Source :- BBC PUNJABI

ਤਸਵੀਰ ਸਰੋਤ, Getty Images
50 ਮਿੰਟ ਪਹਿਲਾਂ
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਪਾਕਿਸਤਾਨ ਦੇ ਪਾਣੀ ਨੂੰ ਰੋਕਣ ਜਾਂ ਮੋੜਨ ਲਈ ਕੋਈ ਢਾਂਚਾ ਬਣਾਉਣਗੇ ਜਾਂ ਉਸਾਰੀ ਕਰਦੇ ਹਨ, ਤਾਂ ਉਸਨੂੰ ਤਬਾਹ ਕਰ ਦਿੱਤਾ ਜਾਵੇਗਾ।
ਪਾਕਿਸਤਾਨ ਦੇ ਨਿੱਜੀ ਚੈਨਲ ਜੀਓ ਨਿਊਜ਼ ਦੇ ਪ੍ਰੋਗਰਾਮ ‘ਨਯਾ ਪਾਕਿਸਤਾਨ’ ਵਿੱਚ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ, “ਜੇਕਰ ਭਾਰਤ ਸਿੰਧੂ ਜਲ ਸੰਧੀ ਦੀ ਉਲੰਘਣਾ ਕਰਦਾ ਹੈ ਅਤੇ ਪਾਣੀ ਨੂੰ ਰੋਕਣ ਜਾਂ ਮੋੜਨ ਲਈ ਕੋਈ ਢਾਂਚਾ ਬਣਾਉਂਦਾ ਹੈ, ਤਾਂ ਇਸਨੂੰ ਪਾਕਿਸਤਾਨ ਵਿਰੁੱਧ ਹਮਲਾ ਮੰਨਿਆ ਜਾਵੇਗਾ ਅਤੇ ਅਸੀਂ ਉਸ ਢਾਂਚੇ ਨੂੰ ਤਬਾਹ ਕਰ ਦੇਵਾਂਗੇ।”
ਉਨ੍ਹਾਂ ਕਿਹਾ ਕਿ “ਸਿੰਧੂ ਜਲ ਸੰਧੀ ਦੀ ਉਲੰਘਣਾ ਕਰਨਾ ਸੌਖਾ ਨਹੀਂ ਹੈ, ਇਹ ਪਾਕਿਸਤਾਨ ਵਿਰੁੱਧ ਜੰਗ ਦਾ ਐਲਾਨ ਹੋਵੇਗਾ। ਹਮਲਾ ਸਿਰਫ਼ ਤੋਪਾਂ ਦੇ ਗੋਲੇ ਜਾਂ ਬੰਦੂਕਾਂ ਚਲਾਉਣ ਤੱਕ ਸੀਮਤ ਨਹੀਂ ਹੁੰਦਾ, ਇਸਦੇ ਕਈ ਰੂਪ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਇਹ ਵੀ ਹੈ। ਇਸ ਨਾਲ ਦੇਸ਼ ਦੇ ਲੋਕ ਭੁੱਖੇ ਜਾਂ ਪਿਆਸੇ ਮਰ ਸਕਦੇ ਹਨ।”
ਖਵਾਜਾ ਆਸਿਫ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਭਾਰਤ ‘ਤੇ ਵਿਸ਼ਵਵਿਆਪੀ ਦਬਾਅ ਵਧਿਆ ਹੈ।
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ। ਉਸ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਸਖ਼ਤ ਕਦਮ ਚੁੱਕੇ ਹਨ, ਜਿਸ ਵਿੱਚ 1960 ਦੀ ਸਿੰਧੂ ਨਦੀ ਜਲ ਸੰਧੀ ਨੂੰ ਮੁਅੱਤਲ ਕਰਨਾ ਵੀ ਸ਼ਾਮਲ ਹੈ।
ਸਰਜੀਕਲ ਸਟ੍ਰਾਈਕ ‘ਤੇ ਸਵਾਲ ਚੁੱਕ ਵਿਵਾਦ ‘ਚ ਘਿਰੇ ਚੰਨੀ

ਤਸਵੀਰ ਸਰੋਤ, ANI
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਸਰਜੀਕਲ ਸਟ੍ਰਾਈਕ ‘ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਬੀਜੇਪੀ ਆਗੂ ਉਨ੍ਹਾਂ ਨੂੰ ਘੇਰ ਰਹੇ ਹਨ।
ਦਰਅਸਲ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ, ਚੰਨੀ ਨੇ ਕਿਹਾ ਸੀ ਕਿ “ਅੱਜ ਤੱਕ ਮੈਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲੇ ਕਿੱਥੇ ਹੋਏ ਸਨ। ਉਸ ਸਮੇਂ ਲੋਕ ਕਿੱਥੇ ਮਾਰੇ ਗਏ ਸਨ? ਉਸ ਸਮੇਂ ਪਾਕਿਸਤਾਨ ਵਿੱਚ ਇਹ ਕਿੱਥੇ ਹੋਇਆ ਸੀ? ਜੇਕਰ ਸਾਡੇ ਦੇਸ਼ ਵਿੱਚ ਬੰਬ ਡਿੱਗਦਾ ਹੈ, ਤਾਂ ਕੀ ਸਾਨੂੰ ਪਤਾ ਨਹੀਂ ਲੱਗੇਗਾ?”
”ਉਹ ਕਹਿੰਦੇ ਹਨ ਕਿ ਅਸੀਂ ਪਾਕਿਸਤਾਨ ਵਿੱਚ ਸਰਜੀਕਲ ਸਟ੍ਰਾਈਕ ਕੀਤੀ। ਕੁਝ ਨਹੀਂ ਹੋਇਆ, ਸਰਜੀਕਲ ਸਟ੍ਰਾਈਕ ਕਿਤੇ ਵੀ ਦਿਖਾਈ ਨਹੀਂ ਦਿੱਤੀ। ਕਿਸੇ ਨੂੰ ਪਤਾ ਨਹੀਂ ਲੱਗਾ।”
“ਮੈਂ ਹਮੇਸ਼ਾ ਸਬੂਤ ਮੰਗਦਾ ਰਿਹਾ ਹਾਂ। ਪਰ ਅੱਜ ਦੇਸ਼ ਦੇ ਲੋਕਾਂ ਨੂੰ ਆਪਣੇ ਜ਼ਖ਼ਮਾਂ ਲਈ ਇਲਾਜ ਦੀ ਲੋੜ ਹੈ। ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਕੁਝ ਕਰੋ, ਦੇਸ਼ ਨੂੰ ਦੱਸੋ ਕਿ ਉਹ ਆਦਮੀ ਕੌਣ ਹੈ ਅਤੇ ਉਸਨੂੰ ਸਜ਼ਾ ਦਿਓ।”

ਤਸਵੀਰ ਸਰੋਤ, @NayabSainiBJP
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ, “ਇਹ ਮੰਦਭਾਗਾ ਹੈ। ਉਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਕਿ ਇੰਨਾ ਵੱਡਾ ਹਮਲਾ ਹੋਇਆ ਹੈ। ਉਰੀ ਵਿੱਚ ਇੰਨਾ ਵੱਡਾ ਹਮਲਾ ਹੋਇਆ, ਉਨ੍ਹਾਂ ਨੂੰ ਉਹ ਵੀ ਨਜ਼ਰ ਨਹੀਂ ਆਇਆ। ਉਹ ਆਪਣੀ ਭਾਸ਼ਾ ਨਹੀਂ, ਸਗੋਂ ਕਿਤੋਂ ਹੋਰ ਦੀ ਭਾਸ਼ਾ ਬੋਲ ਰਹੇ ਹਨ।”
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਚੰਨੀ ਦੇ ਇਸ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ, ”ਚਰਨਜੀਤ ਸਿੰਘ ਚੰਨੀ ਨੇ ਫਿਰ ਤੋਂ ਗਾਂਧੀ ਪਰਿਵਾਰ ਦੀ ਮਾੜੀ ਸਿਆਸਤ ਅਤੇ ਮਾੜੀ ਮਾਨਸਿਕਤਾ ਦਿਖਾਈ ਹੈ, ਜੋ ਹਮੇਸ਼ਾ ਫੌਜ ‘ਤੇ ਸਵਾਲ ਉਠਾਉਂਦੇ ਹਨ ਅਤੇ ਫੌਜਾਂ ਦਾ ਮਨੋਬਲ ਡੇਗਦੇ ਹਨ। ਮੈਂ ਇਸਦੀ ਨਿੰਦਾ ਕਰਦਾ ਹਾਂ।”

ਤਸਵੀਰ ਸਰੋਤ, ANI
ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, “ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਕਹਿੰਦੇ ਹਨ ਕਿ ਪਾਕਿਸਤਾਨ ਵਿਰੁੱਧ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ।”
”ਜਿਸ ਵੇਲੇ ਪੂਰਾ ਦੇਸ਼ ਫੌਜ ਦੇ ਪਿੱਛੇ ਖੜ੍ਹਾ ਹੈ ਤਾਂ ਜੋ ਉਹ ਅੱਤਵਾਦੀਆਂ ਨੂੰ ਢੁਕਵਾਂ ਜਵਾਬ ਦੇ ਸਕਣ, ਕਾਂਗਰਸ ਪਾਰਟੀ ਫੌਜ ਦੇ ਮਨੋਬਲ ਨੂੰ ਠੇਸ ਪਹੁੰਚਾ ਰਹੀ ਹੈ”
ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਭਾਜਪਾ ਆਗੂ ਰਵਿੰਦਰ ਰੈਣਾ ਨੇ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬਿਆਨ ‘ਤੇ ਕਾਂਗਰਸ ਪਾਰਟੀ ਉੱਤੇ ਸਵਾਲ ਖੜੇ ਕੀਤੇ ਹਨ।
ਉਨ੍ਹਾਂ ਕਿਹਾ, “ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ ‘ਤੇ ਇੱਕ ਵੱਡੀ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ। ਉਸ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗ ਕੇ, ਕਾਂਗਰਸ ਪਾਰਟੀ ਨੇ ਇੱਕ ਵਾਰ ਫਿਰ ਦੇਸ਼ ਨਾਲ ਧੋਖਾ ਕੀਤਾ ਹੈ।”
ਚਰਨਜੀਤ ਸਿੰਘ ਚੰਨੀ ਨੇ ਕੀ ਸਪਸ਼ਟੀਕਰਨ ਦਿੱਤਾ
ਆਪਣੇ ਬਿਆਨ ‘ਤੇ ਸਫਾਈ ਦਿੰਦੇ ਹੋਏ ਚੰਨੀ ਨੇ ਕਿਹਾ ਕਿ “…ਕਾਂਗਰਸ ਪਾਰਟੀ ਚੱਟਾਨ ਦੀ ਤਰ੍ਹਾਂ ਨਾਲ ਸਰਕਾਰ ਦੇ ਨਾਲ ਖੜੀ ਹੈ। ਜੋ ਪਰਿਵਾਰ ਉੱਥੇ ਮਾਰੇ ਗਏ ਹਨ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ”
ਉਹ ਅਗਾਂਹ ਕਹਿੰਦੇ ਹਨ, “ਸਰਜੀਕਲ (ਹਮਲੇ) ਬਾਰੇ ਕੋਈ ਗੱਲ ਅੱਜ ਹੈ ਹੀ ਨਹੀਂ। ਇਸਦਾ ਸਬੂਤ ਨਹੀਂ ਮੰਗਿਆ ਜਾਂਦਾ, ਅਤੇ ਨਾ ਹੀ ਮੈਂ ਮੰਗ ਰਿਹਾ ਹਾਂ। ਮੈਂ ਇਹ ਕਹਿ ਰਿਹਾ ਹਾਂ ਕਿ ਇਸ (ਪਹਿਲਗਾਮ ਹਮਲੇ) ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਨਾ ਕਰੋ। ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ।”
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੀੜਤਾਂ ਨੂੰ ਇਨਸਾਫ਼ ਦੇਣਾ ਚਾਹੀਦਾ ਹੈ। ”ਅਸੀਂ ਹਰ ਤਰ੍ਹਾਂ ਨਾਲ ਸਰਕਾਰ ਦੇ ਨਾਲ ਹਾਂ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI