Source :- BBC PUNJABI

ਸੋਨੀ ਤਿਵਾੜੀ

“ਦੁਨੀਆਂ ਮੇਰੇ ਕੰਮ ਦਾ ਮਜ਼ਾਕ ਬਣਾਉਂਦੀ ਹੈ, ਜੋ ਮਜ਼ਾਕ ਬਣਾਉਂਦੇ ਉਹ ਮੇਰੇ ਘਰੇ ਰਾਸ਼ਨ ਤਾਂ ਨਹੀਂ ਭੇਜਣਗੇ। ਇਸ ਲਈ ਕੰਮ ਤਾਂ ਕਰਨਾ ਹੀ ਪਵੇਗਾ, ਅਸੀਂ ਮਿਹਨਤ ਕਰਕੇ ਖਾ ਰਹੇ ਹਾਂ।”

ਇਹ ਸ਼ਬਦ 26 ਸਾਲਾ ਸੋਨੀ ਤਿਵਾੜੀ ਦੇ ਹਨ ਜੋ ਲੁਧਿਆਣਾ ‘ਚ ਅੱਜ-ਕੱਲ੍ਹ ਚਰਚਾਵਾਂ ਵਿੱਚ ਹਨ।

ਚਰਚਾ ਵਿੱਚ ਰਹਿਣ ਦਾ ਕਾਰਨ ਉਨ੍ਹਾਂ ਦਾ ਜਜ਼ਬਾ ਅਤੇ ਮਿਹਨਤ ਹੈ। ਉਹ ਪਿਛਲੇ ਛੇ ਮਹੀਨਿਆਂ ਤੋਂ ਆਪਣੀ ਨਵਜੰਮੀ ਬੱਚੀ ਨੂੰ ਨਾਲ ਲੈ ਕੇ ਈ ਰਿਕਸ਼ਾ ਚਲਾ ਰਹੇ ਹਨ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ।

ਹਾਲਾਂਕਿ ਉਨ੍ਹਾਂ ਦੇ ਪਤੀ ਵੀ ਇੱਕ ਫੈਕਟਰੀ ਵਿੱਚ ਮਜ਼ਦੂਰੀ ਕਰਦੇ ਹਨ।ਪਰ ਇਸ ਨਾਲ ਉਨਾਂ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ।

ਸੋਨੀ ਦੱਸਦੇ ਹਨ ਕਿ ਉਨ੍ਹਾਂਦੇ ਪਰਿਵਾਰ ਵਿੱਚ ਹੋਰ ਮੈਂਬਰ ਵੀ ਹਨ ਪਰ ਉਹ ਉਨਾਂ ਨਾਲ ਨਹੀਂ ਰਹਿੰਦੇ ਅਤੇ ਨਾ ਹੀ ਪਰਿਵਾਰਕ ਮੈਂਬਰ ਉਨ੍ਹਾਂ ਦੀ ਕੋਈ ਮਦਦ ਕਰਦੇ ਹਨ।

ਇਸ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਉਹ ਈ-ਰਿਕਸ਼ਾ ਚਲਾਉਂਦੇ ਵੇਲੇ ਉਹ ਆਪਣੀ ਛੋਟੀ ਉਮਰ ਦੀ ਧੀ ਨੂੰ ਨਾਲ ਰੱਖਣ ਲਈ ਮਜਬੂਰ ਹਨ ਅਤੇ ਇਸ ਉੱਤੇ ਉਨ੍ਹਾਂ ਨੂੰ ਮਾਣ ਵੀ ਹੈ।

ਸੋਨੀ ਦਾ ਵਿਆਹ ਛੇ ਸਾਲ ਪਹਿਲਾਂ ਹੋਇਆ ਸੀ ਅਤੇ 31 ਮਾਰਚ, 2024 ਨੂੰ ਉਸਦੇ ਘਰ ਧੀ ਨੇ ਜਨਮ ਲਿਆ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਹ ਰਾਹ ਕਿਉਂ ਚੁਣਿਆ

ਸੋਨੀ ਦੱਸਦੇ ਹਨ ਕਿ ਮਹਿੰਗਾਈ ਦੀ ਮਾਰ, ਪਤੀ ਦੇ ਬੀਮਾਰ ਹੋਣ ਅਤੇ ਕਰਜ਼ੇ ਨੂੰ ਉਤਾਰਨ ਲਈ ਉਨ੍ਹਾਂ ਨੇ ਈ ਰਿਕਸ਼ਾ ਚਲਾ ਪੈਸੇ ਕਮਾਉਣ ਬਾਰੇ ਸੋਚਿਆ।

ਉਹ ਕਹਿੰਦੇ ਹਨ ਚਾਹੇ ਇਸ ਵਿੱਚ ਜੋਖ਼ਮ ਹੈ ਪਰ ਆਪਣੇ ਪਰਿਵਾਰ ਨੂੰ ਸੰਭਾਲਣ ਵਾਸਤੇ ਮਿਹਨਤ ਹੀ ਇੱਕੋ-ਇੱਕ ਰਸਤਾ ਹੈ।

“ਮੈਨੂੰ ਈ ਰਿਕਸ਼ਾ ਚਲਾਉਂਦੀ ਨੂੰ ਛੇ ਮਹੀਨੇ ਹੋ ਗਏ ਹਨ। ਮੇਰਾ ਛੋਟਾ ਜਿਹਾ ਪਰਿਵਾਰ ਹੈ। ਮੈਂ ਆਪਣਾ ਘਰ ਪਰਿਵਾਰ ਚਲਾਉਣ ਲਈ ਮਿਹਨਤ ਕਰ ਰਹੀ ਹਾਂ।”

“ਮੈਂ ਪਹਿਲਾਂ ਈ ਰਿਕਸ਼ਾ ਨਹੀਂ ਚਲਾਉਂਦੀ ਸੀ। ਹੁਣ ਦੇ ਸਮੇਂ ਬਹੁਤ ਮਹਿੰਗਾਈ ਹੈ। ਮੇਰੇ ਪਤੀ ਦੀ ਤਨਖ਼ਾਹ ਦਸ ਹਜ਼ਾਰ ਰੁਪਏ ਹੈ। ਪਰ ਦਸ ਹਜ਼ਾਰ ਨਾਲ ਘਰ ਦਾ ਖ਼ਰਚਾ ਨਹੀਂ ਨਿਕਲਦਾ। ਇਸ ਲਈ ਮੈਂ ਇਹ ਰਾਹ ਚੁਣਿਆ।”

ਸੋਨੀ ਤਿਵਾੜੀ ਰਿਕਸ਼ਾ ਚਲਾਉਂਦੇ ਹੋਏ

ਉਹ ਦੱਸਦੇ ਹਨ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਪਤੀ ਬਿਮਾਰ ਪੈ ਗਏ ਸਨ ਤਾਂ ਉਨਾਂ ਨੂੰ ਮਦਦ ਦੀ ਲੋੜ ਸੀ ਪਰ ਕਿਸੇ ਨੇ ਮਦਦ ਨਹੀਂ ਕੀਤੀ।

ਸੋਨੀ ਕਹਿੰਦੇ ਹਨ, “ਨਾ ਹੀ ਕਿਸੇ ਪਰਿਵਾਰਕ ਮੈਂਬਰਾਂ ਨੇ ਅਤੇ ਨਾ ਹੀ ਕਿਸੇ ਹੋਰ ਨੇ ਸਾਡੀ ਮਦਦ ਕੀਤੀ। ਫਿਰ ਸਾਨੂੰ ਮੇਰੀ ਪਤੀ ਦੇ ਕੰਮ ਕਰਨ ਵਾਲੀ ਫੈਕਟਰੀ ਦੇ ਮਾਲਕ ਤੋਂ ਮਦਦ ਮੰਗਣੀ ਪਈ ਸੀ। ਮੇਰੇ ਬੱਚਾ ਵੀ ਅਪਰੇਸ਼ਨ (ਸਿਜੇਰੀਅਨ ਡਿਲੀਵਰੀ) ਰਾਹੀਂ ਹੋਇਆ ਸੀ।”

“ਮੈਂ ਇੱਕ ਹੱਥ ਨਾਲ ਈ ਰਿਕਸ਼ਾ ਦਾ ਹੈਂਡਲ ਸੰਭਾਲਦੀ ਹਾਂ ਤੇ ਇੱਕ ਹੱਥ ਨਾਲ ਆਪਣੇ ਬੱਚੇ ਨੂੰ ਸੰਭਾਲਦੀ ਹਾਂ। ਇਹ ਔਖਾ ਤਾਂ ਹੈ ਪਰ ਮਜਬੂਰੀ ਬਹੁਤ ਕੁਝ ਕਰਾ ਦਿੰਦੀ ਹੈ।”

ਇਹ ਵੀ ਪੜ੍ਹੋ

ਸੋਨੀ ਨੂੰ ਰਿਕਸ਼ਾ ਚਲਾਉਂਦਾ ਦੇਖ ਲੋਕ ਕੀ ਕਹਿੰਦੇ ਹਨ

ਸੋਨੀ ਕਹਿੰਦੇ ਹਨ, “ਦੁਨੀਆਂ ਮੇਰੇ ਕੰਮ ਦਾ ਮਜ਼ਾਕ ਬਣਾਉਂਦੀ ਹੈ। ਜੋ ਮਜ਼ਾਕ ਬਣਾਉਂਦਾ ਹੈ, ਮੇਰੇ ਘਰੇ ਰਾਸ਼ਨ ਤਾਂ ਨਹੀਂ ਭੇਜੇਗਾ। ਇਸ ਲਈ ਕੰਮ ਤਾਂ ਕਰਨਾ ਹੀ ਪਵੇਗਾ। ਅਸੀਂ ਮਿਹਨਤ ਕਰਕੇ ਖਾ ਰਹੇ ਹਾਂ। ਦੁਨੀਆਂ ਤਾਂ ਬਹੁਤ ਕੁਝ ਕਹਿੰਦੀ ਹੈ। ਮੇਰੇ ਆਂਡੀ-ਗੁਆਂਢੀ ਵੀ ਮੇਰਾ ਮਜ਼ਾਕ ਬਣਾਉਂਦੇ ਹਨ। ਪਰ ਮੈਨੂੰ ਪਤਾ ਮੈਂ ਆਪਣਾ ਘਰ ਕਿਵੇਂ ਚਲਾਉਣਾ।”

“ਮੈਂ ਔਰਤਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮਿਹਨਤ ਕਰੋ, ਕੰਮ ਕਰੋ ਅਤੇ ਆਪਣੇ ਪਰਿਵਾਰ ਨੂੰ ਚਲਾਉਣ ਵਿੱਚ ਯੋਗਦਾਨ ਦੇਵੋ।”

“ਇਹ ਦੌਰਾਨ ਮੈਂ ਸਭ ਤੋਂ ਵੱਧ ਧਿਆਨ ਆਪਣੇ ਬੱਚੇ ਉੱਤੇ ਹੀ ਦਿੰਦੀ ਹਾਂ। ਜੇਕਰ ਸਮੱਸਿਆ ਵੱਧ ਜਾਵੇ ਤਾਂ ਮੈਂ ਆਪਣੇ ਬੱਚੇ ਨੂੰ ਆਪਣੇ ਅੱਗੇ ਖੜਾ ਕਰ ਲੈਂਦੀ ਹਾਂ ਅਤੇ ਪੈਰਾਂ ਵਿਚਾਲੇ ਜਕੜ ਲੈਂਦੀ ਹਾਂ ਅਤੇ ਦੋਵੇਂ ਹੱਥਾਂ ਨਾਲ ਹੈਂਡਲ ਫੜ ਲੈਂਦੀ ਹਾਂ।”

ਸੋਨੀ ਤਿਵਾੜੀ

ਰਿਸ਼ਤੇਦਾਰਾਂ ਦੇ ਮਿਹਣਿਆਂ ਬਾਰੇ ਕੀ ਕਹਿੰਦੇ ਸੋਨੀ

ਸੋਨੀ ਦੱਸਦੇ ਹਨ ਕਿ ਉਸਦੇ ਪਤੀ ਇੱਕ ਲਿਫਾਫੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੇ ਹਨ।

ਉਹ ਕਹਿੰਦੀ ਹੈ, “ਮੇਰੇ ਪਤੀ ਮੇਰਾ ਬਹੁਤ ਸਮਰਥਨ ਕਰਦੇ ਹਨ। ਉਹ ਕਹਿੰਦੇ ਹਨ ਚਾਹੇ ਮੈਂ ਕੁਝ ਵੀ ਕਰਾਂ, ਲੋਕ ਕੁਝ ਵੀ ਕਹਿਣ ਉਹ ਹਮੇਸ਼ਾ ਮੇਰੇ ਨਾਲ ਰਹਿਣਗੇ। ਸਾਡੇ ਪਰਿਵਾਰਕ ਮੈਂਬਰ ਵੀ ਮੇਰੇ ਪਤੀ ਨੂੰ ਮਿਹਣੇ ਮਾਰਦੇ ਹਨ ਕਿ ਉਸ ਦੀ ਪਤਨੀ ਆਟੋ ਚਲਾਉਂਦੀ ਹੈ। ਪਰ ਮੇਰੇ ਪਤੀ ਇਸਦੀ ਪਰਵਾਹ ਨਹੀਂ ਕਰਦੇ।”

ਉਹ ਕਹਿੰਦੀ ਹੈ, “ਬੱਚੇ ਨੂੰ ਸੰਭਾਲਣਾ ਅਤੇ ਰਿਕਸ਼ਾ ਚਲਾਉਣ ਵਿੱਚ ਸਮੱਸਿਆ ਤਾਂ ਆਉਂਦੀ ਹੈ। ਜਾਮ ਵਿੱਚ ਸਮੱਸਿਆ ਵੱਧ ਜਾਂਦੀ ਹੈ। ਮੈਂ ਡਰਦੀ ਵੀ ਹਾਂ ਕਿ ਕਿਤੇ ਮੇਰਾ ਵਹੀਕਲ ਕਿਸੇ ਹੋਰ ਵਹੀਕਲ ਵਿੱਚ ਭਿੜ ਨਾ ਜਾਵੇ। ਪਰ ਮੈਂ ਹਿੰਮਤ ਨਹੀਂ ਹਾਰਦੀ। ਬਸ ਗੱਡੀ (ਈ ਰਿਕਸ਼ਾ) ਚਲਾਉਂਦੀ ਰਹਿੰਦੀ ਹਾਂ।”

“ਜਦੋਂ ਬੱਚੇ ਨੂੰ ਭੁੱਖ ਲੱਗਦੀ ਹੈ ਤਾਂ ਮੈਂ ਰੁੱਕ ਕੇ ਉਸਨੂੰ ਦੁੱਧ ਪਿਲਾ ਦਿੰਦੀ ਹਾਂ। ਜਦੋਂ ਕੋਈ ਸਵਾਰੀ ਨਹੀਂ ਹੁੰਦੀ ਤਾਂ ਮੈਂ ਪਿੱਛੇ ਬੈਠਕੇ ਬੱਚੇ ਨੂੰ ਦੁੱਧ ਪਿਲਾ ਦਿੰਦੀ ਹਾਂ। ਜਦੋਂ ਸਮਾਂ ਮਿਲਦਾ ਹੈ ਤਾਂ ਮੈਂ ਆਪਣੇ ਬੱਚੇ ਨੂੰ ਪਿੱਛੇ ਬੈਠ ਕੇ ਲਾਡ ਵੀ ਲਡਾ ਲੈਂਦੀ ਹਾਂ।”

ਬੱਚੇ ਨੂੰ ਸੰਭਾਲਣ ਤੇ ਈ-ਰਿਕਸ਼ਾ ਚਲਾਉਣ ਵਿੱਚ ਕੀ ਚੁਣੌਤੀਆਂ ਹਨ

ਮੀਰਾ ਦੇਵੀ

ਉਹ ਕਹਿੰਦੇ ਹਨ,”ਕਈ ਵਾਰੀ ਮੇਰੇ ਕੋਲ ਬੱਚੇ ਨੂੰ ਦੇਖ ਕੇ ਸਵਾਰੀਆਂ ਉਸਦੇ ਈ ਰਿਕਸ਼ਾ ਵਿੱਚ ਬੈਠਣ ਤੋਂ ਝਿਜਕਦੀਆਂ ਹਨ। ਸਵਾਰੀਆਂ ਸਵਾਲ ਕਰਦੀਆਂ ਹਨ ਕਿ ਉਹ ਈ ਰਿਕਸ਼ਾ ਕਿਵੇਂ ਚਲਾਵਾਂਗੀ ਪਰ ਸੋਨੀ ਉਨ੍ਹਾਂ ਨੂੰ ਭਰੋਸਾ ਦਿਵਾ ਦਿੰਦੀ ਹੈ ਕਿ ਉਹ ਚਲਾ ਲਵੇਗੀ।”

“ਕਈ ਵਾਰੀ ਸਵਾਰੀਆਂ ਬੈਠਣ ਤੋਂ ਮਨ੍ਹਾਂ ਵੀ ਕਰ ਦਿੰਦੀਆਂ ਹਨ। ਉਹ ਡਰਦੀਆਂ ਹਨ ਕਿ ਕਿਤੇ ਬੱਚੇ ਨੂੰ ਸੱਟ ਨਾ ਲੱਗ ਜਾਵੇ, ਕੋਈ ਹਾਦਸਾ ਨਾ ਹੋ ਜਾਵੇ। ਪਰ ਹੋਰ ਕੋਈ ਰਸਤਾ ਨਹੀਂ ਹੈ, ਮੈਂ ਕੰਮ ਵੀ ਕਰਨਾ ਹੈ ਅਤੇ ਬੱਚੇ ਨੂੰ ਵੀ ਸੰਭਾਲਣਾ ਹੈ।”

“ਕਈ ਵਾਰ ਪੁਲਿਸ ਰੋਕ ਲੈਂਦੀ ਹੈ ਅਤੇ ਕਹਿੰਦੀ ਹੈ ਕਿ ਬੱਚੇ ਨੂੰ ਘਰ ਛੱਡ ਕੇ ਆਓ। ਤਾਂ ਮੈਂ ਕਹਿ ਦਿੰਦੀ ਹਾਂ ਕਿ ਮੈਂ ਆਪਣੀ ਮਿਹਨਤ ਕਰ ਰਹੀ ਹਾਂ ਮੇਰੇ ਕੋਲੇ ਹੋਰ ਕੋਈ ਰਸਤਾ ਨਹੀਂ ਹੈ। ਜੇਕਰ ਮੈਂ ਇਹ ਕੰਮ ਨਹੀਂ ਕਰਾਂਗੀ ਤਾਂ ਮੈਂ ਭੀਖ ਮੰਗਾਂਗੀ। ਪਰ ਇਹ ਗਲਤ ਕੰਮ ਹੈ ਅਤੇ ਉਹ ਮੈਂ ਨਹੀਂ ਕਰ ਸਕਦੀ।”

ਮਿਹਨਤ ਦੇ ਗਵਾਹ ਕੀ ਸੋਚਦੇ ਹਨ

ਮੀਰਾ ਦੇਵੀ ਚੀਮਾ ਚੌਂਕ ਵਿੱਚ ਪਿਛਲੇ 22 ਸਾਲਾਂ ਤੋਂ ਚਾਹ ਦੀ ਸਟਾਲ ਲਗਾ ਰਹੇ ਹਨ। ਉਹ ਪਿਛਲੇ 6 ਮਹੀਨਿਆਂ ਤੋਂ ਰੋਜ਼ਾਨਾ ਸੋਨੀ ਨੂੰ ਮਿਹਨਤ ਕਰਦੇ ਹੋਏ ਦੇਖ ਰਹੇ ਹਨ।

ਸੋਨੀ ਦਿਨ ਵਿੱਚ ਕਈ ਵਾਰੀ-ਸਵਾਰੀ ਦੀ ਉਡੀਕ ਵਿੱਚ ਇਸ ਚਾਹ ਦੇ ਸਟਾਲ ਉੱਤੇ ਰੁੱਕਦੀ ਹੈ। ਸਵਾਰੀਆਂ ਦੀ ਉਡੀਕ ਤੋਂ ਬਿਨਾਂ ਸੋਨੀ ਇੱਥੇ ਚਾਹ ਜਾਂ ਪਾਣੀ ਪੀਣ ਲਈ ਵੀ ਰੁੱਕਦੀ ਹੈ।

ਮੀਰਾ ਦੇਵੀ ਕਹਿੰਦੀ ਹੈ, “ਮੈਂ ਪਿਛਲੇ ਛੇ ਮਹੀਨਿਆਂ ਤੋਂ ਇਸ ਨੂੰ ਦੇਖ ਰਹੀ ਹਾਂ। ਇਹ ਮਿਹਨਤ ਕਰ ਰਹੀ ਹੈ ਅਤੇ ਨਾਲ-ਨਾਲ ਆਪਣੇ ਬੱਚੇ ਨੂੰ ਵੀ ਪਾਲ ਰਹੀ ਹੈ। ਇਹ ਬਹੁਤ ਮੁਸ਼ਕਿਲ ਹੈ। ਪਰ ਢਿੱਡ ਭਰਨ ਲਈ ਇਹ ਸਭ ਕਰਨਾ ਪੈਂਦਾ ਹੈ।”

ਸੋਨੀ ਦਾ ਈ-ਰਿਕਸ਼ਾ

ਸਵਾਰੀਆਂ ਨੇ ਕੀ ਕਿਹਾ

ਲੁਧਿਆਣਾ ਦੀ ਬੀਆਰਐਸ ਨਗਰ ਦੇ ਰਹਿਣ ਵਾਲੇ ਗੌਰਵ ਨੇ ਚੀਮਾ ਚੌਂਕ ਤੱਕ ਪਹੁੰਚਣ ਲਈ ਸੋਨੀ ਦਾ ਈ-ਰਿਕਸ਼ਾ ਦੀ ਸਵਾਰੀ ਕੀਤੀ ਸੀ।

ਉਹ ਕਹਿੰਦੇ ਹਨ, “ਮੈਂ ਦੇਖਿਆ ਹੈ ਕਿ ਕਈ ਲੋਕ ਗਲਤ ਕੰਮਾਂ ਵਿੱਚ ਵੀ ਪੈ ਜਾਂਦੇ ਹਨ। ਬਹੁਤ ਸਾਰੇ ਲੋਕ ਭੀਖ ਮੰਗਦੇ ਨਜ਼ਰ ਆਉਂਦੇ ਹਨ। ਪਰ ਇਹ ਕੁੜੀ ਆਪਣੇ ਬੱਚੇ ਨੂੰ ਨਾਲ ਬਿਠਾ ਕੇ ਦਿਨ ਰਾਤ ਕੰਮ ਕਰਦੀ ਹੈ। ਇਹ ਇੱਕ ਦਿਨ ਜ਼ਰੂਰ ਸਫਲ ਹੋਵੇਗੀ।”

ਉਨ੍ਹਾਂ ਕਿਹਾ, “ਇਹ ਜੋਖ਼ਮ ਵਾਲਾ ਕੰਮ ਵੀ ਹੈ। ਪਰ ਇਸ ਨੇ ਆਪਣਾ ਬੱਚਾ ਵੀ ਪਾਲਣਾ ਹੈ ਅਤੇ ਆਪਣਾ ਪਰਿਵਾਰ ਵੀ ਸੰਭਾਲਣਾ ਹੈ। ਮਾਵਾਂ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੀਆਂ ਹਨ।”

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI