SOURCE : SIKH SIYASAT


April 11, 2025 | By

ਚੰਡੀਗੜ੍ਹ : ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ‘ਗੁਰਮਤਿ ਮਾਰਗ’ ਗੁਰ-ਸ਼ਬਦ ਅਤੇ ਗੁਰੂ-ਆਸ਼ੇ ਨੂੰ ਜੀਵਨ ਅਮਲ ਵਿੱਚ ਧਾਰਨ ਕਰਨ ਦਾ ਪੰਧ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ‘ਬਿਪਰਨ ਕੀ ਰੀਤ’ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦਿੰਦਿਆਂ, ਇਸ ’ਤੇ ਚੱਲਣ ਦੀ ਸਖਤ ਮਨਾਹੀ ਕੀਤੀ ਹੈ। ਗੁਰਮਤਿ ਦੇ ਪਾਂਧੀਆਂ ਲਈ ਗੁਰ-ਸ਼ਬਦ ਅਤੇ ਗੁਰੂ-ਆਸ਼ੇ ਦੇ ਪ੍ਰਚਾਰ-ਪ੍ਰਸਾਰ ਵਾਸਤੇ ਅਪਣਾਇਆ ਜਾਣ ਵਾਲਾ ਢੰਗ-ਤਰੀਕਾ ਵੀ ਗੁਰਮਤਿ ਅਨੁਸਾਰੀ ਹੀ ਹੋਣਾ ਚਾਹੀਦਾ ਹੈ। ਇਸ ਕਰਕੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਜਾਂ ਗੁਰ-ਸ਼ਬਦ ਦੇ ਪ੍ਰਚਾਰ ਲਈ ‘ਬਿਪਰਨ ਕੀ ਰੀਤ’ ਵਾਲੇ ਢੰਗ-ਤਰੀਕੇ ਬਿਲਕੁਲ ਨਹੀਂ ਅਪਣਾਏ ਜਾ ਸਕਦੇ।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਖਾਲਸਾਈ ਸਿਧਾਤਾਂ ਤੇ ਰਵਾਇਤਾਂ ਵਿੱਚ ਗੁਰੂ-ਜੋਤਿ ਦੇ ਪ੍ਰਗਟਾਵੇ ਦੀ ਚਿੱਤਰਤ ਜਾਂ ਨਾਟਕੀ ਪੇਸ਼ਕਾਰੀ ਕਰਨ ਦੀ ਸਖਤ ਮਨਾਹੀ ਹੈ, ਕਿਉਂਕਿ ਅਜਿਹੀ ਪੇਸ਼ਕਾਰੀ ਗੁਰਮਤਿ ਦਾ ਮਾਰਗ ਨਹੀਂ, ਬਿਪਰਨ ਕੀ ਰੀਤ ਹੈ। ਇਸੇ ਲਈ ਹੀ ਖਾਲਸਾਈ ਰਿਵਾਇਤ ਵਿੱਚ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲਾਂ, ਸਾਹਿਬਜ਼ਾਦਿਆਂ, ਗੁਰੂ ਜੀਵਨ ਨਾਲ ਸੰਬੰਧਤ ਮਹਾਨ ਗੁਰਸਿੱਖਾਂ ਅਤੇ ਸਿੱਖ ਸ਼ਹੀਦਾਂ ਦੀਆਂ ਨਕਲਾਂ ਉਤਾਰਨ ਅਤੇ ਉਹਨਾਂ ਦੇ ਸਵਾਂਗ ਰਚਣ ਦੀ ਆਗਿਆ ਨਹੀਂ ਹੈ।

ਖੱਬਿਓਂ-ਸੱਜੇ ਵੱਲ: ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਨਰਾਇਣ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ

ਪੰਚ ਪ੍ਰਧਾਨੀ ਪੰਥਕ ਜਥੇ ਕਿਹਾ ਹੈ ਕਿ ਗੁਰੂ ਸਾਹਿਬਾਨ ਦੀਆਂ ਮਨੋਕਲਪਤ ਤਸਵੀਰਾਂ ਦਾ ਪ੍ਰਚਲਨ ਵੀ ਸਿੱਖਾਂ ਵਿੱਚ ਬੁਤਪ੍ਰਸਤੀ ਦੇ ਕੁਰਾਹੇ ਦਾ ਆਧਾਰ ਬਣਦਾ ਜਾ ਰਿਹਾ ਹੈ। ਜਿਸ ਦਾ ਅਗਲਾ ਪੜਾਅ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦਾ ਨਾਟਕੀ ਚਿਤਰਣ ਕਰਦੀਆਂ ਫਿਲਮਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਿੱਖਾਂ ਵਿੱਚ ਬਿੱਪਰ ਦੀ ਰੀਤ ਦੇ ਹੋ ਰਹੇ ਇਸ ਪਸਾਰੇ ਨੂੰ ਰੋਕਣਾ ਅਤੀ ਜ਼ਰੂਰੀ ਹੈ। ਇਸ ਲਈ ‘ਅਕਾਲ’ ਨਾਮੀ ਫਿਲਮ, ਜਿਸ ਵਿੱਚ ਦਸਮੇਸ਼ ਪਿਤਾ ਜੀ ਦੀ ਬਖਸ਼ਿਸ਼ ਅਕਾਲੀ ਬਾਣੇ ਪਹਿਨ ਕੇ ਨਾਟਕੀ ਸਵਾਂਗ ਰਚੇ ਗਏ ਹਨ, ਬੰਦ ਕਰਵਾਉਣ ਲਈ ਸਿੱਖ ਸੰਗਤਾਂ ਅਤੇ ਜਥਿਆਂ ਵਲੋਂ ਯਤਨ ਕੀਤੇ ਜਾ ਰਹੇ ਹਨ। ਇਹ ਫਿਲਮ ਰੋਕਣ ਲਈ ਪੰਥ ਦੇ ਸੇਵਾਦਾਰ ਜਥਿਆਂ, ਸਥਾਨਕ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਮਾਜ-ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਮਤੇ ਸੰਗਤ ਦੀਆਂ ਭਾਵਨਾਵਾਂ ਦਾ ਪ੍ਰਤੱਖ ਪ੍ਰਗਟਾਵਾ ਹਨ। ਇਸ ਲਈ ਇਹ ਫਿਲਮ ਬੰਦ ਹੋਣੀ ਚਾਹੀਦੀ ਹੈ।

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਫਿਲਮਾਂ ਵਾਲਿਆਂ ਵੱਲੋਂ ਪੈਸੇ ਦੇ ਜੋਰ ਉੱਤੇ ਫਿਲਮ ਚਲਾਉਣ ਦੇ ਯਤਨ ਕਰਨੇ ਜਾਂ ਸਿੱਖ ਸੰਗਤਾਂ ਦੇ ਵਿਰੋਧ ਨੂੰ ਪੈਸੇ ਜਾਂ ਪ੍ਰਸ਼ਾਸਨ ਰਾਹੀਂ ਦੱਬਣ ਦੀ ਕੋਸ਼ਿਸ਼ ਕਰਨੀ ਸੁਹਿਰਦ ਸਿੱਖ ਹਿੱਸਿਆਂ ਨੂੰ ਵੰਗਾਰ ਪਾਉਣ ਦੇ ਤੁੱਲ ਹੈ। ਇਹਨਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਾਜ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਖਾਲਸਾ ਪੰਥ ਦੀਆਂ ਸੰਸਥਾਵਾਂ ਤੇ ਸੰਪਰਦਾਵਾਂ ਨੂੰ ਵੀ ਆਪਣਾ ਫਰਜ਼ ਪਛਾਣਦਿਆਂ ਗੁਰਮਤਿ ਦੇ ਅਸੂਲਾਂ ਉੱਤੇ ਪਹਿਰਾ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।

ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਹੈ ਕਿ ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਅਜਿਹੀਆਂ ਫਿਲਮਾਂ ਨੂੰ ਰੋਕਣ ਬਾਰੇ ਕੋਈ ਪੱਕਾ ਫੈਸਲਾ ਨਾ ਲਏ ਜਾਣ ਕਾਰਨ ਹੀ ਇਹ ਕੁਰਾਹਾ ਵਾਰ-ਵਾਰ ਪ੍ਰਗਟ ਹੋ ਰਿਹਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਉਕਤ ਫਿਲਮ ਨੂੰ ਰੋਕਣ ਦੇ ਨਾਲ-ਨਾਲ ਅਗੇ ਤੋਂ ਅਜਿਹੀਆਂ ਫਿਲਮਾਂ ਬਣਾਉਣ ਦੀ ਮੁਕੰਮਲ ਮਨਾਹੀ ਦਾ ਫੈਸਲਾ ਲਿਆ ਜਾਵੇ। ਇਸ ਵਾਸਤੇ ਗੁਰੂ ਖਾਲਸਾ ਪੰਥ ਦੀਆਂ ਸਮੂਹ ਸੰਪਰਦਾਵਾਂ, ਜਥੇਬੰਦੀਆਂ, ਸੰਸਥਾਵਾਂ ਤੇ ਸਖਸ਼ੀਅਤਾਂ ਅਤੇ ਗੁਰ-ਸੰਗਤ ਨੂੰ ਉਚੇਚਾ ਉੱਦਮ ਕਰਨਾ ਚਾਹੀਦਾ ਹੈ ਤਾਂ ਕਿ ਇਸ ਕੁਰਾਹੇ ਨੂੰ ਸਦੀਵੀ ਠੱਲ੍ਹ ਪਾਉਣ ਲਈ ਖਾਲਸਾਈ ਰਿਵਾਇਤ ਅਨੁਸਾਰ ਸਾਂਝਾ ਫੈਸਲਾ ਕੀਤਾ ਜਾਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:



ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।


Related Topics: , , , ,

SOURCE : SIKH SIYASAT