Source :- BBC PUNJABI

ਦਿਲਜੀਤ ਦੋਸਾਂਝ

ਤਸਵੀਰ ਸਰੋਤ, Insta/teamdiljitdosanjh

ਫ਼ਿਲਮ ‘ਪੰਜਾਬ ’95’ ਦਾ ਨਾਮ ਲਿਖ ਕੇ ਮਾਰਿਆ ਕਾਟਾ ਅਤੇ ਫਿਰ ਲਿਖਿਆ ‘ਧੱਕਾ’। ਫ਼ਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਇੰਸਟਾਗ੍ਰਾਮ ਉੱਤੇ ਇਹ ਸਟੋਰੀ ਪਾਈ ਹੈ।

ਹਾਲਾਂਕਿ ਉਨ੍ਹਾਂ ਨੇ ਫ਼ਿਲਮ ਦੀ ਰਿਲੀਜ਼ ਬਾਰੇ ਕੁਝ ਨਹੀਂ ਲਿਖਿਆ।

ਪਰ ਫ਼ਿਲਮ ਸਮੀਖਿਅਕਾਂ ਮੁਤਾਬਕ ਹਨੀ ਤ੍ਰੇਹਨ ਦੀ ਇਹ ਪੋਸਟ ਸੰਕੇਤਕ ਹੈ, ਦਰਅਸਲ ਉਨ੍ਹਾਂ ਨੇ ਇਸ ਸਟੋਰੀ ਰਾਹੀਂ ਫ਼ਿਲਮ ਦੀ ਭਾਰਤ ਦੇ ਕੇਂਦਰੀ ਸੈਂਸਰ ਬੋਰਡ ਦੀ ਕਲੀਅਰੈਂਸ ਨੂੰ ਲੈ ਕੇ ਰੋਸ ਦਾ ਪ੍ਰਗਟਾਵਾ ਕੀਤਾ ਹੈ।

ਫ਼ਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਵੱਲੋਂ ਇੰਸਟਾਗ੍ਰਾਮ ਉੱਤੇ ਪਾਈ ਸਟੋਰੀ

ਤਸਵੀਰ ਸਰੋਤ, Insta/honeytrehan

ਇਸ ਤੋਂ ਪਹਿਲਾਂ 17 ਜਨਵਰੀ ਨੂੰ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ਉੱਤੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਤ ਇਸ ਫ਼ਿਲਮ ਦਾ ਟੀਜ਼ਰ ਸ਼ੇਅਰ ਕੀਤਾ ਸੀ।

ਉਨ੍ਹਾਂ ਨੇ ਨਾਲ ਪੋਸਟ ਲਿਖੀ ਸੀ, “ਪੰਜਾਬ ’95, 7 ਫ਼ਰਵਰੀ ਨੂੰ ਕੌਮਾਂਤਰੀ ਪੱਧਰ ‘ਤੇ ਸਿਨੇਮਾ ਵਿੱਚ ਰਿਲੀਜ਼ ਹੋ ਰਹੀ ਹੈ। ਪੂਰੀ ਫ਼ਿਲਮ,ਬਗ਼ੈਰ ਕੱਟਾਂ ਦੇ।”

ਫ਼ਿਰ ਤਿੰਨ ਦਿਨ ਬਾਅਦ ਸੋਮਵਾਰ ਰਾਤ ਨੂੰ ਦਿਲਜੀਤ ਨੇ ਇੰਸਟਾਗ੍ਰਾਮ ‘ਤੇ ਸਟੋਰੀ ਜ਼ਰੀਏ ਦੱਸਿਆ, “ਸਾਨੂੰ ਅਫ਼ਸੋਸ ਹੈ ਅਤੇ ਇਹ ਦੱਸਦਿਆਂ ਦੁੱਖ ਹੋ ਰਿਹਾ ਹੈ ਕਿ ਵਸੋਂ ਬਾਹਰ ਦੇ ਹਾਲਾਤ ਕਰਕੇ ‘ਪੰਜਾਬ ’95’ ਫ਼ਿਲਮ ਫ਼ਰਵਰੀ 7 ਨੂੰ ਰਿਲੀਜ਼ ਨਹੀਂ ਹੋਵੇਗੀ।”

ਕਰੀਬ ਦੋ ਸਾਲ ਪਹਿਲਾਂ 2023 ਤੋਂ ਫ਼ਿਲਮ ਦੀ ਰਿਲੀਜ਼ ਦੀ ਉਡੀਕ ਕਰ ਰਹੇ ਦਰਸ਼ਕਾਂ ਨੇ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਣ ਉੱਤੇ ਉਤਸ਼ਾਹ ਜ਼ਾਹਰ ਕੀਤਾ ਸੀ।

ਹਾਲਾਂਕਿ ਬਾਅਦ ਵਿੱਚ ਇਸ ਫ਼ਿਲਮ ਦਾ ਟੀਜ਼ਰ ਵੀ ਯੂ-ਟਿਊਬ ਤੋਂ ਹਟਾ ਦਿੱਤਾ ਗਿਆ।

ਇੱਕ ਤਬਕਾ ਅਜਿਹਾ ਹੈ, ਜੋ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਪਰ ਫ਼ਿਲਮ ਵੱਖ-ਵੱਖ ਕਾਰਨਾਂ ਕਰਕੇ ਰਿਲੀਜ਼ ਨਹੀਂ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਖਾਲੜਾ ਨੂੰ 1980 ਤੋਂ 1990ਵਿਆਂ ਦਰਮਿਆਨ ਲਾਪਤਾ ਹੋਏ ਲੋਕਾਂ ਦੀ ਭਾਲ ਲੇਖੇ ਜ਼ਿੰਦਗੀ ਲਾਉਣ ਵਾਲੇ ਇੱਕ ਮਨੁੱਖੀ ਅਧਿਕਾਰ ਕਾਰਕੁੰਨ ਵਜੋਂ ਜਾਣਿਆਂ ਜਾਂਦਾ ਹੈ।

ਬੀਬੀਸੀ ਪੰਜਾਬੀ

ਫ਼ਿਲਮ ਦੀ ਰਿਲੀਜ਼ ਦਾ ਲਗਾਤਾਰ ਟਲਣਾ

ਫ਼ਿਲਮ ਪੰਜਾਬ ’95 ਜੁਲਾਈ 2023 ਵਿੱਚ ਇਸ ਦੇ ਪ੍ਰੀਮੀਅਰ ਦੇ ਐਲਾਨ ਦੇ ਬਾਅਦ ਤੋਂ ਹੀ ਚਰਚਾ ਵਿੱਚ ਬਣੀ ਹੋਈ ਹੈ।

ਦਿਲਜੀਤ ਦੋਸਾਂਝ ਵੱਲੋਂ ਫ਼ਿਲਮ ਦੇ ਪ੍ਰੀਮੀਅਰ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਉੱਤੇ 25 ਜੁਲਾਈ, 2023 ਨੂੰ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਇਸ ਫ਼ਿਲਮ ਦਾ ਪ੍ਰੀਮੀਅਰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ (ਟੀਆਈਐੱਫ਼ਐੱਫ਼) ਵਿੱਚ ਕੀਤਾ ਜਾਵੇਗਾ।

ਹਾਲਾਂਕਿ ਬਾਅਦ ਵਿੱਚ ਇਸ ਨੂੰ ਟੀਆਈਐੱਫ਼ਐੱਫ਼ 2023 ਵਿੱਚ ਦਿਖਾਈਆ ਜਾਣ ਵਾਲੀਆਂ ਫ਼ਿਲਮਾਂ ਦੀ ਲਿਸਟ ਤੋਂ ਹਟਾ ਦਿੱਤਾ ਗਿਆ।

ਇਸ ਤੋਂ ਬਾਅਦ ਭਾਰਤ ਵਿੱਚ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਵੀ ਲਗਾਤਾਰ ਚਰਚਾ ਬਣੀ ਰਹੀ। ਇਸ ਲਈ ਸੈਂਸਰ ਬੋਰਡ ਵੱਲੋਂ ਇਤਰਾਜ਼ ਲਾਏ ਜਾਣ ਦੀਆਂ ਖ਼ਬਰਾਂ ਲਗਾਤਾਰ ਮੀਡੀਆ ਵਿੱਚ ਨਜ਼ਰ ਆਉਣ ਲੱਗੀਆਂ।

ਜੋ ਕਿ ਹਾਲੇ ਤੱਕ ਬਰਕਰਾਰ ਹਨ।

ਬੀਬੀਸੀ ਪੰਜਾਬੀ ਨੇ ਸੈਂਸਰ ਬੋਰਡ ਤੋਂ ਜਾਣਕਾਰੀ ਲੈਣ ਲਈ ਈਮੇਲ ਕੀਤੀ ਹੈ। ਜਵਾਬ ਆਉਣ ਤੋਂ ਬਾਅਦ ਇਸ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ।

ਦਿਲਜੀਤ ਦੋਸਾਂਝ

ਫ਼ਿਲਮ ਦਾ ਨਾਂ ਬਦਲਣਾ

ਫ਼ਿਲਮ ਦਾ ਨਾਮ ਪਹਿਲਾਂ ‘ਘੱਲੂਘਾਰਾ’ ਰੱਖਿਆ ਗਿਆ ਸੀ ਅਤੇ ਬਾਅਦ ਵਿੱਚ ‘ਪੰਜਾਬ 95’ ਕਰ ਦਿੱਤਾ ਗਿਆ।

ਫ਼ਿਲਮ ਦਾ ਮੌਜੂਦਾ ਨਾਮ ‘ਪੰਜਾਬ 95’ ਉਸ ਵਾਕਿਆ ਉੱਤੇ ਅਧਾਰਿਤ ਹੈ, ਜਦੋਂ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਉਨ੍ਹਾਂ ਦੇ ਰਿਹਾਇਸ਼ੀ ਘਰ ਤੋਂ ਪੁਲਿਸ ਜ਼ਬਰੀ ਚੁੱਕ ਕੇ ਲੈ ਗਈ।

ਉਸ ਤੋਂ ਬਾਅਦ ਉਹ ਕਦੇ ਵੀ ਆਪਣੇ ਘਰ ਨਹੀਂ ਪਰਤੇ।

ਖਾਲੜਾ ਦੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਸੈਂਸਰ ਬੋਰਡ ਨੇ ਪਹਿਲਾ ਨਾਮ ਬਦਲਣ ਲਈ ਕਿਹਾ ਹੈ।

ਕੌਣ-ਕੌਣ ਫ਼ਿਲਮ ਦੇ ਹੱਕ ਵਿੱਚ ਆਇਆ

ਹਾਲਾਂਕਿ ਫ਼ਿਲਮ ਬਣੀ ਨੂੰ ਦੋ ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਿਆ ਹੈ। ਪਰ ਇਹ ਦਰਸ਼ਕਾਂ ਤੋਂ ਦੂਰ ਹੈ।

ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਫ਼ਿਲਮ ਦੇ ਹੱਕ ਵਿੱਚ ਹੋਕਾ ਦੇਣ ਵਾਲਿਆਂ ਦੀ ਵੀ ਕਮੀ ਨਹੀਂ ਹੈ।

ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਜਸਵੰਤ ਸਿੰਘ ਖਾਲੜਾ ਦਾ ਪਰਿਵਾਰ ਹੈ। ਬੀਤੇ ਸਾਲ ਅਕਤਬੂਰ ਮਹੀਨੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਸੀ ਕਿ ਸੈਂਸਰ ਬੋਰਡ ਨੂੰ ਸੱਚ ਲੋਕਾਂ ਸਾਹਮਣੇ ਆਉਣ ਦੇਣਾ ਚਾਹੀਦਾ ਹੈ।

ਫ਼ਿਲਮ ਦੇ ਟੀਜ਼ਰ ਦਾ ਇੱਕ ਦ੍ਰਿਸ਼

ਤਸਵੀਰ ਸਰੋਤ, insta/teamdiljitdosanjh

ਇਹ ਵੀ ਪੜ੍ਹੋ-

ਅਕਾਲ ਤਖ਼ਤ ਦੇ ਕਹਿਣ ‘ਤੇ ਬਣੀ ਕਮੇਟੀ

ਐੱਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ, “ਅਕਾਲ ਤਖ਼ਤ ਨੂੰ ਅਕਤੂਬਰ ਮਹੀਨੇ ਫ਼ਿਲਮ ਬਾਰੇ ਆਪਣਾ ਪੱਖ ਰੱਖਣ ਲਈ ਅਸੀਂ ਇੱਕ ਮੈਮੋਰੰਡਮ ਦਿੱਤਾ ਸੀ।”

ਇਸ ਤੋਂ ਬਾਅਦ ਅਕਾਲ ਤਖ਼ਤ ਨੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਗੁਰਚਰਨ ਸਿੰਘ ਗਰੇਵਾਲ ਅਤੇ ਗੁਰਬਖ਼ਸ਼ ਸਿੰਘ ਕਮੇਟੀ ਦਾ ਹਿੱਸਾ ਹਨ। ਉਨ੍ਹਾਂ ਨੇ ਫ਼ਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਨੂੰ ਫ਼ਿਲਮ ਅਧਿਕਾਰਿਤ ਤੌਰ ‘ਤੇ ਦਿਖਾਉਣ ਲਈ ਚਿੱਠੀ ਲਿਖੀ ਹੈ।

ਗਰੇਵਾਲ ਨੇ ਕਿਹਾ, “ਅਸੀਂ ਇਤਿਹਾਸਕਾਰਾਂ ਅਤੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੋਂ ਜਾਣੂ ਵਿਅਕਤੀਆਂ ਦੇ ਨਾਲ ਫ਼ਿਲਮ ਦੇਖਣ ਤੋਂ ਬਾਅਦ ਇਸ ਦਾ ਰਿਵਿਊ ਅਕਾਲ ਤਖ਼ਤ ਅਤੇ ਫ਼ਿਲਮ ਦੇ ਨਿਰਦੇਸ਼ਕ ਨੂੰ ਸੌਂਪਾਂਗੇ।”

ਫ਼ਿਲਮ ਦੀ ਰਿਲੀਜ਼ ਬਾਰੇ ਐਡਵੋਕੇਟ ਨਵਕਿਰਨ ਸਿੰਘ ਕਹਿੰਦੇ ਹਨ,”ਅਜਿਹੇ ਇਤਿਹਾਸ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ।”

ਉਨ੍ਹਾਂ ਕਿਹਾ, “ਸੈਂਸਰ ਬੋਰਡ ਵੱਲੋਂ ਅਜਿਹੀਆਂ ਇਤਿਹਾਸਿਕ ਫ਼ਿਲਮਾਂ ‘ਤੇ ਰੋਕ ਲਾਉਣ ਦਾ ਅਰਥ ਹੈ ਲੋਕਾਂ ਨੂੰ ਉਨ੍ਹਾਂ ਦੇ ਇਤਿਹਾਸ ਤੋਂ ਜਾਣੂ ਹੋਣ ਤੋਂ ਰੋਕਣਾ।”

ਦਿਲਜੀਤ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਵਿੱਚ

ਤਸਵੀਰ ਸਰੋਤ, Insta/teamdiljitdosanjh

ਪਹਿਲਾਂ ਵੀ ਕਈ ਫ਼ਿਲਮਾਂ ਨਹੀਂ ਹੋ ਸਕੀਆਂ ਰਿਲੀਜ਼

ਫ਼ਿਲਮ ਅਲੋਚਕ ਮਨਦੀਪ ਸਿੰਘ ਕਹਿੰਦੇ ਹਨ ਕਿ ਅਜਿਹੇ ਕਈ ਵਿਸ਼ੇ ਹਨ ਜਿਨ੍ਹਾਂ ਉੱਤੇ ਬਣੀਆਂ ਫ਼ਿਲਮਾਂ ਨੂੰ ਸੈਂਸਰ ਬੋਰਡ ਨੇ ਮਨਜ਼ੂਰੀ ਨਹੀਂ ਦਿੱਤੀ।

ਉਹ ਦੱਸਦੇ ਹਨ ਕਿ ਕਰੀਬ 20-22 ਅਜਿਹੀਆਂ ਫ਼ਿਲਮਾਂ ਹਨ ਜਿਹੜੀਆਂ ਸਿੱਖ ਵਿਸ਼ਿਆਂ ਉੱਤੇ ਬਣੀਆਂ ਸਨ ਪਰ ਉਹ ਭਾਰਤ ਵਿੱਚ ਰਿਲੀਜ਼ ਨਾ ਹੋ ਸਕੀਆਂ।

ਉਹ 2004 ਵਿੱਚ ਬਣੀ ਫ਼ਿਲਮ ‘ਬਾਗ਼ੀ’ ਦਾ ਹਵਾਲਾ ਦੇਣ ਦੇ ਨਾਲ ਨਾਲ ਫ਼ਿਲਮ ’47 ਟੂ 84′ ਅਤੇ ਧਰਮ ਯੁੱਧ ਮੋਰਚਾ ਦਾ ਜ਼ਿਕਰ ਕਰਦੇ ਹਨ।

ਦਿਲਜੀਤ

ਫ਼ਿਲਮ ਦੇ ਟਰੇਲਰ ਵਿੱਚ ਕੀ ਨਜ਼ਰ ਆਇਆ

ਪੰਜਾਬ ’95 ਦਾ ਨਿਰਦੇਸ਼ਨ ਹਨੀ ਤ੍ਰੇਹਨ ਨੇ ਕੀਤਾ ਹੈ ਅਤੇ ਇਸ ਦੇ ਪ੍ਰੋਡਿਊਸਰ ਰੌਨੀ ਸ਼ਰੇਵਾਲਾ ਹਨ।

ਫ਼ਿਲਮ ਵਿੱਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਦਿਲਜੀਤ ਦੋਸਾਂਝ ਨੇ ਨਿਭਾਇਆ ਹੈ। ਦਿਲਜੀਤ ਤੋਂ ਇਲਾਵਾ ਫ਼ਿਲਮ ਵਿੱਚ ਅਰਜੁਨ ਰਾਮਪਾਲ ਅਤੇ ਸੁਵਿੰਦਰ ਵਿੱਕੀ ਅਹਿਮ ਕਿਰਦਾਰ ਨਿਭਾ ਰਹੇ ਹਨ।

ਦਿਲਜੀਤ ਦੋਸਾਂਝ ਨੇ 17 ਜਨਵਰੀ ਨੂੰ ਸੋਸ਼ਲ ਮੀਡੀਆ ਉੱਤੇ ਫ਼ਿਲਮ ਦਾ ਟਰੇਲਰ ਅਤੇ ਕਰੀਬ 30 ਸਕਿੰਟ ਦਾ ਇੱਕ ਗਾਣਾ ਸਾਂਝਾ ਕੀਤਾ ਸੀ।

ਟਰੇਲਰ ਅਰਜੁਨ ਰਾਮਪਾਲ ਦੀ ਆਵਾਜ਼ ਨਾਲ ਸ਼ੁਰੂ ਹੋਇਆ। ਜਿਸ ਵਿੱਚ ਉਹ ਪੰਜਾਬ ਦੇ ਇਤਿਹਾਸ ਦੇ ਪੰਨਿਆਂ ‘ਚ ਦਰਜ ਦੌਰ ਬਾਰੇ ਸਵਾਲ ਕਰਦੇ ਹਨ।

ਉਹ ਪਾਣੀਆਂ ਦੀ ਵੰਡ, ਆਪਰੇਸ਼ਨ ਬਲੂ ਸਟਾਰ, ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਧੀ ਦੇ ਕਤਲ ਅਤੇ 1984 ਦੇ ਸਿੱਖ ਕਤਲੇਆਮ ਬਾਰੇ ਸਵਾਲ ਖੜੇ ਕਰਦੇ ਸੁਣਾਈ ਦਿੰਦੇ ਹਨ।

ਜਿਸ ਤੋਂ ਬਾਅਦ ਦਿਲਜੀਤ ਦੋਸਾਂਝ, ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਵਿੱਚ ਦਰਸ਼ਕਾਂ ਦੇ ਰੂਬਰੂ ਹੁੰਦੇ ਹਨ।

ਇਸ ਦੇ ਨਾਲ ਹੀ ਅਜਿਹੇ ਕਿਰਦਾਰ ਆਉਂਦੇ ਹਨ ਜੋ ਆਪਣਿਆਂ ਦੇ ਗਵਾਚ ਜਾਣ ਦੀ ਗੱਲ ਕਰਦੇ ਹਨ।

ਜਸਵੰਤ ਸਿੰਘ ਖਾਲੜਾ ਕੌਣ ਸਨ?

ਜਸਵੰਤ ਸਿੰਘ ਖਾਲੜਾ ਦੀ ਤਸਵੀਰ

ਤਸਵੀਰ ਸਰੋਤ, X/Khalra Mission

ਅਦਾਲਤਾਂ ਵਿੱਚ ਸੀਬੀਆਈ ਨੇ ਜੋ ਵੇਰਵੇ ਦਿੱਤੇ ਉਨ੍ਹਾਂ ਮੁਤਾਬਕ, ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ।

ਉਨ੍ਹਾਂ ਮੁਤਾਬਕ, ਪੰਜਾਬ 1980ਵਿਆਂ ਅਤੇ 1990ਵਿਆਂ ਦੌਰ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਦੇ ਨਾਲ-ਨਾਲ ਪੁਲਿਸ ਤਸ਼ੱਦਦ, ਹਿਰਾਸਤੀ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਕਰਕੇ ਵੀ ਲਗਾਤਾਰ ਚਰਚਾ ਵਿੱਚ ਰਿਹਾ।

ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਆਈਆਂ ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ।

ਉਨ੍ਹਾਂ ਇਹ ਦਾਅਵਾ ਕੀਤਾ ਕਿ ਇਹ ਲਾਵਾਰਿਸ ਲਾਸ਼ਾਂ ਪੁਲਿਸ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਹਨ।

ਜਸਵੰਤ ਸਿੰਘ ਖਾਲੜਾ ਦੇ ਦਾਅਵੇ ਦੀ ਤਸਦੀਕ ਇਹ ਤੱਥ ਕਰਦੇ ਸਨ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲਾਸ਼ਾਂ ਸ਼ਮਸ਼ਾਨ ਘਾਟਾਂ ਤੱਕ ਪੁਲਿਸ ਵਲੋਂ ਪਹੁੰਚਾਈਆਂ ਗਈਆਂ ਸਨ।

ਸੀਬੀਆਈ ਦੀ ਰਿਪੋਰਟ ਮੁਤਾਬਕ ਜਸਵੰਤ ਸਿੰਘ ਖਾਲੜਾ ਨੇ ਇਸ ਵਿਰੁੱਧ ਆਵਾਜ਼ ਚੁੱਕੀ ਸੀ।

ਰਿਪੋਰਟ ਮੁਤਾਬਕ, “ਸਥਾਨਕ ਪੁਲਿਸ ਨੂੰ ਇਹ ਪਸੰਦ ਨਹੀਂ ਆ ਰਿਹਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਅਤੇ ਇਸ ਅਪਰਾਧਿਕ ਸਾਜ਼ਿਸ਼ ਨੂੰ ਅੱਗੇ ਤੋਰਦਿਆਂ ਸਥਾਨਕ ਪੁਲਿਸ ਅਧਿਕਾਰੀਆਂ ਨੇ 6 ਸਤੰਬਰ 1995 ਨੂੰ ਖਾਲੜਾ ਨੂੰ ਉਨ੍ਹਾਂ ਦੀ ਕਬੀਰ ਪਾਰਕ ਨੇੜਲੀ ਰਿਹਾਇਸ਼ ਤੋਂ ਅਗਵਾ ਕਰ ਲਿਆ।”

”ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਹਰੀਕੇ ਇਲਾਕੇ ਵਿੱਚ ਨਹਿਰ ਵਿੱਚ ਸੁੱਟ ਦਿੱਤੀ ਗਈ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI