Source :- BBC PUNJABI

ਤਸਵੀਰ ਸਰੋਤ, Getty Images
ਪਾਕਿਸਤਾਨ ਦੀ ਕੌਮੀ ਏਅਰਲਾਈਨ ਕੰਪਨੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਵਿੱਤੀ ਹਾਲਤ ਚੰਗੀ ਨਹੀਂ ਹੈ।
ਉਪਰੋਂ, ਦੱਖਣੀ ਏਸ਼ੀਆ ਵਿੱਚ ਵੱਧ ਰਹੇ ਤਣਾਅ, ਨਿੱਜੀਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਅਤੇ ਵਿੱਤੀ ਮੁਸ਼ਕਲਾਂ ਨੇ ਇਸਦੀਆਂ ਦਿੱਕਤਾਂ ਨੂੰ ਹੋਰ ਵਧਾ ਦਿੱਤਾ ਹੈ।
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁੱਧ ਕੁਝ ਸਖ਼ਤ ਕਦਮ ਚੁੱਕੇ ਸਨ।
ਇਸ ‘ਤੇ ਪਾਕਿਸਤਾਨ ਨੇ ਵੀ ਬਦਲੇ ਵਿੱਚ ਕੁਝ ਫ਼ੈਸਲੇ ਲਏ। ਪਾਕਿਸਤਾਨ ਦੇ ਫ਼ੈਸਲਿਆਂ ਵਿੱਚੋਂ ਇੱਕ ਭਾਰਤੀ ਏਅਰਲਾਈਨਜ਼ ਲਈ ਆਪਣਾ ਹਵਾਈ ਖੇਤਰ ਬੰਦ ਕਰਨਾ ਸੀ।
ਇਸਦਾ ਮਤਲਬ ਹੈ ਕਿ ਭਾਰਤੀ ਜਹਾਜ਼ ਹੁਣ ਦੂਜੇ ਦੇਸ਼ਾਂ ਵਿੱਚ ਜਾਣ ਲਈ ਪਾਕਿਸਤਾਨ ਦੇ ਉੱਪਰੋਂ ਉੱਡ ਨਹੀਂ ਸਕਣਗੇ।
ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ ਲਈ ਆਪਣਾ ਹਵਾਈ ਖੇਤਰ ਵੀ ਬੰਦ ਕਰ ਦਿੱਤਾ।
ਭਾਰਤੀ ਹਵਾਈ ਖੇਤਰ ਬੰਦ ਹੋਣ ਕਾਰਨ ਮੁਸ਼ਕਲਾਂ

ਤਸਵੀਰ ਸਰੋਤ, Getty Images
ਭਾਵੇਂ ਇਹ ਦੋਵਾਂ ਦੇਸ਼ਾਂ ਵਿਚਕਾਰ ਇੱਕ ਕੂਟਨੀਤਕ ਲੜਾਈ ਹੋ ਸਕਦੀ ਹੈ, ਪਰ ਇਸਦਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ‘ਤੇ ਡੂੰਘਾ ਆਰਥਿਕ ਪ੍ਰਭਾਵ ਪਵੇਗਾ।
ਪਾਕਿਸਤਾਨੀ ਏਵੀਏਸ਼ਨ ਅਰਥਸ਼ਾਸਤਰੀ ਅਤੇ ਟੇਲਵਿੰਡ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਮੁਖੀ, ਮੁਹੰਮਦ ਅਫ਼ਸਰ ਮਲਿਕ ਕਹਿੰਦੇ ਹਨ, “ਭਾਰਤ ਵੱਲੋਂ ਲਗਾਈ ਗਈ ਇਸ ਪਾਬੰਦੀ ਤੋਂ ਬਾਅਦ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਆਪਣੀਆਂ ਉਡਾਣਾਂ ਚੀਨ ਤੋਂ ਮੋੜਨੀਆਂ ਪੈਣਗੀਆਂ।”
“ਇਸ ਨਾਲ ਇਨ੍ਹਾਂ ਜਹਾਜ਼ਾਂ ਦੀ ਯਾਤਰਾ ਦਾ ਸਮਾਂ ਵਧੇਗਾ ਅਤੇ ਇਸਲਾਮਾਬਾਦ ਤੋਂ ਬੈਂਕਾਕ ਵਰਗੇ ਰੂਟਾਂ ਨੂੰ ਮੋੜਨਾ ਘਾਟੇ ਵਾਲਾ ਸੌਦਾ ਬਣ ਜਾਵੇਗਾ।”
ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਜਾਂ ਆਈਏਟੀਏ ਦੇ ਸ਼ਡਿਊਲ ਦੇ ਅੰਕੜਿਆਂ ਦੇ ਮੁਤਾਬਕ, ਮਲੇਸ਼ੀਆ ਅਤੇ ਦੱਖਣੀ ਕੋਰੀਆ ਲਈ ਉਡਾਣਾਂ ‘ਤੇ ਪ੍ਰਭਾਵ ਮੁਕਾਬਲਤਨ ਘੱਟ ਹੋ ਸਕਦਾ ਹੈ, ਪਰ ਕਮਾਈ ਅਤੇ ਲੌਜਿਸਟਿਕਸ ‘ਤੇ ਪ੍ਰਭਾਵ ਮਹੱਤਵਪੂਰਨ ਹੋਵੇਗਾ।
ਇੱਕ ਹਫ਼ਤੇ ਵਿੱਚ ਸਿਰਫ਼ ਛੇ ਤੋਂ ਅੱਠ ਅਜਿਹੀਆਂ ਉਡਾਣਾਂ ਹੀ ਭਰੀਆਂ ਗਈਆਂ ਹਨ।
ਪਾਕਿਸਤਾਨ ਤੋਂ ਉਡਾਣਾਂ ਦੇ ਰੂਟ ਬਦਲਣ ਨਾਲ ਨਾ ਸਿਰਫ਼ ਯਾਤਰਾ ਦਾ ਸਮਾਂ ਵਧੇਗਾ ਸਗੋਂ ਏਅਰਲਾਈਨਾਂ ਦੀ ਸੰਚਾਲਨ ਲਾਗਤ ਵੀ ਵਧੇਗੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਵਾਈ ਖੇਤਰ ਦੀਆਂ ਪਾਬੰਦੀਆਂ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਲਈ ਵਿੱਤੀ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਹਨ।

ਤਸਵੀਰ ਸਰੋਤ, Getty Images
2019 ਵਿੱਚ, ਜਦੋਂ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ‘ਤੇ ਹਮਲਾ ਕੀਤਾ ਸੀ, ਤਾਂ ਪਾਕਿਸਤਾਨ ਨੇ ਭਾਰਤੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ।
ਸੈਂਟਰ ਫ਼ਾਰ ਏਅਰ ਪਾਵਰ ਸਟੱਡੀਜ਼ ਦੇ ਗਰੁੱਪ ਕੈਪਟਨ (ਸੇਵਾਮੁਕਤ) ਅਤੇ ਸੀਨੀਅਰ ਫੈਲੋ ਪ੍ਰੋਫੈਸਰ ਡਾਕਟਰ ਦਿਨੇਸ਼ ਕੁਮਾਰ ਪਾਂਡੇ ਕਹਿੰਦੇ ਹਨ, “ਪਿਛਲੀ ਵਾਰ ਜਦੋਂ ਪਾਕਿਸਤਾਨ ਨੇ ਭਾਰਤੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕੀਤਾ ਸੀ, ਤਾਂ ਉਸਨੂੰ 45 ਤੋਂ 50 ਕਰੋੜ ਡਾਲਰ ਦਾ ਨੁਕਸਾਨ ਹੋਇਆ ਸੀ।”
“ਇਹ ਇਸ ਲਈ ਹੋਇਆ ਕਿਉਂਕਿ ਨਿਯਮਾਂ ਮੁਤਾਬਕ, ਜਦੋਂ ਵੀ ਕੋਈ ਕੌਮਾਂਤਰੀ ਉਡਾਣ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਕਿਸੇ ਹੋਰ ਦੇਸ਼ ਵਿੱਚੋਂ ਲੰਘਦੀ ਹੈ, ਤਾਂ ਉਸਨੂੰ ਉਸ ਦੇਸ਼ ਨੂੰ ਇੱਕ ਫ਼ੀਸ ਅਦਾ ਕਰਨੀ ਪੈਂਦੀ ਹੈ। ਇਸਨੂੰ ਓਵਰਫਲਾਈਟ ਫੀਸ ਕਿਹਾ ਜਾਂਦਾ ਹੈ।”
“ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ, ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਤੋਂ ਮਿਲਣ ਵਾਲੀ ਇਹ ਫ਼ੀਸ ਬੰਦ ਹੋ ਗਈ ਹੈ।”
ਪਰ ਇਹ ਹਵਾਈ ਖੇਤਰ ਵਿਵਾਦ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਸਾਹਮਣੇ ਆਉਣ ਵਾਲੇ ਸੰਕਟ ਦਾ ਸਿਰਫ਼ ਇੱਕ ਪਹਿਲੂ ਹੈ।

ਤਸਵੀਰ ਸਰੋਤ, Getty Images
ਕਾਰੋਬਾਰੀ ਮਾਡਲ ‘ਤੇ ਸਵਾਲ
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਲੰਬੇ ਸਮੇਂ ਤੋਂ ਚੱਲਦੇ ਰਹਿਣ ਲਈ ਸਰਕਾਰੀ ਸਹਾਇਤਾ ‘ਤੇ ਨਿਰਭਰ ਰਹੀ ਹੈ।
ਇਸਦਾ ਕਰਜ਼ਾ ਵਧਦਾ ਜਾ ਰਿਹਾ ਹੈ ਅਤੇ ਇਸਦੇ ਜਹਾਜ਼ ਪੁਰਾਣੇ ਹੁੰਦੇ ਜਾ ਰਹੇ ਹਨ। ਇਸ ਲਈ, ਹਵਾਬਾਜ਼ੀ ਬਾਜ਼ਾਰ ਵਿੱਚ ਮੁਕਾਬਲਾ ਕਰਨ ਦੀ ਇਸਦੀ ਸਮਰੱਥਾ ਘੱਟ ਗਈ ਹੈ।
ਮੁਹੰਮਦ ਅਫ਼ਸਰ ਮਲਿਕ ਨੇ ਕਿਹਾ, “ਸਰਕਾਰੀ ਏਅਰਲਾਈਨ ਕੰਪਨੀਆਂ ਖੁੱਲ੍ਹੇ ਬਾਜ਼ਾਰ ਵਿੱਚ ਸ਼ਾਇਦ ਹੀ ਚੰਗਾ ਪ੍ਰਦਰਸ਼ਨ ਕਰਦੀਆਂ ਹਨ।”
“ਆਮ ਤੌਰ ‘ਤੇ, ਉਨ੍ਹਾਂ ਦਾ ਕੰਮ ਅਯੋਗਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕੋਲ ਲੋੜ ਤੋਂ ਵੱਧ ਸਟਾਫ਼ ਹੈ ਅਤੇ ਉਨ੍ਹਾਂ ਕੋਲ ਨਿੱਜੀ ਏਅਰਲਾਈਨਜ਼ ਵਾਂਗ ਜਵਾਬਦੇਹੀ ਦੀ ਘਾਟ ਹੈ।”
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਭਰੋਸੇਯੋਗਤਾ ਨੂੰ 2023 ਵਿੱਚ ਉਦੋਂ ਝਟਕਾ ਲੱਗਾ ਜਦੋਂ ਇਸਦਾ ਬੋਇੰਗ 777 ਮਲੇਸ਼ੀਆ ਵਿੱਚ ਜ਼ਬਤ ਕਰ ਲਿਆ ਗਿਆ।
ਦਰਅਸਲ ਇਹ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ਕਰਕੇ ਕੀਤਾ ਗਿਆ ਸੀ।
ਇਸ ਘਟਨਾ ਦੇ ਸਮੇਂ, ਪਾਕਿਸਤਾਨ ਦੀ ਸਰਕਾਰੀ ਮਾਲਕੀ ਵਾਲੀ ਕੰਪਨੀ ਪਾਕਿਸਤਾਨ ਸਟੇਟ ਆਇਲ (ਪੀਐੱਓ) ਨੇ ਏਅਰਲਾਈਨ ਨੂੰ ਤੇਲ ਸਪਲਾਈ ਬੰਦ ਕਰ ਦਿੱਤੀ ਸੀ। ਇਸ ਕਾਰਨ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਦਸੰਬਰ 2024 ਵਿੱਚ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ 34 ਜਹਾਜ਼ਾਂ ਨੂੰ ਜ਼ਮੀਨ ‘ਤੇ ਰੱਖਣ ਦੀ ਰਿਪੋਰਟ ਮਿਲੀ ਸੀ ਕਿਉਂਕਿ ਉਨ੍ਹਾਂ ਕੋਲ ਉਡਾਣ ਭਰਨ ਲਈ ਜ਼ਰੂਰੀ ਸਾਜੋ-ਸਮਾਨ ਨਹੀਂ ਸਨ।
ਛੋਟੇ ਏਟੀਆਰ ਜਹਾਜ਼ਾਂ ਉੱਤੇ ਵੀ ਇਸ ਦਾ ਅਸਰ ਪਿਆ ਸੀ। ਇਸਦੇ ਪੰਜ ਜਹਾਜ਼ਾਂ ਵਿੱਚੋਂ ਸਿਰਫ਼ ਦੋ ਹੀ ਕਾਰਜਸ਼ੀਲ ਸਨ।

ਤਸਵੀਰ ਸਰੋਤ, Getty Images
ਨਿੱਜੀਕਰਨ ਵਿੱਚ ਮੁਸ਼ਕਲਾਂ
ਪਾਕਿਸਤਾਨ ਦੀ ਆਰਥਿਕਤਾ ਲੰਬੇ ਸਮੇਂ ਤੋਂ ਸੰਕਟ ਵਿੱਚ ਹੈ। ਜਦੋਂ ਇਸਨੇ ਮਦਦ ਲਈ ਕੌਮਾਂਤਰੀ ਸਹਾਇਤਾ ਤੱਕ ਪਹੁੰਚ ਕੀਤੀ, ਤਾਂ ਇਸਨੂੰ ਸੱਤ ਅਰਬ ਡਾਲਰ ਦਾ ਬੇਲਆਊਟ ਪੈਕੇਜ ਮਿਲਿਆ।
ਇਸ ਲਈ ਰੱਖੀਆਂ ਗਈਆਂ ਸ਼ਰਤਾਂ ਵਿੱਚੋਂ ਇੱਕ ਇਹ ਸੀ ਕਿ ਘਾਟੇ ਵਿੱਚ ਚੱਲ ਰਹੀਆਂ ਕੰਪਨੀਆਂ, ਜਿਨ੍ਹਾਂ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਵੀ ਸ਼ਾਮਲ ਹੈ, ਉਸ ਨੂੰ ਵੇਚ ਦਿੱਤਾ ਜਾਵੇਗਾ।
ਇਸ ਲਈ, ਪਿਛਲੇ ਸਾਲ ਅਕਤੂਬਰ ਵਿੱਚ, ਪਾਕਿਸਤਾਨ ਸਰਕਾਰ ਨੇ ਨਿੱਜੀ ਕੰਪਨੀਆਂ ਨੂੰ ਸਰਕਾਰੀ ਏਅਰਲਾਈਨਾਂ ਲਈ ਬੋਲੀ ਲਗਾਉਣ ਲਈ ਕਿਹਾ।
ਪਰ ਇਸ ਬਾਰੇ ਬਹੁਤਾ ਉਤਸ਼ਾਹ ਨਹੀਂ ਨਜ਼ਰ ਆਇਆ ਸੀ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਵਿੱਚ 60 ਫ਼ੀਸਦ ਹਿੱਸੇਦਾਰੀ ਦੀ ਵਿਕਰੀ ਲਈ 300 ਕਰੋੜ ਡਾਲਰ (85 ਅਰਬ ਪਾਕਿਸਤਾਨੀ ਰੁਪਏ ) ਦੀ ਮੂਲ ਕੀਮਤ ਨਿਰਧਾਰਤ ਕੀਤੀ ਗਈ ਸੀ।

ਇਸ ਲਈ ਮਹਿਜ਼ ਇੱਕ ਕੰਪਨੀ ਅੱਗੇ ਆਈ ਅਤੇ ਉਹ ਸੀ ਰੀਅਲ ਅਸਟੇਟ ਕੰਪਨੀ ਬਲੂ ਵਰਲਡ ਸਿਟੀ। ਉਸਨੇ ਸਿਰਫ਼ 3.60 ਕਰੋੜ ਡਾਲਰ ਦੀ ਪੇਸ਼ਕਸ਼ ਕੀਤੀ।
ਜ਼ਾਹਿਰ ਹੈ ਕਿ ਇੰਨੀ ਘੱਟ ਰਕਮ ਦੇ ਕਾਰਨ, ਕੰਪਨੀ ਦੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਸੀ। ਉਦਯੋਗ ਮਾਹਰਾਂ ਨੇ ਕਿਹਾ ਕਿ ਢਾਂਚਾਗਤ ਸਮੱਸਿਆਵਾਂ ਦੇ ਕਾਰਨ, ਨਿਵੇਸ਼ਕਾਂ ਨੇ ਇਸ ਤੋਂ ਦੂਰ ਰਹਿਣਾ ਹੀ ਬਿਹਤਰ ਸਮਝਿਆ।
ਮਲਿਕ ਨੇ ਕਿਹਾ, “ਜੇਕਰ ਪਾਕਿਸਤਾਨ ਸਰਕਾਰ ਕੋਲ ਏਅਰਲਾਈਨ ਵਿੱਚ 40 ਫ਼ੀਸਦ ਹਿੱਸੇਦਾਰੀ ਅਤੇ ਬੋਰਡ ‘ਤੇ ਕੰਟਰੋਲ ਹੁੰਦਾ, ਤਾਂ ਇਸਨੂੰ ਖਰੀਦਣ ਵਾਲੀਆਂ ਨਿੱਜੀ ਕੰਪਨੀਆਂ ਨੂੰ ਨੌਕਰਸ਼ਾਹੀ ਕਾਰਨ ਲਗਾਤਾਰ ਦੇਰੀ ਦਾ ਸਾਹਮਣਾ ਕਰਨਾ ਪੈਂਦਾ। ਤੇਜ਼ ਰਫ਼ਤਾਰ ਵਾਲੇ ਹਵਾਬਾਜ਼ੀ ਉਦਯੋਗ ਲਈ ਇਸ ਨਾਲ ਸਮਝੌਤਾ ਕਰਨਾ ਮੁਸ਼ਕਲ ਹੈ।”
ਮੁਲਾਜ਼ਮਾਂ ਦੀ ਸੰਭਾਵਿਤ ਛਾਂਟੀ ਵਿਰੁੱਧ ਸਿਆਸੀ ਵਿਰੋਧ ਪ੍ਰਦਰਸ਼ਨਾਂ ਅਤੇ ਮੁਜ਼ਾਹਰਿਆਂ ਨੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਹੋਰ ਘਟਾ ਦਿੱਤਾ।
ਉਮੀਦ ਦੀ ਕਿਰਨ

ਤਸਵੀਰ ਸਰੋਤ, Getty Images
ਹਾਲਾਂਕਿ, ਪਾਕਿਸਤਾਨ ਸਰਕਾਰ ਨੇ ਅਚਾਨਕ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਕਰਜ਼ੇ ਦਾ ਮੁਲਾਂਕਣ ਕਰਕੇ ਇਸ ਨੂੰ ਘਾਟੇ ਵਿੱਚੋਂ ਬਾਹਰ ਕੱਢਣ ਦਾ ਫ਼ੈਸਲਾ ਲਿਆ।
ਇਸ ਲਈ, ਇਸਨੂੰ ਦੋ ਦਹਾਕਿਆਂ ਵਿੱਚ ਪਹਿਲੀ ਵਾਰ ਮੁਨਾਫ਼ੇ ਵਿੱਚ ਦਿਖਾਇਆ ਗਿਆ। ਏਅਰਲਾਈਨ ਨੇ ਵਿੱਤੀ ਸਾਲ 24 ਲਈ 9.3 ਅਰਬ ਪਾਕਿਸਤਾਨੀ ਰੁਪਏ ਦਾ ਮੁਨਾਫਾ ਦਿਖਾਇਆ।
ਇਸ ਤੋਂ ਬਾਅਦ, ਪਾਕਿਸਤਾਨ ਦੇ ਹਵਾਬਾਜ਼ੀ ਅਤੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, “ਆਖ਼ਰਕਾਰ 21 ਸਾਲਾਂ ਬਾਅਦ, ਏਅਰਲਾਈਨ 2024 ਵਿੱਚ ਫ਼ਾਇਦੇ ਵਿੱਚ ਹੈ।”
ਏਅਰਲਾਈਨ ਨੇ ਇਸਦੀ ਪੁਸ਼ਟੀ ਕੀਤੀ ਸੀ।
ਹਾਲਾਂਕਿ, ਏਅਰਲਾਈਨ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਦਾ ਸਵਾਗਤ ਕੀਤਾ ਗਿਆ। ਪਰ ਮਾਹਰਾਂ ਦਾ ਕਹਿਣਾ ਹੈ ਕਿ ਏਅਰਲਾਈਨ ਲਈ ਅੱਗੇ ਜਾ ਕੇ ਇਸ ਸਥਿਤੀ ਨੂੰ ਬਣਾਈ ਰੱਖਣਾ ਮੁਸ਼ਕਲ ਹੋਵੇਗਾ।
ਨਿੱਜੀਕਰਨ ਦੀ ਪ੍ਰਕਿਰਿਆ ਅਜੇ ਵੀ ਖੁੱਲ੍ਹੀ ਹੋਈ ਹੈ। ਅਗਲੀ ਬੋਲੀ 3 ਜੂਨ, 2025 ਤੱਕ ਰੱਖੀ ਜਾਣੀ ਹੈ। ਇਹ ਸਮਾਂ ਹੱਦ ਏਅਰਲਾਈਨਾਂ ਦੇ ਭਵਿੱਖ ਲਈ ਬਹੁਤ ਅਹਿਮ ਹੈ।
ਮਲਿਕ ਕਹਿੰਦੇ ਹਨ, “ਸਰਕਾਰ ਨੇ ਕੰਪਨੀ ਦੇ ਮਾੜੇ ਕਰਜ਼ਿਆਂ ਨੂੰ ਦੂਰ ਕਰਨ ਅਤੇ ਇਸਦੀਆਂ ਦੇਣਦਾਰੀਆਂ ਨੂੰ ਖ਼ਤਮ ਕਰਨ ਲਈ ਕਦਮ ਚੁੱਕੇ ਹਨ। ਪਰ ਇਸ ਮੁਕਾਬਲੇ ਵਾਲੇ ਮਾਹੌਲ ਵਿੱਚ, ਕੰਪਨੀਆਂ ਇਸਦੀ ਉੱਚ ਕੀਮਤ ਨਹੀਂ ਅਦਾ ਕਰਨਗੀਆਂ ਜਦੋਂ ਤੱਕ ਏਅਰਲਾਈਨਾਂ ਦੀਆਂ ਸੰਚਾਲਨ ਸਮੱਸਿਆਵਾਂ ਹੱਲ ਨਹੀਂ ਹੋ ਜਾਂਦੀਆਂ।”
ਅੱਗੇ ਕੀ ਹੋ ਸਕਦਾ ਹੈ?

ਤਸਵੀਰ ਸਰੋਤ, Getty Images
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਜਿਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਉਹ ਦੇਸ਼ ਦੇ ਆਰਥਿਕ ਸੰਕਟ ਦਾ ਪ੍ਰਤੀਕ ਹਨ।
ਇਸ ਵੇਲੇ, ਪਾਕਿਸਤਾਨ ਦੀਆਂ ਸਰਕਾਰੀ ਏਅਰਲਾਈਨਾਂ ਦੀਆਂ ਮੁਸ਼ਕਲਾਂ ਦੇ ਕਈ ਕਾਰਨ ਜਾਪਦੇ ਹਨ।
ਸਿਆਸਤ ਅਤੇ ਫੈਸਲੇ ਲੈਣ ਵਿੱਚ ਅਸੰਤੁਲਨ ਕਾਰਨ ਇਸਦੀ ਰਫ਼ਤਾਰ ਹੌਲੀ ਹੋ ਗਈ ਹੈ।
ਇਸ ਵੇਲੇ, ਇਸ ਤਣਾਅਪੂਰਨ ਸਿਆਸੀ ਮਾਹੌਲ ਵਿੱਚ, ਇਹ ਅਸਮਾਨ ਵਿੱਚ ਆਪਣੀ ਗਤੀ ਜਾਰੀ ਰੱਖਣ ਲਈ ਇੱਕ ਖਰੀਦਦਾਰ ਦੀ ਉਡੀਕ ਕਰ ਰਹੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI