Source :- BBC PUNJABI

ਮੋਗਾ ਸੈਕਸ ਸਕੈਂਡਲ

26 ਮਿੰਟ ਪਹਿਲਾਂ

ਮੋਗਾ ਸੈਕਸ ਸਕੈਂਡਲ ਮਾਮਲੇ ਵਿੱਚ ਦੋਸ਼ੀ ਪਾਏ ਗਏ ਸਾਰੇ ਮੁਲਜ਼ਮਾਂ ਨੂੰ 5-5 ਸਾਲ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਮੋਹਾਲੀ ਦੀ ਸੀਬੀਆਈ ਦੀ ਅਦਾਲਤ ਨੇ ਤਤਕਾਲੀ ਥਾਣੇਦਾਰ ਅਤੇ ਮਾਮਲੇ ਦੇ ਇੱਕ ਮੁਲਜ਼ਮ ਰਮਨ ਕੁਮਾਰ ਨੂੰ ਵਾਧੂ ਤਿੰਨ ਸਾਲ ਦੀ ਕੈਦ ਸੁਣਾਈ ਹੈ ਅਤੇ ਇੱਕ ਲੱਖ ਰੁਪਏ ਜੁਰਮਾਨਾ ਲਗਾਇਆ ਹੈ।

ਇਸ ਮਾਮਲੇ ਦੇ ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਅਦਾਲਤ ਦੇ ਫੈਸਲੇ ਉੱਤੇ ਸੰਤੁਸ਼ਟੀ ਜਾਹਰ ਕਰਦਿਆਂ ਦੱਸਿਆ ਕਿ ਇਹ ਮਾਮਲਾ 2007 ਦਾ ਹੈ।

ਨਾਬਾਲਗ ਨਾਲ ਹੋਏ ਬਲਾਤਾਕਾਰ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪੇ ਨੋਟਿਸ ਲਿਆ ਸੀ ਅਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਸੀ।

ਪੰਜਾਬ ਪੁਲਿਸ ਦੇ ਮੋਗਾ ਦੇ ਤਤਕਾਲੀ ਐੱਸਐੱਸਪੀ ਦਵਿੰਦਰ ਸਿੰਘ ਗਰਚਾ ਇਸ ਮਾਮਲੇ ਦੇ ਮੁੱਖ ਮੁਲਜ਼ਮਾਂ ਵਿੱਚੋਂ ਸਨ।

ਗਰਚਾ ਤੋਂ ਇਲਾਵਾ ਉਸ ਵੇਲੇ ਦੇ ਐੱਸਐੱਚਓ ਰਮਨ ਕੁਮਾਰ ਅਤੇ ਥਾਣਾ ਸਿਟੀ ਮੋਗਾ ਦੇ ਐੱਸਐਚਓ ਰਹੇ ਅਮਰਜੀਤ ਸਿੰਘ ਨੂੰ ਵੀ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ।

ਸੀਬੀਆਈ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਮਰਹੂਮ ਅਕਾਲੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਬੇਟੇ ਬਰਜਿੰਦਰ ਸਿੰਘ ਉਰਫ਼ ਮੱਖਣ ਬਰਾੜ ਅਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਸੁਖਰਾਜ ਸਿੰਘ ਨੂੰ ਬਰੀ ਕਰ ਦਿੱਤਾ ਹੈ।

ਦਰਅਸਲ ਇਹ ਮਾਮਲਾ ਦੇਹ-ਵਪਾਰ ਦੇ ਨਾਮ ਉੱਤੇ ਡਰਾ-ਧਮਕਾ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਕਾਰੋਬਾਰੀਆਂ ਅਤੇ ਰਸੂਖ਼ਦਾਰਾਂ ਨੂੰ ਬਲੈਕਮੇਲ ਕਰਨ ਅਤੇ ਮੋਟੀਆਂ ਰਕਮਾਂ ਵਸੂਲਣ ਦਾ ਸੀ।

ਬੀਬੀਸੀ ਪੰਜਾਬੀ

ਮਾਮਲੇ ਦੇ ਸ਼ਿਕਾਇਤਕਰਤਾ ਨੇ ਕੀ ਕਿਹਾ

ਇਸ ਮਾਮਲੇ ਵਿੱਚ ਰਣਜੀਤ ਸਿੰਘ ਮੁਖ ਸ਼ਿਆਕਿਤਕਰਤਾ ਹਨ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ”ਸਾਨੂੰ 18 ਸਾਲ ਤੋਂ ਬਹੁਤ ਉਮੀਦ ਸੀ, ਜੱਜ ਸਹਿਬ ਨੇ ਵਧੀਆ ਫੈਸਲਾ ਸੁਣਾਇਆ ਹੈ। ਅਸੀਂ ਇਸ ਫੈਸਲੇ ਤੋਂ ਸੰਤੁਸ਼ਟ ਹਾਂ।”

ਉਨ੍ਹਾਂ ਦੱਸਿਆ ਕਿ ਇੰਨੇ ਸਾਲਾਂ ਦੌਰਾਨ ”ਮੇਰੇ ਉੱਤੇ ਕੇਸ ਨੂੰ ਵਾਪਸ ਲੈਣ ਲਈ ਦਬਾਅ ਵੀ ਪਾਇਆ ਗਿਆ, ਪਿੱਛੇ ਬੰਦੇ ਲਗਾਏ ਗਏ ਪਰ ਮੈਂ ਦਬਿਆ ਨਹੀਂ। ਮੈਂ ਠਾਣਿਆ ਹੋਇਆ ਸੀ ਕਿ ਮੈਂ ਦਬਣਾ ਨਹੀਂ।”

ਉਹ ਕਹਿੰਦੇ ਹਨ ਕਿ ਜਿੰਨੀ ਸਜ਼ਾ ਅਦਾਲਤ ਨੇ ਦਿੱਤੀ ਹੈ, ਉਹ ਬਹੁਤ ਹੈ, ‘ਸਜ਼ਾ ਤਾਂ ਮੰਨੇ ਦੀ ਹੁੰਦੀ ਹੈ’।

ਰਣਜੀਤ ਸਿੰਘ

ਕੀ ਸੀ ਮਾਮਲਾ?

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਰਸਾਲ ਦੀ ਇੱਕ ਮਹਿਲਾ ਮਨਜੀਤ ਕੌਰ ਅਤੇ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਬੱਡੂਵਾਲ ਦੀ ਮਨਪ੍ਰੀਤ ਕੌਰ ਨੇ ਪੁਲਿਸ ਕੋਲ ਇੱਕ ਸੈਕਸ ਰੈਕਟ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਸੀ।

ਮਨਜੀਤ ਕੌਰ ਅਤੇ ਮਨਪ੍ਰੀਤ ਕੌਰ ਆਪਸ ਵਿੱਚ ਰਿਸ਼ਤੇਦਾਰ ਸਨ।

ਸਾਲ 2007 ਵਿੱਚ ਹੋਏ ਇਸ ਸੈਕਸ ਸਕੈਂਡਲ ਸਬੰਧੀ ਮਾਮਲੇ ਦੀ ਜਾਂਚ ਉਸ ਵੇਲੇ ਦੇ ਫਰੀਦਕੋਟ ਦੇ ਐੱਸਐੱਸਪੀ ਐੱਲਕੇ ਯਾਦਵ ਨੇ ਕੀਤੀ ਸੀ, ਜਿਸ ਮਗਰੋਂ ਪੁਲਿਸ ਅਧਿਕਾਰੀਆਂ ਦੇ ਜੇਲ੍ਹ ਜਾਣ ਦਾ ਰਾਹ ਪੱਧਰਾ ਹੋ ਗਿਆ ਸੀ।

ਪੰਜਾਬ ਪੁਲਿਸ ਦੇ ਇਨ੍ਹਾਂ ਅਫਸਰਾਂ ਉੱਤੇ ਇਲਜ਼ਾਮ ਲਾਇਆ ਗਿਆ ਕਿ ਉਨ੍ਹਾਂ ਨੇ ਦੇਹ ਵਪਾਰ ਦੇ ਧੰਦੇ ਨੂੰ ਮੋਹਰਾ ਬਣਾ ਕੇ ਸ਼ਹਿਰ ਅਤੇ ਪਿੰਡਾਂ ਦੇ ਕਈ ਸਫੈਦਪੋਸ਼ਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿੱਤੀ ਲਾਭ ਲਏ ਸਨ।

ਇਲਜ਼ਾਮਾਂ ਤੋਂ ਬਾਅਦ ਇਹ ਪੁਲਿਸ ਅਧਿਕਾਰੀ ਵਿਵਾਦਾਂ ਵਿੱਚ ਘਿਰ ਗਏ ਸਨ।

ਮਨਪ੍ਰੀਤ ਕੌਰ ਨਾਂ ਦੀ ਔਰਤ ਨੇ 10 ਅਪ੍ਰੈਲ, 2007 ਨੂੰ ਥਾਣਾ ਸਿਟੀ ਮੋਗਾ ਕੋਲ ਇੱਕ ਰਿਪੋਰਟ ਦਰਜ ਕਰਵਾਈ ਸੀ ਜਿਸ ਵਿੱਚ ਉਸ ਨੇ ਕਥਿਤ ਦੇਹ ਵਪਾਰ ਨੈੱਟਵਰਕ ਦਾ ਖੁਲਾਸਾ ਕੀਤਾ ਸੀ।

ਬਾਅਦ ਵਿੱਚ ਸ਼ਿਕਾਇਤਕਰਤਾ ਦੀ ਰਿਸ਼ਤੇਦਾਰ ਦੱਸੀ ਜਾਂਦੀ ਮਨਜੀਤ ਕੌਰ ਨੂੰ ਇਸ ਮਾਮਲੇ ਵਿੱਚ ਪੁਲਿਸ ਨੇ ਨਾਮਜ਼ਦ ਕੀਤਾ ਸੀ।

11 ਦਸੰਬਰ, 2007 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਸੀਬੀਆਈ ਨੇ ਇਸ ਮਾਮਲੇ ਵਿੱਚ ਪਰਚਾ ਦਰਜ ਕੀਤਾ ਸੀ।

ਮੋਗਾ ਸੈਕਸ ਸਕੈਂਡਲ

ਮਾਮਲੇ ਦੀ ਜਾਂਚ ਵਿੱਚ ਹੋਏ ਖ਼ੁਲਾਸੇ

ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਨ੍ਹਾਂ ਪੁਲਿਸ ਅਧਿਕਾਰੀਆਂ ਨੇ 200 ਦੇ ਕਰੀਬ ਲੋਕਾਂ ਨੂੰ ਦੇਹ ਵਪਾਰ ਦੀ ਆੜ ਵਿੱਚ ਕਥਿਤ ਤੌਰ ਉੱਪਰ ਡਰਾ ਧਮਕਾ ਕੇ ਵਿੱਤੀ ਫ਼ਾਇਦੇ ਲਏ ਸਨ।

ਇਸ ਮਾਮਲੇ ਦੀ ਮੁੱਢਲੀ ਪੜਤਾਲ ਉਸ ਵੇਲੇ ਦੇ ਏਡੀਜੀਪੀ ਚੰਦਰ ਸ਼ੇਖਰ ਦੇ ਹੁਕਮਾਂ ਤੇ ਡੀਐੱਸਪੀ ਭੁਪਿੰਦਰ ਸਿੰਘ ਵੱਲੋਂ ਕੀਤੀ ਗਈ ਸੀ। ਉਹ ਉਸ ਸਮੇਂ ਬਾਘਾਪੁਰਾਣਾ ਤਾਇਨਾਤ ਸਨ।

ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਭਾਗੀਕੇ ਦੇ ਵਸਨੀਕ ਰਣਜੀਤ ਸਿੰਘ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਸ਼ੇਖਰ ਕੋਲ ਉਹ ਰਿਕਾਰਡਿੰਗ ਪੇਸ਼ ਕੀਤੀ ਸੀ ਜਿਸ ਵਿੱਚ ਕੁਝ ਪੁਲਿਸ ਅਧਿਕਾਰੀਆਂ ਨੂੰ ਸੁਣਿਆ ਜਾ ਸਕਦਾ ਸੀ ਜੋ ਰਣਜੀਤ ਸਿੰਘ ਤੋਂ ਕੇਸ ਵਿੱਚ ਫਸਾਉਣ ਬਦਲੇ ਪੈਸੇ ਮੰਗ ਰਹੇ ਸਨ।

ਕਾਰਵਾਈ ਕਰਦਿਆਂ ਪੁਲਿਸ ਨੇ ਤਤਕਾਲੀ ਐੱਸਐੱਚਓ ਅਮਰਜੀਤ ਸਿੰਘ ਅਤੇ ਰਮਨ ਕੁਮਾਰ ਨੂੰ ਜੇਲ੍ਹ ਭੇਜ ਦਿੱਤਾ ਸੀ ਜਦੋਂ ਕਿ ਐੱਸਐੱਸਪੀ ਦਵਿੰਦਰ ਸਿੰਘ ਗਰਚਾ ਦੀ ਇਸ ਸਕੈਂਡਲ ਵਿੱਚ ਨਾ ਆਉਣ ਤੋਂ ਬਾਅਦ ਬਦਲੀ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI