Source :- BBC PUNJABI

ਤਸਵੀਰ ਸਰੋਤ, Getty Images
ਭਾਰਤੀ ਲੇਖਕ, ਵਕੀਲ ਅਤੇ ਕਾਰਕੁਨ ਬਾਨੂ ਮੁਸ਼ਤਾਕ ਨੇ ਆਪਣੇ ਲਘੂ ਕਹਾਣੀ ਸੰਗ੍ਰਹਿ ‘ਹਾਰਟ ਲੈਂਪ’ ਲਈ ਕੌਮਾਂਤਰੀ ਬੁੱਕਰ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਇਹ ਕੰਨੜ ਭਾਸ਼ਾ ਵਿੱਚ ਲਿਖੀ ਗਈ ਪਹਿਲੀ ਕਿਤਾਬ ਹੈ ਜਿਸਨੂੰ ਇਹ ਵੱਕਾਰੀ ਪੁਰਸਕਾਰ ਮਿਲਿਆ ਹੈ।
‘ਹਾਰਟ ਲੈਂਪ’ ਦੀਆਂ ਕਹਾਣੀਆਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਦੀਪਾ ਭਾਸਤੀ ਨੇ ਕੀਤਾ ਹੈ।
‘ਹਾਰਟ ਲੈਂਪ’, 1990 ਅਤੇ 2023 ਦੇ ਵਿਚਕਾਰ ਮੁਸ਼ਤਾਕ ਵਲੋਂ ਲਿਖੀਆਂ 12 ਛੋਟੀਆਂ ਕਹਾਣੀਆਂ ਦੀ ਕਿਤਾਬ ਹੈ ਜੋ ਦੱਖਣੀ ਭਾਰਤ ਵਿੱਚ ਮੁਸਲਿਮ ਔਰਤਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਬਹੁਤ ਹੀ ਭਾਵੁਕ ਚਿਤਰਣ ਪੇਸ਼ ਕਰਦੀ ਹੈ।
ਮੁਸ਼ਤਾਕ ਨੂੰ ਮਿਲਿਆ ਪੁਰਸਕਾਰ ਬਹੁਤ ਅਹਿਮ ਹੈ ਕਿਉਂਕਿ ਇਹ ਨਾ ਸਿਰਫ਼ ਉਨ੍ਹਾਂ ਦੇ ਕੰਮ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ ਬਲਕਿ ਭਾਰਤ ਦੀ ਅਮੀਰ ਖੇਤਰੀ ਸਾਹਿਤਕ ਰਵਾਇਤ ਨੂੰ ਵੀ ਦਰਸਾਉਂਦਾ ਹੈ।
ਇਸ ਤੋਂ ਪਹਿਲਾਂ ਸਾਲ 2022 ਵਿੱਚ, ਗੀਤਾਂਜਲੀ ਸ਼੍ਰੀ ਦੀ ਕਿਤਾਬ ‘ਟੌਂਬ ਆਫ਼ ਸੈਂਡ’ ਨੂੰ ਇਹ ਪੁਰਸਕਾਰ ਮਿਲਿਆ ਸੀ। ‘ਟੌਂਬ ਆਫ਼ ਸੈਂਡ’ ਦਾ ਹਿੰਦੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਡੇਜ਼ੀ ਰੌਕਵੈਲ ਨੇ ਕੀਤਾ ਸੀ।
ਬਾਨੂ ਮੁਸ਼ਤਾਕ ਦੀਆਂ ਲਿਖਤਾਂ ਕਿਤਾਬ ਪ੍ਰੇਮੀਆਂ ਵਿੱਚ ਬਹੁਤ ਮਸ਼ਹੂਰ ਹਨ, ਪਰ ਬੁੱਕਰ ਇੰਟਰਨੈਸ਼ਨਲ ਐਵਾਰਡ ਨੇ ਉਨ੍ਹਾਂ ਦੇ ਜੀਵਨ ਅਤੇ ਸਾਹਿਤ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਹੈ।
ਉਨ੍ਹਾਂ ਦਾ ਸਾਹਿਤ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਦੀ ਝਲਕ ਦਿੰਦਾ ਹੈ ਜੋ ਧਾਰਮਿਕ ਬੰਦਿਸ਼ਾਂ ਅਤੇ ਪੁਰਖ-ਪ੍ਰਧਾਨ ਸਮਾਜ ਤੋਂ ਪੈਦਾ ਹੁੰਦੀਆਂ ਹਨ।

ਤਸਵੀਰ ਸਰੋਤ, Getty Images
ਇਹ ਉਨ੍ਹਾਂ ਦੀ ਆਪਣੀ ਸੂਝ-ਬੂਝ ਅਤੇ ਜਾਗਰੁਕਤਾ ਸੀ ਜਿਸਨੇ ਸ਼ਾਇਦ ਮੁਸ਼ਤਾਕ ਨੂੰ ਸੂਖਮ ਪਾਤਰ ਅਤੇ ਪਲਾਟ ਬਣਾਉਣ ਵਿੱਚ ਮਦਦ ਕੀਤੀ।
ਇਸ ਕਿਤਾਬ ਬਾਰੇ ‘ਇੰਡੀਅਨ ਐਕਸਪ੍ਰੈਸ’ ਵਿੱਚ ਪ੍ਰਕਾਸ਼ਿਤ ਸਮੀਖਿਆ ਵਿੱਚ ਲਿਖਿਆ ਹੈ, “ਜਦੋਂ ਕਿ ਸਾਹਿਤ ਅਕਸਰ ਵੱਡੀਆਂ ਕਹਾਣੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਹਾਰਟ ਲੈਂਪ ਹਾਸ਼ੀਏ ‘ਤੇ ਰਹਿਣ ਵਾਲੀਆਂ ਜ਼ਿੰਦਗੀਆਂ ਬਾਰੇ ਹੈ।”
“ਇਹ ਕਿਤਾਬ ਅਣਦੇਖੇ ਬਦਲਾਂ ਬਾਰੇ ਇੱਕ ਡੂੰਘੇ ਨਿਰੀਖਣ ‘ਤੇ ਟਿਕੀ ਹੋਈ ਹੈ, ਇਹ ਹੀ ਇਸਦੀ ਤਾਕਤ ਹੈ। ਇਹ ਬਾਨੂ ਮੁਸ਼ਤਾਕ ਦੀ ਚੁੱਪ ਦੀ ਤਾਕਤ ਹੈ।”
ਮੁਸ਼ਤਾਕ ਕਰਨਾਟਕ ਦੇ ਇੱਕ ਛੋਟੇ ਜਿਹੇ ਕਸਬੇ ਦੇ ਇੱਕ ਮੁਸਲਿਮ ਮੁਹੱਲੇ ਵਿੱਚ ਪਲੀ ਸੀ ਅਤੇ ਆਪਣੇ ਆਲੇ ਦੁਆਲੇ ਦੀਆਂ ਜ਼ਿਆਦਾਤਰ ਕੁੜੀਆਂ ਵਾਂਗ, ਉਨ੍ਹਾਂ ਨੇ ਸਕੂਲ ਵਿੱਚ ਉਰਦੂ ਭਾਸ਼ਾ ਵਿੱਚ ਕੁਰਾਨ ਦੀ ਪੜ੍ਹਾਈ ਕੀਤੀ।
ਪਰ ਉਨ੍ਹਾਂ ਦੇ ਪਿਤਾ, ਜੋ ਕਿ ਇੱਕ ਸਰਕਾਰੀ ਕਰਮਚਾਰੀ ਸਨ, ਚਾਹੁੰਦੇ ਸਨ ਕਿ ਬਾਨੂ ਮੁਸ਼ਤਾਕ ਇੱਕ ਆਮ ਸਕੂਲ ਵਿੱਚ ਪੜ੍ਹਾਈ ਕਰੇ।
ਜਦੋਂ ਉਹ ਅੱਠ ਸਾਲ ਦੀ ਸੀ, ਤਾਂ ਪਿਤਾ ਨੇ ਮੁਸ਼ਤਾਕ ਨੂੰ ਇੱਕ ਕਾਨਵੈਂਟ ਸਕੂਲ ਵਿੱਚ ਦਾਖਲ ਕਰਵਾਇਆ ਜਿੱਥੇ ਕੰਨੜ ਭਾਸ਼ਾ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ।
ਵਿਆਹ ਤੋਂ ਬਾਅਦ ਦੀ ਜ਼ਿੰਦਗੀ

ਤਸਵੀਰ ਸਰੋਤ, Getty Images
ਮੁਸ਼ਤਾਕ ਨੇ ਕੰਨੜ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਲਈ ਸਖ਼ਤ ਮਿਹਨਤ ਕੀਤੀ। ਬਾਅਦ ਵਿੱਚ ਇਹ ਭਾਸ਼ਾ ਉਨ੍ਹਾਂ ਦੇ ਸਾਹਿਤਕ ਪ੍ਰਗਟਾਵੇ ਦੀ ਭਾਸ਼ਾ ਬਣ ਗਈ।
ਉਨ੍ਹਾਂ ਨੇ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਨ੍ਹਾਂ ਦੀਆਂ ਸਹੇਲੀਆਂ ਦੇ ਵਿਆਹ ਹੋਣੇ ਸ਼ੁਰੂ ਹੋਏ, ਤਾਂ ਬਾਨੂ ਮੁਸ਼ਤਾਕ ਨੇ ਕਾਲਜ ਜਾਣ ਦਾ ਫ਼ੈਸਲਾ ਲਿਆ।
ਮੁਸ਼ਤਾਕ ਦੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਹੋਣ ਵਿੱਚ ਕਈ ਸਾਲ ਲੱਗ ਗਏ ਅਤੇ ਇਹ ਉਦੋਂ ਹੋਇਆ ਜਦੋਂ ਉਹ ਖ਼ਾਸ ਤੌਰ ‘ਤੇ ਆਪਣੀ ਜ਼ਿੰਦਗੀ ਦੇ ਕੁਝ ਸਭ ਤੋਂ ਚੁਣੌਤੀਪੂਰਨ ਪਲਾਂ ਵਿੱਚੋਂ ਗੁਜ਼ਰ ਰਹੇ ਸਨ।
26 ਸਾਲ ਦੀ ਉਮਰ ਵਿੱਚ ਆਪਣੀ ਪਸੰਦ ਦੇ ਸਾਥੀ ਨਾਲ ਵਿਆਹ ਤੋਂ ਇੱਕ ਸਾਲ ਬਾਅਦ, ਉਨ੍ਹਾਂ ਦੀ ਛੋਟੀ ਕਹਾਣੀ ਇੱਕ ਸਥਾਨਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ, ਪਰ ਉਨ੍ਹਾਂ ਦੀ ਸ਼ੁਰੂਆਤੀ ਵਿਆਹੁਤਾ ਜ਼ਿੰਦਗੀ ਟਕਰਾਅ ਅਤੇ ਝਗੜਿਆਂ ਨਾਲ ਭਰੀ ਰਹੀ।

ਮੁਸ਼ਤਾਕ ਨੇ ਇਸ ਬਾਰੇ ਕਈ ਵਾਰ ਖੁੱਲ੍ਹ ਕੇ ਗੱਲ ਕੀਤੀ ਹੈ।
ਵੌਗ ਮੈਗਜ਼ੀਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੁਸ਼ਤਾਕ ਨੇ ਕਿਹਾ, “ਮੈਂ ਹਮੇਸ਼ਾ ਲਿਖਣਾ ਚਾਹੁੰਦੀ ਸੀ ਪਰ ਲਿਖਣ ਲਈ ਕੁਝ ਨਹੀਂ ਸੀ। ਫਿਰ ਇੱਕ ਪ੍ਰੇਮ ਵਿਆਹ ਤੋਂ ਬਾਅਦ, ਮੈਨੂੰ ਅਚਾਨਕ ਬੁਰਕਾ ਪਹਿਨਣ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਘਰੇਲੂ ਕੰਮ ਕਰਦਿਆਂ ਬਿਤਾਉਣ ਲਈ ਕਿਹਾ ਗਿਆ।”
“29 ਸਾਲ ਦੀ ਉਮਰ ਵਿੱਚ, ਮੈਂ ਪੋਸਟਪਾਰਟਮ ਡਿਪ੍ਰੈਸ਼ਨ ਤੋਂ ਪੀੜਤ ਮਾਂ ਬਣ ਗਈ।”
‘ਦਿ ਵੀਕ’ ਮੈਗਜ਼ੀਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੁਸ਼ਤਾਕ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਘਰ ਤੱਕ ਸੀਮਤ ਸੀ।
ਹਾਲਾਤ ਵਿਰੁੱਧ ਬਗਾਵਤ

ਤਸਵੀਰ ਸਰੋਤ, Getty Images
ਇਸ ਤੋਂ ਬਾਅਦ, ਇੱਕ ਹੈਰਾਨ ਕਰਨ ਵਾਲੇ ਬਗ਼ਾਵਤੀ ਰਵੱਈਏ ਨੇ ਬਾਨੂ ਮੁਸ਼ਤਾਕ ਨੂੰ ਆਜ਼ਾਦ ਕਰਵਾ ਦਿੱਤਾ।
ਉਨ੍ਹਾਂ ਨੇ ਮੈਗਜ਼ੀਨ ਨੂੰ ਦੱਸਿਆ, “ਇੱਕ ਵਾਰ ਬਹੁਤ ਨਿਰਾਸ਼ਾ ਦੇ ਪਲ ਵਿੱਚ ਮੈਂ ਆਪਣੇ ਆਪ ਨੂੰ ਅੱਗ ਲਗਾਉਣ ਲਈ ਆਪਣੇ ਆਪ ‘ਤੇ ਪੈਟਰੋਲ ਪਾ ਲਿਆ।”
“ਸ਼ੁਕਰ ਹੈ ਕਿ ਮੇਰੇ ਪਤੀ ਨੂੰ ਸਮੇਂ ਸਿਰ ਇਸਦਾ ਅਹਿਸਾਸ ਹੋ ਗਿਆ। ਉਸ ਨੇ ਮੈਨੂੰ ਜੱਫੀ ਪਾਈ ਅਤੇ ਮਾਚਿਸ ਦੀ ਤੀਲੀ ਸੁੱਟ ਦਿੱਤੀ। ਫਿਰ ਉਸਨੇ ਮੇਰੇ ਬੱਚੇ ਨੂੰ ਮੇਰੇ ਪੈਰਾਂ ਕੋਲ ਰੱਖਿਆ ਅਤੇ ਮੈਨੂੰ ਬੇਨਤੀ ਕੀਤੀ ਕਿ ਮੈਂ ਉਨ੍ਹਾਂ ਨੂੰ ਨਾ ਛੱਡਾਂ।”
ਹਾਰਟ ਲੈਂਪ ਵਿੱਚ ਉਨ੍ਹਾਂ ਦੇ ਔਰਤ ਪਾਤਰ ਵਿਰੋਧ ਅਤੇ ਬਗ਼ਾਵਤ ਦੀ ਇਸ ਭਾਵਨਾ ਨੂੰ ਦਰਸਾਉਂਦੇ ਹਨ।
ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿੱਚ ਪ੍ਰਕਾਸ਼ਿਤ ਇੱਕ ਸਮੀਖਿਆ ਦੇ ਮੁਤਾਬਕ, “ਮੁੱਖ ਧਾਰਾ ਭਾਰਤੀ ਸਾਹਿਤ ਵਿੱਚ, ਮੁਸਲਿਮ ਔਰਤਾਂ ਨੂੰ ਅਕਸਰ ਸਿੱਧੇ ਰੂਪਕਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਮੁਸ਼ਤਾਕ ਇਸਨੂੰ ਰੱਦ ਕਰਦੇ ਹਨ।”
“ਉਨ੍ਹਾਂ ਦੇ ਪਾਤਰ ਸਖ਼ਤ ਮਿਹਨਤ ਕਰਦੇ ਹਨ, ਗੱਲਬਾਤ ਕਰਦੇ ਹਨ ਅਤੇ ਕਈ ਵਾਰ ਵਿਰੋਧ ਕਰਦੇ ਹਨ। ਇਹ ਵਿਰੋਧ ਉਸ ਕਿਸਮ ਦਾ ਨਹੀਂ ਹੈ ਜੋ ਸੁਰਖੀਆਂ ਵਿੱਚ ਆਉਂਦਾ ਹੈ, ਸਗੋਂ ਉਸ ਕਿਸਮ ਦਾ ਹੈ ਜੋ ਉਨ੍ਹਾਂ ਦੇ ਜੀਵਨ ਵਿੱਚ ਫ਼ਰਕ ਲਿਆਉਂਦਾ ਹੈ।”
ਔਰਤਾਂ ਦੇ ਹੱਕਾਂ ਲਈ ਆਵਾਜ਼ ਚੁੱਕੀ

ਤਸਵੀਰ ਸਰੋਤ, Getty Images
ਮੁਸ਼ਤਾਕ ਨੇ ਇੱਕ ਪ੍ਰਮੁੱਖ ਸਥਾਨਕ ਟੈਬਲਾਇਡ ਲਈ ਰਿਪੋਰਟਰ ਵਜੋਂ ਕੰਮ ਕੀਤਾ ਅਤੇ ਬਾਅਦ ਵਿੱਚ ‘ਬੰਦਾਇਆ ਅੰਦੋਲਨ’ ਵਿੱਚ ਸ਼ਾਮਲ ਹੋ ਗਏ।
ਇਹ ਲਹਿਰ ਸਾਹਿਤ ਅਤੇ ਸਰਗਰਮੀ ਰਾਹੀਂ ਸਮਾਜਿਕ ਅਤੇ ਆਰਥਿਕ ਬੇਇਨਸਾਫ਼ੀ ਨੂੰ ਖ਼ਤਮ ਕਰਨ ਲਈ ਚਲਾਈ ਜਾ ਰਹੀ ਸੀ।
ਇੱਕ ਦਹਾਕੇ ਤੱਕ ਪੱਤਰਕਾਰ ਵਜੋਂ ਕੰਮ ਕਰਨ ਤੋਂ ਬਾਅਦ, ਉਨ੍ਹਾਂ ਨੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਵਕਾਲਤ ਸ਼ੁਰੂ ਕੀਤੀ।
ਕਈ ਦਹਾਕਿਆਂ ਦੇ ਆਪਣੇ ਸ਼ਾਨਦਾਰ ਕਰੀਅਰ ਵਿੱਚ, ਉਨ੍ਹਾਂ ਨੇ ਆਪਣੀਆਂ ਕਾਫ਼ੀ ਰਚਨਾਵਾਂ ਪ੍ਰਕਾਸ਼ਤ ਕੀਤੀਆਂ ਹਨ। ਇਨ੍ਹਾਂ ਵਿੱਚ ਛੇ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ, ਇੱਕ ਲੇਖ ਸੰਗ੍ਰਹਿ ਅਤੇ ਇੱਕ ਨਾਵਲ ਸ਼ਾਮਲ ਹਨ।
ਪਰ ਮੁਸ਼ਤਾਕ ਦੀ ਤਿੱਖੀ ਲਿਖਤ ਨੇ ਉਨ੍ਹਾਂ ਨੂੰ ਨਫ਼ਰਤ ਦਾ ਨਿਸ਼ਾਨਾ ਵੀ ਬਣਾਇਆ।
‘ਦਿ ਹਿੰਦੂ’ ਅਖ਼ਬਾਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਸਾਲ 2000 ਵਿੱਚ ਧਮਕੀ ਭਰੇ ਫ਼ੋਨ ਆਏ ਸਨ ਕਿਉਂਕਿ ਉਨ੍ਹਾਂ ਨੇ ਮਸਜਿਦਾਂ ਵਿੱਚ ਨਮਾਜ਼ ਅਦਾ ਕਰਨ ਦੇ ਔਰਤਾਂ ਦੇ ਅਧਿਕਾਰਾਂ ਦੇ ਸਮਰਥਨ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਸਨ।
ਮੁਸ਼ਤਾਕ ਖ਼ਿਲਾਫ਼ ਇੱਕ ਫਤਵਾ ਜਾਰੀ ਕੀਤਾ ਗਿਆ ਅਤੇ ਇੱਕ ਆਦਮੀ ਨੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਮੁਸ਼ਤਾਕ ਦੇ ਪਤੀ ਨੇ ਉਸ ਵਿਅਕਤੀ ਨੂੰ ਫੜ ਲਿਆ।
ਪਰ ਮੁਸ਼ਤਾਕ ਇਨ੍ਹਾਂ ਘਟਨਾਵਾਂ ਤੋਂ ਡਰੇ ਨਹੀਂ ਅਤੇ ਉਨ੍ਹਾਂ ਨੇ ਇਮਾਨਦਾਰੀ ਨਾਲ ਲਿਖਣਾ ਜਾਰੀ ਰੱਖਿਆ।
ਉਨ੍ਹਾਂ ਨੇ ਦਿ ਵੀਕ ਮੈਗਜ਼ੀਨ ਨੂੰ ਕਿਹਾ, “ਮੈਂ ਹਮੇਸ਼ਾ ਅੰਧਵਿਸ਼ਵਾਸੀ ਧਾਰਮਿਕ ਵਿਆਖਿਆਵਾਂ ਨੂੰ ਚੁਣੌਤੀ ਦਿੱਤੀ ਹੈ। ਇਹ ਮੁੱਦੇ ਮੇਰੀ ਲਿਖਤ ਦੇ ਕੇਂਦਰ ਵਿੱਚ ਰਹੇ ਹਨ।”
“ਸਮਾਜ ਬਹੁਤ ਬਦਲ ਗਿਆ ਹੈ, ਪਰ ਬੁਨਿਆਦੀ ਮੁੱਦੇ ਅਜੇ ਵੀ ਉਹੀ ਹਨ। ਭਾਵੇਂ ਸੰਦਰਭ ਬਦਲ ਰਿਹਾ ਹੋਵੇ। ਪਰ ਔਰਤਾਂ ਅਤੇ ਹਾਸ਼ੀਏ ‘ਤੇ ਧੱਕੇ ਭਾਈਚਾਰਿਆਂ ਦਾ ਬੁਨਿਆਦੀ ਸੰਘਰਸ਼ ਜਾਰੀ ਹੈ।”
ਲਿਖਤ ਦੇ ਇਸ ਸਾਲਾਂ ਦੇ ਸਫ਼ਰ ਦੌਰਾਨ, ਮੁਸ਼ਤਾਕ ਦੀਆਂ ਲਿਖਤਾਂ ਨੇ ਕਈ ਵੱਕਾਰੀ ਸਥਾਨਕ ਅਤੇ ਕੌਮਾਂਤਰੀ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿੱਚ ਕਰਨਾਟਕ ਸਾਹਿਤ ਅਕੈਡਮੀ ਪੁਰਸਕਾਰ ਅਤੇ ਦਾਨਾ ਚਿੰਤਾਮਣੀ ਅਤਿਮਾਬੇ ਪੁਰਸਕਾਰ ਸ਼ਾਮਲ ਹਨ।
2024 ਵਿੱਚ, ‘ਹਸੀਨਾ ਐਂਡ ਅਦਰ ਸਟੋਰੀਜ਼’, ਜੋ ਕਿ 1990 ਅਤੇ 2012 ਦੇ ਵਿਚਕਾਰ ਪ੍ਰਕਾਸ਼ਿਤ ਮੁਸ਼ਤਾਕ ਦੇ ਪੰਜ ਲਘੂ ਕਹਾਣੀ ਸੰਗ੍ਰਹਿਆਂ ਦਾ ਅਨੁਵਾਦਿਤ ਅੰਗਰੇਜ਼ੀ ਸੰਗ੍ਰਹਿ ਹੈ, ਨੇ ਵੀ ਵੱਕਾਰੀ ‘ਪੇਨ ਅਨੁਵਾਦ ਪੁਰਸਕਾਰ’ ਜਿੱਤਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI