Source :- BBC PUNJABI

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ

ਇੱਕ ਘੰਟਾ ਪਹਿਲਾਂ

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਦੇ ਪੰਜਵੇਂ ਐਡੀਸ਼ਨ ਲਈ ਨਾਮਜ਼ਦਗੀਆਂ ਦਾ ਐਲਾਨ ਵੀਰਵਾਰ ਨੂੰ ਦਿੱਲੀ ਵਿੱਚ ਕੀਤਾ ਗਿਆ।

ਜਿਨ੍ਹਾਂ ਪੰਜ ਔਰਤ ਖਿਡਾਰਨਾਂ ਨੂੰ ਇਸ ਲਈ ਨਾਮਜ਼ਦਗੀ ਮਿਲੀ ਹੈ, ਉਨ੍ਹਾਂ ਵਿੱਚ ਗੋਲਫ਼ਰ ਅਦਿਤੀ ਅਸ਼ੋਕ, ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਅਵਨੀ ਲੇਖਰਾ ਸ਼ਾਮਲ ਹਨ।

ਇਸ ਤੋਂ ਇਲਾਵਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਅਤੇ ਪਹਿਲਵਾਨ ਵਿਨੇਸ਼ ਫ਼ੋਗਾਟ ਵੀ ਐਵਾਰਡ ਲਈ ਨਾਮਜ਼ਦ ਹੋਣ ਵਾਲੀਆਂ ਖਿਡਾਰਨਾਂ ਹਨ।

ਇਹ ਪੁਰਸਕਾਰ ਸਾਲ 2024 ਵਿੱਚ ਭਾਰਤੀ ਖਿਡਾਰਨਾਂ ਦੇ ਮਹੱਤਵਪੂਰਨ ਯੋਗਦਾਨ ਲਈ ਦਿੱਤਾ ਜਾਵੇਗਾ ਅਤੇ ਇਹ ਦੇਸ਼ ਵਿੱਚ ਖੇਡਾਂ ਨਾਲ ਜੁੜੀਆਂ ਸਾਰੀਆਂ ਔਰਤਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਵੀ ਹੈ।

ਨਾਮਜ਼ਦਗੀਆਂ ਪ੍ਰਾਪਤ ਕਰਨ ਵਾਲੇ ਇਨ੍ਹਾਂ ਖਿਡਾਰਨਾਂ ਨੂੰ ਹੁਣ ਵੋਟਿੰਗ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ ਅਤੇ ਜੇਤੂ ਦੇ ਨਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਦੇ ਪੰਜਵੇਂ ਐਡੀਸ਼ਨ ਦੇ ਸਬੰਧ ਵਿੱਚ ਅੱਜ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ।

ਇਸ ਪ੍ਰੈੱਸ ਕਾਨਫਰੰਸ ਦੌਰਾਨ ਮੌਕੇ ‘ਤੇ ਮੌਜੂਦ ਖੇਡ ਪੱਤਰਕਾਰਾਂ ਨੇ ਪੈਰਿਸ ਪੈਰਾਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਤ ਕੋਚ ਪ੍ਰੀਤਮ ਸਿਵਾਚ ਅਤੇ ਪੈਰਾ ਐਥਲੀਟ ਸਿਮਰਨ ਸ਼ਰਮਾ ਨੂੰ ਸਵਾਲ ਵੀ ਪੁੱਛੇ।

ਇਨ੍ਹਾਂ ਕੁਝ ਸਵਾਲਾਂ ਦੇ ਦਿਲਚਸਪ ਜਵਾਬ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।

ਬੀਬੀਸੀ ਪੰਜਾਬੀ

‘ਵਿਆਹ ਤੋਂ ਅਗਲੇ ਦਿਨ ਹੀ ਸ਼ੁਰੂ ਹੋ ਗਈ ਸਿਖਲਾਈ’

ਕ੍ਰੀਤੀ, ਵੈੱਬਦੁਨੀਆ

ਸਵਾਲ: ਪਤੀ ਦੀ ਕਾਮਯਾਬੀ ਪਿੱਛੇ ਪਤਨੀ ਦਾ ਹੱਥ ਹੁੰਦਾ ਹੈ ਪਰ ਪਤਨੀ ਦੀ ਕਾਮਯਾਬੀ ਪਿੱਛੇ ਵੀ ਪਤੀ ਦਾ ਹੱਥ ਹੁੰਦਾ ਹੈ। ਤੁਹਾਡੇ ਫੌਜੀ ਪਤੀ ਨੇ ਵੀ ਤੁਹਾਨੂੰ ਸਿਖਲਾਈ ਦਿੱਤੀ, ਇਹ ਟ੍ਰੇਨਿੰਗ ਕਿਵੇਂ ਤੇ ਕਦੋਂ ਸ਼ੁਰੂ ਹੋਈ

ਸਿਮਰਨ ਸ਼ਰਮਾ ਦਾ ਜਵਾਬ: 2017 ਵਿੱਚ ਜਦੋਂ ਸਾਡਾ ਵਿਆਹ ਹੋਇਆ ਤਾਂ ਉਨ੍ਹਾਂ ਨੇ ਸਵਾਲ ਪੁੱਛਿਆ ਕਿ ਜ਼ਿੰਦਗੀ ਵਿੱਚ ਕੀ ਕਰਨਾ ਹੈ।

ਮੈਂ ਕਿਹਾ ਕਿ ਮੈਂ ਆਪਣੀ ਟੀ-ਸ਼ਰਟ ‘ਤੇ ਭਾਰਤ ਲਿਖਿਆ ਦੇਖਣਾ ਚਾਹੁੰਦੀ ਹਾਂ। ਮੈਂ ਤਾਂ ਇਹ ਹਵਾਬਾਜ਼ੀ ਵਿੱਚ ਹੀ ਕਿਹਾ ਸੀ।

ਉਨ੍ਹਾਂ ਕਿਹਾ ਕਿ ਇਸ ਲਈ ਕਾਫੀ ਮਿਹਨਤ ਕਰਨੀ ਪਵੇਗੀ। ਮੈਨੂੰ ਨਹੀਂ ਪਤਾ ਸੀ ਕਿ ਮੁੰਡੇ ਇੰਨੇ ਗੰਭੀਰ ਹੁੰਦੇ ਹਨ।

ਮੇਰੇ ਆਲੇ-ਦੁਆਲੇ ਕੋਈ ਵੀ ਇੰਨਾ ਗੰਭੀਰ ਨਹੀਂ ਸੀ। ਵਿਆਹ ਦੇ ਅਗਲੇ ਹੀ ਦਿਨ ਉਨ੍ਹਾਂ ਨੇ ਜਿੰਮ ਜਾਣ ਲਈ ਤਿਆਰ ਹੋਣ ਲਈ ਕਿਹਾ।

ਸਿਮਰਨ ਸ਼ਰਮਾਂ ਆਪਣੇ ਪਤੀ ਨਾਲ

ਮੈਂ ਹੱਥਾਂ ‘ਤੇ ਮਹਿੰਦੀ ਲਗਾਈ ਸੀ ਅਤੇ ਟ੍ਰੈਕ ਸੂਟ ਪਾ ਕੇ ਵਾਪਸ ਆਈ ਅਤੇ ਜਦੋਂ ਮੈਂ ਵਾਪਸ ਆਈ ਤਾਂ ਮੂੰਹ ਦਿਖਾਈ ਲਈ ਆਏ ਲੋਕਾਂ ਨੇ ਪੁੱਛਿਆ ਕਿ ਨੂੰਹ ਕਿੱਥੇ ਹੈ…ਮੈਂ ਕਿਹਾ ਕਿ ਮੈਂ ਹੀ ਹਾਂ…ਬੱਸ ਇਥੋਂ ਹੀ ਸੰਘਰਸ਼ ਸ਼ੁਰੂ ਹੋ ਗਿਆ।

ਲੋਕਾਂ ਨੇ ਮੇਰੀ ਸੱਸ ਨੂੰ ਉਲਾਂਭੇ ਦਿੱਤੇ ਕਿ ਉਨ੍ਹਾਂ ਦੀ ਨੂੰਹ ਕਿਸ ਤਰ੍ਹਾਂ ਦੇ ਕੱਪੜੇ ਪਹਿਨਦੀ ਹੈ।

ਪਤਾ ਨਹੀਂ ਲੱਗਦਾ ਧੀ ਕੌਣ ਹੈ ਤੇ ਨੂੰਹ ਕੌਣ ਹੈ। ਕੀ ਤੁਹਾਡੀ ਨੂੰਹ ਵਿਲੱਖਣ ਹੈ ਜੋ ਘੁੰਡ ਨਹੀਂ ਕੱਢੇਗੀ?

ਤਾਂ ਉਨ੍ਹਾਂ ਨੇ (ਪਤੀ ਨੇ) ਕਿਹਾ ਕਿ ਮੇਰੀ ਪਤਨੀ ਤਾਂ ਨਿਆਰੀ ਹੀ ਹੈ।

ਅਤੇ ਜਦੋਂ ਇਹ ਓਲੰਪਿਕ ਵਿੱਚ ਜਾਵੇਗੀ ਹੈ ਅਤੇ ਛੋਟੇ ਸ਼ਾਰਟਸ ਪਹਿਨ ਕੇ ਦੌੜੇਗੀ, ਤਾਂ ਕੀ ਤੁਸੀਂ ਨਹੀਂ ਦੇਖੋਗੇ?

ਮੈਂ ਹੱਸਣ ਲੱਗੀ..ਮੈਂ ਕਿਹਾ ਕਿ ਤੁਸੀਂ ਓਲੰਪਿਕ ਦੀ ਗੱਲ ਕਰ ਰਹੇ ਹੋ, ਮੈਨੂੰ ਤਾਂ ਟੀਵੀ ‘ਤੇ ਦੇਖ ਕੇ ਪਸੀਨੇ ਆਉਂਦੇ ਹਨ…

ਉਨ੍ਹਾਂ ਨੇ ਜਵਾਬ ਦਿੱਤਾ ਕਿ ਤੁਸੀਂ ਇਹ ਨਹੀਂ ਕਰ ਸਕਦੇ ਪਰ ਮੈਂ ਤੁਹਾਡੇ ਤੋਂ ਕਰਵਾ ਕੇ ਰਹਾਂਗਾ।

ਮੈਂ ਉਸ ਸਮੇਂ ਇੰਨੀ ਤਾਕਤਵਰ ਨਹੀਂ ਸੀ ਪਰ ਉਹ ਮੈਨੂੰ ਸਿਖਲਾਈ ਦੇਣ ਤੇ ਕਾਮਯਾਬ ਬਣਾਉਣ ਲਈ ਤਿਆਰ ਸੀ।

ਕਈ ਵਾਰ ਅਜਿਹਾ ਵੀ ਹੋਇਆ ਕਿ ਉਨ੍ਹਾਂ ਨੇ ਮੇਰੀ ਪਿੱਠ ਪਿੱਛੇ ਹੀ ਚੀਜ਼ਾਂ ਨੂੰ ਸੁਲਝਾ ਦਿੱਤਾ ਅਤੇ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਇਹ ਲੜਾਈ ਵੀ ਹੋਈ ਸੀ।

ਵਿਆਹ ਤੋਂ ਬਾਅਦ ਦੋ-ਤਿੰਨ ਸਾਲ ਬਹੁਤ ਔਖੇ ਸਨ…

ਉਨ੍ਹਾਂ ਕੋਲ ਜ਼ਮੀਨ ਦਾ ਇੱਕ ਪਲਾਟ ਸੀ ਜੋ ਵੇਚ ਦਿੱਤਾ ਕਿਉਂਕਿ ਪੇਸ਼ੇਵਰ ਖੇਡਾਂ ਵਿੱਚ ਖਰਚਾ ਹੁੰਦਾ ਹੈ…

ਦਰੋਣਾਚਾਰੀਆ ਪੁਰਸਕਾਰ ਹਾਸਿਲ ਕਰਨ ਵਾਲੀ ਇਕਲੌਤੀ ਔਰਤ

ਹਾਕੀ ਕੋਚ ਪ੍ਰੀਤਮ ਸਿਵਾਚ

ਤਸਵੀਰ ਸਰੋਤ, ANI

ਨੌਰਿਸ, ਖੇਡ ਪੱਤਰਕਾਰ

ਸਵਾਲ: ਉਸ ਸਮੇਂ ਤੁਹਾਡਾ ਬੇਟਾ 7 ਮਹੀਨੇ ਦਾ ਸੀ, ਹੁਣ ਉਹ ਖੇਡ ਰਿਹਾ ਹੈ।

ਹਾਕੀ ਕੋਚ ਪ੍ਰੀਤਮ ਸਿਵਾਚ ਦਾ ਜਵਾਬ: ਮੇਰੇ ਦੋਵੇਂ ਬੱਚੇ ਹਾਕੀ ਇੰਡੀਆ ਲੀਗ ਵਿੱਚ ਖੇਡ ਰਹੇ ਹਨ ਅਤੇ ਸੋਨੀਪਤ, ਜਿੱਥੇ ਮੈਂ ਕੋਚ ਹਾਂ, ਦੇ 11 ਬੱਚੇ ਵੀ ਖੇਡ ਰਹੇ ਹਨ।

ਉਨ੍ਹਾਂ ਸਿਮਰਨ ਸ਼ਰਮਾ ਵੱਲ ਇਸ਼ਾਰਾ ਕਰਦਿਆਂ ਕਿਹਾ। ਇਨ੍ਹਾਂ ਦੀ ਕਹਾਣੀ ਦਾ ਅੱਜ ਦੀ ਹੈ ਮੇਰੀ 20-25 ਸਾਲ ਪਹਿਲਾਂ ਦੀ ਹੈ, ਬਹੁਤ ਮੁਸ਼ਕਿਲਾਂ ਸਨ।

ਰੁਕਾਵਟਾਂ ਆਉਂਦੀਆਂ ਹਨ, ਪਰ ਲੜਨਾ ਪੈਂਦਾ ਹੈ…ਸਾਨੂੰ ਸਮਾਜ ਵਿੱਚ, ਆਲੇ-ਦੁਆਲੇ ਦੇ ਹਰ ਵਿਅਕਤੀ ਨੂੰ ਜਾਗਰੂਕ ਕਰਨਾ ਪਵੇਗਾ।

ਇਸੇ ਤਰ੍ਹਾਂ ਮੈਂ ਟੀਮ ਬਣਾਉਣ ਬਾਰੇ ਸੋਚਿਆ…ਤਾਂ ਜੋ ਜਿੰਨਾ ਸੰਘਰਸ਼ ਮੈਂ ਕੀਤਾ ਹੋਰ ਕੁੜੀਆਂ ਨੂੰ ਨਾ ਕਰਨਾ ਪਵੇ।

ਮੇਰੇ ਅੰਦਰ ਵੀ ਜਨੂੰਨ ਸੀ…ਹਰ ਕੋਈ ਆਪਣੇ ਲਈ ਖੇਡਦਾ ਹੈ।

ਇਹ ਚੰਗੀ ਗੱਲ ਹੈ ਕਿ ਅਰਜੁਨ ਐਵਾਰਡ ਮਿਲ ਗਿਆ ਅਤੇ ਦਰੋਣਾਚਾਰੀਆ ਨਾਲ ਸਨਮਾਨਿਤ ਕੀਤਾ ਗਿਆ।

ਪਰ ਤੁਸੀਂ ਸਮਾਜ ਨੂੰ ਕੀ ਦਿੱਤਾ…ਜੋ ਲਿਆ ਉਹ ਸਾਨੂੰ ਸਮਾਜ ਨੂੰ ਵਾਪਸ ਦੇਣਾ ਚਾਹੀਦਾ ਹੈ।

ਇਸੇ ਲਈ ਮੈਂ 20 ਸਾਲਾਂ ਤੋਂ ਕੋਚਿੰਗ ਦੇ ਰਹੀ ਹਾਂ…ਹਾਕੀ ਵਿੱਚ ਮੈਂ ਇਕਲੌਤੀ ਔਰਤ ਹਾਂ ਜਿਸ ਨੂੰ ਦਰੋਣਾਚਾਰੀਆ ਪੁਰਸਕਾਰ ਮਿਲਿਆ ਹੈ।

ਭਾਰਤ ਵਿੱਚ ਔਰਤ ਕੋਚਾਂ ਦੀ ਕਮੀ ਕਿਉਂ ਹੈ?

ਸ਼ਾਰਦਾ ਉਗਰਾ ਖੇਲ ਪੱਤਰਕਾਰ

ਸ਼ਾਰਦਾ ਉਗਰਾ, ਖੇਲ ਪੱਤਰਕਾਰ

ਸਵਾਲ: ਪ੍ਰੀਤਮ, ਤੁਸੀਂ ਕਿਹਾ ਸੀ ਕਿ ਤੁਸੀਂ ਇਕਲੌਤੀ ਔਰਤ ਦ੍ਰੋਣਾਚਾਰੀਆ ਪੁਰਸਕਾਰ ਜੇਤੂ ਹੋ, ਤੁਹਾਡੇ ਖ਼ਿਆਲ ਵਿੱਚ ਖੇਡਾਂ ਵਿੱਚ ਮਹਿਲਾ ਕੋਚਾਂ ਦੀ ਕਿੰਨੀ ਲੋੜ ਹੈ ਅਤੇ ਕਮੀ ਕਿਉਂ ਹੈ? ਕੀ ਮਹਿਲਾ ਕੋਚਾਂ ਨੂੰ ਲੈ ਕੇ ਸਥਿਤੀ ਬਦਲੀ ਹੈ?

ਪ੍ਰੀਤਮ ਦਾ ਜਵਾਬ: ਜੋ ਮੈਂ ਭਾਰਤ ਵਿੱਚ ਸਾਡੇ ਸਮਾਜ ਵਿੱਚ ਦੇਖਦੀ ਹਾਂ। ਇੱਥੇ ਮਰਦ ਪ੍ਰਧਾਨਤਾ ਹੈ।

ਕਿਹਾ ਜਾਂਦਾ ਹੈ ਕਿ ਔਰਤਾਂ ਬਹੁਤ ਅੱਗੇ ਲੰਘ ਗਈਆਂ ਹਨ ਪਰ ਮੈਂ ਆਪਣੇ ਖੇਤਰ ਵਿੱਚ ਬਹੁਤ ਸਾਰੇ ਪੱਤਰਕਾਰ ਵੇਖੇ ਹਨ ਜਿਨ੍ਹਾਂ ਨੇ ਮੈਨੂੰ ਖੇਡਦਿਆਂ ਦੇਖਿਆ ਹੈ…ਮੇਰਾ ਪੂਰਾ ਕਰੀਅਰ ਦੇਖਿਆ ਹੈ।

ਮੈਂ ਆਪਣੀ ਜ਼ਿੰਦਗੀ ਖੇਡਾਂ ਵਿੱਚ ਬਤੀਤ ਕੀਤੀ ਹੈ, ਪਹਿਲੇ 20 ਸਾਲ ਖੇਡਣ ਵਿੱਚ ਲਾਏ ਅਤੇ ਅਗਲੇ 20 ਸਾਲ ਕੋਚਿੰਗ ਵਿੱਚ ਬਿਤਾਏ ਹਨ।

ਅੱਜ ਵੀ, ਦਰੋਣਾਚਾਰੀਆ ਪੁਰਸਕਾਰ ਮਿਲਣ ਤੋਂ ਬਾਅਦ ਵੀ, ਮੈਨੂੰ ਨਹੀਂ ਲੱਗਦਾ ਕਿ ਕੀ ਕੋਈ ਮਹਿਲਾ ਭਾਰਤੀ ਟੀਮ ਦੀ ਕੋਚ ਬਣ ਸਕਦੀ ਹੈ।

ਉਨ੍ਹਾਂ ਵਿੱਚ ਅੱਜ ਵੀ ਇੰਨਾ ਆਤਮ-ਵਿਸ਼ਵਾਸ ਨਹੀਂ ਆਇਆ ਹੈ।

ਉਹ ਬਾਹਰੋਂ ਕਿਸੇ ਅੰਗਰੇਜ਼ ਔਰਤ ਕੋਚ ਨੂੰ ਲੈ ਆਉਣਗੇ ਅਤੇ ਕਹਿਣਗੇ ਕਿ ਉਹ ਕੋਚਿੰਗ ਕਰ ਸਕਦੀ ਹੈ ਪਰ ਭਾਰਤੀ ਔਰਤ ਕੋਚਾਂ ਵਿੱਚ ਭਰੋਸਾ ਨਹੀਂ ਹੈ।

ਇਹ ਬਹੁਤ ਵੱਡੀ ਸੱਚਾਈ ਹੈ…ਖ਼ਾਸ ਕਰਕੇ ਕੋਚਿੰਗ ਵਿੱਚ।

ਜਦੋਂ ਕਿ ਸਾਨੂੰ ਔਰਤ ਕੋਚਾਂ ‘ਤੇ ਭਰੋਸਾ ਕਰਨਾ ਚਾਹੀਦਾ ਹੈ …

ਜਦੋਂ ਅਸੀਂ ਹੇਠਾਂ ਤੋਂ ਖਿਡਾਰੀ ਤਿਆਰ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਭਾਰਤ ਦੀ ਨੁਮਾਇੰਦਗੀ ਲਈ ਤਿਆਰ ਕਰ ਰਹੇ ਹਾਂ, ਤਾਂ ਕੀ ਅਸੀਂ ਸਿਖਰ ‘ਤੇ ਕੰਮ ਨਹੀਂ ਕਰ ਸਕਦੇ?

ਸਾਨੂੰ ਭਰੋਸਾ ਬਣਾਉਣਾ ਪਵੇਗਾ..

ਜਦੋਂ ਇਹ ਪੁਰਸਕਾਰ ਮਿਲਦੇ ਸਨ ਤਾਂ ਮੈਂ ਦੋ ਸਾਲਾਂ ਤੱਕ ਆਪਣਾ ਨਾਮ ਭੇਜਿਆ ਸੀ। ਉਸ ਸਮੇਂ ਪੁੱਛਿਆ ਗਿਆ ਕਿ ਕੀ ਕਿਸੇ ਔਰਤ ਇਹ ਪੁਰਸਕਾਰ ਮਿਲ ਸਕਦਾ ਹੈ?

(ਪ੍ਰੀਤਮ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ) ਫ਼ਿਰ ਮੇਰੇ ਮਨ ਵਿੱਚ ਇਹ ਸਵਾਲ ਆਇਆ ਕਿ ਔਰਤ ਨੂੰ ਇਹ ਕਿਉਂ ਨਹੀਂ ਮਿਲ ਸਕਦਾ?

ਮੈਂ ਇਸ ਨੂੰ ਲਵਾਂਗੀ ਅਤੇ ਦਿਖਾਵਾਂਗੀ ਕਿ ਮੈਂ ਚੁਣੌਤੀ ਨੂੰ ਸਵੀਕਾਰ ਕੀਤੀ ਹੈ…ਹਰ ਔਰਤ ਨੂੰ ਕਰਨੀ ਚਾਹੀਦੀ ਵੀ ਹੈ…

ਕਈ ਔਰਤਾਂ ਇਹ ਸੋਚ ਕੇ ਪਿੱਛੇ ਹਟ ਜਾਂਦੀਆਂ ਹਨ ਕਿ ਛੱਡੋ, ਉਹ ਤੁਹਾਨੂੰ ਅੱਗੇ ਨਹੀਂ ਵਧਣ ਦੇਣਗੇ…

ਜਦੋਂ ਤੱਕ ਅਸੀਂ ਅੱਗੇ ਆ ਕੇ ਆਪਣੇ ਲਈ ਨਹੀਂ ਲੜਾਂਗੇ, ਅਸੀਂ ਕੁਝ ਪ੍ਰਾਪਤ ਨਹੀਂ ਕਰ ਸਕਾਂਗੇ…

ਇਸ ਲਈ ਮੈਂ ਬਹੁਤ ਸੰਘਰਸ਼ ਕੀਤਾ…ਲੜੀ ਅਤੇ ਹਰ ਕਿਸੇ ਨੂੰ ਲੜਨਾ ਚਾਹੀਦਾ ਹੈ…

ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਕੋਚਿੰਗ ਵਿੱਚ ਆਉਣਾ ਚਾਹੀਦਾ ਹੈ ਬਲਕਿ ਹਰ ਖੇਤਰ ਵਿੱਚ ਅੱਗੇ ਆਉਣਾ ਚਾਹੀਦਾ ਹੈ ..

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI