Source :- BBC PUNJABI
ਤਸਵੀਰ ਸਰੋਤ, Getty Images
ਚਾਰ ਸਾਲ ਪੁਰਾਣੇ ਸੀਮਾ ਗੋਇਲ ਕਤਲ ਕੇਸ ਵਿੱਚ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਦੇ ਪਤੀ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ।
ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਭਾਰਤ ਭੂਸ਼ਣ ਗੋਇਲ ਨੂੰ ਪਤਨੀ ਸੀਮਾ ਗੋਇਲ ਦੇ ਕਤਲ ਮਾਮਲੇ ਵਿੱਚ 8 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦਰਅਸਲ, ਸੀਮਾ ਗੋਇਲ ਦੀ ਲਾਸ਼ ਚਾਰ ਸਾਲ ਪਹਿਲਾਂ 4 ਨਵੰਬਰ 2021 ਨੂੰ ਦਿਵਾਲੀ ਵਾਲੇ ਦਿਨ ਜੋੜੇ ਦੀ ਯੂਨੀਵਰਸਿਟੀ ਵਾਲੀ ਰਿਹਾਇਸ਼ ਤੋਂ ਬਰਾਮਦ ਹੋਈ ਸੀ। ਚਾਰ ਸਾਲਾਂ ਤੱਕ ਚੱਲੀ ਜਾਂਚ ਤੋਂ ਬਾਅਦ ਲੰਘੇ ਸੋਮਵਾਰ ਪੁਲਿਸ ਨੇ ਇਸ ਕੇਸ ਵਿੱਚ ਗ੍ਰਿਫ਼ਤਾਰੀ ਕੀਤੀ ਹੈ। ਗੋਇਲ ਜੋ ਪੰਜਾਬ ਯੂਨੀਵਰਸਿਟੀ ਵਿੱਚ ਸੀਨੀਅਰ ਪ੍ਰੋਫੈਸਰ ਹਨ, ਉਨ੍ਹਾਂ ਨੂੰ ਸਥਾਨਕ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਪੁਲਿਸ ਰਿਮਾਂਡ ਉੱਤੇ ਭੇਜਿਆ ਗਿਆ ਹੈ।
ਚੰਡੀਗੜ੍ਹ ਪੁਲਿਸ ਦੇ ਐੱਸਐੱਸਪੀ ਕੰਵਰਦੀਪ ਕੌਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਪੁਲਿਸ ਵੱਲੋਂ ਪ੍ਰੋਫੈਸਰ ਬੀ ਬੀ ਗੋਇਲ (ਭਾਰਤ ਭੂਸ਼ਣ ਗੋਇਲ) ਦਾ ਬ੍ਰੇਨ ਮੈਪਿੰਗ ਅਤੇ ਪੌਲੀਗ੍ਰਾਫੀ ਟੈਸਟ ਕਰਵਾਇਆ ਗਿਆ ਸੀ ਅਤੇ ਇਨ੍ਹਾਂ ਫੋਰੈਂਸਿਕ ਟੈਸਟਾਂ ਤੋਂ ਮਿਲੀ ਜਾਣਕਾਰੀ ਦੇ ਨਤੀਜਿਆਂ ਤੋਂ ਬਾਅਦ ਭਾਰਤ ਭੂਸ਼ਣ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ, “ਚਾਰ ਸਾਲ ਪਹਿਲਾਂ ਬੀ ਬੀ ਗੋਇਲ ਵੱਲੋਂ ਹੀ ਆਪਣੀ ਪਤਨੀ ਦੀ ਮੌਤ ਦੀ ਖ਼ਬਰ ਪੁਲਿਸ ਨੂੰ ਦਿੱਤੀ ਗਈ ਸੀ। ਲੰਘੇ ਸਾਲਾਂ ਵਿੱਚ ਹੋਈ ਜਾਂਚ ਦੌਰਾਨ ਪੁਲਿਸ ਕੋਲ ਸ਼ੱਕੀ ਵਿਅਕਤੀ ਬਾਰੇ ਕੋਈ ਪੁਖ਼ਤਾ ਸਬੂਤ ਨਹੀਂ ਸੀ, ਇਸ ਲਈ ਹੁਣ ਬ੍ਰੇਨ ਮੈਪਿੰਗ ਤੋਂ ਬਾਅਦ ਆਏ ਨਤੀਜਿਆਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ।”
ਤਸਵੀਰ ਸਰੋਤ, @ssputchandigarh/X
ਬ੍ਰੇਨ ਮੈਪਿੰਗ ਜਾਂ ਬੀਈਓਐਸ, ਇੱਕ ਅਜਿਹੀ ਫੋਰੈਂਸਿਕ ਤਕਨੀਕ ਹੈ ਜੋ ਇਹ ਪਤਾ ਕਰਨ ਲਈ ਵਰਤੀ ਜਾਂਦੀ ਹੈ ਕਿ, ਕੀ ਕਿਸੇ ਵਿਅਕਤੀ ਨੂੰ ਕਿਸੇ ਅਪਰਾਧ ਦਾ ਅਨੁਭਵੀ ਗਿਆਨ ਹੈ ਜਾਂ ਨਹੀਂ।
ਜਾਣਦੇ ਹਾਂ ਕਿ ਇਹ ਪੂਰਾ ਮਾਮਲਾ ਕੀ ਹੈ ਅਤੇ ਬ੍ਰੇਨ ਮੈਪਿੰਗ ਕੀ ਹੁੰਦੀ ਹੈ, ਕਿਹੜੇ ਕੇਸਾਂ ਵਿੱਚ ਇਹ ਤਕਨੀਕ ਵਰਤੀ ਜਾਂਦੀ ਹੈ ਅਤੇ ਅਜਿਹੇ ਟੈਸਟ ਕਰਨ ਲਈ ਕਿਹੜੀਆਂ ਸ਼ਰਤਾਂ ਹੁੰਦੀਆਂ ਹਨ।
ਪੁਲਿਸ ਜਾਂਚ ਇੱਥੋਂ ਤੱਕ ਕਿਵੇਂ ਪਹੁੰਚੀ
ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਪੀਟੀਆਈ ਨੇ ਪੁਲਿਸ ਦੇ ਹਵਾਲੇ ਨਾਲ ਲਿਖਿਆ ਕਿ ਸੀਮਾ ਗੋਇਲ ਬਾਰੇ ਜਾਣਕਾਰੀ ਮਿਲਣ ਉੱਤੇ ਜਦੋਂ ਤੱਕ ਪੁਲਿਸ ਮੌਕੇ ਉੱਤੇ ਪਹੁੰਚੀ ਉਦੋਂ ਤੱਕ ਸੀਮਾ ਗੋਇਲ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਾ ਸੀ।
ਪੁਲਿਸ ਮੁਤਾਬਕ, ਉਸ ਸਮੇਂ ਬੀ ਬੀ ਗੋਇਲ ਨੇ ਪੁਲਿਸ ਨੂੰ ਦੱਸਿਆ ਸੀ ਕਿ ਜਦੋਂ ਉਨ੍ਹਾਂ ਦਾ ਦੁੱਧ ਵਾਲਾ ਆਇਆ, ਤਾਂ ਉਸ ਨੇ ਘਰ ਦਾ ਮੁੱਖ ਦਰਵਾਜ਼ਾ ਬਾਹਰੋਂ ਬੰਦ ਦੇਖਿਆ।
ਪੁਲਿਸ ਜਾਂਚ ਵਿੱਚ ਕਿਹਾ ਗਿਆ ਕਿ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਦੇ ਕੋਈ ਸੰਕੇਤ ਨਹੀਂ ਸਨ ਅਤੇ ਘਰ ਵਿੱਚੋਂ ਕੋਈ ਕੀਮਤੀ ਸਮਾਨ ਵੀ ਗਾਇਬ ਨਹੀਂ ਸੀ।
ਤਸਵੀਰ ਸਰੋਤ, Getty Images
ਪੀਟੀਆਈ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਫੋਰੈਂਸਿਕ ਮਾਹਰਾਂ ਨੇ ਪਾਇਆ ਕਿ ਇੱਕ ਦਰਵਾਜ਼ੇ ‘ਤੇ ਲੱਗੀ ਧਾਤ ਦੀ ਜਾਲੀ ਅੰਦਰੋਂ ਕੱਟੀ ਗਈ ਸੀ, ਜੋ ਪ੍ਰੋਫੈਸਰ ਦੇ ਦਾਅਵਿਆਂ ਦਾ ਖੰਡਨ ਕਰਦੀ ਹੈ ਕਿ ਇੱਕ ਬਾਹਰੀ ਵਿਅਕਤੀ ਘਰ ਵਿੱਚ ਦਾਖਲ ਹੋਇਆ ਅਤੇ ਉਨ੍ਹਾਂ ਦੀ ਪਤਨੀ ਨੂੰ ਮਾਰ ਦਿੱਤਾ ਅਤੇ ਭੱਜ ਗਿਆ। ਪੁਲਿਸ ਨੇ ਇਹ ਵੀ ਕਿਹਾ ਕਿ ਸੀਮਾ ਗੋਇਲ ਦੀ ਪੋਸਟ-ਮਾਰਟਮ ਰਿਪੋਰਟ ਤੋਂ ਪਤਾ ਲੱਗਿਆ ਸੀ ਕਿ ਮੌਤ ਗਲਾ ਘੁੱਟਣ ਕਾਰਨ ਹੋਈ ਹੈ।
ਪੁਲਿਸ ਨੇ ਦਸੰਬਰ 2021 ਵਿੱਚ ਪ੍ਰੋਫੈਸਰ ਦਾ ਨਾਰਕੋ ਅਨੈਲਿਸਿਸ ਟੈਸਟ ਕਰਵਾਉਣ ਦੀ ਵੀ ਮੰਗ ਕੀਤੀ ਸੀ ਪਰ ਦਮੇ ਦੀ ਸ਼ਿਕਾਇਤ ਹੋਣ ਕਰਕੇ ਉਨ੍ਹਾਂ ਨੂੰ ਇਸ ਟੈਸਟ ਦੇ ਲਈ ਮੈਡੀਕਲ ਤੌਰ ‘ਤੇ ਅਯੋਗ ਕਰਾਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਹੁਣ ਪੁਲਿਸ ਨੇ ਪ੍ਰੋਫੈਸਰ ਗੋਇਲ ਦੀ ਬ੍ਰੇਨ ਇਲੈਕਟ੍ਰੀਕਲ ਓਸੀਲੇਸ਼ਨ ਸਿਗਨੇਚਰ ਪ੍ਰੋਫਾਈਲਿੰਗ ਕਰਵਾਈ ਹੈ। ਪੁਲਿਸ ਨੇ ਕਿਹਾ ਹੈ ਕਿ ਬੀਈਓਐੱਸ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਪ੍ਰੋਫੈਸਰ ਦੀਆਂ ਅਪਰਾਧ ਨਾਲ ਜੁੜੀਆਂ ਅਨੁਭਵੀ ਯਾਦਾਂ ਸਨ। ਇਸ ਦੇ ਇਸ ਮੁਲਾਂਕਣ ਦੇ ਆਧਾਰ ‘ਤੇ, ਪੁਲਿਸ ਨੇ ਜਾਂਚ ਅਗਾਂਹ ਵਧਾਉਣ ਲਈ ਪ੍ਰੋਫੈਸਰ ਗੋਇਲ ਨੂੰ ਹਿਰਾਸਤ ਵਿੱਚ ਲਿਆ ਹੈ।
ਬ੍ਰੇਨ ਮੈਪਿੰਗ ਕੀ ਹੁੰਦੀ ਅਤੇ ਕਿਵੇਂ ਕੀਤੀ ਜਾਂਦੀ ਹੈ?
ਤਸਵੀਰ ਸਰੋਤ, Getty Images
ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਫੋਰੈਂਸਿਕ ਮੈਡੀਸਨ ਦੇ ਸਹਾਇਕ ਪ੍ਰੋਫੈਸਰ ਡਾਕਟਰ ਕਰਨ ਪ੍ਰਮੋਦ ਮੁਤਾਬਕ, “ਬ੍ਰੇਨ ਮੈਪਿੰਗ” ਆਮ ਤੌਰ ‘ਤੇ ਈਈਜੀ-ਅਧਾਰਤ ਪ੍ਰਕਿਰਿਆਵਾਂ ਨਾਲ ਸਬੰਧਿਤ ਹੈ।”
ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਤਹਿਤ ਸਬੰਧਿਤ ਸ਼ਖ਼ਸ ਨੂੰ ਅਪਰਾਧ ਨਾਲ ਜੁੜੀ ਚੀਜ਼ ਦੇ ਸੰਪਰਕ ਵਿੱਚ ਲਿਆਂਦਾ ਜਾਂਦਾ ਹੈ। ਫਿਰ ਦਿਮਾਗ ਦੇ ਕਾਰਟੈਕਸ (ਦਿਮਾਗ ਦੀ ਸਭ ਤੋਂ ਬਾਹਰੀ ਪਰਤ ਜੋ ਸੋਚ, ਯਾਦਦਾਸ਼ਤ, ਭਾਸ਼ਾ ਅਤੇ ਚੇਤਨਾ ਵਰਗੇ ਕੰਮਾਂ ਲਈ ਜ਼ਿੰਮੇਵਾਰ ਹੁੰਦੀ ਹੈ) ਤੋਂ ਨਿਕਲੀਆਂ ਇਲੈਕਟ੍ਰੀਕਲ ਗਤੀਵਿਧੀਆਂ ਨੂੰ ਰਿਕਾਰਡ ਕੀਤਾ ਜਾਂਦਾ ਹੈ।
ਅਜਿਹਾ ਇਸ ਲਈ ਕੀਤਾ ਜਾਂਦਾ ਤਾਂ ਜੋ ਘਟਨਾ ਬਾਰੇ ਜਮ੍ਹਾਂ ਹੋਈ ਯਾਦ ਜਾਂ ਹੋਰ ਜਾਣਕਾਰੀ ਬਾਰੇ ਅਨੁਮਾਨ ਲਾਇਆ ਜਾ ਸਕੇ। ਮੋਟੇ ਤੌਰ ਉੱਤੇ, ਇਹ ਨਿਊਰੋ-ਜਾਂਚ ਤਕਨੀਕਾਂ ਦਾ ਹਿੱਸਾ ਹੈ। ਇਸ ਟੈਸਟ ਦਾ ਮਕਸਦ ਜਾਂਚ ਦਾ ਸਹਿਯੋਗ ਕਰਨਾ ਹੈ, ਨਾ ਕਿ ਰਵਾਇਤੀ ਮੈਡੀਕਲ, ਫੋਰੈਂਸਿਕ ਅਤੇ ਦਸਤਾਵੇਜ਼ੀ ਸਬੂਤਾਂ ਦੀ ਥਾਂ ਲੈਣਾ।
ਅਜਿਹੇ ਟੈਸਟਾਂ ਦਾ ਕੀ ਮਕਸਦ ਹੁੰਦਾ ਹੈ?
ਬੀਈਓਐੱਸ (ਬ੍ਰੇਨ ਇਲੈਕਟ੍ਰੀਕਲ ਓਸੀਲੇਸ਼ਨ ਸਿਗਨੇਚਰ ਪ੍ਰੋਫਾਈਲਿੰਗ) ਬਾਰੇ ਦੱਸਦੇ ਹੋਏ ਡਾਕਟਰ ਪ੍ਰਮੋਦ ਕਹਿੰਦੇ ਹਨ ਕਿ ਇਹ ਤਕਨੀਕ ਸ਼ੱਕੀ ਦੇ ਦਿਮਾਗ ਵਿੱਚ ਅਪਰਾਧ ਨਾਲ ਸਬੰਧਤ ਘਟਨਾਵਾਂ ਦੇ ‘ਗਿਆਨ’ ਦਾ ਪਤਾ ਲਗਾਉਣ ਦਾ ਦਾਅਵਾ ਕਰਦੀ ਹੈ।
BEOS (ਬੀਈਓਐਸ) ਪ੍ਰਕਿਰਿਆ ਦੌਰਾਨ, ਸਬੰਧਿਤ ਸ਼ਖ਼ਸ ਇੱਕ EEG ਕੈਪ (ਮਾਹਰਾਂ ਮੁਤਾਬਕ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਇਲੈਕਟ੍ਰੋਐਂਸੈਫਲੋਗ੍ਰਾਮ ਕੈਪ ਜਿਸ ਦਾ ਮਤਲਬ ਹੈ ਉਹ ਕੈਪ ਜਿਸ ਦੁਆਰਾ ਸਿਰ ਉੱਤੇ ਲੀਡ ਲਗਾ ਕੇ ਦਿਮਾਗ ਅੰਦਰ ਹੁੰਦੀਆਂ ਗਤੀਵਿਧੀਆਂ ਦੀ ਜਾਣਕਾਰੀ ਲਈ ਜਾਂਦੀ ਹੈ) ਲਗਾ ਕੇ ਚੁੱਪਚਾਪ ਬੈਠਦਾ ਹੈ ਅਤੇ ਇਸ ਦੌਰਾਨ ਜਾਂਚ ਕੀਤੇ ਜਾ ਰਹੇ ਅਪਰਾਧ ਨਾਲ ਸਬੰਧਤ ਬਿਆਨ ਚਲਾਏ ਜਾਂਦੇ ਹਨ।
ਡਾਕਟਰ ਪ੍ਰਮੋਦ ਮੁਤਾਬਕ, ਜਾਂਚ ਦਾ ਇਹ ਤਰੀਕਾ ਅਪਨਾਉਣ ਦਾ ਮਕਸਦ ਇਹ ਪਤਾ ਲਗਾਉਣਾ ਹੁੰਦਾ ਹੈ ਕਿ ਕੀ ਕਿਤੇ ਸਬੰਧਿਤ ਸ਼ਖ਼ਸ ਦੀ ਅਪਰਾਧ ਵਿੱਚ ਕੋਈ ਸਿੱਧੀ ਸ਼ਮੂਲੀਅਤ ਤਾਂ ਨਹੀਂ ਹੈ, ਸਹਿ ਅਪਰਾਧੀ, ਗਵਾਹ ਜਾਂ ਪੀੜਤ ਵਜੋਂ।
ਇਸ ਪ੍ਰਕਿਰਿਆ ਦੌਰਾਨ ਅਪਰਾਧ ਨਾਲ ਸਬੰਧਿਤ ਦ੍ਰਿਸ਼ ਦਿਖਾਏ ਜਾਂਦੇ ਹਨ ਅਤੇ ਦਿਮਾਗ ਦੇ ਪੈਟਰਨ ਉੱਤੇ ਨਜ਼ਰ ਰੱਖੀ ਜਾਂਦੀ ਹੈ। ਜਦੋਂ ਜਾਂਚ ਦੌਰਾਨ ਸਾਹਮਣੇ ਆਈ ਕੋਈ ਗੱਲ ਕਿਸੇ ਯਾਦ ਨਾਲ ਮੇਲ ਖਾਂਦੀ ਹੈ ਤਾਂ ਇਸ ਦੌਰਾਨ ਹੋਣ ਵਾਲੀਆਂ ਪ੍ਰਤੀਕਿਰਿਆਵਾਂ ਨੂੰ ਰਿਕਾਰਡ ਕਰ ਲਿਆ ਜਾਂਦਾ ਹੈ ਅਤੇ ਸਬੂਤ ਵਜੋਂ ਰੱਖਿਆ ਜਾਂਦਾ ਹੈ।
ਕਿਹੜੇ ਕੇਸਾਂ ‘ਚ ਬ੍ਰੇਨ ਮੈਪਿੰਗ ਵਰਗੇ ਟੈਸਟ ਕੀਤੇ ਜਾਂਦੇ ਹਨ ਤੇ ਇਸ ਲਈ ਕੀ ਸ਼ਰਤਾਂ ਹੁੰਦੀਆਂ ਹਨ?
ਤਸਵੀਰ ਸਰੋਤ, Getty Images
ਫੋਰੈਂਸਿਕ ਮਾਮਲਿਆਂ ਦੇ ਮਾਹਰ ਡਾਕਟਰ ਆਦਰਸ਼ ਮਿਸ਼ਰਾ ਮੁਤਾਬਕ, ਬ੍ਰੇਨ ਮੈਪਿੰਗ ਤੇ ਬੀਈਓਐੱਸ ਵਰਗੇ ਟੈਸਟਾਂ ਦੀ ਇਜਾਜ਼ਤ ਉਨ੍ਹਾਂ ਕੇਸਾਂ ਵਿੱਚ ਦਿੱਤੀ ਜਾਂਦੀ ਹੈ, ਜਿੱਥੇ ਸਬੂਤਾਂ ਦੀ ਘਾਟ ਹੁੰਦੀ ਹੈ। ਲਾਈ ਡਿਟੈਕਟਰ ਟੈਸਟ ਅਤੇ ਪੌਲੀਗ੍ਰਾਫ ਸਣੇ ਇਹੋ-ਜਿਹੇ ਹੋਰ ਟੈਸਟਾਂ ਨਾਲ ਲੀਡ ਲੱਭੀ ਜਾਂਦੀ ਹੈ ਕਿ ਕੀ ਕੋਈ ਸ਼ੱਕੀ ਸ਼ਖ਼ਸ ਉਸ ਜੁਰਮ ਵਿੱਚ ਸ਼ਾਮਿਲ ਸੀ ਵੀ ਜਾਂ ਫਿਰ ਨਹੀਂ।
ਉਹ ਦੱਸਦੇ ਹਨ, “ਟੈਸਟ ਤੋਂ ਬਾਅਦ ਮਿਲੀ ਲੀਡ ਕਰਕੇ ਜੇਕਰ ਕੋਈ ਸਹੀ ਅਤੇ ਠੋਸ ਸਬੂਤ ਹਾਸਲ ਹੋ ਜਾਂਦਾ ਹੈ ਅਤੇ ਅਦਾਲਤੀ ਪ੍ਰਕਿਰਿਆ ਦੌਰਾਨ ਉਸ ਨੂੰ ਸਵੀਕਾਰ ਵੀ ਕੀਤਾ ਜਾ ਸਕਦਾ ਹੈ।”
ਫੋਰੈਂਸਿਕ ਮਾਹਰਾਂ ਮੁਤਾਬਕ ਇਹ ਜਾਂਚ ਦਾ ਇੱਕ ਟੂਲ ਹੈ, ਇਸ ਤਰੀਕੇ ਜ਼ਰੀਏ ਜਾਂਚ ਕਰਕੇ ਤੱਥ ਕੱਢੇ ਜਾਂਦੇ ਹਨ।
ਕਿਹੜੇ ਹਾਲਾਤ ਵਿੱਚ ਨਹੀਂ ਹੁੰਦੇ ਇਹ ਟੈਸਟ?
ਤਸਵੀਰ ਸਰੋਤ, Getty Images
ਡਾਕਟਰ ਮਿਸ਼ਰਾ ਮੁਤਾਬਕ, ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਜਿਹੇ ਟੈਸਟ ਕਰਨ ਲਈ ਸ਼ੱਕੀ ਸ਼ਖ਼ਸ ਦੀ ਰਜ਼ਾਮੰਦੀ ਭਾਵ ਕੰਸੈਂਟ ਹੋਣਾ ਜ਼ਰੂਰੀ ਹੁੰਦਾ ਹੈ। ਉਸ ਸ਼ਖ਼ਸ ਦੀ ਇਜਾਜ਼ਤ ਦੇ ਬਿਨਾਂ ਇਹ ਟੈਸਟ ਨਹੀਂ ਕੀਤਾ ਜਾ ਸਕਦਾ।
ਉਹ ਅਗਾਂਹ ਦੱਸਦੇ ਹਨ ਕਿ ਰਾਈਟ ਅਗੈਂਸਟ ਸੈਲਫ ਡਿਸਕ੍ਰੀਮੀਨੇਸ਼ਨ ਕਾਨੂੰਨ ਨਾਗਰਿਕਾਂ ਨੂੰ ਇਹ ਹੱਕ ਦਿੰਦਾ ਹੈ ਕਿ ਕੋਈ ਵੀ ਆਪਣੇ ਖ਼ਿਲਾਫ ਗਵਾਹੀ ਜਾਂ ਫਿਰ ਸਬੂਤ ਦੇਣ ਲਈ ਮਜਬੂਰ ਨਹੀਂ ਹੈ।
ਉਹ ਕਹਿੰਦੇ ਹਨ, “ਇਸ ਤੋਂ ਇਲਾਵਾ ਰਾਈਟ ਟੂ ਪ੍ਰਾਇਵਸੀ ਤਹਿਤ ਸਬੰਧਿਤ ਸ਼ਖ਼ਸ ਨੂੰ ਇਹ ਹੱਕ ਹੈ ਕਿ ਉਹ ਤੈਅ ਕਰ ਸਕਦਾ ਹੈ ਕਿ ਉਸ ਨੇ ਇਹ ਟੈਸਟ ਕਰਵਾਉਣਾ ਹੈ ਜਾਂ ਫਿਰ ਨਹੀਂ। ਅਜਿਹੇ ਵਿੱਚ ਇਹ ਲਾਜ਼ਮੀ ਹੈ ਕਿ ਉਸ ਸ਼ਖ਼ਸ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇੱਥੋਂ ਤੱਕ ਕਿ ਅਦਾਲਤ ਵੀ ਸਬੰਧਿਤ ਸ਼ਖ਼ਸ ਤੋਂ ਪੁੱਛਦੀ ਹੈ ਕਿ ਜੇਕਰ ਤੁਹਾਡਾ ਪੌਲੀਗ੍ਰਾਫ ਜਾਂ ਬੀਈਓਐਸ ਵਰਗਾ ਕੋਈ ਟੈਸਟ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ, ਅਦਾਲਤ ਵੀ ਸਬੰਧਿਤ ਸ਼ਖ਼ਸ ਦੀ ਸਹਿਮਤੀ ਦਾ ਇੰਤਜ਼ਾਰ ਕਰਦੀ ਹੈ। ਰਜ਼ਾਮੰਦ ਹੋਣ ਤੋਂ ਬਾਅਦ ਹੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ।”
ਉਹ ਇਹ ਵੀ ਦੱਸਦੇ ਹਨ ਕਿ ਬ੍ਰੇਨ ਮੈਪਿੰਗ ਵਰਗੇ ਟੈਸਟ ਅਕਸਰ ਨਹੀਂ ਕੀਤੇ ਜਾਂਦੇ ਹਨ।
ਉਹ ਅਗਾਂਹ ਦੱਸਦੇ ਹਨ,”ਇਹ ਵੀ ਜ਼ਰੂਰੀ ਹੈ ਕਿ ਜਿਸ ਦਾ ਟੈਸਟ ਕੀਤਾ ਜਾਣਾ ਹੈ, ਉਸ ਨੂੰ ਦਿਲ ਨਾਲ ਸਬੰਧਿਤ ਕੋਈ ਬਿਮਾਰੀ ਨਾ ਹੋਵੇ, ਜਾਂ ਫਿਰ ਹੋਰ ਕੋਈ ਸਿਹਤ ਸਮੱਸਿਆ ਨਾ ਹੋਵੇ। ਕਿਉਂਕਿ ਸਿਹਤ ਸਮੱਸਿਆਵਾਂ ਨਾਲ ਟੈਸਟ ਦੇ ਨਤੀਜੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਵੀ ਰਹਿੰਦੀ ਹੈ। ਇਸ ਦੇ ਇਲਾਵਾ ਗਰਭਵਤੀ ਮਹਿਲਾਵਾਂ ਦੇ ਵੀ ਅਜਿਹੇ ਟੈਸਟ ਕਰਨ ਤੋਂ ਪਰਹੇਜ਼ ਹੀ ਕੀਤਾ ਜਾਂਦਾ ਹੈ।”
ਡਾਕਟਰ ਪ੍ਰਮੋਦ ਕਹਿੰਦੇ ਹਨ, “ਕਾਨੂੰਨੀ ਤੌਰ ਉੱਤੇ ਪੌਲੀਗ੍ਰਾਫ, ਨਾਰਕੋ ਅਨੈਲਿਸਿਸ ਅਤੇ ਬ੍ਰੇਨ ਮੈਪਿੰਗ, ਬੀਈਓਐੱਸ ਵਰਗੇ ਟੈਸਟ ਸਬੰਧਿਤ ਸ਼ਖ਼ਸ ਦੀ ਸਹਿਮਤੀ ਦੇ ਬਿਨਾਂ ਨਹੀਂ ਕੀਤੇ ਜਾ ਸਕਦੇ।”
“ਨਿਯਮਾਂ ਦੀ ਪਾਲਣਾ ਕਰਕੇ ਤਿਆਰ ਕੀਤੀਆਂ ਰਿਪੋਰਟਾਂ ਨੂੰ ਇੰਡੀਅਨ ਐਵੀਡੈਂਸ ਐਕਟ ਦੀ ਧਾਰਾ 45 (ਹੁਣ ਭਾਰਤੀ ਸਾਕਸ਼ਯ ਅਧਿਨਿਯਮ ਦੀ ਧਾਰਾ 39) ਦੇ ਤਹਿਤ ਮਾਹਰ ਦੀ ਰਾਏ ਵਜੋਂ ਮੰਨੀਆਂ ਜਾਂਦੀਆਂ ਹਨ। ਪਰ ਹਮੇਸ਼ਾ ਹੀ ਅਦਾਲਤਾਂ ਨੇ ਬੀਈਓਐੱਸ ਨੂੰ ਸਿਰਫ ਪੁਸ਼ਟੀ ਜਾਂ ਜਾਂਚ ਵਿੱਚ ਸਹਾਇਤਾ ਕਰਨ ਵਾਲੀ ਜਾਣਕਾਰੀ ਵਜੋਂ ਮੰਨਿਆ ਹੈ, ਨਾ ਕਿ ਅਪਰਾਧ ਦੇ ਇਕੱਲੇ ਸਬੂਤ ਵਜੋਂ।”
ਬ੍ਰੇਨ ਮੈਪਿੰਗ ਅਤੇ ਪੌਲੀਗ੍ਰਾਫ ਟੈਸਟ ਵਿੱਚ ਕੀ ਫਰਕ ਹੁੰਦਾ ਹੈ?

ਇਹ ਦੋਵੇਂ ਵੱਖੋ-ਵੱਖਰੇ ਟੈਸਟ ਹਨ, ਭਾਵੇਂ ਇਸ ਦੀ ਪ੍ਰਕਿਰਿਆ ਕੁਝ ਹੱਦ ਤੱਕ ਇੱਕੋ-ਜਿਹੀ ਹੁੰਦੀ ਹੈ। ਬ੍ਰੇਨ ਮੈਪਿੰਗ ਦੌਰਾਨ ਇਨਸਾਨ ਦੇ ਦਿਮਾਗ ਨਾਲ ਇਲੈਕਟ੍ਰੋਡਸ ਲਗਾਏ ਜਾਂਦੇ ਹਨ। ਜੋ ਦਿਮਾਗ ਦੀਆਂ ਗਤੀਵਿਧੀਆਂ ਨੂੰ ਮਾਪਦੇ ਹਨ।
ਡਾਕਟਰ ਮਿਸ਼ਰਾ ਕਹਿੰਦੇ ਹਨ, “ਉਦਾਹਰਣ ਵਜੋਂ ਸਬੰਧਿਤ ਸ਼ਖ਼ਸ ਨੂੰ ਪਹਿਲਾਂ ਕੁਝ ਆਮ ਤਸਵੀਰਾਂ ਦਿਖਾਈਆਂ ਜਾਂਦੀਆਂ ਹਨ। ਫਿਰ ਉਸ ਨੂੰ ਜੁਰਮ ਨਾਲ ਸਬੰਧਿਤ ਤਸਵੀਰਾਂ ਦਿਖਾਈਆਂ ਜਾਂਦੀਆਂ ਹਨ। ਫਿਰ ਦੇਖਿਆ ਜਾਂਦਾ ਹੈ ਕਿ ਕਿਹੜੀ ਸਥਿਤੀ ਵਿੱਚ ਦਿਮਾਗ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦਾ ਹੈ ਅਤੇ ਫਿਰ ਤੱਥ ਕੱਢੇ ਜਾਂਦੇ ਹਨ।”
“ਇਸ ਤਰ੍ਹਾਂ ਹੀ ਜਦੋਂ ਅਸੀਂ ਪੌਲੀਗ੍ਰਾਫ ਟੈਸਟ ਕਰਦੇ ਹਾਂ ਤਾਂ ਉਸ ਵਿੱਚ ਕੁਝ ਘਟਨਾ ਨਾਲ ਸਬੰਧਿਤ ਸਵਾਲ ਹੁੰਦੇ ਹਨ ਅਤੇ ਕੁਝ ਸਵਾਲ ਅਜਿਹੇ ਹੁੰਦੇ ਹਨ ਜੋ ਘਟਨਾ ਨਾਲ ਸਬੰਧਿਤ ਨਹੀਂ ਹੁੰਦੇ ਹਨ। ਪਤਾ ਕੀਤਾ ਜਾਂਦਾ ਹੈ ਕਿ ਕਿਹੜੀ ਸਥਿਤੀ ਵਿੱਚ ਦਿਲ ਦੀ ਧੜਕਣ, ਨਬਜ਼ ਦੀ ਰਫਤਾਰ ਅਤੇ ਹੋਰ ਸਰੀਰਕ ਗਤੀਵਿਧੀਆਂ ਕਿਹੋ ਜਿਹੀਆਂ ਸਨ। ਫਿਰ ਦੋਵਾਂ ਤਰ੍ਹਾਂ ਦੇ ਸਵਾਲਾਂ ਦੌਰਾਨ ਸਰੀਰਕ ਗਤੀਵਿਧੀਆਂ ਅਤੇ ਹੋਰ ਤੱਥਾਂ ਦੀ ਪੜਤਾਲ ਕਰਕੇ ਤੁਲਨਾ ਕੀਤੀ ਜਾਂਦੀ ਹੈ।”
ਡਾਕਟਰ ਪ੍ਰਮੋਦ ਇਹ ਵੀ ਦੱਸਦੇ ਹਨ,”ਪੌਲੀਗ੍ਰਾਫ ਟੈਸਟ ‘ਚ ਸਵਾਲਾਂ ਦੌਰਾਨ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ, ਸਾਹ ਲੈਣ ਅਤੇ ਚਮੜੀ ਦੇ ਸੰਚਾਲਨ ਵਰਗੀਆਂ ਪ੍ਰਤੀਕਿਰਿਆਵਾਂ ਨੂੰ ਰਿਕਾਰਡ ਕਰਦੇ ਹਨ, ਜਦਕਿ ਬ੍ਰੇਨ ਮੈਪਿੰਗ ਦੌਰਾਨ ਦਿਮਾਗ ਦੀ ਗਤੀਵਿਧੀਆਂ ਪੜ੍ਹੀਆਂ ਜਾਂਦੀਆਂ ਹਨ। ਪੌਲੀਗ੍ਰਾਫ ਟੈਸਟਾਂ ਲਈ ਇੱਕ ਵਿਅਕਤੀ ਨੂੰ ਹਰ ਸਵਾਲ ‘ਤੇ ਹਾਂ ਜਾਂ ਨਾ ਕਹਿਣ ਦੀ ਲੋੜ ਹੁੰਦੀ ਹੈ ਅਤੇ ਬ੍ਰੇਨ ਮੈਪਿੰਗ ਦੌਰਾਨ ਸਾਫਟਵੇਅਰ ਰਾਹੀਂ ਜਵਾਬਾਂ ਦਾ ਅਧਿਐਨ ਹੁੰਦਾ ਹੈ।”
ਮਾਹਰਾਂ ਮੁਤਾਬਕ, ਜੇਕਰ ਅਜਿਹੇ ਟੈਸਟ ਸਹੀ ਤਰੀਕੇ ਨਾਲ ਕੀਤੇ ਜਾਣ ਤਾਂ ਨਤੀਜੇ ਸਹੀ ਆਉਣ ਦੀ ਸੰਭਾਵਨਾ 90 ਫੀਸਦ ਤੱਕ ਵੀ ਹੁੰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







