Source :- BBC PUNJABI

ਦੇਸ਼ ਦੇ ਅਹਿਮ ਸਥਾਨਾਂ 'ਤੇ ਮੌਕ ਡ੍ਰਿਲ ਕੀਤੇ ਜਾਂਦੇ ਹਨ (ਫ਼ਾਈਲ ਫੋਟੋ)

ਤਸਵੀਰ ਸਰੋਤ, Getty Images

46 ਮਿੰਟ ਪਹਿਲਾਂ

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 7 ਮਈ ਨੂੰ ਮੌਕ ਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਾਤਾਰ ਵਧ ਰਹੇ ਤਣਾਅ ਦੇ ਵਿਚਾਲੇ ਇਸ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।

ਬੀਬੀਸੀ ਕੋਲ ਗ੍ਰਹਿ ਮੰਤਰਾਲੇ ਦੇ ਜਨਰਲ ਫਾਇਰ ਸਰਵਿਸ, ਸਿਵਲ ਡਿਫੈਂਸ ਅਤੇ ਹੋਮ ਗਾਰਡ ਅਤੇ ਸਿਵਲ ਡਿਫੈਂਸ ਡਾਇਰੈਕਟੋਰੇਟ ਜਨਰਲ ਨੂੰ 5 ਮਈ ਨੂੰ ਭੇਜੇ ਗਏ ਨਿਰਦੇਸ਼ਾਂ ਦੀ ਇੱਕ ਕਾਪੀ ਹੈ। ਇਹ ਨਿਰਦੇਸ਼ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਭੇਜੇ ਗਏ ਹਨ।

ਇਸ ਵਿੱਚ, ਸਰਕਾਰ ਨੇ ਦੇਸ਼ ਭਰ ਦੇ 244 ਸੂਚੀਬੱਧ ਸਿਵਲ ਡਿਫੈਂਸ ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਦਾ ਅਭਿਆਸ ਅਤੇ ਰਿਹਰਸਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸਿਵਲ ਡਿਫੈਂਸ ਕਾਨੂੰਨਾਂ ਮੁਤਾਬਕ, ਗ੍ਰਹਿ ਮੰਤਰਾਲੇ ਕੋਲ ਸੂਬਿਆਂ ਨੂੰ ਅਜਿਹੇ ਮੌਕ ਡ੍ਰਿਲ ਕਰਵਾਉਣ ਲਈ ਨਿਰਦੇਸ਼ ਜਾਰੀ ਕਰਨ ਦਾ ਅਧਿਕਾਰ ਹੈ।

ਮੌਕ ਡ੍ਰਿਲ ਵਿੱਚ ਕੀ ਹੋਵੇਗਾ?

ਪਹਿਲਗਾਮ

ਤਸਵੀਰ ਸਰੋਤ, ANI

ਦਰਅਸਲ, ਮੌਕ ਡ੍ਰਿਲ ਵਿੱਚ, ਇਹ ਦੇਖਿਆ ਜਾਂਦਾ ਹੈ ਕਿ ਲੋਕ ਐਮਰਜੈਂਸੀ ਸਥਿਤੀ ਵਿੱਚ ਕਿਵੇਂ ਪ੍ਰਤੀਕਿਰਿਆ ਕਰਦੇ ਹਨ। ਇਸ ਲਈ ਚੁਣੇ ਹੋਏ ਲੋਕਾਂ ਅਤੇ ਵਲੰਟੀਅਰਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ।

ਆਮ ਤੌਰ ‘ਤੇ ਹਮਲੇ, ਦੁਰਘਟਨਾ ਜਾਂ ਅੱਗ ਵਰਗੀ ਐਮਰਜੈਂਸੀ ਸਥਿਤੀ ਦੀ ਤਿਆਰੀ ਦੇ ਪੱਧਰ ਨੂੰ ਜਾਣਨ ਲਈ ਮੌਕ ਡ੍ਰਿਲ ਕੀਤੇ ਜਾਂਦੇ ਹਨ।

ਗ੍ਰਹਿ ਮੰਤਰਾਲੇ ਦੇ ਪੱਤਰ ਮੁਤਾਬਕ, 7 ਮਈ ਨੂੰ ਹੋਣ ਵਾਲਾ ਮੌਕ ਡ੍ਰਿਲ ਸ਼ਹਿਰਾਂ ਤੋਂ ਪੇਂਡੂ ਪੱਧਰ ਤੱਕ ਕੀਤਾ ਜਾਵੇਗਾ।

ਇਸ ਮੌਕ ਡ੍ਰਿਲ ਵਿੱਚ ਕਈ ਤਰ੍ਹਾਂ ਦੇ ਅਭਿਆਸ ਕੀਤੇ ਜਾਣਗੇ। ਇਨ੍ਹਾਂ ਵਿੱਚ ਇਹ ਪਤਾ ਲਾਉਣਾ ਕਿ ਹਵਾਈ ਹਮਲੇ ਦੀਆਂ ਚੇਤਾਵਨੀਆਂ ਕਿੰਨੀਆਂ ਪ੍ਰਭਾਵਸ਼ਾਲੀ ਹਨ, ਕੰਟਰੋਲ ਰੂਮ ਦੇ ਕੰਮਕਾਜ ਦਾ ਨਿਰੀਖਣ ਕਰਨਾ, ਅਤੇ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਹਮਲਿਆਂ ਦੌਰਾਨ ਕੰਮ ਕਰਨ ਦੇ ਤਰੀਕੇ ਬਾਰੇ ਸਿਖਲਾਈ ਦੇਣਾ ਸ਼ਾਮਲ ਹੈ।

ਇਸ ਸਮੇਂ ਦੌਰਾਨ, ਲੋਕਾਂ ਨੂੰ ਆਪਣੇ ਘਰਾਂ ਜਾਂ ਸੰਸਥਾਵਾਂ ਦੀਆਂ ਸਾਰੀਆਂ ਲਾਈਟਾਂ ਕੁਝ ਸਮੇਂ ਲਈ ਪੂਰੀ ਤਰ੍ਹਾਂ ਬੰਦ ਰੱਖਣ ਦੀ ਹਦਾਇਤ ਕੀਤੀ ਜਾ ਸਕਦੀ ਹੈ।

ਇਸ ਮੌਕ ਡ੍ਰਿਲ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਜੇਕਰ ਬਿਜਲੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ ਤਾਂ ਕਿਹੜੇ ਉਪਾਅ ਕੀਤੇ ਜਾ ਸਕਦੇ ਹਨ।

ਇਸ ਤੋਂ ਇਲਾਵਾ, ਇਸ ਵਿੱਚ ਐਮਰਜੈਂਸੀ ਸਥਿਤੀਆਂ ਵਿੱਚ ਸਿਵਲ ਡਿਫੈਂਸ ਪ੍ਰਤੀਕਿਰਿਆ, ਕਿਸੇ ਖਾਸ ਜਗ੍ਹਾ ਤੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਸਿਖਲਾਈ ਆਦਿ ਵੀ ਸ਼ਾਮਲ ਹਨ।

ਇਸ ਨਿਰਦੇਸ਼ ਮੁਤਾਬਕ, ਮੌਕ ਡਰਿੱਲ ਵਿੱਚ ਜ਼ਿਲ੍ਹਾ ਕੰਟਰੋਲਰ, ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ, ਸਿਵਲ ਡਿਫੈਂਸ ਵਲੰਟੀਅਰਾਂ, ਹੋਮ ਗਾਰਡ, ਐੱਨਸੀਸੀ, ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਵਲੰਟੀਅਰਾਂ, ਨਹਿਰੂ ਯੁਵਾ ਕੇਂਦਰ ਸੰਗਠਨ ਅਤੇ ਸਕੂਲ-ਕਾਲਜ ਦੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਉਮੀਦ ਹੈ।

ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦਾ ਤਣਾਅ

ਮੌਕ ਡ੍ਰਿਲ

ਤਸਵੀਰ ਸਰੋਤ, ANI

ਪਹਿਲਗਾਮ ਹਮਲੇ ਵਿੱਚ 26 ਲੋਕਾਂ ਦੀ ਮੌਤ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਆਪਣੇ ਸਿਖਰ ‘ਤੇ ਹੈ ਅਤੇ ਇਸ ਦੌਰਾਨ, ਦੋਵਾਂ ਦੇਸ਼ਾਂ ਦੇ ਸਿਆਸਤਦਾਨਾਂ ਦੇ ਬਿਆਨ ਲਗਾਤਾਰ ਆ ਰਹੇ ਹਨ।

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਸ਼ਾਮ ਨੂੰ ਕਿਹਾ ਕਿ, “ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਫ਼ੌਜ ਨਾਲ ਮਿਲ ਕੇ ਦੇਸ਼ ਵਿਰੁੱਧ ਅੱਖਾਂ ਚੁੱਕਣ ਵਾਲਿਆਂ ਨੂੰ ਢੁੱਕਵਾਂ ਜਵਾਬ ਦੇਣ।”

ਇਸ ਦੇ ਨਾਲ ਹੀ, ਰੱਖਿਆ ਮੰਤਰੀ ਨੇ ਬਿਨਾਂ ਕੋਈ ਸੰਕੇਤ ਦਿੱਤੇ, ਇੱਕ ਪ੍ਰੋਗਰਾਮ ਵਿੱਚ ਮੌਜੂਦ ਦਰਸ਼ਕਾਂ ਨੂੰ ਇਹ ਵੀ ਕਿਹਾ ਕਿ ‘ਤੁਸੀਂ ਜੋ ਚਾਹੋਗੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਵੇਗਾ।’

ਮੌਕ ਡ੍ਰਿਲ
ਇਹ ਵੀ ਪੜ੍ਹੋ-

ਰਾਜਨਾਥ ਸਿੰਘ ਨੇ ਐਤਵਾਰ ਸ਼ਾਮ ਨੂੰ ਦਿੱਲੀ ਵਿੱਚ ਸਨਾਤਨ ਸੰਸਕ੍ਰਿਤੀ ਜਾਗਰਣ ਮਹੋਤਸਵ ਪ੍ਰੋਗਰਾਮ ਵਿੱਚ ਸੰਬੋਧਨ ਕੀਤਾ ਸੀ। ਇਸ ਦੌਰਾਨ, ਉਨ੍ਹਾਂ ਨੇ ਨਾ ਤਾਂ ਪਹਿਲਗਾਮ ਹਮਲੇ ਦਾ ਜ਼ਿਕਰ ਕੀਤਾ ਅਤੇ ਨਾ ਹੀ ਪਾਕਿਸਤਾਨ ਦਾ, ਪਰ ਬਹੁਤ ਸਾਰੀਆਂ ਗੱਲਾਂ ਸੰਕੇਤਕ ਤੌਰ ‘ਤੇ ਕਹੀਆਂ।

ਪਾਕਿਸਤਾਨ ਦੇ ਰੱਖਿਆ ਮੰਤਰੀ ਸਣੇ ਕਈ ਸਿਆਸਤਦਾਨ ਭਾਰਤ ਵੱਲੋਂ ਫੌਜੀ ਕਾਰਵਾਈ ਦਾ ਖਦਸ਼ਾ ਪ੍ਰਗਟ ਕਰ ਰਹੇ ਹਨ। ਭਾਰਤ ਵਿੱਚ ਵੀ ਅਜਿਹੇ ਬਿਆਨ ਲਗਾਤਾਰ ਆ ਰਹੇ ਹਨ ਜਿਨ੍ਹਾਂ ਵਿੱਚ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਪਿਛਲੇ ਹਫ਼ਤੇ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਜੇਕਰ ਭਾਰਤ ‘ਪਾਕਿਸਤਾਨ ਦੇ ਪਾਣੀ ਨੂੰ ਰੋਕਣ ਜਾਂ ਦਿਸ਼ਾ ਬਦਲਣ ਲਈ ਕੋਈ ਢਾਂਚਾ ਜਾਂ ਉਸਾਰੀ ਕਰਦਾ ਹੈ, ਤਾਂ ਉਹ ਇਸਨੂੰ ਤਬਾਹ ਕਰ ਦਿੱਤਾ ਜਾਵੇਗਾ।’

ਇਸ ਤੋਂ ਪਹਿਲਾਂ, ਪਾਕਿਸਤਾਨ ਕਸ਼ਮੀਰ ਵਿੱਚ ਐੱਲਓਸੀ ਨਾਲ ਲੱਗਦੇ ਇਲਾਕਿਆਂ ਵਿੱਚ ਕਈ ਮਦਰੱਸੇ ਵੀ ਖਾਲੀ ਕਰ ਚੁੱਕਾ ਹੈ।

ਹੁਣ ਤੱਕ ਚੁੱਕੇ ਗਏ ਕਦਮ

ਅਮਿਤ ਸ਼ਾਹ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਹਮਲੇ ਵਿੱਚ 26 ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ।

ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਫੈਸਲੇ ਲਏ ਹਨ। ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਇਲਾਵਾ, ਭਾਰਤ ਨੇ ਪਾਕਿਸਤਾਨ ਤੋਂ ਹਰ ਤਰ੍ਹਾਂ ਦੇ ਦਰਾਮਦ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।

ਇਸ ਦੇ ਨਾਲ ਹੀ, ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ ਨੇ ਇੱਕ ਹੁਕਮ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਜਹਾਜ਼ਾਂ ਨੂੰ ਭਾਰਤੀ ਬੰਦਰਗਾਹਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫ਼ਟੀ) ਨੇ 2 ਮਈ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਸੀ, “ਅਗਲੇ ਹੁਕਮਾਂ ਤੱਕ ਪਾਕਿਸਤਾਨ ਤੋਂ ਹਰ ਤਰ੍ਹਾਂ ਦੇ ਸਿੱਧੇ ਅਤੇ ਅਸਿੱਧੇ ਦਰਾਮਦ ‘ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ।”

ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ ਭਾਰਤ ਵਿਰੁੱਧ ਕਈ ਕਦਮ ਚੁੱਕੇ ਹਨ।

ਪਾਕਿਸਤਾਨ ਨੇ ਭਾਰਤ ਦੀ ਮਲਕੀਅਤ ਵਾਲੀਆਂ ਜਾਂ ਉਨ੍ਹਾਂ ਦੁਆਰਾ ਸੰਚਾਲਿਤ ਸਾਰੀਆਂ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ।

ਨਾਲ ਹੀ, ਵਾਹਗਾ ਸਰਹੱਦ ਵੀ ਬੰਦ ਕਰ ਦਿੱਤੀ ਗਈ ਹੈ।

ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਨੂੰ ਛੱਡ ਕੇ, ਸਾਰਕ ਵੀਜ਼ਾ ਛੋਟ ਪ੍ਰੋਗਰਾਮ ਤਹਿਤ ਸਾਰੇ ਭਾਰਤੀ ਨਾਗਰਿਕਾਂ ਨੂੰ ਦਿੱਤੇ ਗਏ ਸਾਰੇ ਵੀਜ਼ੇ ਮੁਅੱਤਲ ਕਰ ਦਿੱਤੇ ਹਨ ਅਤੇ ਕਿਹਾ ਹੈ ਕਿ ਇਨ੍ਹਾਂ ਨੂੰ ਰੱਦ ਮੰਨਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI