Source :- BBC PUNJABI
ਇੱਕ ਘੰਟਾ ਪਹਿਲਾਂ
ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਦੇ ਪੰਜਵੇਂ ਐਡੀਸ਼ਨ ਲਈ ਨਾਮਜ਼ਦ ਖਿਡਾਰਨਾਂ ਦਾ ਐਲਾਨ ਅੱਜ ਕੀਤਾ ਜਾਵੇਗਾ।
ਇਹ ਐਵਾਰਡ 2024 ਵਿੱਚ ਭਾਰਤੀ ਮਹਿਲਾ ਖਿਡਾਰੀਆਂ ਦੇ ਯੋਗਦਾਨ ਦਾ ਸਨਮਾਨ ਕਰਦਾ ਹੈ ਅਤੇ ਦੇਸ਼ ਵਿੱਚ ਖੇਡਾਂ ਨਾਲ ਜੁੜੀਆਂ ਸਾਰੀਆਂ ਔਰਤਾਂ ਦੀਆਂ ਉਪਲੱਬਧੀਆਂ ਦਾ ਜਸ਼ਨ ਮਨਾਉਂਦਾ ਹੈ।
ਤੁਸੀਂ ਬੀਬੀਸੀ ਦੀ ਕਿਸੇ ਵੀ ਭਾਰਤੀ ਭਾਸ਼ਾ ਦੀ ਵੈੱਬਸਾਈਟ ਜਾਂ ਬੀਬੀਸੀ ਸਪੋਰਟ ਵੈੱਬਸਾਈਟ ‘ਤੇ ਆਪਣੀ ਪਸੰਦੀਦਾ, ਸਾਲ ਦੀ ਸਰਵਉੱਚ ਭਾਰਤੀ ਖਿਡਾਰਨ ਲਈ ਵੋਟ ਦੇ ਸਕੋਗੇ।
ਬੀਬੀਸੀ ਵੱਲੋਂ ਚੁਣੇ ਗਏ ਇੱਕ ਪੈਨਲ ਨੇ ਪੰਜ ਭਾਰਤੀ ਮਹਿਲਾ ਖਿਡਾਰਨਾਂ ਦੀ ਸੂਚੀ ਤਿਆਰ ਕੀਤੀ। ਜਿਊਰੀ ਵਿੱਚ ਭਾਰਤ ਭਰ ਦੇ ਕੁਝ ਸਭ ਤੋਂ ਉੱਘੇ ਖੇਡ ਪੱਤਰਕਾਰ, ਮਾਹਰ ਅਤੇ ਲੇਖਕ ਸ਼ਾਮਲ ਹਨ।
ਜਿਊਰੀ ਨੇ 1 ਅਕਤੂਬਰ 2023 ਤੋਂ 30 ਸਤੰਬਰ 2024 ਤੱਕ ਸ਼ਾਨਦਾਰ ਉਪਲੱਬਧੀਆਂ ਵਾਲੀਆਂ ਪੰਜ ਭਾਰਤੀ ਮਹਿਲਾ ਖਿਡਾਰਨਾਂ ਨੂੰ ਨਾਮਜ਼ਦ ਕੀਤਾ ਹੈ।
ਸਭ ਤੋਂ ਵੱਧ ਜਨਤਕ ਵੋਟਾਂ ਪ੍ਰਾਪਤ ਕਰਨ ਵਾਲੀ ਖਿਡਾਰਨ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਦਾ ਐਵਾਰਡ ਦਿੱਤਾ ਜਾਵੇਗਾ, ਜਿਸ ਦੇ ਨਤੀਜੇ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੀਆਂ ਵੈੱਬਸਾਈਟਾਂ ਅਤੇ ਬੀਬੀਸੀ ਸਪੋਰਟ ਵੈੱਬਸਾਈਟ ‘ਤੇ ਨਸ਼ਰ ਕੀਤੇ ਜਾਣਗੇ।
ਵੋਟਿੰਗ ਸ਼ੁੱਕਰਵਾਰ, 31 ਜਨਵਰੀ 2025 ਨੂੰ 6:00 ਵਜੇ (23:30 IST) ਤੱਕ ਖੁੱਲ੍ਹੀ ਰਹੇਗੀ ਅਤੇ ਜੇਤੂ ਦਾ ਐਲਾਨ ਸੋਮਵਾਰ, 17 ਫਰਵਰੀ 2025 ਨੂੰ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਕੀਤਾ ਜਾਵੇਗਾ। ਸਾਰੇ ਨਿਯਮ ਅਤੇ ਸ਼ਰਤਾਂ ਅਤੇ ਗੋਪਨੀਯਤਾ ਸੂਚਨਾ ਵੈੱਬਸਾਈਟ ‘ਤੇ ਹੈ।
ਇਸ ਸਮਾਗਮ ਵਿੱਚ ਬੀਬੀਸੀ ਜਿਊਰੀ ਦੁਆਰਾ ਨਾਮਜ਼ਦ ਤਿੰਨ ਹੋਰ ਮਹਿਲਾ ਖਿਡਾਰਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਇਨ੍ਹਾਂ ਵਿੱਚ ਸ਼ਾਮਲ ਹਨ: ਬੀਬੀਸੀ ਇਮਰਜਿੰਗ ਪਲੇਅਰ ਆਫ ਦਿ ਈਅਰ ਐਵਾਰਡ, ਜਿਸ ਵਿੱਚ ਨੌਜਵਾਨ ਮਹਿਲਾ ਐਥਲੀਟ ਦੀਆਂ ਉਪਲੱਬਧੀਆਂ ਨੂੰ ਮਾਨਤਾ ਦਿੱਤੀ ਜਾਵੇਗੀ।
ਬੀਬੀਸੀ ਲਾਈਫਟਾਈਮ ਅਚੀਵਮੈਂਟ ਐਵਾਰਡ, ਜਿਸ ਵਿੱਚ ਵੈਟਰਨ ਮਹਿਲਾ ਖਿਡਾਰਨਾਂ ਨੂੰ ਖੇਡਾਂ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ ਅਤੇ ਬੀਬੀਸੀ ਪੈਰਾ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ, ਜਿਸ ਵਿੱਚ ਪੈਰਾ-ਸਪੋਰਟਸ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਜਾਵੇਗਾ।
ਐਵਾਰਡ ਸਮਾਗਮ ਤੋਂ ਇਲਾਵਾ ਇਸ ਸਾਲ ਬੀਬੀਸੀ ISWOTY ਦਾ ਥੀਮ ‘ਚੈਂਪੀਅਨਜ਼’ ਹੈ, ਜਿਸ ਵਿੱਚ ਇੱਕ ਵਿਸ਼ੇਸ਼ ਦਸਤਾਵੇਜ਼ੀ ਅਤੇ ਖੇਡ ਚੈਂਪੀਅਨ ਬਣਨ ਦੇ ਪਿੱਛੇ ਖਿਡਾਰਨਾਂ ‘ਤੇ ਰੋਸ਼ਨੀ ਪਾਉਣ ਵਾਲੀਆਂ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ।
ਪੁਰਸਕਾਰ ਸਮਾਰੋਹ ਤੋਂ ਇਲਾਵਾ, ਅਸੀਂ ‘ਚੈਂਪੀਅਨਜ਼ ਦੇ ਚੈਂਪੀਅਨਜ਼’ ਵਿਸ਼ੇ ‘ਤੇ ਇੱਕ ਵਿਸ਼ੇਸ਼ ਦਸਤਾਵੇਜ਼ੀ ਅਤੇ ਕਹਾਣੀਆਂ ਪੇਸ਼ ਕਰਾਂਗੇ, ਜਿਸ ਵਿੱਚ ਖੇਡ ਚੈਂਪੀਅਨ ਬਣਨ ਦੇ ਪਿੱਛੇ ਵਿਅਕਤੀਆਂ ਦੇ ਯੋਗਦਾਨ ‘ਤੇ ਰੋਸ਼ਨੀ ਪਾਈ ਜਾਵੇਗੀ।
ਹੁਣ ਆਪਣੇ ਪੰਜਵੇਂ ਸਾਲ ਵਿੱਚ, ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਦੀ ਸਥਾਪਨਾ 2019 ਵਿੱਚ ਭਾਰਤ ਵਿੱਚ ਮਹਿਲਾ ਐਥਲੀਟਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਕੀਤੀ ਗਈ ਸੀ।
ਉਦਘਾਟਨੀ ਐਡੀਸ਼ਨ ਵਿੱਚ ਤਤਕਾਲੀ ਖੇਡ ਮੰਤਰੀ ਕਿਰਨ ਰਿਜਿਜੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਜੇਤੂ ਐਲਾਨਿਆ ਗਿਆ ਸੀ।
2020 ਐਡੀਸ਼ਨ ਦੀ ਜੇਤੂ ਵਿਸ਼ਵ ਸ਼ਤਰੰਜ ਚੈਂਪੀਅਨ ਕੋਨੇਰੂ ਹੰਪੀ ਸੀ, ਜਦਕਿ ਵੇਟਲਿਫਟਰ ਮੀਰਾਬਾਈ ਚਾਨੂ ਨੇ 2021 ਅਤੇ 2022 ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਪੁਰਸਕਾਰ ਜਿੱਤਿਆ।
ਕ੍ਰਿਕਟਰ ਸ਼ੈਫਾਲੀ ਵਰਮਾ ਅਤੇ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਸਾਲ ਦੀਆਂ ਉੱਭਰਦੀਆਂ ਖਿਡਾਰਨਾਂ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਐਥਲੀਟ ਪੀਟੀ ਊਸ਼ਾ, ਅੰਜੂ ਬੌਬੀ ਜਾਰਜ, ਵੇਟਲਿਫਟਰ ਕਰਨਮ ਮਲੇਸ਼ਵਰੀ ਅਤੇ ਹਾਕੀ ਖਿਡਾਰਨ ਪ੍ਰੀਤਮ ਸਿਵਾਚ ਨੂੰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਦਿੱਤਾ ਗਿਆ ਸੀ।
ਵਿਭਿੰਨਤਾ ਅਤੇ ਨਿਰਪੱਖਤਾ ਪ੍ਰਤੀ ਸਾਡੀ ਵਚਨਬੱਧਤਾ ਤਹਿਤ ਪਿਛਲੇ ਐਡੀਸ਼ਨ ਵਿੱਚ ਬੀਬੀਸੀ ਇੰਡੀਅਨ ਪੈਰਾ-ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਐਵਾਰਡ ਦੀ ਪਹਿਲੀ ਜੇਤੂ ਟੇਬਲ ਟੈਨਿਸ ਖਿਡਾਰਨ ਭਾਵੀਨਾ ਪਟੇਲ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI