Source :- BBC PUNJABI

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

24 ਮਿੰਟ ਪਹਿਲਾਂ

ਭਾਰਤ ਦੇ ਪਾਕਿਸਤਾਨ ‘ਤੇ ਹਮਲੇ ਤੋਂ ਬਾਅਦ, ਕੱਟੜਪੰਥੀ ਸੰਗਠਨ ਜੈਸ਼-ਏ-ਮੁਹੰਮਦ ਨੇ ਕਿਹਾ ਹੈ ਕਿ ਇਸ ਹਮਲੇ ਵਿੱਚ ਸੰਗਠਨ ਦੇ ਮੁਖੀ ਮਸੂਦ ਅਜ਼ਹਰ ਦੇ ਪਰਿਵਾਰ ਦੇ ਦਸ ਮੈਂਬਰ ਅਤੇ ਚਾਰ ਨਜ਼ਦੀਕੀ ਸਾਥੀ ਮਾਰੇ ਗਏ ਹਨ।

ਇਸ ਸਬੰਧ ਵਿੱਚ, ਜੈਸ਼-ਏ-ਮੁਹੰਮਦ (ਜੇਈਐਮ) ਵੱਲੋਂ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ।

ਬੀਬੀਸੀ ਨਿਊਜ਼ ਉਰਦੂ ਦੇ ਅਨੁਸਾਰ, ਮ੍ਰਿਤਕਾਂ ਵਿੱਚ ਮਸੂਦ ਅਜ਼ਹਰ ਦੀ ਵੱਡੀ ਭੈਣ ਅਤੇ ਭਣੋਈਆ, ਭਾਣਜੇ ਦੀ ਪਤਨੀ ਅਤੇ ਭਾਣਜੀ ਤੋਂ ਇਲਾਵਾ ਪੰਜ ਬੱਚੇ ਸ਼ਾਮਲ ਹਨ।

ਇਸ ਬਿਆਨ ਦੇ ਮੁਤਾਬਕ, ਪਾਕਿਸਤਾਨ ਦੇ ਬਹਾਵਲਪੁਰ ਵਿੱਚ ਸੁਭਾਨ ਅੱਲ੍ਹਾ ਮਸਜਿਦ ‘ਤੇ ਹੋਏ ਹਮਲੇ ਵਿੱਚ ਮਸੂਦ ਅਜ਼ਹਰ ਦੇ ਰਿਸ਼ਤੇਦਾਰ ਮਾਰੇ ਗਏ ਹਨ।

ਇਸੇ ਬਹਾਵਲਪੁਰ ਵਿੱਚ, 10 ਜੁਲਾਈ, 1968 ਨੂੰ ਅੱਲ੍ਹਾਬਖਸ਼ ਸਾਬੀਰ ਦੇ ਪਰਿਵਾਰ ਵਿੱਚ ਮਸੂਦ ਅਜ਼ਹਰ ਦਾ ਜਨਮ ਹੋਇਆ ਸੀ। ਅਜ਼ਹਰ ਦੇ ਪਿਤਾ ਸਾਬੀਰ ਬਹਾਵਲਪੁਰ ਦੇ ਇੱਕ ਸਰਕਾਰੀ ਸਕੂਲ ਦੇ ਹੈੱਡਮਾਸਟਰ ਸਨ।

7 ਮਾਰਚ, 2024 ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਮੋਸਟ ਵਾਂਟੇਡ ਲੋਕਾਂ ਦੀ ਸੂਚੀ ਵਿੱਚ 57 ਸਾਲਾ ਮਸੂਦ ਅਜ਼ਹਰ ਦਾ ਨਾਮ ਪਹਿਲੇ ਨੰਬਰ ‘ਤੇ ਹੈ।

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਭਾਰਤ ਵਿਰੁੱਧ ਮਸੂਦ ਦੇ ਅਪਰਾਧਾਂ ਦੀ ਇੱਕ ਲੰਬੀ ਸੂਚੀ ਹੈ ਅਤੇ ਉਸਦਾ ਨਾਮ ਕਈ ਮਾਮਲਿਆਂ ਵਿੱਚ ਮੁਲਜ਼ਮ ਵਜੋਂ ਹੈ।

ਇਨ੍ਹਾਂ ਮਾਮਲਿਆਂ ਵਿੱਚ 1 ਅਕਤੂਬਰ 2001 ਨੂੰ ਸ੍ਰੀਨਗਰ ਵਿੱਚ ਤਤਕਾਲੀ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਕੰਪਲੈਕਸ ‘ਤੇ ਹਮਲਾ ਵੀ ਸ਼ਾਮਲ ਹੈ, ਜਿਸ ਵਿੱਚ 38 ਲੋਕ ਮਾਰੇ ਗਏ ਸਨ।

ਇਸ ਤੋਂ ਬਾਅਦ, 12 ਦਸੰਬਰ 2001 ਨੂੰ ਭਾਰਤੀ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਵਿੱਚ ਵੀ ਅਜ਼ਹਰ ਦਾ ਨਾਮ ਹੈ। ਇਸ ਹਮਲੇ ਵਿੱਚ ਛੇ ਸੁਰੱਖਿਆ ਕਰਮਚਾਰੀ ਅਤੇ ਤਿੰਨ ਹੋਰ ਲੋਕ ਮਾਰੇ ਗਏ ਸਨ।

ਪੁਲਵਾਮਾ ਹਮਲੇ ਦੀ ਸਾਜ਼ਿਸ਼ ਦੇ ਇਲਜ਼ਾਮ

ਪੁਲਵਾਮਾ ਹਮਲਾ

ਤਸਵੀਰ ਸਰੋਤ, EPA

ਮਸੂਦ ਅਜ਼ਹਰ ‘ਤੇ ਹੀ ਪੁਲਵਾਮਾ ਹਮਲੇ ਦਾ ਵੀ ਇਲਜ਼ਾਮ ਹੈ, ਜਿਸ ਵਿੱਚ 40 ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ।

ਹਾਲਾਂਕਿ, ਮੌਲਾਨਾ ਮਸੂਦ ਅਜ਼ਹਰ ਦੀ ਸਭ ਤੋਂ ਵੱਧ ਚਰਚਾ ਕੰਧਾਰ ਹਾਈਜੈਕ ਦੌਰਾਨ ਹੋਈ ਸੀ। ਸਾਲ 1999 ਵਿੱਚ ਕੰਧਾਰ ਹਾਈਜੈਕ ਦੌਰਾਨ ਜਿਨ੍ਹਾਂ ਤਿੰਨ ਅੱਤਵਾਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ, ਉਨ੍ਹਾਂ ਵਿੱਚ ਮਸੂਦ ਅਜ਼ਹਰ ਦਾ ਨਾਮ ਵੀ ਸ਼ਾਮਲ ਸੀ।

ਭਾਰਤ ਸਰਕਾਰ ਦੇ ਤਤਕਾਲੀ ਵਿਦੇਸ਼ ਮੰਤਰੀ ਜਸਵੰਤ ਸਿੰਘ ਮਸੂਦ ਅਜ਼ਹਰ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਕੰਧਾਰ ਲੈ ਗਏ ਸਨ ਅਤੇ ਉਦੋਂ ਤੋਂ ਹੀ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਮਸੂਦ ਅਜ਼ਹਰ ਦੀ ਭਾਲ਼ ਕਰ ਰਹੀਆਂ ਹਨ।

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਮਸੂਦ ਅਜ਼ਹਰ ਦੀ ਪਛਾਣ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਵਜੋਂ ਹੈ। ਭਾਰਤ ਸਰਕਾਰ ਲਗਾਤਾਰ ਦਾਅਵਾ ਕਰਦੀ ਆ ਰਹੀ ਹੈ ਕਿ ਇਸ ਸੰਗਠਨ ਦਾ ਮੁੱਖ ਦਫਤਰ ਪਾਕਿਸਤਾਨੀ ਪੰਜਾਬ ਦੇ ਬਹਾਵਲਪੁਰ ਵਿੱਚ ਹੈ।

ਇਹ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਜਿਸ ਕਾਰਨ ਭਾਰਤ ਨੇ ਪਹਿਲੀ ਵਾਰ ਪਾਕਿਸਤਾਨ ਦੀ ਸਰਹੱਦ ਦੇ 100 ਕਿਲੋਮੀਟਰ ਅੰਦਰ ਜਾਕੇ ਹਮਲਾ ਕੀਤਾ ਹੈ।

ਭਾਰਤ ਵਾਰ-ਵਾਰ ਪਾਕਿਸਤਾਨ ਨੂੰ ਮਸੂਦ ਅਜ਼ਹਰ ਨੂੰ ਭਾਰਤ ਦੇ ਹਵਾਲੇ ਕਰਨ ਲਈ ਕਹਿ ਚੁੱਕਿਆ ਹੈ ਪਰ ਪਾਕਿਸਤਾਨ ਹਮੇਸ਼ਾ ਦਾਅਵਾ ਕਰਦਾ ਰਿਹਾ ਹੈ ਕਿ ਉਹ ਪਾਕਿਸਤਾਨ ਵਿੱਚ ਨਹੀਂ ਹੈ।

ਜਿਹਾਦੀ ਗਤੀਵਿਧੀਆਂ ਦੀ ਸ਼ੁਰੂਆਤ

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਭਾਰਤ 2009 ਤੋਂ ਮੌਲਾਨਾ ਮਸੂਦ ਅਜ਼ਹਰ ਦੇ ਜੈਸ਼-ਏ-ਮੁਹੰਮਦ ਨੂੰ ਸੰਯੁਕਤ ਰਾਸ਼ਟਰ ਦੇ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕਰਦਾ ਆ ਰਿਹਾ ਹੈ, ਪਰ ਚੀਨ ਹਮੇਸ਼ਾ ਇਸਦੇ ਵਿਰੁੱਧ ਆਪਣੇ ਵੀਟੋ ਦੀ ਵਰਤੋਂ ਕਰਦਾ ਆਇਆ ਹੈ।

ਲਗਭਗ ਦਸ ਸਾਲਾਂ ਦੀਆਂ ਕੋਸ਼ਿਸ਼ਾਂ ਅਤੇ ਪੁਲਵਾਮਾ ਹਮਲੇ ਤੋਂ ਬਾਅਦ, 1 ਮਈ, 2019 ਨੂੰ ਸੰਯੁਕਤ ਰਾਸ਼ਟਰ ਨੇ ਮੌਲਾਨਾ ਮਸੂਦ ਅਜ਼ਹਰ ਦੇ ਸੰਗਠਨ ਨੂੰ ‘ਅੱਤਵਾਦੀ ਸੰਗਠਨ’ ਘੋਸ਼ਿਤ ਕੀਤਾ ਸੀ, ਜਿਸ ਬਾਰੇ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਪਾਬੰਦੀ ਕਮੇਟੀ ‘ਤੇ ਸਵਾਲ ਉਠਾਏ ਸਨ।

ਭਾਰਤੀ ਗ੍ਰਹਿ ਮੰਤਰਾਲੇ ਦੁਆਰਾ ਮੋਸਟ ਵਾਂਟੇਡ ਸੂਚੀ ਵਿੱਚ ਮਸੂਦ ਅਜ਼ਹਰ ਦੀਆਂ ਜਿਨ੍ਹਾਂ ਗਤੀਵਿਧੀਆਂ ਦਾ ਜ਼ਿਕਰ ਹੈ, ਉਨ੍ਹਾਂ ਦੇ ਅਨੁਸਾਰ, ਅਜ਼ਹਰ ਦੀ ਅਗਵਾਈ ਵਿੱਚ ਜੈਸ਼-ਏ-ਮੁਹੰਮਦ ਅੱਤਵਾਦੀ ਗਤੀਵਿਧੀਆਂ ਲਈ ਇੱਕ ਵਿਸ਼ਾਲ ਭਰਤੀ ਮੁਹਿੰਮ ਚਲਾਉਂਦਾ ਹੈ ਅਤੇ ਨੌਜਵਾਨਾਂ ਨੂੰ ਭਾਰਤ ਵਿਰੁੱਧ ਕਾਰਵਾਈ ਕਰਨ ਲਈ ਉਕਸਾਉਂਦਾ ਰਿਹਾ ਹੈ।

ਜਨਵਰੀ 2002 ਵਿੱਚ, ਇੰਡੀਅਨ ਐਕਸਪ੍ਰੈਸ ਅਖਬਾਰ ਨੇ ਮੌਲਾਨਾ ਮਸੂਦ ਅਜ਼ਹਰ ਬਾਰੇ ਇੱਕ ਵਿਸਤ੍ਰਿਤ ਲੇਖ ਪ੍ਰਕਾਸ਼ਿਤ ਕੀਤਾ। ਇਸ ਲੇਖ ਦੇ ਅਨੁਸਾਰ, ਮਸੂਦ ਅਜ਼ਹਰ ਜਿਹਾਦੀ ਗਤੀਵਿਧੀਆਂ ਨਾਲ ਜੁੜਾਅ ਕਰਾਚੀ ਵਿੱਚ ਆਪਣੀ ਪੜ੍ਹਾਈ ਦੌਰਾਨ ਹੋਇਆ ਸੀ।

ਇਹ ਵੀ ਪੜ੍ਹੋ-

ਭਾਰਤ ਵਿੱਚ ਮਸੂਦ ਅਜ਼ਹਰ ਦੀ ਗ੍ਰਿਫ਼ਤਾਰੀ

ਇਸ ਅਖ਼ਬਾਰ ਦੀ ਰਿਪੋਰਟ ਦੇ ਅਨੁਸਾਰ, ਮਸੂਦ ਅਜ਼ਹਰ ਭਾਰਤ ਵਿੱਚ ਸਰਹੱਦ ਦੇ ਰਸਤਿਓਂ ਦਾਖਿਲ ਨਹੀਂ ਹੋਇਆ ਸੀ, ਸਗੋਂ ਜਨਵਰੀ 1994 ਵਿੱਚ ਢਾਕਾ ਤੋਂ ਦਿੱਲੀ ਹਵਾਈ ਉਡਾਣ ਰਾਹੀਂ ਆਇਆ ਸੀ।

ਕੁਝ ਦਿਨ ਦਿੱਲੀ ਦੇ ਮਸ਼ਹੂਰ ਹੋਟਲਾਂ ਵਿੱਚ ਰਹਿਣ ਤੋਂ ਬਾਅਦ, ਮਸੂਦ ਪਹਿਲਾਂ ਦੇਓਬੰਦ ਅਤੇ ਫਿਰ ਕਸ਼ਮੀਰ ਪਹੁੰਚਿਆ, ਜਿੱਥੋਂ ਉਸਨੂੰ 10 ਫਰਵਰੀ 1994 ਨੂੰ ਭਾਰਤੀ ਸੁਰੱਖਿਆ ਬਲਾਂ ਨੇ ਹਿਰਾਸਤ ਵਿੱਚ ਲੈ ਲਿਆ।

ਮਸੂਦ ਦੀ ਗ੍ਰਿਫ਼ਤਾਰੀ ਦੇ 10 ਮਹੀਨਿਆਂ ਦੇ ਅੰਦਰ, ਅੱਤਵਾਦੀਆਂ ਨੇ ਦਿੱਲੀ ਵਿੱਚ ਕੁਝ ਵਿਦੇਸ਼ੀਆਂ ਨੂੰ ਅਗਵਾ ਕਰ ਲਿਆ ਸੀ ਅਤੇ ਉਨ੍ਹਾਂ ਦੀ ਰਿਹਾਈ ਦੇ ਬਦਲੇ ਮਸੂਦ ਅਜ਼ਹਰ ਦੀ ਰਿਹਾਈ ਦੀ ਮੰਗ ਕੀਤੀ ਸੀ।

ਮਸੂਦ ਅਜ਼ਹਰ

ਤਸਵੀਰ ਸਰੋਤ, Getty Images

ਇਹ ਕਾਰਵਾਈ ਅਸਫਲ ਹੋ ਗਈ ਕਿਉਂਕਿ ਉੱਤਰ ਪ੍ਰਦੇਸ਼ ਅਤੇ ਦਿੱਲੀ ਪੁਲਿਸ ਸਹਾਰਨਪੁਰ ਤੋਂ ਬੰਧਕਾਂ ਨੂੰ ਛੁਡਾਉਣ ਵਿੱਚ ਸਫਲ ਹੋ ਗਈ।

ਇੱਕ ਸਾਲ ਬਾਅਦ, ਹਰਕਤ-ਉਲ-ਅੰਸਾਰ ਨੇ ਫਿਰ ਕੁਝ ਵਿਦੇਸ਼ੀਆਂ ਨੂੰ ਅਗਵਾ ਕਰਕੇ ਅਜ਼ਹਰ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਕੋਸ਼ਿਸ਼ ਵੀ ਅਸਫਲ ਰਹੀ।

ਉਸ ਤੋਂ ਬਾਅਦ ਤੋਂ 1999 ਵਿੱਚ ਰਿਹਾਈ ਤੱਕ ਅਜ਼ਹਰ ਨੂੰ ਜੰਮੂ ਦੀ ਕੋਟ ਭਲਵਾਲ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉਸ ਸਮੇਂ ਉੱਥੇ ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤੇ ਗਏ ਕਸ਼ਮੀਰੀ, ਅਫਗਾਨ ਅਤੇ ਪਾਕਿਸਤਾਨੀ ਅੱਤਵਾਦੀਆਂ ਦੀ ਇੱਕ ਪੂਰੀ ਟੋਲੀ ਕੈਦ ਸੀ।

ਇਸ ਵਿੱਚ ਕੱਟੜਪੰਥੀ ਸੰਗਠਨ ਹਰਕਤ-ਉਲ-ਮੁਜਾਹਿਦੀਨ ਦਾ ਸ਼੍ਰੀਨਗਰ ਦਾ ਕਮਾਂਡਰ ਕਿਹਾ ਜਾਣ ਵਾਲਾ ਸੈਫੁੱਲਾ ਖਾਨ ਅਤੇ ਉਸਦੇ ਦੋ ਭਰਾ ਵੀ ਸ਼ਾਮਲ ਸਨ।

ਅੱਤਵਾਦੀਆਂ ‘ਤੇ ਕਿੰਨਾ ਪ੍ਰਭਾਵ?

ਮਸੂਦ ਅਜ਼ਹਰ

ਤਸਵੀਰ ਸਰੋਤ, AFP

ਸ੍ਰੀਨਗਰ ਵਿੱਚ ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਨਾਲ ਗੱਲਬਾਤ ਵਿੱਚ, ਸੈਫੁੱਲਾ ਨੇ ਦਾਅਵਾ ਕੀਤਾ ਸੀ ਕਿ ਮਸੂਦ ਅਜ਼ਹਰ ਨੇ ਜੇਲ੍ਹ ਵਿੱਚ ਕੈਦ ਰਹਿਣ ਦੌਰਾਨ ਕੁਝ ਗੱਲਾਂ ਦਾ ਜ਼ਿਕਰ ਕੀਤਾ ਸੀ।

ਉਸਨੇ ਦੱਸਿਆ ਸੀ, “ਮੌਲਾਨਾ ਦਾ ਸਿਰਫ਼ ਇੱਕ ਹੀ ਕੰਮ ਸੀ, ਭਾਸ਼ਣ ਦੇਣਾ। ਉਨ੍ਹਾਂ ਨੇ ਬੰਦੂਕ ਨਹੀਂ ਚੁੱਕੀ ਸੀ, ਕਿਸੇ ਨੂੰ ਮਾਰਿਆ ਨਹੀਂ ਸੀ। ਉਹ ਜਿਹਾਦ ਦੀ ਵਿਚਾਰਧਾਰਾ ‘ਤੇ ਭਾਸ਼ਣ ਦਿੰਦੇ ਸਨ।”

ਸੈਫੁੱਲਾ ਦੇ ਅਨੁਸਾਰ, ਮੌਲਾਨਾ ਅਜ਼ਹਰ ਦੇ ਭਾਸ਼ਣ ਦਾ ਉੱਥੇ ਮੌਜੂਦ ਸਾਰੇ ਅੱਤਵਾਦੀ ਆਂ ‘ਤੇ ਬਹੁਤ ਪ੍ਰਭਾਵ ਪੈਂਦਾ ਸੀ। ਹਾਲਾਂਕਿ, ਜ਼ੁਬੈਰ ਅਹਿਮਦ ਨੇ ਆਪਣੀ ਰਿਪੋਰਟ ਵਿੱਚ ਜ਼ਿਕਰ ਕੀਤਾ ਸੀ ਕਿ ਮੌਲਾਨਾ ਦੇ ਯੂਟਿਊਬ ‘ਤੇ ਮੌਜੂਦ ਕਲਿੱਪ ਭਾਰਤ ਵਿਰੁੱਧ ਭੜਕਾਊ ਸਨ।

ਪਾਕਿਸਤਾਨ

ਬੀਬੀਸੀ ਨਿਊਜ਼ ਉਰਦੂ ਦੇ ਮੌਜੂਦਾ ਸੰਪਾਦਕ ਆਸਿਫ਼ ਫਾਰੂਕੀ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ‘ਪਾਕਿਸਤਾਨ ਵਿੱਚ ਪਾਬੰਦੀ ਦੇ ਬਾਵਜੂਦ, ਜੈਸ਼-ਏ-ਮੁਹੰਮਦ ਦੀਆਂ ਕੁਝ ਗਤੀਵਿਧੀਆਂ ਵੇਖੀਆਂ ਗਈਆਂ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨੀ ਖੁਫੀਆ ਤੰਤਰ ਤੋਂ ਮਦਦ ਮਿਲਦੀ ਰਹੀ। ਪਰ ਇਸਦਾ ਕੋਈ ਸਬੂਤ ਨਹੀਂ ਹੈ।’

ਆਸਿਫ਼ ਫਾਰੂਕੀ ਨੇ ਦੱਸਿਆ ਸੀ, “ਸਾਲ 1999 ਵਿੱਚ ਕੰਧਾਰ ਕਾਂਡ ਤੋਂ ਬਾਅਦ ਮਸੂਦ ਅਜ਼ਹਰ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਮਦਦ ਨਾਲ ਜੈਸ਼-ਏ-ਮੁਹੰਮਦ ਬਣਾਇਆ। ਦੋ-ਤਿੰਨ ਸਾਲ ਬਾਅਦ ਪਾਕਿਸਤਾਨ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਦੇ ਸੰਗਠਨ ‘ਤੇ ਪਾਬੰਦੀ ਲਗਾ ਦਿੱਤੀ ਗਈ।”

”ਮੈਂ ਅੱਜ ਤੱਕ ਕੋਈ ਵੀ ਅਜਿਹਾ ਆਗੂ ਨਹੀਂ ਦੇਖਿਆ ਜਿਸਨੇ ਕਦੇ ਵੀ ਮਸੂਦ ਅਜ਼ਹਰ ਦੇ ਹੱਕ ਵਿੱਚ ਖੁੱਲ੍ਹ ਕੇ ਜਾਂ ਦਬੇ-ਛਿਪੇ ਕੋਈ ਗੱਲ ਕਹੀ ਹੋਵੇ।”

ਪਾਕਿਸਤਾਨ ਵਿੱਚ ਕਿਹੋ-ਜਿਹਾ ਅਕਸ

ਮਸੂਦ ਅਜ਼ਹਰ

ਤਸਵੀਰ ਸਰੋਤ, ANI

ਆਸਿਫ਼ ਫਾਰੂਕੀ ਮੁਤਾਬਕ, “ਪਾਕਿਸਤਾਨ ਵਿੱਚ ਮਸੂਦ ਅਜ਼ਹਰ ਬਾਰੇ ਕੋਈ ਚੰਗੀ ਰਾਇ ਨਹੀਂ ਹੈ। ਹਰ ਕੋਈ ਜਾਣਦਾ ਹੈ ਕਿ ਉਹ ਇੱਕ ਕੱਟੜਪੰਥੀ ਸਮੂਹ ਦਾ ਮੁਖੀ ਹੈ ਅਤੇ ਕੱਟੜਪੰਥ ਦਾ ਪ੍ਰਚਾਰ ਕਰਦਾ ਹੈ।”

“ਕਈ ਅੱਤਵਾਦੀ ਘਟਨਾਵਾਂ ਵਿੱਚ ਉਨ੍ਹਾਂ ਦਾ ਹੱਥ ਹੈ। ਨੌਜਵਾਨਾਂ ਦੀ ਉਨ੍ਹਾਂ ਬਾਰੇ ਚੰਗੀ ਰਾਇ ਨਹੀਂ ਹੈ। ਪਰ ਸਮਾਜ ਦਾ ਇੱਕ ਵਰਗ ਅਜਿਹਾ ਵੀ ਹੈ, ਜੋ ਉਨ੍ਹਾਂ ਦਾ ਸਮਰਥਨ ਕਰਦਾ ਹੈ। ਇਹ ਉਹ ਲੋਕ ਹਨ, ਜੋ ਭਾਰਤ ਨੂੰ ਆਪਣਾ ਦੁਸ਼ਮਣ ਮੰਨਦੇ ਹਨ।”

ਹਾਲਾਂਕਿ, ਮੌਲਾਨਾ ਮਸੂਦ ਅਜ਼ਹਰ ਨੂੰ ਜਨਤਕ ਤੌਰ ‘ਤੇ ਘੱਟ ਹੀ ਦੇਖਿਆ ਗਿਆ ਹੈ। ਹਾਫਿਜ਼ ਸਈਦ ਵਾਂਗ, ਪਾਕਿਸਤਾਨੀ ਮੀਡੀਆ ਵਿੱਚ ਮੌਲਾਨਾ ਨਾਲ ਸਬੰਧਤ ਸੁਰਖੀਆਂ ਨਹੀਂ ਦਿਖਾਈ ਦਿੰਦੀਆਂ।

ਪਿਛਲੇ ਦੋ ਦਹਾਕਿਆਂ ਵਿੱਚ ਮਸੂਦ ਦੀ ਜਨਤਕ ਮੌਜੂਦਗੀ ਦੀ ਚਰਚਾ ਸਿਰਫ਼ ਦੋ ਵਾਰ ਹੋਈ ਹੈ।

ਇਸ ਬਾਰੇ ਆਸਿਫ਼ ਫਾਰੂਕੀ ਨੇ ਦੱਸਿਆ, “ਕਰਾਚੀ ਵਿੱਚ ਇੱਕ ਜਲਸੇ ਵਿੱਚ ਮੌਲਾਨਾ ਨਜ਼ਰ ਆਏ ਸਨ ਅਤੇ ਇਸ ਤੋਂ ਬਾਅਦ ਮੁਜ਼ੱਫਰਾਬਾਦ ਵਿੱਚ ਜੇਹਾਦੀ ਸੰਗਠਨਾਂ ਦੀ ਇੱਕ ਕਾਨਫਰੰਸ ਵਿੱਚ ਉਨ੍ਹਾਂ ਨੂੰ ਦੇਖਿਆ ਗਿਆ ਸੀ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI