Source :- BBC PUNJABI

“ਸਾਡੇ ਰਿਸ਼ਤੇਦਾਰ ਮਜ਼ਾਕ ਉਡਾਉਂਦੇ ਹਨ ਕਿ ਤੁਸੀਂ ਅਜਿਹੇ ਹਲਾਤਾਂ ਵਿੱਚ ਕਿਵੇਂ ਰਹਿੰਦੇ ਹੋ। ਅਸੀਂ ਕੀ ਦੱਸੀਏ ਸਾਨੂੰ ਮਜਬੂਰੀ ਵਿੱਚ ਰਹਿਣਾ ਪੈਂਦਾ ਹੈ।”
“ਜਿਹੜਾ ਡਰਾਈਵਰ ਇੱਕ ਵਾਰੀ ਇੱਥੋਂ ਲੰਘਦਾ, ਉਹ ਕਹਿੰਦਾ ਏਦੇ ਨਾਲੋਂ ਮੈਨੂੰ ਖੂਹ ਵਿੱਚ ਸੁੱਟ ਦਿਉ।”
ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਟਿਆਲ ਪਿੰਡ ਵਾਸੀਆਂ ਦੇ ਦਰਦ ਭਰੇ ਤਜਰਬੇ ਹਨ ਜੋ ਪਿੰਡ ਦੇ ਉੱਜੜਨ ਦੀ ਦਾਸਤਾਨ ਨੂੰ ਪ੍ਰਗਟ ਕਰਦੇ ਹਨ।
ਹੁਸ਼ਿਆਰਪੁਰ ਜ਼ਿਲ੍ਹੇ ਵਿਖੇ ਕੁਦਰਤ ਦੀ ਗੋਦ ਵਿੱਚ ਵੱਸਿਆ ਇਹ ਪਿੰਡ ਪਹਿਲੀ ਨਜ਼ਰ ਇੱਕ ‘ਟੂਰਿਸਟ ਸਪੌਟ’ ਦਾ ਭੁਲੇਖਾ ਪਾਉਂਦਾ ਹੈ ਪਰ ਇਹ ਇਸ ਦੀ ਅਸਲ ਤਸਵੀਰ ਨਹੀਂ ਹੈ। ਇਸ ਦੀ ਅਸਲ ਤਸਵੀਰ ਇਸ ਪਿੰਡ ਦਾ ਉਜਾੜਾ ਹੈ।
ਪਿੰਡ ਵਿੱਚ ਜਿੱਥੇ ਕਦੇ ਰੋਣਕਾਂ ਸਨ ਹੁਣ ਖੰਡਰ ਨਜ਼ਰ ਆਉਂਦੇ ਹਨ। ਗਲੀਆਂ ਸੁੰਨੀਆਂ ਹਨ। ਪਿੰਡ ਵਿੱਚ ਘਰਾਂ ਦੇ ਘਰ ਖਾਲ੍ਹੀ ਹੋ ਰਹੇ ਹਨ।
ਮੁੱਢਲੀਆਂ ਅਤੇ ਜ਼ਰੂਰੀ ਸਹੂਲਤਾਂ ਦੀ ਘਾਟ ਹੋਣ ਕਰਕੇ ਲੋਕ ਆਪਣੇ ਘਰ ਖਾਲ੍ਹੀ ਛੱਡ ਕੇ ਇੱਥੋਂ ਜਾ ਰਹੇ ਹਨ।
ਇਹ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੰਜਾਬ-ਹਿਮਾਚਲ ਦੀ ਸਰਹੱਦ ਉੱਤੇ ਵੱਸਿਆ ਹੋਇਆ ਹੈ। ਇਹ ਕੰਢੀ ਅਤੇ ਪਹਾੜੀ ਖੇਤਰ ਹੈ। ਪਿੰਡ ਦਾ ਚਾਰੇ ਪਾਸੇ ਜੰਗਲ ਹੈ।
ਪਿੰਡ ਤੱਕ ਪਹੁੰਚਣ ਵਾਸਤੇ ਚੋਆਂ, ਕੱਚੇ ਅਤੇ ਜੰਗਲੀ ਰਸਤਿਆਂ ਵਿੱਚ ਦੀ ਹੋ ਕੇ ਲੰਘਣਾ ਪੈਂਦਾ ਹੈ।

ਲੋਕ ਪਿੰਡ ਕਿਉਂ ਛੱਡ ਰਹੇ ਹਨ
ਪਿੰਡ ਵਾਸੀਆਂ ਮੁਤਾਬਕ ਉਨ੍ਹਾਂ ਦੇ ਪਿੰਡ ਦਾ ਹੋਰ ਪਿੰਡਾਂ, ਕਸਬਿਆਂ, ਸ਼ਹਿਰਾਂ ਨਾਲ ਸੜਕੀ ਸੰਪਰਕ ਨਾ ਹੋਣਾ, ਆਵਾਜਾਈ ਦੇ ਸਾਧਨਾਂ ਦੀ ਕਮੀ, ਸੈਕੰਡਰੀ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਦੂਰ ਹੋਣਾ, ਲੋਕਾਂ ਦਾ ਇਸ ਪਿੰਡ ਨੂੰ ਛੱਡਣ ਦਾ ਮੁੱਖ ਕਾਰਨ ਹੈ। ਪਿੰਡ ਵਿੱਚ ਖੇਤੀ ਵੀ ਹੋਣ ਲਾਹੇਵੰਦ ਨਹੀਂ ਹੈ।
ਪਿੰਡ ਵਾਸੀ ਦੱਸਦੇ ਹਨ ਕਿ ਪਹਿਲਾਂ ਪਿੰਡ ਵਿੱਚ ਖਾਣ ਜੋਗੀ ਕਣਕ ਹੋ ਜਾਂਦੀ ਸੀ ਪਰ ਹੁਣ ਕੰਢੀ ਖੇਤਰ ਹੋਣ ਕਰ ਕੇ ਅਤੇ ਜਾਨਵਰਾਂ ਦੀ ਭਰਮਾਰ ਕਰਕੇ ਲੋਕ ਖੇਤੀ ਤੋਂ ਵੀ ਦੂਰ ਹੋ ਗਏ।
ਪਿੰਡ ਦੀ ਸਰਪੰਚ ਰਾਧਾ ਰਾਣੀ ਕਹਿੰਦੇ ਹਨ, “ਕਾਫ਼ੀ ਲੋਕ ਪਿੰਡ ਛੱਡ ਕੇ ਚਲੇ ਗਏ ਹਨ ਕਿਉਂਕਿ ਇੱਥੇ ਕੋਈ ਸਹੂਲਤ ਨਹੀਂ ਹੈ। ਰਸਤੇ ਬਹੁਤ ਕੱਚੇ ਹਨ। ਬੱਸ ਵੀ ਇੱਕ ਸਮੇਂ ਆਉਂਦੀ ਹੈ ਤੇ ਉਹ ਹੀ ਬੱਸ ਸ਼ਾਮੀ ਵਾਪਸ ਆਉਂਦੀ ਹੀ। ਲੋਕੀਂ ਸਾਰਾ-ਸਾਰਾ ਦਿਨ ਅੱਡਿਆਂ ਉੱਤੇ ਉਡੀਕ ਵਿੱਚ ਬੈਠੇ ਰਹਿੰਦੇ ਹਨ।”
“ਸਾਡੇ ਰਿਸ਼ਤੇਦਾਰ ਮਜ਼ਾਕ ਉਡਾਉਂਦੇ ਹਨ ਕਿ ਤੁਸੀਂ ਅਜਿਹੇ ਹਲਾਤਾਂ ਵਿੱਚ ਕਿਵੇਂ ਰਹਿੰਦੇ ਹੋ। ਅਸੀਂ ਕੀ ਦੱਸੀਏ ਸਾਨੂੰ ਮਜ਼ਬੂਰੀ ਵਿੱਚ ਰਹਿਣਾ ਪੈਂਦਾ ਹੈ।”
“ਸਹੂਲਤਾਂ ਦੀ ਭਾਲ ਵਿੱਚ ਲੋਕ ਪਿੰਡ ਛੱਡ ਰਹੇ ਹਨ। ਅਸੀਂ ਮਾਤੜ ਲੋਕ ਹਾਂ, ਅਸੀਂ ਕਿੱਥੇ ਜਾਣਾ ਛੱਡਕੇ। ਸਾਨੂੰ ਤਾਂ ਇੱਥੇ ਹੀ ਰਹਿਣਾ ਪੈਣਾ। ਚੰਗਾ ਮਾੜਾ ਸਮਾਂ ਇੱਥੇ ਹੀ ਕੱਢਣਾ ਪੈਣਾ।”
ਇਸ ਪਿੰਡ ਵਿੱਚ ਦਰਜ਼ੀ ਦੀਆਂ ਸੇਵਾਵਾਂ ਨਿਭਾਂ ਰਹੇ ਦਿਨੇਸ਼ ਕੁਮਾਰ ਇਸ ਪਿੰਡ ਦਾ ਉਜਾੜੇ ਦਾ ਗਵਾਹ ਹਨ। ਉਹ 30 ਸਾਲ ਪਹਿਲਾਂ ਇਸ ਪਿੰਡ ਵਿੱਚ ਆਏ ਸਨ।
ਦਿਨੇਸ਼ ਕਮਾਰ ਨੇ ਦੱਸਿਆ ਕਿ ਇੱਥੋਂ ਦੇ ਲੋਕ ਬਹੁਤ ਸਮੱਸਿਆਵਾਂ ਵਿੱਚ ਰਹਿੰਦੇ ਹਨ।
ਉਨ੍ਹਾਂ ਮੁਤਾਬਕ, “ਸਾਡੇ ਕੋਈ ਰਿਸ਼ਤੇਦਾਰ ਇੱਥੇ ਆਉਣਾ ਚੰਗਾ ਨਹੀਂ ਸਮਝਦਾ। ਉਹ ਕਹਿੰਦੇ ਹਨ ਕਿ ਅਸੀਂ ਨਰਕ ਵਿੱਚ ਰਹਿ ਰਹੇ ਹਾਂ। ਜਦੋਂ ਕੋਈ ਰਸਤਾ ਹੀ ਨਾ ਹੋਵੇ ਤਾਂ ਕੋਈ ਕਿਵੇਂ ਆਵੇਗਾ। ਜੇਕਰ ਕੋਈ ਆਉਂਦਾ ਵੀ ਹੈ ਤਾਂ ਸਾਨੂੰ ਪਰੇਸ਼ਾਨ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਦੀਆਂ ਗੱਡੀਆਂ ਇੱਥੇ ਫਸ ਜਾਂਦੇ ਹਨ।”
“ਜਿਹੜਾ ਡਰਾਈਵਰ ਇੱਕ ਵਾਰੀ ਇੱਥੋਂ ਲੰਘਦਾ, ਉਹ ਕਹਿੰਦਾ ਏਦੇ ਨਾਲੋਂ ਮੈਨੂੰ ਖੂਹ ਵਿੱਚ ਸੁੱਟ ਦਿਉ।”

ਕਿੰਨੇ ਲੋਕ ਪਿੰਡ ਛੱਡ ਗਏ
82 ਸਾਲਾ ਪਿੰਡ ਵਾਸੀ ਕਰਨੈਲ ਸਿੰਘ ਦੱਸਦੇ ਹਨ ਕਿ ਉਹ ਸੱਤ ਭਰਾ ਸਨ ਅਤੇ ਸੱਤਾ ਪਰਿਵਾਰਾਂ ਦੇ 29 ਮੈਂਬਰ ਸਨ। ਪਰ ਹੁਣ ਪਿੰਡ ਵਿੱਚ 10 ਮੈਂਬਰ ਹੀ ਰਹਿ ਗਏ ਹਨ। ਬਾਕੀ ਸਾਰੇ ਪਿੰਡ ਤੋਂ ਬਾਹਰ ਚਲੇ ਗਏ।
ਉਨਾਂ ਕਿਹਾ, “ਮੇਰੇ ਕੁਝ ਭਰਾ ਤਾਂ ਲੁਧਿਆਣਾ ਚਲੇ ਗਏ, ਕੁਝ ਜਲੰਧਰ ਅਤੇ ਹਿਮਾਚਲ ਚਲੇ ਗਏ। ਏਦਾਂ ਹੀ ਸਾਰੇ ਖਿੰਡ-ਪੁੰਡ ਗਏ। ਉਹ ਵਿਆਹ ਜਾਂ ਹੋਰ ਸਮਾਗ਼ਮਾਂ ਦੌਰਾਨ ਇੱਥੇ ਆਉਂਦੇ ਹਨ।”
“ਮੇਰੇ ਪਿੰਡ ਦੇ 60% ਲੋਕ ਇੱਥੋਂ ਚਲੇ ਗਏ ਹਨ। ਇੱਥੇ ਕੋਈ ਸਹੂਲਤ ਨਹੀਂ ਹੈ। ਬੱਸ ਵੀ ਹੁਣ ਹੀ ਚੱਲੀ ਹੈ ਨਹੀਂ ਤਾਂ ਪਹਿਲਾਂ ਇੱਥੇ ਬੱਸ ਵੀ ਨਹੀਂ ਸੀ ਅਤੇ ਨਾ ਹੀ ਕੋਈ ਆਵਾਜਾਈ ਦੀ ਸਹੂਲਤ ਸੀ।”
ਦਿਨੇਸ਼ ਕੁਮਾਰ ਨੇ ਦੱਸਿਆ ਕਿ 30 ਸਾਲ ਪਹਿਲਾਂ ਜਦੋਂ ਉਹ ਇਸ ਪਿੰਡ ਵਿੱਚ ਆਇਆ ਸੀ ਤਾਂ ਇੱਥੋਂ ਦੇ ਡਢਿਆਲੀ ਮੁਹੱਲੇ ਵਿੱਚ 50-60 ਘਰ ਸਨ ਪਰ ਹੁਣ 10-15 ਘਰ ਵੀ ਨਹੀਂ ਹਨ।
ਪੰਚਾਇਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ 200 ਵਿੱਚੋਂ ਹੁਣ ਇੱਥੇ 70-80 ਘਰ ਹੀ ਰਹਿ ਗਏ ਹਨ।

ਸੜਕੀ ਸੰਪਰਕ ਤੋਂ ਸੱਖਣਾ
ਪਿੰਡ ਵਾਸੀਆਂ ਮੁਤਾਬਕ ਪਿੰਡ ਨੂੰ ਲੱਗਦੇ ਰਸਤਿਆਂ ਦੀ ਹਾਲਤ ਬਹੁਤ ਖ਼ਸਤਾ ਹੈ। ਰਸਤੇ ਕੱਚੇ ਹਨ ਅਤੇ ਪਿੰਡ ਤੱਕ ਪਹੁੰਚਣ ਲਈ ਪਹਾੜੀ ਕੱਚੇ ਰਸਤੇ ਅਤੇ ਚੋਆਂ ਵਿੱਚ ਦੀ ਲੰਘਣਾ ਪੈਂਦਾ ਹੈ।
ਬਰਸਾਤ ਦੇ ਦਿਨਾਂ ਵਿੱਚ ਚੋਆਂ ਵਿੱਚ ਪਾਣੀ ਚੱਲਦਾ ਹੋਣ ਕਰਕੇ ਰਸਤਾ ਬੰਦ ਹੋ ਜਾਂਦਾ ਹੈ। ਸ਼ਹਿਰ ਜਾਣ ਵਾਸਤੇ ਆਵਾਜਾਈ ਨਹੀਂ ਹੈ। ਸਿਰਫ਼ ਇੱਕ ਰੋਡਵੇਜ਼ ਦੀ ਬੱਸ ਹੈ ਜੋ ਸਵੇਰੇ ਅੱਠ ਵਜੇ ਪਿੰਡ ਵਿੱਚੋਂ ਲੁਧਿਆਣਾ ਵਾਸਤੇ ਲੰਘਦੀ ਹੈ ਅਤੇ ਸ਼ਾਮੀ ਸਾਢੇ ਪੰਜ ਵਜੇ ਪਿੰਡ ਵਾਪਸ ਆਉਂਦੀ ਹੈ।
ਪਿੰਡ ਵਾਸੀਆਂ ਦੇ ਅਨੁਸਾਰ ਜੇਕਰ ਕਿਸੇ ਨੂੰ ਸ਼ਹਿਰ ਵਿੱਚ ਇੱਕ ਘੰਟੇ ਦਾ ਕੰਮ ਵੀ ਹੋਵੇ ਤਾਂ ਉਹ ਬੱਸ ਦੇ ਵਾਪਸ ਦੀ ਉਡੀਕ ਵਿੱਚ ਸ਼ਾਮ ਤੱਕ ਫਸੇ ਰਹਿੰਦੇ ਹਨ।
ਕਰਨੈਲ ਸਿੰਘ ਕਹਿੰਦੇ ਹਨ, “ਸੜਕਾਂ ਦੀ ਹਾਲਤ ਖ਼ਰਾਬ ਹੈ। ਰਸਤਾ ਖੱਡਾਂ ਵਿੱਚ ਦੀ ਨਿਕਲਦਾ ਹੈ। ਜਦੋਂ ਖੱਡਾਂ ਵਿੱਚ ਮੀਂਹ ਦਾ ਪਾਣੀ ਆਉਂਦਾ ਹੈ ਤਾਂ ਰੁਕਣਾ ਪੈਂਦਾ ਹੈ। ਜਦੋਂ ਪਾਣੀ ਉੱਤਰਦਾ ਹੈ, ਉਦੋਂ ਹੀ ਲਾਂਘਾ ਬਣਦਾ ਹੈ। ਜਦੋਂ ਸਾਰਾ ਦਿਨ ਮੀਂਹ ਪੈਂਦਾ ਹੈ ਤਾਂ ਬੱਚੇ ਵੀ ਸਾਰਾ ਦਿਨ ਸਕੂਲ ਨਹੀਂ ਜਾ ਪਾਉਂਦੇ।”
ਦਿਨੇਸ਼ ਕੁਮਾਰ ਨੇ ਕਿਹਾ, “ਰਸਤੇ ਹੈ ਨਹੀਂ। ਖ਼ਰਾਬ ਰਸਤੇ ਕਰਕੇ ਲੋਕ ਤੁਰਕੇ ਜਾਂਦੇ ਹਨ।”
“ਜਿਹੜਾ ਡਰਾਈਵਰ ਇੱਕ ਵਾਰੀ ਇੱਥੋਂ ਲੰਘਦਾ, ਉਹ ਕਹਿੰਦਾ ਇਸ ਦੇ ਨਾਲੋਂ ਮੈਨੂੰ ਖੂਹ ਵਿੱਚ ਸੁੱਟ ਦਿਉ।”

ਬੱਚਿਆਂ ਨੂੰ ਪੜਾਉਣ ਵਿੱਚ ਦਿੱਕਤ
ਸੜਕੀ ਸੰਪਰਕ ਨਾ ਹੋਣ ਕਰਕੇ ਪਿੰਡ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਪੜਾਉਣ ਵਿੱਚ ਵੀ ਦਿੱਕਤ ਆਉਂਦੀ ਹੈ। ਪਿੰਡ ਵਿੱਚ ਦਸਵੀਂ ਤੱਕ ਸਕੂਲ ਹੈ ਪਰ ਦੱਸਵੀ ਤੋਂ ਅੱਗੇ ਬੱਚਿਆਂ ਨੂੰ ਪੜ੍ਹਾਉਣਾ ਸੋਖਾ ਕੰਮ ਨਹੀ ਹੈ।
ਸੈਕੰਡਰੀ ਸਕੂਲ ਜਾਂ ਕਾਲਜ ਪਿੰਡ ਤੋਂ ਕਈ ਕਿੱਲੋਮੀਟਰ ਦੂਰ ਹਨ। ਪਰ ਕੰਢੀ, ਪਹਾੜੀ ਅਤੇ ਜੰਗਲ ਦਾ ਖੇਤਰ ਹੋਣ ਕਾਰਨ, ਬੱਚਿਆਂ ਨੂੰ ਦੂਰ-ਦੁਰਾਡੇ ਸਕੂਲ ਭੇਜਣ ਵਿੱਚ ਪਿੰਡ ਵਾਸੀਆਂ ਨੂੰ ਸਮੱਸਿਆਵਾਂ ਪੇਸ਼ ਆਉਂਦੀਆਂ ਹਨ।
ਸਿਰਫ਼ ਇੱਕ ਸਰਕਾਰੀ ਬੱਸ ਆਵਾਜਾਈ ਦਾ ਸਾਧਨ ਹੋਣ ਕਰ ਕੇ ਬੱਚਿਆਂ ਦਾ ਸਾਰਾ ਸਮਾਂ ਬੱਸ ਦੀ ਉਡੀਕ ਵਿੱਚ ਬਤੀਤ ਹੋ ਜਾਂਦਾ ਹੈ।
ਕਰਨੈਲ ਸਿੰਘ ਕਹਿੰਦੇ ਹਨ, “ਸਭ ਤੋਂ ਵੱਡੀ ਸਮੱਸਿਆ ਬੱਚਿਆਂ ਨੂੰ ਪੜਾਉਣ ਦੀ ਹੈ। ਪਿੰਡ ਵਿੱਚ ਪ੍ਰਾਇਮਰੀ ਅਤੇ ਹਾਈ ਸਕੂਲ ਹੈ। ਦੱਸਵੀਂ ਤੋਂ ਬਾਅਦ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਪਿੰਡ ਤੋਂ ਬਾਹਰ ਭੇਜਣਾ ਪੈਂਦਾ ਹੈ ਅਤੇ ਉੱਥੇ ਭੇਜਣ ਵਾਸਤੇ ਕੋਈ ਸਾਧਨ ਨਹੀਂ ਹੈ। ਜਾਂ ਤਾਂ ਬੱਸ ਉੱਤੇ ਭੇਜਣਾ ਪੈਂਦਾ ਹੈ।”
“ਬੱਸ ਸਵੇਰੇ ਅੱਠ ਵਜੇ ਆਉਂਦੀ ਹੈ ਅਤੇ ਸ਼ਾਮ ਨੂੰ ਸਾਢੇ ਪੰਜ ਵਜੇ ਵਾਪਸ ਆਉਂਦੀ ਹੈ। ਜੇਕਰ ਕੋਈ ਲਿਫ਼ਟ ਮਿਲ ਜਾਵੇ ਤਾਂ ਬੱਚੇ ਵਾਪਸ ਆ ਜਾਂਦੇ ਹਨ ਨਹੀਂ ਤਾਂ ਸਾਰਾ ਦਿਨ ਬੱਸ ਦੀ ਉਡੀਕ ਕਰਦੇ ਰਹਿੰਦੇ ਹਨ।”

ਬਿਜਲੀ ਅਤੇ ਪਾਣੀ ਦੀ ਸਮੱਸਿਆ
ਪਿੰਡ ਵਾਸੀ ਦੱਸਦੇ ਹਨ ਕਿ ਉਨ੍ਹਾਂ ਨੂੰ ਬਿਜਲੀ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਭਾਵੇਂ ਪਿੰਡ ਵਿੱਚ ਬਿਜਲੀ ਦੀ ਸਹੂਲਤ ਹੈ ਪਰ ਇਹ ਵੀ ਮੌਸਮ ਅਤੇ ਜਾਨਵਰਾਂ ਉੱਤੇ ਨਿਰਭਰ ਹੈ। ਉਨ੍ਹਾਂ ਨੂੰ ਕਈ-ਕਈ ਦਿਨ ਬਿਜਲੀ ਤੋਂ ਸੱਖਣੇ ਰਹਿਣਾ ਪੈਂਦਾ ਹੈ।
ਉਹ ਦੱਸਦੇ ਹਨ ਕਿ ਮੀਂਹ-ਹਨੇਰੀ ਦੇ ਮੌਸਮ ਦੌਰਾਨ ਬਿਜਲੀ ਦੀ ਸਪਲਾਈ ਵਿੱਚ ਅਕਸਰ ਵਿਘਨ ਪੈ ਜਾਂਦਾ ਹੈ ਅਤੇ ਕਈ ਦਿਨ ਉਨ੍ਹਾਂ ਨੂੰ ਬਿਜਲੀ ਤੋਂ ਬਗ਼ੈਰ ਗੁਜ਼ਾਰਨੇ ਪੈਂਦੇ ਹਨ। ਬਿਜਲੀ ਨਾ ਹੋਣ ਦੀ ਸੂਰਤ ਵਿੱਚ ਬਿਜਲੀ ਦੀ ਸਪਲਾਈ ਵੀ ਬੰਦ ਹੋ ਜਾਂਦੀ ਹੈ। ਬਿਜਲੀ ਬੰਦ ਹੋਣ ਨਾਲ ਟਿਊਬਵੈਲ ਬੰਦ ਹੋ ਜਾਂਦਾ ਹੈ।
ਕਰਨੈਲ ਕਹਿੰਦੇ ਹਨ, “ਬਿਜਲੀ ਤਾਂ ਵੈਸੇ ਆਉਂਦੀ ਹੈ ਪਰ ਜੇਕਰ ਹਵਾ-ਹਨੇਰੀ ਚੱਲੇ ਤਾਂ ਤਿੰਨ-ਤਿੰਨ ਦਿਨ ਬੰਦ ਰਹਿੰਦੀ ਹੈ। ਲਾਈਟ ਜਾਣ ਨਾਲ ਹੋਰ ਸਮਾਂ ਵੀ ਆਉਂਦੀਆਂ ਹਨ। ਜਿਵੇਂ ਕਿ ਨਾ ਤਾਂ ਟਾਵਰ (ਨੈੱਟਵਰਕ) ਅਤੇ ਨਾ ਹੀ ਪਾਣੀ।”
ਦਿਨੇਸ਼ ਕੁਮਾਰ ਨੇ ਕਿਹਾ, “ਬਿਜਲੀ ਵਾਤਾਵਰਨ ਉੱਤੇ ਨਿਰਭਰ ਹੈ। ਆਲਾ-ਦੁਆਲਾ ਜੰਗਲੀ ਹੋਣ ਕਰ ਕੇ ਜਾਨਵਰ ਤਾਰਾਂ ਨਾਲ ਛੇੜਛਾੜ ਕਰਦੇ ਹਨ ਤਾਂ ਬਿਜਲੀ ਚਲੀ ਜਾਂਦੀ ਹੈ। ਮੌਸਮ ਖ਼ਰਾਬ ਹੋਣ ਉੱਤੇ ਵੀ ਬਿਜਲੀ ਚਲੀ ਜਾਂਦੀ ਹੈ।”

ਜੰਗਲੀ ਜਾਨਵਰਾਂ ਦਾ ਦਬਦਬਾ
ਪਿੰਡ ਵਾਸੀਆਂ ਜੰਗਲੀ ਜਾਨਵਰਾਂ ਤੋਂ ਵੀ ਪਰੇਸ਼ਾਨ ਹਨ। ਜੰਗਲੀ ਜਾਨਵਰ ਫ਼ਸਲਾਂ ਅਤੇ ਪਾਲਤੂ ਜਾਨਵਰਾਂ ਦਾ ਵੀ ਨੁਕਸਾਨ ਕਰਦੇ ਹਨ।
ਸਰਪੰਚ ਰਾਧਾ ਰਾਣੀ ਕਹਿੰਦੀ ਹੈ, “ਇੱਥੇ ਪਹਿਲਾਂ ਤਾਂ ਫ਼ਸਲ ਹੀ ਨਹੀਂ ਹੁੰਦੀ। ਜੇ ਹੁੰਦੀ ਹੈ ਤਾਂ ਜਾਨਵਰ ਖਾ ਜਾਂਦੇ ਹਨ। ਬਾਂਦਰ, ਸੂਰ ਅਤੇ ਸਾਂਬਰ ਫ਼ਸਲ ਖ਼ਰਾਬ ਕਰ ਦਿੰਦੇ ਹਨ। ਪਹਿਲਾਂ ਖਾਣ ਜੋਗੀ ਕਣਕ ਹੋ ਜਾਂਦੀ ਸੀ ਪਰ ਹੁਣ ਤਾਂ ਮੁੱਲ ਹੀ ਲੈਣੀ ਪੈਂਦੀ ਹੈ।”
“ਦਿਨੇਸ਼ ਕੁਮਾਰ ਨੇ ਦੱਸਿਆ ਕਿ ਜਾਨਵਰ ਜ਼ਿਆਦਾ ਹਨ। ਬਾਂਦਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਹ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੇ ਹਨ। ਤੇਦੂੰਆ ਵੀ ਦੁਧਾਰੂ ਪਸ਼ੂਆਂ ਅਤੇ ਕੁੱਤਿਆਂ ਨੂੰ ਚੁੱਕ ਕੇ ਲੈ ਜਾਂਦਾ ਹੈ।”

ਪਿੰਡ ਵਾਸੀਆਂ ਦੀ ਕੀ ਮੰਗ ਹੈ
ਦਿਨੇਸ਼ ਆਖਦੇ ਹਨ, “ਸਾਨੂੰ ਇੱਥੇ ਇੱਕ ਡਿਸਪੈਂਸਰੀ ਦੀ ਵੀ ਲੋੜ ਹੈ। ਜਦੋਂ ਕੋਈ ਬੀਮਾਰ ਹੁੰਦਾ ਹੈ ਤਾਂ ਸਾਨੂੰ ਜਾਂ ਤਾਂ ਹੁਸ਼ਿਆਰਪੁਰ ਜਾਣਾ ਪੈਂਦਾ ਹੈ ਜਾਂ ਨੰਗਲ ਜਾਂ ਦੌਲਤਪੁਰ (ਦੋਵੇਂ ਹਿਮਾਚਲ ਪ੍ਰਦੇਸ਼ ਦੇ ਕਸਬੇ ਹਨ) ਜਾਣਾ ਪੈਂਦਾ ਹੈ।”
“ਸਰਕਾਰ ਤੋਂ ਮੰਗ ਹੈ ਕਿ ਘੱਟੋ-ਘੱਟ ਸਾਡੇ ਰਸਤੇ ਹੀ ਬਿਹਤਰ ਬਣਾ ਦਿੱਤਾ ਜਾਣ।”

ਅਧਿਕਾਰੀਆਂ ਨੇ ਕੀ ਕਿਹਾ
ਇਹ ਪਿੰਡ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਵਿੱਚ ਪੈਂਦਾ ਹੈ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਇਸ ਹਲਕੇ ਦੀ ਅਗਵਾਈ ਕਰਦੇ ਹਨ।
ਪਾਰਲੀਮੈਂਟ ਵਿੱਚ ਇਸ ਹਲਕੇ ਦੀ ਨੁਮਾਇੰਦਗੀ ਆਮ ਆਦਮੀ ਪਾਰਟੀ ਦੇ ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ ਕਰਦੇ ਹਨ।
ਪਿੰਡ ਦੇ ਹਲਾਤਾਂ ਬਾਰੇ ਵਾਰ-ਵਾਰ ਕੋਸ਼ਿਸ਼ ਕਰਨੇ ਦਾ ਬਾਵਜੂਦ ਕੈਬਨਿਟ ਮੰਤਰੀ ਡਾ. ਰਵਜੋਤ ਨਾਲ ਸੰਪਰਕ ਨਹੀਂ ਹੋ ਸਕਿਆ।
ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਕਿ ਇਹ ਪਿੰਡ ਉਨ੍ਹਾਂ ਦੇ ਹਲਕੇ ਵਿੱਚ ਹੈ।
ਹੁਸ਼ਿਆਰਪੁਰ ਡੀਸੀ ਆਸ਼ਿਕਾ ਜੈਨ ਨੇ ਕਿਹਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਇਸ ਲਈ ਉਨ੍ਹਾਂ ਦਿਹਾਤੀ ਵਿਕਾਸ ਏਡੀਸੀ ਨਿਕਾਸ ਖਿੱਚਰ ਨਾਲ ਸੰਪਰਕ ਕਰਨ ਲਈ ਕਿਹਾ ਅਤੇ ਏਡੀਸੀ ਨੇ ਸਵਾਲਾਂ ਦੇ ਜਵਾਬ ਦੇਣ ਦੀ ਜ਼ਿੰਮੇਵਾਰੀ ਭੁੰਗਾ ਬੀਡੀਪੀਓ ਦਿਲਪ੍ਰੀਤ ਸਿੰਘ ਦੀ ਲਗਾਈ।
ਬੀਡੀਪੀਓ ਨੇ ਅੱਗਿਉ ਜ਼ਿੰਮੇਵਾਰੀ ਪੰਚਾਇਤ ਸੈਕਟਰੀ ਮਲਕੀਤ ਸਿੰਘ ਨੂੰ ਸੌਂਪੀ। ਮਲਕੀਤ ਸਿੰਘ ਨੇ ਦੱਸਿਆ ਕਿ ਲੋਕ ਬਿਹਤਰ ਪੜਾਈ ਅਤੇ ਜਾਨਵਰਾਂ ਦੇ ਡਰ ਕਰਕੇ ਪਿੰਡ ਛੱਡ ਰਹੇ ਹਨ। ਰਸਤਿਆਂ ਦੀ ਸਮੱਸਿਆ ਵੀ ਹੈ।
ਉਨ੍ਹਾਂ ਨੇ ਕਿਹਾ, “ਪਹਾੜੀ ਏਰੀਆ ਕਰਕੇ ਬਰਸਾਤਾਂ ਵਿੱਚ ਰਸਤੇ ਟੁੱਟ ਜਾਂਦੇ ਹਨ। ਹੁਣ ਇਕ ਰਸਤਾ ਮਨਜ਼ੂਰ ਹੋ ਗਿਆ ਹੈ। ਜਲਦੀ ਹੀ ਬਣ ਜਾਵੇਗਾ।”
“ਪਹਿਲਾਂ ਪਿੰਡ ਵਿੱਚ ਲਗਭਗ 200 ਘਰ ਸੀ ਹੁਣ ਲਗਭਗ 70-80 ਘਰ ਰਹਿ ਗਏ ਹਨ। ਜੇਕਰ ਰਸਤਾ ਬਣ ਜਾਵੇ ਤਾਂ ਇਹ ਘਰ ਇੱਥੇ ਰਹਿ ਜਾਣਗੇ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI