Source :- BBC PUNJABI

ਪੰਜਾਬ, ਔਰਤਾਂ

ਤਸਵੀਰ ਸਰੋਤ, Getty Images

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • 8 ਦਸੰਬਰ 2025

    ਅਪਡੇਟ 10 ਮਿੰਟ ਪਹਿਲਾਂ

ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਲਈ 14 ਦਸੰਬਰ ਨੂੰ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਵੋਟਾਂ ਰਾਹੀਂ 23 ਜ਼ਿਲ੍ਹਾ ਪਰਿਸ਼ਦ ਦੇ 357 ਜ਼ੋਨਾਂ ਅਤੇ 154 ਪੰਚਾਇਤ ਸਮਿਤੀਆਂ ਦੇ 2,863 ਜ਼ੋਨਾਂ ਦੇ ਮੈਂਬਰਾਂ ਦੀ ਚੋਣ ਹੋਵੇਗੀ।

ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਲੈ ਕੇ ਕਾਂਗਰਸ, ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਤੱਕ ਸਾਰੀਆਂ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ।

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਾਲ 2027 ਵਿੱਚ ਹੋਣ ਦਾ ਅਨੁਮਾਨ ਹੈ, ਕਿਉਂਕਿ ਮੌਜੂਦਾ ਸਰਕਾਰ ਦਾ ਕਾਰਜਕਾਲ ਇਸੇ ਸਾਲ (2027) ਖ਼ਤਮ ਹੋਣ ਜਾ ਰਿਹਾ ਹੈ।

ਅਜਿਹੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਨੂੰ ਅਹਿਮ ਸਮਝਿਆ ਜਾ ਰਿਹਾ ਹੈ।

ਸਾਰੀਆਂ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡ ਰਹੇ।

ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਪਾਰਟੀਆਂ ਵਾਸਤੇ ਮਹੱਤਵ

ਮਾਹਰਾਂ ਮੁਤਾਬਕ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਪੰਜਾਬ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਵਿੱਚ ਕਾਫੀ ਮਹੱਤਵ ਰੱਖਦੀਆਂ ਹਨ। ਇਹ ਸਿੱਧੇ ਤੌਰ ‘ਤੇ ਪੰਜਾਬ ਪੇਂਡੂ ਵੋਟਰਾਂ ਦੇ ਮੂਡ ਨੂੰ ਦਰਸਾਉਂਦੀਆਂ ਹਨ।

ਪੇਂਡੂ ਵੋਟਰ ਪੰਜਾਬ ਦੀਆਂ ਕੁੱਲ ਵੋਟਾਂ ਦਾ ਵੱਡਾ ਅਤੇ ਪ੍ਰਭਾਵਸ਼ਾਲੀ ਹਿੱਸਾ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਅਕਸਰ ਵਿਆਪਕ ਰਾਜਨੀਤਿਕ ਰੁਝਾਨਾਂ ਦਾ ਸੰਕੇਤ ਦਿੰਦੇ ਹਨ।

ਇਸ ਤੋਂ ਇਲਾਵਾ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦਾ ਮੌਕਾ ਜਾਂ ਸਮਰੱਥਾ ਦੀ ਪ੍ਰੀਖਿਆ ਹੁੰਦੀਆਂ ਹਨ।

ਸਾਬਕਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ, “ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਸਿੱਧੇ ਤੌਰ ਉੱਤੇ ਲੋਕਾਂ ਨਾਲ ਜੁੜੇ ਹੁੰਦੇ ਹਨ। ਉਹ ਸੱਤਾ ਦੇ ਵੀ ਨੇੜੇ ਹੁੰਦੇ ਹਨ। ਚੋਣ ਵਿੱਚ ਹਾਰ ਉਨ੍ਹਾਂ ਨੂੰ ਸੱਤਾ ਤੋਂ ਦੂਰ ਕਰਦੀ ਹੈ ਅਤੇ ਲੋਕਾਂ ਵਿੱਚ ਉਨ੍ਹਾਂ ਦੀ ਸਾਖ ਨੂੰ ਵੀ ਨੁਕਸਾਨ ਕਰਦੀ ਹੈ।”

“ਜਦੋਂ ਕੋਈ ਪਾਰਟੀ ਇਨ੍ਹਾਂ ਚੋਣਾਂ ਨੂੰ ਜਿੱਤਦੀ ਹੈ ਤਾਂ ਉਸ ਦਾ ਕੇਡਰ ਮਜ਼ਬੂਤ ਹੁੰਦਾ ਹੈ। ਇਹੀ ਕੇਡਰ ਲੋਕਾਂ ਵਿੱਚ ਪਾਰਟੀ ਦਾ ਧਰਾਤਲ ਬਣਾਉਂਦਾ ਹੈ ਅਤੇ ਮਗਰੋਂ ਇਸ ਧਰਾਤਲ ਨੂੰ ਵੋਟਾਂ ਵਿੱਚ ਬਦਲਦਾ ਹੈ।”

ਪ੍ਰੋਫੈਸਰ ਜਗਰੂਪ ਸਿੰਘ

ਤਿੰਨ ਪੱਧਰੀ ਸ਼ਾਸਨ ਪ੍ਰਣਾਲੀ

ਮਾਹਰਾਂ ਮੁਤਾਬਕ ਸੰਵਿਧਾਨ ਦੀ 73ਵੀਂ ਸੋਧ ਨਾਲ ਸਥਾਨਕ ਸ਼ਾਸਨ ਚਲਾਉਣ ਲਈ ਤਿੰਨ ਪੱਧਰੀ ਲੋਕਤਾਂਤਰਿਕ ਢਾਂਚਾ ਸਥਾਪਿਤ ਕੀਤਾ ਗਿਆ ਸੀ। ਇਸ ਢਾਂਚੇ ਵਿੱਚ ਪਿੰਡ ਪੱਧਰ ਉੱਤੇ ਗ੍ਰਾਮ ਪੰਚਾਇਤ, ਬਲਾਕ ਪੱਧਰ ਉੱਤੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪੱਧਰ ਉੱਤੇ ਚੁਣੀ ਹੋਈ ਜ਼ਿਲ੍ਹਾ ਪਰਿਸ਼ਦ ਸ਼ਾਮਲ ਹੈ।

ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਸੇਵਾਮੁਕਤ ਹੋਏ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, “ਪਹਿਲਾ ਰਾਜਨੀਤਕ ਪਾਰਟੀਆਂ ਇਹ ਚੋਣਾਂ ਪਰਦੇ ਦੇ ਪਿੱਛੇ ਹੋ ਕੇ ਲੜਦੀਆਂ ਸਨ ਪਰ ਹੁਣ ਸਿਆਸੀ ਪਾਰਟੀਆਂ ਸ਼ਰੇਆਮ ਮੂਹਰੇ ਹੋ ਕੇ ਇਹ ਚੋਣਾਂ ਲੜ ਰਹੀਆਂ ਹਨ। ਇਨ੍ਹਾਂ ਚੋਣਾਂ ਦਾ ਹੱਦੋਂ ਵੱਧ ਸਿਆਸੀਕਰਨ ਕਰ ਦਿੱਤਾ ਗਿਆ ਹੈ।”

“ਇਹ ਵਰਤਾਰਾ ਸੰਵਿਧਾਨ ਦੀ 73ਵੀਂ ਸੋਧ ਦੀ ਭਾਵਨਾ ਦੇ ਖ਼ਿਲਾਫ਼ ਹੈ। ਇਸ ਸੋਧ ਰਾਹੀਂ ਤਿੰਨ ਪੱਧਰੀ ਸ਼ਾਸਨ ਪ੍ਰਣਾਲੀ ਨਾਲ ਸਥਾਨਕ ਸ਼ਾਸਨ ਦੇ ਰੂਪ ਵਿੱਚ ਸ਼ਕਤੀ ਦੇ ਵਿਕੇਂਦਰੀਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਸੀ। ਪਰ ਸਿਆਸੀ ਪਾਰਟੀਆਂ ਦੀ ਦਖ਼ਲਅੰਦਾਜ਼ੀ ਨੇ ਸ਼ਕਤੀਆਂ ਦਾ ਕੇਂਦਰੀਕਰਨ ਕਰ ਦਿੱਤਾ ਹੈ।”

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਸੇਵਾਮੁਕਤ ਹੋਏ ਸਾਬਕਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ, “73ਵੀਂ ਸੋਧ ਦਾ ਮਕਸਦ ਲੋਕਾਂ ਨੂੰ ਲੋਕਤੰਤਰ ਦੇ ਨੇੜੇ ਕਰਨਾ ਸੀ। ਪਰ ਅਜਿਹਾ ਨਹੀਂ ਹੋਇਆ।”

ਜਤਿੰਦਰ ਸਿੰਘ
ਇਹ ਵੀ ਪੜ੍ਹੋ-

ਬੀਜੇਪੀ ਕਿੱਥੇ ਪੈਰ ਪਸਾਰਨ ਦੀ ਕੋਸ਼ਿਸ਼ ਵਿੱਚ ਹੈ

ਬੀਜੇਪੀ ਇਸ ਵਾਰ ਇਹ ਚੋਣਾਂ ਆਪਣੇ ਪਾਰਟੀ ਦੇ ਚਿੰਨ੍ਹ ਅਤੇ ਆਪਣੇ ਬਲਬੂਤੇ ਉੱਤੇ ਲੜ ਰਹੀ ਹੈ।

ਮਾਹਰਾਂ ਮੁਤਾਬਕ ਬੀਜੇਪੀ ਇਨ੍ਹਾਂ ਚੋਣਾਂ ਰਾਹੀਂ ਪੰਜਾਬ ਦੇ ਦਿਹਾਤੀ ਇਲਾਕੇ ਵਿੱਚ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੰਜਾਬ ਬੀਜੇਪੀ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਮੁਤਾਬਕ ਲਗਭਗ 1800 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।

ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਸੇਵਾਮੁਕਤ ਹੋਏ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, “ਬੀਜੇਪੀ ਇਹਨਾਂ ਚੋਣਾਂ ਨੂੰ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਪੈਰ ਪਸਾਰਨ ਲਈ ਲਾਂਚਿੰਗ ਪੈਡ ਵਜੋਂ ਦੇਖ ਰਹੀ ਹੈ। ਹਰ ਚੋਣ ਬੀਜੇਪੀ ਲਈ ਪੰਜਾਬ ਵਿੱਚ ਇੱਕ ਮੌਕਾ ਹਨ।”

ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਕਿਹੜੀ ਤਾਕ ਵਿੱਚ

ਪਿਛਲੇ ਤਿੰਨ ਸਾਲਾਂ ਦੌਰਾਨ ਕਈ ਵਾਰੀ ਜ਼ਿਮਨੀ ਚੋਣਾਂ ਤੋਂ ਕਿਨਾਰਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਇਨ੍ਹਾਂ ਚੋਣਾਂ ਦੌਰਾਨ ਆਪਣੀ ਪੂਰੀ ਤਾਕਤ ਲਗਾਈ ਹੋਈ ਹੈ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਵੀ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਹਲਕਿਆਂ ਦਾ ਦੌਰਾ ਕਰ ਰਹੇ ਹਨ।

ਮਾਹਰਾਂ ਮੁਤਾਬਕ ਪਾਰਟੀ ਨੂੰ ਲੀਹਾਂ ਉਤੇ ਲਿਆਉਣ ਵਾਸਤੇ ਅਕਾਲੀ ਦਲ ਇਨ੍ਹਾਂ ਚੋਣਾਂ ਨੂੰ ਇੱਕ ਹੋਰ ਮੌਕੇ ਵਜੋਂ ਦੇਖ ਰਿਹਾ ਹੈ। ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਦੇ ਨਾਲ ਵਰਕਰਾਂ ਅਤੇ ਕਈ ਲੋਕਾਂ ਉੱਤੇ ਅਕਾਲੀ ਦਲ ਦੇ ਮੁੜ ਸੁਰਜੀਤ ਹੋਣ ਦਾ ਪ੍ਰਭਾਵ ਪਿਆ ਹੈ ਅਤੇ ਪਾਰਟੀ ਇਸਨੂੰ ਜਾਰੀ ਰੱਖਣਾ ਚਾਹੁੰਦੀ ਹੈ।

ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, “ਅਕਾਲੀ ਦਲ ਆਪਣੇ ਮੁੜ ਸੁਰਜੀਤ ਹੋਣ ਦੇ ਬਿਰਤਾਂਤ ਨੂੰ ਜਾਰੀ ਰੱਖਣਾ ਚਾਹੁੰਦੀ ਹੈ। ਜੇਕਰ ਪਾਰਟੀ ਦੇ ਉਮੀਦਵਾਰ ਜਿੱਤਦੇ ਹਨ ਤਾਂ ਅਕਾਲੀ ਦਲ ਕੋਲ ਇਸ ਬਿਰਤਾਂਤ ਨੂੰ ਮਜ਼ਬੂਤ ਕਰਨ ਵਾਸਤੇ ਅੰਕੜੇ ਹੋਣਗੇ।”

ਰਾੁਲ ਗਾਂਧੀ ਅਤੇ ਰਾਜਾ ਵੜਿੰਗ

ਤਸਵੀਰ ਸਰੋਤ, Getty Images

ਚੋਣਾਂ ਦੇ ਕਾਂਗਰਸ ਲਈ ਕੀ ਮਾਇਨੇ

ਪੰਜਾਬ ਕਾਂਗਰਸ ਵੀ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਚੋਣਾਂ ਵਾਸਤੇ ਜ਼ੋਰ ਅਜ਼ਮਾਇਸ਼ ਕਰ ਰਹੀ ਹੈ।

ਮਾਹਰਾਂ ਮੁਤਾਬਕ ਪੰਜਾਬ ਕਾਂਗਰਸ ਬਾਕੀ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਖ਼ੁਦ ਨੂੰ ਮਜ਼ਬੂਤ ਸਥਿਤੀ ਵਿੱਚ ਸਮਝ ਰਹੀ ਹੈ।

ਜਗਰੂਪ ਸੇਖੋਂ ਕਹਿੰਦੇ ਹਨ, “ਪਾਰਟੀ ਦੇ ਹੱਕ ਵਿੱਚ ਆਉਣ ਵਾਲੇ ਨਤੀਜੇ ਨਾਲ ਹੌਂਸਲੇ ਬੁਲੰਦ ਹੋਣਗੇ।”

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਸੇਵਾਮੁਕਤ ਹੋਏ ਸਾਬਕਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ, “ਪਾਰਟੀ ਦੇ ਹੱਕ ਵਿੱਚ ਲੋਕਾਂ ਦੀ ਲਾਮਬੰਦੀ ਵਾਸਤੇ ਸਥਾਨਕ ਪੱਧਰ ਦੇ ਆਗੂ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਸਥਾਨਕ ਆਗੂਆਂ ਜਾਂ ਪਾਰਟੀ ਦੀ ਸਥਿਤੀ ਦਰਸਾਉਣਗੇ।”

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ

‘ਆਪ’ ਦੀ ਜ਼ਮੀਨ ਪੱਧਰ ਉੱਤੇ ਸਾਖ ਦਾਅ ਉੱਤੇ

ਜਤਿੰਦਰ ਸਿੰਘ ਮੁਤਾਬਕ ਆਮ ਆਦਮੀ ਪਾਰਟੀ ਦੀ ਸ਼ਾਖ ਦਾਅ ਉੱਤੇ ਹੈ।

ਉਹ ਕਹਿੰਦੇ ਹਨ, “ਹਰ ਜ਼ਿਮਨੀ ਚੋਣ ਅਤੇ ਸਥਾਨਕ ਚੋਣ ਸੱਤਾਧਾਰੀ ਪਾਰਟੀ ਦੀ ਸ਼ਾਖ ਦਾ ਟੈਸਟ ਹੁੰਦਾ ਹੈ। ਇਸ ਲਈ ਇਹ ਚੋਣਾਂ ਵੀ ਆਮ ਆਦਮੀ ਪਾਰਟੀ ਦੀ ਸ਼ਾਖ ਦਾ ਟੈਸਟ ਹੈ।”

“ਪਰ ਹੁਣ ਇਹ ਪਾਰਟੀ ਲਈ ਜ਼ਿਆਦਾ ਅਹਿਮ ਇਸ ਲਈ ਹੈ ਕਿਉਂਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਡੇਢ ਸਾਲ ਤੋਂ ਘੱਟ ਦਾ ਸਮਾਂ ਹੈ। ਸਥਾਨਕ ਪੱਧਰ ਦੀਆਂ ਚੋਣਾਂ ਦੇ ਨਤੀਜੇ ਪਾਰਟੀ ਦੀ ਅਗਲੀ ਰਾਹ ਚਣੌਤੀਪੂਰਨ ਬਣਾ ਸਕਦੇ ਹਨ।”

ਵੋਟਾਂ

ਤਸਵੀਰ ਸਰੋਤ, Getty Images

ਚੋਣਾਂ ਵਿੱਚ ਜਿੱਤੇ ਮੈਂਬਰ ਕੀ ਕਰ ਸਕਦੇ ਹਨ?

ਪੰਚਾਇਤ ਸਮਿਤੀ ਖ਼ੁਦ ਇੱਕ ਕਾਰਜਕਾਰਨੀ ਸੰਸਥਾ ਹੈ ਅਤੇ ਬੀਡੀਓ/ਬੀਡੀਪੀਓ ਦਾ ਕੰਮ ਉਨ੍ਹਾਂ ਦੀ ਮਦਦ ਕਰਨਾ ਹੁੰਦਾ ਹੈ।

ਉਸੇ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਵੀ ਇੱਕ ਕਾਰਜਕਾਰੀ ਸੰਸਥਾ ਹੈ। ਉਹ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਵਿੱਚ ਕੰਮ ਕਰਦੀ ਹੈ।

ਇਨ੍ਹਾਂ ਚੁਣੀਆਂ ਹੋਈਆਂ ਸੰਸਥਾਵਾਂ ਨੂੰ ਫੰਡ ਪੈਦਾ ਕਰਨ ਤੇ ਕੇਂਦਰ ਸਰਕਾਰ ਤੋਂ ਆਉਂਦੇ ਪੈਸੇ ਦੀ ਵਰਤੋਂ ਕਰਨ ਦੇ ਸਾਰੇ ਅਧਿਕਾਰ ਹੁੰਦੇ ਹਨ। ਕਿਹੜੇ ਪੈਸੇ ਕਿੱਥੇ ਲਾਉਣੇ ਹਨ, ਕਿਵੇਂ ਵਿਕਾਸ ਕਰਨਾ, ਇਹ ਫ਼ੈਸਲਾ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI