Source :- BBC PUNJABI

ਤਸਵੀਰ ਸਰੋਤ, US Treasury Department
- ਲੇਖਕ, ਰੀਬੇਕਾ ਥੋਰਨ, ਅਨਾ ਕੁਨਡੀਰੇਂਕੋ, ਨਵੀਨ ਸਿੰਘ ਖੜਗੇ
- ਰੋਲ, ਬੀਬੀਸੀ ਪੱਤਰਕਾਰ
-
21 ਫ਼ਰਵਰੀ 2025
ਅਪਡੇਟ 16 ਮਿੰਟ ਪਹਿਲਾਂ
ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਸ ਨੇ ਯੂਕਰੇਨ ਨਾਲ ਕੁਦਰਤੀ ਸਰੋਤਾਂ ਦੇ ਸਮਝੌਤੇ ‘ਤੇ ਦਸਤਖਤ ਕੀਤੇ ਹਨ।
ਅਮਰੀਕੀ ਵਿੱਤ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ, ਦੋਵੇਂ ਦੇਸ਼ ਇੱਕ “ਰੀਕੰਸਟ੍ਰਕਸ਼ਨ ਇਨਵੈਸਟਮੈਂਟ ਫ਼ੰਡ” ਬਣਾਉਣ ਲਈ ਸਹਿਮਤ ਹੋਏ ਹਨ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਇਸ ਸੌਦੇ ਨਾਲ ਅਮਰੀਕਾ ਨੂੰ ‘ਵਧੇਰੇ ਫਾਇਦਾ’ ਹੋਵੇਗਾ।
ਉਨ੍ਹਾਂ ਕਿਹਾ, “ਬਾਇਡਨ ਨੇ ਯੂਕਰੇਨ ਨੂੰ 350 ਬਿਲੀਅਨ ਡਾਲਰ ਦਿੱਤੇ। ਹੁਣ ਅਸੀਂ ਇੱਕ ਅਜਿਹਾ ਸੌਦਾ ਕੀਤਾ ਹੈ ਕਿ ਸਾਨੂੰ ਇਸ ਨਾਲ ਵਧੇਰੇ ਪੈਸੇ ਮਿਲਣਗੇ।”
ਇਸ ਤੋਂ ਪਹਿਲਾਂ, ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਅਤੇ ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਯੂਲੀਆ ਸਵਿਰੀਡੇਂਕੋ ਨੇ ਬੁੱਧਵਾਰ ਨੂੰ ਸਮਝੌਤੇ ‘ਤੇ ਦਸਤਖਤ ਕੀਤੇ।
ਅਮਰੀਕੀ ਵਿੱਤ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ, ਇਸ ਸੌਦੇ ਦੇ ਤਹਿਤ ਦੋਵੇਂ ਦੇਸ਼ ਇਹ ਯਕੀਨੀ ਬਣਾਉਣ ਲਈ ਸਹਿਯੋਗ ਕਰਨਗੇ ਕਿ “ਆਪਸੀ ਜਾਇਦਾਦਾਂ, ਪ੍ਰਤਿਭਾਵਾਂ ਅਤੇ ਸਮਰੱਥਾਵਾਂ” ਕੀਵ ਦੀ ਰਿਕਵਰੀ ਵਿੱਚ ਤੇਜ਼ੀ ਲਿਆ ਸਕਣ।

ਤਸਵੀਰ ਸਰੋਤ, Getty Images
ਯੂਕਰੇਨ ਦੇ ਦੁਰਲੱਭ ਖਣਿਜਾਂ ਤੱਕ ਅਮਰੀਕਾ ਦੀ ਪਹੁੰਚ ਯਕੀਨੀ ਬਣਾਉਣ ਲਈ ਕੀਵ ਅਤੇ ਵਾਸ਼ਿੰਗਟਨ ਮਹੀਨਿਆਂ ਤੋਂ ਇੱਕ ਸਮਝੌਤੇ ‘ਤੇ ਗੱਲਬਾਤ ਕਰ ਰਹੇ ਹਨ।
ਇਸ ਤੋਂ ਪਹਿਲਾਂ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਉਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਯੂਕਰੇਨ ਦੇ 50 ਕਰੋੜ ਡਾਲਰ ਮੁੱਲ ਵਾਲੇ ਖਣਿਜਾਂ ਦੇ ਵਿਸ਼ਾਲ ਭੰਡਾਰਾਂ ਤੱਕ ਅਮਰੀਕੀ ਪਹੁੰਚ ਦੀ ਮੰਗ ਕੀਤੀ ਸੀ।
ਯੂਕਰੇਨ ਵਿੱਚ ਦੁਰਲੱਭ ਖਣਿਜਾਂ ਦੇ ਵੱਡੇ ਭੰਡਾਰ ਹਨ ਅਤੇ ਇਨ੍ਹਾਂ ਭੰਡਾਰਾਂ ਨੂੰ ਰੇਅਰ ਅਰਥ ਕਿਹਾ ਜਾਂਦਾ ਹੈ ਪਰ ਇਨ੍ਹਾਂ ਭੰਡਾਰਾਂ ਵਾਲੇ ਵੱਡੇ ਖੇਤਰ ‘ਤੇ ਰੂਸੀ ਸੈਨਿਕਾਂ ਦਾ ਕੰਟਰੋਲ ਹੈ।
ਰੇਅਰ ਅਰਥ ਖਣਿਜ ਕੀ ਹਨ?

ਤਸਵੀਰ ਸਰੋਤ, Ukrainian Presidential Press Service
‘ਰੇਅਰ ਅਰਥ’ 17 ਰਸਾਇਣਕ ਤੌਰ ‘ਤੇ ਮੇਲ ਖਾਂਦੇ ਤੱਤਾਂ ਲਈ ਇੱਕ ਸਮੂਹਿਕ ਸ਼ਬਦ ਹੈ ਜੋ ਆਧੁਨਿਕ ਤਕਨੀਕ ਅਤੇ ਉਦਯੋਗ ਜਗਤ ਵਿੱਚ ਵਿਆਪਕ ਤੌਰ ‘ਤੇ ਵਰਤੇ ਜਾਂਦੇ ਹਨ।
ਇਹ ਤੱਤ ਸਮਾਰਟਫ਼ੋਨ, ਕੰਪਿਊਟਰ, ਮੈਡੀਕਲ ਸਾਜ਼ੋ-ਸਾਮਾਨ ਅਤੇ ਹੋਰ ਬਹੁਤ ਕੁਝ ਦੇ ਉਤਪਾਦਨ ਲਈ ਅਹਿਮ ਹਨ।
ਇਨ੍ਹਾਂ ਵਿੱਚ ਸਕੈਂਡੀਅਮ (Sc), ਯਟਰੀਅਮ(Y), ਲੇਂਥੇਨਮ(La), ਸੇਰੀਅਮ(Ce), ਪ੍ਰੇਸਿਓਡੇਮੀਅਮ(Pr), ਨਿਓਡੇਮੀਅਮ(Nd), ਪ੍ਰੋਮੈਥੀਅਮ(Pm), ਸੇਮਰੀਅਮ(Sm), ਇਓਰਪੀਅਮ(Eu), ਗਾਡੋਲੀਨੀਅਮ(Gd), ਟਰਬੀਅਮ(Tb), ਡਾਇਸਪ੍ਰੋਜ਼ੀਅਮ(Dy), ਹੋਲੀਮਮ(Ho), ਇਰਬੀਅਮ(Er), ਥੂਲੀਅਮ(Tm), ਯਟਰਬੀਅਮ(Yb), ਲੂਟੇਟੀਅਮ(Lu)
ਇਨ੍ਹਾਂ ਖਣਿਜਾਂ ਨੂੰ ‘ਰੇਅਰ’ (ਦੁਰਲੱਭ) ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਦਾ ਸ਼ੁੱਧ ਰੂਪ ਵਿੱਚ ਲੱਭਣਾ ਬਹੁਤ ਅਸਾਧਾਰਨ ਹੈ, ਪਰ ਕਈ ਅਜਿਹੇ ਵੀ ਹਨ ਜੋ ਦੁਨੀਆਂ ਭਰ ਵਿੱਚ ਪਾਏ ਜਾਂਦੇ ਹਨ।
ਹਾਲਾਂਕਿ, ਰੇਅਰ ਅਰਥਜ਼ ਅਕਸਰ ਥੋਰੀਅਮ ਅਤੇ ਯੂਰੇਨੀਅਮ ਵਰਗੇ ਰੇਡੀਓਐਕਟਿਵ ਤੱਤਾਂ ਨਾਲ ਪਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਵੱਖ ਕਰਨ ਲਈ ਬਹੁਤ ਸਾਰੇ ਜ਼ਹਿਰੀਲੇ ਰਸਾਇਣਾਂ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਵੱਖ-ਵੱਖ ਖਣਿਜਾਂ ਨੂੰ ਵੱਖ ਕਰਨ ਦੀ ਪ੍ਰਕਿਰਿਆ ਕਈ ਵਾਰ ਬਹੁਤ ਮੁਸ਼ਕਲ ਅਤੇ ਮਹਿੰਗੀ ਬਣ ਜਾਂਦੀ ਹੈ।
ਯੂਕਰੇਨ ਕੋਲ ਕਿਹੜੇ ‘ਰੇਅਰ ਅਰਥ’ ਹਨ?

ਤਸਵੀਰ ਸਰੋਤ, Getty Images
ਯੂਕਰੇਨ ਕੋਲ 30 ਵਿੱਚੋਂ 21 ਖਣਿਜ ਪਦਾਰਥ ਹਨ ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ “ਨਾਜ਼ੁਕ ਕੱਚੇ ਮਾਲ” ਵਜੋਂ ਪਰਿਭਾਸ਼ਿਤ ਕਰਦਾ ਹੈ। ਇਹ ਵਿਸ਼ਵ ਦੇ ਭੰਡਾਰਾਂ ਦਾ ਤਕਰੀਬਨ 5 ਫ਼ੀਸਦ ਹਿੱਸਾ ਬਣਦਾ ਹੈ।
ਇਨ੍ਹਾਂ ਤੱਤਾਂ ਵਾਲੇ ਬਹੁਤ ਸਾਰੇ ਇਲਾਕੇ ਯੂਕਰੇਨੀ ਕ੍ਰਿਸਟਲਿਨ ਸ਼ੀਲਡ ਦੇ ਦੱਖਣ ਵਿੱਚ ਸਥਿਤ ਹਨ, ਮੁੱਖ ਤੌਰ ‘ਤੇ ਅਜ਼ੋਵ ਸਾਗਰ ਵਿੱਚ।
ਇਨ੍ਹਾਂ ਵਿੱਚੋਂ ਬਹੁਤੇ ਇਲਾਕੇ ਇਸ ਵੇਲੇ ਰੂਸ ਦੇ ਕਬਜ਼ੇ ਵਿੱਚ ਹਨ।
ਹਾਲਾਂਕਿ, ਮਿਡਲ ਬੁਜ਼ ਦੇ ਨਾਲ-ਨਾਲ ਕੀਵ, ਵਿਨਿਤਸੀਆ ਅਤੇ ਜ਼ਾਇਟੋਮਾਈਰ ਦੇ ਇਲਾਕਿਆਂ ਵਿੱਚ ਹਾਲੇ ਵੀ ਕਈ ਸ਼ਾਨਦਾਰ ਪ੍ਰੋਜੈਕਟ ਜਾਰੀ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਸੈਂਕੜੇ ਫ਼ਾਇਦੇਮੰਦ ਭੂ-ਵਿਗਿਆਨਕ ਵਸਤੂਆਂ ਦੀ ਪਛਾਣ ਕਰ ਲਈ ਗਈ ਹੈ, ਇਨ੍ਹਾਂ ਵਿੱਚੋਂ ਕੁਝ ਵਸਤੂਆਂ ਜਿਨ੍ਹਾਂ ਦਾ ਵਿਕਾਸ ਆਰਥਿਕ ਤੌਰ ‘ਤੇ ਸੰਭਵ ਹੋਵੇ ਦਾ ਭੰਡਾਰ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਬੈਂਚਮਾਰਕ ਮਿਨਰਲ ਇੰਟੈਲੀਜੈਂਸ ਦੇ ਬੈਟਰੀ ਰਾਅ ਮਟੀਰੀਅਲਜ਼ ਦੇ ਮੁਖੀ ਐਡਮ ਵੈੱਬ ਕਹਿੰਦੇ ਹਨ, “ਜੋ ਅੰਦਾਜ਼ੇ ਲਗਾਏ ਗਏ ਹਨ, ਉਹ ਅਸਲ ਵਿੱਚ ਅਨਿਸ਼ਚਿਤ ਅਨੁਮਾਨ ਹੀ ਹਨ।”
“ਉਨ੍ਹਾਂ ਖਣਿਜ ਭੰਡਾਰਾਂ ਨੂੰ ਆਰਥਿਕ ਤੌਰ ‘ਤੇ ਲਾਹੇਵੰਦ ਭੰਡਾਰਾਂ ਵਜੋਂ ਸਾਬਤ ਕਰਨ ਲਈ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ।”
ਫੋਰਬਸ ਯੂਕਰੇਨ ਦੇ ਮੁਤਾਬਕ, ਹੋਰ ਅਹਿਮ ਯੂਕਰੇਨੀ ਖਣਿਜ ਸਰੋਤਾਂ ਵਿੱਚੋਂ ਤਕਰੀਬਨ 70 ਫ਼ੀਸਦ ਡੋਨੇਟਸਕ, ਨਿਪ੍ਰੋਪੇਤ੍ਰੋਵਸਕ ਅਤੇ ਲੁਹਾਨਸਕ ਖੇਤਰਾਂ ਵਿੱਚ ਸਥਿਤ ਹਨ।
ਇਸ ਲਈ ਬਹੁਤ ਸਾਰੇ ਖੇਤਰ ਅਜਿਹੇ ਹਨ ਜਿਨ੍ਹਾਂ ਉੱਤੇ ਰੂਸ ਨੇ ਹਮਲਾ ਕੀਤਾ ਅਤੇ ਅਜੇ ਵੀ ਕਬਜ਼ਾ ਕੀਤਾ ਹੋਇਆ ਹੈ।
ਸਰਕਾਰ ਦੇ ਮੁਤਾਬਕ, ਯੂਕਰੇਨ ਵਿੱਚ ਤਕਰੀਬਨ 450,000 ਟਨ ਲਿਥੀਅਮ ਦਾ ਭੰਡਾਰ ਹੈ।
ਇਸਦਾ ਉਤਪਾਦਨ ਹਾਲੇ ਸੰਭਵ ਨਹੀਂ ਹੋ ਸਕਿਆ ਹੈ, ਹਾਲਾਂਕਿ ਇਸਦੀ ਖੁਦਾਈ ਕਰਨ ਦੀਆਂ ਯੋਜਨਾਵਾਂ ਹਨ।
ਰੂਸ ਨੇ ਘੱਟੋ-ਘੱਟ ਦੋ ਲਿਥੀਅਮ ਭੰਡਾਰਾਂ ‘ਤੇ ਕਬਜ਼ਾ ਕਰ ਲਿਆ ਹੈ। ਡੋਨੇਟਸਕ ਖੇਤਰ ਵਿੱਚ ਸ਼ੇਵਚੇਨਕੀਵਸਕੇ ਅਤੇ ਬਰਡਯਾਂਸਕ ਖੇਤਰ ਵਿੱਚ ਕ੍ਰੂਟਾ ਬਾਲਕਾ ਕੰਪਲੈਕਸ ਧਾਤੂ ਭੰਡਾਰ ਹੁਣ ਰੂਸ ਦੇ ਕਬਜੇ ਵਿੱਚ ਹਨ।
ਕਿਰੋਵੋਹਰਾਡ ਇਲਾਕੇ ਵਿੱਚ ਲਿਥੀਅਮ ਧਾਤ ਦੇ ਭੰਡਾਰ ਯੂਕਰੇਨੀ ਨਿਯੰਤਰਣ ਵਿੱਚ ਰਹਿੰਦੇ ਹਨ।
ਟਰੰਪ ਇਹ ਖਣਿਜ ਕਿਉਂ ਚਾਹੁੰਦੇ ਹਨ?
ਦੁਰਲੱਭ ਧਰਤੀ ਦੇ ਖਣਿਜਾਂ ਦੇ ਉਤਪਾਦਨ ਨੂੰ ਨਿਯੰਤਰਿਤ ਕਰਨ ਵਿੱਚ ਅਮਰੀਕਾ ਦੀ ਦਿਲਚਸਪੀ ਮੁੱਖ ਤੌਰ ‘ਤੇ ਚੀਨ ਨਾਲ ਮੁਕਾਬਲੇ ਦੇ ਕਾਰਨ ਹੈ, ਜੋ ਵਰਤਮਾਨ ਵਿੱਚ ਇਨ੍ਹਾਂ ਖਣਿਜਾਂ ਦੀ ਵਿਸ਼ਵਵਿਆਪੀ ਸਪਲਾਈ ਵਿੱਚ ਉੱਤੇ ਕਾਫ਼ੀ ਹੱਦ ਤੱਕ ਕਾਬਜ ਹੈ।
ਪਿਛਲੇ ਕੁਝ ਦਹਾਕਿਆਂ ਵਿੱਚ, ਚੀਨ ਰੇਅਰ ਅਰਥ ਖਣਿਜਾਂ ਦੀ ਖੁਦਾਈ ਅਤੇ ਪ੍ਰੋਸੈਸਿੰਗ ਦੋਵਾਂ ਵਿੱਚ ਇੱਕ ਮੋਹਰੀ ਬਣ ਗਿਆ ਹੈ, ਜੋ ਕਿ ਵਿਸ਼ਵ ਉਤਪਾਦਨ ਦਾ 60-70 ਫ਼ੀਸਦ ਅਤੇ ਕੁੱਲ ਪ੍ਰੋਸੈਸਿੰਗ ਸਮਰੱਥਾ ਦਾ ਤਕਰੀਬਨ 90 ਫ਼ੀਸਦ ਹੈ।
ਇਸ ਮਾਮਲੇ ਵਿਚ ਅਮਰੀਕਾ ਦੀ ਚੀਨ ‘ਤੇ ਨਿਰਭਰਤਾ ਕੌਮੀ ਸੁਰੱਖਿਆ ਅਤੇ ਆਰਥਿਕਤਾ ਦੋਵਾਂ ਦੇ ਲਿਹਾਜ਼ ਨਾਲ ਚਿੰਤਾਜਨਕ ਹੈ। ।
ਆਖ਼ਰਕਾਰ, ਇਹ ਸਮੱਗਰੀ ਅਤਿ ਆਧੁਨਿਕ ਤਕਨੀਕਾਂ ਇਲੈਕਟ੍ਰਿਕ ਕਾਰਾਂ ਤੋਂ ਮਿਲਟਰੀ ਉਪਕਰਣਾਂ ਤੱਕ ਲਈ ਜ਼ਰੂਰੀ ਹੈ।

ਤਸਵੀਰ ਸਰੋਤ, Getty Images
ਨਵੀਨ ਸਿੰਘ ਖੜਗੇ, ਬੀਬੀਸੀ ਵਰਲਡ ਸਰਵਿਸ ਦੇ ਵਾਤਾਵਰਣ ਮਾਹਰ ਅਤੇ ਪੱਤਰਕਾਰ
ਉਹ ਬਾਹਰੋਂ ਦੇਖਣ ਉੱਤੇ ਵੀ ਇੱਕ ਵਿਰੋਧਾਭਾਸ ਵਾਂਗ ਦਿਖਾਈ ਦਿੰਦਾ ਹੈ।
ਟਰੰਪ ਨੇ ਨਵਿਆਉਣਯੋਗ ਨੀਤੀਆਂ ਦੀ ਬਜਾਇ ਜੈਵਿਕ ਈਂਧਨ ਉਤਪਾਦਨ ਦੇ ਵਿਸਥਾਰ ਦੇ ਹੁਕਮ ਦਿੱਤੇ ਹਨ।
ਪਰ ਇਸ ਦੇ ਨਾਲ ਹੀ, ਉਹ ਰੇਅਰ ਅਰਥਜ਼ ਖਣਿਜਾਂ ਨੂੰ ਦੁਨੀਆਂ ਦੇ ਜਿਸ ਹਿੱਸੇ ਵਿੱਚੋਂ ਵੀ ਸੰਭਵ ਹੋਵੇ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ, ਜੋ ਕਿ ਸਵੱਛ ਊਰਜਾ ਬਦਲਾਅ ਲਈ ਲੋੜੀਂਦੇ ਹਨ।
ਹਾਲਾਂਕਿ, ਅਜਿਹੇ ਖਣਿਜ ਉਪਭੋਗਤਾ ਇਲੈਕਟ੍ਰੋਨਿਕਸ, ਫ਼ੌਜੀ ਅਤੇ ਨੈਵੀਗੇਸ਼ਨ ਉਪਕਰਣਾਂ ਅਤੇ ਸਭ ਤੋਂ ਅਹਿਮ ਏਆਈ ਡਾਟਾ ਸੈਂਟਰਾਂ ਲਈ ਬਿਲਡਿੰਗ ਬਲਾਕ ਵੀ ਹਨ।
ਟਰੰਪ ਨੇ ਆਪਣੇ ਦੇਸ਼ ਵਿੱਚ ਏਆਈ ਬੁਨਿਆਦੀ ਢਾਂਚੇ ਦੇ ਵਿਸਤਾਰ ਦਾ ਐਲਾਨ ਕੀਤਾ ਹੈ।
ਇਸ ਲਈ ਰੇਅਰ ਅਰਥ ਖਣਿਜਾਂ ਦੀ ਵੱਡੀ ਸਪਲਾਈ ਦੀ ਲੋੜ ਪਵੇਗੀ, ਜਿਸ ਵਿੱਚ ਮੁੱਖ ਤੌਰ ‘ਤੇ ਤਾਂਬਾ, ਸਿਲੀਕਾਨ, ਪੈਲੇਡੀਅਮ ਅਤੇ ਰੇਅਰ ਅਰਥ ਵਰਗੇ ਖਣਿਜ ਸ਼ਾਮਲ ਹਨ।
ਰੇਅਰ ਅਰਥ ਖਣਿਜਾਂ ਦੀ ਸਪਲਾਈ ਪਹਿਲਾਂ ਹੀ ਘਟਣੀ ਸ਼ੁਰੂ ਹੋ ਗਈ ਹੈ, ਜੋ ਕਿ ਗਲੋਬਲ ਕਲੀਨ ਐਨਰਜੀ ਵਿਕਾਸ ਦੇ ਹੌਲੀ ਹੋਣ ਦਾ ਇੱਕ ਵੱਡਾ ਕਾਰਨ ਬਣ ਗਈ ਹੈ।

ਤਸਵੀਰ ਸਰੋਤ, Getty Images
ਮਾਹਰਾਂ ਦਾ ਕਹਿਣਾ ਹੈ ਕਿ ਰੇਅਰ ਅਰਥ ਖਣਿਜਾਂ ‘ਤੇ ਚੀਨ ਦਾ ਦਬਦਬਾ ਮੁੱਖ ਕਾਰਕ ਹੈ, ਮੁੱਖ ਤੌਰ ‘ਤੇ ਅਮਰੀਕਾ-ਚੀਨ ਦੀ ਭੂ-ਰਾਜਨੀਤੀ ਕਾਰਨ।
ਇੰਟਰਨੈਸ਼ਨਲ ਰੀਨਿਊਏਬਲ ਐਨਰਜੀ ਏਜੰਸੀ ਮੁਤਾਬਕ, ਦਹਾਕਿਆਂ ਤੋਂ ਪ੍ਰੋਸੈਸਿੰਗ ਟੈਕਨਾਲੋਜੀ ਅਤੇ ਮੁਹਾਰਤ ਦੇ ਚਲਦਿਆਂ ਚੀਨ ਵਰਤਮਾਨ ਵਿੱਚ ਕੁਦਰਤੀ ਗ੍ਰਾਫਾਈਟ ਅਤੇ ਡਿਸਪ੍ਰੋਸੀਅਮ ਦੀ 100 ਫ਼ੀਸਦ ਸ਼ੁੱਧ ਸਪਲਾਈ, ਕੋਬਾਲਟ ਦਾ 70 ਫ਼ੀਸਦ ਅਤੇ ਸਾਰੇ ਪ੍ਰੋਸੈਸਡ ਲਿਥੀਅਮ ਅਤੇ ਮੈਂਗਨੀਜ਼ ਦਾ ਤਕਰੀਬਨ 60 ਫ਼ੀਸਦ ਨਿਯੰਤਰਿਤ ਕਰਦਾ ਹੈ।
ਇਹ ਮੁੱਖ ਤੌਰ ‘ਤੇ ਰੇਅਰ ਅਰਥ ਖਣਿਜ ਵੀ ਪੈਦਾ ਕਰਦਾ ਹੈ ਅਤੇ ਅਫ਼ਰੀਕਾ, ਏਸ਼ੀਆ ਅਤੇ ਦੱਖਣੀ ਅਮਰੀਕਾ ਦੀਆਂ ਪ੍ਰਮੁੱਖ ਖਾਣਾਂ ਦੀ ਮਲਕੀਅਤ ਦੇ ਨਾਲ ਦੁਨੀਆ ਭਰ ਦੀਆਂ ਮੁੱਖ ਧਾਤਾਂ ‘ਤੇ ਚੀਨ ਦੀ ਮਜ਼ਬੂਤ ਪਕੜ ਹੈ।
“ਗਲੋਬਲ ਸਪਲਾਈ ਚੇਨ ‘ਤੇ ਚੀਨ ਦੀ ਵਧ ਰਹੀ ਪਕੜ ਦਾ ਮੁਕਾਬਲਾ ਕਰਨ ਲਈ, ” ਬਾਇਡਨ ਦੇ ਪ੍ਰਸ਼ਾਸਨ ਦੇ ਦੌਰਾਨ ਯੂਐੱਸ ਹਾਊਸ ਆਰਮਡ ਸਰਵਿਸਿਜ਼ ਕਮੇਟੀ ਨੇ ਕਿਹਾ ਸੀ, “ਇਹ ਜ਼ਰੂਰੀ ਹੈ ਕਿ ਅਮਰੀਕਾ ਰੇਅਰ ਅਰਥ ਤੇ ਰਣਨੀਤਕ ਖਣਿਜਾਂ ਦੀ ਆਪਣੀ ਨਵੀਨਤਾਕਾਰੀ ਸਪਲਾਈ ਨੂੰ ਯਕੀਨੀ ਬਣਾਏ।”
ਟਰੰਪ ਪ੍ਰਸ਼ਾਸਨ ਯੂਕਰੇਨ ਅਤੇ ਗ੍ਰੀਨਲੈਂਡ ਵਰਗੀਆਂ ਥਾਵਾਂ ਨੂੰ ਆਪਣੀ ਸਪਲਾਈ ਚੇਨ ਵਿੱਚ ਸ਼ਾਮਲ ਕਰਨ ਲਈ ਨਵੀਨਤਾਕਾਰੀ ਤਰੀਕਿਆਂ ਦੀ ਵਰਤੋਂ ਕਰਨ ਵਾਲੇ ਇਲਾਕਿਆਂ ਵਜੋਂ ਦੇਖਦਾ ਨਜ਼ਰ ਆ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI