Source :- BBC PUNJABI
ਸੰਨ 1915 ਵਿੱਚ 29 ਸਾਲਾਂ ਭਾਰਤੀ ਉਦਯੋਗਪਤੀ ਝਾਮਨਦਾਸ ਵਾਟੂਮੁੱਲ ਆਪਣੇ ਸਾਥੀ ਧਰਮਦਾਸ ਨਾਲ ਹਵਾਈ ਦੇ ਓਆਹੂ ਟਾਪੂ ‘ਤੇ ਪਹੁੰਚੇ।
ਉਹ ਇੱਥੇ ਆਪਣੇ ਦਰਾਮਦਗੀ ਦੇ ਕਾਰੋਬਾਰ ਦਾ ਇੱਕ ਰਿਟੇਲ ਸਟੋਰ ਸਥਾਪਤ ਕਰਨ ਲਈ ਆਏ ਸਨ।
ਦੋਵਾਂ ਨੇ ਹੋਨੋਲੁਲੂ ਦੀ ਹੋਟਲ ਸਟਰੀਟ ਵਿੱਚ ‘ਵਾਟੂਮੁੱਲ ਅਤੇ ਧਰਮਦਾਸ’ ਦੇ ਨਾਮ ਨਾਲ ਆਪਣਾ ਕਾਰੋਬਾਰ ਰਜਿਸਟਰ ਕੀਤਾ।
ਇਸ ਦੁਕਾਨ ‘ਤੇ ਉਨ੍ਹਾਂ ਨੇ ਰੇਸ਼ਮ, ਹਾਥੀ ਦੰਦ ਨਾਲ ਬਣੀ ਸ਼ਿਲਪਕਾਰੀ, ਪਿੱਤਲ ਦੇ ਭਾਂਡੇ ਅਤੇ ਪੂਰਬ ਤੋਂ ਲਿਆਂਦੀਆਂ ਹੋਈਆਂ ਅਜਿਹੀਆਂ ਹੋਰ ਚੀਜ਼ਾਂ ਵੇਚਣੀਆਂ ਸ਼ੁਰੂ ਕੀਤੀਆਂ।
ਧਰਮਦਾਸ ਦੀ 1916 ਵਿੱਚ ਹੈਜ਼ੇ ਕਾਰਨ ਮੌਤ ਹੋ ਗਈ, ਜਿਸ ਕਰਕੇ ਝਾਮਨਦਾਸ ਵਾਟੂਮੁੱਲ ਨੇ ਆਪਣੇ ਭਰਾ ਗੋਬਿੰਦਰਾਮ ਨੂੰ ਹੋਨੋਲੂਲੂ ਸਟੋਰ ਦਾ ਪ੍ਰਬੰਧਨ ਕਰਨ ਲਈ ਹਵਾਈ ਸੱਦ ਲਿਆ ਅਤੇ ਆਪ ਉਹ ਮਨੀਲਾ ਵਿੱਚ ਆਪਣੇ ਕਾਰੋਬਾਰ ਦੀ ਦੇਖਭਾਲ ਕਰਦੇ ਰਹੇ।
ਆਪਣੇ ਕਾਰੋਬਾਰ ਨੂੰ ਮਜ਼ਬੂਤ ਕਰਨ ਲਈ ਅਗਲੇ ਕੁਝ ਸਾਲਾਂ ਤੱਕ ਦੋਵੇਂ ਭਰਾ ਭਾਰਤ ਅਤੇ ਹਵਾਈ ਵਿਚਾਲੇ ਆਉਂਦੇ-ਜਾਂਦੇ ਰਹੇ।
ਅੱਜ, ਵਾਟੂਮੁੱਲ ਨਾਮ ਹਵਾਈ ਦੇ ਟਾਪੂਆਂ ‘ਤੇ ਹਰ ਥਾਂ ਮਸ਼ਹੂਰ ਹੈ।
ਕੱਪੜੇ ਦੇ ਨਿਰਮਾਣ ਅਤੇ ਰੀਅਲ ਅਸਟੇਟ ਤੋਂ ਲੈ ਕੇ ਸਿੱਖਿਆ ਅਤੇ ਕਲਾ ਤੱਕ, ਪਰਿਵਾਰ ਹਵਾਈ ਦੇ ਇਤਿਹਾਸ ਨਾਲ ਅਟੁੱਟ ਤੌਰ ‘ਤੇ ਜੁੜ ਗਿਆ ਹੈ।
ਭਾਰਤ ਤੋਂ ਇਸ ਟਾਪੂ ‘ਤੇ ਆਉਣ ਵਾਲੇ ਪਹਿਲੇ ਦੱਖਣੀ ਏਸ਼ੀਆਈ, ਹੁਣ ਇੱਥੇ ਵਸਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋਂ ਇੱਕ ਹਨ।
ਝਾਮਨਦਾਸ ਵਾਟੂਮੁੱਲ ਨੇ 1973 ਵਿੱਚ ਇੱਕ ਸਥਾਨਕ ਹਵਾਈ ਪ੍ਰਕਾਸ਼ਨ ਨਾਲ ਗੱਲ ਕਰਦਿਆਂ ਕਿਹਾ, “ਅਸੀਂ ਹੌਲੀ-ਹੌਲੀ ਕਰਕੇ ਇਥੋਂ ਤੱਕ ਪਹੁੰਚੇ ਹਾਂ।”
ਅਣਵੰਡੇ ਭਾਰਤ ਵਿੱਚ ਪੈਦਾ ਹੋਏ ਝਾਮਨਦਾਸ ਦੇ ਪਿਤਾ ਸਿੰਧ ਸੂਬੇ ਦੇ ਹੈਦਰਾਬਾਦ (ਹੁਣ ਪਾਕਿਸਤਾਨ) ਵਿੱਚ ਇੱਟਾਂ ਦੀ ਠੇਕੇਦਾਰੀ ਕਰਦੇ ਸਨ।
ਉਨ੍ਹਾਂ ਦਾ ਪਰਿਵਾਰ ਪੜ੍ਹਿਆ-ਲਿਖਿਆ ਸੀ ਪਰ ਅਮੀਰ ਨਹੀਂ ਸੀ।
ਇੱਕ ਦੁਰਘਟਨਾ ਵਿੱਚ ਉਨ੍ਹਾਂ ਦੇ ਪਿਤਾ ਨੂੰ ਅਧਰੰਗ ਹੋ ਗਿਆ। ਇਸ ਤੋਂ ਬਾਅਦ ਝਾਮਨਦਾਸ ਦੀ ਮਾਂ ਨੇ ਉਨ੍ਹਾਂ ਨੂੰ ਫਿਲੀਪੀਨਜ਼ ਭੇਜ ਦਿੱਤਾ ਜਿੱਥੇ ਉਹਨਾਂ ਨੇ ਟੈਕਸਟਾਈਲ ਮਿਲਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ।
1909 ਵਿੱਚ, ਉਨ੍ਹਾਂ ਨੇ ਆਪਣੇ ਸਾਥੀ ਧਰਮਦਾਸ ਨਾਲ ਮਨੀਲਾ ਵਿੱਚ ਆਪਣਾ ਵਪਾਰਕ ਕਾਰੋਬਾਰ ਸ਼ੁਰੂ ਕੀਤਾ।
ਉਨ੍ਹਾਂ ਦੇ ਪੋਤੇ ਜੇਡੀ ਵਾਟੂਮੁੱਲ ਦਾ ਕਹਿਣਾ ਹੈ ਕਿ ਜਦੋਂ ਅਮਰੀਕਾ ਦੇ ਫਿਲੀਪੀਨਜ਼ ਉੱਤੇ ਕਬਜ਼ੇ ਨੇ ਮਨੀਲਾ ‘ਚ ਵਿਦੇਸ਼ੀ ਕਾਰੋਬਾਰ ਨੂੰ ਘਟਾ ਦਿੱਤਾ ਤਾਂ ਝਾਮਨਦਾਸ ਅਤੇ ਧਰਮਦਾਸ ਹਵਾਈ ਆ ਗਏ।
ਜਦੋਂ ਝਾਮਨਦਾਸ ਦੇ ਭਰਾ ਗੋਬਿੰਦਰਾਮ ਨੇ ਹਵਾਈ ‘ਚ ਕਾਰੋਬਾਰ ਦਾ ਪ੍ਰਬੰਧਨ ਸੰਭਾਲਿਆ ਤਾਂ ਉਨ੍ਹਾਂ ਨੇ ਇਸ ਕਾਰੋਬਾਰ ਦਾ ਨਾਮ ਬਦਲ ਕੇ ਈਸਟ ਇੰਡੀਆ ਸਟੋਰ ਰੱਖ ਦਿੱਤਾ।
ਦੱਖਣੀ ਏਸ਼ੀਆਈ ਅਮਰੀਕੀ ਇਤਿਹਾਸ ਦੇ ਇੱਕ ਡਿਜੀਟਲ ਪੁਰਾਲੇਖ (‘ਸਾਡਾ’) ਮੁਤਾਬਕ ਅਗਲੇ ਸਾਲਾਂ ਵਿੱਚ ਇਸ ਕਾਰੋਬਾਰ ਨੇ ਏਸ਼ੀਆ ਦੇ ਨਾਲ-ਨਾਲ ਹਵਾਈ ਦੇ ਕਈ ਹਿੱਸਿਆਂ ਵਿੱਚ ਸ਼ਾਖਾਵਾਂ ਅਤੇ ਪ੍ਰਮੁੱਖ ਡਿਪਾਰਟਮੈਂਟ ਸਟੋਰਾ ਰਾਹੀਂ ਵਿਸਥਾਰ ਕੀਤਾ।
1937 ਵਿੱਚ, ਗੋਬਿੰਦਰਾਮ ਨੇ ਕੰਪਨੀ ਦੇ ਹੈੱਡਕੁਆਰਟਰਸ ਬਣਾਉਣ ਲਈ ਹੋਨੋਲੁਲੂ ਦੇ ਵਾਈਕੀਕੀ ਇਲਾਕੇ ਵਿੱਚ ਵਾਟੂਮੁੱਲ ਬਿਲਡਿੰਗ ਦਾ ਨਿਰਮਾਣ ਕੀਤਾ।
‘ਸਾਡਾ’ ਦੇ ਅਨੁਸਾਰ, ਇਹ ਮਲਟੀ-ਮਿਲੀਅਨ ਡਾਲਰ ਦਾ ਕਾਰੋਬਾਰ 1957 ਤੱਕ 10 ਸਟੋਰਾਂ, ਇੱਕ ਅਪਾਰਟਮੈਂਟ ਹਾਊਸ ਅਤੇ ਵੱਖ-ਵੱਖ ਵਪਾਰਕ ਵਿਕਾਸ ਤੱਕ ਫੈਲ ਗਿਆ ਸੀ।
ਸਟਾਰ-ਬੁਲੇਟਿਨ ਅਖ਼ਬਾਰ ਦੇ ਵਰਨਣ ਮੁਤਾਬਕ ਸਟੋਰ ‘ਚ ਲਿਨਨ, ਲੌਂਜਰੀ, “ਰੋਮਾਂਸ ਅਤੇ ਰਹੱਸ” ਨਾਲ ਬੁਣੇ ਪਿੱਤਲ ਅਤੇ ਟੀਕ ਦੀ ਲੱਕੜ ਦੇ ਸ਼ੋਪੀਸ ਆਦਿ ਵੇਚੇ ਜਾਂਦੇ ਸਨ।
ਅਲੋਹਾ ਕਮੀਜ਼
1930 ਦੇ ਦਹਾਕੇ ਵਿੱਚ ਹਵਾਈ ਅਮੀਰ ਸੈਲਾਨੀਆਂ ਵਿੱਚ ਇੱਕ ਪ੍ਰਸਿੱਧ ਪਸੰਦ ਵਜੋਂ ਉਭਰਿਆ।
ਯਾਦਗਾਰ ਵਜੋਂ ਖ਼ਰੀਦੀਆਂ ਜਾਣ ਵਾਲੀਆਂ ਗੂੜ੍ਹੇ ਰੰਗਾਂ ਦੀਆਂ ਟਾਪੂ ਦੇ ਛਾਪੇ ਵਾਲੀਆਂ ‘ਅਲੋਹਾ ਕਮੀਜਾਂ’ ਵੀ ਬਹੁਤ ਮਸ਼ਹੂਰ ਹੋ ਗਈਆਂ।
ਹਵਾਈਅਨ ਟੈਕਸਟਾਈਲ ਅਤੇ ਪੈਟਰਨਾਂ ਦੇ ਮਾਹਰ ਡੇਲ ਹੋਪ ਦੇ ਅਨੁਸਾਰ, ਵਾਟੂਮੁੱਲ ਦਾ ਈਸਟ ਇੰਡੀਆ ਸਟੋਰ ਹਵਾਈ ਦੇ ਇਨ੍ਹਾਂ ਪੈਟਰਨਾਂ ਅਤੇ ਡਿਜ਼ਾਈਨ ਦੀ ਕਮੀਜ਼ਾਂ ਵੇਚਣ ਵਾਲੀ ਪਹਿਲੀ ਦੁਕਾਨ ਸੀ।
ਇਹ ਡਿਜ਼ਾਈਨ ਪਹਿਲੀ ਵਾਰ 1936 ਵਿੱਚ ਗੋਬਿੰਦਰਾਮ ਦੁਆਰਾ ਉਨ੍ਹਾਂ ਦੀ ਕਲਾਕਾਰ ਭਾਬੀ ਐਲਸੀ ਜੇਨਸਨ ਤੋਂ ਬਣਵਾਏ ਗਏ ਸਨ।
ਹੋਪ ਕਹਿੰਦੇ ਹਨ, “ਮਾਊਂਟ ਫੂਜੀ ਦੀ ਬਜਾਏ, ਉਨ੍ਹਾਂ ਕੋਲ ਡਾਇਮੰਡ ਹੈੱਡ, ਚੈਰੀ ਦੇ ਫੁੱਲਾਂ ਦੀ ਬਜਾਏ ਗਾਰਡਨੀਆ ਅਤੇ ਹਿਬਿਸਕਸ ਵਾਲੇ ਡਿਜ਼ਾਈਨ ਸਨ ਜੋ ਕਿ ਹਵਾਈਅਨ ਸਨ।”
ਨੈਨਸੀ ਸ਼ਿਫਰ ‘ਹਵਾਈਅਨ ਸ਼ਰਟ ਡਿਜ਼ਾਈਨਜ਼’ ਕਿਤਾਬ ਵਿੱਚ ਲਿੱਖਦੇ ਹਨ ਕਿ ਇਹਨਾਂ ਡਿਜ਼ਾਈਨਾਂ ਨੂੰ ਜਪਾਨ ਭੇਜਿਆ ਗਿਆ ਸੀ ਜਿੱਥੇ ਉਹਨਾਂ ਨੂੰ ਕੱਚੇ ਰੇਸ਼ਮ ਉੱਤੇ ਹੈਂਡਬਲਾਕ ਕੀਤਾ ਗਿਆ।
ਸ਼ਿਫਰ ਦੱਸਦੇ ਹਨ “ਇਹ ਸੂਖਮ ਫੁੱਲਦਾਰ ਨਮੂਨੇ, ਆਧੁਨਿਕ ਅਤੇ ਸੰਕਲਪ ਵਿੱਚ ਗਤੀਸ਼ੀਲ, ਵਪਾਰਕ ਤੌਰ ‘ਤੇ ਤਿਆਰ ਕੀਤੇ ਜਾਣ ਵਾਲੇ ਪਹਿਲੇ ਹਵਾਈ ਡਿਜ਼ਾਈਨ ਸਨ।”
ਵਿਲੀਅਮ ਡੇਵਨਪੋਰਟ ਪੈਰਾਡਾਈਜ਼ ਆਫ਼ ਦਾ ਪੈਸੀਫਿਕ ਕਿਤਾਬ ਵਿੱਚ ਕਹਿੰਦੇ ਹਨ, “ਉਹ ਕਿਸ਼ਤੀ ‘ਤੇ ਵੇਚੇ ਜਾਣ ਤੋਂ ਲੈ ਕੇ ਅਤੇ ਲੰਡਨ ਤੱਕ ਪ੍ਰਦਰਸ਼ਿਤ ਕੀਤੇ ਗਏ ਸਨ।”
ਗੋਬਿੰਦਰਾਮ ਦੀ ਧੀ ਲੀਲਾ ਨੇ ਹੋਪ ਨੂੰ ਦੱਸਿਆ ਕਿ ਵਾਟੂਮੁੱਲ ਦੇ ਵਾਈਕੀਕੀ ਸਟੋਰ ‘ਤੇ ਅਮਰੀਕੀ ਫਿਲਮ ਸਟਾਰ ਜਿਵੇਂ ਕਿ ਲੋਰੇਟਾ ਯੰਗ, ਜੈਕ ਬੈਨੀ, ਲਾਨਾ ਟਰਨਰ ਅਤੇ ਐਡੀ “ਰੋਚੈਸਟਰ” ਐਂਡਰਸਨ ਆਦਿ ਇਨ੍ਹਾਂ ਕਮੀਜ਼ਾਂ ਨੂੰ ਖਰੀਦਣ ਲਈ ਆ ਰਹੇ ਸਨ।
ਗੁਲਾਬ ਵਾਟੂਮੁੱਲ ਨੇ 1966 ਵਿੱਚ ਹੋਨੋਲੁਲੂ ਸਟਾਰ-ਬੁਲੇਟਿਨ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ, “ਵਿਕਰੀ ਦੇਖ ਕੇ ਸਾਨੂੰ ਇਹਸਾਸ ਹੋਣ ਲੱਗ ਗਿਆ ਸੀ ਕਿ ਵਾਟੂਮੁੱਲ ਹਵਾਈਅਨ ਫੈਸ਼ਨਾਂ ਦਾ ਸਮਾਨਾਰਥੀ ਬਣ ਗਿਆ ਹੈ। “
ਵਾਟੂਮੁੱਲਜ਼ ਨੇ ਜਲਦੀ ਹੀ ਰਾਇਲ ਹਵਾਈਅਨ ਮੈਨੂਫੈਕਚਰਿੰਗ ਕੰਪਨੀ ਨੂੰ ਖਰੀਦ ਲਿਆ, ਜਿੱਥੇ ਪਹਿਲਾ ਮੇਲ ਖਾਂਦਾ ਪਰਿਵਾਰ ਅਲੋਹਾ ਵੀਅਰ ਬਣਾਇਆ ਗਿਆ ਸੀ ।
ਨਾਗਰਿਕਤਾ ਹਾਸਲ ਕਰਨਾ ਔਖਾ ਰਿਹਾ
ਉਨ੍ਹਾਂ ਦੀ ਸਫ਼ਲਤਾ ਦੇ ਬਾਵਜੂਦ, ਵਾਟੂਮੁੱਲ ਭਰਾਵਾਂ – ਝਾਮਨਦਾਸ ਅਤੇ ਗੋਬਿੰਦਰਾਮ – ਨੂੰ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ‘ਚ ਕਈ ਦਹਾਕੇ ਲੱਗ ਗਏ। ਹਵਾਈ ਬਿਜ਼ਨਸ ਮੈਗਜ਼ੀਨ ਨੇ ਲਿਖਿਆ ਹੈ ਕਿ ਦੇਸ਼ ਵਿੱਚ ਉਨ੍ਹਾਂ ਦੇ ਸ਼ੁਰੂਆਤੀ ਸਾਲ ਵਿਤਕਰੇ ਅਤੇ ਔਖੇ ਇਮੀਗ੍ਰੇਸ਼ਨ ਕਾਨੂੰਨਾਂ ਦੁਆਰਾ ਪ੍ਰਭਾਵਿਤ ਹੋਏ ਸਨ ।
1922 ਵਿੱਚ, ਗੋਬਿੰਦਰਾਮ ਨੇ ਐਲੇਨ ਜੇਨਸਨ, ਇੱਕ ਅਮਰੀਕੀ ਨਾਲ ਵਿਆਹ ਕਰਵਾਇਆ ਸੀ। ਇੱਕ ਪ੍ਰਵਾਸੀ ਜੋ ਨਾਗਰਿਕਤਾ ਲਈ ਯੋਗ ਨਹੀਂ ਹੈ, ਨਾਲ ਵਿਆਹ ਕਰਨ ਕਰਕੇ ਵਿਆਹ ਮਗਰੋਂ ਕੇਬਲ ਐਕਟ ਦੇ ਤਹਿਤ ਐਲੇਨ ਜੇਨਸਨ ਦੀ ਨਾਗਰਿਕਤਾ ਖੋਹ ਲਈ ਗਈ।
ਜੇਨਸਨ ਕਾਨੂੰਨ ਵਿੱਚ ਸੁਧਾਰ ਕਰਾਉਣ ਅਤੇ 1931 ਵਿੱਚ ਨਾਗਰਿਕਤਾ ਮੁੜ ਪ੍ਰਾਪਤ ਕਰਨ ਲਈ ਲੀਗ ਆਫ਼ ਵੂਮੈਨ ਵੋਟਰਜ਼ ਨਾਲ ਕੰਮ ਕਰਨ ਲੱਗੀ।
1946 ਵਿੱਚ ਜਦੋਂ ਭਾਰਤੀਆਂ ਨੂੰ ਨੈਚੁਰਲਾਈਜ਼ੇਸ਼ਨ ਦੁਆਰਾ ਨਾਗਰਿਕਤਾ ਪ੍ਰਾਪਤ ਕਰਨ ਦੀ ਇਜਾਜ਼ਤ ਦੇਣ ਵਾਲਾ ਇੱਕ ਕਾਨੂੰਨ ਲਾਗੂ ਕੀਤਾ ਗਿਆ ਤਾਂ ਗੋਬਿੰਦਰਾਮ ਵੀ ਉਥੋਂ ਦੇ ਨਾਗਰਿਕ ਬਣ ਗਏ।
ਇਸ ਦੌਰਾਨ ਉਨ੍ਹਾਂ ਦੇ ਭਰਾ ਝਾਮਨਦਾਸ ਦਾ ਬਹੁਤਾ ਸਮਾਂ ਭਾਰਤ ਅਤੇ ਹਵਾਈ ਵਿਚਕਾਰ ਵੰਡਿਆ ਰਿਹਾ।
‘ਸਾਡਾ’ ਦਾ ਕਹਿਣਾ ਹੈ ਕਿ ਭਾਰਤ ਦੀ 1947 ਦੀ ਵੰਡ ਦੇ ਦੌਰਾਨ ਆਪਣੀ ਬਹੁਤ ਸਾਰੀ ਜਾਇਦਾਦ ਪਿੱਛੇ ਛੱਡ ਵਾਟੂਮੁੱਲ ਪਰਿਵਾਰ ਸਿੰਧ ਤੋਂ ਬੰਬਈ (ਹੁਣ ਮੁੰਬਈ) ਪਲਾਇਣ ਕਰ ਗਿਆ ਸੀ।
ਝਾਮਨਦਾਸ ਦੇ ਪੁੱਤਰ ਗੁਲਾਬ ਆਖਰਕਾਰ ਪਰਿਵਾਰਕ ਕਾਰੋਬਾਰ ਵਿੱਚ ਕੰਮ ਕਰਨ ਅਤੇ ਇਸ ਦਾ ਮੁਖੀ ਬਣਨ ਲਈ ਹਵਾਈ ਪਹੁੰਚ ਗਏ।
1955 ਵਿੱਚ ਦੋ ਭਰਾਵਾਂ ਦਾ ਇਹ ਕਾਰੋਬਾਰ ਦੋ ਹਿੱਸਿਆਂ ‘ਚ ਵੰਡਿਆ ਗਿਆ। ਗੁਲਾਬ ਨੇ ਵਪਾਰ ਦਾ ਰਿਟੇਲ ਹਿੱਸਾ ਰੱਖਿਆ ਜਦੋਂ ਕਿ ਗੋਬਿੰਦਰਾਮ ਦੇ ਪਰਿਵਾਰ ਨੇ ਇਸ ਦੇ ਰੀਅਲ ਅਸਟੇਟ ਹਿੱਸੇ ਨੂੰ ਸੰਭਾਲ ਲਿਆ।
ਆਪਣੀ ਪਤਨੀ ਅਤੇ ਉਨ੍ਹਾਂ ਦੇ ਇੱਕ ਪੁੱਤਰ ਦੀ ਮੌਤ ਦੇ ਕੁਝ ਸਾਲ ਬਾਅਦ, 1956 ਵਿੱਚ ਝਾਮਨਦਾਸ ਵੀ ਸਥਾਈ ਤੌਰ ‘ਤੇ ਹਵਾਈ ਚਲੇ ਗਏ ਅਤੇ 1961 ਵਿੱਚ, ਇੱਕ ਅਮਰੀਕੀ ਨਾਗਰਿਕ ਬਣ ਗਏ।
ਭਾਰਤ ਦੇ ਨਾਲ ਰਿਸ਼ਤਾ
ਇਹਨਾਂ ਸਾਲਾਂ ‘ਚ ਪਰਿਵਾਰ ਵਲੋਂ ਭਾਰਤ ਅਤੇ ਉਥੋਂ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕੀਤਾ ਗਿਆ।
ਇਲੀਅਟ ਰੌਬਰਟ ਬਾਰਕਨ ‘ਮੇਕਿੰਗ ਇਟ ਇਨ ਅਮਰੀਕਾ’ ਵਿੱਚ ਲਿੱਖਦੇ ਹਨ ਕਿ ਗੋਬਿੰਦਰਾਮ ਭਾਰਤ ਦੀ ਆਜ਼ਾਦੀ ਲਈ ਬਣੀ ਕਮੇਟੀ ਦੇ ਇੱਕ ਸਰਗਰਮ ਮੈਂਬਰ ਸਨ ਅਤੇ ਦੇਸ਼ ਦੀ ਆਜ਼ਾਦੀ ਦੇ ਕੇਸ ਦਾ ਸਮਰਥਨ ਕਰਨ ਲਈ ਅਕਸਰ ਵਾਸ਼ਿੰਗਟਨ ਜਾਂਦੇ ਰਹਿੰਦੇ ਸੀ।
ਸਚਿੰਦਰ ਨਾਥ ਪ੍ਰਧਾਨ ਨੇ ‘ਇੰਡੀਆ ਇਨ ‘ਦ ਯੂਨਾਈਟਡ ਸਟੇਟਸ’ ਕਿਤਾਬ ‘ਚ ਲਿਖਿਆ ਹੈ ਕਿ ਲਾਸ ਏਂਜਲਸ ਵਿੱਚ ਗੋਬਿੰਦਰਾਮ ਦਾ ਘਰ “ਭਾਰਤੀ ਅਜ਼ਾਦੀ ਨਾਲ ਸਬੰਧਤ ਲੋਕਾਂ ਦਾ ਮੱਕਾ ਸੀ।”
1946 ਵਿੱਚ ਵਾਟੂਮੁੱਲ ਫਾਊਂਡੇਸ਼ਨ ਨੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਆਜ਼ਾਦ ਭਾਰਤ ‘ਚ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਵਾਲੇ ਡਾ: ਐੱਸ ਰਾਧਾਕ੍ਰਿਸ਼ਨਨ ਦੇ ਭਾਸ਼ਣਾਂ ਦੀ ਇੱਕ ਲੜੀ ਨੂੰ ਵੀ ਸਪਾਂਸਰ ਕੀਤਾ ਸੀ।
ਗੋਬਿੰਦਰਾਮ ਦੀ ਪਤਨੀ ਏਲਨ ਨੇ 1959 ਵਿੱਚ ਦਿੱਲੀ ਵਿੱਚ ਇੱਕ ਅੰਤਰਰਾਸ਼ਟਰੀ ਪੈਰੇਂਟਹੁੱਡ ਕਾਨਫਰੰਸ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ , ਜਿਸ ਨਾਲ ਦੇਸ਼ ਦੇ ‘ਚ ਪਹਿਲੇ ਜਨਮ ਨਿਯੰਤਰਣ ਕਲੀਨਿਕਾਂ ਦੀ ਸਥਾਪਨਾ ਹੋਈ।
ਪਰਿਵਾਰ ਦੇ ਪਰਉਪਕਾਰ ਕਾਰਜਾਂ ਵਿੱਚ ਹਵਾਈ ਅਤੇ ਭਾਰਤ ਵਿੱਚ ਵਿਦਿਅਕ ਸੰਸਥਾਵਾਂ ਲਈ ਫੰਡਿੰਗ, ਹੋਨੋਲੂਲੂ-ਅਧਾਰਿਤ ਕਲਾ ਪ੍ਰੋਗਰਾਮਾਂ ਲਈ ਦਾਨ ਅਤੇ ਭਾਰਤੀ-ਹਵਾਈਅਨ ਐਕਸਚੇਂਜ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ ਅਤੇ ਅੱਜ ਵੀ ਜਾਰੀ ਹੈ।
ਵਾਟੂਮੁੱਲ ਭਰਾਵਾਂ ਦੇ ਬਹੁਤ ਸਾਰੇ ਪੋਤੇ-ਪੋਤੀਆਂ ਅੱਜ ਹਵਾਈ ਅਤੇ ਇਸ ਦੇ ਆਲੇ-ਦੁਆਲੇ ਕੰਮ ਕਰਦੇ ਹਨ।
ਪਿਛਲੇ ਕੁਝ ਸਾਲਾਂ ਵਿੱਚ ਕਿਉਂਕਿ ਪਰਿਵਾਰਕ ਕਾਰੋਬਾਰ ਦਾ ਧਿਆਨ ਰੀਅਲ ਅਸਟੇਟ ਵੱਲ ਕੇਂਦਰਿਤ ਹੋ ਗਿਆ, ਇਸ ਦੇ ਨਾਲ ਵਾਟੂਮੁੱਲ ਰਿਟੇਲ ਸਟੋਰ ਦਾ ਆਖਰੀ ਸਟੋਰ 2020 ਵਿੱਚ ਬੰਦ ਹੋ ਗਿਆ। ਕੰਪਨੀ ਨੇ “ਸਾਲਾਂ ਤੱਕ ਚਲੇ ਚੰਗੇ ਕਾਰੋਬਾਰ ਅਤੇ ਚੰਗੀਆਂ ਯਾਦਾਂ” ਲਈ ਆਪਣੇ ਗਾਹਕਾਂ ਦਾ ਧੰਨਵਾਦ ਕੀਤਾ ।
ਵਾਟੂਮੁੱਲ ਪ੍ਰਾਪਰਟੀਜ਼ ਨੇ ਪਿਛਲੇ ਸਾਲ ਹਵਾਈ ਵਿੱਚ ਇੱਕ 19,045 ਵਰਗ ਮੀਟਰ (205,000 ਵਰਗ ਫੁੱਟ) ਮਾਰਕੀਟਪਲੇਸ ਖਰੀਦਿਆ ਸੀ। ਕੰਪਨੀ ਦੇ ਪ੍ਰਧਾਨ ਜੇ.ਡੀ. ਵਾਟੂਮੁੱਲ ਨੇ ਕਿਹਾ , “ਹਵਾਈਅਨ ਟਾਪੂ ਅੱਜ ਅਤੇ ਭਵਿੱਖ ਵਿੱਚ ਸਾਡੇ ਪਰਿਵਾਰ ਦੇ ਫੋਕਸ ‘ਚ ਰਹਿਣਗੇ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI