Source :- BBC PUNJABI

ਤਸਵੀਰ ਸਰੋਤ, Amrindergill & Diljitdosanjh/Insta
ਕਰੀਬ ਇੱਕ ਮਹੀਨੇ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ੁਰੂ ਹੋਏ ਫੌਜੀ ਤਣਾਅ ਨੇ ਪੰਜਾਬੀ ਫਿਲਮ ਸਨਅਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਪੰਜਾਬੀ ਫਿਲਮ ਸਨਅਤ ਦੇ ਜਾਣਕਾਰਾਂ ਮੁਤਾਬਕ ਚੜ੍ਹਦੇ ਪੰਜਾਬ (ਭਾਰਤ) ਦੀਆਂ ਕਈ ਵੱਡੇ ਬੈਨਰ ਦੀਆਂ ਫਿਲਮਾਂ ਜਿਨ੍ਹਾਂ ਵਿੱਚ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਕਲਾਕਾਰ ਕੰਮ ਕਰਦੇ ਸਨ, ਉਨ੍ਹਾਂ ਦੀ ਪ੍ਰੋਡਕਸ਼ਨ ਅਤੇ ਰੀਲੀਜ਼ ਦਾ ਕੰਮ ਰੁਕ ਗਿਆ ਹੈ।
ਯੂਕੇ ਜਾਂ ਕੈਨੇਡਾ ਵਿਚਲੇ ਪੰਜਾਬੀ ਨਿਰਮਾਤਾਵਾਂ ਦੀਆਂ ਪੰਜਾਬੀ ਫਿਲਮਾਂ ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਦਰਸ਼ਕਾਂ ਦੀ ਚੰਗੀ ਗਿਣਤੀ ਹਾਸਲ ਹੁੰਦੀ ਸੀ, ਉਸ ਨੂੰ ਵੀ ਝਟਕਾ ਲੱਗਿਆ ਹੈ।
ਇਨ੍ਹਾਂ ਫ਼ਿਲਮਾਂ ਵਿੱਚ ਰਿਧਮ ਬੁਆਇਜ਼ ਐਂਟਰਟੇਂਨਮੈਂਟ ਦੇ ਬੈਨਰ ਹੇਠ ਬਣੀ ਫਿਲਮ ‘ਚੱਲ ਮੇਰਾ ਪੁੱਤ 4’ ਅਤੇ ਵ੍ਹਾਈਟ ਹਿੱਲਜ਼ ਸਟੂਡਿਓਜ਼ ਦੀ ਫਿਲਮ ‘ਸਰਦਾਰ ਜੀ 3’ ਸ਼ਾਮਲ ਹਨ।
ਹਾਲਾਂਕਿ ਬੀਬੀਸੀ ਨਾਲ ਗੱਲਬਾਤ ਦੌਰਾਨ ਫਿਲਮ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਵੀ 5-6 ਅਜਿਹੀਆਂ ਪੰਜਾਬੀ ਫ਼ਿਲਮਾਂ ਤਿਆਰ ਹਨ ਜਦਕਿ ਦਰਜਨ ਤੋਂ ਵੱਧ ਉੱਤੇ ਕੰਮ ਚੱਲ ਰਿਹਾ ਹੈ।
ਪਾਕਿਸਤਾਨੀ ਅਦਾਕਾਰਾਂ ਵਾਲੀਆਂ ਇਨ੍ਹਾਂ ਪੰਜਾਬੀ ਫਿਲਮਾਂ ਰਿਲੀਜ਼ ਹੋਣ ਉੱਤੇ ਸਵਾਲ ਖੜ੍ਹੇ ਹੋ ਗਏ ਹਨ।
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਪੈਦਾ ਹੋ ਗਿਆ ਸੀ। ਭਾਰਤ ਦੇ ਹਮਲੇ ਦਾ ਇਲਜ਼ਾਮ ਪਾਕਿਸਾਤਨੀ ਏਜੰਸੀਆਂ ਉੱਤੇ ਲਾਉਂਦਿਆਂ 7 ਮਈ ਨੂੰ ਤੜਕੇ ‘ਆਪਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਵਿੱਚ ਕਥਿਤ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।
ਇਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਖ਼ਿਲਾਫ਼ ਫੌਜੀ ਕਾਰਵਾਈਆਂ ਕੀਤੀਆਂ, 10 ਮਈ ਨੂੰ ਭਾਵੇਂ ਦੋਵਾਂ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ, ਪਰ ਦੋਵਾਂ ਵਿਚਾਲੇ ਰਿਸ਼ਤੇ ਸੁਖਾਲੇ ਨਹੀਂ ਹੋਏ ਹਨ।
ਹੁਣ ਸਵਾਲ ਇਹ ਹੈ ਕਿ ਭਾਰਤੀ ਪੰਜਾਬੀ ਸਿਨੇਮਾ ਉੱਤੇ ਤਣਾਅ ਦਾ ਕੀ ਅਸਰ ਪਿਆ ਹੈ? ਇਸ ਦਾ ਭਵਿੱਖ ਵਿੱਚ ਕੀ ਹੋਵੇਗਾ।
ਅਸੀਂ ਫਿਲਮ ਸਨਅਤ ਨਾਲ ਜੁੜੇ ਕੁਝ ਲੋਕਾਂ ਨਾਲ ਗੱਲਬਾਤ ਕਰਕੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ।
ਭਾਰਤ-ਪਾਕ ਤਣਾਅ ਨਾਲ ਕਿੰਨੀਆਂ ਫਿਲਮਾਂ ਉੱਤੇ ਅਸਰ

ਤਸਵੀਰ ਸਰੋਤ, CHANDER KAMBOJ/Insta
“ਪਾਕਿਸਤਾਨੀ ਅਦਾਕਾਰਾਂ ਦੀ ਸ਼ਮੂਲੀਅਤ ਵਾਲੀਆਂ ਜਿਹੜੀਆਂ ਫ਼ਿਲਮਾਂ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀਆਂ ਸਨ, ਉਨ੍ਹਾਂ ਫ਼ਿਲਮਾਂ ਦੀ ਗਿਣਤੀ ਅੱਧੀ ਦਰਜਨ ਦੇ ਕਰੀਬ ਹੈ। ਹੁਣ ਉਨ੍ਹਾਂ ਦੇ ਰਿਲੀਜ਼ ਹੋਣ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ।”
ਪੰਜਾਬੀ ਫ਼ਿਲਮ ਲੇਖਕ ਅਤੇ ਨਿਰਦੇਸ਼ਕ ਚੰਦਰ ਕੰਬੋਜ ਦਾ ਦਾਅਵਾ ਹੈ ਕਿ ਮੌਜੂਦਾ ਹਾਲਾਤ ਵਿੱਚ ਨਹੀਂ ਲੱਗਦਾ ਕਿ ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ਵਾਲੀਆਂ ਫਿਲਮਾਂ ਚੱਲਣਗੀਆਂ ਅਤੇ ਭਾਰਤੀ ਕਲਾਕਾਰਾਂ ਦੀਆਂ ਪਾਕਿਸਤਾਨ ਵਿੱਚ।
ਚੰਦਰ ਕੰਬੋਜ ‘ਕਿਰਦਾਰ’, ‘ਪੰਜ ਖ਼ਾਬ’ ਅਤੇ ‘ਡਰਾਮੇ ਆਲੇ’ ਵਰਗੀਆਂ ਪੰਜਾਬੀ ਫ਼ਿਲਮਾਂ ਬਣਾ ਚੁੱਕੇ ਹਨ, ਉਨ੍ਹਾਂ ਦੀ ਫਿਲਮ ‘ਡਰਾਮੇ ਆਲੇ’ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਅਦਾਕਾਰੀ ਕੀਤੀ ਸੀ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਚੰਦਰ ਨੇ ਦੱਸਿਆ, “ਮੌਜੂਦਾ ਸਮੇਂ ਬਣ ਚੁੱਕੀਆਂ 6 ਫ਼ਿਲਮਾਂ ਤੋਂ ਇਲਾਵਾ ਦਰਜਨ ਤੋਂ ਵੱਧ ਫ਼ਿਲਮਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਕਾਸਟ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਫ਼ਿਲਮਾਂ ਜਾਂ ਤਾਂ ਸ਼ੂਟ ਹੋ ਰਹੀਆਂ ਹਨ ਜਾਂ ਉਨ੍ਹਾਂ ਦਾ ਐਡੀਟਿੰਗ ਦਾ ਕੰਮ ਅਜੇ ਚਲ ਰਿਹਾ।”
ਉਹ ਕਹਿੰਦੇ ਹਨ, “ਇਨ੍ਹਾਂ ਵਿੱਚ ਜ਼ਿਆਦਾ ਚਰਚਾ ਵਿੱਚ ਚੱਲ ਮੇਰਾ ਪੁੱਤ-4 ਅਤੇ ਸਰਦਾਰ ਜੀ-3 ਹੀ ਹਨ। ਚੱਲ ਮੇਰਾ ਪੁੱਤ-4 ਵਿੱਚ ਜ਼ਿਆਦਾਤਰ ਪਾਕਿਸਤਾਨੀ ਅਦਾਕਾਰ ਹਨ ਅਤੇ ਸਰਦਾਰ ਜੀ-3 ਵਿੱਚ ਪਾਕਿਸਤਾਨੀ ਅਦਕਾਰਾ ਹਾਨੀਆ ਆਮਿਰ ਸੀ।”
“ਪਰ ਇਨ੍ਹਾਂ ਦੋਵਾਂ ਫ਼ਿਲਮਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਕਰਕੇ ਸੈਂਸਰ ਦੀ ਮੁਸ਼ਕਲ ਆ ਸਕਦੀ ਸੀ ਇਸ ਕਰਕੇ ਸਰਦਾਰ ਜੀ-3 ਬਾਰੇ ਤਾਂ ਇਹ ਸਾਫ਼ ਹੋ ਹੀ ਗਿਆ ਸੀ ਕਿ ਹਾਨੀਆ ਆਮਿਰ ਨੂੰ ਹੁਣ ਨਹੀਂ ਲਿਆ ਜਾ ਰਿਹਾ ਪਰ ਚੱਲ ਮੇਰਾ ਪੁੱਤ-4 ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਦੇ ਵਿੱਚ ਜ਼ਿਆਦਾਤਰ ਅਦਾਕਾਰ ਪਾਕਿਸਤਾਨੀ ਹਨ।”
ਚੰਦਰ ਕੰਬੋਜ ਕਹਿੰਦੇ ਹਨ ਕਿ ‘ਸਰਦਾਰ ਜੀ 3’ ਵਿੱਚ ਹਾਨੀਆ ਆਮਿਰ ਦੇ ਹੋਣ ਬਾਰੇ ਅਜੇ ਵੀ ਸਸਪੈਂਸ ਹੈ, ਲੱਗ ਹੀ ਰਿਹਾ ਹੈ ਕਿ ਫਿਲਮ ਵਿੱਚ ਹਾਨੀਆ ਆਮਿਰ ਵਾਲਾ ਹਿੱਸਾ ਦੋਬਾਰਾ ਸ਼ੂਟ ਕੀਤਾ ਗਿਆ ਹੈ, ਦੁਬਾਰਾ ਸ਼ੂਟ ਤੋਂ ਬਾਅਦ ਹੀ ਫਿਲਮ ਰਿਲੀਜ਼ ਕੀਤੀ ਜਾਵੇਗੀ।”

ਭਾਰਤੀ ਪੰਜਾਬੀ ਫ਼ਿਲਮਾਂ ਵਿੱਚ ਪਾਕਿਸਤਾਨੀ ਅਦਾਕਾਰ ਕਦੋਂ ਆਏ?
ਭਾਰਤੀ ਪੰਜਾਬੀ ਫ਼ਿਲਮਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਲੈਣ ਪਿੱਛੇ ਕਾਰਨ ਇਹੀ ਸੀ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੋਵਾਂ ਪਾਸੇ ਦਰਸ਼ਕ ਇੱਕੋ ਜਿਹੇ ਹਨ।
ਚੜ੍ਹਦੇ ਪੰਜਾਬ ਵਿੱਚ ਪੰਜਾਬੀਆਂ ਦੀ ਗਿਣਤੀ 3 ਕਰੋੜ ਦੇ ਆਸ-ਪਾਸ ਹੈ, ਜਦਕਿ ਪਾਕਿਸਤਾਨ ਵਿੱਚ 8 ਕਰੋੜ ਤੋਂ ਵੱਧ ਲੋਕ ਪੰਜਾਬੀ ਹਨ। ਇਸ ਲਈ ਉੱਥੇ ਪੰਜਾਬੀ ਫਿਲਮਾਂ ਲਈ ਇੱਕ ਵੱਡਾ ਦਰਸ਼ਕ ਵਰਗ ਮੌਜੂਦ ਹੈ।
ਚੰਦਰ ਕਬੋਜ ਕਹਿੰਦੇ ਹਨ, “ਪਾਕਿਸਤਾਨ ਦੇ ਡਰਾਮੇ ਭਾਰਤੀ ਪੰਜਾਬ ਵਿੱਚ ਵੀ ਦੇਖੇ ਜਾਂਦੇ ਹਨ, ਇਸ ਕਰਕੇ ਫਿਲਮ ਨਿਰਮਾਤਾਵਾਂ ਨੇ ਇੱਕ ਪ੍ਰਯੋਗ ਹੀ ਕਰਕੇ ਦੇਖਿਆ ਸੀ ਕਿ ਪਾਕਿਸਤਾਨੀ ਅਦਾਕਾਰਾਂ ਨੂੰ ਪੰਜਾਬੀ ਫ਼ਿਲਮਾਂ ਵਿੱਚ ਦੇਖ ਕੇ ਲੋਕ ਕਿਵੇਂ ਹੁੰਗਾਰਾ ਦਿੰਦੇ ਹਨ। ਇਹ ਪ੍ਰਯੋਗ ਸਫ਼ਲ ਸਾਬਿਤ ਹੋ ਗਿਆ। “
ਉਹ ਕਹਿੰਦੇ ਹਨ, “ਇਹ ਫ਼ਿਲਮਾਂ ਦੋਵੇਂ ਪਾਸੇ ਹੀ ਚੰਗਾ ਕਾਰੋਬਾਰ ਕਰਨ ਲੱਗੀਆਂ, ਪਾਕਿਸਤਾਨ ਵਿੱਚ ਵੀ ਫ਼ਿਲਮਾਂ ਰਿਲੀਜ਼ ਹੋਣ ਲੱਗੀਆਂ ਸਨ। ਦਰਸ਼ਕਾਂ ਨੂੰ ਫ਼ਿਲਮਾਂ ਰਾਹੀਂ ਪੰਜਾਬੀ ਬੋਲੀ ਦੇ ਦੋ ਰੂਪ ਵੀ ਸੁਣਨ ਨੂੰ ਮਿਲ ਜਾਂਦੇ ਸੀ ਜਿਸਨੂੰ ਲੋਕ ਦੇਖਣਾ ਪਸੰਦ ਕਰਦੇ ਹਨ। ਇਸ ਕਰਕੇ ਪਾਕਿਸਤਾਨੀ ਅਦਾਕਾਰਾਂ ਨੂੰ ਪੰਜਾਬੀ ਫ਼ਿਲਮਾਂ ਵਿੱਚ ਲੈਣ ਦੀ ਰੀਤ ਲਗਾਤਾਰ ਅੱਗੇ ਵੱਧਦੀ ਗਈ।”

ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਵਿੱਤੀ ਘਾਟਾ ਪੈ ਸਕਦਾ ਹੈ?
ਜਾਣਕਾਰ ਮੰਨਦੇ ਹਨ ਕਿ ਪੰਜਾਬੀ ਫ਼ਿਲਮਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਦੇ ਨਾ ਹੋਣ ਜਾਂ ਦੋਵੇਂ ਪਾਸੀਂ ਰਿਲੀਜ਼ ਉੱਤੇ ਅਸਰ ਪੈਣ ਨਾਲ ਵਿੱਤੀ ਘਾਟਾ ਵਧੇਗਾ। ਇਸ ਦਾ ਅਸਰ ਦੋਵੇਂ ਪੰਜਾਬਾਂ ਦੀ ਫਿਲਮ ਸਨਅਤ ਉੱਤੇ ਪਵੇਗਾ।
ਭਾਰਤੀ ਪੰਜਾਬ ਵਿੱਚ ਜ਼ਿਆਦਾ ਵਿੱਤੀ ਘਾਟਾ ਪ੍ਰੋਡਿਊਸਰਾਂ ਨੂੰ ਪਵੇਗਾ, ਕਿਉਂਕਿ ਬਹੁਤ ਫ਼ਿਲਮਾਂ ਪਾਕਿਸਤਾਨੀ ਅਦਾਕਾਰਾਂ ਨੂੰ ਲੈ ਕੇ ਸ਼ੂਟ ਹੋ ਚੁੱਕੀਆਂ ਹਨ। ਹੁਣ ਜੇਕਰ ਉਹ ਰਿਲੀਜ਼ ਨਹੀਂ ਹੁੰਦੀਆਂ ਜਾਂ ਉਨ੍ਹਾਂ ਦਾ ਸ਼ੂਟ ਦੋਬਾਰਾ ਹੁੰਦਾ ਹੈ ਤਾਂ ਇਸਦਾ ਘਾਟਾ ਫਿਲਮ ਪ੍ਰੋਡਿਊਸਰਾਂ ਨੂੰ ਹੀ ਪਵੇਗਾ। ਇਹ ਨੁਕਸਾਨ ਲੱਖਾਂ ‘ਚ ਵੀ ਹੋ ਸਕਦਾ ਅਤੇ ਵੱਧ ਵੀ ਸਕਦਾ ਹੈ।
ਪਾਕਿਸਤਾਨੀ ਅਦਾਕਾਰਾਂ ਦੀ ਥਾਂ ਲੈਣ ਵਾਲੇ ਭਾਰਤੀ ਅਦਾਕਾਰਾਂ ਲ਼ਈ ਇਹ ‘ਆਪਦਾ ਮੇਂ ਅਵਸਰ’ ਹੋ ਜਾਵੇਗਾ।
ਇਸ ਤਣਾਅ ਕਾਰਨ ਇਹ ਵੀ ਹੋ ਸਕਦਾ ਹੈ ਕਿ ਭਾਰਤੀ ਪੰਜਾਬ ਦੇ ਫਿਲਮ ਨਿਰਮਾਤਾ ਪਾਕਿਸਤਾਨੀ ਅਦਾਕਾਰਾਂ ਨੂੰ ਆਪਣੀਆਂ ਫਿਲਮਾਂ ਵਿੱਚ ਨਾ ਲੈਣ, ਕਿਉਂਕਿ ਦੇਸ ਪ੍ਰਤੀ ਭਾਵਨਾਵਾਂ ਤਾਂ ਸਭ ਦੀਆਂ ਹੀ ਹਨ, ਪਰ ਜੇਕਰ ਅਜਿਹਾ ਹੋਇਆ ਤਾਂ ਪਾਕਿਸਤਾਨੀ ਪੰਜਾਬ ਦੇ ਅਦਾਕਾਰਾਂ ਲਈ ਇਹ ਵੱਡਾ ਘਾਟੇ ਵਾਲਾ ਸੌਦਾ ਸਾਬਤ ਹੋਵੇਗਾ।
ਪਾਕਿਸਤਾਨੀ ਅਦਾਕਾਰਾਂ ਨੂੰ ਸਟੇਜ ਤੋਂ ਲਿਆ ਕੇ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਭਾਰਤੀ ਪੰਜਾਬੀ ਫ਼ਿਲਮਾਂ ਨੇ ਦਿੱਤਾ। ਹੁਣ ਉਹ ਫ਼ਿਲਮਾਂ ਵਿੱਚ ਨਹੀਂ ਆਉਣਗੇ ਤਾਂ ਸੁਭਾਵਿਕ ਹੈ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਵਿੱਤੀ ਘਾਟਾ ਵੀ ਪਵੇਗਾ।

ਤਸਵੀਰ ਸਰੋਤ, Rakesh Dhawan/FB
ਕੀ ਬਦਲੀ ਜਾਵੇਗੀ ‘ਚੱਲ ਮੇਰਾ ਪੁੱਤ 4’ ਅਤੇ ‘ਸਰਦਾਰ ਜੀ 3’ ਦੀ ਕਹਾਣੀ?
ਰਾਕੇਸ਼ ਧਵਨ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਅਤੇ ਕਹਾਣੀਕਾਰ ਹਨ।
ਉਹ ਅਮਰਿੰਦਰ ਗਿੱਲ ਦੀ ਫਿਲਮ ‘ਮਿੱਤਰਾਂ ਦਾ ਚੱਲਿਆ ਟਰੱਕ ਨੀ’, ਐਮੀ ਵਿਰਕ ਦੀ ਫਿਲਮ ‘ਆਜਾ ਮੈਕਸੀਕੋ ਚੱਲੀਏ’, ਦਿਲਜੀਤ ਦੁਸਾਂਝ ਦੀ ਫਿਲਮ ‘ਹੌਂਸਲਾ ਰੱਖ’ ਅਤੇ ‘ਚੱਲ ਮੇਰਾ ਪੁੱਤ’ ਸੀਰੀਜ਼ ਵਿੱਚ ਕੰਮ ਕਰਦੇ ਰਹੇ ਹਨ।
ਰਾਜੇਸ਼ ਧਵਨ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਦਿਲਜੀਤ ਦੁਸਾਂਝ ਦੀ ਫਿਲਮ ‘ਸਰਦਾਰ ਜੀ 3’ ਵਿੱਚ ਹੁਣ ਵੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਜ਼ਰ ਆ ਸਕਦੇ ਹਨ, ਕਿਉਂਕਿ ਇੱਕ ਫਿਲਮ ਉੱਤੇ 25 ਕਰੋੜ ਲੱਗਿਆ ਤਾਂ ਉਸ ਨੂੰ ਦੁਬਾਰਾ ਸ਼ੂਟ ਕਰਨਾ ਬਹੁਤ ਔਖਾ ਹੈ। ਬਾਕੀ ਇਹ ਪ੍ਰੋਡਿਊਸਰ ਦਾ ਫੈਸਲਾ ਹੈ।”
ਰਾਕੇਸ਼ ਧਵਨ ਕਹਿੰਦੇ ਹਨ ਕਿ ਇਹ ਉਹ ਫ਼ਿਲਮਾਂ ਹਨ ਜਿਨ੍ਹਾਂ ਦਾ ਸ਼ੂਟ ਬਹੁਤ ਸਮਾਂ ਪਹਿਲਾਂ ਹੋ ਗਿਆ ਚੁੱਕਿਆ ਹੈ, ਤੇ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਪੈਦਾ ਹੋਇਆ ਤਾਂ ਫ਼ਿਲਮਾਂ ਬਣ ਕੇ ਤਿਆਰ ਹੋ ਚੁੱਕੀਆਂ ਸਨ।
“ਅਸੀਂ ਫ਼ਿਲਮਾਂ ਬਣਾਉਣ ਵਾਲਿਆਂ ਨੇ ਦੇਸ ਦੇ ਖਿਲਾਫ ਜਾ ਕੇ ਕੋਈ ਵੀ ਕੰਮ ਨਹੀਂ ਕੀਤਾ, ਹਾਲਾਤ ਫ਼ਿਲਮਾਂ ਸ਼ੂਟ ਹੋਣ ਤੋਂ ਬਾਅਦ ਹਾਲਾਤ ਬਦਲੇ ਹਨ, ਇਸ ਕਰਕੇ ਫ਼ਿਲਮਾਂ ਨੂੰ ਉਵੇਂ ਹੀ ਰਿਲੀਜ਼ ਕੀਤਾ ਜਾਵੇਗਾ। ਸ਼ੂਟ ਕੀਤੀਆਂ ਫ਼ਿਲਮਾਂ ਘਰੇ ਨਹੀਂ ਰੱਖੀਆਂ ਜਾ ਸਕਦੀਆਂ, ਹੋ ਸਕਦਾ ਹੈ ਕਿ ਲੋਕ ਪੰਜਾਬੀ ਫ਼ਿਲਮਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਦੇਖ ਕੇ ਨਾਰਾਜ਼ ਵੀ ਹੋਣ ਪਰ ਪ੍ਰੋਡਿਊਸਰ ਕੀ ਕਰਨ, ਫ਼ਿਲਮਾਂ ਵਿੱਚ ਕਰੋੜਾਂ ਦਾ ਘਾਟਾ ਖਾਣਾ ਕੋਈ ਛੋਟੀ ਗੱਲ ਨਹੀਂ ਹੈ।”
‘ਚੱਲ ਮੇਰਾ ਪੁੱਤ’ ਸੀਰੀਜ਼ ਵਿੱਚ ਬਤੌਰ ਅਦਾਕਾਰ ਕੰਮ ਕਰ ਚੁੱਕੇ ਗੁਰਸ਼ਬਦ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, “ਫਿਲਹਾਲ ਚੱਲ ਮੇਰਾ ਪੁੱਤ 4 ਦੀ ਕਹਾਣੀ ਵਿੱਚ ਕੋਈ ਬਦਲਾਅ ਆਵੇਗਾ ਜਾਂ ਨਹੀਂ ਇਸ ਦੇ ਬਾਰੇ ਕੁਝ ਨਹੀਂ ਸੋਚਿਆ ਜਾ ਰਿਹਾ।”
ਉਹ ਕਹਿੰਦੇ ਹਨ, “ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾਂ ਦੀ ਸ਼ਮੂਲੀਅਤ ਨੂੰ ਲੈ ਕੇ ਫਿਲਮ ਉੱਤੇ ਕੋਈ ਰੋਕ ਨਹੀਂ ਲੱਗੀ। ਫਿਲਮ ਦੀ ਐਡੀਟਿੰਗ ਚੱਲ ਰਹੀ ਹੈ, ਇਹ ਫਿਲਮ ਦੇ ਪ੍ਰੋਡਿਊਸਰਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਅੱਗੇ ਕੀ ਫ਼ੈਸਲੇ ਲੈਂਦੇ ਹਨ। ਲੋਕਾਂ ਦੇ ਮਨ ਵਿੱਚ ਕੋਈ ਨਫ਼ਰਤ ਨਹੀਂ ਹੁੰਦੀ ਇਸ ਕਰਕੇ ਅਜੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ, ਫਿਲਮ ਰਿਲੀਜ਼ ਕਦੋਂ ਹੋਣੀ ਹੈ ਇਸਦੇ ਬਾਰੇ ਵੀ ਕੁਝ ਤੈਅ ਨਹੀਂ ਕੀਤਾ ਗਿਆ।”
ਗੱਲਬਾਤ ਦੌਰਾਨ ਗੁਰਸ਼ਬਦ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਚੱਲ ਮੇਰਾ ਪੁੱਤ ਵਿੱਚ ਪਾਕਿਸਤਾਨੀ ਅਦਾਕਾਰ ਨਹੀਂ ਹੋਣਗੇ ਤਾਂ ਇਸਦਾ ਫਿਲਮ ਉੱਤੇ ਕੋਈ ਅਸਰ ਨਹੀਂ ਪਵੇਗਾ।
ਉਹ ਕਹਿੰਦੇ ਹਨ, “ਫਿਲਮ ਦੀ ਕਹਾਣੀ ਆਪਣਾ ਰਸਤਾ ਲੱਭ ਹੀ ਲੈਂਦੀ ਹੈ, ਇਹ ਤਾਂ ਕਹਾਣੀਕਾਰ ਉੱਤੇ ਨਿਰਭਰ ਕਰਦਾ ਹੈ ਕਿ ਉਹ ਫਿਲਮ ਦੀ ਕਹਾਣੀ ਨੂੰ ਕਿਵੇਂ ਮੋੜਦਾ ਹੈ ਪਰ ਫਿਲਮ ਕਦੇ ਨਹੀਂ ਰੁਕਦੀ।”

ਤਸਵੀਰ ਸਰੋਤ, gurshabad/FB
‘ਇਫ਼ਤਿਖ਼ਾਰ ਠਾਕੁਰ ਦੇ ਬਿਆਨਾਂ ਉੱਤੇ ਵਿਵਾਦ’
ਚੰਦਰ ਕੰਬੋਜ ਅਤੇ ਰਾਕੇਸ਼ ਧਵਨ ਮੰਨਦੇ ਹਨ ਕਿ ਭਾਰਤ ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਦਰਮਿਆਨ ਪਾਕਿਸਤਾਨੀ ਅਦਾਕਾਰ ਇਫ਼ਤਿਖ਼ਾਰ ਠਾਕੁਰ ਵੱਲੋਂ ਦਿੱਤੇ ਗਏ ਕੁਝ ਬਿਆਨਾਂ ਨੇ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ।
ਇਫ਼ਤਿਖ਼ਾਰ ਠਾਕੁਰ ਪਾਕਿਸਤਾਨੀ ਅਦਾਕਾਰ ਹਨ ਅਤੇ ਚੱਲ ਮੇਰਾ ਪੁੱਤ ਸੀਰੀਜ਼ ਰਾਹੀਂ ਭਾਰਤੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੰਮ ਕਰ ਚੁੱਕੇ ਹਨ ਅਤੇ ਹੁਣ ਉਹ ਅੱਗੇ ਰਿਲੀਜ਼ ਹੋਣ ਵਾਲੀ ਫਿਲਮ ਚੱਲ ਮੇਰਾ ਪੁੱਤ 4 ਦੀ ਸ਼ੂਟਿੰਗ ਵੀ ਖਤਮ ਕਰ ਚੁੱਕੇ ਹਨ।
ਭਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਦੌਰਾਨ ਇਫ਼ਤਿਖ਼ਾਰ ਠਾਕੁਰ ਨੇ ਭਾਰਤੀ ਫੌਜ ਅਤੇ ਭਾਰਤੀ ਪੰਜਾਬੀ ਸਿਨੇਮਾ ਬਾਰੇ ਕਥਿਤ ਵਿਵਾਦਿਤ ਟਿੱਪਣੀਆਂ ਕੀਤੀਆਂ।
ਕੁਝ ਦਿਨ ਪਹਿਲਾਂ ਇੱਕ ਪਾਕਿਸਤਾਨੀ ਟੀਵੀ ਸ਼ੋਅ ‘ਤੇ ਇਫ਼ਤਿਖ਼ਾਰ ਠਾਕੁਰ ਨੇ ਕਿਹਾ, “ਮੈਂ ਭਾਰਤ ਨੂੰ ਇੱਕ ਪੈਗਾਮ ਦੇਣਾ ਚਾਹੁੰਦੇ ਹਨ ਕਿ “ਫਿਜ਼ਾਓਂ ਸੇ ਆਓਗੇ ਤੋ ਹਵਾ ਮੇਂ ਉੜਾ ਦਿਏ ਜਾਓਗੇ। ਸਮੰਦਰ ਕੇ ਪਾਣੀਓਂ ਸੇ ਆਓਗੇ ਤੋ ਡੂਬੋ ਦਿਏ ਜਾਓਗੇ। ਜ਼ਮੀਨੀ ਰਸਤੋਂ ਸੇ ਆਓਗੇ ਤੋ ਦਫ਼ਨਾ ਦਿਏ ਜਾਓਗੇ।”
ਇਸ ਤੋਂ ਬਾਅਦ ਇੱਕ ਹੋਰ ਸ਼ੋਅ ਵਿੱਚ ਇਫ਼ਤਿਖ਼ਾਰ ਠਾਕੁਰ ਨੇ ਕਿਹਾ ਕਿ ਭਾਰਤੀ ਪੰਜਾਬੀ ਫ਼ਿਲਮਾਂ ਪਾਕਿਸਤਾਨੀ ਅਦਾਕਾਰਾਂ ਕਰ ਕੇ ਹੀ ਚੱਲਦੀਆਂ ਹਨ, ਉਨ੍ਹਾਂ ਤੋਂ ਬਿਨ੍ਹਾਂ ਫ਼ਿਲਮਾਂ ਮੁਨਾਫ਼ਾ ਨਹੀਂ ਕਮਾ ਸਕਦੀਆਂ।
ਇਫ਼ਤਿਖ਼ਾਰ ਠਾਕੁਰ ਦੇ ਇਨ੍ਹਾਂ ਦੋਵੇਂ ਬਿਆਨਾਂ ਦਾ ਭਾਰਤੀ ਪੰਜਾਬ ਵਿੱਚ ਜ਼ੋਰਦਾਰ ਵਿਰੋਧ ਹੋਇਆ। ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਅਤੇ ਨਿਰਦੇਸ਼ਕ ਰਾਕੇਸ਼ ਧਵਨ ਵੱਲੋਂ ਇਫ਼ਤਿਖ਼ਾਰ ਠਾਕੁਰ ਦੇ ਇਨ੍ਹਾਂ ਬਿਆਨਾਂ ਦਾ ਵਿਰੋਧ ਕੀਤਾ ਗਿਆ।
ਇਸ ਸੰਬੰਧੀ ਨਿਰਦੇਸ਼ਕ ਚੰਦਰ ਕੰਬੋਜ ਕਹਿੰਦੇ ਹਨ ਕਿ ਇੱਕ ਕਲਾਕਾਰ ਨੂੰ ਨਫਰਤ ਭਰੇ ਬਿਆਨ ਨਹੀਂ ਦੇਣੇ ਚਾਹੀਦੇ, ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਤੁਹਾਨੂੰ ਰੁਜ਼ਗਾਰ ਦਿੱਤਾ ਹੋਵੇ।
ਚੰਦਰ ਕੰਬੋਜ ਕਹਿੰਦੇ ਹਨ, “ਇਫ਼ਤਿਖ਼ਾਰ ਠਾਕੁਰ ਦੇ ਬਿਆਨ ਪਿੱਛੇ ਕੀ ਮਨਸ਼ਾ ਹੈ ਇਹ ਉਨ੍ਹਾਂ ਨੂੰ ਹੀ ਪਤਾ ਹੈ ਪਰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਫ਼ਤਿਖ਼ਾਰ ਠਾਕੁਰ ਚੱਲ ਮੇਰਾ ਪੁੱਤ ਜਾਂ ਕੈਰੀ ਆਨ ਜੱਟਾ ਤੋਂ ਬਿਨ੍ਹਾਂ ਹੋਰ ਵੀ ਫ਼ਿਲਮਾਂ ਵਿੱਚ ਆਏ ਹਨ।”
“ਜਿਨ੍ਹਾਂ ਵਿੱਚੋਂ ਬਹੁਤ ਫ਼ਿਲਮਾਂ ਫਲਾਪ ਹੋਈਆਂ। ਜੇਕਰ ਉਹ ਸਮਝਦੇ ਹਨ ਕਿ ਚੱਲ ਮੇਰਾ ਪੁੱਤ ਜਾਂ ਕੈਰੀ ਆਨ ਜੱਟਾ ਉਨ੍ਹਾਂ ਕਰਕੇ ਚੱਲੀ ਤਾਂ ਇਹ ਉਨ੍ਹਾਂ ਦਾ ਭੁਲੇਖਾ ਹੈ।”
ਇਫ਼ਤਿਖ਼ਾਰ ਠਾਕੁਰ ਦੇ ਬਿਆਨ ਉੱਤੇ ਜਵਾਬ ਦਿੰਦਿਆਂ ਰਾਕੇਸ਼ ਧਵਨ ਕਹਿੰਦੇ ਹਨ, “ਮੈਂ ਨਿੱਜੀ ਤੌਰ ਉੱਤੇ ਕਹਿ ਸਕਦਾ ਹਾਂ ਕਿ ਮੈਂ ਹੁਣ ਅੱਗੇ ਤੋਂ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਨਹੀਂ ਕਰਾਂਗਾ, ਕਿਉਂਕਿ ਜੋ ਇਫ਼ਤਿਖ਼ਾਰ ਠਾਕੁਰ ਨੇ ਕੀਤਾ ਹੈ, ਉਸਤੋਂ ਬਾਅਦ ਉਨ੍ਹਾਂ ਨਾਲ ਕੰਮ ਕਰਨਾ ਸੰਭਵ ਨਹੀਂ ਹੈ।”

ਕੀ ਪੰਜਾਬੀ ਫ਼ਿਲਮਾਂ ਦੀ ਸਫ਼ਲਤਾ ਲਈ ਲਾਜ਼ਮੀ ਹਨ ਪਾਕਿਸਤਾਨੀ ਅਦਾਕਾਰ?
ਰਾਕੇਸ਼ ਧਵਨ ਕਹਿੰਦੇ ਹਨ, “ਪਾਕਿਸਤਾਨੀ ਅਦਾਕਾਰਾਂ ਨੂੰ ਭਾਰਤੀ ਪੰਜਾਬੀ ਫ਼ਿਲਮਾਂ ਵਿੱਚ ਲੈਣ ਦਾ ਮਕਸਦ ਦੋਵਾਂ ਪੰਜਾਬਾਂ ਦੀ ਆਪਸੀ ਸਾਂਝ ਸੀ, ਲਹਿੰਦਾ ਪੰਜਾਬ ਸਾਡਾ ਹੀ ਹਿੱਸਾ ਹੈ, ਉਨ੍ਹਾਂ ਦਾ ਸਾਰਾ ਸੱਭਿਆਚਾਰ ਸਾਡੇ ਵਰਗਾ ਹੈ, ਉੱਥੇ ਵੀ ਲੋਕ ਪੰਜਾਬੀ ਬੋਲਦੇ ਹਨ, ਇਸ ਕਰਕੇ ਉਨ੍ਹਾਂ ਨੂੰ ਫ਼ਿਲਮਾਂ ਵਿੱਚ ਲਿਆ ਜਾਣ ਲੱਗਿਆ।”
“ਦੂਜਾ, ਪੰਜਾਬੀ ਦਰਸ਼ਕ ਵੀ ਡਿਮਾਂਡ ਕਰਦੇ ਸਨ ਕਿ ਫ਼ਿਲਮਾਂ ਵਿੱਚ ਨਵੇਂ ਅਦਾਕਾਰ ਹੋਣੇ ਚਾਹੀਦੇ ਹਨ ਇਸ ਕਰਕੇ ਅਸੀਂ ਪਾਕਿਸਤਾਨੀ ਅਦਾਕਾਰਾਂ ਨੂੰ ਆਪਣੀਆਂ ਫ਼ਿਲਮਾਂ ਵਿੱਚ ਲੈਣਾ ਸ਼ੁਰੂ ਕੀਤਾ। ਇਹ ਸਾਡੀ ਕੋਈ ਮਜਬੂਰੀ ਨਹੀਂ ਸੀ, ਅਸੀਂ ਪਿਆਰ ਦੇ ਲਿਹਾਜ਼ ਨਾਲ ਉਨ੍ਹਾਂ ਨੂੰ ਫ਼ਿਲਮਾਂ ਵਿੱਚ ਲੈਣਾ ਸ਼ੁਰੂ ਕੀਤਾ।”
ਉਹ ਕਹਿੰਦੇ ਹਨ, “ਪਾਕਿਸਤਾਨ ਦਾ ਆਪਣਾ ਪੰਜਾਬੀ ਸਿਨੇਮਾ ਅਜੇ ਤੱਕ ਨਹੀਂ ਖੜ੍ਹਾ ਹੋ ਸਕਿਆ, ਅਸੀਂ ਉਨ੍ਹਾਂ ਉੱਤੇ ਨਿਰਭਰ ਕਿਵੇਂ ਕਰ ਸਕਦੇ ਹਾਂ। ਸਾਡਾ ਸਿਨੇਮਾ ਅਸੀਂ ਘੋੜਿਆਂ, ਖੇਤਾਂ ਤੋਂ ਸ਼ੁਰੂ ਕਰਕੇ ‘ਜੀ ਆਇਆ ਨੂੰ’ ਦੇ ਨਾਲ ਅਸੀਂ 35 ਐੱਮਐੱਮ ਦਾ ਨਵਾਂ ਸਿਨੇਮਾ ਸ਼ੁਰੂ ਕੀਤਾ, ਅੰਗਰੇਜ਼, ਲਵ ਪੰਜਾਬ, ਆਜਾ ਮੈਕਸੀਕੋ ਚੱਲੀਏ, ਮਿੱਤਰਾਂ ਦਾ ਚੱਲਿਆ ਟਰੱਕ ਨੀ ਵਰਗੀਆਂ ਕਿੰਨੀਆਂ ਹੀ ਫ਼ਿਲਮਾਂ ਹਨ ਜੋ ਪਾਕਿਸਤਾਨੀ ਅਦਾਕਾਰਾਂ ਤੋਂ ਬਿਨ੍ਹਾਂ ਚੱਲੀਆਂ ਹਨ।
ਹਾਲਾਂਕਿ ਅਦਾਕਾਰ ਗੁਰਸ਼ਬਦ ਮੰਨਦੇ ਹਨ ਕਿ ਦੋ ਮੁਲਕਾਂ ਵਿਚਾਲੇ ਪੈਦਾ ਹੋਏ ਤਣਾਅ ਦਾ ਅਸਰ ਸਿਨੇਮਾ ਉੱਤੇ ਪੈਣਾ ਮੰਦਭਾਗਾ ਹੈ।
ਉਹ ਕਹਿੰਦੇ ਹਨ, “ਚੱਲ ਮੇਰਾ ਪੁੱਤ ਦੀ ਚਰਚਾ ਇਸੇ ਕਰਕੇ ਹੋਈ ਕਿਉਂਕਿ ਇਸ ਦੇ ਵਿੱਚ ਦੋਵਾਂ ਪੰਜਾਬਾਂ ਦੇ ਅਦਾਕਾਰ ਸਨ ਜਿਸ ਨੂੰ ਲੋਕਾਂ ਨੇ ਪਿਆਰ ਦਿੱਤਾ ਪਰ ਇਹ ਤ੍ਰਾਸਦੀ ਹੈ ਕਿ ਜਦੋਂ ਕਦੇ ਵੀ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਪੈਦਾ ਹੁੰਦਾ ਹੈ ਤਾਂ ਫਿਲਮ ਇੰਡਸਟਰੀ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ।”
“ਜੋ ਨਹੀਂ ਹੋਣਾ ਚਾਹੀਦਾ, ਸਰਕਾਰਾਂ ਦੇ ਕੰਮ ਚਲਦੇ ਰਹਿੰਦੇ ਹਨ, ਹੁਣ ਵੀ ਥੋੜ੍ਹੇ ਸਮੇਂ ਤੱਕ ਦੋਵਾਂ ਮੁਲਕਾਂ ਦੇ ਸਰਕਾਰੀ ਨੁਮਾਇੰਦੇ ਆਪਸ ਵਿੱਚ ਮਿਲਣ ਲੱਗ ਜਾਣਗੇ ਪਰ ਪਤਾ ਨਹੀਂ ਅਦਾਕਾਰਾਂ ਉੱਤੇ ਰੋਕ ਕਿਉਂ ਲੱਗ ਜਾਂਦੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI