Source :- BBC PUNJABI

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਯੂਪੀ ਦੇ ਵਾਰਾਣਸੀ ਵਿੱਚ 15 ਸਾਲਾ ਕੁੜੀ ਵੱਲੋਂ ਆਪਣੇ ਐੱਗ ਡੋਨੇਟ ਕਰ ਦਿੱਤੇ ਗਏ। ਉਸ ਨੇ ਇਹ ਸਿਰਫ਼ 15000 ਰੁਪਏ ਬਦਲੇ ਕੀਤਾ ਸੀ। ਇਹ ਉਸ ਦੇ ਮਾਂ ਬਣਨ ਲਈ ਅਹਿਮ ਸਨ। ਉਸ ਦਾ ਅਜਿਹਾ ਕਰਨ ਪਿੱਛੇ ਮਕਸਦ ਇਨ੍ਹਾਂ ਪੈਸਿਆਂ ਨਾਲ ਸਮਾਰਟਫੋਨ ਖਰੀਦਣਾ ਸੀ। ਭਾਵੇਂ ਕਿ ਉਹ ਇਕੱਲੀ ਨਹੀਂ, ਜਿਸ ਨੇ ਅਜਿਹਾ ਸੋਚਿਆ।

ਬਲੂਮਬਰਗ ਦੇ ਹਾਲ ਹੀ ਵਿੱਚ ਜਾਰੀ ਕੀਤੇ ਗਏ ਆਰਟੀਕਲ, “ਦ ਐੱਗ – ਏ ਸਟੋਰੀ ਆਫ਼ ਐਕਸਟਰੈਕਸ਼ਨ, ਐਕਸਪਲੋਇਟੇਸ਼ਨ, ਆਪਰਚਿਊਨਿਟੀ” ਦੇ ਅਨੁਸਾਰ, “ਭਾਰਤ ਵਿੱਚ ਹਰ ਸਾਲ ਕੁੜੀਆਂ ਅਤੇ ਔਰਤਾਂ ਦੇ ਸਰੀਰਾਂ ਤੋਂ ਅਣਜਾਣੇ ਵਿੱਚ ਹਜ਼ਾਰਾਂ ਆਂਡੇ ਕੱਢੇ ਜਾਂਦੇ ਹਨ।”

ਬਲੂਮਬਰਗ ਦੀ ਰਿਪੋਰਟ ਮੁਤਾਬਕ ਧਰਤੀ ‘ਤੇ ਹਰ 15 ਸਕਿੰਟਾਂ ਵਿੱਚ ਔਰਤਾਂ ਦੇ ਸਰੀਰ ਤੋਂ ਆਂਡੇ ਕੱਢੇ ਜਾਂਦੇ ਹਨ।

ਇਸ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਆਈਵੀਐੱਫ (ਇਨ ਵਿਟਰੋ ਫਰਟੀਲਾਈਜ਼ੇਸ਼ਨ) ਇਲਾਜਾਂ ਵਿੱਚ ਔਰਤਾਂ ਆਪਣੇ ਆਂਡੇ ਵਰਤਦੀਆਂ ਹਨ, ਪਰ ਸਿਰਫ 6 ਪ੍ਰਤੀਸ਼ਤ ਮਾਮਲਿਆਂ ਵਿੱਚ ਡੋਨੇਟ ਕੀਤੇ ਆਂਡੇ ਵਰਤੇ ਜਾਂਦੇ ਹਨ।

ਬੀਬੀਸੀ ਪੰਜਾਬੀ

ਬਲੂਮਬਰਗ ਦੀ ਰਿਪੋਰਟ ਮੁਤਾਬਕ ਸਾਲ 2019 ਵਿੱਚ ਦੁਨੀਆ ਭਰ ਵਿੱਚ ਐੱਗ ਡੋਨੇਸ਼ਨ ਰਾਹੀਂ 120,000 ਤੋਂ ਵੱਧ ਭਰੂਣ ਬਣਾਏ ਗਏ ਸਨ, ਇਹ ਅੰਕੜਾ 2011 ਤੋਂ ਦੁੱਗਣਾ ਹੈ।

ਹਾਲਾਂਕਿ, ਇਹ ਅਨੁਮਾਨ ਹੈ ਕਿ ਇਹ ਅੰਕੜਾ ਅਸਲ ਵਿੱਚ ਬਹੁਤ ਜ਼ਿਆਦਾ ਹੈ।

ਇਸ ਪ੍ਰਕਿਰਿਆ ਦੀ ਬਹੁਤੇ ਸਾਰੇ ਦੇਸ਼ਾਂ ਵਿੱਚ ਕੋਈ ਵਿਆਪਕ ਨਿਗਰਾਨੀ ਨਹੀਂ ਕੀਤੀ ਜਾਂਦੀ ਅਤੇ ਨਾਲ ਹੀ ਇਨ੍ਹਾਂ ਅੰਕੜਿਆਂ ਵਿੱਚ ਭਾਰਤ ਦੇ ਅੰਕੜੇ ਸ਼ਾਮਲ ਨਹੀਂ ਹਨ।

ਭਾਰਤ ਸੀਰਮਜ਼ ਐਂਡ ਵੈਕਸੀਨ ਲਿਮਟਿਡ ਦੁਆਰਾ ਜਾਰੀ ਕੀਤੀ ਰਿਸਰਚ ਦੇ ਅੰਕੜਿਆਂ ਅਨੁਸਾਰ ਸਾਲ 2023 ਵਿੱਚ ਭਾਰਤ ਵਿੱਚ ਐੱਗ ਡੋਨੇਸ਼ਨ ਰਾਹੀ ਅੰਦਾਜ਼ਨ 95,000 ਆਈਵੀਐੱਫ ਪ੍ਕਿਰਿਆਵਾਂ ਕੀਤੀਆਂ ਗਈਆਂ ਸਨ।

ਬਲੂਮਬਰਗ ਦੀ ਰਿਪੋਰਟ ਮੁਤਾਬਕ ਨੌਜਵਾਨ ਲੜਕੀਆਂ ਦੇ ਆਂਡਿਆਂ ਦੀ ਮੰਗ ਵੱਡੀ ਉਮਰ ਦੀਆਂ ਔਰਤਾਂ ਨਾਲੋਂ ਜ਼ਿਆਦਾ ਹੈ।

ਇਨ੍ਹਾਂ ਆਂਡਿਆਂ ਦਾ ਵਪਾਰ ਔਪਨ ਮਾਰਕਿਟ, ਗਰੇਅ ਮਾਰਕਿਟ ਅਤੇ ਸੀਮਤ ਰੈਗੂਲੇਟਰੀ ਵਾਲੇ ਕਾਲੇ ਬਾਜ਼ਾਰ ਵਿੱਚ ਹੋ ਰਿਹਾ ਹੈ।

ਹਾਲਾਂਕਿ, ਭਾਰਤ ਨੇ ਸਰੋਗੇਸੀ ਅਤੇ ਗੋਦ ਲੈਣ ਨੂੰ ਕਾਨੂੰਨੀ ਬਣਾਉਣ ਲਈ ਵਿਸ਼ੇਸ਼ ਕਾਨੂੰਨ ਬਣਾਏ ਹਨ। ਇਨ੍ਹਾਂ ਕਾਨੂੰਨਾਂ ਦੇ ਅਨੁਸਾਰ ਹੀ ਸਰੋਗੇਸੀ ਅਤੇ ਗੋਦ ਲੈਣ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ।

ਐੱਗ ਡੋਨੇਸ਼ਨ ਕੌਣ ਕਰ ਸਕਦਾ ਹੈ? ਇਸ ਲਈ ਭਾਰਤ ਵਿੱਚ ਕੀ ਨਿਯਮ ਹਨ? ਇਸ ਰਿਪੋਰਟ ਵਿੱਚ ਜਾਣਦੇ ਹਾਂ।

ਇਹ ਵੀ ਪੜ੍ਹੋ-
ਬਲੂਮਬਰਗ ਦੀ ਰਿਪੋਰਟ ਮੁਤਾਬਕ ਧਰਤੀ 'ਤੇ ਹਰ 15 ਸਕਿੰਟਾਂ ਵਿੱਚ ਔਰਤਾਂ ਦੇ ਸਰੀਰ ਤੋਂ ਆਂਡੇ ਕੱਢੇ ਜਾਂਦੇ ਹਨ।

ਤਸਵੀਰ ਸਰੋਤ, Getty Images

ਭਾਰਤ ਵਿੱਚ ਐਸੀਸਟਡ ਰਿਪਰਡਕਟਿਵ ਟੈਕਨਾਲੋਜੀ (ਏਆਰਟੀ) ਐਕਟ, 2021 ਲਾਗੂ ਹੈ। ਇਹ ਕਾਨੂੰਨ ਅੰਡਕੋਸ਼ਿਕਾ ਡੋਨੇਟ ਕਰਨ ਲਈ ਸਹਾਇਕ ਪ੍ਰਜਨਨ ਤਕਨਾਲੋਜੀ ਕਲੀਨਿਕਾਂ ਅਤੇ ਬੈਂਕਾਂ ਦੀ ਨਿਗਰਾਨੀ ਲਈ ਨਿਯਮਾਂ ਅਤੇ ਹਦਾਇਤਾਂ ਤੈਅ ਕਰਦਾ ਹੈ।

ਇਹ ਐਕਟ ਅਜਿਹੀਆਂ ਸਾਰੀਆਂ ਪ੍ਰਕਿਰਿਆਵਾਂ ਵਿੱਚ ਸੁਰੱਖਿਅਤ ਢੰਗਾਂ ਨੂੰ ਯਕੀਨੀ ਬਣਾਉਣ ਅਤੇ ਗਲਤੀ ਦੀ ਗੁਜ਼ਾਇਸ਼ ਨੂੰ ਖਤਮ ਕਰਨ ਲਈ ਤਜਵੀਜ਼ਾਂ ਬਾਰੇ ਦੱਸਦਾ ਹੈ।

ਐਸੀਸਟਡ ਰਿਪਰਡਕਟਿਵ ਟੈਕਨਾਲੋਜੀ ਸ਼ਬਦ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਹਾਲਾਂਕਿ, ਉਹ ਸਾਰੀਆਂ ਪ੍ਰਕਿਰਿਆਵਾਂ ਜਿਨ੍ਹਾਂ ਵਿੱਚ ਇੱਕ ਵਿਅਕਤੀ ਦੇ ਸਰੀਰ ਵਿੱਚੋਂ ਸ਼ੁਕਰਾਣੂ ਜਾਂ ਆਂਡੇ ਕੱਢੇ ਜਾਂਦੇ ਹਨ ਅਤੇ ਇੱਕ ਔਰਤ ਦੇ ਪ੍ਰਜਨਨ ਪ੍ਰਣਾਲੀ ਵਿੱਚ ਇੱਕ ਗੇਮੇਟ ਜਾਂ ਭਰੂਣ ਵਿਕਸਤ ਕੀਤਾ ਜਾਂਦਾ ਹੈ, ਨੂੰ ਸਹਾਇਕ ਪ੍ਰਜਨਨ ਤਕਨਾਲੋਜੀ ਮੰਨਿਆ ਜਾਂਦਾ ਹੈ।

ਇਹ ਕਾਨੂੰਨ ਨਿਰਧਾਰਤ ਕਰਦਾ ਹੈ ਕਿ ਸ਼ੁਕਰਾਣੂ ਅਤੇ ਆਂਡੇ ਦਾਨ ਕਰਨ ਲਈ ਉਮਰ ਕਿੰਨੀ ਹੋਣੀ ਚਾਹੀਦੀ ਹੈ? ਕਿਹੜੇ ਸਿਹਤ ਸੁਰੱਖਿਆ ਦੇ ਮਾਪਦੰਡ ਜ਼ਰੂਰੀ ਹੋਣੇ ਚਾਹੀਦੇ ਹਨ? ਇਸ ਦੇ ਕੀ ਮਾੜੇ ਪ੍ਰਭਾਵ ਹੋ ਸਕਦੇ ਹਨ ? ਕਲੀਨਿਕਾਂ ਨੂੰ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ?

ਡਾਕਟਰ ਡਾ. ਸ੍ਰੀਲਥਾ ਗੋਰਥੀ ਮੁਤਾਬਕ ਸਿਰਫ਼ ਵਿਆਹੁਤਾ ਔਰਤਾਂ ਹੀ ਐੱਗ ਡੋਨੇਸ਼ਨ ਕਰਨ ਦੇ ਯੋਗ ਹਨ

ਤਸਵੀਰ ਸਰੋਤ, Getty Images

ਕੌਣ ਐੱਗ ਡੋਨੇਟ ਕਰ ਸਕਦਾ ਹੈ

ਇਸ ਕਾਨੂੰਨ ਦੇ ਅਨੁਸਾਰ 23 ਤੋਂ 35 ਸਾਲ ਦੇ ਵਿਚਕਾਰ ਦੀਆਂ ਉਮਰ ਵਰਗ ਦੀਆਂ ਔਰਤਾਂ ਹੀ ਅੰਡਕੋਸ਼ਿਕਾ ਡੋਨੇਟ ਕਰ ਸਕਦੀਆਂ ਹਨ।

ਇਸ ਦੇ ਨਾਲ ਹੀ ਇਨ੍ਹਾਂ ਅੰਡਕੋਸ਼ਿਕਾਵਾਂ ਨੂੰ ਇੱਕ ਤੋਂ ਵੱਧ ਜੋੜਿਆਂ ਨੂੰ ਨਹੀਂ ਦਿੱਤਾ ਜਾ ਸਕਦਾ ਹੈ। ਆਂਡੇ ਸਿਰਫ਼ ਐਸੀਸਟਡ ਰਿਪਰਡਕਟਿਵ ਟੈਕਨਾਲੋਜੀ ਬੈਂਕਾਂ ਵਜੋਂ ਰਜਿਸਟਰਡ ਸੰਸਥਾਵਾਂ ਨੂੰ ਹੀ ਡੋਨੇਟ ਕੀਤੇ ਜਾ ਸਕਦੇ ਹਨ।

ਇੱਕ ਮਹਿਲਾ ਦੇ ਜੀਵਨ ਕਾਲ ਦੌਰਾਨ ਉਹ ਸਿਰਫ਼ ਇੱਕ ਵਾਰ ਹੀ ਡੋਨੇਸ਼ਨ ਕਰ ਸਕਦੀ ਹੈ ਅਤੇ ਇੱਕ ਵਾਰ ਵਿੱਚ ਸੱਤ ਤੋਂ ਵੱਧ ਅੰਡਕੋਸ਼ਿਕਾਵਾਂ ਦਾਨ ਨਹੀਂ ਕੀਤੇ ਜਾ ਸਕਦੀਆਂ ਹਨ।

ਰਿਵਾਈਵ ਕਲੀਨਿਕਸ ਐਂਡ ਫਰਟੀਲਿਟੀ ਸੈਂਟਰ ਦੀ ਪ੍ਰਜਨਨ ਮਾਹਿਰ ਅਤੇ ਕੰਸਲਟੈਟ ਗਾਇਨੀਕੋਲੋਜਿਸਟ ਡਾ. ਸ੍ਰੀਲਥਾ ਗੋਰਥੀ ਕਹਿੰਦੇ ਹਨ ਕਿ ਐੱਗ ਡੋਨੇਸ਼ਨ ਕਰਨ ਵਾਲੀਆਂ ਔਰਤਾਂ ਸਿਹਤਮੰਦ ਅਤੇ ਜਿਨਸੀ ਤੌਰ ‘ਤੇ ਕਿਰਿਆਸ਼ੀਲ ਹੋਣੀਆਂ ਚਾਹੀਦੀਆਂ ਹਨ।

ਉਨ੍ਹਾਂ ਮੁਤਾਬਕ ਸਿਰਫ਼ ਵਿਆਹੁਤਾ ਔਰਤਾਂ ਹੀ ਐੱਗ ਡੋਨੇਸ਼ਨ ਕਰਨ ਦੇ ਯੋਗ ਹਨ।

ਕਲੀਨਿਕਾਂ ਅਤੇ ਬੈਂਕਾਂ ਨੂੰ ਡੋਨਰ ਅਤੇ ਇਲਾਜ ਤੋਂ ਗੁਜ਼ਰ ਰਹੇ ਜੋੜੇ ਦੇ ਇਲਾਜ ਦੀ ਜਾਣਕਾਰੀ ਨੂੰ ਗੁਪਤ ਰੱਖਣਾ ਲਾਜ਼ਮੀ  ਹੈ

ਤਸਵੀਰ ਸਰੋਤ, Getty Images

ਆਧਾਰ ਕਾਰਡ ਲਾਜ਼ਮੀ

ਫਰਟੀਲਿਟੀ ਸਪੈਸ਼ਲਿਸਟ ਡਾ. ਸ੍ਰੀਲਥਾ ਗੋਰਥੀ ਨੇ ਕਿਹਾ ਕਿ ਡਾਕਟਰਾਂ ਨੂੰ ਐੱਗ ਡੋਨੇਸ਼ਨ ਕਰਨ ਵਾਲਿਆਂ ਤੋਂ ਆਧਾਰ ਕਾਰਡ ਲੈਣਾ ਲਾਜ਼ਮੀ ਹੈ।

ਹਾਲਾਂਕਿ, ਉਨ੍ਹਾਂ ਕਿਹਾ ਕਿ ਝੂਠੇ ਦਸਤਾਵੇਜ਼ ਬਣਾਉਣ ਵਾਲਿਆਂ ਨੂੰ ਲੱਭਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਸ਼ਾਦੀਸ਼ੁਦਾ ਔਰਤਾਂ ਹੀ ਐੱਗ ਡੋਨੇਟ ਕਰ ਸਕਦੀਆਂ ਹਨ, ਕਿਉਂਕਿ ਇਹ ਸਭ ਸਰਜਰੀ ਨਾਲ ਕੀਤਾ ਜਾਂਦਾ ਹੈ।

ਕਮਿਸ਼ਨਿੰਗ ਕਪਲ, ਭਾਵ ਕਿ ਜਿਸ ਜੋੜੇ ਨੂੰ ਆਂਡੇ ਦਿੱਤੇ ਗਏ ਹਨ, ਉਨ੍ਹਾਂ ਨੂੰ ਕਾਨੂੰਨ ਦੁਆਰਾ ਨਿਰਧਾਰਤ ਕੀਤੇ ਗਏ ਬੀਮਾ ਲਾਭ ਲੈਣੇ ਹੁੰਦੇ ਹਨ।

ਹਾਲਾਂਕਿ, ਡਾ. ਸ਼੍ਰੀਲਤਾ ਨੇ ਕਿਹਾ ਕਿ ਏਆਰਟੀ ਐਕਟ ਵਿੱਚ ਖਾਮੀਆਂ ਹਨ ਅਤੇ ਕੁਝ ਚੀਜ਼ਾਂ ਅਸਪਸ਼ਟ ਹਨ।

ਏਆਰਟੀ ਐਕਟ ਦੀ ਧਾਰਾ 21 ਕਲਾਸ (ਬੀ) ਦੇ ਅਨੁਸਾਰ, ਡੋਨੇਟ ਕਰਨ ਵਾਲਿਆਂ ਨੂੰ ਹੇਠਾਂ ਦੱਸੇ ਗਏ ਸਾਰੇ ਟੈਸਟ ਕਰਵਾਉਣੇ ਹੁੰਦੇ ਹਨ।

  • ਹਿਊਮਨ ਇਮਊਨੋਡੈਫੀਸ਼ੈਂਸੀ ਵਾਇਰਸ (ਐੱਚਆਈਵੀ) ਟਾਈਪ 1, 2
  • ਹੈਪੇਟਾਈਟਸ ਬੀ ਵਾਇਰਸ (ਐੱਚਬੀਵੀ)
  • ਹੈਪੇਟਾਈਟਸ ਸੀ ਵਾਇਰਸ (ਐੱਚਸੀਵੀ)
  • ਕਲਮਡੀਆ

ਹਾਲਾਂਕਿ, ਔਰਤਾਂ ਤੋਂ ਲਏ ਗਏ ਅੰਡਕੋਸ਼ਿਕਾ ਵਿਕਰੀ ਜਾਂ ਵਪਾਰ ਲਈ ਨਹੀਂ ਵਰਤੇ ਜਾ ਸਕਦੇ। ਇਨ੍ਹਾਂ ਨੂੰ ਬਰਆਮਦ ਨਹੀਂ ਕੀਤਾ ਜਾ ਸਕਦਾ। ਜੇਕਰ ਇਨ੍ਹਾਂ ਦੀ ਵਰਤੋਂ ਗੈਰ-ਕਾਨੂੰਨੀ ਤੌਰ ‘ਤੇ ਕੀਤੀ ਜਾਂਦੀ ਹੈ, ਤਾਂ ਐਕਟ ਦੇ ਤਹਿਤ ਸਜ਼ਾਵਾਂ ਹਨ, ਜਿਸ ਵਿੱਚ ਕੈਦ ਅਤੇ ਜੁਰਮਾਨੇ ਸ਼ਾਮਲ ਹਨ।

ਕਲੀਨਿਕਾਂ ਅਤੇ ਬੈਂਕਾਂ ਨੂੰ ਡੋਨਰ ਅਤੇ ਇਲਾਜ ਤੋਂ ਗੁਜ਼ਰ ਰਹੇ ਜੋੜੇ ਦੇ ਇਲਾਜ ਦੀ ਜਾਣਕਾਰੀ ਨੂੰ ਗੁਪਤ ਰੱਖਣਾ ਲਾਜ਼ਮੀ ਹੈ। ਇਹ ਜਾਣਕਾਰੀ ਰਾਸ਼ਟਰੀ ਰਜਿਸਟਰੀ ਤੋਂ ਇਲਾਵਾ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਜਾ ਸਕਦੀ ਹੈ।

ਡਾ. ਸ੍ਰੀਲਥਾ ਨੇ ਕਿਹਾ ਕਿ ਇਹ ਪ੍ਰਕਿਰਿਆ ਸਕ੍ਰੀਨਿੰਗ ਨੂੰ ਪੂਰਾ ਕਰਨ ਅਤੇ ਕਾਨੂੰਨੀ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਤੋਂ ਬਾਅਦ ਹੀ ਕਰਨੀ ਹੁੰਦੀ ਹੈ।

ਰਿਵਾਈਵ ਕਲੀਨਿਕਸ ਐਂਡ ਫਰਟੀਲਿਟੀ ਸੈਂਟਰ ਦੀ ਪ੍ਰਜਨਨ ਮਾਹਿਰ ਅਤੇ ਕੰਸਲਟੈਟ ਗਾਇਨੀਕੋਲੋਜਿਸਟ ਡਾ. ਸ੍ਰੀਲਥਾ ਗੋਰਥੀ

ਤਸਵੀਰ ਸਰੋਤ, Dr.Srilatha Gorthi/Revive Clinics & Fertility center

ਕੀ ਐੱਗ ਡੋਨੇਸ਼ਨ ਤੋਂ ਬਾਅਦ ਦਿੱਕਤ ਹੋ ਸਕਦੀ ਹੈ?

ਡਾ. ਸ੍ਰੀਲਥਾ ਗੋਰਥੀ ਨੇ ਕਿਹਾ ਕਿ ਐੱਗ ਡੋਨੇਸ਼ਨ ਤੋਂ ਪਹਿਲਾਂ ਦੇ ਦਸ ਦਿਨਾਂ ਵਿੱਚ ਟੀਕੇ ਲਗਾਉਣੇ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਇਹ ਦਵਾਈਆਂ ਆਂਡਾ ਪੈਦਾ ਕਰਨ ਵਿੱਚ ਮਦਦ ਕਰਦੀਆਂ ਹਨ, ਜਿਸ ਤੋਂ ਬਾਅਦ ਐਨੱਸਥੀਸੀਆ ਦੇ ਤਹਿਤ ਆਂਡੇ ਕੱਢੇ ਜਾਂਦੇ ਹਨ। ਉਨ੍ਹਾਂ ਮੁਤਾਬਕ ਇਸ ਵਿੱਚ ਕਈ ਵਾਰ ਮਾਮੂਲੀ ਦਰਦ ਹੋ ਸਕਦਾ ਹੈ, ਜਿਸ ਨੂੰ ਦਰਦ ਖ਼ਤਮ ਕਰਨ ਦੀਆਂ ਗੋਲੀਆਂ ਨਾਲ ਘਟਾਇਆ ਜਾ ਸਕਦਾ ਹੈ।

ਡਾ. ਸ੍ਰੀਲਥਾ ਗੋਰਥੀ ਮੁਤਾਬਕ ਇਸਦੇ ਮਾੜੇ ਪ੍ਰਭਾਵ ਬਹੁਤ ਘੱਟ ਹੁੰਦੇ ਹਨ ਅਤੇ ਇਹ ਪ੍ਰਕਿਰਿਆ ਬਹੁਤ ਸੁਰੱਖਿਅਤ ਹੈ। ਉਨ੍ਹਾਂ ਮੁਤਾਬਕ ਆਂਡੇ ਫ੍ਰੀਜ਼ ਕਰਨ ਵੇਲੇ ਵੀ ਇਸੇ ਤਰੀਕੇ ਦੀ ਪਾਲਣਾ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਬਹੁਤ ਘੱਟ ਮਾਮਲਿਆਂ ਵਿੱਚ ਕੋਈ ਦਿੱਕਤ-ਪਰੇਸ਼ਾਨੀ ਹੁੰਦੀ ਹੈ, ਅਜਿਹਾ ਕਈ ਮਾਮਲਿਆਂ ਵਿੱਚ ਇੱਕ ਵਾਰ ਵਿੱਚ ਬਹੁਤ ਸਾਰੇ ਆਂਡੇ ਕੱਢਣ ਕਾਰਨ ਹੋ ਸਕਦਾ ਹੈ।

ਡਾ. ਸ੍ਰੀਲਥਾ ਨੇ ਕਿਹਾ ਕਿ ਇਸ ਦੇ ਲਈ ਭਾਰਤ ਵਿੱਚ ਲੋੜੀਂਦੀ ਨਿਯਮਾਵੱਲੀ ਬਣੀ ਹੋਈ ਹੈ, ਜਿਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images

ਸਮੇਂ ਬਾਅਦ ਬੱਚੇ ਪੈਦਾ ਕਰਨਾ

ਡਾ. ਸ੍ਰੀਲਥਾ ਕਹਿੰਦੇ ਹਨ ਕਿ, “ਇੱਕ ਮਹਿਲਾ ਦੇ ਲਗਭਗ 28 ਸਾਲ ਦੇ ਹੋਣ ਤੱਕ ਆਂਡਿਆਂ ਵਿੱਚ 50 ਪ੍ਰਤੀਸ਼ਤ ਦੀ ਗਿਰਾਵਟ ਆ ਜਾਂਦੀ ਹੈ। ਇਸ ਦੇ ਨਾਲ ਹੀ ਜੀਵਨ ਸ਼ੈਲੀ ਵਿੱਚ ਬਦਲਾਅ, ਸਿਗਰਟ ਪੀਣਾ ਅਤੇ ਸ਼ਰਾਬ ਪੀਣਾ ਵੀ ਆਂਡਿਆਂ ਵਿੱਚ ਗਿਰਾਵਟ ਦਾ ਕਾਰਨ ਬਣਦਾ ਹੈ।”

“ਮੌਜੂਦਾ ਸਮੇਂ ਦੌਰਾਨ ਜਦੋਂ ਨੌਜਵਾਨ ਪੀੜੀ ਆਪਣੇ ਕਰੀਅਰ ਨੂੰ ਵਧੇਰੇ ਮਹੱਤਤਾ ਦਿੰਦੀ ਹੈ, ਤਾ ਉਹ ਕੁਝ ਸਮੇਂ ਬਾਅਦ ਬੱਚੇ ਪੈਦਾ ਕਰਨ ਦੀ ਬਾਰੇ ਸੋਚਦੇ ਹਨ, ਪਰ ਕਿਉਂਕਿ ਚੰਗੇ ਆਂਡਿਆਂ ਦੀ ਸੰਭਾਵਨਾ ਪਹਿਲਾਂ ਹੀ ਘੱਟ ਰਹੀ ਹੈ, ਜਿਸ ਨਾਲ ਗਰਭ ਅਵਸਥਾ ਦੀਆਂ ਸੰਭਾਵਨਾਵਾਂ ਘੱਟ ਰਹੀਆਂ ਹਨ। ਕਿਉਂਕਿ ਗਰਭ ਧਾਰਨ ਨਹੀਂ ਹੋ ਰਿਹਾ, ਇਸ ਲਈ ਆਈਵੀਐੱਫ ਪ੍ਰੀਕਿਰਿਆ ਦੀ ਸਹਾਇਤਾ ਲਈ ਜਾਂਦੀ ਹੈ।”

source : BBC PUNJABI