Source :- BBC PUNJABI

ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀ

ਤਸਵੀਰ ਸਰੋਤ, Getty Images

13 ਮਈ 2025, 20:23 IST

ਅਪਡੇਟ ਇੱਕ ਘੰਟਾ ਪਹਿਲਾਂ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਯੂਕੇ ਦੀ ‘ਖ਼ਸਤਾ ਹਾਲਤ’ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਲੀਹ ਉੱਤੇ ਲਿਆਉਣ ਦਾ ਵਾਅਦਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਵੀਜ਼ਾ ਅਰਜ਼ੀਆਂ ਲਈ ਨਿਯਮ ਸਖ਼ਤ ਕੀਤੇ ਜਾਣਗੇ ਅਤੇ ਬਾਲਗਾਂ ਲਈ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਚੈੱਕ ਕਰਨ ਵਾਲੇ ਟੈਸਟਾਂ ਵਿੱਚ ਵੀ ਸੁਧਾਰ ਕਰਨ ਦੀਆਂ ਯੋਜਨਾਵਾਂ ਹਨ।

ਬੀਬੀਸੀ ਦੇ ਸਿਆਸੀ ਮਾਮਲਿਆਂ ਦੇ ਪੱਤਰਕਾਰ ਸੈਮ ਫ਼ਰਾਂਸਿਸ ਦੀ ਰਿਪੋਰਟ ਮੁਤਾਬਕ ਯੋਜਨਾਵਾਂ ਦੇ ਤਹਿਤ, ਪਰਵਾਸੀਆਂ ਨੂੰ ਯੂਕੇ ਵਿੱਚ ਸਥਾਈ ਤੌਰ ਉੱਤੇ ਰਹਿਣ ਲਈ ਅਰਜ਼ੀ ਦਰਜ ਕਰਵਾਉਣ ਲਈ 10 ਸਾਲ ਉਡੀਕ ਕਰਨੀ ਪਵੇਗੀ। ਜਦੋਂ ਕਿ ਪਹਿਲਾਂ ਪੰਜ ਸਾਲਾਂ ਬਾਅਦ ਉਹ ਆਪਣੇ ਆਪ (ਆਟੋਮੈਟੀਕਲੀ) ਸੈਟਲ ਹੋਣ ਦਾ ਦਰਜਾ ਰੱਖਦੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੇਬਰ ਪਾਰਟੀ ਜਲਦੀ ਹੀ ਇੱਕ ਨਵੀਂ ਪਰਵਾਸ ਪ੍ਰਣਾਲੀ ਪ੍ਰਕਾਸ਼ਿਤ ਕਰੇਗੀ, ਜਿਸ ਦੀ ਯੂਕੇ ਵਾਸੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ।

ਉਨ੍ਹਾਂ ਕਿਹਾ, “ਉਹ ਇੱਕ ਅਜਿਹਾ ਸਿਸਟਮ ਬਣਾਉਣਗੇ, ਜੋ ਨਿਯੰਤਰਿਤ, ਚੋਣਵਾਂ ਅਤੇ ਨਿਰਪੱਖ ਹੋਵੇਗਾ।”

ਸ਼ੈਡੋ ਹੋਮ ਸੈਕਟਰੀ ਕ੍ਰਿਸ ਫ਼ਿਲਪ ਨੇ ਕਿਹਾ ਕਿ ਕੀਅਰ ਦਾ ‘ਇਮੀਗ੍ਰੇਸ਼ਨ ਪ੍ਰਤੀ ਸਖ਼ਤ ਹੋਣਾ ਇੱਕ ਮਜ਼ਾਕ ਹੈ’। ਨਾਲ ਹੀ ਉਨ੍ਹਾਂ ਸੰਸਦ ਨੂੰ ਪਰਵਾਸ ਦੇ ਮਾਮਲੇ ‘ਤੇ ਇੱਕ ਹੱਦ ਨਿਰਧਾਰਿਤ ਕਰਨ ਲਈ ਦਬਾਅ ਪਾਉਣ ਦਾ ਵਾਅਦਾ ਕੀਤਾ।

ਕੀਅਰ ਸਟਾਰਮਰ
ਇਹ ਵੀ ਪੜ੍ਹੋ-

ਯੂਕੇ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਆਪਣੇ ਇੰਮੀਗ੍ਰੇਸ਼ਨ ਵਾਈਟ ਪੇਪਰ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਉਦਯੋਗਿਕ ਖੇਤਰ ‘ਤੇ ਇਲਜ਼ਾਮ ਲਗਾਇਆ ਕਿ ਉਹ ‘ਇਥੋਂ ਦੇ ਲੋਕਾਂ ਦੇ ਹੁਨਰ ਵਿੱਚ ਨਿਵੇਸ਼ ਕਰਨ ਅਤੇ ਆਪਣੇ ਭਾਈਚਾਰੇ ਨੂੰ ਚੰਗੀ ਨੌਕਰੀ ਦੇਣ ਦੀ ਬਜਾਏ, ਸਸਤੀ ਮਜ਼ਦੂਰੀ ਲੈਣ ਦਾ ਆਦੀ ਹੋ ਗਿਆ ਹੈ।’

ਉਨ੍ਹਾਂ ਕਿਹਾ,”ਇੱਥੇ ਵੀਜ਼ਾ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ, ਜਦੋਂਕਿ ਸਿੱਖਿਆ ਵਿੱਚ ਭਾਰੀ ਕਮੀ ਆਈ ਹੈ।”

ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਯੂਕੇ ਵਿੱਚ ਪਰਵਾਸ ਦੇ ਪੱਧਰ ਨੂੰ ਘਟਾਉਣ ਲਈ ਲੇਬਰ ਪਾਰਟੀ ਦੀਆਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਯੋਜਨਾਵਾਂ ਬਾਰੇ ਖੁਲਾਸਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਐਕਸ ਅਕਾਊਂਟ ਉੱਪਰ ਪੋਸਟ ਕਰਦਿਆਂ ਲਿਖਿਆ, “ਜੇ ਤੁਸੀਂ ਯੂਕੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੰਗਰੇਜ਼ੀ ਬੋਲਣੀ ਚਾਹੀਦੀ ਹੈ। ਇਸ ਲਈ ਅਸੀਂ ਹਰ ਮੁੱਖ ਇਮੀਗ੍ਰੇਸ਼ਨ ਰੂਟ ‘ਤੇ ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਵਧਾ ਰਹੇ ਹਾਂ।”

ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਟੋਰੀਜ਼ ਦੇ ਕਾਰਜਕਾਲ 2019 ਅਤੇ 2023 ਦੇ ਵਿਚਾਲੇ ਲਗਭਗ ਦਸ ਲੱਖ ਲੋਕ ਵਿਦੇਸ਼ਾਂ ਤੋਂ ਯੂਕੇ ਆਏ ਹਨ।

ਉਨ੍ਹਾਂ ਕਿਹਾ, “ਮੇਰੀ ਲੇਬਰ ਸਰਕਾਰ ਸਾਡੀਆਂ ਸਰਹੱਦਾਂ ਦਾ ਕੰਟਰੋਲ ਵਾਪਸ ਲੈ ਰਹੀ ਹੈ।”

ਇਸ ਤੋਂ ਪਹਿਲਾਂ ਉਨ੍ਹਾਂ ਨੇ ਐਕਸ ਉਪਰ ਪੋਸਟ ਕਰਦਿਆਂ ਕਿਹਾ, “ਟੋਰੀਜ਼ ਨੇ ਇੱਕ ਅਜਿਹੀ ਪਰਵਾਸ ਪ੍ਰਣਾਲੀ ਚਲਾਈ ਜੋ ਬ੍ਰਿਟਿਸ਼ ਮਜ਼ਦੂਰਾਂ ਵਿੱਚ ਨਿਵੇਸ਼ ਕਰਨ ਦੀ ਬਜਾਏ ਸਸਤੇ ਵਿਦੇਸ਼ੀ ਮਜ਼ਦੂਰਾਂ ਉਪਰ ਨਿਰਭਰ ਸੀ। ਉਹ ਵਿਸ਼ਵਾਸਘਾਤ ਹੁਣ ਖਤਮ ਹੋਵੇਗਾ।”

ਕੀਅਰ ਸਟਾਰਮਰ

ਤਸਵੀਰ ਸਰੋਤ, Getty Images

ਪਰਵਾਸੀਆਂ ਲਈ ਅੰਗਰੇਜ਼ੀ ਬੋਲਣੀ ਹੋਵੇਗੀ ਲਾਜ਼ਮੀ

ਲੇਬਰ ਪਾਰਟੀ ਨੇ ਯੂਕੇ ਵਿੱਚ ਹਰ ਵੀਜ਼ਾ ਅਰਜ਼ੀ ‘ਤੇ ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਵਧਾਉਣ ਦੀ ਯੋਜਨਾ ਦਾ ਸੰਕੇਤ ਦਿੱਤਾ ਹੈ, ਹਾਲਾਂਕਿ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਇਹ ਵੀ ਕਿਹਾ ਗਿਆ ਹੈ ਕਿ ਪਹਿਲੀ ਵਾਰ ਬਾਲਗਾਂ ਨੂੰ ਨੌਕਰੀਆਂ ਲੱਭਣ ਅਤੇ ਸ਼ੋਸ਼ਣ ਤੋਂ ਬਚਣ ਵਿੱਚ ਮਦਦ ਕਰਨ ਲਈ ਮੁੱਢਲੀ ਭਾਸ਼ਾਈ ਹੁਨਰ ਦਿਖਾਉਣ ਦੀ ਵੀ ਲੋੜ ਪਵੇਗੀ।

ਇੱਕ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਕੀਅਰ ਨੇ ਕਿਹਾ, “ਜਦੋਂ ਲੋਕ ਸਾਡੇ ਦੇਸ਼ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਏਕਤਾ ਲਈ ਅਤੇ ਸਾਡੀ ਭਾਸ਼ਾ ਸਿੱਖਣ ਲਈ ਵੀ ਵਚਨਬੱਧ ਹੋਣਾ ਚਾਹੀਦਾ ਹੈ।”

ਬੀਬੀਸੀ ਨੂੰ ਦੱਸਿਆ ਗਿਆ ਹੈ ਕਿ ਇਨ੍ਹਾਂ ਤਬਦੀਲੀਆਂ ਲਈ ਮੁੱਢਲੇ ਕਾਨੂੰਨਾਂ ਵਿੱਚ ਬਦਲਾਅ ਦੀ ਜ਼ਰੂਰਤ ਹੋਵੇਗੀ।

ਇਸ ਨਿਯਮ ਬਾਰੇ ਆਲੋਚਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਸਾਥੀ ਜਾਂ ਮਾਪੇ ਅੰਗਰੇਜ਼ੀ ਸਿੱਖਣ ਵਿੱਚ ਸੰਘਰਸ਼ ਕਰਦੇ ਹਨ ਤਾਂ ਇਹ ਨਿਯਮ ਪਰਿਵਾਰਾਂ ਵਿੱਚ ਵੰਡੀਆਂ ਪਾ ਸਕਦਾ ਹੈ।

ਪਰ ਖੋਜ ਸੁਝਾਅ ਦਿੰਦੀ ਹੈ ਕਿ ਪਰਵਾਸੀ ਖੁਦ ਭਾਸ਼ਾ ਨੂੰ ਮਹੱਤਵਪੂਰਨ ਸਮਝਦੇ ਹਨ।

ਔਕਸਫੋਰਡ ਯੂਨੀਵਰਸਿਟੀ ਮਾਈਗ੍ਰੇਸ਼ਨ ਆਬਜ਼ਰਵੇਟਰੀ ਦੇ ਵਿਸ਼ਲੇਸ਼ਣ ਅਨੁਸਾਰ 2021 ਵਿੱਚ ਦਸ ਵਿੱਚੋਂ ਨੌਂ ਪਰਵਾਸੀ ਚੰਗੀ ਅਗਰੇਜ਼ੀ ਬੋਲਦੇ ਪਾਏ ਗਏ।

ਸਿਰਫ 1 ਫ਼ੀਸਦ ਪਰਵਾਸੀਆਂ ਨੇ ਦੱਸਿਆ ਕਿ ਉਹ ਅੰਗਰੇਜ਼ੀ ਨਹੀਂ ਬੋਲ ਸਕਦੇ ਪਰ ਵਿਸ਼ਲੇਸ਼ਣ ਵਿੱਚ ਇਹ ਸਾਹਮਣੇ ਗਿਆ ਕਿ ਜੋ ਲੋਕ ਚੰਗੀ ਅੰਗਰੇਜ਼ੀ ਨਹੀਂ ਬੋਲਦੇ, ਉਨ੍ਹਾਂ ਨੂੰ ਕੰਮ ਲੱਭਣ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੌਮਾਂਤਰੀ ਵਿਦਿਆਰਥੀਆਂ ਲਈ ਸਖ਼ਤ ਨਿਯਮ

ਵਿਦਿਆਰਥੀ

ਤਸਵੀਰ ਸਰੋਤ, Getty Images

ਬੀਬੀਸੀ ਪੱਤਰਕਾਰ ਪਾਲ ਸੇਡਨ ਦੀ ਰਿਪੋਰਟ ਮੁਤਾਬਕ ਵਿਦੇਸ਼ੀ ਵਿਦਿਆਰਥੀ ਹੁਣ ਆਪਣੀ ਪੜ੍ਹਾਈ ਤੋਂ ਬਾਅਦ ਯੂਕੇ ਵਿੱਚ ਸਿਰਫ਼ 18 ਮਹੀਨੇ ਹੀ ਰਹਿ ਸਕਣਗੇ, ਜਦਕਿ ਮੌਜੂਦਾ ਸਮੇਂ ਇਹ ਮਿਆਦ ਦੋ ਸਾਲ ਹੈ।

ਸਰਕਾਰ ਬ੍ਰਿਟਿਸ਼ ਯੂਨੀਵਰਸਿਟੀਆਂ ਉੱਤੇ ਕੌਮਾਂਤਰੀ ਵਿਦਿਆਰਥੀਆਂ ਤੋਂ ਹੁੰਦੀ ਟਿਊਸ਼ਨ ਫੀਸ ਦੀ ਆਮਦਨ ‘ਤੇ 6 ਫ਼ੀਸਦ ਨਵਾਂ ਟੈਕਸ ਵਸੂਲਣ ਬਾਰੇ ਵੀ ਵਿਚਾਰ ਕਰ ਰਹੀ ਹੈ। ਇਸ ਨਾਲ ਉਹ ਉੱਚ ਸਿੱਖਿਆ ਅਤੇ ਹੁਨਰ ਦੀ ਸਿੱਖਿਆ ਪ੍ਰਣਾਲੀ ਵਿੱਚ ਦੁਬਾਰਾ ਨਿਵੇਸ਼ ਕਰਨ ਦਾ ਵਾਅਦਾ ਕਰ ਰਹੇ ਹਨ।

ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਦਾ ਬੋਝ ਕੌਮਾਂਤਰੀ ਵਿਦਿਆਰਥੀਆਂ ‘ਤੇ ਵਾਧੂ ਫੀਸਾਂ ਦੇ ਰੂਪ ਵਿੱਚ ਪਵੇਗਾ, ਜਿਸ ਨਾਲ ਪ੍ਰਤੀ ਸਾਲ ਸੱਤ ਹਜ਼ਾਰ ਅਰਜ਼ੀਆਂ ਘੱਟ ਜਾਣਗੀਆਂ।

ਕਿਹੜੇ ਲੋਕਾਂ ਲਈ ਨਿਯਮ ਹੋਣਗੇ ਸਖ਼ਤ

ਪ੍ਰਧਾਨ ਮੰਤਰੀ ਕੀਅਰ ਨਵੀਂ ਪਰਵਾਸ ਨੀਤੀ ਵਿੱਚ ਕਈ ਬਦਲਾਅ ਕਰਨ ਜਾ ਰਹੇ ਹਨ।

ਪਾਲ ਸੇਡਨ ਮੁਤਾਬਕ ਵਿਦੇਸ਼ੀ ਮਜ਼ਦੂਰਾਂ ਨੂੰ ਹੁਣ ਸਕਿੱਲਡ ਵਰਕਰ ਵੀਜ਼ਾ ਦੇ ਲਈ ਅਰਜ਼ੀ ਦੇਣ ਮੌਕੇ ਇੱਕ ਡਿਗਰੀ ਪੱਧਰ ਦੀ ਯੋਗਤਾ ਦੀ ਜ਼ਰੂਰਤ ਪਵੇਗੀ।

ਇਹ ਉੱਚ ਨਿਯਮ ਉਨ੍ਹਾਂ ਲੋਕਾਂ ਉਪਰ ਲਾਗੂ ਨਹੀਂ ਹੋਣਗੇ, ਜੋ ਪਹਿਲਾਂ ਤੋਂ ਹੀ ਯੂਕੇ ਵਿੱਚ ਆਪਣੇ ਵੀਜ਼ਾ ਦਾ ਨਵੀਨੀਕਰਨ ਕਰਵਾ ਰਹੇ ਹਨ।

ਉਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ 180 ਨੌਕਰੀਆਂ ਲਈ ਦਿੱਤੀਆਂ ਨਵੀਆਂ ਵੀਜ਼ਾ ਅਰਜ਼ੀਆਂ ਉਪਰ ਰੋਕ ਲੱਗੇਗੀ, ਇਸ ਨਾਲ 2029 ਤੱਕ ਪ੍ਰਤੀ ਸਾਲ ਲਗਭਗ 39,000 ਪਰਵਾਸ ਘੱਟ ਹੋ ਜਾਵੇਗਾ।

ਘੱਟ-ਯੋਗਤਾ ਵਾਲੇ ਵੀਜ਼ੇ ਸਿਰਫ਼ ਉਨ੍ਹਾਂ ਮਾਲਕਾਂ ਤੱਕ ਹੀ ਸੀਮਤ ਹੋਣਗੇ ਜਿਨ੍ਹਾਂ ਕੋਲ ਵਰਕਫੋਰਸ ਸਿਖਲਾਈ ਲਈ ਯੋਜਨਾ ਹੈ, ਜਦੋਂ ਕਿ ਅਰਜ਼ੀ ਦੇਣ ਵਾਲਿਆਂ ਨੂੰ ਆਪਣੇ ਨਿਰਭਰਾਂ ਨੂੰ ਯੂਕੇ ਲਿਆਉਣ ‘ਤੇ ਵਾਧੂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।

ਕਿਹੜੇ ਲੋਕਾਂ ਲਈ ਰਾਹ ਸੌਖਾ

ਵਿਦਿਆਰਥਣ

ਤਸਵੀਰ ਸਰੋਤ, Getty Images

ਪਾਲ ਸੇਡਨ ਮੁਤਾਬਕ ਸਰਕਾਰ ਯੂਕੇ ਤੋਂ ਬਾਹਰਲੀਆਂ ਉੱਚ ਪੱਧਰੀ ਯੂਨੀਵਰਸਿਟੀਆਂ ਦੇ ਗ੍ਰੈਜੂਏਟਾਂ ਲਈ ਆਪਣੇ ਡੇਡੀਕੇਟਿਡ ਵਰਕ ਵੀਜ਼ਾ ਲਈ ਯੋਗਤਾ ਦਾ ਵਿਸਥਾਰ ਕਰਨਾ ਚਾਹੁੰਦੀ ਹੈ।

ਇਹ ਕਿਹਾ ਗਿਆ ਹੈ ਕਿ ਯੋਜਨਾ ਦੇ ‘ਨਿਸ਼ਾਨਬੱਧ ਅਤੇ ਸੀਮਤ’ ਵਿਸਥਾਰ ਨਾਲ ਯੋਗਤਾ ਪ੍ਰਾਪਤ ਸੰਸਥਾਵਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ, ਜੋ ਮੌਜੂਦਾ ਸਮੇਂ ਵਿੱਚ ਲਗਭਗ 40 ਹੈ।

ਬ੍ਰਿਟੇਨ ਵਿੱਚ ਕਾਰੋਬਾਰ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ਾ ਦੀ ਵੀ ਸਮੀਖਿਆ ਕੀਤੀ ਜਾਵੇਗੀ।

ਮੰਤਰੀਆਂ ਦਾ ਕਹਿਣਾ ਹੈ ਕਿ ਉਹ ‘ਉੱਚ ਪੱਧਰੀ ਵਿਗਿਆਨਿਕ ਅਤੇ ਡਿਜ਼ਾਇਨ ਹੁਨਰ’ ਲਈ ਗਲੋਬਲ ਟੈਲੈਂਟ ਵੀਜ਼ਾ ਵਾਸਤੇ ਅਰਜ਼ੀ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣਾ ਚਾਹੁੰਦੇ ਹਨ।

ਸਥਾਈ ਨਿਵਾਸ ਲਈ ਲੰਬੀ ਉਡੀਕ

ਹੁਣ ਬ੍ਰਿਟੇਨ ਵਿੱਚ 5 ਸਾਲ ਗੁਜ਼ਾਰਨ ਤੋਂ ਬਾਅਦ ਤੁਸੀਂ ਉੱਥੇ ਦੀ ਨਾਗਰਿਕਤਾ ਹਾਸਲ ਨਹੀਂ ਕਰ ਸਕਦੇ ਬਲਕਿ ਨਾਗਰਿਕਤਾ ਹਾਸਲ ਕਰਨ ਲਈ ਹੁਣ ਦੇਸ਼ ਵਿੱਚ 10 ਸਾਲ ਗੁਜ਼ਾਰਨੇ ਪੈਣਗੇ।

ਯੋਜਨਾਵਾਂ ਤਹਿਤ ਇਸ ਮਿਆਦ ਨੂੰ ਇੱਕ ਨਵੀਂ ‘ਅਰਨਡ ਸੈਟਲਮੈਂਟ’ ਪ੍ਰਣਾਲੀ ਰਾਹੀਂ ਘਟਾਇਆ ਜਾ ਸਕਦਾ ਹੈ। ਇਸ ਤਹਿਤ ਯੂਕੇ ਦੀ ‘ਅਰਥਵਿਵਸਥਾ ਅਤੇ ਸਮਾਜ’ ਵਿੱਚ ਲੋਕਾਂ ਵੱਲੋਂ ਪਾਏ ਯੋਗਦਾਨ ਲਈ ਅੰਕ ਦਿੱਤੇ ਜਾਣਗੇ।

ਇਹ ਅਜੇ ਸਪੱਸ਼ਟ ਨਹੀਂ ਹੋਇਆ ਕਿ ਇਹ ਲੰਮੀ ਯੋਗਤਾ ਮਿਆਦ ਕਦੋ ਸ਼ੁਰੂ ਹੋਵੇਗੀ। ਨਵੀਂ ਪ੍ਰਣਾਲੀ ਦੇ ਵੇਰਵਿਆਂ ਦੇ ਨਾਲ-ਨਾਲ ਨਾਗਰਿਕਤਾ ਲਈ ਅਰਜ਼ੀਆਂ ‘ਤੇ ਲਾਗੂ ਹੋਣ ਵਾਲੀ ਇੱਕ ਸਮਾਨ ਯੋਜਨਾ ਉਪਰ ਇਸ ਸਾਲ ਦੇ ਅੰਤ ਵਿੱਚ ਵਿਚਾਰ-ਵਟਾਂਦਰ ਕੀਤਾ ਜਾਵੇਗਾ।

ਕੇਅਰ ਵੀਜ਼ਾ ਖਤਮ

ਨਰਸ ਤੇ ਛੋਟੀ ਬੱਚੀ

ਤਸਵੀਰ ਸਰੋਤ, Getty Images

ਕੋਵਿਡ ਮਹਾਮਾਰੀ ਦੌਰਾਨ ਸਮਾਜਿਕ ਦੇਖਭਾਲ ਵਰਕਰਾਂ ਲਈ ਸ਼ੁਰੂ ਕੀਤਾ ਗਿਆ ਸਮਰਪਿਤ ਵੀਜ਼ਾ ਅਗਲੇ ਮਹੀਨੇ ਤੋਂ ਨਵੇਂ ਬਿਨੈਕਾਰਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਮੰਤਰੀਆਂ ਦਾ ਕਹਿਣਾ ਹੈ ਇਸ ਵੀਜ਼ੇ ਨੂੰ ਪਿਛਲੇ ਸਾਲ ਸਖ਼ਤ ਕੀਤਾ ਗਿਆ ਅਤੇ ਇਹ ਬ੍ਰੈਕਜ਼ਿਟ ਤੋਂ ਬਾਅਦ ਦੇ ਸਾਲਾਂ ਵਿੱਚ ਪਰਵਾਸ ਨੂੰ ਵਧਾਉਣ ਦਾ ਮੁੱਖ ਕਾਰਨ ਬਣਿਆ ਹੈ ਅਤੇ ਇਸ ਖੇਤਰ ਵਿੱਚ ਬਿਹਤਰ ਤਨਖਾਹ, ਲੰਬੇ ਸਮੇਂ ਤੋਂ ਚੱਲੀ ਆ ਰਹੀ ਭਰਤੀ ਸਮੱਸਿਆਵਾਂ ਨੂੰ ਹੱਲ ਕਰ ਸਕਦੀ ਹੈ।

ਵੀਜ਼਼ਾ ਵਧਾਉਣ ਦੀ ਇਜਾਜ਼ਤ 2028 ਤੱਕ ਹੋਵੇਗੀ ਅਤੇ ਜਿਨ੍ਹਾਂ ਕੋਲ ਪਹਿਲਾਂ ਹੀ ਕੰਮ ਕਰਨ ਦੇ ਅਧਿਕਾਰ ਹਨ, ਉਹ ਆਪਣੇ ਵੀਜ਼ੇ ਦੀ ਮਿਆਦ ਦੌਰਾਨ ਸਪਾਂਸਰ ਬਦਲ ਸਕਣਗੇ।

ਅੰਗਰੇਜ਼ੀ ਦੇ ਟੈਸਟ ਵਿੱਚ ਸਖ਼ਤੀ

ਸਾਰੇ ਵਰਕ ਵੀਜ਼ਿਆਂ ਲਈ ਚੰਗੀ ਅੰਗਰੇਜ਼ੀ ਭਾਸ਼ਾ ਆਉਣੀ ਲਾਜ਼ਮੀ ਹੋ ਜਾਵੇਗੀ।

ਸਾਰੇ ਵਰਕ ਵੀਜ਼ਿਆਂ ਲਈ ਭਾਸ਼ਾ ਸਬੰਧੀ ਜ਼ਰੂਰਤਾਂ ਵਧ ਜਾਣਗੀਆਂ। ਜਦਕਿ ਵੀਜ਼ਾ ਧਾਰਕਾਂ ਉਪਰ ਨਿਰਭਰ ਜੀਵਨ ਸਾਥੀ ਅਤੇ ਸਾਥੀ ਰੂਟ ‘ਤੇ ਆਉਣ ਲਈ ਅੰਗਰੇਜ਼ੀ ਦੀ ਮੁੱਢਲੀ ਸਮਝ ਸਾਬਿਤ ਕਰਨੀ ਪਵੇਗੀ।

ਸਰਕਾਰ ਦਾ ਕਹਿਣਾ ਹੈ ਕਿ ਵੀਜ਼ਾ ਵਧਾਉਣ ਵਾਲਿਆਂ ਨੂੰ ਯੂਕੇ ਵਿੱਚ ਵਸਣ ਲਈ ਅਰਜ਼ੀ ਦੇਣ ਸਮੇਂ ਅੰਗਰੇਜ਼ੀ ਦੇ ਉੱਚ ਪੱਧਰ ਦਾ ਗਿਆਨ ਸਾਬਿਤ ਕਰਨਾ ਪਵੇਗਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI