Source :- BBC PUNJABI

ਤਸਵੀਰ ਸਰੋਤ, GurpreetChawla/RavinderRobin
ਅਪਡੇਟ ਇੱਕ ਘੰਟਾ ਪਹਿਲਾਂ
ʻਰਾਤੀਂ ਜਦੋਂ ਜ਼ੋਰਦਾਰ ਖੜਾਕ ਹੋਇਆ ਤਾਂ ਇੱਕ ਵਾਰ ਲੱਗਾ ਜਿਵੇਂ ਸਾਡੀ ਜਾਨ ਹੀ ਨਿਕਲ ਗਈ ਹੋਵੇ। ਜਦੋਂ ਕੋਠੇ ਚੜ੍ਹ ਕੇ ਦੇਖਿਆ ਤਾਂ ਲਾਗੇ ਖੇਤਾਂ ਵਿੱਚ ਅੱਗ ਲੱਗੀ ਹੋਈ ਸੀ। ਫਿਰ ਲੱਗਾ ਕੰਮ ਜ਼ਿਆਦਾ ਖ਼ਰਾਬ ਹੋ ਗਿਆ, ਇੱਕ ਵਾਰ ਤਾਂ ਚੀਕਾਂ ਨਿਕਲ ਗਈਆਂ।”
ਇਹ ਸ਼ਬਦ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਰਛਪਾਲ ਸਿੰਘ ਦੇ ਹਨ, ਜਿਨ੍ਹਾਂ ਦੇ ਘਰ ਵਿੱਚ ਕੁਝ ਮਲਬਾ ਮਿਲਿਆ ਅਤੇ ਉਨ੍ਹਾਂ ਦੇ ਖੇਤਾਂ ਨੂੰ ਵੀ ਅੱਗ ਲੱਗੀ ਹੋਈ ਸੀ।
ਰਛਪਾਲ ਸਿੰਘ ਦੱਸਦੇ ਹਨ, “ਰਾਤੀਂ ਦਾ ਕੁਝ ਪਤਾ ਨਹੀਂ ਲੱਗਾ ਪਰ ਸਵੇਰੇ ਵਿਹੜੇ ਵਿੱਚ ਅਤੇ ਗੁਆਂਢੀਆਂ ਦੇ ਘਰ ਕੁਝ ਪੁਰਜੇ ਮਿਲੇ ਜੋ ਬੰਬਨੁਮਾ ਲੱਗ ਰਹੇ ਸਨ।”
ਬੀਤੀ ਰਾਤ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ, ਬਠਿੰਡਾ ਅਤੇ ਗੁਰਦਾਸਪੁਰ ਵਿੱਚ ਕੁਝ ਸ਼ੱਕੀ ਚੀਜ਼ਾਂ ਮਿਲਣ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਕਾਰਨ ਉੱਥੇ ਸਹਿਮ ਦਾ ਮਾਹੌਲ ਬਣ ਗਿਆ।
ਇਨ੍ਹਾਂ ਨੂੰ ਪਿੰਡ ਵਾਲਿਆਂ ਵੱਲੋਂ ਪਾਕਿਸਤਾਨ ਵੱਲੋਂ ਕੀਤੀ ਗਈ ਕਾਰਵਾਈ ਮੰਨਿਆ ਜਾ ਰਿਹਾ ਹੈ।

ਤਸਵੀਰ ਸਰੋਤ, RavinderRobin
ਦਰਅਸਲ, ਭਾਰਤ ਨੇ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਆਪ੍ਰੇਸ਼ਨ ʻਸਿੰਦੂਰʼ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਮਲਾ ਕੀਤਾ ਸੀ।
ਇਸ ਤੋਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਤਣਾਅ ਦੀ ਸਥਿਤੀ ਵਧ ਗਈ ਹੈ ਅਤੇ ਸਰਹੱਦ ਨੇੜਲੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਦੋਵਾਂ ਮੁਲਕਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਜਵਾਬੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਹਾਲਾਂਕਿ, ਇਸ ਬਾਰੇ ਭਾਰਤ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਸੀ, “ਇਸ ਕਾਰਵਾਈ ਹੇਠ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੇ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੋਂ ਭਾਰਤ ਉੱਤੇ ਹੋਏ ਦਹਿਸ਼ਤਗਰਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ ਅਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਗਿਆ ਸੀ।”
ਭਾਰਤ ਵੱਲੋਂ ਇਹ ਕਾਰਵਾਈ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਵਾਬੀ ਕਾਰਵਾਈ ਦੱਸੀ ਗਈ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ।
ਦੋਵਾਂ ਮੁਲਕਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਜਵਾਬੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਹਾਲਾਂਕਿ, ਗੁਰਦਾਸਪੁਰ ਪ੍ਰਸ਼ਾਸਨ ਨੇ ਅਗਲੇ ਹੁਕਮਾਂ ਤੱਕ ਰਾਤ ਨੂੰ 9 ਵਜੇ ਤੋਂ 5 ਵਜੇ ਤੱਕ ਬਲੈਕਆਊਟ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ।

ਹੁਣ ਤੱਕ ਦਾ ਮੁੱਖ ਘਟਨਾਕ੍ਰਮ
- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਭਾਰਤ ਨੇ 6-7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ ਕੀਤੇ।
- ਭਾਰਤ ਨੇ ਇਨ੍ਹਾਂ ਹਮਲਿਆਂ ਨੂੰ ‘ਆਪ੍ਰੇਸ਼ਨ ਸਿੰਦੂਰ’ ਦਾ ਨਾਮ ਦਿੱਤਾ ਹੈ।
- ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹਮਲੇ ਵਿੱਚ 31 ਲੋਕਾਂ ਦੀ ਮੌਤ ਹੋਈ ਹੈ ਜਦਕਿ 57 ਲੋਕ ਜ਼ਖਮੀ ਹੋਏ ਹਨ। ਇਸ ਉੱਪਰ ਭਾਰਤ ਦੀ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
- ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ ਅਤੇ 43 ਲੋਕ ਜ਼ਖ਼ਮੀ ਹਨ।
- ਸੁਰੱਖਿਆ ਦੇ ਮੱਦੇਨਜ਼ਰ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬਲੈਕਆਊਟ ਕਰਕੇ ਮੌਕ ਡ੍ਰਿਲ ਕਰਵਾਈ ਗਈ।
- ਅੰਮ੍ਰਿਤਸਰ ਦੇ ਵਸਨੀਕਾਂ ਨੇ ਦੇਰ ਰਾਤ ਧਮਾਕੇ ਦੀਆਂ ਅਵਾਜ਼ਾਂ ਸੁਣੀਆਂ। ਪ੍ਰਸ਼ਾਸਨ ਨੇ ਕਿਹਾ ਕਿ ਬਲੈਕਆਊਟ ਡ੍ਰਿਲ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ।
- ਕੇਂਦਰ ਸਰਕਾਰ ਨੇ ਆਲ ਪਾਰਟੀ ਮੀਟਿੰਗ ਬੁਲਾਈ। ਵਿਰੋਧੀ ਪਾਰਟੀਆਂ ਨੇ ਸਰਕਾਰ ਨਾਲ ਖੜ੍ਹਨ ਦੀ ਗੱਲ ਆਖੀ।
- ਅਮਰੀਕਾ ਨੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
- ਜ਼ਿਲ੍ਹਾ ਗੁਰਦਾਸਪੁਰ ਦੇ ਸਿੱਖਿਆ ਅਦਾਰੇ 9 ਮਈ ਤੱਕ ਬੰਦ ਰਹਿਣਗੇ। ਗੁਰਦਾਸਪੁਰ ਵਿੱਚ ਅਗਲੇ ਹੁਕਮਾਂ ਤੱਕ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਪੂਰਨ ਬਲੈਕਆਊਟ ਦੇ ਆਦੇਸ਼ ਜਾਰੀ
- ਯੂਕੇ ਦੀ ਸੰਸਦ ਵਿੱਚ ਭਾਰਤ-ਪਾਕਿਸਤਾਨ ਟਕਰਾਅ ‘ਤੇ ਹੋਈ ਚਰਚਾ।

ਪੰਜਾਬ ਦੇ ਪਿੰਡਾਂ ਵਾਲਿਆਂ ਨੇ ਕੀ ਦੱਸਿਆ
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਪਿੰਡ ਜੇਠੂਵਾਲ ਵਿੱਚ ਕੁਝ ਲੋਕਾਂ ਨੇ ਦਾਅਵਾ ਕੀਤਾ ਉਨ੍ਹਾਂ ਨੇ ਖੇਤਾਂ ਵਿੱਚ ਕੋਈ ਰਾਕੇਟਨੁਮਾ ਚੀਜ਼ ਦੇਖੀ ਹੈ। ਜਿਸ ਨਾਲ ਪਿੰਡ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ।
ਜੇਠੂਵਾਲ ਦੇ ਦਿਲਦਾਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਧਮਾਕੇ ਹੋਏ ਤਾਂ ਉੱਠ ਗਏ ਅਤੇ ਆਪਣੀਆਂ ਛੱਤਾਂ ਦੇ ਚੜ੍ਹ ਕੇ ਦੇਖਿਆ।
ਉਨ੍ਹਾਂ ਨੇ ਅੱਗੇ ਕਿਹਾ, “ਸਵੇਰੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਖੇਤਾਂ ਵਿੱਚ ਮਿਜ਼ਾਈਲ ਡਿੱਗੀ ਪਈ ਹੈ। ਅਸੀਂ ਆ ਕੇ ਦੇਖਿਆ ਅਤੇ ਫਿਰ ਪੁਲਿਸ ਪ੍ਰਸ਼ਾਸਨ ਵੀ ਆਇਆ। ਇਸ ਦੇ ਕੁਝ ਹਿੱਸੇ ਲੋਕਾਂ ਨੇ ਘਰਾਂ ਵਿੱਚ ਡਿੱਗੇ ਹਨ। ਪੁਲਿਸ ਨੇ ਸਾਰੇ ਆਪਣੇ ਕਬਜ਼ਿਆਂ ਵਿੱਚ ਲੈ ਲਏ ਹਨ।”

ਤਸਵੀਰ ਸਰੋਤ, RavinderRobin
ਇੱਕ ਹੋਰ ਪਿੰਡ ਵਾਸੀ ਲਵਪ੍ਰੀਤ ਸਿੰਘ ਨੇ ਦੱਸਿਆ, “ਰਾਤੀਂ ਕਰੀਬ ਇੱਕ ਵਜੇ ਦੇ ਕਰੀਬ ਬਹੁਤ ਤੇਜ਼ ਆਵਾਜ਼ ਆਈ, ਫਿਰ ਅਸੀਂ ਛੱਤ ʼਤੇ ਗਏ। ਉੱਥੇ ਸਾਨੂੰ ਇੱਕ ਚੀਜ਼ ਨਜ਼ਰ ਆਈ, ਜਿਵੇਂ ਕਿ ਕੋਈ ਪਲੇਨ ਹੁੰਦਾ, ਕੋਈ ਲਾਈਟ ਹੁੰਦੀ ਹੈ। ਫਿਰ ਦੋ-ਦੋ ਮਿੰਟ ਬਾਅਦ ਅਜਿਹੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਜਿਵੇਂ ਕੁਝ ਧਮਾਕੇ ਹੋਏ ਹੋਣ।”
“ਉਸ ਨਾਲ ਡਰ ਦਾ ਬਹੁਤ ਮਾਹੌਲ ਪੈਦਾ ਹੋ ਗਿਆ ਅਤੇ ਜਦੋਂ ਸਵੇਰੇ ਅਸੀਂ ਖੇਤ ਵਿੱਚ ਆਏ ਤਾਂ ਸਾਨੂੰ ਪਤਾ ਲੱਗਾ ਕਿ ਸਾਡੇ ਖੇਤ ਵਿੱਚ ਕੋਈ ਰਾਕੇਟਨੁਮਾ ਚੀਜ਼ ਡਿੱਗੀ ਹੈ ਜੋ 6-7 ਫੁੱਟ ਲੰਬੀ ਸੀ।”

ਤਸਵੀਰ ਸਰੋਤ, RavinderRobin
ਉੱਧਰ ਦੂਜੇ ਪਾਸੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਰਛਪਾਲ ਸਿੰਘ ਨੇ ਦੱਸਿਆ ਕਿ ਉਹ ਆਪਣਾ ਕੰਮ ਕਰਕੇ ਸੁੱਤੇ ਸਨ ਅਤੇ ਕਰੀਬ ਇੱਕ ਵਜ ਕੇ 20 ਮਿੰਟ ʼਤੇ ਬਹੁਤ ਜ਼ਿਆਦਾ ਖੜਾਕ ਹੋਇਆ।
ਉਹ ਦੱਸਦੇ ਹਨ, “ਮੈਂ ਕੋਠੇ ʼਤੇ ਚੜ੍ਹ ਕੇ ਦੇਖਿਆ ਇੱਕ ਪਾਸੇ ਨਾੜ ਨੂੰ ਅੱਗ ਲੱਗੀ ਹੋਈ ਸੀ। ਮੈਂ ਆਪਣੇ ਭਰਾ ਨੂੰ ਉਠਾਇਆ ਤੇ ਅਸੀਂ ਅੱਗ ਬੁਝਾਈ। ਉਸ ਵੇਲੇ ਸਾਨੂੰ ਲੱਭਾ ਤਾਂ ਕੁਝ ਨਹੀਂ।”
“ਸਵੇਰੇ ਜਦੋਂ ਵੱਡੇ ਭਰਾ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਦੇਖਿਆ ਕਿ ਕੁਝ ਵਿਹੜੇ ਵਿੱਚ ਪੁਰਜੇ ਪਏ ਸਨ ਅਤੇ ਕੁਝ ਗੁਆਂਢੀਆਂ ਦੇ ਘਰ ਪਏ ਸਨ। ਫਿਰ ਜਾ ਕੇ ਸਾਨੂੰ ਲੱਗਾ ਇਹ ਤਾਂ ਕੋਈ ਬੰਬਨੁਮਾ ਚੀਜ਼ ਹੈ।”
ਉਨ੍ਹਾਂ ਨੇ ਦੱਸਿਆ, “ਫਿਰ ਪੰਜਾਬ ਪੁਲਿਸ ਆਈ, ਫੌਜੀ ਆਏ ਅਤੇ ਉਨ੍ਹਾਂ ਨੇ ਦੇਖਿਆ। ਜਦੋਂ ਖੜਾਕ ਹੋਇਆ ਤਾਂ ਇੰਝ ਲੱਗਾ ਕਿ ਜਿਵੇਂ ਆਪਣੀ ਜਾਨ ਹੀ ਨਿਕਲ ਗਈ ਹੁੰਦੀ ਹੈ। ਮੈਂ ਜਦੋਂ ਕੋਠੇ ਚੜਿਆ ਤਾਂ ਪਤਾ ਲੱਗਾ ਕੰਮ ਖ਼ਰਾਬ ਹੋ ਗਿਆ।”
ਰਛਪਾਲ ਸਿੰਘ ਕਹਿੰਦੇ ਹਨ ਕਿ ਸਾਨੂੰ ਲੜਾਈ ਨਹੀਂ ਚਾਹੀਦੀ।

ਤਸਵੀਰ ਸਰੋਤ, Suinder Maan
ਇਸ ਤੋਂ ਇਲਾਵਾ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਸੰਧੂਆਂ ਵਾਲਾ ਦੇ ਇੱਕ ਘਰ ਵਿੱਚ ਬਣੇ ਪਸ਼ੂਆਂ ਵਾਲੇ ਦੇ ਸ਼ੈੱਡ ਉੱਪਰ ਅਸਮਾਨ ਤੋਂ ਲੋਹੇ ਦੀ ਇੱਕ ਭਾਰੀ ਚੀਜ਼ ਡਿੱਗਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸ਼ੱਕੀ ਚੀਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਜ਼ਿਲ੍ਹੇ ਦੇ ਪਿੰਡ ਤਲਵੰਡੀ ਭੰਗੇਰੀਆ ਨੇੜਲੇ ਖੇਤਾਂ ਵਿੱਚੋਂ ਵੀ ਲੋਹੇ ਦੀ ਇੱਕ ਭਾਰੀ ਚੀਜ਼ ਮਿਲੀ ਹੈ।
ਹਾਲਾਂਕਿ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਹਾਲੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਬਰਾਮਦ ਹੋਈਆਂ ਇਹ ਚੀਜ਼ਾਂ ਕੀ ਹਨ।
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

source : BBC PUNJABI