Source :- BBC PUNJABI

ਖੁਰਸ਼ੀਦ

ਤਸਵੀਰ ਸਰੋਤ, Gurpreet Singh/BBC

“ਮੈਂ ਜਦੋਂ ਅੱਖਾਂ ਬੰਦ ਕਰਦਾ ਸੀ ਤਾਂ ਇੱਥੇ ਹੀ ਪਹੁੰਚ ਜਾਂਦਾ ਸੀ। ਸੁਪਨੇ ʼਚ ਦੇਖਦਾ ਸੀ ਕਿ ਖੂਹ ਦੀ ਮੰਡ ʼਤੇ 5-7 ਬੰਦੇ ਬੈਠੇ ਹਨ… ਅੱਲ੍ਹਾ ਦਾ ਹੁਕਮ ਹੋਇਆ ਤਾਂ ਮੈਂ ਅੱਜ ਇੱਥੇ ਆਇਆ ਹਾਂ, ਇਹ ਧਰਤੀ ਬਹੁਤ ਪਿਆਰੀ ਹੈ…ਇਸ ʼਤੋਂ ਗੁਲਾਬ ਵਰਗੀ ਖੁਸ਼ਬੂ ਆਉਂਦੀ ਹੈ।”

ਇਹ ਸ਼ਬਦ ਹਨ ਪਾਕਸਿਤਾਨ ਤੋਂ ਆਏ 92 ਸਾਲਾਂ ਖੁਰਸ਼ੀਦ ਦੇ ਹਨ, ਜੋ ਕਰੀਬ 77 ਸਾਲ ਬਾਅਦ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਜੱਦੀ ਪਿੰਡ ਮਚਰਾਏ ਪਹੁੰਚੇ ਸਨ। ਉਨ੍ਹਾਂ ਦੇ ਆਉਣ ਕਾਰਨ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ।

ਖੁਰਸ਼ੀਦ ਅਹਿਮਦ ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਪਿੰਡ ਭਲੇਰ ਤੋਂ ਆਏ ਹਨ ਪਰ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਖੁਰਸ਼ੀਦ ਇਸੇ ਪਿੰਡ ਵਿੱਚ ਰਹਿੰਦੇ ਸਨ।

ਉਸ ਸਮੇਂ ਇਸ ਪਿੰਡ ਵਿੱਚ ਵੱਡੀ ਗਿਣਤੀ ਲੋਕ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਨ। ਭਾਰਤ-ਪਾਕਿਸਤਾਨ ਵੰਡ ਵੇਲੇ ਖੁਰਸ਼ੀਦ ਦਾ ਪਰਿਵਾਰ ਹੋਰ ਮੁਸਲਮਾਨ ਪਰਿਵਾਰਾਂ ਨਾਲ ਪਾਕਿਸਤਾਨ ਚਲਾ ਗਿਆ ਸੀ।

ਵੰਡ ਦੇ ਇਸ ਦੌਰ ਨੂੰ ਪੰਜਾਬੀ ਲੋਕ ‘ਹੱਲੇ’ ਆਖਦੇ ਹਨ। ਜਿਨ੍ਹਾਂ ਦੌਰਾਨ 1.5 ਕਰੋੜ ਲੋਕਾਂ ਦਾ ਉਜਾੜਾ ਹੋਇਆ ਅਤੇ 10 ਲੱਖ ਲੋਕ ਮਾਰੇ ਗਏ ਸਨ।

ਇਸ ਵੰਡ ਦੌਰਾਨ ਮੁਸਲਮਾਨਾਂ ਨੂੰ ਭਾਰਤ ਤੋਂ ਪਾਕਿਸਤਾਨ ਜਾਣਾ ਪਿਆ ਅਤੇ ਹਿੰਦੂ-ਸਿੱਖਾਂ ਨੂੰ ਭਾਰਤ ਵਾਲੇ ਪਾਸੇ ਆਉਣਾ ਪਿਆ ।

ਆਪਣੀਆਂ ਜੜ੍ਹਾਂ ਤੋਂ ਉਖੜੇ ਬਹੁਤੇ ਲੋਕ ਆਪਣੇ ਜੱਦੀ ਪਿੰਡਾਂ ਵੱਲ ਕਦੇ ਨਾ ਮੁੜ ਸਕੇ। ਫਿਰ ਵੀ ਜੇਕਰ ਕਈਆਂ ਦੀ ਇਹ ਖੁਆਇਸ਼ ਪੂਰੀ ਹੋਈ ਤਾਂ ਉਹ ਉਮਰ ਉਸ ਪੜਾਅ ਵਿੱਚ ਪਹੁੰਚ ਗਏ, ਜਿੱਥੇ ਭਾਵੇਂ ਨਜ਼ਰਾਂ ਤਾਂ ਧੁੰਦਲਾਂ ਗਈਆਂ ਹੋਣ ਪਰ ਯਾਦਾਂ ਕਦੇ ਫਿੱਕੀਆਂ ਨਾ ਪਈਆਂ।

ਕੁਝ ਇਸੇ ਤਰ੍ਹਾਂ ਦੀਆਂ ਯਾਦਾਂ ਦੀ ਪੰਡ ਖੁਰਸ਼ੀਦ ਅਹਿਮਦ ਆਪਣੇ ਨਾਲ ਲੈ ਕੇ ਆਏ ਹਨ।

ਬੀਬੀਸੀ ਪੰਜਾਬੀ

‘ਮੈਂ ਸੁਪਨੇ ‘ਚ ਇਸੇ ਪਿੰਡ ਪਹੁੰਚ ਜਾਂਦਾ ਹਾਂ’

ਦਰਅਸਲ, ਵੰਡ ਵੇਲੇ ਖੁਰਸ਼ੀਦ ਦੀ ਉਮਰ 15 ਸਾਲ ਦੇ ਕਰੀਬ ਸੀ।

ਖੁਰਸ਼ੀਦ ਕਹਿੰਦੇ ਹਨ ਕਿ ਪਾਕਿਸਤਾਨ ਵਿੱਚ ਰਹਿੰਦੇ ਹੋਏ ਵੀ ਉਨ੍ਹਾਂ ਦੇ ਮਨ ਵਿੱਚ ਇਹ ਤਾਂਘ ਰਹਿੰਦੀ ਸੀ ਕਿ ਉਹ ਆਪਣੇ ਜੱਦੀ ਪਿੰਡ ਕਦੋਂ ਜਾਣਗੇ।

ਖੁਰਸ਼ਦੀ ਦਾ ਜਨਮ ਵੀ ਇਸੇ ਪਿੰਡ ਦਾ ਹੀ ਹੈ। ਉਹ ਦੱਸਦੇ ਹਨ ਕਿ ਬੇਸ਼ੱਕ ਅੱਜ ਉਨ੍ਹਾਂ ਦੀ ਰਿਹਾਇਸ਼ ਪਾਕਿਸਤਾਨ ਵਿੱਚ ਹੈ ਅਤੇ ਅੱਲ੍ਹਾ ਦੀ ਰਹਿਮਤ ਨਾਲ ਪਰਿਵਾਰ ਵੀ ਹੈ ਪਰ ਉਨ੍ਹਾਂ ਦੀ ਖਿੱਚ ਇਸੇ ਪਿੰਡ ਵੱਲ ਰਹਿੰਦੀ ਸੀ।

ਉਹ ਕਹਿੰਦੇ ਹਨ ਕਿ ਉਹ ਸੁਪਨੇ ਵਿੱਚ ਵੀ ਅਕਸਰ ਇਸੇ ਪਿੰਡ ਵਿੱਚ ਬਿਤਾਏ ਸਮੇਂ ਨੂੰ ਦੇਖਦੇ ਸਨ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਟੱਬਰ ਵਿੱਚੋਂ ਕਰੀਬ 17-18 ਪਰਿਵਾਰ ਇੱਥੇ ਵਸਦੇ ਸਨ।

ਖੁਰਸ਼ੀਦ ਕਹਿੰਦੇ ਹਨ ਕਿ ਹੁਣ ਸਾਰੇ ਪਰਿਵਾਰ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦੇ ਹਨ ਪਰ ਉਹ ਇਸ ਪਿੰਡ ਦੇ ਮੋਹ ਵਿੱਚ ਹਮੇਸ਼ਾ ਡੁੱਬੇ ਰਹੇ। ਉਨ੍ਹਾਂ ਨੂੰ ਪਿੰਡ ਦੀਆਂ ਗ਼ਲੀਆਂ, ਹਵੇਲੀਆਂ ਸਭ ਯਾਦ ਹਨ।

ਉਨ੍ਹਾਂ ਦੱਸਿਆ, “ਮੈਂ ਸੁਪਨੇ ਵਿੱਚ ਇਸੇ ਪਿੰਡ ਪਹੁੰਚ ਜਾਂਦਾ ਹਾਂ। ਪਿੰਡ ਦੇ ਚੌਂਕ ʼਤੇ ਦੋਸਤਾਂ ਨਾਲ ਘੁੰਮਦਾ ਅਤੇ ਹੁਣ ਜਦੋਂ ਅੱਲ੍ਹਾ ਦਾ ਹੁਕਮ ਹੋਇਆ ਤਾਂ ਇੱਥੇ ਆਇਆ ਹਾਂ। ਇਹ ਅੱਲ੍ਹਾ ਦੀ ਹੀ ਰਹਿਮਤ ਹੈ।”

ਖੁਰਸ਼ੀਦ ਅਹਿਮਦ ਅਤੇ ਗੁਰਪ੍ਰੀਤ ਸਿੰਘ

ਤਸਵੀਰ ਸਰੋਤ, Gurpreet Singh/BBC

ਇਹ ਵੀ ਪੜ੍ਹੋ-

ਕਿਵੇਂ ਬਣਿਆ ਆਉਣ ਦਾ ਸਬੱਬ

ਖੁਰਸ਼ੀਦ ਅਕਸਰ ਨਨਕਾਣਾ ਸਾਹਿਬ ਜਾਂਦੇ ਸਨ ਕਿ ਸ਼ਾਇਦ ਉਨ੍ਹਾਂ ਨੂੰ ਕੋਈ ਆਪਣੇ ਪਿੰਡ ਦਾ ਮਿਲ ਜਾਏ ਅਤੇ ਫਿਰ ਇੱਕ ਅਜਿਹਾ ਹੀ ਸਬੱਬ ਬਣਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਇਸੇ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਖੁਰਸ਼ੀਦ ਕੁਝ ਸਾਲ ਪਹਿਲਾਂ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਉਨ੍ਹਾਂ ਦੇ ਭਰਾ ਨੂੰ ਮਿਲੇ ਸਨ।

ਗੁਰਪ੍ਰੀਤ ਸਿੰਘ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਰਹਿ ਰਹੇ ਹਨ।

ਉਹ ਦੱਸਦੇ ਹਨ ਕਿ ਉੱਥੇ ਉਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਦੱਸਿਆ ਅਤੇ ਜਦੋਂ ਪਤਾ ਲੱਗਾ ਕਿ “ਸਾਡਾ ਪਿੰਡ ਵੀ ਓਹੀ ਹੈ ਤਾਂ ਬਜ਼ੁਰਗ ਦੇ ਚਿਹਰੇ ʼਤੇ ਰੌਣਕ ਆ ਗਈ। ਉਸ ਵੇਲੇ ਉਨ੍ਹਾਂ ਨਨਕਾਣਾ ਸਾਹਿਬ ਪਹੁੰਚੀ ਸੰਗਤ ਦੀ ਕਾਫੀ ਸੇਵਾ ਕੀਤੀ।”

“ਉਸ ਤੋਂ ਬਾਅਦ ਤੋਂ ਹੀ ਸਾਡੇ ਦੋਵਾਂ ਦੇ ਪਰਿਵਾਰਾਂ ਦਾ ਸੰਪਰਕ ਰਿਹਾ ਅਤੇ ਉਨ੍ਹਾਂ ਇੱਥੇ ਭਾਰਤ ਆਉਣ ਦੀ ਇੱਛਾ ਪ੍ਰਗਟਾਈ ਸੀ।”

ਉਦੋਂ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਹੁਣ ਬੂਰ ਪਿਆ ਹੈ ਤਾਂ ਉਹ ਇੱਥੇ ਉਨ੍ਹਾਂ ਦੇ ਘਰ ਆਏ ਹਨ।

ਖੁਰਸ਼ੀਦ ਅਹਿਮਦ

ਤਸਵੀਰ ਸਰੋਤ, Gurpreet Singh/BBC

ਪਿੰਡ ਵਿੱਚ ਨਿੱਘਾ ਸੁਆਗਤ

ਖੁਰਸ਼ੀਦ ਦੇ ਪਿੰਡ ਪਹੁੰਚਣ ʼਤੇ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ।

ਬਜ਼ੁਰਗ ਖੁਰਸ਼ੀਦ ਆਖਦੇ ਹਨ, “ਇੱਥੇ ਬਹੁਤ ਪਿਆਰ ਮਿਲ ਰਿਹਾ ਹੈ। ਪਿੰਡ ਦੀ ਮਿੱਟੀ ਦੀ ਖੁਸ਼ਬੂ ਗ਼ੁਲਾਬ ਦੇ ਫੁੱਲ ਵਰਗੀ ਹੈ ਅਤੇ ਪਾਣੀ ਵੀ ਦੁੱਧ ਵਰਗਾ ਲੱਗ ਰਿਹਾ ਹੈ।”

ਪਿੰਡ ਵਿੱਚ ਘੁੰਮਦਿਆਂ ਖੁਰਸ਼ੀਦ ਨੇ ਆਪਣੇ ਵੇਲੇ ਦੇ ਮਚਰਾਏ ਪਿੰਡ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਕਿੱਥੇ ਛੱਪੜ ਸੀ, ਕਿੱਥੇ ਮਸੀਤ ਸੀ ਅਤੇ ਪਿੰਡ ਦੀ ਕੀ ਨੁਹਾਰ ਹੁੰਦੀ ਸੀ।

ਇਸ ਵਿਚਾਲੇ ਖੁਰਸ਼ੀਦ ਨੂੰ ਮਲਾਲ ਹੈ ਕਿ ਉਨ੍ਹਾਂ ਦਾ ਪਿੰਡ ਵੰਡ ਵਿੱਚ ਇਧਰ ਕਿਉਂ ਰਹਿ ਗਿਆ ਪਰ ਇਸ ਦੇ ਨਾਲ ਹੀ ਉਹ ਭਾਰਤ ਸਰਕਾਰ ਦਾ ਸ਼ੁਕਰ ਅਦਾ ਕਰਦੇ ਹਨ ਕਿ ਉਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਤੇ ਉਹ ਆਪਣੇ ਪਿੰਡ ਆ ਪਹੁੰਚੇ।

ਖੁਰਸ਼ੀਦ ਅਹਿਮਦ

ਤਸਵੀਰ ਸਰੋਤ, Gurpreet Singh/BBC

ਭਾਰਤ ਪਾਕਿਸਤਾਨ ਦੀ ਵੰਡ

ਸਾਲ 1947 ਵਿੱਚ ਹੋਈ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਹਜ਼ਾਰਾਂ ਪਰਿਵਾਰ ਇੱਕ-ਦੂਜੇ ਤੋਂ ਵਿਛੜ ਗਏ ਸਨ। ਕਈ ਪਾਕਿਸਤਾਨ ਵੱਸਦੇ ਹਿੰਦੂ ਭਾਈਚਾਰੇ ਦੇ ਲੋਕ ਭਾਰਤ ਆ ਗਏ ਅਤੇ ਕਈ ਪੰਜਾਬ ਵੱਸਦੇ ਮੁਸਲਮਾਨ ਪਰਿਵਾਰ ਪਾਕਿਸਤਾਨ ਚਲੇ ਗਏ।

ਪਰ ਇਹ ਸਭ ਇੰਨਾ ਸੌਖਾ ਨਹੀਂ ਸੀ। ਪਰਿਵਾਰਾਂ ਦੇ ਕਈ ਜੀਅ ਇੱਕ-ਦੂਜੇ ਤੋਂ ਵਿਛੜ ਗਏ ਜਿਨ੍ਹਾਂ ਦੇ ਅੰਦਰ ਆਪਣੇ ਜੱਦੀ ਪਿੰਡਾਂ ਵਿੱਚ ਜਾਣ ਦੀ ਤਾਂਘ ਹਮੇਸ਼ਾ ਰਹਿੰਦੀ ਹੈ।

ਹਾਲਾਂਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਵੀ ਕਈ ਪਰਿਵਾਰ ਆਪਸ ਵਿੱਚ ਮਿਲ ਸਕੇ ਅਤੇ ਇਹ ਸਿਲਸਿਲਾ ਜਾਰੀ ਹੈ।

ਭਾਰਤ ਤੋਂ ਕਈ ਜੱਥੇ ਵਿਸ਼ੇਸ਼ ਦਿਨਾਂ ਵਿੱਚ ਪਾਕਿਸਤਾਨ ਜਾਂਦੇ ਹਨ, ਜਿਸ ਨਾਲ ਕਈ ਲੋਕ ਆਪਣੇ ਵਿਛੜੇ ਪਰਿਵਾਰਾਂ ਨੂੰ ਮਿਲ ਪਾਏ।

ਕਈਆਂ ਨੂੰ ਤਾਂ ਆਪਣੇ ਜੱਦੀ ਪਿੰਡਾਂ ਅਤੇ ਆਪਣਿਆਂ ਦੇ ਮਿਲਣ ਦਾ ਨਿੱਘ ਮਿਲਿਆ ਪਰ ਕੁਝ ਕੋਸ਼ਿਸ਼ਾਂ ਵਿੱਚ ਰਹਿੰਦੇ ਹਨ ਅਤੇ ਕਈ ਤਾਂ ਇੰਤਜ਼ਾਰ ਕਰਦੇ ਹੀ ਜ਼ਹਾਨੋਂ ਤੁਰ ਗਏ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI