Source :- BBC PUNJABI

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ

ਤਸਵੀਰ ਸਰੋਤ, Getty Images

  • ਲੇਖਕ, ਫ਼ਰਹਤ ਜਾਵੇਦ
  • ਰੋਲ, ਬੀਬੀਸੀ ਉਰਦੂ
  • 2 ਮਈ 2025, 15:58 IST

    ਅਪਡੇਟ 42 ਮਿੰਟ ਪਹਿਲਾਂ

ਪਾਕਿਸਤਾਨੀ ਫੌਜ ਮੁਖੀ ਜਨਰਲ ਆਸਿਮ ਮੁਨੀਰ ਅੱਜ-ਕੱਲ੍ਹ ਚਰਚਾ ਵਿੱਚ ਹਨ।

ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ, ਦੁਨੀਆਂ ਦੀਆਂ ਕਈ ਰਾਜਧਾਨੀਆਂ ਵਿੱਚ ਉਨ੍ਹਾਂ ਦਾ ਨਾਮ ਲਿਆ ਜਾ ਰਿਹਾ ਹੈ।

ਜਨਰਲ ਆਸਿਮ ਮੁਨੀਰ ਨੇ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਕਸ਼ਮੀਰ ਬਾਰੇ ਇੱਕ ਬਿਆਨ ਦਿੱਤਾ ਸੀ।

ਇਸ ਬਿਆਨ ਨੇ ਪਾਕਿਸਤਾਨ ਦੀ ਫੌਜ ਨੀਤੀ ਅਤੇ ਘਾਟੀ ਵਿੱਚ ਤਣਾਅ ਵਧਾਉਣ ਵਿੱਚ ਇਸਦੀ ਭੂਮਿਕਾ ‘ਤੇ ਬਹਿਸ ਛੇੜ ਦਿੱਤੀ ਹੈ।

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ

ਤਸਵੀਰ ਸਰੋਤ, Getty Images

ਜਨਰਲ ਆਸਿਮ ਮੁਨੀਰ ਕੌਣ ਹਨ?

ਆਸਿਮ ਮੁਨੀਰ ਨੇ ਜਿਨ੍ਹਾਂ ਸ਼ਬਦਾਂ ਦਾ ਅਤੇ ਜਿਸ ਲਹਿਜ਼ੇ ਦਾ ਇਸਤੇਮਾਲ ਕੀਤਾ, ਉਸ ਨੂੰ ਕਈ ਵਿਸ਼ਲੇਸ਼ਕਾਂ ਨੇ ਉਨ੍ਹਾਂ ਦੀ ਅਗਵਾਈ ਹੇਠ ਪਾਕਿਸਤਾਨੀ ਫੌਜ ਦੁਆਰਾ ਟਕਰਾਅ ਵੱਲ ਵਧਦੇ ਇੱਕ ਕਦਮ ਵਜੋਂ ਦੇਖਿਆ।

ਜਨਰਲ ਆਸਿਮ ਮੁਨੀਰ ਨੂੰ ਪਾਕਿਸਤਾਨ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਮੰਨਿਆ ਜਾਂਦਾ ਹੈ। ਯਾਨਿ, ਇੱਕ ਅਜਿਹੇ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ, ਜਿਸਦੀ ਫੌਜ ‘ਤੇ ਲੰਬੇ ਸਮੇਂ ਤੋਂ ਸਿਆਸਤ ਵਿੱਚ ਦਖਲ ਦੇਣ, ਸਰਕਾਰਾਂ ਬਣਾਉਣ ਅਤੇ ਡਿਗਾਉਣ ਦਾ ਇਲਜ਼ਾਮ ਲਗਾਇਆ ਜਾਂਦਾ ਰਿਹਾ ਹੈ।

ਪਹਿਲਗਾਮ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਇੱਕ ਵਾਰ ਫਿਰ ਤੋਂ ਤਣਾਅ ਵਧ ਗਿਆ ਹੈ ਅਤੇ ਜਨਰਲ ਆਸਿਮ ਮੁਨੀਰ ਨੂੰ ਇਸ ਪ੍ਰਮਾਣੂ ਹਥਿਆਰਬੰਦ ਖੇਤਰ ਵਿੱਚ ਇੱਕ ਕੇਂਦਰੀ ਸ਼ਖਸੀਅਤ ਵਜੋਂ ਦੇਖਿਆ ਜਾ ਰਿਹਾ ਹੈ।

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਕੌਣ ਹਨ ਅਤੇ ਕੀ ਉਨ੍ਹਾਂ ਨੂੰ ਚੀਜ਼ਾਂ ਪ੍ਰਭਾਵਿਤ ਕਰਦੀਆਂ ਹਨ?

ਜਨਰਲ ਆਸਿਮ ਮੁਨੀਰ ਲਗਭਗ ਸੱਠ ਸਾਲ ਦੇ ਹਨ। ਉਹ ਇੱਕ ਸਕੂਲ ਪ੍ਰਿੰਸੀਪਲ ਅਤੇ ਇੱਕ ਧਾਰਮਿਕ ਵਿਦਵਾਨ ਦੇ ਪੁੱਤਰ ਹਨ। ਸਾਲ 1986 ਵਿੱਚ ਉਹ, ਆਫੀਸਰਜ਼ ਟ੍ਰੇਨਿੰਗ ਸਕੂਲ ਮੰਗਲਾ ਤੋਂ ਆਪਣੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਪਾਕਿਸਤਾਨ ਫੌਜ ਵਿੱਚ ਭਰਤੀ ਹੋਏ।

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ

ਆਪਣੀ ਲਗਭਗ ਚਾਰ ਦਹਾਕਿਆਂ ਦੀ ਫੌਜੀ ਸੇਵਾ ਦੌਰਾਨ, ਜਨਰਲ ਆਸਿਮ ਮੁਨੀਰ ਨੇ ਪਾਕਿਸਤਾਨ ਦੀਆਂ ਸੰਵੇਦਨਸ਼ੀਲ ਉੱਤਰੀ ਸਰਹੱਦਾਂ ‘ਤੇ ਫੌਜ ਦੀ ਕਮਾਂਡ ਕੀਤੀ ਹੈ।

ਉਨ੍ਹਾਂ ਨੇ ਪਾਕਿਸਤਾਨ ਦੀਆਂ ਖ਼ੁਫ਼ੀਆ ਏਜੰਸੀਆਂ ਦੀ ਅਗਵਾਈ ਕੀਤੀ। ਇਸ ਦੇ ਨਾਲ ਹੀ, ਸਾਊਦੀ ਅਰਬ ਨਾਲ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਸਾਊਦੀ ਅਰਬ ਵਿੱਚ ਵੀ ਕੰਮ ਕੀਤਾ।

ਉਨ੍ਹਾਂ ਕੋਲ ਨੈਸ਼ਨਲ ਡਿਫੈਂਸ ਯੂਨੀਵਰਸਿਟੀ, ਇਸਲਾਮਾਬਾਦ ਤੋਂ ਪਬਲਿਕ ਪਾਲਿਸੀ ਅਤੇ ਰਣਨੀਤਕ ਸੁਰੱਖਿਆ ਪ੍ਰਬੰਧਨ ਵਿੱਚ ਮਾਸਟਰ ਦੀ ਡਿਗਰੀ ਵੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਜਾਪਾਨ ਅਤੇ ਮਲੇਸ਼ੀਆ ਦੇ ਫੌਜੀ ਅਦਾਰਿਆਂ ਵਿੱਚ ਵੀ ਸਿੱਖਿਆ ਲਈ ਹੈ।

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ

ਤਸਵੀਰ ਸਰੋਤ, Pakistani Army / Handout/Anadolu via Getty Images

ਜਨਰਲ ਆਸਿਮ ਮੁਨੀਰ ਸਾਲ 2022 ਵਿੱਚ ਪਾਕਿਸਤਾਨੀ ਫੌਜ ਦੇ ਮੁਖੀ ਬਣੇ ਸਨ।

ਉਨ੍ਹਾਂ ਨੇ ਦੇਸ਼ ਦੀ ਫੌਜ ਦੀ ਕਮਾਨ ਅਜਿਹੇ ਸਮੇਂ ਸੰਭਾਲੀ ਜਦੋਂ ਪਾਕਿਸਤਾਨ ਸਿਆਸੀ ਅਤੇ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਸੀ। ਪਾਕਿਸਤਾਨ ਦੇ ਲੋਕ ਸਰਕਾਰ ਅਤੇ ਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਫੌਜ ਦੀ ਕਥਿਤ ਦਖਲਅੰਦਾਜ਼ੀ ਤੋਂ ਨਿਰਾਸ਼ ਸਨ।

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਵਿਚਕਾਰ ਜਨਤਕ ਮਤਭੇਦਾਂ ਕਾਰਨ ਉਨ੍ਹਾਂ ਦੀ ਨਿਯੁਕਤੀ ਕਈ ਮਹੀਨਿਆਂ ਦੀਆਂ ਅਟਕਲਾਂ ਤੋਂ ਬਾਅਦ ਹੋ ਸਕੀ ਸੀ।

ਜਨਰਲ ਆਸਿਮ ਮੁਨੀਰ ਸਿਰਫ਼ ਅੱਠ ਮਹੀਨਿਆਂ ਲਈ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ (ਇੰਟਰ ਸਰਵਿਸਿਜ਼ ਇੰਟੈਲੀਜੈਂਸ) ਦੇ ਮੁਖੀ ਸਨ। ਉਸ ਸਮੇਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।

ਜਦੋਂ ਉਨ੍ਹਾਂ ਨੂੰ ਆਈਐੱਸਆਈ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਤਾਂ ਬਹੁਤ ਸਾਰੇ ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਇਮਰਾਨ ਖਾਨ ਦਾ ਇਹ ਕਦਮ ਨਿੱਜੀ ਅਤੇ ਸਿਆਸੀ ਸੀ।

ਹਾਲਾਂਕਿ ਦੋਵੇਂ ਹੀ ਧਿਰਾਂ ਇਸ ਤੋਂ ਇਨਕਾਰ ਕਰਦੀਆਂ ਰਹੀਆਂ ਹਨ। ਆਈਐੱਸਆਈ ਮੁਖੀ ਦੇ ਅਹੁਦੇ ਤੋਂ ਹਟਾਉਣਾ, ਇਮਰਾਨ ਖਾਨ ਅਤੇ ਜਨਰਲ ਮੁਨੀਰ ਦੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਪੜਾਅ ਸਾਬਤ ਹੋਇਆ।

ਅੱਜ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਹਨ ਅਤੇ ਜਨਰਲ ਮੁਨੀਰ ਪਾਕਿਸਤਾਨ ਦੇ ਸਭ ਤੋਂ ਸ਼ਕਤੀਸ਼ਾਲੀ ਆਦਮੀ ਹਨ।

ਜਨਰਲ ਕਮਰ ਬਾਜਵਾ ਤੋਂ ਕਿਵੇਂ ਵੱਖ?

ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਬਾਜਵਾ

ਤਸਵੀਰ ਸਰੋਤ, AFP

ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਨਰਲ ਮੁਨੀਰ ਆਪਣੀ ਸ਼ੈਲੀ ਅਤੇ ਸੁਭਾਅ ਵਿੱਚ ਆਪਣੇ ਤੋਂ ਪਹਿਲਾਂ ਵਾਲੇ ਫੌਜ ਮੁਖੀ ਜਨਰਲ ਕਮਰ ਬਾਜਵਾ ਤੋਂ ਵੱਖਰੇ ਹਨ।

ਜਨਰਲ ਬਾਜਵਾ ਜਨਤਕ ਤੌਰ ‘ਤੇ ਵਧੇਰੇ ਸਰਗਰਮ ਦਿਖਾਈ ਦਿੰਦੇ ਸਨ। ਉਹ ਪਰਦੇ ਦੇ ਪਿੱਛੇ ਭਾਰਤ ਨਾਲ ਕੂਟਨੀਤਕ ਸਬੰਧਾਂ ਦੇ ਸਮਰਥਕ ਸਨ।

ਸਾਲ 2019 ਵਿੱਚ, ਜਦੋਂ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਸੀ, ਤਾਂ ਜਨਰਲ ਕਮਰ ਬਾਜਵਾ ਸਥਿਤੀ ਨੂੰ ਬਹੁਤ ਸਾਵਧਾਨੀ ਨਾਲ ਸੰਭਾਲ ਰਹੇ ਸਨ।

ਬਾਜਵਾ ਦੇ ਕੰਮ ਕਰਨ ਦੇ ਤਰੀਕੇ ਨੂੰ ‘ਬਾਜਵਾ ਸਿਧਾਂਤ’ ਵਜੋਂ ਜਾਣਿਆ ਗਿਆ। ਇਸ ਦੇ ਤਹਿਤ ਜਨਰਲ ਬਾਜਵਾ ਨੇ ਖੇਤਰੀ ਸਥਿਰਤਾ ਅਤੇ ਵਿਸ਼ਵ ਅਰਥਵਿਵਸਥਾ ਦੇ ਨਾਲ-ਨਾਲ ਰਵਾਇਤੀ ਸੁਰੱਖਿਆ ਤਰਜੀਹਾਂ ਨੂੰ ਵੀ ਲੈ ਕੇ ਚੱਲਣ ‘ਤੇ ਜ਼ੋਰ ਦਿੱਤਾ।

2019 ਵਿੱਚ, ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਇੱਕ ਆਤਮਘਾਤੀ ਹਮਲੇ ਵਿੱਚ ਭਾਰਤੀ ਸੈਨਿਕਾਂ ਦੀ ਮੌਤ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ‘ਤੇ ਹਵਾਈ ਹਮਲੇ ਕੀਤੇ ਸਨ।

ਜਨਰਲ ਬਾਜਵਾ ਨੇ ਪਾਕਿਸਤਾਨ ਦੀ ਪ੍ਰਤੀਕਿਰਿਆ ਦੀ ਅਗਵਾਈ ਕੀਤੀ ਪਰ ਉਨ੍ਹਾਂ ਨੇ ਤਣਾਅ ਨੂੰ ਹੋਰ ਵਧਣ ਨਹੀਂ ਦਿੱਤਾ। ਉਨ੍ਹਾਂ ਨੇ ਭਾਰਤੀ ਪਾਇਲਟ ਅਭਿਨੰਦਨ ਵਰਧਮਾਨ ਨੂੰ ਵਾਪਸ ਭੇਜਿਆ ਅਤੇ ਖੇਤਰ ਨੂੰ ਯੁੱਧ ਵਿੱਚ ਪੈਣ ਤੋਂ ਰੋਕਣ ਵਿੱਚ ਮਦਦ ਕੀਤੀ।

ਇਹ ਵੀ ਪੜ੍ਹੋ-

ਸਿੰਗਾਪੁਰ ਦੇ ਆਰ ਰਾਜਾਰਤਨਮ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼ ਦੇ ਅਬਦੁਲ ਬਾਸਿਤ ਕਹਿੰਦੇ ਹਨ, “ਬਾਜਵਾ ਸਪੱਸ਼ਟ ਸਨ”।

ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹੇ ਅਬਦੁਲ ਬਾਸਿਤ ਕਹਿੰਦੇ ਹਨ, “ਜਨਰਲ ਬਾਜਵਾ ਨੇ ਕੂਟਨੀਤਿਕ ਰਸਤੇ ਖੁੱਲ੍ਹੇ ਰੱਖੇ। ਉਹ ਕਸ਼ਮੀਰ ਤੋਂ ਇਲਾਵਾ, ਅਫਗਾਨਿਸਤਾਨ ਅਤੇ ਅਮਰੀਕੀ ਫੌਜਾਂ ਦੀ ਵਾਪਸੀ ਵਰਗੇ ਕਈ ਮੋਰਚਿਆਂ ਨੂੰ ਵਿਵਹਾਰਿਕ ਰੂਪ ਨਾਲ ਸੰਭਾਲ ਰਹੇ ਸਨ।”

ਅਬਦੁਲ ਬਾਸਿਤ ਕਹਿੰਦੇ ਹਨ ਕਿ ਜਨਰਲ ਆਸਿਮ ਮੁਨੀਰ ‘ਤੁਰੰਤ ਜਵਾਬ ਦੇਣ ਦੇ ਭਾਰੀ ਦਬਾਅ ਹੇਠ ਹਨ।’

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਉਹ ਅਜਿਹੇ ਸਮੇਂ ਆਏ ਹਨ ਜਦੋਂ ਉਨ੍ਹਾਂ ਨੇ ਦੇਸ਼ ਦੀ ਅੰਦਰੂਨੀ ਸੁਰੱਖਿਆ ਸਥਿਤੀ ਨੂੰ ਮਜ਼ਬੂਤ ਕਰਨ ਦੇ ਅਧੂਰੇ ਏਜੰਡੇ ਨੂੰ ਪੂਰਾ ਕਰਨਾ ਹੈ। ਉਨ੍ਹਾਂ ਸਾਹਮਣੇ ਵਧਦਾ ਅੱਤਵਾਦ, ਸਿਆਸੀ ਅਸਥਿਰਤਾ, ਆਰਥਿਕ ਸੰਕਟ ਅਤੇ ਖੇਤਰੀ ਤਣਾਅ ਵਰਗੀਆਂ ਗੰਭੀਰ ਸਮੱਸਿਆਵਾਂ ਹਨ ਅਤੇ ਉਨ੍ਹਾਂ ‘ਤੇ ਤੁਰੰਤ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕੋਲ ਆਪਣੇ ਪੂਰਵਗਾਮੀ ਜਨਰਲ ਬਾਜਵਾ ਵਾਂਗ ਲੰਬੇ ਸਮੇਂ ਦੀ ਰਣਨੀਤੀ ਬਣਾਉਣ ਦਾ ਸਮਾਂ ਨਹੀਂ ਹੈ।”

ਅਬਦੁਲ ਬਾਸਿਤ ਕਹਿੰਦੇ ਹਨ ਕਿ “ਉਨ੍ਹਾਂ ਨੂੰ ਅੰਦਰੂਨੀ ਅਤੇ ਬਾਹਰੀ ਤੌਰ ‘ਤੇ ਤੇਜ਼, ਸਮੇਂ ਸਿਰ ਅਤੇ ਮਜ਼ਬੂਤ ਫੈਸਲੇ ਲੈਣ ਦੀ ਲੋੜ ਹੈ।”

ਆਸਿਮ ਮੁਨੀਰ ਨੇ ਅਜਿਹਾ ਕਿਉਂ ਕਿਹਾ?

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ

ਤਸਵੀਰ ਸਰੋਤ, ISPR/X

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕਸ਼ਮੀਰ ਮੁੱਦਾ ਅਜਿਹਾ ਹੈ ਜਿਸ ‘ਤੇ ਕੋਈ ਵੀ ਪਾਕਿਸਤਾਨੀ ਫੌਜੀ ਲੀਡਰਸ਼ਿਪ ਨਰਮ ਸਟੈਂਡ ਲੈਂਦਾ ਨਹੀਂ ਦੇਖਣਾ ਚਾਹੇਗੀ।

ਸਿਆਸੀ ਅਤੇ ਰੱਖਿਆ ਮਾਹਰ ਆਮਿਰ ਜ਼ਿਆ ਕਹਿੰਦੇ ਹਨ, “ਕਸ਼ਮੀਰ, ਪਾਕਿਸਤਾਨ ਲਈ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ। ਇੱਥੇ ਹਰ ਬੱਚਾ ਸਕੂਲ ਵਿੱਚ ਕਸ਼ਮੀਰ ਬਾਰੇ ਪੜ੍ਹਦਾ ਹੈ। ਇਹ ਇੱਕ ਆਮ ਰਾਏ ਹੈ ਕਿ ਪਾਕਿਸਤਾਨ ਕਸ਼ਮੀਰ ਦੇ ਮੁੱਦੇ ‘ਤੇ ਭਾਰਤ ਨੂੰ ਕੋਈ ਰਿਆਇਤ ਨਹੀਂ ਦੇ ਸਕਦਾ।”

ਪਿਛਲੇ ਹਫ਼ਤੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਇਆ ਹਮਲਾ ਪਿਛਲੇ ਦੋ ਦਹਾਕਿਆਂ ਵਿੱਚ ਜੰਮੂ-ਕਸ਼ਮੀਰ ਵਿੱਚ ਆਮ ਨਾਗਰਿਕਾਂ ‘ਤੇ ਹੋਇਆ ਸਭ ਤੋਂ ਵੱਡਾ ਹਮਲਾ ਹੈ।

ਭਾਰਤ ਨੇ ਇਸ ਦਾ ਇਲਜ਼ਾਮ ਪਾਕਿਸਤਾਨ ‘ਤੇ ਲਗਾਇਆ ਹੈ। ਪਾਕਿਸਤਾਨ ਨੇ ਇਸ ਇਲਜ਼ਾਮ ਤੋਂ ਇਨਕਾਰ ਕੀਤਾ ਹੈ।

ਹੁਣ ਖਦਸ਼ਾ ਇਹ ਹੈ ਕਿ ਭਾਰਤ ਇਸ ਮਾਮਲੇ ਵਿੱਚ ਫੌਜੀ ਕਾਰਵਾਈ ਕਰ ਸਕਦਾ ਹੈ।

ਜਨਰਲ ਆਸਿਮ ਮੁਨੀਰ ਨੇ ਫੌਜ ਮੁਖੀ ਵਜੋਂ ਕਮਾਨ ਸੰਭਾਲਣ ਤੋਂ ਬਾਅਦ ਬਹੁਤੇ ਜਨਤਕ ਬਿਆਨ ਨਹੀਂ ਦਿੱਤੇ ਹਨ। ਪਰ ਲੰਘੀ 17 ਅਪ੍ਰੈਲ ਨੂੰ ਉਨ੍ਹਾਂ ਦੇ ਇੱਕ ਭਾਸ਼ਣ ਨੇ ਬਹੁਤ ਧਿਆਨ ਖਿੱਚਿਆ।

ਇਸਲਾਮਾਬਾਦ ਵਿੱਚ ਪਾਕਿਸਤਾਨੀ ਪਰਵਾਸੀਆਂ ਦੇ ਇੱਕ ਸੰਮੇਲਨ ਵਿੱਚ ਬੋਲਦਿਆਂ, ਜਨਰਲ ਆਸਿਮ ਮੁਨੀਰ ਨੇ ਕਿਹਾ, “ਅਸੀਂ ਧਰਮ ਤੋਂ ਲੈ ਕੇ ਜੀਵਨ ਸ਼ੈਲੀ ਤੱਕ, ਹਰ ਪਹਿਲੂ ਵਿੱਚ ਹਿੰਦੂਆਂ ਤੋਂ ਵੱਖਰੇ ਹਾਂ।”

ਇਸ ਭਾਸ਼ਣ ਵਿੱਚ ਜਨਰਲ ਆਸਿਮ ਮੁਨੀਰ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਦੇ ਲੋਕਾਂ ਨੂੰ ਕਦੇ ਵੀ ਇਕੱਲਾ ਨਹੀਂ ਛੱਡੇਗਾ।

ਪਾਕਿਸਤਾਨੀ ਆਗੂ ਪਹਿਲਾਂ ਵੀ ਅਜਿਹੇ ਭਾਸ਼ਣ ਦਿੰਦੇ ਰਹੇ ਹਨ ਅਤੇ ਜੇਕਰ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹਮਲਾ ਨਾ ਹੁੰਦਾ ਤਾਂ ਇਸ ਭਾਸ਼ਣ ਨੂੰ ਵੀ ਅਜਿਹਾ ਹੀ ਮੰਨਿਆ ਜਾਂਦਾ।

ਭਾਰਤੀ ਸੁਰੱਖਿਆ ਕਰਮੀ

ਤਸਵੀਰ ਸਰੋਤ, Getty Images

ਜੌਨਸ ਹਾਪਕਿਨਸ ਯੂਨੀਵਰਸਿਟੀ ਵਿੱਚ ਦੱਖਣੀ ਏਸ਼ੀਆਈ ਮਾਮਲਿਆਂ ‘ਤੇ ਨਜ਼ਰ ਰੱਖਣ ਵਾਲੇ ਵਾਲੇ ਇੱਕ ਵਿਸ਼ਲੇਸ਼ਕ ਜੋਸ਼ੂਆ ਟੀ ਵ੍ਹਾਈਟ ਕਹਿੰਦੇ ਹਨ, “ਇਹ ਕੋਈ ਆਮ ਬਿਆਨਬਾਜ਼ੀ ਨਹੀਂ ਸੀ। ਹਾਲਾਂਕਿ ਇਸ ਭਾਸ਼ਣ ਦੀ ਸਮੱਗਰੀ ਪਾਕਿਸਤਾਨ ਦੇ ਵਿਚਾਰਕ ਨੈਰੇਟਿਵ ਵਰਗੀ ਹੀ ਹੈ, ਪਰ ਲਹਿਜ਼ਾ ਖਾਸ ਕਰਕੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਮਤਭੇਦ ਦੀ ਸਿੱਧੀ ਗੱਲ ਕਰਨਾ, ਇਸ ਭਾਸ਼ਣ ਨੂੰ ਖਾਸ ਤੌਰ ‘ਤੇ ਭੜਕਾਊ ਬਣਾਉਂਦਾ ਹੈ।”

ਉਹ ਕਹਿੰਦੇ ਹਨ, “ਪਹਿਲਗਾਮ ਹਮਲੇ ਤੋਂ ਕੁਝ ਦਿਨ ਪਹਿਲਾਂ ਦਿੱਤੇ ਗਏ ਇਸ ਭਾਸ਼ਣ ਨੇ ਪਾਕਿਸਤਾਨ ਦੇ ਸੰਜਮ ਵਰਤਣ ਦੇ ਦਾਅਵਿਆਂ ਜਾਂ ਪਰਦੇ ਪਿੱਛੇ ਕੂਟਨੀਤੀ ਦੀ ਕੋਸ਼ਿਸ਼ ਕਰਨ ਦੇ ਦਾਅਵਿਆਂ ਨੂੰ ਗੰਭੀਰਤਾ ਨਾਲ ਪੇਚੀਦਾ ਬਣਾ ਦਿੱਤਾ ਹੈ।”

ਅਬਦੁਲ ਬਾਸਿਤ ਵੀ ਮੰਨਦੇ ਹਨ ਕਿ ਇਸ ਬਿਆਨ ਨੂੰ ਜਿਸ ਤਰ੍ਹਾਂ ਦੇਖਿਆ ਗਿਆ, ਉਹ ਨੁਕਸਾਨ ਪਹੁੰਚਾਉਣ ਵਾਲਾ ਹੈ।

ਉਹ ਕਹਿੰਦੇ ਹਨ, “ਆਸਿਮ ਮੁਨੀਰ ਉਸ ਸਮੇਂ ਭਾਵਨਾਵਾਂ ਵਿੱਚ ਵਹਿ ਗਏ ਹੋਣਗੇ। ਉਨ੍ਹਾਂ ਨੇ ਅਜਿਹੀਆਂ ਗੱਲਾਂ ਕਹੀਆਂ ਜੋ ਨਿੱਜੀ ਮਾਹੌਲ ਵਿੱਚ ਸਵੀਕਾਰਯੋਗ ਹੋ ਸਕਦੀਆਂ ਸਨ, ਪਰ ਇੱਕ ਜਨਤਕ ਪਲੇਟਫਾਰਮ ‘ਤੇ, ਫੌਜ ਮੁਖੀ ਦੇ ਤੌਰ ‘ਤੇ, ਇਹ ਸਪਸ਼ਟ ਤੌਰ ‘ਤੇ ਟਕਰਾਅ ਵਾਲੀਆਂ ਲੱਗ ਰਹੀਆਂ ਸਨ।”

ਅਬਦੁਲ ਬਾਸਿਤ ਕਹਿੰਦੇ ਹਨ, “ਕੁਝ ਲੋਕਾਂ ਨੂੰ ਲੱਗਿਆ ਕਿ ਇਹ ਬਿਆਨ ਸ਼ਕਤੀ ਦਾ ਪ੍ਰਦਰਸ਼ਨ ਹੈ। ਇੰਝ ਲੱਗ ਰਿਹਾ ਸੀ ਜਿਵੇਂ ਉਹ ਐਲਾਨ ਕਰ ਰਹੇ ਹੋਣ ਕਿ ਸਭ ਕੁਝ ਉਨ੍ਹਾਂ ਦੇ ਕੰਟਰੋਲ ਵਿੱਚ ਹੈ ਅਤੇ ਪਾਕਿਸਤਾਨ ਦੀ ਕਮਾਨ ਇੱਕ ਵਾਰ ਫਿਰ ਫੌਜ ਦੇ ਹੱਥ ਵਿੱਚ ਹੈ।”

ਜਨਰਲ ਮੁਨੀਰ ਦਾ ਭਾਸ਼ਣ ਅਤੇ ਪਹਿਲਗਾਮ ਹਮਲਾ

ਜਨਰਲ ਮੁਨੀਰ ਦਾ ਭਾਸ਼ਣ

ਤਸਵੀਰ ਸਰੋਤ, YouTube/@ISPR

ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਜਨਰਲ ਆਸਿਮ ਮੁਨੀਰ ਨੇ ਇੱਕ ਭਾਸ਼ਣ ਦਿੱਤਾ ਸੀ। ਇਸ ਦੇ ਆਧਾਰ ‘ਤੇ, ਕੁਝ ਲੋਕਾਂ ਨੂੰ ਲੱਗਿਆ ਕਿ ਜਨਰਲ ਮੁਨੀਰ ਆਪਣੇ ਤੋਂ ਪਹਿਲਾਂ ਰਹਿ ਚੁੱਕੇ ਫੌਜ ਮੁਖੀਆਂ ਨਾਲੋਂ ਸਖ਼ਤ ਰੁਖ਼ ਅਪਣਾਉਣਗੇ।

5 ਫਰਵਰੀ ਨੂੰ ਕਸ਼ਮੀਰ ਏਕਤਾ ਦਿਵਸ ਦੇ ਮੌਕੇ ‘ਤੇ ਮੁਜ਼ੱਫਰਾਬਾਦ ਵਿੱਚ ਬੋਲਦਿਆਂ, ਉਨ੍ਹਾਂ ਕਿਹਾ, “ਪਾਕਿਸਤਾਨ ਕਸ਼ਮੀਰ ਲਈ ਪਹਿਲਾਂ ਹੀ ਤਿੰਨ ਜੰਗਾਂ ਲੜ ਚੁੱਕਿਆ ਹੈ ਅਤੇ ਜੇ ਲੋੜ ਪਈ ਤਾਂ ਦਸ ਹੋਰ ਜੰਗਾਂ ਲੜਨ ਲਈ ਤਿਆਰ ਹੈ।”

ਪਹਿਲਗਾਮ ਹਮਲੇ ਤੋਂ ਬਾਅਦ, ਭਾਰਤੀ ਅਧਿਕਾਰੀਆਂ ਨੇ ਹਮਲੇ ਅਤੇ ਜਨਰਲ ਆਸਿਮ ਮੁਨੀਰ ਦੇ ਭਾਸ਼ਣ ਵਿਚਕਾਰ ਕਥਿਤ ਸਬੰਧ ਵੱਲ ਇਸ਼ਾਰਾ ਕੀਤਾ। ਇਸ ਬਿਆਨ ਨੇ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਮੌਜੂਦ ਅਵਿਸ਼ਵਾਸ ਨੂੰ ਹੋਰ ਵਧਾ ਦਿੱਤਾ ਹੈ।

ਪਾਕਿਸਤਾਨ ਅੰਦਰ, ਜਨਰਲ ਆਸਿਮ ਮੁਨੀਰ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਦੇਖਿਆ ਜਾਂਦਾ ਹੈ ਜੋ ਸੋਚ-ਸਮਝ ਕੇ ਕਦਮ ਚੁੱਕਣ ਵਾਲਾ ਹੈ ਅਤੇ ਸਮਝੌਤਾ ਨਾ ਕਰਨ ਵਾਲਾ ਹੈ।

9 ਮਈ 2023 ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਵਿੱਚ ਹੰਗਾਮਾ ਹੋਇਆ, ਤਾਂ ਜਨਰਲ ਆਸਿਮ ਮੁਨੀਰ ਨੇ ਇਮਰਾਨ ਖਾਨ ਦੇ ਸਮਰਥਕਾਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਇਸ ਤੋਂ ਬਾਅਦ, ਆਮ ਨਾਗਰਿਕਾਂ ਵਿਰੁੱਧ ਫੌਜੀ ਕਾਨੂੰਨਾਂ ਤਹਿਤ ਮੁਕੱਦਮੇ ਸ਼ੁਰੂ ਹੋਏ।

ਪਾਕਿਸਤਾਨੀ ਫੌਜ ਦੇ ਇੱਕ ਚੋਟੀ ਦੇ ਜਨਰਲ ਨੂੰ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੇ ਦਿੱਤੀ ਗਈ ਅਤੇ ਇਮਰਾਨ ਖਾਨ ਦੇ ਕਰੀਬੀ ਮੰਨੇ ਜਾਣ ਵਾਲੇ ਸਾਬਕਾ ਆਈਐੱਸਆਈ ਮੁਖੀ ਸੇਵਾਮੁਕਤ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਆਲੋਚਕਾਂ ਨੇ ਇਸ ਨੂੰ ਇਮਰਾਨ ਖਾਨ ਦੇ ਸਮਰਥਕਾਂ ‘ਤੇ ਕਾਰਵਾਈ ਦੱਸਿਆ, ਪਰ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਉਪਾਅ ਉਸ ਫੌਜੀ ਵਿਵਸਥਾ ਨੂੰ ਬਹਾਲ ਕਰਨ ਦੀ ਕੋਸ਼ਿਸ਼ ਸਨ, ਜੋ ਜਨਰਲ ਬਾਜਵਾ ਅਤੇ ਜਨਰਲ ਮੁਨੀਰ ਦੋਵਾਂ ਦੀ ਵਧਦੀ ਜਨਤਕ ਆਲੋਚਨਾ ਤੋਂ ਪ੍ਰਭਾਵਿਤ ਹੋ ਚੁੱਕੀ ਸੀ।

ਜਨਰਲ ਆਸਿਮ ਮੁਨੀਰ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੇ ਦੋ ਸਾਲ ਪੂਰੇ ਕਰ ਲਏ ਹਨ। ਪਰ ਉਨ੍ਹਾਂ ਦੀ ਵਿਰਾਸਤ ਦੀ ਰੂਪ-ਰੇਖਾ ਤਿਆਰ ਹੋਣ ਲੱਗੀ ਹੈ।

ਭਾਵੇਂ ਭਾਰਤ ਨਾਲ ਮੌਜੂਦਾ ਤਣਾਅ ਫੌਜੀ ਟਕਰਾਅ ਵਿੱਚ ਬਦਲ ਜਾਵੇ ਜਾਂ ਕੂਟਨੀਤਕ ਤਰੀਕਿਆਂ ਨਾਲ ਹੱਲ ਕੀਤਾ ਜਾਵੇ, ਭਾਰਤ ਨਾਲ ਪਾਕਿਸਤਾਨ ਦੇ ਸਬੰਧ ਇਸ ਗੱਲ ‘ਤੇ ਨਿਰਭਰ ਕਰਨਗੇ ਕਿ ਜਨਰਲ ਮੁਨੀਰ ਉਨ੍ਹਾਂ ਨੂੰ ਕਿਸ ਦਿਸ਼ਾ ਵਿੱਚ ਲੈ ਜਾਣਾ ਚਾਹੁੰਦੇ ਹਨ।

ਅਬਦੁਲ ਬਾਸਿਤ ਨੂੰ ਲੱਗਦਾ ਹੈ ਕਿ ਅਗਲੇ ਕੁਝ ਹਫ਼ਤੇ ਫੈਸਲਾਕੁੰਨ ਹੋਣਗੇ।

ਅਬਦੁਲ ਬਾਸਿਤ ਕਹਿੰਦੇ ਹਨ, “ਜਨਰਲ ਆਸਿਮ ਮੁਨੀਰ ਇਸ ਸੰਕਟ ਨੂੰ ਕਿਵੇਂ ਨਜਿੱਠਦੇ ਹਨ, ਇਸੇ ਨਾਲ ਇੱਕ ਸਿਪਾਹੀ, ਇੱਕ ਪਾਵਰ ਬ੍ਰੋਕਰ ਦੇ ਰੂਪ ਵਿੱਚ ਉਨ੍ਹਾਂ ਦੇ ਰੋਲ ਅਤੇ ਖੇਤਰ ਵਿੱਚ ਪਾਕਿਸਤਾਨ ਦੀ ਭੂਮਿਕਾ ਨੂੰ ਪਰਿਭਾਸ਼ਿਤ ਕਰੇਗਾ। ਫਿਲਹਾਲ, ਇਹ ਫੈਸਲਾ ਬਹੁਤ ਹੱਦ ਤੱਕ ਉਨ੍ਹਾਂ ਦੇ ਹੱਥਾਂ ਵਿੱਚ ਹੀ ਹੈ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI