Source :- BBC PUNJABI
ਅਪਡੇਟ 5 ਘੰਟੇ ਪਹਿਲਾਂ
ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਇੱਕਠ ਮਹਾਕੁੰਭ ਮੇਲਾ 2025 ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਖੇ ਸੋਮਵਾਰ ਤੋਂ ਸ਼ੂਰੁ ਹੋ ਰਿਹਾ ਹੈ।
ਅੱਜ ਮਹਾਕੁੰਭ ਦਾ ਦੂਸਰਾ ਦਿਨ ਹੈ।
ਪ੍ਰਯਾਗਰਾਜ ਸਿਰਫ਼ ਆਸਥਾ ਦਾ ਹੀ ਸੰਗਮ ਨਹੀਂ ਹੈ ਬਲਕਿ ਉੱਤਰ ਪ੍ਰਦੇਸ਼ ਸਰਕਾਰ ਦੀ ਪ੍ਰਸ਼ਾਸਨਿਕ ਸਮਰੱਥਾ ਦਾ ਵੀ ਇਮਤਿਹਾਨ ਹੈ। ਇਹ ਮੇਲਾ ਮਹਾਸ਼ਿਵਰਾਤਰੀ ਵਾਲੇ ਦਿਨ 26 ਫਰਵਰੀ ਨੂੰ ਸਮਾਪਤ ਹੋਵੇਗਾ।
ਇਸ ਵਿੱਚ 40 ਕਰੋੜ ਸ਼ਰਧਾਲੂਆਂ ਦੇ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਹਿੰਦੂ ਮਾਨਤਾ ਅਨੁਸਾਰ ਇੱਥੇ ਡੁਬਕੀ ਲਗਾਉਣ ਨਾਲ ਉਹ ਜੀਵਨ ਅਤੇ ਮਰਨ ਦੇ ਚੱਕਰ ਤੋਂ ਮੁਕਤ ਹੋ ਸਕਦੇ ਹਨ।
ਪ੍ਰਯਾਗਰਾਜ ਦਾ ਤ੍ਰਿਵੇਣੀ ਸੰਗਮ ਸਥਲ ਸੱਜ ਕੇ ਤਿਆਰ ਹੈ। ਤੰਬੂਆਂ ਦਾ ਇੱਕ ਪੂਰਾ ਸ਼ਹਿਰ ਇੱਥੇ ਵੱਸ ਗਿਆ ਜਾਪਦਾ ਹੈ।
ਐਪਲ ਦੇ ਸਹਿ-ਸੰਸਥਾਪਕ ਸਟੀਵ ਜੌਬਸ ਦੀ ਪਤਨੀ ਲੌਰੇਨ ਪਾਵੇਲ ਜੌਬਸ ਵੀ ਕੁੰਭ ਵਿੱਚ ਕਲਪਵਾਸ ਕਰਨ ਲਈ ਪਹੁੰਚੇ ਹਨ। ਕਲਪਵਾਸ ਕਰਨਾ ਕੀ ਹੁੰਦਾ ਹੈ, ਇਸ ਨੂੰ ਜਾਨਣ ਤੋਂ ਪਹਿਲਾਂ ਜਾਣਦੇ ਹਾਂ ਕਿ ਕੁੰਭ ਮੇਲਾ ਕੀ ਹੈ ਅਤੇ ਇਹ ਕਦੋਂ ਹੁੰਦਾ ਹੈ।
ਕੁੰਭ ਮੇਲਾ ਕੀ ਹੈ
ਕੁੰਭ ਮੇਲੇ ਵਿੱਚ ਕਈ ਰਸਮਾਂ ਸ਼ਾਮਲ ਹਨ, ਜਿਸ ਵਿੱਚ ਪਵਿੱਤਰ ਇਸ਼ਨਾਨ ਦੀ ਰਸਮ ਸਭ ਤੋਂ ਮਹੱਤਵਪੂਰਨ ਮੰਨੀ ਜਾਂਦੀ ਹੈ। ਇਸ ਵਿੱਚ ਤ੍ਰਿਵੇਣੀ ਸੰਗਮ ਵਿੱਖੇ ਕਰੋੜਾਂ ਸ਼ਰਧਾਲੂ ਪਵਿੱਤਰ ਇਸ਼ਨਾਨ ਕਰਦੇ ਹਨ।
ਤ੍ਰਿਵੇਣੀ ਸੰਗਮ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਅਰਥ ਤਿੰਨ ਨਦੀਆਂ ਦਾ ਸੰਗਮ ਹੈ। ਜੋ ਕਿ ਗੰਗਾ, ਯਮੁਨਾ ਅਤੇ ਮਿਥਿਹਾਸਕ ਸਰਸਵਤੀ ਨਦੀਂ ਹੈ। ਇਹ ਸੰਗਮ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਖੇ ਹੈ।
ਇਸ ਪਵਿੱਤਰ ਇਸ਼ਨਾਨ ਰਾਹੀਂ ਮੰਨਿਆ ਜਾਂਦਾ ਹੈ ਕਿ ਵਿਅਕਤੀ ਸਾਰੇ ਪਾਪਾਂ ਤੋਂ ਸ਼ੁੱਧ ਹੁੰਦਾ ਹੈ ਅਤੇ ਆਪਣੇ ਆਪ ਨੂੰ ਅਤੇ ਆਪਣੇ ਪੂਰਵਜਾਂ ਨੂੰ ਪੁਨਰ ਜਨਮ ਦੇ ਚੱਕਰ ਤੋਂ ਮੁਕਤ ਕਰ ਸਕਦਾ ਹੈ ਅਤੇ ਨਾਲ ਹੀ ਮੋਕਸ਼ ਜਾਂ ਅਧਿਆਤਮਿਕ ਮੁਕਤੀ ਪ੍ਰਾਪਤ ਕਰ ਸਕਦਾ ਹੈ।
ਪਵਿੱਤਰ ਇਸ਼ਨਾਨ ਦੇ ਨਾਲ ਸ਼ਰਧਾਲੂ ਪਵਿੱਤਰ ਨਦੀਂ ਦੇ ਕੰਢੇ ਪੂਜਾ ਵਿੱਚ ਸ਼ਾਮਲ ਹੁੰਦੇ ਹਨ ਅਤੇ ਵੱਖ-ਵੱਖ ਸਾਧੂਆਂ ਅਤੇ ਸੰਤਾਂ ਵੱਲੋਂ ਪ੍ਰਵਚਨਾਂ ਦਾ ਆਯੋਜਨ ਕੀਤਾ ਜਾਂਦਾ ਹੈ।
ਸ਼ਾਹੀ ਇਸ਼ਨਾਨ ਕਦੋੋਂ-ਕਦੋਂ ਹੈ
ਹਾਲਾਂਕਿ ਮਹਾਕੁੰਭ ਦੌਰਾਨ ਪੂਰੇ ਸਮੇਂ ਹੀ ਨਦੀਂ ਵਿੱਚ ਇਸ਼ਨਾਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਕੁਝ ਤਰੀਕਾਂ ਦਾ ਖ਼ਾਸ ਮਹੱਤਵ ਹੈ।
ਇਸ ਨੂੰ ਸ਼ਾਹੀ ਇਸ਼ਨਾਨ ਜਾ ਰਾਜਯੋਗੀ ਇਸ਼ਨਾਨ ਵਜੋਂ ਵੀ ਜਾਣਿਆ ਜਾਂਦਾ ਹੈ। ਸ਼ਾਹੀ ਇਸ਼ਨਾਨ ਕੁੰਭ ਮੇਲੇ ਦਾ ਮੁੱਖ ਆਕਰਸ਼ਣ ਹੁੰਦਾ ਹੈ। ਕੁੰਭ ਮੇਲੇ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਸ਼ਾਹੀ ਇਸ਼ਨਾਨ ਦੀਆਂ ਤਰੀਕਾਂ ਹੇਠ ਦਰਸਾਏ ਅਨੁਸਾਰ ਹਨ।
ਕਿੱਥੇ- ਕਿੱਥੇ ਹੁੰਦਾ ਹੈ ਕੁੰਭ ਮੇਲਾ
ਇਹ ਮੇਲਾ ਵੱਖ-ਵੱਖ ਸਮੇਂ ਦੌਰਾਨ ਦੇਸ਼ ਵਿੱਚ ਚਾਰ ਥਾਂਵਾਂ ’ਤੇ ਆਯੋਜਨ ਹੁੰਦਾ ਹੈ, ਜੋ ਹਨ ਪ੍ਰਯਾਗਰਾਜ, ਹਰਿਦਵਾਰ, ਨਾਸਿਕ, ਉਜੈਨ।
ਕੁੰਭ ਮੇਲੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ
ਕੁੰਭ ਮੇਲੇ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਕੁੰਭ ਮੇਲੇ ਮੁੱਖ ਤੌਰ ਉੱਤੇ ਪੰਜ ਪ੍ਰਕਾਰ ਦੇ ਹੁੰਦੇ ਹਨ : ਮਹਾਕੁੰਭ ਮੇਲਾ, ਪੂਰਨ ਕੁੰਭ ਮੇਲਾ, ਅਰਧ ਚੱਕਰ ਕੁੰਭ ਮੇਲਾ, ਕੁੰਭ ਮੇਲਾ ਅਤੇ ਮਾਗ ਕੁੰਭ ਮੇਲਾ
- ਮਹਾਕੁੰਭ ਮੇਲਾ : ਇਹ ਕੁੰਭ ਮੇਲਾ ਸਭ ਤੋਂ ਪ੍ਰਮੁੱਖ ਮੰਨਿਆ ਜਾਂਦਾ ਹੈ ਇਸ ਦਾ 144 ਸਾਲ ਬਾਅਦ ਆਯੋਜਨ ਕੀਤਾ ਜਾਂਦਾ ਹੈ। ਦਰਅਸਲ 12 ਸਾਲ ਬਾਅਦ ਹੋਣ ਵਾਲੇ ਪੂਰਨ ਕੁੰਭ ਮੇਲੇ ਦੇ 12 ਚੱਕਰ ਪੂਰੇ ਹੋਣ ਬਾਅਦ 144 ਸਾਲ ਬਣਦੇ ਹਨ, ਜਿਸ ਮਗਰੋਂ ਮਹਾਕੁੰਭ ਦਾ ਆਯੋੋਜਨ ਹੁੰਦਾ ਹੈ।
- ਪੂਰਨ ਕੁੰਭ ਮੇਲਾ : ਇਹ ਕੁੰਭ ਮੇਲਾ 12 ਸਾਲ ਮਗਰੋਂ ਆਉਂਦਾ ਹੈ। ਸਾਲ 2013 ਵਿੱਚ ਪੂਰਨ ਕੁੰਭ ਮੇਲੇ ਦਾ ਆਯੋਜਨ ਕੀਤਾ ਗਿਆ ਸੀ
- ਅਰਧ ਕੁੰਭ ਮੇਲਾ : ਇਹ ਮੇਲਾ 6 ਸਾਲ ਮਗਰੋਂ ਹੁੰਦਾ ਹੈ। ਕੁੰਭ ਮੇਲਾ ਦੇ ਵਿਚਕਾਰ ਅਰਧ ਮੇਲਾ ਆਯੋਜਿਤ ਕੀਤਾ ਜਾਂਦਾ ਹੈ। ਸਾਲ 2019 ਵਿੱਚ ਅਰਧ ਕੁੰਭ ਮੇਲਾ ਆਯੋਜਿਤ ਕੀਤਾ ਗਿਆ ਸੀ।
- ਮਾਘ ਕੁੰਭ ਮੇਲਾ : ਇਸ ਦਾ ਹਰ ਸਾਲ ਪ੍ਰਯਾਗਰਾਜ ਵਿੱਖੇ ਆਯੋਜਨ ਕੀਤਾ ਜਾਂਦਾ ਹੈ
- ਕੁੰਭ ਮੇਲਾ : ਇਸ ਦਾ ਆਯੋਜਨ ਹਰ ਚਾਰ ਸਾਲ ਬਾਅਦ ਹੁੰਦਾ ਹੈ।
ਕੁੰਭ ਵਿੱਚ ‘ਕਲਪਵਾਸੀ’
ਕੁੰਭ ਵਿੱਚ ਲੱਖਾਂ ਲੋਕ ਕਲਪਵਾਸ ਕਰਦੇ ਹਨ, ਜਿਨ੍ਹਾਂ ਨੂੰ ‘ਕਲਪਵਾਸੀ’ ਕਿਹਾ ਜਾਂਦਾ ਹੈ। ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਲੋਕਾਂ ਦੇ ਪ੍ਰਯਾਗਰਾਜ ਪਹੁੰਚਣ ਦਾ ਸਿਲਸਿਲਾ ਜਾਰੀ ਹੈ।
ਇਹ ਲੋਕ ਮਾਘ ਦੇ ਪੂਰੇ ਮਹੀਨੇ ਤੰਬੂ ਲਗਾ ਕੇ ਪੂਜਾ-ਪਾਠ ਕਰਦੇ ਹਨ ਅਤੇ ਘਰ ਤੋਂ ਹੀ ਸਾਰਾ ਜ਼ਰੂਰਤ ਦਾ ਸਮਾਨ ਲੈ ਕੇ ਆਉਂਦੇ ਹਨ।
ਐਪਲ ਦੇ ਸਹਿ-ਸੰਸਥਾਪਕ ਸਟੀਵ ਜੌਬਸ ਦੀ ਪਤਨੀ ਲੌਰੇਨ ਪਾਵੇਲ ਜੌਬਸ ਵੀ ਕੁੰਭ ਵਿੱਚ ਕਲਪਵਾਸ ਕਰਨ ਲਈ ਪਹੁੰਚੇ ਹਨ।
ਪ੍ਰਯਾਗਰਾਜ ਵਿੱਚ ਪਿਛਲੇ 25 ਸਾਲਾਂ ਤੋਂ ਜੋਤਿਸ਼ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਕਲਪਵਾਸ ਕਰਵਾਉਣ ਵਾਲੇ ਪੰਡਿਤ ਰਮੇਸ਼ ਪਾਂਡੇ ਦਾ ਕਹਿਣਾ ਹੈ ਕਿ ਕਲਪਾਵਾਸ ਸਿਰਫ਼ ਇੱਕ ਮਹੀਨਾ ਯਾਨੀ 30 ਦਿਨਾਂ ਦਾ ਹੀ ਹੁੰਦਾ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਪਾਂਡੇ ਕਹਿੰਦੇ ਹਨ, “ਹਰ ਸਾਲ ਮਾਘ ਦੇ ਮਹੀਨੇ ਵਿੱਚ ਜਦੋਂ ਮਕਰ ਰਾਸ਼ੀ ਵਿੱਚ ਸੂਰਜ ਪ੍ਰਵੇਸ਼ ਕਰਦੇ ਹਨ, ਕਲਪਵਾਸ ਸ਼ੁਰੂ ਹੁੰਦਾ ਹੈ। ਸਾਨੂੰ ਦੁਨਿਆਵੀ ਮੋਹ-ਮਾਇਆ ਅਤੇ ਭੌਤਿਕ ਚੀਜ਼ਾਂ ਤੋਂ ਦੂਰ ਰਹਿਣਾ ਹੈ, ਬਸ ਖਾਣਾ ਖਾਓ ਅਤੇ ਭਜਨ ਕਰੋ, ਠੰਡ ਅਤੇ ਗਰਮੀ ਨੂੰ ਮਹਿਸੂਸ ਨਾ ਕਰੋ, ਇਹੀ ਕਲਪਵਾਸ ਹੈ।”
ਉਹ ਕਹਿੰਦੇ ਹਨ, “ਕਲਪਵਾਸ ਦੇ ਨਿਯਮ ਕਾਫ਼ੀ ਔਖੇ ਹਨ। ਇਸ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਗੰਗਾ ਵਿੱਚ ਇਸ਼ਨਾਨ ਕਰਨਾ, 24 ਘੰਟਿਆਂ ਵਿੱਚ ਸਿਰਫ਼ ਇੱਕ ਵਾਰ ਬਿਨਾਂ ਲਸਣ ਅਤੇ ਪਿਆਜ਼ ਵਾਲਾ ਭੋਜਨ ਖਾਣਾ ਅਤੇ ਨਾਲ ਹੀ ਬ੍ਰਹਮਚਾਰ ਦਾ ਪਾਲਣ ਕਰਨਾ ਹੁੰਦਾ ਹੈ।”
ਪ੍ਰਯਾਗਰਾਜ ਦੇ ਰਹਿਣ ਵਾਲੇ ਸ਼ਿਆਮਲੀ ਤਿਵਾਰੀ ਪਿਛਲੇ ਸੱਤ ਸਾਲਾਂ ਤੋਂ ਕਲਪਵਾਸ ਕਰ ਰਹੇ ਹਨ। ਉਹ ‘ਮਾਂ ਗੰਗਾ’ ਦਾ ਨਾਮ ਲੈਂਦੇ ਹੋਏ ਰੋਣ ਲੱਗ ਪੈਂਦੇ ਹਨ।
ਸ਼ਿਆਮਲੀ ਕਹਿੰਦੇ ਹਨ, “ਇੱਥੇ ਗੰਗਾ ਇਸ਼ਨਾਨ ਕਰਨ ਆਏ ਹਾਂ, ਜਿਹੜੀਆਂ ਗਲਤੀਆਂ ਹੋਈਆਂ ਹਨ, ਉਨ੍ਹਾਂ ਨੂੰ ਗੰਗਾ ਮਾਂ ਮਾਫ਼ ਕਰਨਗੇ । ਅਸੀਂ ਇੱਥੇ ਇੱਕ ਮਹੀਨਾ ਰਹਾਂਗੇ, ਸ਼ੁੱਧ ਭੋਜਨ ਖਾਵਾਂਗੇ, ਲਸਣ, ਪਿਆਜ਼ ਅਤੇ ਸਰ੍ਹੋਂ ਦੀ ਵਰਤੋਂ ਨਹੀਂ ਕਰਾਂਗੇ।”
ਇਸ ਕੈਂਪ ਵਿੱਚ ਆਪਣੇ ਪਰਿਵਾਰ ਨਾਲ ਕਲਪਾਵਾਸ ਲਈ ਆਏ ਸੰਗੀਤਾ ਤਿਵਾਰੀ ਕਹਿੰਦੇ ਹਨ, “ਘਰ ਵਿੱਚ ਹੀ ਰਹਿੰਦੇ ਹਾਂ , ਫਿਰ ਵੀ ਤਕਲੀਫ਼ ਹੋ ਜਾਂਦੀ ਹੈ, ਪਰ ਇੱਥੇ ਕੋਈ ਦਰਦ ਜਾਂ ਤਕਲੀਫ਼ ਨਹੀਂ ਹੈ। ਅਸੀਂ ਇੱਕ ਮਹੀਨਾ ਕਲਪਵਾਸ ਕਰਨ ਤੋਂ ਬਾਅਦ ਘਰ ਵਾਪਸ ਜਾਵਾਂਗੇ।”
ਪ੍ਰਬੰਧ ਅਤੇ ਇੰਤਜ਼ਾਮ
ਭਾਰਤੀ ਮੌਸਮ ਵਿਭਾਗ ਵੱਲੋਂ ਆਗਾਮੀ ਮਹਾਕੁੰਭ ਦੇ ਮੱਦੇਨਜ਼ਰ ਵਿਸ਼ੇਸ਼ ਤੌਰ ’ਤੇ ਵੈੱਬਪੇਜ਼ ਲਾਂਚ ਕੀਤਾ ਗਿਆ ਹੈ। ਇਹ ਵੈੱਬਪੇਜ ਹਰ 15 ਮਿੰਟ ਮਗਰੋਂ ਮਹਾਕੁੰਭ ਦੁਆਲੇ ਮੌਸਮ ਦਾ ਅਪਡੇਟ ਦੇਵੇਗਾ ਅਤੇ ਨਾਲ ਹੀ ਦਿਨ ਵਿੱਚ ਦੋ ਵਾਰ ਮੌਸਮ ਦਾ ਅਨੁਮਾਨ ਦਿੱਤਾ ਜਾਵੇਗਾ।
ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਪ੍ਰਯਾਗਰਾਜ ਵਿੱਚੋਂ ਮਹਾਕੁੰਭ ਨਾਂ ਦਾ ਅਸਥਾਈ ਜਿਲ੍ਹਾ ਬਣਾਇਆ ਗਿਆ ਹੈ। ਇਹ ਅਸਥਾਈ ਜਿਲ੍ਹਾ 4 ਮਹੀਨਿਆਂ ਲਈ ਬਣਾਇਆ ਗਿਆ ਹੈ, ਜਿਸ ਵਿੱਚ ਚਾਰ ਤਹਿਸੀਲਾਂ ਦੇ ਨਾਲ 5 ਹਜ਼ਾਰ ਹੈਕਟੇਅਰ ਦਾ ਖੇਤਰ ਸ਼ਾਮਲ ਕੀਤਾ ਗਿਆ ਹੈ।
ਕੁੰਭ ਮੇਲੇ ਦੌਰਾਨ ਵੱਡੇ ਪੱਧਰ ‘ਤੇ ਸ਼ਰਧਾਲੂ ਦਰਸ਼ਨ ਅਤੇ ਇਸ਼ਨਾਨ ਲਈ ਆਉਂਦੇ ਹਨ। ਪ੍ਰਸ਼ਾਸਨ ਦੇ ਅਨੁਮਾਨ ਅਨੁਸਾਰ 40 ਲੱਖ ਦੇ ਕਰੀਬ ਸ਼ਰਧਾਲੂ ਕੁੰਭ ਮੇਲੇ ਦੌਰਾਨ ਪ੍ਰਯਾਗਰਾਜ ਸ਼ਹਿਰ ਵਿੱਚ ਦਾਖਲ ਹੋਣਗੇ।
ਉੱਤਰੀ ਮੱਧ ਰੇਲਵੇ ਦੇ ਲੋਕ ਸੰਪਰਕ ਅਫ਼ਸਰ (ਸੀਪੀਆਰਓ) ਸ਼ਸ਼ੀਕਾਂਤ ਤ੍ਰਿਪਾਠੀ ਨੇ ਮਹਾਕੁੰਭ ਦੀਆਂ ਤਿਆਰੀਆਂ ਬਾਰੇ ਬੋਲਦਿਆਂ ਏਐਨਆਈ ਨੂੰ ਦੱਸਿਆ, ” ਪ੍ਰਸ਼ਾਸਨ ਦੇ ਅਨੁਮਾਨ ਕੁੰਭ ਮੇਲੇ ਦੌਰਾਨ ਲਗਭਗ 40 ਕਰੋੜ ਲੋਕ ਪ੍ਰਯਾਗਰਾਜ ਵਿੱਖੇ ਪਹੁੰਚਣਗੇ।”
“ਇਸ ਲਈ ਸ਼ਰਧਾਲੂਆਂ ਦੇ ਵੱਡੇ ਇੱਕਠ ਨੂੰ ਸੰਭਾਲਣ ਲਈ ਰੇਲਵੇ ਵੱਲੋਂ ਕਈ ਇੰਤਜ਼ਾਮ ਕੀਤੇ ਗਏ ਹਨ। ਰੇਲਵੇ ਪ੍ਰਯਾਗਰਾਜ ਲਈ 1300 ਰੇਲ ਗੱਡੀਆਂ ਚਲਾਵੇਗਾ। ਜਿਸ ਵਿੱਚ 1000 ਆਮ ਗੱਡੀਆਂ ਅਤੇ 3000 ਵਿਸ਼ੇਸ਼ ਗੱਡੀਆਂ ਸ਼ਾਮਲ ਹਨ”।
ਮਹਾਕੁੰਭ ਦੌਰਾਨ ਸੁਰਖਿਆ ਪ੍ਰਬੰਧਾਂ ਨੂੰ ਲੈ ਕੇ ਪ੍ਰਯਾਗਰਾਜ ਦੇ ਪੁਲਿਸ ਇੰਸਪੈਕਟਰ ਜਨਰਲ ਤਰੁਣ ਗਾਬਾ ਨੇ ਏਐਨਆਈ ਨੂੰ ਦੱਸਿਆ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 7-ਪੱਧਰੀ ਸੁਰੱਖਿਆ ਯੋਜਨਾ ਲਾਗੂ ਕੀਤੀ ਗਈ ਹੈ।
ਇਸ ਵਿੱਚ ਵੱਖ-ਵੱਖ ਪੱਧਰਾਂ ‘ਤੇ ਜਾਂਚ ਕੀਤੀ ਜਾਵੇਗੀ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾਵੇਗੀ। ਸਾਰੇ ਪੱਧਰਾਂ ’ਤੇ ਨਿਗਰਾਨੀ ਲਈ 2700 ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਨਾਲ ਪੁਲਿਸ ਪ੍ਰਸ਼ਾਸਨ ਹਰ ਸਥਿਤੀ ਵਿੱਚ ਨਜ਼ਰ ਬਣਾ ਕੇ ਰੱਖੇਗਾ।
ਉਨ੍ਹਾਂ ਨਾਲ ਹੀ ਕਿਹਾ ਕਿ ਸੂਬਾ ਅਤੇ ਕੇਂਦਰੀ ਏਜੰਸੀਆਂ ਵਿਚਕਾਰ ਲਗਾਤਾਰ ਸੰਪਰਕ ਅਤੇ ਤਾਲਮੇਲ ਕੀਤਾ ਜਾ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI