵਿੱਚ ਉਲਝਿਆ ਹੈ ਅਤੇ ਹੋ ਸਕਦਾ ਹੈ ਕਿ ਸੰਕਟ ਦੇ ਹੱਲ ਲਈ ਇਸ ਵਾਰ ਮਦਦ ਨਾ ਕਰ ਸਕੇ।”

ਭਾਰਤ-ਪਾਕਿਸਤਾਨ ਸੰਕਟ ਵਿੱਚ ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਦੋਵੇਂ ਗੁਆਂਢੀ ਦੇਸ਼ਾਂ ਕੋਲ ਪ੍ਰਮਾਣੂ ਹਥਿਆਰ ਹਨ।
ਹਰ ਫ਼ੈਸਲੇ ʼਤੇ ਇਸ ਦਾ ਅਸਰ ਹੁੰਦਾ ਹੈ, ਭਾਵੇਂ ਇਹ ਫੌਜੀ ਰਣਨੀਤੀ ਨੂੰ ਆਕਾਰ ਦੇਣ ਵਾਲਾ ਹੋਵੇ ਜਾਂ ਸਿਆਸੀ ਸਮੀਕਰਨ ਦਾ ਮਾਮਲਾ ਹੋਵੇ।
ਰਾਘਵਨ ਦਾ ਕਹਿਣਾ ਹੈ ਕਿ ਪ੍ਰਮਾਣੂ ਹਥਿਆਰ ਇੱਕ ਖ਼ਤਰਾ ਵੀ ਹਨ ਅਤੇ ਇੱਕ ਰੋਕਥਾਮ ਵਜੋਂ ਵੀ ਕੰਮ ਕਰਦੇ ਹਨ। ਇਹ ਦੋਵਾਂ ਧਿਰਾਂ ਨੂੰ ਕਾਰਵਾਈ ਕਰਨ ਦਾ ਫ਼ੈਸਲਾ ਲੈਣ ਵਿੱਚ ਸੰਜਮ ਵਰਤਣ ਲਈ ਮਜਬੂਰ ਕਰਦਾ ਹੈ।
ਰਾਘਵਨ ਕਹਿੰਦੇ ਹਨ, “ਕਿਸੇ ਵੀ ਕਾਰਵਾਈ ਨੂੰ ਸਟੀਕ ਅਤੇ ਟਾਰਗੇਟੇਡ ਦਿਖਾਉਣ ਦੀ ਸੰਭਾਵਨਾ ਹੈ। ਪਾਕਿਸਤਾਨ ਵੀ ਇਸੇ ਤਰ੍ਹਾਂ ਜਵਾਬੀ ਕਾਰਵਾਈ ਕਰ ਸਕਦਾ ਹੈ ਅਤੇ ਫਿਰ ਕੋਈ ਹੋਰ ਰਸਤਾ ਅਪਣਾ ਸਕਦਾ ਹੈ।”
ਰਾਘਵਨ ਮੁਤਾਬਕ, “ਹੋਰ ਸੰਘਰਸ਼ਾਂ ਵਿੱਚ ਵੀ ਅਸੀਂ ਅਜਿਹਾ ਪੈਟਰਨ ਦੇਖਿਆ ਹੈ, ਜਿਵੇਂ ਇਜ਼ਰਾਇਲ ਅਤੇ ਈਰਾਨ ਵਿਚਾਲੇ ਸੋਚਿਆ-ਸਮਝਿਆ ਹਮਲਾ ਅਤੇ ਉਸ ਤੋਂ ਬਾਅਦ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਪਰ ਇਹ ਖ਼ਤਰਾ ਹਮੇਸ਼ਾ ਰਹਿੰਦਾ ਹੈ ਕਿ ਚੀਜ਼ਾਂ ਸੋਚ ਮੁਤਾਬਕ ਨਹੀਂ ਹੁੰਦੀਆਂ।”

ਤਸਵੀਰ ਸਰੋਤ, Getty Images
ਪੁਲਵਾਮਾ ਦੇ ਸਬਕ
ਕੁਗਲਮੈਨ ਕਹਿੰਦੇ ਹਨ, “ਪੁਲਵਾਮਾ ਸੰਕਟ ਦਾ ਇੱਕ ਸਬਕ ਇਹ ਹੈ ਕਿ ਦੋਵੇਂ ਦੇਸ਼ ਸੀਮਤ ਬਦਲਾ ਲੈਣ ਵਿੱਚ ਸਹਿਜ ਹਨ।”
ਉਨ੍ਹਾਂ ਦੇ ਅਨੁਸਾਰ, “ਜਵਾਬੀ ਕਾਰਵਾਈ ਕਰਨ ਦੇ ਸਮੇਂ, ਭਾਰਤ ਨੂੰ ਸੰਕਟ ਦੇ ਹੋਰ ਗੰਭੀਰ ਹੋਣ ਜਾਂ ਟਕਰਾਅ ਸ਼ੁਰੂ ਹੋਣ ਦੇ ਜੋਖ਼ਮ ਨੇ ਨਾਲ ਸਿਆਸੀ ਅਤੇ ਰਣਨੀਤਕ ਨਫ਼ੇ-ਨੁਕਸਾਨ ਦਾ ਮੁਲਾਂਕਣ ਕਰਨ ਦੀ ਜ਼ਰੂਰਤ ਪਵੇਗੀ।”
ਅਨਵਰ ਗਰਗਾਸ਼ ਡਿਪਲੋਮੈਟਿਕ ਅਕੈਡਮੀ ਐਂਡ ਹਡਸਨ ਇੰਸਟੀਚਿਊਟ ਦੇ ਸੀਨੀਅਰ ਫੈਲੋ ਹੁਸੈਨ ਹੱਕਾਨੀ ਕਹਿੰਦੇ ਹਨ, “ਭਾਰਤ ਦੇ ਦ੍ਰਿਸ਼ਟੀਕੋਣ ਤੋਂ, ਅਜਿਹੇ ਹਮਲੇ ਬਹੁਤ ਸੀਮਤ ਹੁੰਦੇ ਹਨ ਹਨ, ਇਸ ਲਈ ਪਾਕਿਸਤਾਨ ਉਨ੍ਹਾਂ ਦਾ ਜਵਾਬ ਨਹੀਂ ਦਿੰਦਾ। ਇਸ ਨਾਲ ਭਾਰਤ ਦੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਕੁਝ ਕਾਰਵਾਈ ਕੀਤੀ ਹੈ।”
ਹੱਕਾਨੀ ਨੇ ਬੀਬੀਸੀ ਨੂੰ ਦੱਸਿਆ, “ਪਰ ਅਜਿਹੇ ਹਮਲਿਆਂ ਤੋਂ ਬਾਅਦ, ਪਾਕਿਸਤਾਨ ਇਹ ਕਹਿ ਕੇ ਜਵਾਬੀ ਹਮਲਾ ਕਰ ਸਕਦਾ ਹੈ ਕਿ ਉਸ ਨੂੰ ਬਿਨਾਂ ਕਿਸੇ ਸਬੂਤ ਦੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।”
ਭਾਰਤ ਜੋ ਵੀ ਰਸਤਾ ਚੁਣਦਾ ਹੈ ਅਤੇ ਪਾਕਿਸਤਾਨ ਜੋ ਵੀ ਜਵਾਬ ਦਿੰਦਾ ਹੈ, ਹਰ ਕਦਮ ਜੋਖ਼ਮ ਨਾਲ ਭਰਿਆ ਹੁੰਦਾ ਹੈ।
ਦੋਵਾਂ ਦੇਸ਼ਾਂ ਵਿਚਕਾਰ ਜੰਗ ਦਾ ਖ਼ਤਰਾ ਹੈ ਅਤੇ ਇਸ ਨਾਲ ਕਸ਼ਮੀਰ ਵਿੱਚ ਸ਼ਾਂਤੀ ਦਾ ਸੁਪਨਾ ਵੀ ਧੁੰਦਲਾ ਹੁੰਦਾ ਜਾ ਰਿਹਾ ਹੈ।
ਇਸ ਤੋਂ ਇਲਾਵਾ, ਭਾਰਤ ਨੂੰ ਅਜਿਹੇ ਹਮਲਿਆਂ ਲਈ ਜ਼ਿੰਮੇਵਾਰ ਸੁਰੱਖਿਆ ਅਸਫ਼ਲਤਾਵਾਂ ‘ਤੇ ਵੀ ਵਿਚਾਰ ਕਰਨਾ ਪਵੇਗਾ।
ਰਾਘਵਨ ਕਹਿੰਦੇ ਹਨ, “ਸੈਰ-ਸਪਾਟੇ ਦੇ ਸੀਜ਼ਨ ਦੌਰਾਨ ਅਜਿਹਾ ਹਮਲਾ ਦਰਸਾਉਂਦਾ ਹੈ ਕਿ ਕੁਝ ਗੰਭੀਰ ਅਣਗਹਿਲੀ ਹੋਈ ਹੈ। ਉਹ ਵੀ ਇੱਕ ਅਜਿਹੀ ਜਗ੍ਹਾ ‘ਤੇ ਜੋ ਕਿ ਜੋ ਕੇਂਦਰ ਸ਼ਾਸਤ ਪ੍ਰਦੇਸ਼ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI