Source :- BBC PUNJABI

ਤਸਵੀਰ ਸਰੋਤ, Getty Images
ਇੱਕ ਸ਼ਾਮ, ਜਦੋਂ ਕੇਟ ਅਤੇ ਉਸਦਾ ਪਤੀ ਰੋਜ਼ਾਨਾ ਵਾਂਗ ਆਮ ਜਿਹੀ ਗੱਲਬਾਤ ਕਰ ਰਹੇ ਸਨ ਤਾਂ ਕੇਟ ਨੂੰ ਨਾ ਤਾਂ ਇਹ ਅਹਿਸਾਸ ਹੀ ਅਤੇ ਨਾ ਹੀ ਉਹ ਉਸ ਸੱਚ ਨੂੰ ਸੁਣਨ ਲਈ ਤਿਆਰ ਸਨ, ਜੋ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਦੱਸਣ ਜਾ ਰਿਹਾ ਸੀ।
“ਮੈਂ ਤੇਰੇ ਨਾਲ ਬਲਾਤਕਾਰ ਕਰਦਾ ਰਿਹਾ ਹਾਂ। ਮੈਂ ਤੈਨੂੰ ਨਸ਼ੀਲਾ ਪਦਾਰਥ ਪਿਲਾਉਂਦਾ ਰਿਹਾ ਹਾਂ ਅਤੇ ਸਾਲਾਂ ਤੋਂ ਤੇਰੀਆਂ ਫੋਟੋਆਂ ਖਿੱਚ ਰਿਹਾ ਹਾਂ।”
ਕੇਟ (ਬਦਲਿਆ ਹੋਇਆ ਨਾਮ) ਹੈਰਾਨ ਰਹਿ ਗਏ, ਉਨ੍ਹਾਂ ਕੋਲ ਜਿਵੇਂ ਸ਼ਬਦ ਹੀ ਨਹੀਂ ਬਚੇ। ਉਹ ਉੱਥੇ ਹੀ ਬੈਠੇ ਰਹੇ, ਜਿਵੇਂ ਆਪਣੀ ਥਾਂ ‘ਤੇ ਹੀ ਬਰਫ਼ ਵਾਂਗ ਜੰਮ ਗਏ ਹੋਣ। ਉਹ ਸਮਝ ਨਹੀਂ ਪਾ ਰਹੇ ਸਨ ਕਿ ਉਹ ਕੀ ਕਹਿ ਰਿਹਾ ਸੀ।
ਕੇਟ ਕਹਿੰਦੇ ਹਨ, “ਉਸ ਨੇ ਮੈਨੂੰ ਬਹੁਤ ਸਹਿਜੇ ਹੀ ਇਹ ਸਭ ਕਹਿ ਦਿੱਤਾ ਜਿਵੇਂ ਅਸੀਂ ਇਹ ਗੱਲ ਕਰ ਰਹੇ ਹੋਈਏ ਕਿ ਅਸੀਂ ਕੱਲ੍ਹ ਰਾਤ ਦੇ ਖਾਣੇ ਲਈ ਸਪੈਗੇਟੀ ਬੋਲੋਨੀਜ਼ ਖਾਵਾਂਗੇ, ਤਾਂ ਕੀ ਇਸਦੇ ਲਈ ਬ੍ਰੈਡ ਮੈਂ ਲੈ ਆਵਾਂਗੀ?”
ਚੇਤਾਵਨੀ: ਇਸ ਰਿਪੋਰਟ ਵਿੱਚ ਜਿਨਸੀ ਹਿੰਸਾ ਦੇ ਵਰਣਨ ਸ਼ਾਮਲ ਹਨ।
ਨਸ਼ੀਲੀ ਦਵਾਈ ਦੇ ਕੇ ਪਤਨੀ ਦਾ ਬਲਾਤਕਾਰ
ਕਈ ਸਾਲਾਂ ਤੋਂ ਬੰਦ ਦਰਵਾਜ਼ਿਆਂ ਪਿੱਛੇ, ਕੇਟ ਦਾ ਪਤੀ ਉਨ੍ਹਾਂ ‘ਤੇ ਕਾਬੂ ਰੱਖ ਰਿਹਾ ਸੀ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰ ਰਿਹਾ ਸੀ। ਉਹ ਹਿੰਸਕ ਸੀ ਅਤੇ ਦਵਾਈਆਂ ਦੀ ਦੁਰਵਰਤੋਂ ਕਰਦਾ ਸੀ।
ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਮੌਕੇ ਆਏ ਸਨ ਜਦੋਂ ਕੇਟ ਦੀ ਅੱਖ ਖੁਲ੍ਹੀ ਸੀ ਅਤੇ ਉਨ੍ਹਾਂ ਨੇ ਆਪਣੇ ਪਤੀ ਨੂੰ ਆਪਣੇ ਨਾਲ ਸੈਕਸ ਕਰਦੇ ਹੋਏ ਦੇਖਿਆ ਸੀ। ਇਸ ਵਿੱਚ ਕੇਟ ਦੀ ਸਹਿਮਤੀ ਸ਼ਾਮਲ ਨਹੀਂ ਹੁੰਦੀ ਸੀ ਅਤੇ ਨਾ ਹੋ ਸਕਦੀ ਸੀ ਕਿਉਂਕਿ ਉਹ ਤਾਂ ਸੁੱਤੇ ਪਏ ਹੁੰਦੇ ਸਨ। ਇਹ ਬਲਾਤਕਾਰ ਸੀ।

ਤਸਵੀਰ ਸਰੋਤ, Getty Images
ਬਾਅਦ ਵਿੱਚ ਕੇਟ ਦੇ ਪਤੀ ਨੇ ਪਛਤਾਵਾ ਜਤਾਇਆ ਸੀ ਅਤੇ ਕੇਟ ਨੂੰ ਯਕੀਨ ਦਿਵਾਇਆ ਸੀ ਕਿ ਉਹ ਸੌਂ ਰਿਹਾ ਸੀ ਅਤੇ ਉਸਨੂੰ ਨਹੀਂ ਪਤਾ ਕਿ ਉਹ ਕੀ ਕਰ ਰਿਹਾ ਸੀ। ਉਸਨੇ ਕਿਹਾ ਸੀ ਕਿ ਉਹ ਬਿਮਾਰ ਸੀ ਅਤੇ ਉਸ ਨਾਲ ਕੁਝ ਗਲਤ ਹੋ ਰਿਹਾ ਸੀ।
ਕੇਟ ਨੇ ਹੀ ਉਸ ਨੂੰ ਡਾਕਟਰ ਤੋਂ ਮਦਦ ਲੈਣ ਵਿੱਚ ਮਦਦ ਕੀਤੀ।
ਪਰ ਉਸ ਸਮੇਂ ਕੇਟ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਰਾਤ ਨੂੰ ਉਨ੍ਹਾਂ ਦੀ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਰਿਹਾ ਸੀ, ਤਾਂ ਜੋ ਸੁੱਤੀ ਪਈ ਕੇਟ ਨਾਲ ਬਲਾਤਕਾਰ ਕਰ ਸਕੇ।
ਆਪਣਾ ਇਕਬਾਲੀਆ ਬਿਆਨ ਦੇਣ ਤੋਂ ਬਾਅਦ, ਕੇਟ ਦੇ ਦੇ ਪਤੀ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਪੁਲਿਸ ਕੋਲ ਗਏ ਤਾਂ ਉਸਦੀ ਜ਼ਿੰਦਗੀ ਖਤਮ ਹੋ ਜਾਵੇਗੀ। ਇਸੇ ਕਰਕੇ ਕੇਟ ਨੇ ਅਜਿਹਾ ਨਹੀਂ ਕੀਤਾ।
ਉਹ ਵਿਅਕਤੀ ਸਿਰਫ਼ ਕੇਟ ਦਾ ਪਤੀ ਹੀ ਨਹੀਂ ਸੀ ਸਗੋਂ ਉਨ੍ਹਾਂ ਦੇ ਬੱਚਿਆਂ ਦਾ ਪਿਤਾ ਵੀ ਸੀ। ਕੇਟ ਲਈ ਇਹ ਵਿਸ਼ਵਾਸ ਕਰਨਾ ਵੀ ਔਖਾ ਸੀ ਕਿ ਜਿਸ ਵਿਅਕਤੀ ਨਾਲ ਉਨ੍ਹਾਂ ਨੇ ਆਪਣੀ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਲਿਆ ਸੀ, ਉਹ ਉਨ੍ਹਾਂ ਨੂੰ ਇੰਨਾ ਨੁਕਸਾਨ ਪਹੁੰਚਾ ਸਕਦਾ ਹੈ।
ਕੇਟ ਦੀ ਸਿਹਤ ‘ਤੇ ਮਾੜਾ ਪ੍ਰਭਾਵ

ਤਸਵੀਰ ਸਰੋਤ, Getty Images
ਹਾਲਾਂਕਿ, ਕੇਟ ਦੇ ਪਤੀ ਨੇ ਜੋ ਵੀ ਕਿਹਾ ਸੀ, ਅਗਲੇ ਕੁਝ ਮਹੀਨਿਆਂ ਵਿੱਚ ਉਸ ਗੱਲ ਦਾ ਡਰ ਕੇਟ ‘ਤੇ ਸਰੀਰਕ ਪ੍ਰਭਾਵ ਪਾਉਣ ਲੱਗਾ।
ਕੇਟ ਨੇ ਦੱਸਿਆ ਕਿ ਉਹ ਬਹੁਤ ਬਿਮਾਰ ਹੋ ਗਏ, ਉਨ੍ਹਾਂ ਦਾ ਭਾਰ ਖਾਸਾ ਘਟ ਗਿਆ ਅਤੇ ਪੈਨਿਕ ਅਟੈਕ ਆਉਣ ਲੱਗ ਪਏ।
ਪਤੀ ਦੇ ਇਕਬਾਲ ਕਰਨ ਤੋਂ ਲਗਭਗ ਇੱਕ ਸਾਲ ਬਾਅਦ, ਇੱਕ ਬਹੁਤ ਹੀ ਭਿਆਨਕ ਪੈਨਿਕ ਅਟੈਕ ਦੌਰਾਨ ਕੇਟ ਨੇ ਆਪਣੀ ਭੈਣ ਨੂੰ ਸਭ ਕੁਝ ਦੱਸ ਦਿੱਤਾ।
ਉਨ੍ਹਾਂ ਦੀ ਭੈਣ ਨੇ ਆਪਣੀ ਮਾਂ ਨੂੰ ਫ਼ੋਨ ਕੀਤਾ – ਜਿਨ੍ਹਾਂ ਨੇ ਪੁਲਿਸ ਨੂੰ ਫ਼ੋਨ ਕੀਤਾ। ਫਿਰ ਕੇਟ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੁੱਛਗਿੱਛ ਕੀਤੀ ਜਾਣ ਲੱਗੀ।
ਹਾਲਾਂਕਿ, ਚਾਰ ਦਿਨ ਬਾਅਦ ਹੀ ਕੇਟ ਨੇ ਖੁਦ ਡੇਵੋਨ ਅਤੇ ਕੌਰਨਵਾਲ ਪੁਲਿਸ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਇਸ ਕੇਸ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦੇ ਅਤੇ ਕੇਸ ਵਾਪਸ ਲੈਣਾ ਚਾਹੁੰਦੇ ਹਨ।
ਇਸ ਬਾਰੇ ਕੇਟ ਕਹਿੰਦੇ ਹਨ, “ਮੈਂ ਤਿਆਰ ਨਹੀਂ ਸੀ। ਇੱਕ ਦੁੱਖ ਸੀ, ਸਿਰਫ਼ ਮੇਰੇ ਲਈ ਹੀ ਨਹੀਂ, ਸਗੋਂ ਮੇਰੇ ਬੱਚਿਆਂ ਲਈ ਵੀ। ਉਨ੍ਹਾਂ ਦਾ ਪਿਤਾ ਕਦੇ ਵੀ ਉਹ ਨਹੀਂ ਹੋ ਸਕਦਾ ਜੋ ਉਹ ਅਸਲ ‘ਚ ਸੀ।”
ਫਿਰ ਵੀ, ਕੇਟ ਆਪਣੇ ਪਤੀ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੁੰਦੇ ਸਨ ਅਤੇ ਇਸ ਲਈ ਉਹ ਦੋਵੇਂ ਵੱਖ ਰਹਿਣ ਲੱਗ ਪਏ।
ਮਨੋਵਿਗਿਆਨੀ ਕੋਲ ਦਰਜ ਦੋਸ਼ੀ ਦਾ ਇਕਬਾਲੀਆ ਬਿਆਨ

ਤਸਵੀਰ ਸਰੋਤ, Getty Images
ਇਸ ਤੋਂ ਬਾਅਦ, ਕੇਟ ਇਸ ਸਭ ਬਾਰੇ ਹੋਰ ਗਹਿਰਾਈ ਨਾਲ ਸੋਚਣ ਲੱਗੇ ਅਤੇ ਛੇ ਮਹੀਨਿਆਂ ਬਾਅਦ ਉਹ ਦੁਬਾਰਾ ਪੁਲਿਸ ਕੋਲ ਜਾ ਪਹੁੰਚੇ।
ਇਸ ਵਾਰ, ਡਿਟੈਕਟਿਵ (ਜਾਸੂਸ) ਕੌਨ ਮਾਈਕ ਸਮਿਥ ਦੀ ਅਗਵਾਈ ਵਿੱਚ ਜਾਂਚ ਸ਼ੁਰੂ ਹੋਈ।
ਕੇਟ ਕਹਿੰਦੇ ਹਨ ਕਿ ਜਾਸੂਸ ਸਮਿਥ ਨੇ ਉਨ੍ਹਾਂ ਨੂੰ ਇਹ ਸਮਝਣ ਵਿੱਚ ਮਦਦ ਕੀਤੀ ਕਿ ਉਹ ਇੱਕ ਗੰਭੀਰ ਅਪਰਾਧ ਤੋਂ ਬਚੇ ਸਨ।
ਕੇਟ ਕਹਿੰਦੇ ਹਨ, “ਉਨ੍ਹਾਂ ਨੇ ਮੈਨੂੰ ਮੇਰੀ ਤਾਕਤ ਵਾਪਸ ਪ੍ਰਾਪਤ ਕਰਨ ਵਿੱਚ ਮੇਰੀ ਮਦਦ ਕੀਤੀ। ਮੈਨੂੰ ਅਹਿਸਾਸ ਵੀ ਨਹੀਂ ਹੋਇਆ ਸੀ ਕਿ ਤਾਕਤ ਮੇਰੇ ਤੋਂ ਖੋਹ ਲਈ ਗਈ ਸੀ। ਉਨ੍ਹਾਂ (ਜਾਸੂਸ) ਨੇ ਸਮਝਾਇਆ ਕਿ ਇਹ ਬਲਾਤਕਾਰ ਸੀ।”
ਕੇਟ ਦੇ (ਹੁਣ ਸਾਬਕਾ) ਪਤੀ ਦੇ ਮੈਡੀਕਲ ਰਿਕਾਰਡ ਇੱਕ ਮੁੱਖ ਸਬੂਤ ਬਣੇ। ਕੇਟ ਅੱਗੇ ਆਪਣੇ ਇਕਬਾਲੀਆ ਬਿਆਨ ਤੋਂ ਬਾਅਦ, ਉਸਦਾ ਪਤੀ ਮਨੋਵਿਗਿਆਨੀ ਨੂੰ ਨਿੱਜੀ ਤੌਰ ‘ਤੇ ਮਿਲ ਰਿਹਾ ਸੀ ਅਤੇ ਇਸਦੇ ਲਈ ਉਸਨੇ ਪੈਸੇ ਵੀ ਦਿੱਤੇ ਸਨ।
ਮਨੋਵਿਗਿਆਨੀ ਨਾਲ ਆਪਣੇ ਸੈਸ਼ਨ ਦੌਰਾਨ ਉਸਨੇ “ਆਪਣੀ ਪਤਨੀ ਨੂੰ ਨਸ਼ੀਲੇ ਪਦਾਰਥ ਪਿਲਾਉਣ ਅਤੇ ਜਦੋਂ ਉਹ ਸੁੱਤੀ ਹੋਈ ਸੀ ਤਾਂ ਉਸ ਨਾਲ ਸੈਕਸ ਕਰਨ” ਦਾ ਜ਼ਿਕਰ ਕੀਤਾ।
ਇਹ ਇਕਬਾਲੀਆ ਬਿਆਨ ਮਨੋਵਿਗਿਆਨੀ ਦੇ ਨੋਟਿਸ ਵਿੱਚ ਰਿਕਾਰਡ ਕੀਤਾ ਗਿਆ ਸੀ।
ਕੇਟ ਨੇ ਕਿਹਾ ਕਿ ਉਸਦੇ ਪਤੀ ਨੇ ਨਾਰਕੋਟਿਕਸ ਅਨਾਨਿਮਸ ਦੇ ਕੁਝ ਲੋਕਾਂ ਦੇ ਨਾਲ ਇਸ ਬਾਰੇ ਗੱਲ ਕੀਤੀ ਸੀ ਅਤੇ ਨਾਲ ਹੀ ਉਸਨੇ ਉਸ ਚਰਚ ਦੇ ਦੋਸਤਾਂ ਸਾਹਮਣੇ ਵੀ ਆਪਣਾ ਗੁਨਾਹ ਕਬੂਲ ਕੀਤਾ ਸੀ, ਜਿੱਥੇ ਉਹ ਦੋਵੇਂ ਜਾਂਦੇ ਸਨ।
ਦੋਸ਼ੀ ਦਾ ਦਾਅਵਾ ‘ਕੇਟ ਆਪ ਅਜਿਹਾ ਚਾਹੁੰਦੀ ਸੀ’

ਤਸਵੀਰ ਸਰੋਤ, Getty Images
ਇਸ ਮਾਮਲੇ ਬਾਰੇ ਅੰਤ ਵਿੱਚ ਪੁਲਿਸ ਫਾਈਲਾਂਕਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀਪੀਐਸ) ਨੂੰ ਪੇਸ਼ ਕੀਤੀਆਂ ਗਈਆਂ, ਪਰ ਇਸਨੇ ਦੋਸ਼ ਨਾ ਲਗਾਉਣ ਦਾ ਫੈਸਲਾ ਕੀਤਾ। ਕੇਟ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਜਿਹਾ ਕਿਉਂ ਹੋਇਆ।
ਉਹ ਕਹਿੰਦੇ ਹਨ, “ਮੈਂ ਸੋਚਿਆ, ਜੇ ਤੁਹਾਡੇ ਕੋਲ ਮੇਰੇ ਕੇਸ ਵਿੱਚ ਦੋਸ਼ੀ ਨੂੰ ਦੋਸ਼ੀ ਠਹਿਰਾਉਣ ਲਈ ਕਾਫ਼ੀ ਸਬੂਤ ਨਹੀਂ ਹਨ, ਜਿੱਥੇ ਮੁਲਜ਼ਮ ਨੇ ਇਕਬਾਲੀਆ ਬਿਆਨ ਵੀ ਦਿੱਤਾ ਹੈ, ਫਿਰ ਹੋਰ ਕਿਸੇ ਦੇ ਕੇਸ ਵਿੱਚ ਤਾਂ ਹੋਵੇਗਾ ਹੀ ਕੀ?”
ਕੇਟ ਨਿਰਾਸ਼ ਸਨ ਅਤੇ ਉਨ੍ਹਾਂ ਨੇ ਸੀਪੀਐਸ ਦੇ ਫੈਸਲਿਆਂ ਦੀ ਰਸਮੀ ਸਮੀਖਿਆ ਲਈ ਅਰਜ਼ੀ ਦੇ ਦਿੱਤੀ। ਛੇ ਮਹੀਨੇ ਬਾਅਦ, ਸੀਪੀਐਸ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਸਾਬਕਾ ਪਤੀ ‘ਤੇ ਦੋਸ਼ ਲਗਾਇਆ ਜਾਵੇਗਾ। ਨਾਲ ਹੀ ਸੀਪੀਐਸ ਨੇ ਇਹ ਵੀ ਸਵੀਕਾਰ ਕੀਤਾ ਕਿ “ਸਾਡੇ ਦੋਸ਼ ਲਗਾਉਣ ਵਾਲੇ ਸਰਕਾਰੀ ਵਕੀਲ ਦੁਆਰਾ ਲਿਆ ਗਿਆ ਅਸਲ ਫੈਸਲਾ ਗਲਤ ਸੀ”।
ਸੀਪੀਐਸ ਦੇ ਇੱਕ ਬੁਲਾਰੇ ਨੇ ਫਾਈਲ ਆਨ 4 ਇਨਵੈਸਟੀਗੇਟਸ ਨੂੰ ਦੱਸਿਆ, “ਹਾਲਾਂਕਿ ਸਾਨੂੰ ਸਾਡੇ ਜ਼ਿਆਦਾਤਰ ਚਾਰਜਿੰਗ ਫੈਸਲੇ ਪਹਿਲੀ ਵਾਰ ਵਿੱਚ ਹੀ ਸਹੀ ਮਿਲਦੇ ਹਨ, ਪਰ ਇਸ ਮਾਮਲੇ ‘ਚ ਅਜਿਹਾ ਨਹੀਂ ਹੋਇਆ ਅਤੇ ਅਸੀਂ ਪੀੜਤ ਨੂੰ ਹੋਈ ਕਿਸੇ ਵੀ ਪ੍ਰੇਸ਼ਾਨੀ ਲਈ ਮੁਆਫੀ ਮੰਗਦੇ ਹਾਂ।”
ਇਹ ਮਾਮਲਾ 2022 ਵਿੱਚ ਅਦਾਲਤ ਵਿੱਚ ਗਿਆ, ਜਦੋਂ ਕੇਟ ਦੇ ਪਤੀ ਨੇ ਉਨ੍ਹਾਂ ਅੱਗੇ ਆਪਣਾ ਅਪਰਾਧ ਕਬੂਲ ਕਰ ਲਿਆ। ਮੁਕੱਦਮੇ ਦੌਰਾਨ, ਉਸਨੇ ਦਾਅਵਾ ਕੀਤਾ ਕਿ ਕੇਟ ਦੀ ਇੱਕ ਸੈਕਸ਼ੁਅਲ ਫੈਂਟਸੀ ਸੀ ਕਿ ਜਦੋਂ ਉਹ ਸੁੱਤੀ ਹੋਵੇ ਤਾਂ ਉਸਨੂੰ ਬੰਨ੍ਹਿਆ ਜਾਵੇ ਅਤੇ ਸਹਿਮਤੀ ਨਾਲ ਸੈਕਸ ਕਰਨ ਲਈ ਉਸੇ ਸਥਿਤੀ ਵਿੱਚ ਜਗਾਇਆ ਜਾਵੇ।
ਉਸਨੇ ਕਬੂਲ ਕੀਤਾ ਕਿ ਉਸਨੇ ਕੇਟ ਨੂੰ ਨਸ਼ੀਲਾ ਪਦਾਰਥ ਦਿੱਤਾ ਸੀ, ਪਰ ਇਹ ਵੀ ਕਿਹਾ ਕਿ ਉਸਨੇ ਅਜਿਹਾ ਇਸ ਲਈ ਕੀਤਾ ਸੀ ਤਾਂ ਜੋ ਉਹ ਉਸਨੂੰ ਜਗਾਏ ਬਿਨਾਂ ਬੰਨ੍ਹ ਸਕੇ।
ਉਸਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸਨੇ ਅਜਿਹਾ ਬਲਾਤਕਾਰ ਕਰਨ ਲਈ ਕੀਤਾ ਸੀ। ਪਰ ਜਿਊਰੀ ਨੇ ਉਸ ‘ਤੇ ਵਿਸ਼ਵਾਸ ਨਹੀਂ ਕੀਤਾ।
ਡਿਟੈਕਟਿਵ ਕੌਨ ਸਮਿਥ ਕਹਿੰਦੇ ਹਨ, “ਮੈਨੂੰ ਇਹ ਬਿਲਕੁਲ ਬੇਤੁਕਾ ਲੱਗਿਆ। ਇਹ ਉਨ੍ਹਾਂ ਦੀ (ਕੇਟ ਦੀ) ਜ਼ਿੰਦਗੀ ਦੀ ਸਭ ਤੋਂ ਦੁਖਦਾਈ ਘਟਨਾ ਸੀ ਅਤੇ ਉਹ ਉਸਨੂੰ ਇੱਕ ਤਰ੍ਹਾਂ ਦੇ ਜਿਨਸੀ ਸਬੰਧਾਂ ਵਿੱਚ ਪੂਰੀ ਤਰ੍ਹਾਂ ਰੁੱਝੀ ਹੋਈ ਮਹਿਲਾ ਵਾਂਗ ਪੇਸ਼ ਕਰ ਰਿਹਾ ਸੀ।”
ਦੋਸ਼ੀ ਨੂੰ 11 ਸਾਲ ਦੀ ਸਜ਼ਾ

ਤਸਵੀਰ ਸਰੋਤ, Getty Images
ਇੱਕ ਹਫ਼ਤੇ ਤੱਕ ਚੱਲੇ ਮੁਕੱਦਮੇ ਤੋਂ ਬਾਅਦ, ਕੇਟ ਦੇ ਪਤੀ ਨੂੰ ਬਲਾਤਕਾਰ, ਜਿਨਸੀ ਹਮਲੇ, ਅਤੇ ਜਾਣਬੁਝ ਕੇ ਕਿਸੇ ਪਦਾਰਥ ਨੂੰ ਪਿਲਾਉਣ ਦਾ ਦੋਸ਼ੀ ਪਾਇਆ ਗਿਆ।
ਸਜ਼ਾ ਸੁਣਾਉਂਦੇ ਸਮੇਂ, ਜੱਜ ਨੇ ਉਸਨੂੰ “ਇੱਕ ਸਵੈ-ਮਗਨ ਵਿਅਕਤੀ, ਆਪਣੀਆਂ ਸਮਝੀਆਂ ਗਈਆਂ ਜ਼ਰੂਰਤਾਂ ਨੂੰ ਬੇਅੰਤ ਤਰਜੀਹ ਦੇਣ ਵਾਲਾ” ਦੱਸਿਆ ਜਿਸਨੇ “ਕੋਈ ਸੱਚਾ ਪਛਤਾਵਾ ਨਹੀਂ ਦਿਖਾਇਆ”।
ਉਸਨੂੰ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਉਮਰ ਭਰ ਲਈ ਪਾਬੰਦੀ ਦਾ ਹੁਕਮ ਦਿੱਤਾ ਗਿਆ।
ਜੇਕਰ ਤੁਸੀਂ ਇਸ ਕਹਾਣੀ ਵਿੱਚ ਚੁੱਕੇ ਗਏ ਕਿਸੇ ਵੀ ਮੁੱਦੇ ਤੋਂ ਪ੍ਰਭਾਵਿਤ ਹੋਏ ਹੋ, ਤਾਂ ਜਾਣਕਾਰੀ ਅਤੇ ਸਹਾਇਤਾ ਬੀਬੀਸੀ ਦੀ ਐਕਸ਼ਨ ਲਾਈਨ ‘ਤੇ ਮਿਲ ਸਕਦੀ ਹੈ।
ਤਿੰਨ ਸਾਲ ਬਾਅਦ, ਕੇਟ ਆਪਣੇ ਬੱਚਿਆਂ ਨਾਲ ਆਪਣੀ ਜ਼ਿੰਦਗੀ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਕੇਟ ਨੂੰ ਪੋਸਟ-ਟਰਾਮੈਟਿਕ ਸਟ੍ਰੈਸ ਡਿਸਆਰਡਰ (ਪੀਟੀਐਸਡੀ) ਅਤੇ ਉਸ ਸਦਮੇ ਕਾਰਨ ਹੋਣ ਵਾਲੇ ਇੱਕ ਨਿਊਰੋਲੌਜੀਕਲ ਡਿਸਆਰਡਰ ਦਾ ਪਤਾ ਲੱਗਿਆ ਹੈ।
ਕੇਟ ਨੂੰ ਆਪਣਾ ਕੇਸ ਅਤੇ ਗੀਸੇਲ ਪੇਲੀਕੋਟ ਦੇ ਕੇਸ ਵਰਗਾ ਲੱਗਦਾ ਹੈ, ਉਹ ਫਰਾਂਸੀਸੀ ਮਹਿਲਾ, ਜਿਨ੍ਹਾਂ ਦੇ ਸਾਬਕਾ ਪਤੀ ਨੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਪਿਲਾਇਆ ਅਤੇ ਬਲਾਤਕਾਰ ਕੀਤਾ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਲਈ ਦਰਜਨਾਂ ਆਦਮੀਆਂ ਨੂੰ ਵੀ ਭਰਤੀ ਕੀਤਾ।
ਕੇਟ ਕਹਿੰਦੇ ਹਨ, “ਮੈਨੂੰ ਯਾਦ ਹੈ ਕਿ ਉਸ ਸਮੇਂ ਮੈਂ ਸਿਰਫ਼ ਇਹ ਉਮੀਦ ਅਤੇ ਪ੍ਰਾਰਥਨਾ ਕਰ ਰਹੀ ਸੀ ਕਿ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲੇ ਅਤੇ ਉਨ੍ਹਾਂ ਦੀ ਗੱਲ ਨੂੰ ਮਾਨਤਾ ਮਿਲੇ।”
“ਕੈਮੀਕਲ ਕੰਟਰੋਲ”

ਤਸਵੀਰ ਸਰੋਤ, University of Bristol School for Policy Studies
“ਕੈਮੀਕਲ ਕੰਟਰੋਲ” ਉਹ ਸ਼ਬਦ ਹੈ, ਜਿਸਨੂੰ ਹੁਣ ਉਨ੍ਹਾਂ ਲੋਕਾਂ ਦਾ ਵਰਨਣ ਕਰਨ ਲਈ ਵਰਤਿਆ ਜਾ ਰਿਹਾ ਹੈ ਜੋ ਨਸ਼ੇ ਦਾ ਇਸਤੇਮਾਲ ਕਰਕੇ ਘਰੇਲੂ ਪੱਧਰ ‘ਤੇ ਦੁਰਵਿਵਹਾਰ ਕਰਦੇ ਹਨ।
ਬ੍ਰਿਸਟਲ ਯੂਨੀਵਰਸਿਟੀ ਦੇ ਸੈਂਟਰ ਫਾਰ ਜੈਂਡਰ ਐਂਡ ਵਾਇਲੈਂਸ ਰਿਸਰਚ ਦੇ ਪ੍ਰੋਫੈਸਰ ਮਾਰੀਅਨ ਹੇਸਟਰ ਚੇਤਾਵਨੀ ਦਿੰਦੇ ਹਨ ਕਿ “ਇਹ ਸ਼ਾਇਦ ਕਾਫ਼ੀ ਵਿਆਪਕ ਹੈ।”
ਉਹ ਕਹਿੰਦੇ ਹਨ, “ਮੈਂ ਹਮੇਸ਼ਾ ਇਸ ਬਾਰੇ ਦੁਰਵਿਵਹਾਰ ਕਰਨ ਵਾਲੇ ਦੇ ਟੂਲਕਿੱਟ ਦੇ ਸੰਦਰਭ ਵਿੱਚ ਸੋਚਦੀ ਹਾਂ। ਜੇ ਘਰ ਵਿੱਚ ਪ੍ਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਹਨ, ਤਾਂ ਕੀ ਮੁਲਜ਼ਮ ਵਾਕਈ ਉਨ੍ਹਾਂ ਨੂੰ ਕਿਸੇ ਤਰੀਕੇ ਨਾਲ ਦੁਰਵਿਵਹਾਰ ਦੇ ਹਿੱਸੇ ਵਜੋਂ ਵਰਤ ਰਿਹਾ ਹੈ?”
ਇੰਗਲੈਂਡ ਅਤੇ ਵੇਲਜ਼ ਵਿੱਚ ਘਰੇਲੂ ਹਿੰਸਾ ਸਬੰਧੀ ਕਮਿਸ਼ਨਰ, ਡੇਮ ਨਿਕੋਲ ਜੈਕਬਸ ਦਾ ਕਹਿਣਾ ਹੈ ਕਿ ਸਪਾਈਕਿੰਗ ਵਰਗੇ ਅਪਰਾਧਾਂ ਨੂੰ ਘੱਟ ਰਿਪੋਰਟ ਕੀਤਾ ਜਾ ਰਿਹਾ ਹੈ ਕਿਉਂਕਿ ਪੁਲਿਸ ਦੇ ਅਪਰਾਧਾਂ ਨੂੰ ਰਿਕਾਰਡ ਕਰਨ ਦੇ ਤਰੀਕੇ ਵਿੱਚ ਬਦਲਾਅ ਆ ਰਹੇ ਹਨ।
(ਸਪਾਈਕਿੰਗ – ਜਦੋਂ ਕੋਈ ਵਿਅਕਤੀ ਕਿਸੇ ਦੂਸਰੇ ਵਿਅਕਤੀ/ਆਂ ਦੀ ਜਾਣਕਾਰੀ ਤੋਂ ਬਿਨਾਂ ਉਨ੍ਹਾਂ ਪੇਅ ਪਦਾਰਥ ਵਿੱਚ ਜਾਂ ਸਰੀਰ ਵਿੱਚ ਸ਼ਰਾਬ ਜਾਂ ਨਸ਼ੀਲਾ ਪਦਾਰਥ ਮਿਲਾ ਦਿੰਦਾ ਹੈ)
ਡੇਮ ਨਿਕੋਲ ਜੈਕਬਸ ਕਹਿੰਦੇ ਹਨ, “ਜੇ ਮੰਤਰੀ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਅਗਲੇ ਦਹਾਕੇ ਵਿੱਚ ਔਰਤਾਂ ਅਤੇ ਕੁੜੀਆਂ ਵਿਰੁੱਧ ਹਿੰਸਾ ਨੂੰ ਅੱਧਾ ਕਰਨ ਲਈ ਉਨ੍ਹਾਂ ਦੁਆਰਾ ਕੀਤੇ ਗਏ ਉਪਾਅ ਵਾਕਈ ਨੁਕਸਾਨ ਨੂੰ ਘਟਾ ਰਹੇ ਹਨ, ਤਾਂ ਸਾਨੂੰ ਪੁਲਿਸ ਨੂੰ ਰਿਪੋਰਟ ਕੀਤੇ ਗਏ ਸਾਰੇ ਘਰੇਲੂ ਹਿੰਸਾ ਦੇ ਮਾਮਲਿਆਂ ਨੂੰ ਸਹੀ ਢੰਗ ਨਾਲ ਜਾਂਚਣਾ ਚਾਹੀਦਾ ਹੈ।”

“ਇਸ ਵਿੱਚ ਨਾ ਸਿਰਫ਼ ਅਪਰਾਧੀਆਂ ਨੂੰ ਜਵਾਬਦੇਹ ਬਣਾਉਣ ਜ਼ਰੂਰੀ ਹੈ, ਸਗੋਂ ਪੀੜਤਾਂ ਨੂੰ ਦੁਰਵਿਵਹਾਰ ਤੋਂ ਬਾਅਦ ਮੁੜ ਸੰਭਲਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਾ ਵੀ ਮਹੱਤਵਪੂਰਨ ਹੈ।”
ਗ੍ਰਹਿ ਦਫ਼ਤਰ ਨੇ ਸਾਨੂੰ ਦੱਸਿਆ ਕਿ ਉਹ ਪੁਲਿਸ ਸਾਫਟਵੇਅਰ ਵਿਕਸਤ ਕਰ ਰਹੇ ਹਨ, ਜੋ ਕਿਸੇ ਹੋਰ ਅਪਰਾਧ ਦੇ ਹਿੱਸੇ ਵਜੋਂ ਵਾਪਰਨ ਵਾਲੀਆਂ ਸਪਾਈਕਿੰਗ ਅਪਰਾਧ ਦੀਆਂ ਘਟਨਾਵਾਂ ਦੀ ਪਛਾਣ ਕਰਨ ਦੇ ਯੋਗ ਹੋਵੇਗਾ।
ਸੰਸਦ ਵਿੱਚ ਵਿਚਾਰ ਅਧੀਨ ਅਪਰਾਧ ਅਤੇ ਪੁਲਿਸਿੰਗ ਬਿੱਲ ਦੇ ਤਹਿਤ, ਸਰਕਾਰ ਇੱਕ ਨਵੀਂ ‘ਆਧੁਨਿਕ’ ਅਪਰਾਧ ਦੀ ਸ਼੍ਰੇਣੀ ਬਣਾ ਰਹੀ ਹੈ, ਜਿਸ ਵਿੱਚ ‘ਸਪਾਈਕਿੰਗ, ਹਾਨੀਕਾਰਕ ਪਦਾਰਥ ਨੂੰ ਮਿਲਾਉਣਾ/ਪਿਲਾਉਣਾ ਵੀ ਸ਼ਾਮਿਲ ਹੈ”। ਸਰਕਾਰ ਦਾ ਉਦੇਸ਼ ਹੈ ਕਿ ਇਸ ਨਾਲ ਪੀੜਿਤਾਂ ਨੂੰ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਾਉਣ ਦਾ ਹਿੰਮਤ ਅਤੇ ਪ੍ਰੇਰਣਾ ਮਿਲੇਗੀ।
ਪੂਰੇ ਯੂਕੇ ਵਿੱਚ ਸਪਾਈਕਿੰਗ ਪਹਿਲਾਂ ਹੀ ਇੱਕ ਅਪਰਾਧ ਹੈ, ਜੋ ਕਿ ਹੋਰ ਕਾਨੂੰਨਾਂ ਦੇ ਤਹਿਤ ਕਵਰ ਕੀਤਾ ਜਾਂਦਾ ਹੈ – ਜਿਸ ਵਿੱਚ 1861 ਦਾ ਵਿਅਕਤੀ ਵਿਰੁੱਧ ਅਪਰਾਧ ਐਕਟ ਵੀ ਸ਼ਾਮਲ ਹੈ।
ਪਰ ਇਸ ਨਵੇਂ ਕਾਨੂੰਨ ਦੇ ਤਹਿਤ – ਜੋ ਇੰਗਲੈਂਡ ਅਤੇ ਵੇਲਜ਼ ਵਿੱਚ ਲਾਗੂ ਹੋਵੇਗਾ, ਅਪਰਾਧੀਆਂ ਨੂੰ 10 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਤਸਵੀਰ ਸਰੋਤ, PA Media
ਨਿਆਂ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਨਾਲ ਪੁਲਿਸ ਨੂੰ ਸਪਾਈਕਿੰਗ ਦੀ ਨਿਗਰਾਨੀ ਕਰਨ ਵਿੱਚ ਮਦਦ ਮਿਲੇਗੀ, “ਅਤੇ ਹੋਰ ਪੀੜਤਾਂ ਨੂੰ … ਅੱਗੇ ਆਉਣ ਅਤੇ ਇਨ੍ਹਾਂ ਅਪਰਾਧਾਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ”।
ਮਹਿਲਾਵਾਂ ਅਤੇ ਕੁੜੀਆਂ ਵਿਰੁੱਧ ਹਿੰਸਾ ਅਤੇ ਸੁਰੱਖਿਆ ਸਬੰਧੀ ਮੰਤਰੀ, ਜੈਸ ਫਿਲਿਪਸ ਨੇ ਫਾਈਲ ਆਨ 4 ਇਨਵੈਸਟੀਗੇਟਸ ਨੂੰ ਦਿੱਤੇ ਇੱਕ ਬਿਆਨ ਵਿੱਚ ਸਪਾਈਕਿੰਗ ਨੂੰ “ਇੱਕ ਘਿਣਾਉਣਾ ਅਪਰਾਧ, ਜੋ ਪੀੜਤਾਂ ਦੇ ਵਿਸ਼ਵਾਸ ਅਤੇ ਸੁਰੱਖਿਆ ਨਮੁਨ ਠੇਸ ਪਹੁੰਚਾਉਂਦਾ ਹੈ” ਦੱਸਿਆ।
ਇਸ ਕਾਨੂੰਨ ਨੂੰ ਉੱਤਰੀ ਆਇਰਲੈਂਡ ਤੱਕ ਵਧਾਉਣ ਲਈ ਚਰਚਾ ਜਾਰੀ ਹੈ। ਸਕਾਟਿਸ਼ ਸਰਕਾਰ ਦਾ ਕਹਿਣਾ ਹੈ ਕਿ ਉਸਦੀ ਕੋਈ ਖਾਸ ਅਪਰਾਧ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ ਪਰ ਉਹ ਸਥਿਤੀ ਦੀ ਸਮੀਖਿਆ ਕਰ ਰਹੇ ਹਨ।
ਖੈਰ, ਉਪਰੋਕਤ ਮਾਮਲੇ ਵਿੱਚ ਕੇਟ ਨੂੰ ਆਖਰਕਾਰ ਇਨਸਾਫ਼ ਮਿਲ ਗਿਆ, ਪਰ ਜੇ ਉਨ੍ਹਾਂ ਨੇ ਸੀਪੀਐਸ ਦੇ ਪਹਿਲੇ ਫੈਸਲੇ ਖ਼ਿਲਾਫ਼ ਮੋਰਚਾ ਨਾ ਖੋਲ੍ਹਿਆ ਹੁੰਦਾ ਹੈ ਤਾਂ ਸ਼ਾਇਦ ਉਨ੍ਹਾਂ ਦਾ ਸਾਬਕਾ ਪਤੀ ਜੇਲ੍ਹ ਜਾਣ ਤੋਂ ਬਚ ਜਾਂਦਾ।
ਕੇਟ ਕਹਿੰਦੇ ਹਨ, “ਮੈਂ ਚਾਹੁੰਦੀ ਹਾਂ ਕਿ ਦੂਸਰੇ ਇਹ ਸਮਝਣ ਕਿ ਦੁਰਵਿਵਹਾਰ ਤੁਹਾਡੇ ਸੋਚਣ ਨਾਲੋਂ ਕਿਤੇ ਜ਼ਿਆਦਾ ਚੁੱਪਚਾਪ ਹੁੰਦਾ ਹੈ। ਮੈਂ ਅਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਮੇਰੇ ਨਾਲ ਕੀ ਹੋਇਆ ਅਤੇ ਇਸਦਾ ਮੇਰੇ ‘ਤੇ ਕੀ ਅਸਰ ਪਿਆ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI