Source :- BBC PUNJABI

ਤਸਵੀਰ ਸਰੋਤ, Getty Images
ਸੁਨੀਲ ਗਾਵਸਕਰ ਆਪਣੀ ਕਿਤਾਬ ‘ਸਨੀ ਡੇਜ਼’ ਵਿੱਚ ਲਿਖਦੇ ਹਨ, “ਜਿਸ ਤਰ੍ਹਾਂ ਮੋਹਿੰਦਰ ਅਮਰਨਾਥ ਨੇ 1982-83 ਵਿੱਚ ਪਾਕਿਸਤਾਨ ਅਤੇ ਵੈਸਟਇੰਡੀਜ਼ ਵਿੱਚ ਤੇਜ਼ ਗੇਂਦਬਾਜ਼ਾਂ ਨਾਲ ਖੇਡਿਆ ਸੀ, ਉਸ ਨੂੰ ਇੱਕ ਫਿਲਮ ਵਿੱਚ ਉਤਾਰ ਕੇ ਹਮੇਸ਼ਾ ਲਈ ਸਹੇਜ ਕੇ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਦਿਖਾਇਆ ਕਿ ਦੁਨੀਆਂ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ਨੂੰ ਨਾ ਸਿਰਫ਼ ਸਫਲਤਾਪੂਰਵਕ ਖੇਡਿਆ ਜਾ ਸਕਦਾ ਹੈ, ਸਗੋਂ ਹਮਲਾਵਰ ਬੱਲੇਬਾਜ਼ੀ ਵੀ ਕੀਤੀ ਜਾ ਸਕਦੀ ਹੈ।”
ਗਾਵਸਕਰ ਕਹਿੰਦੇ ਹਨ ਕਿ ਅਮਰਨਾਥ ਦੀ ਇੱਕ ਹੋਰ ਖੂਬੀ ਜੋ ਉਨ੍ਹਾਂ ਨੂੰ ਦੂਜੇ ਬੱਲੇਬਾਜ਼ਾਂ ਤੋਂ ਵੱਖਰਾ ਕਰਦੀ ਸੀ, ਉਹ ਇਹ ਸੀ ਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਕਿਹੜੀ ਗੇਂਦ ਨਹੀਂ ਖੇਡੀ ਜਾਣੀ ਚਾਹੀਦੀ ਅਤੇ ਉਸ ਨੂੰ ਛੱਡਣਾ ਚਾਹੀਦਾ ਹੈ।
ਹਾਲ ਹੀ ਵਿੱਚ ਮੋਹਿੰਦਰ ਅਮਰਨਾਥ ਦੀ ਆਤਮਕਥਾ ‘ਫੀਅਰਲੈੱਸ, ਏ ਮੈਮੋਇਰ’ ਪ੍ਰਕਾਸ਼ਿਤ ਹੋਈ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਕ੍ਰਿਕਟ ਜੀਵਨ ਦੇ ਕੁਝ ਅਣਛੂਹੇ ਪਹਿਲੂ ਸਾਂਝਾ ਕੀਤੇ ਹਨ।

ਪਿਛਲੀ ਜੇਬ ਵਿੱਚ ਲਾਲ ਰੁਮਾਲ
ਮੋਹਿੰਦਰ ਅਮਰਨਾਥ ਦੀ ਸ਼ਖ਼ਸੀਅਤ ਦਾ ਇੱਕ ਵੱਡਾ ਹਿੱਸਾ ਉਹ ਲਾਲ ਰੁਮਾਲ ਸੀ ਜਿਸ ਨੂੰ ਉਹ ਹਮੇਸ਼ਾ ਆਪਣੀ ਪੈਂਟ ਦੀ ਪਿਛਲੀ ਜੇਬ ਵਿੱਚ ਰੱਖਦੇ ਸਨ।
ਮੋਹਿੰਦਰ ਆਪਣੀ ਆਤਮਕਥਾ ਵਿੱਚ ਲਿਖਦੇ ਹਨ, “ਜਦੋਂ ਵੀ ਮੈਂ ਆਪਣਾ ਕਿਟਬੈਗ ਤਿਆਰ ਕਰਦਾ ਸੀ, ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਰੁਮਾਲ ਨੂੰ ਚੰਗੀ ਤਰ੍ਹਾਂ ਤੈਹ ਕਰਦਾ ਸੀ। ਇਸ ਤੋਂ ਇਲਾਵਾ, ਪੁਰਾਣੇ ਹੋ ਜਾਣ ਅਤੇ ਟੁੱਟ ਜਾਣ ਦੇ ਬਾਵਜੂਦ ਵੀ ਮੈਂ ਕਈ ਸਾਲਾਂ ਤੋਂ ਆਪਣਾ ਹੈਲਮੇਟ ਨਹੀਂ ਬਦਲਿਆ ਸੀ।”
“1981 ਵਿੱਚ ਆਸਟ੍ਰੇਲੀਆ ਵਿੱਚ ਮੈਨੂੰ ਦਿੱਤੀ ਗਈ ਅੱਧੀ ਬਾਹਾਂ ਵਾਲੀ ਕਮੀਜ਼ ਵੀ ਮੇਰੀ ਸ਼ਖਸੀਅਤ ਦਾ ਹਿੱਸਾ ਬਣ ਗਈ ਸੀ। ਇਹ ਇੱਕ ਰਿੰਕਲ ਫ੍ਰੀ ਕਮੀਜ਼ ਸੀ ਜਿਸ ਨੂੰ ਮੈਂ ਹਰ ਰੋਜ਼ ਡ੍ਰੈਸਿੰਗ ਰੂਮ ਵਿੱਚ ਧੋਂਦਾ ਸੀ ਤਾਂ ਜੋ ਮੈਂ ਇਸ ਨੂੰ ਅਗਲੇ ਦਿਨ ਪਹਿਨ ਸਕਾਂ।”
ਮੋਹਿੰਦਰ ਲਿਖਦੇ ਹਨ, “ਮੈਂ ਹਮੇਸ਼ਾ ਉਹੀ ਦਸਤਾਨੇ ਪਹਿਨਦਾ ਸੀ ਜੋ ਮੈਂ ਪਾਕਿਸਤਾਨ ਦੌਰੇ ਤੋਂ ਬਾਅਦ ਪਹਿਨਦਾ ਆ ਰਿਹਾ ਸੀ। ਮੇਰੇ ਕੋਲ ਆਪਣੇ ਪੈਡ ਸਨ ਪਰ ਮੈਂ ਹਮੇਸ਼ਾ ਮਦਨ ਲਾਲ ਦੁਆਰਾ ਦਿੱਤੇ ਗਏ ਪੈਡ ਪਹਿਨ ਕੇ ਹੀ ਮੈਦਾਨ ਵਿੱਚ ਜਾਂਦਾ ਸੀ। ਸਿਰਫ਼ ਜੋ ਚੀਜ਼ਾਂ ਮੈਂ ਬਦਲਦਾ ਸੀ, ਉਹ ਸਨ ਮੇਰੇ ਮੋਜ਼ੇ ਅਤੇ ਅੰਡਰਪੈਂਟਸ।”

ਤਸਵੀਰ ਸਰੋਤ, Getty Images
ਮਾਰਸ਼ਲ ਦੀ ਗੇਂਦ ਨਾਲ ਲੱਗੀ ਸੱਟ
1983 ਦੇ ਵੈਸਟਇੰਡੀਜ਼ ਦੌਰੇ ਦੌਰਾਨ, ਮੈਲਕਮ ਮਾਰਸ਼ਲ ਰਾਊਂਡ ਦਿ ਵਿਕਟ ਆਕੇ ਭਾਰਤੀ ਬੱਲੇਬਾਜ਼ਾਂ ਦੀਆਂ ਪਸਲੀਆਂ ਅਤੇ ਮੂੰਹ ਨੂੰ ਨਿਸ਼ਾਨਾ ਬਣਾ ਰਹੇ ਸਨ।
ਜਦੋਂ ਮੋਹਿੰਦਰ ਮਾਰਸ਼ਲ ਦੀ ਗੇਂਦ ਨੂੰ ਹੁੱਕ ਕਰਨ ਲਈ ਗਏ, ਤਾਂ ਇਹ ਉਮੀਦ ਨਾਲੋਂ ਤੇਜ਼ ਆਈ। ਗੇਂਦ ਪਹਿਲਾਂ ਮੋਹਿੰਦਰ ਦੇ ਦਸਤਾਨਿਆਂ ਨੂੰ ਛੂਹ ਗਈ ਅਤੇ ਫਿਰ ਸਿੱਧੀ ਉਨ੍ਹਾਂ ਦੇ ਚਿਹਰੇ ‘ਤੇ ਵੱਜੀ। ਉਸ ਗੇਂਦ ਦੀ ਗਤੀ 140 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਤੇਜ਼ ਸੀ।

ਤਸਵੀਰ ਸਰੋਤ, Getty Images
ਮੋਹਿੰਦਰ ਲਿਖਦੇ ਹਨ, “ਮੈਨੂੰ ਇੰਝ ਲੱਗਾ ਜਿਵੇਂ ਕਿਸੇ ਲੁਹਾਰ ਨੇ ਮੇਰੇ ਉੱਪਰਲੇ ਬੁੱਲ੍ਹ ਨੂੰ ਬਲਦੇ ਹੋਏ ਲੋਹੇ ਨੂੰ ਛੂਹਿਆ ਹੋਵੇ। ਫਿਰ ਮੈਂ ਦੇਖਿਆ ਕਿ ਮੇਰੇ ਚਿਹਰੇ ਤੋਂ ਖੂਨ ਨਿਕਲਣ ਲੱਗਿਆ। ਕੁਝ ਸਕਿੰਟਾਂ ਵਿੱਚ ਹੀ, ਮੇਰੇ ਦਸਤਾਨੇ ਅਤੇ ਕਮੀਜ਼ ਖੂਨ ਨਾਲ ਭਰ ਗਏ।”
”ਮੈਨੂੰ ਆਪਣੀ ਸੱਟ ਨਾਲੋਂ ਜ਼ਿਆਦਾ ਚਿੰਤਾ ਆਪਣੀ ਲਕੀ ਕਮੀਜ਼ ‘ਤੇ ਪਏ ਖੂਨ ਦੇ ਧੱਬਿਆਂ ਦੀ ਸੀ। ਜਿਵੇਂ ਹੀ ਮੈਂ ਡਰੈਸਿੰਗ ਰੂਮ ਪਹੁੰਚਿਆ, ਮੈਂ ਦਰਦ ਦੀ ਪਰਵਾਹ ਕੀਤੇ ਬਿਨਾਂ ਆਪਣੀ ਕਮੀਜ਼ ਧੋਣੀ ਸ਼ੁਰੂ ਕਰ ਦਿੱਤੀ।”
ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਤਾਂ ਡਾਕਟਰ ਨੇ ਉਨ੍ਹਾਂ ਦੀ ਸੱਟ ‘ਤੇ 12 ਟਾਂਕੇ ਲਗਾਏ। ਉਨ੍ਹਾਂ ਦਾ ਜਬਾੜਾ ਠੀਕ ਸੀ, ਪਰ ਅਗਲੇ ਦੋਵੇਂ ਦੰਦ ਅੱਧੇ ਟੁੱਟੇ ਹੋਏ ਸਨ।
ਥੌਮਸਨ, ਇਮਰਾਨ ਅਤੇ ਹੈਡਲੀ ਨੇ ਵੀ ਜ਼ਖਮੀ ਕੀਤਾ

ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ ਵੀ, 1977 ਵਿੱਚ ਆਸਟ੍ਰੇਲੀਆ ਦੌਰੇ ਦੌਰਾਨ, ਜੈਫ ਥੌਮਸਨ ਨੇ ਪਰਥ ਟੈਸਟ ਵਿੱਚ ਮੋਹਿੰਦਰ ਅਮਰਨਾਥ ਦੀਆਂ ਪਸਲੀਆਂ ਲਗਭਗ ਤੋੜ ਦਿੱਤੀਆਂ ਸਨ। ਇਹ ਸੱਟ ਇੰਨੀ ਗੰਭੀਰ ਸੀ ਕਿ ਮੋਹਿੰਦਰ ਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ। ਉਨ੍ਹਾਂ ਨੂੰ ਲੱਗਿਆ ਸੀ ਉਹ ਦਮ ਘੁਟਣ ਨਾਲ ਮਰ ਜਾਣਗੇ।
ਇਸ ਤੋਂ ਬਾਅਦ ਲਾਹੌਰ ਵਿੱਚ ਇਮਰਾਨ ਖਾਨ ਦਾ ਬਾਊਂਸਰ ਉਨ੍ਹਾਂ ਦੇ ਸਿਰ ਵਿੱਚ ਲੱਗਿਆ ਸੀ। ਇੰਗਲੈਂਡ ਵਿੱਚ, ਰਿਚਰਡ ਹੈਡਲੀ ਦੇ ਬਾਊਂਸਰ ਨਾਲ ਸਿਰ ‘ਤੇ ਸੱਟ ਲੱਗਣ ਤੋਂ ਬਾਅਦ ਉਹ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਦੇ ਸਿਰ ਵਿੱਚ ਹੇਅਰਲਾਈਨ ਫ੍ਰੈਕਚਰ ਹੋ ਗਿਆ ਸੀ।
ਮੋਹਿੰਦਰ ਅਮਰਨਾਥ ਦੇ ਪਿਤਾ ਲਾਲਾ ਅਮਰਨਾਥ ਨੇ ਆਪਣੇ ਪਹਿਲੇ ਹੀ ਟੈਸਟ ਵਿੱਚ ਇੰਗਲੈਂਡ ਵਿਰੁੱਧ ਸੈਂਕੜਾ ਜੜਿਆ ਸੀ। ਉਨ੍ਹਾਂ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਅੰਗਰੇਜ਼ੀ ਨਾਮ ਦਿੱਤੇ ਸਨ। ਸੁਰੇਂਦਰ ਅਮਰਨਾਥ ਨੂੰ ‘ਟੌਮ’, ਰਾਜੇਂਦਰ ਅਮਰਨਾਥ ਦਾ ‘ਜੌਨ’ ਅਤੇ ਮਹਿੰਦਰ ਅਮਰਨਾਥ ਨੂੰ ‘ਜਿਮੀ’ ਨਾਮ ਦਿੱਤਾ ਗਿਆ ਸੀ।

ਮੋਹਿੰਦਰ ਅਮਰਨਾਥ ਲਿਖਦੇ ਹਨ, “ਮੇਰੇ ਪਿਤਾ ਜੀ ਮੈਨੂੰ ਅਤੇ ਮੇਰੇ ਭਰਾ ਨੂੰ ਸਵੇਰੇ 5:30 ਵਜੇ ਜਗਾ ਦਿੰਦੇ ਸਨ। ਅਸੀਂ ਗਿੱਲੇ ਘਾਹ ‘ਤੇ ਬੂਟਾਂ ਅਤੇ ਪੈਡਾਂ ਤੋਂ ਬਿਨਾਂ ਅਭਿਆਸ ਕਰਦੇ ਸੀ। ਸਾਨੂੰ ਜਲਦੀ ਹੀ ਗਿੱਲੇ ਘਾਹ ‘ਤੇ ਸਕਿਡ ਕਰਦੀ ਗੇਂਦ ‘ਤੇ ਆਪਣੇ ਬੱਲੇ ਦੀ ਵਰਤੋਂ ਕਰਨ ਦੀ ਮਹੱਤਤਾ ਸਮਝ ਆ ਗਈ ਸੀ। ਬੱਲੇ ਤੋਂ ਖੁੰਝਣ ਵਾਲੀ ਗੇਂਦ ਸਿੱਧੀ ਸਾਡੀਆਂ [ਪਿੰਡਲੀਆਂ ‘ਤੇ ਲੱਗਦੀ ਸੀ ਅਤੇ ਸਾਡੇ ਪੂਰੇ ਸਰੀਰ ਵਿੱਚ ਦਰਦ ਦੀ ਲਹਿਰ ਦੌੜ ਜਾਂਦੀ ਸੀ।”
ਮੋਹਿੰਦਰ ਲਿਖਦੇ ਹਨ, “ਸਾਨੂੰ ਤਿੰਨਾਂ ਭਰਾਵਾਂ ਨੂੰ ਵੀਹ ਲੀਟਰ ਵਾਲੇ ਸਪ੍ਰਿੰਕਲਰ ਨਾਲ ਪੌਦਿਆਂ ਨੂੰ ਪਾਣੀ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸਦਾ ਇੱਕ ਫਾਇਦਾ ਇਹ ਹੋਇਆ ਕਿ ਸਾਡੀਆਂ ਬਾਹਾਂ ਮਜ਼ਬੂਤ ਹੋ ਗਈਆਂ। ਸਾਡੇ ਪਿਤਾ ਸਾਡੇ ਕੋਲੋਂ ਭਾਰੀ ਗਮਲੇ ਇੱਕ ਥਾਂ ਤੋਂ ਦੂਜੀ ਥਾਂ ਰਖਵਾਉਂਦੇ ਸਨ, ਜਿਸ ਨਾਲ ਸਾਡੀ ਪਿੱਠ, ਗੁੱਟ, ਬਾਹਾਂ ਅਤੇ ਮੋਢੇ ਮਜ਼ਬੂਤ ਹੋਏ।”
ਸੱਤ ਸਾਲਾਂ ਬਾਅਦ ਖੇਡੇ ਦੂਜਾ ਟੈਸਟ ਮੈਚ

ਤਸਵੀਰ ਸਰੋਤ, Getty Images
ਮੋਹਿੰਦਰ ਅਮਰਨਾਥ ਨੇ 19 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਵਿਰੁੱਧ ਮਦਰਾਸ ਟੈਸਟ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ।
ਆਪਣੇ ਪਹਿਲੇ ਹੀ ਟੈਸਟ ਵਿੱਚ ਉਨ੍ਹਾਂ ਨੇ ਦੋ ਮਹਾਨ ਆਸਟ੍ਰੇਲੀਆਈ ਬੱਲੇਬਾਜ਼ ਕੀਥ ਸਟੈਕਪੋਲ ਅਤੇ ਇਆਨ ਚੈਪਲ ਨੂੰ ਕਲੀਨ ਬੋਲਡ ਕੀਤਾ ਸੀ ਪਰ ਇਸ ਤੋਂ ਬਾਅਦ ਮੋਹਿੰਦਰ ਨੂੰ ਭੁਲਾ ਦਿੱਤਾ ਗਿਆ।
ਉਨ੍ਹਾਂ ਨੂੰ ਆਪਣੇ ਅਗਲੇ ਟੈਸਟ ਲਈ ਸੱਤ ਸਾਲ ਤੱਕ ਉਡੀਕ ਕਰਨੀ ਪਈ। ਉਹ ਪਹਿਲਾਂ ਨਿਊਜ਼ੀਲੈਂਡ ਦੇ ਦੌਰੇ ‘ਤੇ ਗਏ ਅਤੇ ਫਿਰ ਉੱਥੋਂ ਵੈਸਟਇੰਡੀਜ਼ ਗਏ।

ਵੈਸਟ ਇੰਡੀਜ਼ ਵਿੱਚ, ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੁਨੀਆਂ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ, ਮਾਈਕਲ ਹੋਲਡਿੰਗ ਅਤੇ ਐਂਡੀ ਰੌਬਰਟਸ ਦੇ ਖਿਲਾਫ ਖੇਡਣ ਦਾ ਮੌਕਾ ਮਿਲਿਆ। ਮੋਹਿੰਦਰ ਨੂੰ ਉਸ ਸੀਰੀਜ਼ ਵਿੱਚ ਉਨ੍ਹਾਂ ਦੇ ਭਰਾ ਸੁਰਿੰਦਰ ਅਮਰਨਾਥ ਦੀ ਮਾੜੀ ਫਾਰਮ ਕਾਰਨ ਤੀਜੇ ਨੰਬਰ ‘ਤੇ ਪ੍ਰਮੋਟ ਕਰ ਦਿੱਤਾ ਗਿਆ ਸੀ।
ਸੁਨੀਲ ਗਾਵਸਕਰ ਲਿਖਦੇ ਹਨ, “ਇੱਕ ਟੈਸਟ ਵਿੱਚ ਮੈਂ ਦੂਜੇ ਸਿਰੇ ‘ਤੇ ਬੱਲੇਬਾਜ਼ੀ ਕਰ ਰਿਹਾ ਸੀ। ਮੈਨੂੰ ਯਾਦ ਹੈ ਕਿ ਮਾਈਕਲ ਹੋਲਡਿੰਗ ਦੀ ਇੱਕ ਗੇਂਦ ਅਚਾਨਕ ਤੇਜ਼ੀ ਨਾਲ ਉੱਪਰ ਉੱਠੀ ਅਤੇ ਮੋਹਿੰਦਰ ਦੀ ਛਾਤੀ ‘ਤੇ ਲੱਗੀ। ਮੋਹਿੰਦਰ ਨੇ ਉਸ ਜਗ੍ਹਾ ਨੂੰ ਰਗੜਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਿੱਥੇ ਗੇਂਦ ਉਨ੍ਹਾਂ ਨੂੰ ਮਿਜ਼ਾਈਲ ਵਾਂਗ ਜਾ ਲੱਗੀ ਸੀ।”
”ਜਦੋਂ ਮੈਂ ਉਨ੍ਹਾਂ ਨੂੰ ਪੁੱਛਣ ਲਈ ਗਿਆ ਕਿ ਕੀ ਉਹ ਠੀਕ ਹਨ, ਤਾਂ ਉਨ੍ਹਾਂ ਨੇ ਸ਼ਰਮਾਉਂਦੇ ਹੋਏ ਜਵਾਬ ਦਿੱਤਾ ਕਿ ਉਸ ਨੂੰ ਕੁਝ ਨਹੀਂ ਹੋਇਆ ਪਰ ਮੈਂ ਸਮਝ ਸਕਦਾ ਸੀ ਕਿ ਉਸ ਨੂੰ ਕਿੰਨਾ ਦਰਦ ਹੋ ਰਿਹਾ ਹੋਵੇਗਾ।”
ਤੇਜ਼ ਗੇਂਦਬਾਜ਼ੀ ਦਾ ਕੋਈ ਖੌਫ਼ ਨਹੀਂ

ਤਸਵੀਰ ਸਰੋਤ, Getty Images
ਕਿੰਗਸਟਨ ਟੈਸਟ ਵਿੱਚ, ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਜ਼ਖਮੀ ਕਰਨ ਦੇ ਉਦੇਸ਼ ਨਾਲ ਗੇਂਦਬਾਜ਼ੀ ਕੀਤੀ।
ਅਮਰਨਾਥ ਲਿਖਦੇ ਹਨ, “ਜਦੋਂ ਵੀ ਗੇਂਦ ਬੱਲੇਬਾਜ਼ ਦੇ ਸਰੀਰ ਨਾਲ ਟਕਰਾਉਂਦੀ, ਦਰਸ਼ਕ ਅਤੇ ਫੀਲਡਰ ਦੋਵੇਂ ਗੇਂਦਬਾਜ਼ ਦੀ ਪ੍ਰਸ਼ੰਸਾ ਕਰਦੇ। ਪੂਰਾ ਸਟੇਡੀਅਮ ‘ਗੇਟ ਹਿਮ’ ਦੇ ਨਾਅਰਿਆਂ ਨਾਲ ਗੂੰਜ ਉੱਠਦਾ। ਅਜਿਹਾ ਲੱਗ ਰਿਹਾ ਸੀ ਜਿਵੇਂ ਅਸੀਂ ਪ੍ਰਾਚੀਨ ਰੋਮ ਦੇ ਕੋਲੋਸੀਅਮ ਵਿੱਚ ਖੜ੍ਹੇ ਹਾਂ, ਜਿੱਥੇ ਹਜ਼ਾਰਾਂ ਦਰਸ਼ਕ ਗਲੈਡੀਏਟਰਾਂ ਨੂੰ ਆਪਣੇ ਵਿਰੋਧੀ ਨੂੰ ਮਾਰਨ ਲਈ ਉਕਸਾ ਰਹੇ ਸਨ।”
”ਇਹ ਸਭ ਦੇਖ ਰਹੇ ਦੋਵੇਂ ਅੰਪਾਇਰ ਮੂਕ ਦਰਸ਼ਕਾਂ ਵਾਂਗ ਖੜ੍ਹੇ ਰਹੇ ਅਤੇ ਤੇਜ਼ ਗੇਂਦਬਾਜ਼ਾਂ ਨੂੰ ਉਨ੍ਹਾਂ ਦੀ ਖ਼ਤਰਨਾਕ ਖੇਡ ਲਈ ਇੱਕ ਵਾਰ ਵੀ ਚੇਤਾਵਨੀ ਨਹੀਂ ਦਿੱਤੀ।”
ਮੋਹਿੰਦਰ ਲਿਖਦੇ ਹਨ ਕਿ ਦੂਜੇ ਦਿਨ ਦੇ ਖੇਡ ਦੇ ਪਹਿਲੇ ਸੈਸ਼ਨ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ‘ਅਸੀਂ ਕ੍ਰਿਕਟ ਨਹੀਂ ਖੇਡ ਰਹੇ ਸਗੋਂ ਇੱਕ ਜੰਗ ਲੜ ਰਹੇ ਹਾਂ।’
ਇਸ ਦੇ ਬਾਵਜੂਦ, ਭਾਰਤੀ ਟੀਮ ਨੇ 6 ਵਿਕਟਾਂ ‘ਤੇ 306 ਦੌੜਾਂ ਬਣਾਈਆਂ ਅਤੇ ਕਪਤਾਨ ਬਿਸ਼ਨ ਬੇਦੀ ਨੂੰ ਆਪਣੀ ਪਾਰੀ ਘੋਸ਼ਿਤ ਕਰਨੀ ਪਈ ਕਿਉਂਕਿ ਬਾਕੀ ਬੱਲੇਬਾਜ਼ ਜ਼ਖਮੀ ਸਨ ਅਤੇ ਖੇਡਣ ਦੀ ਹਾਲਤ ਵਿੱਚ ਨਹੀਂ ਸਨ।
ਭਾਰਤ ਇਹ ਟੈਸਟ 10 ਵਿਕਟਾਂ ਨਾਲ ਹਾਰ ਗਿਆ ਪਰ ਮੋਹਿੰਦਰ ਨੇ ਦੂਜੀ ਪਾਰੀ ਵਿੱਚ 58 ਦੌੜਾਂ ਬਣਾਈਆਂ ਅਤੇ ਸਾਰਿਆਂ ਨੂੰ ਦਿਖਾ ਦਿੱਤਾ ਕਿ ਉਹ ਤੇਜ਼ ਗੇਂਦਬਾਜ਼ੀ ਤੋਂ ਨਹੀਂ ਡਰਦੇ।
ਲਾਹੌਰ ਵਿੱਚ ਸੈਂਕੜਾ

ਤਸਵੀਰ ਸਰੋਤ, Getty Images
ਜਦੋਂ ਨਿਊਜ਼ੀਲੈਂਡ ਅਤੇ ਇੰਗਲੈਂਡ ਦੀਆਂ ਟੀਮਾਂ ਭਾਰਤ ਦੌਰੇ ‘ਤੇ ਆਈਆਂ ਤਾਂ ਮੋਹਿੰਦਰ ਦੀ ਫਾਰਮ ਚਲੀ ਗਈ ਅਤੇ ਉਨ੍ਹਾਂ ਦੀ ਜਗ੍ਹਾ ਮਦਨ ਲਾਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ, ਪਰ ਜਦੋਂ ਭਾਰਤੀ ਟੀਮ ਨੂੰ ਆਸਟ੍ਰੇਲੀਆ ਦੌਰੇ ਲਈ ਚੁਣਿਆ ਗਿਆ, ਤਾਂ ਮੋਹਿੰਦਰ ਨੂੰ ਦੁਬਾਰਾ ਟੀਮ ਵਿੱਚ ਜਗ੍ਹਾ ਮਿਲੀ।
ਆਸਟ੍ਰੇਲੀਆ ਦੌਰੇ ਦੌਰਾਨ ਉਨ੍ਹਾਂ ਨੇ ਉਸ ਸਮੇਂ ਦੇ ਸਭ ਤੋਂ ਤੇਜ਼ ਗੇਂਦਬਾਜ਼ ਜੈਫ ਥਾਮਸਨ ਦਾ ਜਿਸ ਤਰ੍ਹਾਂ ਨਾਲ ਸਾਹਮਣਾ ਕੀਤਾ, ਉਸ ਦੀ ਹਰ ਪਾਸੇ ਪ੍ਰਸ਼ੰਸਾ ਹੋਈ।
ਫਿਰ ਜਦੋਂ 1982 ਦੇ ਪਾਕਿਸਤਾਨ ਦੌਰੇ ਦੌਰਾਨ ਮੋਹਿੰਦਰ ਅਮਰਨਾਥ ਨੇ ਲਾਹੌਰ ਵਿੱਚ ਸੈਂਕੜਾ ਜੜਿਆ, ਤਾਂ ਉਨ੍ਹਾਂ ਦੇ ਪਿਤਾ ਲਾਲਾ ਅਮਰਨਾਥ ਵੀ ਉੱਥੇ ਮੌਜੂਦ ਸਨ। ਉਹ ਉਸ ਸਮੇਂ ਰੇਡੀਓ ਲਈ ਕੁਮੈਂਟਰੀ ਕਰ ਰਹੇ ਸਨ। ਮੋਹਿੰਦਰ ਨੇ ਆਪਣਾ ਬੱਲਾ ਉਨ੍ਹਾਂ ਵਾਲੇ ਪਾਸੇ ਚੁੱਕਦੇ ਹੋਏ ਉਨ੍ਹਾਂ ਨੂੰ ਪ੍ਰਣਾਮ ਕੀਤਾ।
ਲਾਲਾ ਇਸ ਸੈਂਕੜੇ ਤੋਂ ਇੰਨੇ ਖੁਸ਼ ਸਨ ਕਿ ਉਨ੍ਹਾਂ ਨੇ ਪੂਰੇ ਪ੍ਰੈਸ ਬਾਕਸ ਵਿੱਚ ਮਠਿਆਈਆਂ ਵੰਡੀਆਂ। ਲਾਹੌਰ ਵਿੱਚ ਆਪਣੇ ਪੁੱਤਰ ਨੂੰ ਸੈਂਕੜਾ ਲਗਾਉਂਦੇ ਦੇਖਣਾ ਉਨ੍ਹਾਂ ਲਈ ਬਹੁਤ ਖਾਸ ਸੀ ਕਿਉਂਕਿ ਲਾਲਾ ਨੇ ਆਪਣੀ ਸ਼ੁਰੂਆਤੀ ਕ੍ਰਿਕਟ ਇਸੇ ਸ਼ਹਿਰ ਵਿੱਚ ਖੇਡੀ ਸੀ।
ਮੋਹਿੰਦਰ ਲਿਖਦੇ ਹਨ, “ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਜਦੋਂ ਮੈਂ ਲਾਹੌਰ ਵਿੱਚ ਆਪਣਾ ਦੂਜਾ ਸੈਂਕੜਾ ਪੂਰਾ ਕੀਤਾ, ਤਾਂ ਮੇਰੇ ਪਿਤਾ ਪਵੇਲੀਅਨ ਵਿੱਚ ਆਏ। ਉਸੇ ਸਮੇਂ, ਗੈਲਰੀ ਵਿੱਚੋਂ ਕਿਸੇ ਵਿਅਕਤੀ ਨੇ ਚੀਕ ਕੇ ਕਿਹਾ, ‘ਉਹ ਦੇਖੋ, ਮੋਹਿੰਦਰ ਅਮਰਨਾਥ ਦੇ ਪਿਤਾ ਆਏ ਹਨ।’ ਬਾਅਦ ਵਿੱਚ ਪਾਪਾਜੀ ਨੇ ਮੈਨੂੰ ਦੱਸਿਆ, ਮੈਂ ਹਮੇਸ਼ਾ ਤੋਂ ਇਸ ਦਿਨ ਦੀ ਉਡੀਕ ਕਰ ਰਿਹਾ ਸੀ।”
ਤਕਨੀਕੀ ਤੌਰ ‘ਤੇ ਸਭ ਤੋਂ ਮਜ਼ਬੂਤ ਬੱਲੇਬਾਜ਼

ਤਸਵੀਰ ਸਰੋਤ, Getty Images
ਮੋਹਿੰਦਰ ਅਮਰਨਾਥ ਨੇ ਪਾਕਿਸਤਾਨ ਤੋਂ ਬਾਅਦ ਹੋਏ ਵੈਸਟਇੰਡੀਜ਼ ਦੌਰੇ ‘ਤੇ ਵੀ ਦੋ ਸੈਂਕੜੇ ਲਗਾਏ। ਉਨ੍ਹਾਂ ਨੂੰ ‘ਮੈਨ ਆਫ਼ ਦ ਸੀਰੀਜ਼’ ਐਲਾਨਿਆ ਗਿਆ। ਜਿਸ ਤਰ੍ਹਾਂ ਉਨ੍ਹਾਂ ਨੇ ਮੈਲਕਮ ਮਾਰਸ਼ਲ, ਜੋਏਲ ਗਾਰਨਰ, ਮਾਈਕਲ ਹੋਲਡਿੰਗ ਅਤੇ ਐਂਡੀ ਰੌਬਰਟਸ ਦਾ ਸਾਹਮਣਾ ਕੀਤਾ, ਸੁਨੀਲ ਗਾਵਸਕਰ ਨੇ ਉਸਦੇ ਬਾਰੇ ਕਿਹਾ ਕਿ ਸਾਡੇ ਕੋਲ ਮਹਿੰਦਰ ਦੇ ਰੂਪ ਵਿੱਚ ਤਕਨੀਕੀ ਤੌਰ ‘ਤੇ ਸਭ ਤੋਂ ਵਧੀਆ ਬੱਲੇਬਾਜ਼ ਹੈ।
ਗਾਵਸਕਰ ਨੇ ਤਾਂ ਇੱਥੋਂ ਤੱਕ ਕਿਹਾ, “ਮੇਰੀ ਰਾਏ ਵਿੱਚ, ਉਹ ਇਸ ਸਮੇਂ ਦੁਨੀਆਂ ਦੇ ਸਭ ਤੋਂ ਵਧੀਆ ਬੱਲੇਬਾਜ਼ ਹਨ। ਤੇਜ਼ ਗੇਂਦਬਾਜ਼ੀ ਨੂੰ ਉਨ੍ਹਾਂ ਤੋਂ ਵਧੀਆ ਕੋਈ ਨਹੀਂ ਖੇਡਦਾ।”
ਰਵੀ ਸ਼ਾਸਤਰੀ ਨੇ ਆਪਣੀ ਕਿਤਾਬ ‘ਸਟਾਰ ਗੇਜ਼ਿੰਗ, ਦਿ ਪਲੇਅਰਜ਼ ਇਨ ਮਾਈ ਲਾਈਫ’ ਵਿੱਚ ਇਹ ਵੀ ਲਿਖਿਆ ਹੈ, “ਜਿਨ੍ਹਾਂ ਬੱਲੇਬਾਜ਼ਾਂ ਨਾਲ ਅਤੇ ਜਿਨ੍ਹਾਂ ਦੇ ਖਿਲਾਫ ਮੈਂ ਖੇਡਿਆ ਹੈ, ਉਨ੍ਹਾਂ ਵਿੱਚੋਂ ਮੈਂ ਮੋਹਿੰਦਰ ਅਮਰਨਾਥ ਤੋਂ ਵੱਧ ਦਲੇਰ ਬੱਲੇਬਾਜ਼ ਨਹੀਂ ਦੇਖਿਆ। ਮੈਂ ਕੋਈ ਵੀ ਖਿਡਾਰੀ ਨਹੀਂ ਦੇਖਿਆ ਜੋ ਇੰਨੀਆਂ ਸੱਟਾਂ ਝੱਲਣ ਦੇ ਬਾਵਜੂਦ ਡਟਿਆ ਰਿਹਾ ਹੋਵੇ। ਜਦੋਂ ਵੀ ਉਸ ਨੂੰ ਟੀਮ ਤੋਂ ਬਾਹਰ ਕੀਤਾ ਗਿਆ, ਉਸ ਨੇ ਦੋਹਰੇ ਉਤਸ਼ਾਹ ਅਤੇ ਦ੍ਰਿੜ ਇਰਾਦੇ ਨਾਲ ਟੀਮ ਵਿੱਚ ਵਾਪਸੀ ਕੀਤੀ।”
ਜਦੋਂ ਵੈਸਟਇੰਡੀਜ਼ ਵਿੱਚ ਮਾਰਸ਼ਲ ਦੀ ਗੇਂਦ ਅਮਰਨਾਥ ਦੇ ਚਿਹਰੇ ‘ਤੇ ਲੱਗੀ, ਤਾਂ ਉਨ੍ਹਾਂ ਨੂੰ ਸਟ੍ਰੈਚਰ ‘ਤੇ ਬਾਹਰ ਲਿਜਾਇਆ ਗਿਆ। ਇੱਕ ਘੰਟੇ ਬਾਅਦ, ਜਦੋਂ ਉਹ ਮੁੱਢਲੀ ਸਹਾਇਤਾ ਲੈਣ ਤੋਂ ਬਾਅਦ ਮੈਦਾਨ ‘ਤੇ ਵਾਪਸ ਆਏ, ਤਾਂ ਉਨ੍ਹਾਂ ਨੇ ਪਹਿਲੀ ਹੀ ਗੇਂਦ ਨੂੰ ਹੁੱਕ ਕੀਤਾ ਅਤੇ ਛੱਕਾ ਮਾਰਿਆ।
ਵਿਸ਼ਵ ਕੱਪ ਦੇ ਸੈਮੀਫਾਈਨਲ ਅਤੇ ਫਾਈਨਲ ਵਿੱਚ ‘ਮੈਨ ਆਫ਼ ਦਿ ਮੈਚ’

ਤਸਵੀਰ ਸਰੋਤ, Getty Images
ਮੋਹਿੰਦਰ ਅਮਰਨਾਥ 1983 ਦਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਉਨ੍ਹਾਂ ਨੂੰ ਸੈਮੀਫਾਈਨਲ ਅਤੇ ਫਾਈਨਲ ਦੋਵਾਂ ਮੈਚਾਂ ਵਿੱਚ ‘ਮੈਨ ਆਫ ਦਿ ਮੈਚ’ ਦਾ ਖਿਤਾਬ ਮਿਲਿਆ।
ਵਿਸ਼ਵ ਕੱਪ ਫਾਈਨਲ ਨੂੰ ਯਾਦ ਕਰਦੇ ਹੋਏ ਮੋਹਿੰਦਰ ਲਿਖਦੇ ਹਨ, “ਜਦੋਂ ਵੈਸਟਇੰਡੀਜ਼ ਦੀ ਆਖਰੀ ਵਿਕਟ ਡਿੱਗੀ, ਮੈਂ ਯਾਦਗਾਰ ਵਜੋਂ ਸਟੰਪ ਪੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਇੰਨੇ ਡੂੰਘੇ ਜੜੇ ਹੋਏ ਸਨ ਕਿ ਉਹ ਬਾਹਰ ਕੱਢੇ ਹੀ ਨਹੀਂ ਜਾ ਸਕੇ। ਅਸੀਂ ਸਾਰੀ ਰਾਤ ਜਸ਼ਨ ਮਨਾਉਂਦੇ ਰਹੇ।”
“ਸਵੇਰੇ 5 ਵਜੇ ਜਾ ਕੇ ਸਾਨੂੰ ਖਾਣਾ ਯਾਦ ਆਇਆ। ਬਹੁਤ ਮੁਸ਼ਕਲ ਨਾਲ ਸਾਨੂੰ ਵਿਕਟੋਰੀਆ ਸਟੇਸ਼ਨ ਦੇ ਬਾਹਰ ਖਾਣ ਲਈ ਜਗ੍ਹਾ ਮਿਲੀ। ਜਿਵੇਂ ਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਾਡੀ ਜਿੱਤ ਦੀ ਖ਼ਬਰ ਮਿਲੀ, ਉਨ੍ਹਾਂ ਨੇ ਪੂਰੇ ਭਾਰਤ ਵਿੱਚ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ।”
ਦੋ ਵਾਰ ਅਜੀਬ ਤਰੀਕੇ ਨਾਲ ਆਊਟ ਹੋਏ

ਤਸਵੀਰ ਸਰੋਤ, Getty Images
ਮੋਹਿੰਦਰ ਅਮਰਨਾਥ ਦੁਨੀਆਂ ਦੇ ਇਕਲੌਤੇ ਕ੍ਰਿਕਟਰ ਸਨ, ਜਿਨ੍ਹਾਂ ਨੂੰ ਕ੍ਰਿਕਟ ਵਿੱਚ ਸਭ ਤੋਂ ਦੁਰਲੱਭ ਤਰੀਕੇ ਨਾਲ ਦੋ ਵਾਰ ਆਊਟ ਐਲਾਨਿਆ ਗਿਆ ਸੀ।
1985 ਦੇ ਆਸਟ੍ਰੇਲੀਆ ਦੌਰੇ ਦੌਰਾਨ, ਮੋਹਿੰਦਰ ਨੇ ਗ੍ਰੇਗ ਮੈਥਿਊ ਦੀ ਇੱਕ ਤੇਜ਼-ਸਪਿਨਿੰਗ ਗੇਂਦ ‘ਤੇ ਇੱਕ ਰੱਖਿਆਤਮਕ ਸ਼ਾਟ ਖੇਡਿਆ। ਗੇਂਦ ਪਿੱਚ ਨਾਲ ਟਕਰਾਉਣ ਤੋਂ ਬਾਅਦ ਤੇਜ਼ੀ ਨਾਲ ਸਟੰਪ ਵੱਲ ਗਈ।
ਮਹਿੰਦਰ ਯਾਦ ਕਰਦੇ ਹਨ, “ਕ੍ਰਿਕਟ ਦੇ ਨਿਯਮਾਂ ਅਨੁਸਾਰ, ਗੇਂਦ ਨੂੰ ਆਪਣੇ ਪੈਰਾਂ, ਸਰੀਰ ਜਾਂ ਬੱਲੇ ਨਾਲ ਵਿਕਟ ‘ਤੇ ਜਾਣ ਤੋਂ ਰੋਕਿਆ ਜਾ ਸਕਦਾ ਸੀ, ਪਰ ਮੈਂ ਉਸਨੂੰ ਰੋਕਣ ਲਈ ਆਪਣੇ ਹੱਥਾਂ ਦੀ ਵਰਤੋਂ ਕੀਤੀ। ਮੈਨੂੰ ਤੁਰੰਤ ਆਪਣੀ ਗਲਤੀ ਦਾ ਅਹਿਸਾਸ ਹੋਇਆ।”
”ਇਸ ਦੌਰਾਨ, ਵਿਕਟਕੀਪਰ ਅਤੇ ਗੇਂਦਬਾਜ਼ ਨੇ ਅਪੀਲ ਕਰ ਦਿੱਤੀ। ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ। ਇਸ ਤੋਂ ਪਹਿਲਾਂ ਕੇ ਅੰਪਾਇਰ ਮੈਨੂੰ ‘ਹੈਂਡਲਿੰਗ ਦਿ ਬਾਲ’ ਆਊਟ ਦੇਣ ਲਈ ਆਪਣੀ ਉਂਗਲੀ ਚੁੱਕਦੇ, ਮੈਂ ਖੁਦ ਹੀ ਪੈਵੇਲੀਅਨ ਵੱਲ ਤੁਰ ਪਿਆ।”
ਇਸੇ ਤਰ੍ਹਾਂ, ਸ਼੍ਰੀਲੰਕਾ ਦੇ ਕਪਤਾਨ ਅਰਜੁਨ ਰਣਤੁੰਗਾ ਦੀ ਗੇਂਦ ਖੇਡਦੇ ਸਮੇਂ, ਮੋਹਿੰਦਰ ਪਹਿਲਾਂ ਗੇਂਦ ਨੂੰ ਹਿੱਟ ਕਰਨ ਲਈ ਗਏ ਪਰ ਆਖਰੀ ਸਮੇਂ ‘ਤੇ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਆਪਣੇ ਬੱਲੇ ਨਾਲ ਗੇਂਦ ਨੂੰ ਰੋਕ ਦਿੱਤਾ। ਉੱਥੇ ਦੌੜਾਂ ਲੈਣ ਜਾਂ ਰਨ ਆਊਟ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ।
ਮੋਹਿੰਦਰ ਯਾਦ ਕਰਦੇ ਹਨ, “ਮੈਂ ਗੇਂਦਬਾਜ਼ ਨੂੰ ਗੇਂਦ ਵਧਾਉਣਾ ਚਾਹ ਰਿਹਾ ਸੀ ਪਰ ਮੈਂ ਇਹ ਸੋਚ ਕੇ ਰੁਕ ਗਿਆ ਕਿ ਕਿਤੇ ਮੈਨੂੰ ਦੁਬਾਰਾ ‘ਹੈਂਡਲਿੰਗ ਦਿ ਬਾਲ’ ਆਊਟ ਨਾ ਦੇ ਦਿੱਤਾ ਜਾਵੇ। ਮੈਂ ਹੌਲੀ ਜਿਹੇ ਆਪਣੇ ਪੈਰ ਨਾਲ ਗੇਂਦ ਨੂੰ ਗੇਂਦਬਾਜ਼ ਵੱਲ ਧੱਕਿਆ ਪਰ ਮੈਂ ਹੈਰਾਨ ਰਹਿ ਗਿਆ ਜਦੋਂ ਗੇਂਦਬਾਜ਼ ਨੇ ਮੇਰੇ ਵਿਰੁੱਧ ਅਪੀਲ ਕਰ ਦਿੱਤੇ ਅਤੇ ਮੈਨੂੰ ‘ਆਬਸਟ੍ਰਕਟਿੰਗ ਦਿ ਫ਼ੀਲਡਰ’ ਲਈ ਆਊਟ ਕਰਾਰ ਦਿੱਤਾ ਗਿਆ।”
ਉਹ ਕਹਿੰਦੇ ਹਨ, ”ਮੈਂ ਕ੍ਰਿਕਟ ਵਿੱਚ ਦੋ ਸਭ ਤੋਂ ਵਿਰਲੇ ਤਰੀਕਿਆਂ ਨਾਲ ਆਊਟ ਹੋ ਕੇ ਇੱਕ ਵਿਸ਼ਵ ਰਿਕਾਰਡ ਬਣਾ ਚੁੱਕਿਆ ਹਾਂ। ਮੈਂ ਦੁਨੀਆਂ ਦਾ ਇਕਲੌਤਾ ਬੱਲੇਬਾਜ਼ ਬਣ ਗਿਆ ਹਾਂ ਜੋ ਕ੍ਰਿਕਟ ਵਿੱਚ ਆਊਟ ਹੋਣ ਦੇ ਇੱਕ ਨਿਯਮ, ‘ਟਾਈਮ ਆਊਟ’ ਨੂੰ ਛੱਡ ਕੇ ਹਰ ਤਰ੍ਹਾਂ ਨਾਲ ਆਊਟ ਹੋਇਆ ਹਾਂ।”
ਚੋਣਕਾਰਾਂ ਨੂੰ ਕਿਹਾ ‘ਜੋਕਰਾਂ ਦਾ ਝੁੰਡ’

ਤਸਵੀਰ ਸਰੋਤ, Getty Images
ਜਦੋਂ ਸ਼ਾਰਜਾਹ ਵਿੱਚ ਠੀਕ-ਠਾਕ ਪ੍ਰਦਰਸ਼ਨ ਕਰਨ ਦੇ ਬਾਵਜੂਦ ਮੋਹਿੰਦਰ ਅਮਰਨਾਥ ਨੂੰ ਭਾਰਤੀ ਟੀਮ ਵਿੱਚ ਨਹੀਂ ਚੁਣਿਆ ਗਿਆ, ਤਾਂ ਉਨ੍ਹਾਂ ਦਾ ਸਬਰ ਟੁੱਟ ਗਿਆ।
ਉਨ੍ਹਾਂ ਨੇ ਚੋਣਕਾਰਾਂ ਨੂੰ ‘ਜੋਕਰਾਂ ਦਾ ਝੁੰਡ’ ਕਿਹਾ ਅਤੇ ਉਨ੍ਹਾਂ ‘ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦਾ ਸਰਨੇਮ ਭਾਰਤੀ ਕ੍ਰਿਕਟ ਨੂੰ ਚਲਾਉਣ ਵਾਲਿਆਂ ਨੂੰ ਪਸੰਦ ਨਹੀਂ ਹੈ।
ਕੁਝ ਸਮੇਂ ਬਾਅਦ ਉਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਆਪਣੇ 18 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ਦੌਰਾਨ, ਮੋਹਿੰਦਰ ਅਮਰਨਾਥ ਨੇ 69 ਟੈਸਟ ਮੈਚ ਖੇਡੇ। ਉਨ੍ਹਾਂ ਨੇ 11 ਸੈਂਕੜਿਆਂ ਦੀ ਮਦਦ ਨਾਲ 4378 ਦੌੜਾਂ ਬਣਾਈਆਂ ਹਨ।
ਉਨ੍ਹਾਂ ਨੂੰ 1984 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 1983 ਵਿੱਚ, ਵਿਜ਼ਡਨ ਨੇ ਉਨ੍ਹਾਂ ਨੂੰ ਸਾਲ ਦੇ ਪੰਜ ਸਭ ਤੋਂ ਵਧੀਆ ਖਿਡਾਰੀਆਂ ਵਿੱਚ ਚੁਣਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI