Source :- BBC PUNJABI

ਤਸਵੀਰ ਸਰੋਤ, Getty Images
30 ਮਿੰਟ ਪਹਿਲਾਂ
ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਆਪਣੀ ਇੱਕ ਜਾਤੀਵਾਦੀ ਟਿੱਪਣੀ ਲਈ ਸੁਰਖ਼ੀਆਂ ਵਿੱਚ ਹਨ। ਇਸ ਲਈ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ।
ਇਸ ਟਿੱਪਣੀ ਤੋਂ ਬਾਅਦ ਅਨੁਰਾਗ ਕਸ਼ਯਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਆਪਣੇ ਬਿਆਨ ਲਈ ਮੁਆਫ਼ੀ ਵੀ ਮੰਗੀ।
ਅਨੁਰਾਗ ਕਸ਼ਯਪ ਦੀ ਟਿੱਪਣੀ ‘ਤੇ ਕੁਝ ਮੰਨੇ-ਪ੍ਰਮੰਨੇ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਮਨੋਜ ਮੁੰਤਸ਼ੀਰ ਨੇ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਵੀ ਦੇ ਦਿੱਤੀ।
ਪਰ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਨੁਰਾਗ ਕਸ਼ਯਪ ਵਿਵਾਦਾਂ ਵਿੱਚ ਘਿਰੇ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਵਿਵਾਦਾਂ ਵਿੱਚ ਘਿਰ ਚੁੱਕੇ ਹਨ।
ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਅਕਸਰ ਬੇਬਾਕ ਰਹਿੰਦੇ ਹਨ। ਹਾਲ ਹੀ ਵਿੱਚ, ਅਨੁਰਾਗ ਕਸ਼ਯਪ ਨੇ ਵੀ ਨੈੱਟਫਲਿਕਸ ਦੀ ਸੀਰੀਜ਼ ‘ਅਡੌਲਸੈਂਸ’ ਨੂੰ ਲੈ ਕੇ ਓਟੀਟੀ ਪਲੇਟਫਾਰਮਾਂ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਅਨੁਰਾਗ ਕਸ਼ਯਪ ਅਕਸਰ ਸੈਂਸਰ ਬੋਰਡ ਦੀ ਆਲੋਚਨਾ ਕਰਦੇ ਰਹੇ ਹਨ, ਜਿਸ ਕਾਰਨ ਫਿਲਮ ‘ਉੜਤਾ ਪੰਜਾਬ’ (2016) ਅਤੇ ਸੈਂਸਰ ਬੋਰਡ ਵਿਚਕਾਰ ਵੱਡਾ ਟਕਰਾਅ ਹੋਇਆ।
ਅਨੁਰਾਗ ਦਾ ਵਿਵਾਦਾਂ ਨਾਲ ਲੰਬਾ ਨਾਤਾ ਰਿਹਾ ਹੈ। ਭਾਵੇਂ ਉਹ ਉਨ੍ਹਾਂ ਬੇਬਾਕ ਬਿਆਨ ਹੋਣ, ਸੋਸ਼ਲ ਮੀਡੀਆ ‘ਤੇ ਪੋਸਟ ਹੋਣ, ਪਰਿਵਾਰਕ ਰਿਸ਼ਤੇ ਹੋਣ ਜਾਂ ਫਿਲਮ ਕੰਪਨੀ ਵਿੱਚ ਉਨ੍ਹਾਂ ਦੇ ਸਾਥੀਆਂ ਨਾਲ ਲੜਾਈਆਂ ਹੋਣ।

ਤਾਜ਼ਾ ਵਿਵਾਦ ਕੀ ਹੈ?
ਦਰਅਸਲ, ਇਹ ਵਿਵਾਦ ਫਿਲਮ ‘ਫੂਲੇ’ ਦੀ ਰਿਲੀਜ਼ ਨੂੰ ਲੈ ਕੇ ਸ਼ੁਰੂ ਹੋਇਆ ਸੀ।
ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਸੈਂਸਰ ਬੋਰਡ ਨੇ ਫਿਲਮ ‘ਫੂਲੇ’ ‘ਤੇ ਕੈਂਚੀ ਚਲਾਈ ਹੈ, ਜਿਸ ਤੋਂ ਬਾਅਦ ਅਨੁਰਾਗ ਕਸ਼ਯਪ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਈ।
ਉਨ੍ਹਾਂ ਕਿਹਾ, “ਧੜਕ-2 ਦੀ ਸਕ੍ਰੀਨਿੰਗ ‘ਤੇ, ਸੈਂਸਰ ਬੋਰਡ ਨੇ ਕਿਹਾ ਕਿ ਮੋਦੀ ਜੀ ਨੇ ਭਾਰਤ ਵਿੱਚ ਜਾਤੀ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਹੈ। ਇਸੇ ਆਧਾਰ ‘ਤੇ, ‘ਸੰਤੋਸ਼’ ਵੀ ਭਾਰਤ ਵਿੱਚ ਰਿਲੀਜ਼ ਨਹੀਂ ਹੋਈ।”
ਅਨੁਰਾਗ ਕਸ਼ਯਪ ਨੇ ਕਿਹਾ, “ਹੁਣ ਬ੍ਰਾਹਮਣਾਂ ਨੂੰ ‘ਫੂਲੇ’ ਨਾਲ ਸਮੱਸਿਆ ਹੈ। ਭਰਾ, ਜਦੋਂ ਕੋਈ ਜਾਤ ਪ੍ਰਣਾਲੀ ਨਹੀਂ ਹੈ, ਤਾਂ ਫਿਰ ਕਿਹੜਾ ਬ੍ਰਾਹਮਣ ਹੈ। ਜਦੋਂ ਕੋਈ ਜਾਤ ਪ੍ਰਣਾਲੀ ਨਹੀਂ ਸੀ, ਤਾਂ ਫਿਰ ਜੋਤੀਬਾ ਫੂਲੇ ਅਤੇ ਸਾਵਿਤਰੀਬਾਈ ਕਿਉਂ ਸਨ?”
ਇੱਕ ਯੂਜ਼ਰ ਨੇ ਉਨ੍ਹਾਂ ਦੀ ਪੋਸਟ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ, ਜਿਸਦਾ ਜਵਾਬ ਅਨੁਰਾਗ ਕਸ਼ਯਪ ਨੇ ਦਿੱਤਾ।
ਇਹ ਵਿਵਾਦ ਉਨ੍ਹਾਂ ਦੇ ਇਸ ਜਵਾਬ ‘ਤੇ ਹੋ ਰਿਹਾ ਹੈ। ਹਾਲਾਂਕਿ, ਬਾਅਦ ਵਿੱਚ ਅਨੁਰਾਗ ਕਸ਼ਯਪ ਨੇ ਇਸ ਮਾਮਲੇ ‘ਤੇ ਮੁਆਫ਼ੀ ਵੀ ਮੰਗ ਲਈ।

ਤਸਵੀਰ ਸਰੋਤ, Getty Images
‘ਮੀ ਟੂ’ ਵਿਵਾਦ ਵਿੱਚ ਵੀ ਫਸੇ ਸਨ ਅਨੁਰਾਗ ਕਸ਼ਯਪ
‘ਮੀ ਟੂ’ ਅੰਦੋਲਨ ਦੌਰਾਨ, ਇੱਕ ਔਰਤ ਨੇ ਫਿਲਮ ਨਿਰਮਾਤਾ ਵਿਕਾਸ ਬਹਿਲ ‘ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ।
ਇਹ ਔਰਤ ਫੈਂਟਮ ਫਿਲਮ ਪ੍ਰੋਡਕਸ਼ਨ ਹਾਊਸ ਵਿੱਚ ਕੰਮ ਕਰਦੀ ਸੀ ਅਤੇ ਫੈਂਟਮ ਦੇ ਸੰਸਥਾਪਕ ਅਨੁਰਾਗ ਕਸ਼ਯਪ, ਵਿਕਰਮਾਦਿਤਿਆ ਮੋਟਵਾਨੀ, ਮਧੂ ਮੰਟੇਨਾ ਅਤੇ ਵਿਕਾਸ ਬਹਿਲ ਸਨ।
ਔਰਤ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਅਨੁਰਾਗ ਕਸ਼ਯਪ ਨੂੰ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ, ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ।
ਔਰਤ ਦੀ ਸ਼ਿਕਾਇਤ ਦੀ ਪੁਸ਼ਟੀ ਕਰਦੇ ਹੋਏ, ਅਨੁਰਾਗ ਕਸ਼ਯਪ ਨੇ ਹਫਿੰਗਟਨ ਪੋਸਟ ਦੀ ਇੱਕ ਰਿਪੋਰਟ ਵਿੱਚ ਕਿਹਾ ਸੀ ਕਿ ਜੋ ਵੀ ਹੋਇਆ, ਉਹ ਗ਼ਲਤ ਸੀ।
ਉਸ ਤੋਂ ਬਾਅਦ ਅਨੁਰਾਗ ਕਸ਼ਯਪ ਨੇ ਫੈਂਟਮ ਪ੍ਰੋਡਕਸ਼ਨ ਹਾਊਸ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਸੀ।

ਤਸਵੀਰ ਸਰੋਤ, Getty Images
ਜਦੋਂ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲੱਗਾ
ਸਾਲ 2020 ਵਿੱਚ, ਅਦਾਕਾਰਾ ਪਾਇਲ ਘੋਸ਼ ਨੇ ਅਨੁਰਾਗ ਕਸ਼ਯਪ ‘ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ।
ਉਨ੍ਹਾਂ ਨੇ ਅਨੁਰਾਗ ਕਸ਼ਯਪ ਨੂੰ ਟਵਿੱਟਰ ‘ਤੇ ਟੈਗ ਕਰਦੇ ਹੋਏ ਲਿਖਿਆ ਸੀ ਕਿ ਅਨੁਰਾਗ ਕਸ਼ਯਪ ਨੇ ਉਨ੍ਹਾਂ ਜ਼ਬਰਦਸਤੀ ਕੀਤੀ।
ਪਾਇਲ ਘੋਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਅਨੁਰਾਗ ਕਸ਼ਯਪ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਦੇਸ਼ ਨੂੰ ਸੱਚਾਈ ਦਾ ਪਤਾ ਲੱਗਣਾ ਚਾਹੀਦਾ ਹੈ।
ਪਾਇਲ ਘੋਸ਼ ਦੇ ਇਲਜ਼ਾਮਾਂ ਦਾ ਸਮਰਥਨ ਕਰਦੇ ਹੋਏ, ਅਦਾਕਾਰਾ ਕੰਗਨਾ ਰਣੌਤ ਨੇ ਅਨੁਰਾਗ ਕਸ਼ਯਪ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ।
ਹਾਲਾਂਕਿ, ਅਨੁਰਾਗ ਕਸ਼ਯਪ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਨਾ ਤਾਂ ਕਿਸੇ ਔਰਤ ਨਾਲ ਅਜਿਹਾ ਵਿਵਹਾਰ ਕਰਦੇ ਹਨ ਅਤੇ ਨਾ ਹੀ ਉਹ ਕਿਸੇ ਵੀ ਕੀਮਤ ‘ਤੇ ਅਜਿਹੇ ਵਿਵਹਾਰ ਨੂੰ ਬਰਦਾਸ਼ਤ ਕਰਨਗੇ।
ਫਿਲਮ ਇੰਡਸਟਰੀ ਵਿੱਚ ਭਾਈ-ਭਤੀਜਾਵਾਦ ‘ਤੇ ਟਿੱਪਣੀ
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ, ਸੋਸ਼ਲ ਮੀਡੀਆ ‘ਤੇ ‘ਫਿਲਮ ਇੰਡਸਟਰੀ ਵਿੱਚ ਭਾਈ-ਭਤੀਜਾਵਾਦ’ ਬਾਰੇ ਬਹੁਤ ਬਹਿਸ ਹੋਈ ਸੀ।
ਉਸ ਸਮੇਂ ਅਨੁਰਾਗ ਕਸ਼ਯਪ ਨੇ ਇਸ ਬਹਿਸ ‘ਤੇ ਸਵਾਲ ਚੁੱਕਿਆ ਸੀ ਕਿ ਇਹ ਚਰਚਾ ਸਿਰਫ਼ ਅਦਾਕਾਰਾਂ ਤੱਕ ਹੀ ਸੀਮਤ ਕਿਉਂ ਰਹਿੰਦੀ ਹੈ? ਜਦਕਿ, ਇੱਕ ਫਿਲਮ ਬਣਾਉਣ ਵਿੱਚ ਸੌ ਤੋਂ ਵੱਧ ਲੋਕਾਂ ਨੇ ਆਪਣਾ ਖੂਨ ਅਤੇ ਪਸੀਨਾ ਵਹਾਇਆ ਹੁੰਦਾ।
ਇਸ ਬਹਿਸ ਵਿੱਚ ਕਈ ਕਲਾਕਾਰਾਂ ਅਤੇ ਹੋਰਾਂ ਨੇ ਭਾਈ-ਭਤੀਜਾਵਾਦ ‘ਤੇ ਟਿੱਪਣੀਆਂ ਕੀਤੀਆਂ।
ਕੰਗਨਾ ਰਣੌਤ ਅਤੇ ਕੁਝ ਹੋਰ ਅਦਾਕਾਰਾਂ ਜੋ ਖ਼ੁਦ ਨੂੰ ‘ਫਿਲਮ ਇੰਡਸਟਰੀ ਵਿੱਚ ਬਾਹਰੀ’ ਦੱਸਦੀਆਂ ਰਹੀਆਂ ਹਨ, ਨੇ ਇਸ ਵਿਸ਼ੇ ‘ਤੇ ਖੁੱਲ੍ਹ ਕੇ ਗੱਲ ਕੀਤੀ ਹੈ।

ਤਸਵੀਰ ਸਰੋਤ, Getty Images
ਕੰਗਨਾ ਰਣੌਤ ਅਤੇ ਰਣਵੀਰ ਸ਼ੌਰੀ ਨਾਲ ਵਿਵਾਦ
ਫਿਲਮ ਇੰਡਸਟਰੀ ਵਿੱਚ ਭਾਈ-ਭਤੀਜਾਵਾਦ ‘ਤੇ ਬਹਿਸ ਦੇ ਵਿਚਕਾਰ, ਕੰਗਨਾ ਰਣੌਤ ਅਤੇ ਅਨੁਰਾਗ ਕਸ਼ਯਪ ਨੇ ਇੱਕ ਦੂਜੇ ‘ਤੇ ਕਈ ਟਿੱਪਣੀਆਂ ਕੀਤੀਆਂ ਸਨ।
ਉਸ ਸਮੇਂ ਅਨੁਰਾਗ ਕਸ਼ਯਪ ਨੇ ਕਿਹਾ ਸੀ ਕਿ ਕੰਗਨਾ ਰਣੌਤ ਕਦੇ ਉਨ੍ਹਾਂ ਦੀ ਬਹੁਤ ਚੰਗੀ ਦੋਸਤ ਸੀ, ਪਰ ਹੁਣ ਜੋ ਨਵੀਂ ਕੰਗਨਾ ਦਿਖਾਈ ਦਿੰਦੀ ਉਹ ਉਸ ਨੂੰ ਨਹੀਂ ਜਾਣਦੇ।
ਅਨੁਰਾਗ ਕਸ਼ਯਪ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ‘ਇਹ ਕੰਗਨਾ ਮੈਥੋਂ ਬਰਦਾਸ਼ਤ ਨਹੀਂ ਹੋ ਰਹੀ।’
ਦੋਵਾਂ ਵਿਚਕਾਰ ਹੋਈ ਬਹਿਸ ਵਿੱਚ ਅਦਾਕਾਰ ਰਣਵੀਰ ਸ਼ੌਰੀ ਨੇ ਛਾਲ ਮਾਰੀ, ਜਿਸ ਤੋਂ ਬਾਅਦ ਅਨੁਰਾਗ ਕਸ਼ਯਪ ਉਨ੍ਹਾਂ ‘ਤੇ ਭੜਕ ਗਏ ਅਤੇ ਉਨ੍ਹਾਂ ਨੂੰ ਸਾਫ-ਸਾਫ਼ ਗੱਲ ਕਰਨ ਦੀ ਨਸੀਹਤ ਦੇ ਦਿੱਤੀ।
ਰਣਵੀਰ ਸ਼ੌਰੀ ਨੇ ਕਿਹਾ ਸੀ ਕਿ ਬਹੁਤ ਸਾਰੇ ਸੁਤੰਤਰ ਅਤੇ ਫਿਲਮੀ ਯੋਧੇ ਮੁੱਖ ਧਾਰਾ ਬਾਲੀਵੁੱਡ ਦੇ ਚਾਪਲੂਸ ਬਣ ਗਏ ਹਨ। ਇਹ ਉਹੀ ਲੋਕ ਹਨ ਜੋ ਚੌਵੀ ਘੰਟੇ, ਸੱਤੋ ਦਿਨ ਸਿਸਟਮ ਬਾਰੇ ਰੌਲਾ ਪਾਉਂਦੇ ਰਹਿੰਦੇ ਸਨ ਜਦੋਂ ਤੱਕ ਉਨ੍ਹਾਂ ਨੂੰ ਮੁੱਖ ਧਾਰਾ ਬਾਲੀਵੁੱਡ ਦੇ ਸਭ ਤੋਂ ਕੀਮਤੀ ਦਰਵਾਜ਼ਿਆਂ ਵਿੱਚ ਪ੍ਰਵੇਸ਼ ਨਹੀਂ ਮਿਲ ਗਿਆ।
ਰਣਵੀਰ ਸ਼ੌਰੀ ਦੇ ਇਸ ਟਵੀਟ ਤੋਂ ਬਾਅਦ, ਦੋਵਾਂ ਨੇ ਇੱਕ ਦੂਜੇ ‘ਤੇ ਜਵਾਬੀ ਟਵੀਟ ਕੀਤਾ ਅਤੇ ਕਈ ਟਿੱਪਣੀਆਂ ਕੀਤੀਆਂ ਸਨ।

ਤਸਵੀਰ ਸਰੋਤ, Shahid Kapoor Twitter
‘ਉੜਤਾ ਪੰਜਾਬ’ ਨੂੰ ਲੈ ਕੇ ਸੈਂਸਰ ਬੋਰਡ ਨਾਲ ਟਕਰਾਅ
ਅਨੁਰਾਗ ਕਸ਼ਯਪ ਦੀ ਫਿਲਮ ‘ਉੜਤਾ ਪੰਜਾਬ’ ਦੀ ਰਿਲੀਜ਼ ਤੋਂ ਪਹਿਲਾਂ, ਸੈਂਸਰ ਬੋਰਡ ਨੇ ਕਈ ਇਤਰਾਜ਼ ਚੁੱਕੇ ਸਨ ਅਤੇ ਕੱਟਾਂ ਦਾ ਆਦੇਸ਼ ਦਿੱਤਾ ਸੀ।
ਅਨੁਰਾਗ ਕਸ਼ਯਪ ਨੇ ਇਨ੍ਹਾਂ ਹਦਾਇਤਾਂ ਨੂੰ ਬੇਲੋੜਾ ਦੱਸਿਆ ਸੀ।
ਉਨ੍ਹਾਂ ਕਿਹਾ ਕਿ ਪਹਿਲਾਜ ਨਿਹਲਾਨੀ (ਸੈਂਸਰ ਬੋਰਡ ਦੇ ਉਸ ਸਮੇਂ ਦੇ ਚੇਅਰਮੈਨ) ਨਿਯਮਾਂ ਅਤੇ ਕਾਨੂੰਨਾਂ ਨੂੰ ਨਜ਼ਰਅੰਦਾਜ਼ ਕਰ ਕੇ ਸੈਂਸਰ ਬੋਰਡ ਚਲਾ ਰਹੇ ਸਨ।
ਅਨੁਰਾਗ ਕਸ਼ਯਪ ਨੇ ਇਹ ਵੀ ਕਿਹਾ ਕਿ ਨਿਹਲਾਨੀ ਆਪਣੀ ਨੈਤਿਕਤਾ ਪੂਰੀ ਦੁਨੀਆ ਦੇ ਸਿਨੇਮਾ ‘ਤੇ ਥੋਪਣਾ ਚਾਹੁੰਦੇ ਹਨ।
ਉੱਥੇ ਹੀ ਪਹਿਲਾਜ ਨਿਹਲਾਨੀ ਨੇ ਕਿਹਾ ਸੀ ਕਿ ਫਿਲਮ ‘ਉੜਤਾ ਪੰਜਾਬ’ ‘ਤੇ ਲਏ ਗਏ ਫ਼ੈਸਲੇ ‘ਤੇ ਕੋਈ ਰਾਜਨੀਤਿਕ ਦਬਾਅ ਨਹੀਂ ਸੀ।
ਉਨ੍ਹਾਂ ਕਿਹਾ ਸੀ, “ਕੇਂਦਰ ਨੇ ਕਦੇ ਵੀ ਸੈਂਸਰ ਬੋਰਡ ‘ਤੇ ਕੋਈ ਦਬਾਅ ਨਹੀਂ ਪਾਇਆ। ਇਸ ਫ਼ੈਸਲੇ ‘ਤੇ ਕੋਈ ਰਾਜਨੀਤਿਕ ਪ੍ਰਭਾਵ ਨਹੀਂ ਸੀ।”
ਇਸ ਦੇ ਨਾਲ ਹੀ ਨਿਹਲਾਨੀ ਅਨੁਰਾਗ ਕਸ਼ਯਪ ਨੂੰ ʻਡਿਕਟੇਟਰʼ (ਤਾਨਾਸ਼ਾਹ) ਦੱਸਿਆ ਸੀ।
ਹਾਲਾਂਕਿ, ਬਾਅਦ ਵਿੱਚ ਇਹ ਮਾਮਲਾ ਬੰਬੇ ਹਾਈ ਕੋਰਟ ਦੇ ਸਾਹਮਣੇ ਪਹੁੰਚਿਆਂ ਅਤੇ ਕੋਰਟ ਨੇ ਇੱਕ ਕੱਟ ਦੇ ਨਾਲ ਫਿਲਮ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਸੁਣਾਇਆ।
ਹਾਈ ਕੋਰਟ ਨੇ ʻਉੱੜਤਾ ਪੰਜਾਬʼ ਵਿਵਾਦ ਦੌਰਾਨ ਸਾਫ਼ ਕੀਤਾ ਕਿ ਸੈਂਸਰ ਬੋਰਡ ਫਿਲਮ ਨੂੰ ਰੋਕਣ ਜਾਂ ਕੱਟਣ-ਵੱਡਣ ਵਾਲਾ ਨਹੀਂ ਬਲਿਕ ਸਿਰਫ਼ ਸਰਟੀਫਿਕੇਟ ਜਾਰੀ ਕਰਨ ਵਾਲੀ ਸੰਸਥਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI