Source :- BBC PUNJABI

ਆਪ੍ਰੇਸ਼ਨ ਸਿੰਦੂਰ

ਤਸਵੀਰ ਸਰੋਤ, Reuters

ਇੱਕ ਘੰਟਾ ਪਹਿਲਾਂ

ਭਾਰਤ ਸਰਕਾਰ ਨੇ ਕੁਝ ਸਮਾਂ ਪਹਿਲਾਂ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਰਤੀ ਫੌਜ ਨੇ “ਆਪ੍ਰੇਸ਼ਨ ਸਿੰਦੂਰ” ਸ਼ੁਰੂ ਕਰ ਦਿੱਤਾ ਹੈ।

ਭਾਰਤ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ, “ਇਸ ਕਾਰਵਾਈ ਹੇਠ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੋਂ ਭਾਰਤ ਉੱਤੇ ਹੋਏ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ ਅਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਗਿਆ ਸੀ।”

ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ “ਕੁੱਲ ਨੌਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।”

22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਬਹੁਤ ਤਣਾਅਪੂਰਨ ਹੋ ਗਏ ਹਨ।

ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ।

ਰਾਇਟਰਜ਼ ਨਿਊਜ਼ ਏਜੰਸੀ ਦੇ ਮੁਤਾਬਕ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਤੋਂ ਵੀ ਭਾਰੀ ਗੋਲਾਬਾਰੀ ਅਤੇ ਜ਼ੋਰਦਾਰ ਧਮਾਕਿਆਂ ਦੀਆਂ ਰਿਪੋਰਟਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ ?

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਸ ਹਮਲੇ ‘ਤੇ ਪ੍ਰਤੀਕਿਰਿਆ ਦਿੰਦੀਆਂ ਸੋਸ਼ਲ ਮੀਡਿਆ ਪਲੇਟਫਾਰਮ ਐਕਸ ਦੀ ਇੱਕ ਪੋਸਟ ‘ਚ ਲਿਖਿਆ, “ਮੱਕਾਰ ਦੁਸ਼ਮਣ ਨੇ ਪਾਕਿਸਤਾਨ ਦੇ ਪੰਜ ਠਿਕਾਣਿਆਂ ‘ਤੇ ਕਾਇਰਤਾਪੂਰਨ ਹਮਲੇ ਕੀਤੇ ਹਨ।”

“ਪਾਕਿਸਤਾਨ ਨੂੰ ਭਾਰਤ ਵੱਲੋਂ ਥੋਪੀ ਗਈ ਇਸ ਜੰਗ ਦਾ ਜ਼ੋਰਦਾਰ ਜਵਾਬ ਦੇਣ ਦਾ ਪੂਰਾ ਹੱਕ ਹੈ, ਅਤੇ ਜ਼ੋਰਦਾਰ ਜਵਾਬ ਦਿੱਤਾ ਜਾ ਰਿਹਾ ਹੈ।”

ਉਨ੍ਹਾਂ ਨੇ ਅੱਗੇ ਲਿਖਿਆ, “ਪੂਰਾ ਦੇਸ਼ ਪਾਕਿਸਤਾਨੀ ਹਥਿਆਰਬੰਦ ਸੈਨਾਵਾਂ ਦੇ ਨਾਲ ਖੜ੍ਹਾ ਹੈ, ਅਤੇ ਪੂਰੇ ਪਾਕਿਸਤਾਨੀ ਰਾਸ਼ਟਰ ਦਾ ਮਨੋਬਲ ਅਤੇ ਭਾਵਨਾ ਮਜ਼ਬੂਤ ਹੈ।”

“ਪਾਕਿਸਤਾਨੀ ਕੌਮ ਅਤੇ ਪਾਕਿਸਤਾਨੀ ਹਥਿਆਰਬੰਦ ਫੌਜਾਂ ਜਾਣਦੀਆਂ ਹਨ ਕਿ ਦੁਸ਼ਮਣ ਨਾਲ ਕਿਵੇਂ ਨਜਿੱਠਣਾ ਹੈ। ਅਸੀਂ ਦੁਸ਼ਮਣ ਨੂੰ ਉਨ੍ਹਾਂ ਦੇ ਨਾਪਾਕ ਇਰਾਦਿਆਂ ਵਿੱਚ ਕਦੇ ਵੀ ਸਫਲ ਨਹੀਂ ਹੋਣ ਦੇਵਾਂਗੇ।”

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼

ਤਸਵੀਰ ਸਰੋਤ, X/CMShehbaz

ਡੌਨਲਡ ਟਰੰਪ ਨੇ ਵੀ ਕੀਤੀ ਟਿੱਪਣੀ

ਪਾਕਿਸਤਾਨ ਦੇ ਅੰਦਰ ਭਾਰਤੀ ਹਮਲਿਆਂ ‘ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਆਪਣੀ ਪਹਿਲੀ ਟਿੱਪਣੀ ਦਿੱਤੀ ਹੈ।

ਟਰੰਪ ਨੇ ਕਿਹਾ, “ਇਹ ਇੱਕ ਸ਼ਰਮਨਾਕ ਗੱਲ ਹੈ। ਮੈਨੂੰ ਲੱਗਦਾ ਹੈ ਕਿ ਲੋਕ ਅਤੀਤ ਦੇ ਆਧਾਰ ‘ਤੇ ਜਾਣਦੇ ਸਨ ਕਿ ਕੁਝ ਹੋਣ ਵਾਲਾ ਹੈ। ਉਹ ਲੰਬੇ ਸਮੇਂ ਤੋਂ ਲੜ ਰਹੇ ਹਨ। ਜੇ ਤੁਸੀਂ ਇਸ ਬਾਰੇ ਵਿਚਾਰੋ ਤਾਂ ਉਹ ਦਹਾਕਿਆਂ ਅਤੇ ਸਦੀਆਂ ਤੋਂ ਲੜ ਰਹੇ ਹਨ। ਮੈਂ ਉਮੀਦ ਕਰਦਾ ਹਾਂ ਕਿ ਇਹ ਬਹੁਤ ਜਲਦੀ ਖ਼ਤਮ ਹੋ ਜਾਵੇਗਾ।”

ਚਸ਼ਮਦੀਦਾਂ ਨੇ ਕੀ ਕਿਹਾ?

ਬੀਬੀਸੀ ਨਾਲ ਗੱਲ ਕਰਦੇ ਹੋਏ, ਕੁਝ ਚਸ਼ਮਦੀਦਾਂ ਨੇ ਹਮਲੇ ਵਾਲੀ ਥਾਂ ਦੀ ਮੌਜੂਦਾ ਸਥਿਤੀ ਬਾਰੇ ਦੱਸਿਆ।

ਮੁਜ਼ੱਫਰਾਬਾਦ ਦੇ ਵਸਨੀਕ ਸ਼ਾਹਨਵਾਜ਼ ਨੇ ਕਿਹਾ, “ਅਸੀਂ ਆਪਣੇ ਘਰਾਂ ਵਿੱਚ ਗੂੜ੍ਹੀ ਨੀਂਦ ਸੁੱਤੇ ਹੋਏ ਸੀ ਜਦੋਂ ਧਮਾਕਿਆਂ ਦੀ ਆਵਾਜ਼ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ। ਹੁਣ ਅਸੀਂ ਆਪਣੇ ਪਰਿਵਾਰਾਂ, ਔਰਤਾਂ ਅਤੇ ਬੱਚਿਆਂ ਨਾਲ ਬਾਹਰ ਹਾਂ ਅਤੇ ਸੁਰੱਖਿਅਤ ਥਾਵਾਂ ਦੀ ਭਾਲ ਵਿੱਚ ਭਟਕ ਰਹੇ ਹਾਂ।”

ਸ਼ਹਿਰ ਵਿੱਚ ਡਰ ਦਾ ਮਾਹੌਲ ਹੈ, ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਹੋਰ ਹਮਲੇ ਹੋ ਸਕਦੇ ਹਨ।

ਮੁਜ਼ੱਫਰਾਬਾਦ ਦੇ ਨਿਵਾਸੀ ਮੁਹੰਮਦ ਵਹੀਦ ਨੇ ਕਿਹਾ “ਮੈਂ ਡੂੰਘੀ ਨੀਂਦ ਵਿੱਚ ਸੀ ਜਦੋਂ ਪਹਿਲੇ ਧਮਾਕੇ ਨੇ ਮੇਰਾ ਘਰ ਹਿਲਾ ਦਿੱਤਾ।”

ਉਨ੍ਹਾਂ ਨੇ ਅੱਗੇ ਕਿਹਾ, “ਮੈਂ ਤੁਰੰਤ ਬਾਹਰ ਭੱਜਿਆ ਅਤੇ ਦੇਖਿਆ ਕਿ ਹੋਰ ਲੋਕ ਵੀ ਇਹੀ ਕਰ ਰਹੇ ਸਨ। ਅਸੀਂ ਅਜੇ ਵੀ ਸਥਿਤੀ ਨੂੰ ਸਮਝ ਨਹੀਂ ਸਕੇ ਸੀ ਜਦੋਂ ਤਿੰਨ ਹੋਰ ਮਿਜ਼ਾਈਲਾਂ ਡਿੱਗ ਪਈਆਂ, ਜਿਸ ਨਾਲ ਪੂਰੇ ਖੇਤਰ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਮਚ ਗਈ।”

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI