Source :- BBC PUNJABI

ਬਿਲਾਲ ਮਸਜਿਦ

ਤਸਵੀਰ ਸਰੋਤ, Red Crescent/ BBC Urdu

ਇੱਕ ਘੰਟਾ ਪਹਿਲਾਂ

ਭਾਰਤੀ ਫੌਜ ਨੇ ਕਿਹਾ ਕਿ ਉਸ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਨੌਂ ਟਿਕਾਣਿਆਂ ‘ਤੇ “ਅੱਤਵਾਦੀ ਕੈਂਪਾਂ” ‘ਤੇ ਹਮਲੇ ਕੀਤੇ ਹਨ।

ਭਾਰਤੀ ਫੌਜ ਅਤੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਸਵੇਰੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਸ ਹਮਲੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਹੈ।

ਇਸ ਪ੍ਰੈੱਸ ਕਾਨਫਰੰਸ ਵਿੱਚ ਕਰਨਲ ਸੋਫੀਆ ਕੁਰੈਸ਼ੀ ਨੇ ਦੱਸਿਆ ਕਿ ਭਾਰਤੀ ਫੌਜ ਦੇ ‘ਆਪ੍ਰੇਸ਼ਨ ਸਿੰਦੂਰ’ ਵਿੱਚ, “ਨੌਂ ਟਿਕਾਣਿਆਂ ‘ਤੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ।”

ਦੂਜੇ ਪਾਸੇ, ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਹਵਾਈ ਹਮਲਿਆਂ ਵਿੱਚ ਬੱਚਿਆਂ ਅਤੇ ਔਰਤਾਂ ਸਣੇ 26 ਲੋਕ ਮਾਰੇ ਗਏ ਹਨ ਅਤੇ 46 ਜ਼ਖ਼ਮੀ ਹੋਏ ਹਨ।

ਮੰਗਲਵਾਰ ਨੂੰ ਦੇਰ ਰਾਤ ਇੱਕ ਬਿਆਨ ਵਿੱਚ ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਦੱਸਿਆ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿੱਚ ਅਹਿਮਦਪੁਰ ਸ਼ਰਕੀਆ, ਮੁਰੀਦਕੇ, ਸਿਆਲਕੋਟ ਅਤੇ ਸ਼ੱਕਰਗੜ੍ਹ ਜਦਕਿ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕੋਟਲੀ ਅਤੇ ਮਜ਼ੱਫ਼ਰਾਬਾਦ ਨੂੰ ਨਿਸ਼ਾਨਾ ਬਣਾਇਆ ਹੈ।

ਮੁਰੀਦਕੇ

ਤਸਵੀਰ ਸਰੋਤ, Getty Images

ਭਾਰਤ ਨੇ ਕਿਹੜੀਆਂ ਥਾਵਾਂ ʼਤੇ ਹਮਲਾ ਕੀਤਾ?

ਕਰਨਲ ਸੋਫੀਆ ਕੁਰੈਸ਼ੀ ਨੇ ਦੱਸਿਆ, “ਪਾਕਿਸਤਾਨ ਪਿਛਲੇ ਤਿੰਨ ਦਹਾਕਿਆਂ ਤੋਂ ਟੈਰਰ ਇਨਫਰਾਸਟ੍ਰਕਚਰ ਦਾ ਨਿਰਮਾਣ ਕਰ ਰਿਹਾ ਹੈ, ਜਿਸ ਵਿੱਚ ਭਰਤੀ, ਸਿਖਲਾਈ ਅਤੇ ਲਾਂਚ ਪੈਡ ਸ਼ਾਮਲ ਹਨ, ਜੋ ਕਿ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਵਿੱਚ ਫੈਲੇ ਹੋਏ ਹਨ।”

ਇਸ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਜਿੱਥੇ ‘ਅੱਤਵਾਦੀ ਕੈਂਪ ਸਨ’।

ਬੀਬੀਸੀ ਉਰਦੂ ਨੇ ਉਨ੍ਹਾਂ ਥਾਵਾਂ ਅਤੇ ਉੱਥੇ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਹੈ ਜਿੱਥੇ ਭਾਰਤੀ ਫੌਜ ਨੇ ਹਮਲਾ ਕੀਤਾ ਹੈ।

ਬੀਬੀਸੀ

ਜਾਣੋ ਹੁਣ ਤੱਕ ਕੀ-ਕੀ ਹੋਇਆ ਹੈ…

  • ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕਈ ਥਾਵਾਂ ‘ਤੇ ਹਮਲੇ ਕੀਤੇ ਹਨ।
  • ਭਾਰਤ ਨੇ ਇਨ੍ਹਾਂ ਹਮਲਿਆਂ ਨੂੰ ‘ਆਪ੍ਰੇਸ਼ਨ ਸਿੰਦੂਰ’ ਦਾ ਨਾਮ ਦਿੱਤਾ ਹੈ।
  • ਭਾਰਤ ਨੇ ਕਿਹਾ ਹੈ ਕਿ ਉਸਨੇ ਪਾਕਿਸਤਾਨ ਵਿੱਚ ਨੌਂ ਥਾਵਾਂ ‘ਤੇ ਹਮਲਾ ਕੀਤਾ ਹੈ।
  • ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਸੁਭਾਨ ਅੱਲ੍ਹਾ ਜਾਮਾ ਮਸਜਿਦ ‘ਤੇ ਭਾਰਤ ਵੱਲੋਂ ਕੀਤੇ ਗਏ ਹਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਦਸ ਮੈਂਬਰ ਅਤੇ ਚਾਰ ਕਰੀਬੀ ਸਾਥੀ ਮਾਰੇ ਗਏ ਹਨ।
  • ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਹਮਲਿਆਂ ਵਿੱਚ 26 ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ 46 ਲੋਕ ਜ਼ਖ਼ਮੀ ਹੋ ਗਏ ਹਨ।
  • ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ ਅਤੇ 32 ਲੋਕ ਜ਼ਖ਼ਮੀ ਹਨ।
  • ਹਾਲਾਂਕਿ, ਭਾਰਤ ਨੇ ਮੀਡੀਆ ਨੂੰ ਦੱਸਿਆ ਹੈ ਕਿ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ ‘ਗਿਣੇ-ਮਿੱਥੇ ਅਤੇ ਗ਼ੈਰ-ਭੜਕਾਊ’ ਸਨ।
  • ਭਾਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਸਨੇ ਕਿਸੇ ਵੀ ਫੌਜੀ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ।
  • ਪਾਕਿਸਤਾਨ ਅਤੇ ਭਾਰਤ ਨੇ ਕਈ ਇਲਾਕਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ।
  • ਭਾਰਤੀ ਫੌਜ ਵੱਲੋਂ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕਰਨ ਤੋਂ ਬਾਅਦ, ਕਈ ਏਅਰਲਾਈਨਾਂ ਨੇ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।
ਬੀਬੀਸੀ

ਹਮਲੇ ਕਿੱਥੇ ਹੋਏ?

ਅਹਿਮਦਪੁਰ ਸ਼ਰਕੀਆ (ਬਹਾਵਲਪੁਰ)

ਅਹਿਮਦਪੁਰ ਸ਼ਰਕੀਆ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਬਹਾਵਲਪੁਰ ਜ਼ਿਲ੍ਹੇ ਦਾ ਇੱਕ ਇਤਿਹਾਸਕ ਕਸਬਾ ਹੈ।

ਪਾਕਿਸਤਾਨੀ ਫੌਜ ਦੇ ਬੁਲਾਰੇ ਅਨੁਸਾਰ, ਇਲਾਕੇ ਵਿੱਚ ਮਸਜਿਦ ਸੁਭਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਚਾਰ ਹਮਲੇ ਕੀਤੇ ਗਏ, ਜਿਸ ਨਾਲ ਮਸਜਿਦ ਅਤੇ ਆਲੇ ਦੁਆਲੇ ਦੀ ਆਬਾਦੀ ਨੂੰ ਨੁਕਸਾਨ ਪਹੁੰਚਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਪੰਜ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਇੱਕ ਤਿੰਨ ਸਾਲ ਦੀ ਬੱਚੀ, ਦੋ ਔਰਤਾਂ ਅਤੇ ਦੋ ਮਰਦ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਵਿੱਚ 31 ਲੋਕ ਜ਼ਖ਼ਮੀ ਵੀ ਹੋਏ ਹਨ।

ਜ਼ਿਕਰਯੋਗ ਹੈ ਕਿ ਬਹਾਵਲਪੁਰ ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਦਾ ਹੈੱਡਕੁਆਟਰ ਵੀ ਰਿਹਾ ਹੈ ਅਤੇ ਮਦਰਸਤੁਲ ਸਾਬੀਰ ਅਤੇ ਜਾਮਾ ਮਸਜਿਦ ਸੁਭਾਨ ਇਸ ਦਾ ਹਿੱਸਾ ਹਨ।

ਮੁਰੀਦਕੇ ਸ਼ਹਿਰ

ਤਸਵੀਰ ਸਰੋਤ, BBC Urdu

ਮੁਰੀਦਕੇ

ਮੁਰੀਦਕੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਦਾ ਇੱਕ ਕਸਬਾ ਹੈ, ਜੋ ਲਾਹੌਰ ਤੋਂ ਲਗਭਗ 40 ਕਿਲੋਮੀਟਰ ਉੱਤਰ ਵੱਲ ਹੈ।

ਲਾਹੌਰ ਦੇ ਨੇੜੇ ਸਥਿਤ ਇਹ ਸ਼ਹਿਰ ਪਹਿਲਾਂ ਜਮਾਤ-ਉਦ-ਦਾਵਾ ਦੇ ਕੇਂਦਰ ਵਲ-ਇਰਸ਼ਾਦ ਕਾਰਨ ਖ਼ਬਰਾਂ ਵਿੱਚ ਰਿਹਾ ਹੈ।

ਫੌਜ ਦੇ ਬੁਲਾਰੇ ਨੇ ਕਿਹਾ ਕਿ ਮੁਰੀਦਕੇ ਵਿੱਚ ਮਸਜਿਦ ਉਮੁੱਲ ਕੁਰਾ ਅਤੇ ਆਲੇ-ਦੁਆਲੇ ਦੇ ਇਲਾਕੇ ਕੁਆਟਰ ਚਾਰ ਭਾਰਤੀ ਹਮਲਿਆਂ ਦਾ ਨਿਸ਼ਾਨਾ ਬਣੇ ਹਨ। ਇਨ੍ਹਾਂ ਹਮਲਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ, ਜਦੋਂ ਕਿ ਦੋ ਲੋਕ ਲਾਪਤਾ ਹਨ।

ਬੀਬੀਸੀ ਪੱਤਰਕਾਰ ਉਮਰ ਦਰਾਜ਼ ਨਾਂਗਿਆਣਾ ਬੁੱਧਵਾਰ ਸਵੇਰੇ ਮੁਰੀਦਕੇ ਵਿੱਚ ਉਸ ਥਾਂ ‘ਤੇ ਪਹੁੰਚੇ ਜਿੱਥੇ ਰਾਤ ਨੂੰ ਭਾਰਤੀ ਹਮਲਾ ਹੋਇਆ ਸੀ।

ਉਨ੍ਹਾਂ ਅਨੁਸਾਰ, ਮੁਰੀਦਕੇ ਵਿੱਚ ਜਿਸ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਹ ਜੀਟੀ ਰੋਡ ਤੋਂ ਥੋੜ੍ਹੀ ਦੂਰ ਹੈ, ਪਰ ਰਿਹਾਇਸ਼ੀ ਖੇਤਰ ਦੇ ਅੰਦਰ ਹੈ। ਇਹ ਇੱਕ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਸਾਰੇ ਪਾਸਿਆਂ ਤੋਂ ਕੰਡਿਆਲੀ ਤਾਰ ਨਾਲ ਘਿਰਿਆ ਹੋਇਆ ਹੈ।

ਮੁਰੀਦਕੇ

ਤਸਵੀਰ ਸਰੋਤ, Getty Images

ਉਨ੍ਹਾਂ ਦੱਸਿਆ, “ਸਥਾਨਕ ਲੋਕਾਂ ਦੇ ਅਨੁਸਾਰ, ਇਸ ਕੰਪਲੈਕਸ ਦੇ ਅੰਦਰ ਇੱਕ ਹਸਪਤਾਲ ਅਤੇ ਇੱਕ ਸਕੂਲ ਹੈ ਅਤੇ ਉਨ੍ਹਾਂ ਦੇ ਬਿਲਕੁਲ ਨੇੜਲੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੇ ਨਾਲ ਹੀ ਇੱਕ ਵੱਡੀ ਮਸਜਿਦ ਵੀ ਸੀ।”

“ਹਮਲੇ ਤੋਂ ਬਾਅਦ ਇਹ ਇਮਾਰਤ ਢਹਿ ਗਈ ਅਤੇ ਇਸ ਦਾ ਮਲਬਾ ਦੂਰ-ਦੂਰ ਤੱਕ ਫੈਲ ਗਿਆ। ਹਮਲੇ ਕਾਰਨ ਮਸਜਿਦ ਦਾ ਇੱਕ ਹਿੱਸਾ ਵੀ ਨੁਕਸਾਨਿਆ ਗਿਆ ਹੈ, ਜਦਕਿ ਕੰਪਲੈਕਸ ਵੀ ਪ੍ਰਭਾਵਿਤ ਹੋਇਆ ਹੈ।”

ਉਮਰ ਦਰਾਜ ਦੇ ਅਨੁਸਾਰ, ਸਕੂਲ ਅਤੇ ਹਸਪਤਾਲ ਦੀ ਇਮਾਰਤ ਦੇ ਨਾਲ, ਕੁਝ ਹੋਰ ਇਮਾਰਤਾਂ ਸਨ ਜੋ ਰਿਹਾਇਸ਼ੀ ਕੰਪਲੈਕਸ ਦਾ ਹਿੱਸਾ ਲੱਗ ਰਹੀਆਂ ਸਨ ਜਦਕਿ ਇੱਕ ਪਾਸੇ ਕੁਝ ਕੁਆਰਟਰ ਵੀ ਹਨ ਜਿਨ੍ਹਾਂ ਵਿੱਚ ਸਥਾਨਕ ਲੋਕਾਂ ਦੇ ਅਨੁਸਾਰ, ਕਰਮਚਾਰੀ ਰਹਿੰਦੇ ਹਨ।

ਬੀਬੀਸੀ ਪੱਤਰਕਾਰ ਦੇ ਅਨੁਸਾਰ, ਪਹਿਲਾਂ ਇਹ ਜਗ੍ਹਾ ਜਮਾਤ-ਉਦ-ਦਾਵਾ ਅਤੇ ਇਸ ਨਾਲ ਜੁੜੇ ਸੰਗਠਨਾਂ ਦੀਆਂ ਭਲਾਈ ਗਤੀਵਿਧੀਆਂ ਦਾ ਕੇਂਦਰ ਸੀ ਜਿਸ ਲਈ ਸਿੱਖਿਆ ਕੰਪਲੈਕਸ ਅਤੇ ਸਿਹਤ ਕੇਂਦਰ ਬਣਾਏ ਗਏ ਸਨ।

ਪਰ ਇਸ ਸੰਗਠਨ ‘ਤੇ ਪਾਬੰਦੀ ਲੱਗਣ ਤੋਂ ਬਾਅਦ, ਪਾਕਿਸਤਾਨ ਸਰਕਾਰ ਨੇ ਇਸ ਜਗ੍ਹਾ ਦਾ ਪ੍ਰਬੰਧਨ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਇਸ ਨੂੰ ਆਮ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਕੇਂਦਰ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ।

ਜੰਮੂ ਦੀ ਸਰਹੱਦ ਦੇ ਨੇੜੇ ਵੀ ਹੋਏ ਹਮਲੇ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

source : BBC PUNJABI