Source :- BBC PUNJABI

ਪ੍ਰਧਾਨ ਮੰਤਰੀ ਮੋਦੀ

ਤਸਵੀਰ ਸਰੋਤ, Getty Images

58 ਮਿੰਟ ਪਹਿਲਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਲਈ ਰਵਾਨਾ ਹੋ ਚੁੱਕੇ ਹਨ। ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਮਿਲੇ ਜੀ-7 ਸੰਮੇਲਨ ਦਾ ਸੱਦਾ ਮਿਲਣ ਤੋਂ ਬਾਅਦ, ਸੰਮੇਲਨ ‘ਚ ਸ਼ਾਮਲ ਹੋਣ ਲਈ ਉੱਥੇ ਪਹੁੰਚ ਰਹੇ ਹਨ।

ਪਰ ਪ੍ਰਧਾਨ ਮੰਤਰੀ ਮੋਦੀ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ, ਕੁਝ ਸਿੱਖ ਵੱਖਵਾਦੀ ਸੰਗਠਨ ਉਨ੍ਹਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਹਨ। ਉਹ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੇ ਗਏ ਸੱਦੇ ਦਾ ਵਿਰੋਧ ਕਰ ਰਹੇ ਹਨ।

ਇਸ ਤੋਂ ਪਹਿਲਾਂ ਲੰਘੇ ਸ਼ਨੀਵਾਰ ਨੂੰ, ਸਿੱਖ ਭਾਈਚਾਰੇ ਦੇ ਕੁਝ ਲੋਕਾਂ ਨੇ ਓਟਾਵਾ ਵਿੱਚ ਸੰਸਦ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ।

ਪਰ ਮਾਹਿਰਾਂ ਦਾ ਮੰਨਣਾ ਹੈ ਕਿ ਮੋਦੀ ਦੀ ਇਸ ਫੇਰੀ ਨਾਲ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰਕ ਸਬੰਧ ਵੀ ਬਿਹਤਰ ਹੋਣ ਦੀ ਸੰਭਾਵਨਾ ਹੈ।

ਕੈਨੇਡਾ ਪਹੁੰਚਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ 15 ਅਤੇ 16 ਜੂਨ ਨੂੰ ਸਾਈਪ੍ਰਸ ਵਿੱਚ ਹਨ। ਇਸ ਤੋਂ ਬਾਅਦ, ਮੋਦੀ ਕੈਨੇਡੀਅਨ ਸੂਬੇ ਅਲਬਰਟਾ ਵਿੱਚ ਕੈਨੇਨਾਸਕਿਸ ਜਾਣਗੇ। ਇੱਥੇ ਉਹ ਜੀ-7 ਸੰਮੇਲਨ ਵਿੱਚ ਹਿੱਸਾ ਲੈਣਗੇ ਅਤੇ ਫਿਰ 18 ਜੂਨ ਨੂੰ ਕ੍ਰੋਏਸ਼ੀਆ ਲਈ ਰਵਾਨਾ ਹੋਣਗੇ।

ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ੀ ਦੌਰਿਆਂ ਬਾਰੇ ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ

ਤਸਵੀਰ ਸਰੋਤ, Getty Images

ਭਾਰਤ ਜੀ-7 ਦਾ ਮੈਂਬਰ ਨਹੀਂ ਹੈ। ਜੀ-7 ਵਿੱਚ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ। ਪਰ 2019 ਤੋਂ ਬਾਅਦ, ਭਾਰਤ ਨੂੰ G-7 ਸੰਮੇਲਨਾਂ ਵਿੱਚ ਸੱਦਾ ਦਿੱਤਾ ਗਿਆ ਹੈ।

ਇਹ 2015 ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਕੈਨੇਡਾ ਦਾ ਪਹਿਲਾ ਦੌਰਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਮੋਦੀ ਦੇ ਨਾਲ, ਇਹ ਮਾਰਕ ਕਾਰਨੀ ਲਈ ਵੀ ਇੱਕ ਕੂਟਨੀਤਕ ਪ੍ਰੀਖਿਆ ਹੋਵੇਗੀ।

2015 ਤੋਂ ਹੁਣ ਤੱਕ, ਦਸ ਸਾਲਾਂ ਵਿੱਚ ਭਾਰਤ ਅਤੇ ਕੈਨੇਡਾ ਵਿਚਕਾਰ ਬਹੁਤ ਕੁਝ ਬਦਲ ਗਿਆ ਹੈ। 2023 ਵਿੱਚ, ਕੈਨੇਡਾ ਵਿੱਚ ਖਾਲਿਸਤਾਨ ਹਿਮਾਇਤੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰ ਦਿੱਤੀ ਗਈ ਸੀ।

ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ‘ਤੇ ਇਸ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਸੀ। ਉਦੋਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ।

ਹੁਣ ਜਸਟਿਨ ਟਰੂਡੋ ਕੈਨੇਡਾ ਜਾ ਚੁੱਕੇ ਹਨ। ਹਾਲਾਂਕਿ, ਟਰੂਡੋ ਦੀ ਪਾਰਟੀ ਅਜੇ ਵੀ ਸੱਤਾ ਵਿੱਚ ਹੈ ਅਤੇ ਇਸ ਸਾਲ ਦੀਆਂ ਆਮ ਚੋਣਾਂ ਤੋਂ ਬਾਅਦ ਮਾਰਕ ਕਾਰਨੀ ਨੇ ਕੈਨੇਡਾ ਦੀ ਵਾਗਡੋਰ ਸੰਭਾਲ ਲਈ ਹੈ।

ਕੈਨੇਡਾ ਵਿੱਚ ਸਿੱਖ ਸੰਗਠਨਾਂ ਵੱਲੋਂ ਵਿਰੋਧ

ਸਿੱਖ ਫੈਡਰੇਸ਼ਨ ਕੈਨੇਡਾ ਦੇ ਬੁਲਾਰੇ ਮੋਨਿੰਦਰ ਸਿੰਘ

ਤਸਵੀਰ ਸਰੋਤ, Getty Images

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਵਿੱਚ ਸੱਦਾ ਦਿੱਤੇ ਜਾਣ ਤੋਂ ਬਾਅਦ, ਕੈਨੇਡਾ ਵਿੱਚ ਕੁਝ ਸਿੱਖ ਸੰਗਠਨ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ।

ਸਥਾਨਕ ਮੀਡੀਆ ਓਟਾਵਾ ਸਿਟੀਜ਼ਨ ਦੇ ਅਨੁਸਾਰ, ਸਿੱਖ ਭਾਈਚਾਰੇ ਨਾਲ ਜੁੜੇ ਲੋਕਾਂ ਨੇ ਸ਼ਨੀਵਾਰ ਨੂੰ ਪਾਰਲੀਮੈਂਟ ਹਿੱਲ ਵਿਖੇ ਵਿਰੋਧ ਜਤਾਇਆ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਹੱਥਾਂ ‘ਚ ਖਾਲਿਸਤਾਨ ਸਮਰਥਨ ਵਾਲੇ ਝੰਡੇ ਸਨ।

ਪਿਛਲੇ ਹਫ਼ਤੇ, ਇਨ੍ਹਾਂ ਸਿੱਖ ਸੰਗਠਨਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਜੀ-7 ਦਾ ਸੱਦਾ ਵਾਪਸ ਲੈਣ ਦੀ ਅਪੀਲ ਕੀਤੀ ਸੀ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਕੈਨੇਡਾ ਅਤੇ ਸਿੱਖ ਫੈਡਰੇਸ਼ਨ ਕੈਨੇਡਾ ਵਰਗੇ ਸਮੂਹਾਂ ਦੇ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਭਾਰਤ ਨਿੱਝਰ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਸਹਿਯੋਗ ਨਹੀਂ ਕਰਦਾ ਅਤੇ ਕੈਨੇਡਾ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਅਤੇ ਕੈਨੇਡਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਨ ਦਾ ਵਾਅਦਾ ਨਹੀਂ ਕਰਦਾ, ਉਦੋਂ ਤੱਕ ਮੋਦੀ ਨੂੰ ਦਿੱਤਾ ਗਿਆ ਸੱਦਾ ਵਾਪਸ ਲੈ ਲਿਆ ਜਾਣਾ ਚਾਹੀਦਾ ਹੈ।

ਹਾਲਾਂਕਿ, ਭਾਰਤ ਸਰਕਾਰ ਨੇ ਅਤੀਤ ‘ਚ ਅਜਿਹੇ ਇਲਜ਼ਾਮਾਂ ਤੋਂ ਲਗਾਤਾਰ ਇਨਕਾਰ ਕੀਤਾ ਹੈ।

ਕੈਨੇਡਾ ਦੇ ਭਾਰਤ ਨਾਲ ਸਬੰਧ ਉਦੋਂ ਤਣਾਅਪੂਰਨ ਹੋ ਗਏ, ਜਦੋਂ ਸਾਲ 2023 ਵਿੱਚ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਜੂਨ, 2023 ਨੂੰ ਕੈਨੇਡਾ ਵਿੱਚ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤ ਸਰਕਾਰ ਦੇ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ।

ਭਾਰਤ ਸਰਕਾਰ ਨੇ ਨਿੱਝਰ ਦੇ ਕਤਲ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, X/VIRSA SINGH VALTOHA

ਭਾਰਤ ਕੈਨੇਡਾ ‘ਤੇ ਸਿੱਖ ਵੱਖਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਪ੍ਰਦਾਨ ਕਰਨ ਦਾ ਇਲਜ਼ਾਮ ਲਗਾਉਂਦਾ ਰਿਹਾ ਹੈ। ਭਾਰਤ ਨੇ 2020 ਵਿੱਚ ਹਰਦੀਪ ਸਿੰਘ ਨਿੱਝਰ ਨੂੰ ‘ਅੱਤਵਾਦੀ’ ਘੋਸ਼ਿਤ ਕੀਤਾ ਸੀ।

ਖ਼ਬਰ ਏਜੰਸੀ ਰਾਇਟਰਜ਼ ਦੇ ਅਨੁਸਾਰ, ਸਿੱਖ ਫੈਡਰੇਸ਼ਨ ਕੈਨੇਡਾ ਦੇ ਬੁਲਾਰੇ ਮੋਨਿੰਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ‘ਤੇ ਕੁਝ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ।

ਉਹ ਕਹਿੰਦੇ ਹਨ, “ਉਨ੍ਹਾਂ ਨਾਲ ਕੋਈ ਵੀ ਮੁਲਾਕਾਤ ਇਨ੍ਹਾਂ ਸ਼ਰਤਾਂ ‘ਤੇ ਹੋਣੀ ਚਾਹੀਦੀ ਹੈ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ, ਉਸ ਚੀਜ਼ ਦੀ ਜ਼ਿੰਮੇਵਾਰੀ ਲੈਣਗੇ ਜੋ ਹੁਣ ਤੱਕ ਸਾਹਮਣੇ ਆਈ ਹੈ, ਜੋ ਕਿ ਹੁਣ ਤੱਕ ਨਹੀਂ ਲਈ ਗਈ ਹੈ।”

ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਇੱਕ ਪੱਤਰ ਲਿਖ ਕੇ ਕੈਨੇਡੀਅਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦਿੱਤੇ ਗਏ ਸੱਦੇ ਨੂੰ ਰੱਦ ਕਰਨ।

ਇਹ ਵੀ ਪੜ੍ਹੋ-

ਗੁਰੂ ਨਾਨਕ ਸਿੱਖ ਗੁਰਦੁਆਰਾ, ਜਿੱਥੇ 2023 ਵਿੱਚ ਹਰਦੀਪ ਸਿੰਘ ਨਿੱਝਰ ਦਾ ਕਤਲ ਕੀਤਾ ਗਿਆ ਸੀ, ਨੇ ਕਿਹਾ ਕਿ ਉਹ ਇਸ ਸੱਦੇ ਤੋਂ ਨਿਰਾਸ਼ ਅਤੇ ਚਿੰਤਤ ਹਨ।

ਉਨ੍ਹਾਂ ਦੇ ਪੱਤਰ ਵਿੱਚ ਕਿਹਾ ਗਿਆ ਹੈ, “ਸਿੱਖ ਭਾਈਚਾਰਾ ਇਸ ਕੂਟਨੀਤਕ ਕਾਰਵਾਈ ਨੂੰ ਕੈਨੇਡਾ ਦੀ ਨਿਆਂ, ਨਾਗਰਿਕ ਸੁਰੱਖਿਆ ਅਤੇ ਰਾਸ਼ਟਰੀ ਪ੍ਰਭੂਸੱਤਾ ਪ੍ਰਤੀ ਵਚਨਬੱਧਤਾ ਨੂੰ ਕਮਜ਼ੋਰ ਕਰਨ ਵਾਲਾ ਮੰਨਦਾ ਹੈ, ਜੋ ਸ਼ਾਇਦ ਰਾਜ-ਪ੍ਰਯੋਜਿਤ ਹਿੰਸਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਪ੍ਰਤੀ ਸਹਿਣਸ਼ੀਲਤਾ ਨੂੰ ਦਰਸਾਉਂਦਾ ਹੈ।”

ਕੈਨੇਡਾ ਦੇ ਸਮੇਂ ਅਨੁਸਾਰ ਐਤਵਾਰ ਨੂੰ ਲੋਕ ਅਤੇ ਕਾਰਕੁੰਨ ਇੱਥੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾ ਰਹੇ ਹਨ।

ਕੈਨੇਡਾ ਦੇ ਅਧਿਕਾਰਤ ਨਿਊਜ਼ ਚੈਨਲ ਸੀਬੀਸੀ ਦੇ ਅਨੁਸਾਰ, ਸਮਾਜਿਕ ਕਾਰਕੁੰਨ ਸ਼ਨੀਵਾਰ ਨੂੰ ਅਲਬਰਟਾ ਦੇ ਕੈਲੇਗਰੀ ਵਿੱਚ ਇਕੱਠੇ ਹੋਏ ਅਤੇ ਐਤਵਾਰ ਨੂੰ ਹੋਣ ਵਾਲੇ ਪ੍ਰਦਰਸ਼ਨਾਂ ਲਈ ‘ਪੀਪਲਜ਼ ਫੋਰਮ’ ਦਾ ਆਯੋਜਨ ਕੀਤਾ।

ਕੈਨੇਡੀਅਨ ਸਿੱਖ ਫੈਡਰੇਸ਼ਨ ਦੇ ਬੁਲਾਰੇ ਮੋਨਿੰਦਰ ਸਿੰਘ ਨੇ ਕਿਹਾ, “ਚਰਚਾ ਦਾ ਵਿਸ਼ਾ ਇਹ ਰਿਹਾ ਹੈ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਦੇਸ਼ ਤੋਂ ਬਾਹਰ ਨਹੀਂ ਚਲੇ ਜਾਂਦੇ, ਉਦੋਂ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰੱਖੇ ਜਾਣ।”

‘ਮੋਦੀ ਦੀ ਫੇਰੀ ਵਿਸ਼ਵਾਸ ਬਹਾਲੀ ਦਾ ਮੌਕਾ’

ਪ੍ਰਧਾਨ ਮੰਤਰੀ ਮੋਦੀ

ਤਸਵੀਰ ਸਰੋਤ, Getty Images

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੇ ਗਏ ਸੱਦੇ ਨੂੰ ਬਹੁਤ ਸਾਰੇ ਲੋਕ ਇੱਕ ਮਹੱਤਵਪੂਰਨ ਕੂਟਨੀਤਕ ਪਹਿਲਕਦਮੀ ਅਤੇ ਭਾਰਤ-ਕੈਨੇਡਾ ਸਬੰਧਾਂ ਵਿੱਚ ਇੱਕ ਨਵੀਂ ਸੰਭਾਵਨਾ ਵਜੋਂ ਦੇਖ ਰਹੇ ਹਨ।

ਮਾਂਟਰੀਅਲ ਸਥਿਤ ਇੰਡੀਆ ਕੈਨੇਡਾ ਆਰਗੇਨਾਈਜ਼ੇਸ਼ਨ (ਆਈਸੀਓ) ਦੇ ਉਪ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ, “ਅਸੀਂ ਤੁਹਾਡਾ (ਮੋਦੀ) ਕੈਨੇਡਾ ਵਿੱਚ ਦਿਲੋਂ ਸਵਾਗਤ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਹਾਡੀ ਫੇਰੀ ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਅਤੇ ਸੰਪੰਨ ਬਣਾਏਗੀ।”

ਕੈਨੇਡਾ ਸਥਿਤ ਪੱਤਰਕਾਰ ਹਰਪ੍ਰੀਤ ਸਿੰਘ ਨੇ ਵੀ ਅਜਿਹੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ।

ਹਰਪ੍ਰੀਤ ਸਿੰਘ ਕਹਿੰਦੇ ਹਨ, “ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਹੈ, ਜੋ ਕਿ ਇੱਕ ਸਵਾਗਤਯੋਗ ਕਦਮ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਕੈਨੇਡਾ ਵਿਚਕਾਰ ਕੁਝ ਮੁੱਦੇ ਰਹੇ ਹਨ ਅਤੇ ਮੈਨੂੰ ਉਮੀਦ ਹੈ ਕਿ ਇਸ ਮੁਲਾਕਾਤ ਦੌਰਾਨ ਚੀਜ਼ਾਂ ਹੱਲ ਹੋ ਜਾਣਗੀਆਂ ਅਤੇ ਇੱਕ ਨਵਾਂ ਰਸਤਾ ਚੁਣਿਆ ਜਾਵੇਗਾ, ਜਿੱਥੇ ਦੋਵੇਂ ਦੇਸ਼ ਵਿਕਾਸ ਅਤੇ ਸੰਪੰਨ ਹੋਣਗੇ।”

ਉਨ੍ਹਾਂ ਅੱਗੇ ਕਿਹਾ, ”ਸਾਨੂੰ ਵਪਾਰ, ਤਕਨਾਲੋਜੀ ਅਤੇ ਨਿਵੇਸ਼ ਵਿੱਚ ਬਿਹਤਰ ਸਬੰਧ ਬਣਾਉਣ ਦੀ ਲੋੜ ਹੈ। ਭਾਰਤ ਅਤੇ ਕੈਨੇਡਾ ਦੋਵੇਂ ਸੰਪੰਨ ਹੋ ਸਕਦੇ ਹਨ।”

ਭਾਰਤ-ਕੈਨੇਡਾ ਸਬੰਧ

ਕੈਨੇਡਾ ਦੀ ਵਿਰੋਧੀ ਧਿਰ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਅਤੇ ਵੈਨਕੂਵਰ ਈਸਟ ਤੋਂ ਸੰਸਦ ਮੈਂਬਰ ਜੈਨੀ ਕਵਾਨ ਨੇ ਕਾਰਨੀ ਸਰਕਾਰ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ।

ਉਨ੍ਹਾਂ ਐਕਸ ‘ਤੇ ਲਿਖਿਆ, “ਮੋਦੀ ਲਈ ਰੈੱਡ ਕਾਰਪੇਟ ਵਿਛਾਉਣਾ ਸਹੀ ਨਹੀਂ ਹੈ ਕਿਉਂਕਿ ਭਾਰਤ ਕੈਨੇਡੀਅਨ ਅਧਿਕਾਰੀਆਂ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਕਤਲਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਦਾ ਹੈ। ਇਹ ਕਦਮ ਸਾਡੇ ਦੇਸ਼ ਵਿੱਚ ਦਖਲਅੰਦਾਜ਼ੀ ਅਤੇ ਹਿੰਸਾ ਲਈ ਵਿਦੇਸ਼ੀ ਸ਼ਕਤੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦਾ ਹੈ।

ਨਿਊ ਜਰਸੀ ਵਿੱਚ, ਗਲੋਬਲ ਇੰਡੀਅਨ ਡਾਇਸਪੋਰਾ ਅਲਾਇੰਸ ਦੇ ਪ੍ਰਧਾਨ ਐਚਐਸ ਪਨੇਸਰ ਨੇ ਇਸ ਦੌਰੇ ਦੀ ਸ਼ਲਾਘਾ ਕੀਤੀ ਅਤੇ ਇਸਨੂੰ “ਭਾਰਤ-ਕੈਨੇਡੀਅਨ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਅਤੇ ਮੁੜ ਨਿਰਮਾਣ ਕਰਨ ਲਈ ਇੱਕ ਮਹੱਤਵਪੂਰਨ ਪਲ” ਕਿਹਾ।

ਪਨੇਸਰ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ, “ਜੂਨ 2025 ਤੱਕ, ਪ੍ਰਧਾਨ ਮੰਤਰੀ ਮੋਦੀ ਦੀ ਜੀ-7 ਸੰਮੇਲਨ ਵਿੱਚ ਭਾਗੀਦਾਰੀ ਨੂੰ ਭਾਰਤੀ ਪਰਵਾਸੀ ਅਤੇ ਦੁਵੱਲੇ ਸਬੰਧਾਂ ਵਿੱਚ ਹਾਲ ਹੀ ਵਿੱਚ ਹੋਏ ਤਣਾਅ ਨੂੰ ਹੱਲ ਕਰਨ ਅਤੇ ਸੁਧਾਰਨ ਦੇ ਇੱਕ ਮਹੱਤਵਪੂਰਨ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ।”

ਮੋਦੀ ਦੀ ਫੇਰੀ ਤੋਂ ਬਹੁਤ ਸਾਰੀਆਂ ਉਮੀਦਾਂ

ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਪਿਛਲੇ ਮਹੀਨੇ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਫ਼ੋਨ ‘ਤੇ ਗੱਲ ਕੀਤੀ ਸੀ।

ਦੋਹਾਂ ਵਿਚਕਾਰ ਦੁਵੱਲੇ ਆਰਥਿਕ ਸਹਿਯੋਗ ਨੂੰ ਡੂੰਘਾ ਕਰਨ ਅਤੇ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਹੋਈ ਸੀ।

ਭਾਰਤ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀਆਂ ਦੀ ਜੀ-7 ਕੈਨੇਡਾ ਸੰਮੇਲਨ ਦੌਰਾ ਮੁਲਾਕਾਤ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ।

ਇੱਕ ਪ੍ਰੈਸ ਬ੍ਰੀਫਿੰਗ ਵਿੱਚ ਰਣਧੀਰ ਜੈਸਵਾਲ ਨੇ ਕਿਹਾ, “ਦੋਵਾਂ ਆਗੂਆਂ ਵਿਚਕਾਰ ਹੋਣ ਵਾਲੀ ਮੁਲਾਕਾਤ ਆਪਸੀ ਸਤਿਕਾਰ, ਸਾਂਝੇ ਹਿੱਤਾਂ ਅਤੇ ਇੱਕ-ਦੂਜੇ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲਤਾ ਦੇ ਅਧਾਰ ‘ਤੇ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਦੇ ਤਰੀਕੇ ਲੱਭਣ ਵਿੱਚ ਸਹਾਇਤਾ ਕਰੇਗੀ।”

ਬਲੂਮਬਰਗ ਦੀ ਇੱਕ ਰਿਪੋਰਟ ਮੁਤਾਬਕ, ਭਾਰਤ ਅਤੇ ਕੈਨੇਡਾ ਨੇ ਅੱਤਵਾਦ ਅਤੇ ਅਪਰਾਧ ਬਾਰੇ ਖੁਫੀਆ ਜਾਣਕਾਰੀ ਸਾਂਝੀ ਕਰਨ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ।

ਇਸ ਰਿਪੋਰਟ ਦੇ ਅਨੁਸਾਰ, “ਕੈਨੇਡਾ ਅਤੇ ਭਾਰਤ ਦੀਆਂ ਸਰਕਾਰਾਂ ਸਰਹੱਦ ਪਾਰ ਅਪਰਾਧਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਇੱਕ ਨਵੀਂ ਵਿਵਸਥਾ ਬਣਾਉਣ ਜਾ ਰਹੀਆਂ ਹਨ। ਇਹ ਸਬੰਧਾਂ ਨੂੰ ਮੁੜ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਨਵਾਂ ਕਦਮ ਹੈ।”

ਇਸ ਰਿਪੋਰਟ ਵਿੱਚ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ “ਨਵੀਂ ਵਿਵਸਥਾ, ਜਿਸ ਵਿੱਚ ਦੋਵਾਂ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸ਼ਾਮਲ ਹਨ, ਉਨ੍ਹਾਂ ਨੂੰ ਅੰਤਰਰਾਸ਼ਟਰੀ ਅਪਰਾਧ ਅਤੇ ਸਿੰਡੀਕੇਟ, ਅੱਤਵਾਦ ਅਤੇ ਕੱਟੜਪੰਥੀ ਗਤੀਵਿਧੀਆਂ ਬਾਰੇ ਖੁਫੀਆ ਜਾਣਕਾਰੀ ਸਾਂਝੀ ਕਰਨ ਦੀ ਆਗਿਆ ਦੇਵੇਗੀ।”

ਕੀ ਭਾਰਤ-ਕੈਨੇਡਾ ਸਬੰਧ ਸੁਧਰਨਗੇ?

ਭਾਰਤ-ਕੈਨੇਡਾ ਸਬੰਧ

ਤਸਵੀਰ ਸਰੋਤ, Getty Images

ਹਾਲ ਹੀ ਵਿੱਚ ਹੋਏ ਜੀ-7 ਸੰਮੇਲਨ ਨੂੰ ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ, ਪਰ ਨਿੱਝਰ ਦੇ ਕਤਲ ਦੀ ਗੁੱਥੀ ਅਜੇ ਵੀ ਪੂਰੀ ਤਰ੍ਹਾਂ ਨਹੀਂ ਸੁਲਝੀ ਹੈ।

ਭਾਰਤ ਤੋਂ ਬਾਅਦ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਸਿੱਖ ਆਬਾਦੀ ਕੈਨੇਡਾ ਵਿੱਚ ਰਹਿੰਦੀ ਹੈ। ਇੱਥੇ ਲਗਭਗ 8 ਲੱਖ ਸਿੱਖ ਰਹਿੰਦੇ ਹਨ, ਜੋ ਕਿ ਕੁੱਲ ਆਬਾਦੀ ਦਾ 2.1 ਫ਼ੀਸਦ ਹਨ। ਸਾਲ 2021 ਦੀ ਜਨਗਣਨਾ ਦੇ ਅਨੁਸਾਰ, ਸਿੱਖ ਧਰਮ ਕੈਨੇਡਾ ਵਿੱਚ ਚੌਥਾ ਸਭ ਤੋਂ ਵੱਡਾ ਧਰਮ ਹੈ।

ਸਿੱਖਾਂ ਦੇ ਇਸ ਭਾਈਚਾਰੇ ਵਿੱਚ ਖਾਲਿਸਤਾਨ ਪੱਖੀ ਕਾਰਕੁਨ ਵੀ ਸ਼ਾਮਲ ਹਨ, ਜੋ ਭਾਰਤ ਤੋਂ ਵੱਖ ਹੋ ਕੇ ਸਿੱਖ-ਪ੍ਰਮੁੱਖ ਖਾਲਿਸਤਾਨ ਦੀ ਮੰਗ ਕਰਦੇ ਹਨ।

ਭਾਰਤ ਨੇ ਇਸ ਮੰਗ ਦਾ ਸਮਰਥਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ, ਕੈਨੇਡਾ ਨੇ ਭਾਰਤ ‘ਤੇ ਕੈਨੇਡੀਅਨ ਧਰਤੀ ‘ਤੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾ ਕੇ ਇੱਕ ਵਿਸ਼ਾਲ ਮੁਹਿੰਮ ਚਲਾਉਣ ਦਾ ਇਲਜ਼ਾਮ ਲਗਾਇਆ ਹੈ।

ਕੈਨੇਡਾ ਦੇ ਸਾਬਕਾ ਡਿਪਲੋਮੈਟ ਡੇਵਿਡ ਮੈਕਿਨਨ ਦਾ ਮੰਨਣਾ ਹੈ ਕਿ ਮੋਦੀ ਨੂੰ ਜੀ-7 ਸੰਮੇਲਨ ਦਾ ਸੱਦਾ ਦੇ ਕੇ ਕਾਰਨੀ ਨੇ ਸਹੀ ਫੈਸਲਾ ਲਿਆ ਹੈ।

ਡੇਵਿਡ ਮੈਕਿਨਨ ਨੇ ਜਰਮਨ ਬਰਾਡਕਾਸਟਰ ਡੀਡਬਲਯੂ ਨੂੰ ਕਿਹਾ, “ਕੈਨੇਡਾ ਵਿੱਚ ਅਤੇ ਖਾਸ ਕਰਕੇ ਲਿਬਰਲ ਪਾਰਟੀ ਦੇ ਅੰਦਰ ਇਸ ਫੈਸਲੇ ਦੀ ਰਾਜਨੀਤੀ ਆਸਾਨ ਨਹੀਂ ਸੀ, ਪਰ ਕਾਰਨੀ ਨੇ ਸਹੀ ਫੈਸਲਾ ਲਿਆ। ਇਹ ਵੀ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਇਲੀਵਰ ਨੇ ਤੁਰੰਤ ਇਸਦਾ ਸਵਾਗਤ ਕੀਤਾ।”

ਹਾਲਾਂਕਿ, ਮੈਕਿਨਨ ਨੇ ਕਿਹਾ ਕਿ ਇਹ ਕਹਿਣਾ ਬਹੁਤ ਜਲਦੀ ਹੋਵੇਗਾ ਕਿ ਦੋਵਾਂ ਧਿਰਾਂ ਵਿਚਕਾਰ ਸਭ ਕੁਝ ਠੀਕ ਹੋ ਜਾਵੇਗਾ।

ਕੈਨੇਡਾ ਦੇ ਸਾਬਕਾ ਸਿਹਤ ਮੰਤਰੀ ਉੱਜਲ ਦੋਸਾਂਝ ਦਾ ਮੰਨਣਾ ਹੈ ਕਿ ਜੀ-7 ਭਾਰਤ ਅਤੇ ਕੈਨੇਡਾ ਦੇ ਤਣਾਅਪੂਰਨ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਲਈ ਇੱਕ ਬਹੁਤ ਜ਼ਰੂਰੀ ਮੌਕਾ ਪ੍ਰਦਾਨ ਕਰਦਾ ਹੈ, ਖਾਸ ਕਰਕੇ ਖਾਲਿਸਤਾਨ ਦੇ ਮੁੱਦੇ ‘ਤੇ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਕਾਰਨ।

ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਦੋਸਾਂਝ ਕਹਿੰਦੇ ਹਨ, “ਆਗੂ ਨੂੰ ਪਤਾ ਹੈ ਕਿ ਕਿਸੇ ਦੇਸ਼ ਨਾਲ ਕੋਈ ਸਮੱਸਿਆ ਹੋਣ ‘ਤੇ ਵੀ ਉਸਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਹ ਆਪਸ ਵਿੱਚ ਸਬੰਧਾਂ ਨੂੰ ਬਹਾਲ ਕਰਨ ਦੇ ਤਰੀਕੇ ਲੱਭ ਲੈਂਦੇ ਹਨ। ਅਜਿਹਾ ਲਗਦਾ ਹੈ ਕਿ ਕਾਰਨੀ ਵੀ ਇਹੀ ਤਰੀਕਾ ਅਪਣਾ ਰਹੇ ਹਨ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI