Source :- BBC PUNJABI

ਦੁੱਲਾ ਭੱਟੀ
25 ਦਸੰਬਰ 2024

ਅਪਡੇਟ ਇੱਕ ਘੰਟਾ ਪਹਿਲਾਂ

ਜਦ ਵੀ ਲੋਹੜੀ ਆਉਂਦੀ ਹੈ ਤਾਂ “ਸੁੰਦਰ-ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ,” ਇਹ ਸਤਰਾਂ ਆਪ ਮੁਹਾਰੇ ਹੀ ਜ਼ੁਬਾਨ ‘ਤੇ ਆ ਜਾਂਦੀਆਂ ਹਨ।

ਪਰ ਆਖ਼ਰ ਇਹ ਦੁੱਲਾ ਹੈ ਕੌਣ? ਇਤਿਹਾਸ ਹੈ ਜਾਂ ਦੰਦ ਕਥਾ ਦਾ ਪਾਤਰ ਹੈ? ਅਜਿਹੇ ਹੀ ਕਈ ਸਵਾਲਾਂ ਦੇ ਵਲਵਲੇ ਸਹਿਜੇ ਹੀ ਮਨ ‘ਚ ਉਭਰ ਆਉਂਦੇ ਹਨ।

ਲੋਕ ਸਾਹਿਤ ਦੇ ਖੋਜਾਰਥੀ ਪ੍ਰੋਫੈਸਰ ਈਸ਼ਵਰ ਦਿਆਲ ਗੌੜ ਨੇ ਆਪਣੀ ਖੋਜ ਦਾ ਵਿਸ਼ਾ ਇਨ੍ਹਾਂ ਸਵਾਲਾਂ ਨੂੰ ਬਣਾਇਆ ਹੈ।

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪਬਲਿਕੇਸ਼ਨ ਬਿਊਰੋ ਵੱਲੋਂ ਛਾਪੀ ਗਈ ਕਿਤਾਬ ‘ਫਰੀਦਾ ਖਾਕ ਨਾ ਨਿੰਦੀਐ’ ਵਿੱਚ ਪ੍ਰੋਫੈਸਰ ਈਸ਼ਵਰ ਦਿਆਲ ਗੌੜ ਨੇ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਖ਼ਾਸ ਅਹਿਮੀਅਤ ਰੱਖਣ ਵਾਲੇ ਦੁੱਲਾ ਭੱਟੀ ਬਾਰੇ ਜਾਣਕਾਰੀ ਪੇਸ਼ ਕੀਤੀ ਹੈ।

ਇਹ ਲੇਖ ਈਸ਼ਵਰ ਦਿਆਲ ਗੌੜ ਦੀ ਇਜਾਜ਼ਤ ਨਾਲ ਛਾਪਿਆ ਗਿਆ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

‘ਦੁੱਲਾ ਮਹਿਜ਼ ਲੋਕਾਂ ਦੀ ਕਲਪਨਾ ਜਾਂ ਸਿਰਜਣਾ ਹੀ ਨਹੀਂ’

ਸ਼ਾਹ ਹੁਸੈਨ ਦਾ ਸਮਕਾਲੀ ਦੁੱਲਾ ਭੱਟੀ ਸਟੇਟ ਵਿਰੋਧੀ ਨਾਬਰ ਸ਼ਕਤੀ ਦਾ ਬਲਵਾਨ ਪ੍ਰਤੀਕ ਹੈ।

ਢਾਡੀ ਅਜੇ ਵੀ ਇਸ ਦੀ ਦਲੇਰੀ ਦੀਆਂ ਵਾਰਾਂ ਗਾਉਂਦੇ ਨਹੀਂ ਥਕਦੇ। ‘ਖਜ਼ੀਨਾਤੁੱਲ ਅਸਫ਼ੀਆ’ ‘ਚ ਦਰਜ ਹੈ ਕਿ ਦੁੱਲੇ ਨੂੰ ਅਕਬਰ ਬਾਦਸ਼ਾਹ ਨੇ ਲਾਹੌਰ ‘ਚ ਫਾਹੇ ਲਾਇਆ ਸੀ।

ਲੋਕਾਂ ਨੇ ਦੁੱਲੇ ਦੀ ਫਾਂਸੀ ਨੂੰ ਸ਼ਹਾਦਤ ਦਾ ਰੁਤਬਾ ਦਿੱਤਾ ਸੀ ਅਤੇ ਦੁੱਲੇ ਦੀ ਦੰਦ ਕਥਾ ਸ਼ੁਰੂ ਹੋਈ।

ਉਸ ਦੀ ਨਾਬਰੀ ਕਿੱਸੇ, ਕਹਾਣੀਆਂ ਅਤੇ ਇਕਾਂਗੀਆਂ ‘ਚ ਨਸ਼ਰ ਹੋਣ ਲੱਗੀ। ਕਿਸ਼ਨ ਸਿੰਘ ਆਰਿਫ਼, ਬਲਵੰਤ ਗਾਰਗੀ ਅਤੇ ਨਜ ਹੁਸੈਨ ਸੱਯਦ ਨੇ ਦੁੱਲੇ ਨੂੰ ਪੰਜਾਬੀ ਸਾਹਿਤ ਵਿੱਚ ਅਮਰ ਕਰ ਦਿੱਤਾ।

ਦੁੱਲਾ ਮਹਿਜ ਲੋਕਾਂ ਦੀ ਕਲਪਨਾ ਜਾਂ ਸਿਰਜਣਾ ਹੀ ਨਹੀਂ, ਉਹ ਇਤਿਹਾਸ ਵਿੱਚ ਵਿਚਰਦਾ ਇੱਕ ਨਾਬਰ ਸੀ। ਜਿਸ ਨੇ ਪੰਜਾਬ ਦੇ ਨਾਬਰ ਸੱਭਿਆਚਾਰ ਨੂੰ ਹੋਰ ਲਿਸ਼ਕਾਇਆ।

ਦੁੱਲਾ ਭੱਟੀ

ਦੁੱਲਾ ਭੱਟੀ ਦੇ ਵਡੇਰਿਆਂ ਦਾ ਪਿਛੋਕੜ

ਦੁੱਲੇ ਨੇ ਮੁਗ਼ਲ ਸਰਕਾਰ ਦੀ ਸਰਦਾਰੀ ਨੂੰ ਵੰਗਾਰਿਆ। ਉਸ ਦਾ ਪਿੰਡ ਲਾਹੌਰ ਤੋਂ 12 ਕੋਹ ਦੂਰ ਕਾਬਲ ਵੱਲ ਨੂੰ ਜਾਂਦੀ ਜਰਨੈਲੀ ਸੜਕ ‘ਤੇ ਪੈਂਦਾ ਸੀ। ਦੁੱਲੇ ਦਾ ਦਾਦਾ ਸੰਦਲ ਭੱਟੀ ਅਤੇ ਪਿਉ ਫ਼ਰੀਦ ਖ਼ਾਨ ਭੱਟੀ ਵੀ ਨਾਬਰ ਸਨ।

ਉਨ੍ਹਾਂ ਨੇ ਅਕਬਰ ਬਾਦਸ਼ਾਹ ਦੀ ਜਬਰੀ ਭੂਮੀ ਲਗਾਨ ਨੀਤੀ ਦਾ ਵਿਰੋਧ ਕੀਤਾ ਸੀ। ਅਖ਼ੀਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਸ਼ਹਿਰ ਲਿਆਂਦਾ ਗਿਆ।

ਉਨ੍ਹਾਂ ਦੇ ਸਿਰ ਵੱਢ ਦਿੱਤੇ ਗਏ। ਉਨ੍ਹਾਂ ਦੀਆਂ ਖੱਲ੍ਹਾਂ ਵਿੱਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਰਵਾਜ਼ਿਆਂ ‘ਤੇ ਟੰਗ ਦਿੱਤੇ ਗਏ।

ਦੁੱਲੇ ਅਤੇ ਉਸ ਦੇ ਪੁਰਖਿਆਂ ਦੀ ਬਗ਼ਾਵਤ ਨੂੰ ਢੁਕਵੇਂ ਇਤਿਹਾਸ ਪਰਿਪੇਸ਼ ‘ਚ ਸਮਝਣ ਹਿਤ ਅਕਬਰ ਦੇ ਸਮੇਂ ਉੱਤਰੀ ਭਾਰਤ ਦੀ ਜ਼ਰਾਇਤੀ/ਖੇਤੀਬਾੜੀ ਅਰਥਵਿਵਸਥਾ ਦੇ ਬੰਦੋਬਸਤ ਨੂੰ ਸਮਝਣਾ ਜ਼ਰੂਰੀ ਹੈ।

ਬਾਦਸ਼ਾਹ ਅਕਬਰ

ਤਸਵੀਰ ਸਰੋਤ, Getty Images

ਮੁਗ਼ਲ ਸਮਰਾਜ ਦੀ ਬਾਗਡੋਰ ਸੋਲ੍ਹਵੀ ਸਦੀ ਦੇ ਅੱਧ ‘ਚ ਅਕਬਰ ਨੇ ਸੰਭਾਲੀ। ਉਸ ਨੇ ਕਈ ਪਰਗਨਿਆਂ ਨੂੰ ਲਗਾਨ ਹਲਕਿਆਂ ਵਿੱਚ ਤਬਦੀਲ ਕਰ ਦਿੱਤਾ।

ਹਰ ਇੱਕ ਫਸਲ ‘ਤੇ ਲੱਗਣ ਵਾਲੇ ਲਗਾਨ ਦੀ ਮਿਆਰੀ ਦਰ ਮੁਕੱਰਰ ਕਰ ਦਿੱਤੀ ਸੀ। ਹਰ ਇੱਕ ਕਸ਼ਤਕਾਰ ਤੋਂ ਸਟੇਟ ਦੇ ਹਿੱਸੇ ਦਾ ਲਗਾਨ ਨਗਦੀ ਦੀ ਸ਼ਕਲ ਵਿੱਚ ਵਸੂਲਿਆਂ ਜਾਣ ਲੱਗਿਆ।

ਇਸ ਨਵੀਂ ਲਗਾਨ ਪ੍ਰਣਾਲੀ ਨੂੰ ‘ਜ਼ਬਤੀ’ ਆਖਿਆ ਗਿਆ।

ਸਟੇਟ ਨੂੰ ਲਗਾਨ ਅਦਾ ਕਰਨ ਦੀ ਜ਼ਿੰਮੇਵਾਰੀ ਇਲਾਕੇ ਦੇ ਜ਼ਿਮੀਂਦਾਰ ਦੀ ਸੀ। ਜ਼ਬਤੀ ਪ੍ਰਣਾਲੀ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਤਮਾਮ ਇਲਾਕਾਈ ਇਪ ਮੰਡਲਾਂ ਵਿੱਚ ਫ਼ੌਜਦਾਰਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ।

ਉਨ੍ਹਾਂ ਦੀਆਂ ਬਹੁ ਪੱਖੀ ਜ਼ਿੰਮੇਵਾਰੀਆਂ ਸਨ

  • ਪਹਿਲੀ, ਉਨ੍ਹਾਂ ਨੇ ਜ਼ਿਮੀਂਦਾਰਾਂ ਦੀ ਵਫ਼ਾਦਾਰੀ ਹਾਸਿਲ ਕਰਨਾ ਅਤੇ ਬਰਕਰਾਰ ਰੱਖਣਾ।
  • ਦੂਜੀ, ਜ਼ਿਮੀਂਦਾਰਾਂ ਦਾ ਰਵੱਈਆ ਤੇ ਉਨ੍ਹਾਂ ਦੇ ਆਪੋ ਆਪਣੇ ਇਲਾਕਿਆਂ ਵਿੱਚ ਉਨ੍ਹਾਂ ਦੇ ਗ਼ਲਬੇ ਦੀ ਜਾਣਕਾਰੀ ਕਾਨੂੰਗੋਆਂ ਤੋਂ ਹਾਸਿਲ ਕਰਨੀ।
  • ਤੀਜੀ, ਜ਼ਿਮੀਂਦਾਰਾਂ ਤੋਂ ਬਕਾਇਦਾ ਲਗਾਨ ਵਸੂਲੀ ਨੂੰ ਯਕੀਨੀ ਬਣਾਉਣਾ।
  • ਚੌਥੀ, ਹਰ ਕਿਸਮ ਦੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਆਪਣੀਆਂ ਫ਼ੌਜਾਂ ਨੂੰ ਤਿਆਰ ਬਰ ਤਿਆਰ ਰੱਖਣਾ। ਜੰਗਲੀ ਇਲਾਕੇ ਨੂੰ ਸਾਫਡ਼ ਰੱਖਣਾ ਹੈ। ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਰਖਵਾਲੀ ਕਰਨਾ ਵੀ ਫੌਜ਼ਦਾਰਾਂ ਦੀ ਜ਼ਿੰਮੇਵਾਰੀ ਸੀ।
  • ਪੰਜਵੀਂ, ਬਗ਼ਵਤੀ ਪਿੰਡ ‘ਤੇ ਕੀਤੇ ਗਏ ਹੱਲੇ/ਹਮਲੇ ਦੇ ਦੌਰਾਨ ਇਕੱਠੀ ਕੀਤੀ ਗਈ ਲੁੱਟ ਵਿਚੋਂ ਉਸ ਪਿੰਡ ਦੇ ਬਕਾਇਆ ਲਗਾਨ ਨੂੰ ਵਸੂਲ ਕਰਨਾ ਸੀ।
  • ਛੇਵੀਂ, ਇਲਾਕੇ ਦੇ ਲੋਹਾਰਾਂ ਨੂੰ ਤੋੜੇਦਾਰ ਬੰਦੂਕਾਂ ਬਣਾਉਣ ਤੋਂ ਰੋਕਣਾ ਸੀ।
ਲੋਹੜੀ

ਤਸਵੀਰ ਸਰੋਤ, Getty Images

ਇਸ ਇੰਤਜ਼ਾਮ ਦਾ ਮਕਸਦ ਲਗਾਨ ਵਸੂਲੀ ਲਈ ਪਿੰਡਾਂ ਤੱਕ ਦਾ ਕੇਂਦਰੀਕਰਣ ਕਰਨਾ ਸੀ।

ਸਟੇਟ ਦਾ ਇਹ ਗ਼ਲਬਾ ਤੇ ਦਬਦਬਾ ਮੁਕਾਮੀ ਜਾਂ ਲੋਕਲ ਪੱਧਰ ਦੀਆਂ ਸਿਆਸੀਆਂ ਤਾਕਤਾਂ/ਜ਼ਿਮੀਂਦਾਰਾਂ ਨੂੰ ਇੱਕ ਵੰਗਾਰ ਸੀ। ਸਟੇਟ ਦੇ ਖ਼ਿਲਾਫ਼ ਉਨ੍ਹਾਂ ਦਾ ਟਕਰਾਅ ਯਕੀਨੀ ਸੀ।

ਦੁੱਲਾ ਭੱਟੀ ਦੇ ਦਾਦਾ ਤੇ ਪਿਉ ਇਸੇ ਮੁਕਾਮੀ ਗ਼ਾਲਬ ਜਮਾਤ ਵਿਚੋਂ ਇੱਕ ਹਨ, ਜੋ ਸਟੇਟ ਨਾਲ ਟਾਕਰਾ ਲੈਂਦੇ ਹਨ ਅਤੇ ਬਾਦਸ਼ਾਹ ਅਕਬਰ ਦੇ ਹੱਥੋਂ ਮਾਰੇ ਜਾਂਦੇ ਹਨ।

ਆਪਣੇ ਪਿਉ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਦੁੱਲਾ ਲੱਧੀ ਦੇ ਪੇਟੋਂ ਪੈਦਾ ਹੋਇਆ।

ਲੱਧੀ ਨੂੰ ਇੱਕ ਖੜਕਾ ਸੀ ਕਿ ਦੁੱਲਾ ਆਪਣੇ ਪੁਰਖਿਆਂ ਵਾਂਗ ਨਾਬਰੀ ਦੇ ਪੈਂਡੇ ਨਾ ਟੁਰ ਪਵੇ ਅਤੇ ਆਪਣੇ ਪਿਉ ਦਾਦੇ ਦੀ ਮੌਤ ਦਾ ਬਦਲਾ ਲੈਣ ਦਾ ਮਨ ਨਾ ਬਣਾ ਲਵੇ।

ਲੋਹੜੀ

ਤਸਵੀਰ ਸਰੋਤ, Getty Images

ਜਿਸ ਦਿਨ ਦੁੱਲਾ ਜੰਮਿਆ ਉਸੇ ਦਿਨ ਬਾਦਸ਼ਾਹ ਅਕਬਰ ਨੂੰ ਰੱਬ ਨੇ ਪੁੱਤਰ ਦੀ ਦਾਤ ਦਿੱਤੀ ਜਿਸ ਨੇ ਭਵਿੱਖ ਦਾ ਜਹਾਂਗੀਰ ਬਣ ਹਿੰਦੋਸਤਾਨ ‘ਤੇ ਹਕੂਮਤ ਕਰਨੀ ਸੀ।

ਨਡੂਮੀਆਂ ਨੇ ਬਾਦਸ਼ਾਹ ਨੂੰ ਦੱਸਿਆ ਕਿ ਜੇ ਸ਼ੇਖੂ (ਜਹਾਂਗੀਰ ਦੇ ਬਚਪਣ ਦਾ ਨਾਂ) ਨੂੰ ਕਿਸੇ ਉਸ ਰਾਜਪੁਤਾਣੀ ਦੇ ਦੁੱਧ ‘ਤੇ ਪਾਲਿਆ ਜਾਵੇ, ਜਿਸ ਨੇ ਉਸੇ ਦਿਨ ਪੁੱਤਰ ਜੰਮਿਆ ਹੋਵੇ ਜਿਸ ਦਿਨ ਸ਼ੇਖੂ ਪੈਦਾ ਹੋਇਆ ਸੀ, ਤਦ ਇਹ ਸ਼ਹਿਜ਼ਾਦਾ ਭਵਿੱਖ ਵਿੱਚ ਸਦਾ ਲਈ ਬਹਾਦਰ ‘ਤੇ ਜੇਤੂ ਰਹੇਗਾ।

ਇਸ ਮੰਤਵ ਦੀ ਪੂਰਤੀ ਲਈ ਲੱਧੀ ਹੀ ਹੋ ਸਕਦੀ ਸੀ।

ਹੁਣ ਸਾਰੇ ਸ਼ਾਹੀ ਇੰਤਜ਼ਾਮਾਂ ਨਾਲ ਸ਼ੇਖੂ ਨੂੰ ਲੱਧੀ ਦੇ ਪਿੰਡ ਰੁਖ਼ਸਤ ਕੀਤਾ ਗਿਆ ਪਰ ਬਾਦਸ਼ਾਹ ਅਕਬਰ ਤਾਂ ਕੋਈ ਹੋਰ ਚਾਲ ਖੇਡ ਰਿਹਾ ਸੀ।

ਨਜੂਮੀ ਤਾਂ ਇਸ ਸ਼ਾਹੀ ਸਿਆਸੀ ਖੇਡ ਵਿੱਚ ਝੂਠੀ ਮੂਠੀ ਲਿਆਂਦੇ ਗਏ ਸਨ।

ਬਾਦਸ਼ਾਹ ਨੂੰ ਭੱਟੀ ਜ਼ਿਮੀਂਦਾਰਾਂ ਦੇ ਇਸ ਪੁੰਗਰਦੇ ਤੁਖ਼ਮ ਦੇ ਨਾਬਰ ਜੁੱਸੇ ਦੀ ਬਾਖ਼ੂਬੀ ਸਮਝ ਸੀ।

ਅਕਬਰ ਨੂੰ ਇਲਮ ਸੀ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ। ਕਿਉ ਨਾ ਪਹਿਲਾਂ ਹੀ ਭੱਟੀਆਂ ਦੇ ਪੁੰਗਰਦੇ ਤੁਖ਼ਮ ਦੇ ਨਾਬਰ ਲਹੂ ਨੂੰ ਸ਼ਾਹੀ ਸਹੂਲਤਾਂ ਨਾਲ ਸਿੰਜ ਕੇ ਮੁੱਢੋਂ ਹੀ ਠੰਢਾ ਕਰ ਦਿੱਤਾ ਜਾਏ।

ਬਾਦਸ਼ਾਹ ਨੇ ਆਪਣਾ ਜਾਲ ਸੁੱਟਿਆ । ਲੱਧੀ ਲਈ ਉਸ ਦੇ ਗਿਰਾਂ ਵਿੱਚ ਸ਼ਾਹੀ ਮਹਿਲ ਉਸਾਰਿਆਂ ਜਿੱਥੇ ਸ਼ੇਖੂ ਤੇ ਦੁੱਲੇ ਦਾ ਪਾਲਣ ਪੋਸ਼ਣ ਹੋਣਾ ਸੀ।

ਲੋਹੜੀ ਵਿਸ਼ੇਸ਼ ਤਸਵੀਰ

ਤਸਵੀਰ ਸਰੋਤ, Getty Images

ਦੁੱਲੇ ਨੇ ਸ਼ੇਖੂ ਸੰਗ ਕੁਸ਼ਤੀ, ਤੀਰਅੰਦਾਜ਼ੀ ਤੇ ਘੋੜਸਵਾਰੀ ਸਭ ਕੁਝ ਸਿੱਖ ਲਿਆ। ਅਕਬਰ ਨੇ ਖ਼ੁਦ ਉਨ੍ਹਾਂ ਦੋਵਾਂ ਦੇ ਹੁਨਰਾਂ ਦਾ ਇਮਤਿਹਾਨ ਲਿਆ।

ਉਸ ਨੂੰ ਸ਼ੇਖੂ ਦੇ ਮੁਕਾਬਲੇ ਦੁੱਲੇ ਦੀ ਹੁਸ਼ਿਆਰੀ ‘ਤੇ ਈਰਖਾ ਹੋਈ ਤੇ ਲੱਧੀ ਦੇ ਪਾਲਣ ਪੋਸ਼ਣ ‘ਤੇ ਸ਼ੱਕ ਵੀ।

ਉਸ ਨੇ ਲੱਧੀ ਨੂੰ ਇਸ ਤਰਫ਼ਦਾਰੀ ਬਾਰੇ ਗੁੱਸੇ ਵਿੱਚ ਪੁੱਛਿਆ। ਕਿੱਸਾਕਾਰ, ਕਿਸ਼ਨ ਸਿੰਘ ਆਰਿਫ਼ ਆਪਣੇ ਕਿੱਸੇ ‘ਦੁੱਲਾ ਭੱਟੀ’ ਵਿੱਚ ਲੱਧੀ ਦੀ ਅਰਜ਼ ਨੂੰ ਪੇਸ਼ ਕਰਦਾ ਹੈ:

“ਤੇਰੇ ਅੱਗੇ ਮੈਂ ਅਰਜ਼ ਗੁਜ਼ਾਰਨੀ ਹਾਂ, ਮੇਰੀ ਬਾਤ ਸੁਣੀਂ ਕੰਨ ਲਾ ਕੇ ਜੀ।

ਤਨ ਮਨ ਲਾ ਕੇ ਪਾਲਿਆ ਹੈ, ਨਹੀਂ ਰੱਖਿਆ ਕੁਝ ਛੁਪਾ ਕੇ ਜੀ।

ਇਕ ਇਤਨਾ ਫ਼ਰਕ ਮਾਲੂਮ ਹੋਵੇ, ਸੱਜੀ ਛਾਤੀ ਲਵੇ ਦੁੱਲਾ ਅਇਕੇ ਜੀ।

ਖੱਬੀ ਛਾਤੀ ਦਾ ਦੁੱਧ ਸ਼ਹਿਜ਼ਾਦੇ ਨੂੰ, ਮੈਂ ਤਾਂ ਛੱਡਦੀ ਕੁਲ ਪਿਲਾਇ ਕੇ ਜੀ।

ਦੁੱਧ ਘਟ ਦਾ ਫਰਕ ਨਾ ਇਕ ਰਤੀ, ਸੱਚੀ ਗੱਲ ਮੈਂ ਕਹੀ ਸੁਣਾਇਕੇ ਜੀ।

ਭਾਵੇਂ ਮਾਰ ਤੇ ਛੱਡ ਤੂੰ ਬਾਦਸ਼ਾਹ, ਸੱਚ ਦੱਸਿਆ ਬੋਲ ਖਲਾਇਕੇ ਜੀ।

ਇਕ ਇਤਨਾ ਮੇਰਾ ਕਸੂਰ ਹੋਯਾ ਨਹੀਂ ਰੱਖਿਆ ਦੁੱਲਾ ਹਟਾਇਕੇ ਜੀ।”

ਅਕਬਰ ਨੇ ਆਪਣੀ ਸ਼ਤਰੰਜ ਦੀ ਖੇਡ ਜਾਰੀ ਰੱਖੀ। ਹੁਣ ਦੁੱਲੇ ਦੇ ‘ਪੁਸ਼ਤੈਨੀ’ ਨਾਬਰ ਸੁਭਾਅ ਨੂੰ ਬਦਲਣ ਲਈ, ਉਸ ਦਾ ਮਦਰੱਸੇ ਵਿੱਚ ਦਾਖ਼ਲਾ ਕਰਵਾ ਕੇ ਉਸ ਨੂੰ ‘ਤਹਿਜ਼ੀਬਯਾਫ਼ਤਾ ਇਨਸਾਨ’ ਬਣਾਉਣਾ ਸੀ ਅਤੇ ਸ਼ਾਹੀ ਗ਼ਲਬੇ ਦੇ ਕਲਾਵੇ ‘ਚ ਉਸ ਨੂੰ ਕੈਦ ਕਰਨਾ ਸੀ।

ਅਕਬਰ ਨੇ ਲੱਧੀ ਨੂੰ ਆਖਿਆ:

“ਜਾ ਲੱਧੀਏ ਕੀਤਾ ਮੁਆਫ ਤੈਨੂੰ ਐਪਰ ਦੁੱਲੇ ਨੂੰ ਖ਼ੂਬ ਪੜਾਵਣਾ ਜੇ।

ਖੋਟੇ ਲੋਕਾਂ ਦੇ ਵਿਚ ਨਾ ਬਹਿਣ ਦੇਣਾ ਖ਼ੂਬ ਅਦਬ ਅਦਾਬ ਸਿਖਾਵਣਾ ਜੇ।

ਏਹਦੇ ਬਾਪ ਦਾਦੇ ਜਿਹੇ ਉੱਜਚ ਜਿਹੜੇ ਏਹਨਾਂ ਆਪਣਾ ਸੀਸੀ ਗੁਵਾਵਣਾ ਜੇ।

ਜੇ ਦੁੱਲਾ ਇਲਮ ਵਿਚੋਂ ਹੁਸ਼ਿਆਰ ਹੋਵੇ ਇਸ ਨੂੰ ਅਸਾਂ ਬੁਲਾਵਣੇ ਜੇ।

ਦੁੱਧ ਘਟ ਦਾ ਫਰਕ ਨਾ ਇਕ ਰਤੀ ਸੱਟੀ ਗੱਲ ਹੈ ਕਹੀ ਸੁਣਾਇਕੇ ਜੇ।

ਅਸੀਂ ਇਲਮ ਤੇ ਹੁਨਰ ਨੂੰ ਦੇਖ ਕੇ ਤੇ ਦਰਜਾ ਇਸ ਨੂੰ ਖ਼ੂਬ ਦਲਾਵਣਾ ਜੇ।”

ਦੁੱਲੇ ਨੂੰ ਕਾਜ਼ੀ ਕੋਲ ਪੜ੍ਹਨੇ ਭੇਜ ਦਿੱਤਾ ਜਾਂਦਾ ਹੈ:

“ਕਾਜ਼ੀ ਆਖਦਾ ਦੁੱਲੇ ਨੂੰ ਸੁਣ ਬੱਚਾ ਜਿਹੜਾ ਸਬਕ ਮੈਂ ਤੈਨੂੰ ਪੜ੍ਹਾਵਣਾ ਹਾਂ।

ਦਿਲ ਲਾ ਕੇ ਇਸ ਨੂੰ ਯਾਦ ਕਰਨਾ ਤਾਂਹੀ ਅੱਗੇ ਮੈਂ ਫਿਰ ਬਤਾਵਨਾ ਹਾਂ।

ਨਿਉਂ ਨਿਉਂ ਕੇ ਖ਼ੁਦਾ ਦੀ ਕਰੀਂ ਸੇਵਾ ਇਹ ਸਿੱਖਿਆ ਤੈਨੂੰ ਸਿਖਾਵਣਾ ਹਾਂ।

ਨੇਕ ਕੇਮਾਂ ਤੋਂ ਹੁੰਦਾ ਨਾਮ ਰੋਸ਼ਨ ਤਾਹੀਓਂ ਤੈਨੂੰ ਮੈਂ ਇਹ ਸਮਝਾਵਣਾ ਹਾਂ।

ਜੇਹੜਆ ਹੁਕਮ ਨੂੰ ਫੇਰ ਖ਼ਿਲਾਫ਼ ਕਰਦਾ ਮਾਰ ਮਾਰ ਕੇ ਤਾਰ ਬਨਾਵਣਾ ਹਾਂ।”

ਨਾਬਰ ਦੁੱਲੇ ਨੂੰ ਕਿਸੇ ਵੀ ਕਿਸਮ ਦਾ ਗ਼ਲਬਾ ਪਸੰਦ ਨਹੀਂ ਸੀ ਜੋ ਬੰਦੇ ਨੂੰ ਗ਼ਾਲਬ ਜਮਾਤ ਦਾ ਇੱਕ ਮਹਿਜ਼ ਸੰਦ ਜਾਂ ਇਸ ਜਮਾਤ ਜਿਹਾ ਬਣਾ ਦੇਵੇ।

ਬੁਨਿਆਦੀ ਲੜਾਈ ‘ਸਭਿਆ’ ਅਤੇ ‘ਅਸਭਿਆ’ ਵਿਚਕਾਰ ਨਹੀਂ ਸੀ, ਬਲਕਿ ਗ਼ਾਲਬ ਜਮਾਤ ਤੇ ਨਾਬਰ ਦਰਮਿਆਨ ਸੀ।

ਮਦਰਸਾ ਤੇ ਕਾਜ਼ੀ ਤਾਂ ਗ਼ਾਲਬ ਇੰਤਜ਼ਾਮ ਦੇ ਮੋਹਰੇ ਸਨ। ਦੁੱਲਾ ਇਨ੍ਹਾਂ ਮੋਹਰਿਆਂ ਦੀਆਂ ਰਮਜ਼ਾਂ ਨੂੰ ਸਮਝਦਾ ਸੀ। ਉਹ ਅੱਗਿਉਂ ਇਨ੍ਹਾਂ ਦਾ ਮੋਹਰਾ ਨਹੀਂ ਸੀ ਬਣ ਸਕਦਾ:

“ਇਹ ਸੋਚ ਕਾਜ਼ੀ ਪਕੜ ਗਰਦਨ ਮਾਰੇ ਜ਼ਿਮੀਂ ਦੇ ਨਾਲ ਫਟਕਾਰ ਕੇ ਤੇ।

ਤਿੰਨ ਚਾਰ ਵਾਰ ਇਹ ਹਾਲ ਕੀਤਾ ਕਾਜ਼ੀ ਰੋਂਵਦਾ ਤੌਬਾ ਪੁਕਾਰ ਕੇ ਤੇ।

ਜਲਦੀ ਨਾਲ ਫਿਰ ਉਹ ਰਵਾਨ ਹੋਇਆ ਉੱਥੇ ਕਾਜ਼ੀ ਨੂੰ ਖ਼ੂਬ ਸਵਾਰ ਕੇ ਤੇ।”

ਮਦਰੱਸਾ ਛੱਡਣ ਤੋਂ ਬਾਅਦ ਦੁੱਲੇ ਨੇ ਆਪਣੇ ਪਿੰਡ ਦੇ ਤਰਖਾਣ ਤੋਂ ਗੁਲੇਲ ਬਣਵਾਈ, ਜੋ ਉਸ ਦਾ ‘ਪਹਿਲਾ ਹਥਿਆਰ’ ਸੀ।

ਇਸ ਗੁਲੇਲ ਨਾਲ ਉਸ ਨੇ ਆਪਣੇ ਸਾਥੀਆਂ ਸੰਗ ਮਿਲ ਕੇ ਖੂਹ ਤੋਂ ਪਾਣੀ ਭਰਦੀਆਂ ਸਵਾਣੀਆਂ ਦੇ ਘੜੇ ਭੰਨਣੇ ਸ਼ੁਰੂ ਕਰ ਦਿੱਤੇ।

ਘੜੇ ਭੰਨਣ ਦੀਆਂ ਰਮਜ਼ਾਂ ਹੜੀਆਂ ਗਹਿਰੀਆਂ ਨੇ। ਦੁੱਲੇ ਦੀ ਲੋਕ ਕਹਾਣੀ ਕਹਿਣਾ ਤਾਂ ਇਹ ਚਾਹੁੰਦੀ ਹੈ ਕਿ ਬਈ ਦੁੱਲੇ ਨੇ ਸਮਾਜ ਦੇ ਘੜਿਆਂ ਵਿੱਚ ਮਹਿਫੂਜ਼ ਗ਼ਾਲਬ ਰਵਾਇਤ ਨੂੰ ਛੋਟੀ ਉਮਰੇ ਹੀ ਭੰਨਣਾ ਸ਼ੁਰੂ ਕਰ ਦਿੱਤਾ ਸੀ।

ਲੋਹੜੀ ਵਿਸ਼ੇਸ਼

ਲੋਕ ਕਥਾਵਾਂ ਵਿੱਚ ਗੁਲੇਲ ਮਾਲ ਘੜੇ ਭੰਨਣ ਦਾ ਮੋਟਿਵ ਬੜਾ ਹੀ ਪ੍ਰਬਲ ਰਿਹਾ ਹੈ। ਜਦ ਦੁੱਲਾ ਘੜਿਆਂ ‘ਚ ਛੇਕ ਕਰਨੋਂ ਨਹੀਂ ਹਟਿਆ, ਜਦ ਇੱਕ ਔਰਤ ਨੇ ਮਹਿਣਾ ਮਾਰਿਆ:

ਬੋਲੀ ਮਾਰ ਕੇ ਨੰਦੀ ਫਨਾਹ ਕਰਦੀ ਸੀਮਾ ਦੁੱਲੇ ਦਾ ਚਾਕ ਹੋ ਜਾਂਵਦਾ ਜੇ।

ਬਾਪ ਦਾਦਾ ਦਾ ਇਹ ਤੇ ਸੂਰਮਾ ਏ ਕਾਹਨੂੰ ਨਿਤ ਗ਼ਰੀਬ ਦੁਖਾਂਵਦਾਂ ਜੇ।

ਏਥੇ ਜ਼ੋਰ ਦਿਖਾਂਵਦਾ ਔਰਤਾਂ ਨੂੰ ਤੈਨੂੰ ਰਤੀ ਹਯਾ ਨਾ ਆਂਵਦਾ ਜੇ।

ਤੇਰੇ ਬਾਪੂ ਦਾਦਾ ਦੀਆਂ ਸ਼ਾਹ ਅਕਬਰ ਖਲਾਂ ਪੁਠੀਆਂ ਚਾ ਲੁਹਾਂਵਦਾ ਏ।

ਅਜ ਤੀਕ ਲਾਹੌਰ ਵਿਚ ਲਟਕ ਰਹੀਆਂ ਉੱਥੇ ਜ਼ੋਰ ਨਾ ਕਾਸ ਜਾਂਵਦਾ ਏ।”

ਇਸ ਬੋਲੀ ਨੇ ਦੁੱਲੇ ਦੀ ਨਾਬਰੀ ਨੂੰ ਜਗਾਉਣ, ਬਲਕਿ ਭੜਕਾਉਣ, ਲਈ ਚੰਗਿਆੜੀ ਦਾ ਕੰਮ ਕੀਤਾ।

ਉਹ ਤੂਫ਼ਾਨ ਵਾਂਗ ਆਪਣੇ ਘਰ ਗਿਆ ਤੇ ਬੱਦਲ ਵਾਂਗ ਲੱਧੀ ‘ਤੇ ਬਰਸ ਪਿਆ: ‘ਸੱਚ ਦੱਸ ਮਾਤਾ ਉਸ ਦਾ ਬਾਪ ਤੇ ਦਾਦਾ ਕਿਸ ਨੇ ਮਾਰਿਆ ਸੀ? ਝੂਠ ਜੇ ਤੂੰ ਬੋਲੇ ਤੇਰਾ ਸਿਰ ਵੱਢਦਾ, ਸੱਚ ਬੋਲੇ ਬਾਝ ਨਹੀਂ ਮੂਲ ਛੱਡਦਾ ।’

ਆਪਣੇ ਪੁੱਤਰ ਨੂੰ ਰੋਹ ਵਿੱਚ ਦੇਖ, ਲੱਧੀ ਨੇ ਸਾਰਾ ਕਿੱਸਾ ਸੁਣਾ ਦਿੱਤਾ।

ਜਿਉਂ ਜਿਉਂ ਕਹਾਣੀ ਦਾ ਰਾਜ਼ ਖੁੱਲਦਾ ਜਾ ਰਿਹਾ ਸੀ, ਦੁੱਲੇ ਨੂੰ ‘ਦੁਸ਼ਮਣ’ ਦੀ ਸ਼ਨਾਖ਼ਤ ਹੁੰਦੀ ਜਾ ਰਹੀ ਸੀ। ਹੁਣ ਉਸ ਨੂੰ ਆਪਣੇ ਪੈਂਡਾ ਸਾਫ਼ ਦਿਖਾਈ ਦੇਣ ਲੱਗ ਪਿਆ ਸੀ।

ਉਸ ਨੇ ਕੀ ਕਰਨਾ ਹੈ ਇਸ ਦੀ ਚੇਤਨਾ ਤੋਂ ਹੁਣ ਉਹ ਬਾ-ਖ਼ੂਬੀ ਵਾਕਫ਼ ਹੋ ਗਿਆ ਸੀ। ਹੁਣ ਮਸਲਾ ਮਹਿਜ਼ ਬਾਪ ਦਾਦਾ ਦੇ ਕਤਲ ਦਾ ਬਦਲਾ ਲੈਣਾ ਨਹੀਂ ਸੀ।

ਹੁਣ ਤਾਂ ਭੱਟੀ ਪੁਰਖਿਆਂ ਵੱਲੋਂ ਵਿੱਢੀ ਜੰਗ ਨੂੰ ਅੱਗੇ ਤੋਰਨਾ ਸੀ, ਉਸ ਨੂੰ ਹੋਰ ਪ੍ਰਚੰਡ ਕਰਨਾ ਸੀ।

ਲੱਧੀ ਨੇ ਤਾੜ ਲਿਆ ਕਿ ਚੋਬਰ ਦੇ ਅੰਦਰਲਾ ਨਾਬਰ ਜਾਗ ਪਿਆ ਹੈ। ਉਸ ਦੇ ਵਹਿਣ ਨੂੰ ਠੱਲ੍ਹ ਪਾਉਣੀ ਔਖੀ ਹੈ। ਸ਼ਾਇਦ ਲੱਧੀ ਦੇ ਅੰਦਰ ਕਿਧਰੇ ਬਦਲੇ ਦੀ ਅੱਗ ਤਾਂ ਧੁਖਦੀ ਸੀ।

ਉਸ ਨੇ ਹਥਿਆਰਾਂ ਨਾਲ ਭਰੇ ਭੱਟੀਆਂ ਦੇ ਸੱਤੇ ਕੋਠੇ ਖੋਲ੍ਹ ਦਿੱਤੇ:

“ਦੁੱਲਾ ਕੁਲ ਹਥਿਆਰ ਦੀ ਕਰੇ ਗਿਣਤੀ, ਹੋਇਆ ਪੰਜ ਸੌ ਸ਼ੁਮਾਰ ਯਾਰੋ।

ਤੁਰਤ ਪੰਜ ਸੌ ਕੀਤਾ ਜਵਾਲ ਕੱਠਾ, ਭੇਜ ਸੂਰਮੇ ਬਾਂਕੇ ਨਿਤਾਰ ਯਾਰੋ।

ਕਰ ਦੇਵੇ ਹਥਿਆਰ ਤਕਸੀਮ ਸਾਰੇ, ਆਪ ਬਣਿਆ ਫ਼ੌਜਦਾਰ ਯਾਰੋ।

ਕਿਸ਼ ਸਿੰਘ ਵਿੱਚ ਪਿੰਡ ਦੇ ਘਰੋਂ-ਘਰੀਂ ਦੁੱਲੇ ਰਾਠ ਦੀ ਸੀ ਜੈ ਜੈ ਕਾਰ ਯਾਰੋ।

ਮੁੱਕਦੀ ਗੱਲ ਇਹ ਕਿ ਦੁੱਲੇ ਨੇ ਅਕਬਰ ਨੂੰ ਵਖ਼ਤ ਪਾ ਦਿੱਤਾ। ਸਭ ਤੋਂ ਪਹਿਲਾਂ ਬਾਦਸ਼ਾਹ ਬਾਰੀ ਦੋਆਬ ਦੇ ਕਿਸਾਨ ਨੂੰ ਸ਼ਾਂਤ ਕਰਨ ਹਿਤ ਤੇ ਪੰਜਵੇਂ ਗੁਰੂ ਜੀ ਦਾ (ਜਿਨ੍ਹਾਂ ਦਾ ਇਸ ਇਲਾਕੇ ਵਿੱਕ ਇੱਕ ਮਜ਼ਬੂਤ ਸਮਾਜਿਕ ਅਧਾਰ ਸੀ) ਵਿਸ਼ਵਾਸ ਜਿੱਤਣ ਹਿਤ ਮਾਲੀਆ ਮੁਆਫ਼ ਕਰਨ ਦਾ ਸਿਆਸੀ ਕਦਮ ਚੁੱਕਦਾ ਹੈ।

ਅਕਬਰ ਗੁਰੂ ਅਰਜਨ ਦੇਵ ਜੀ ਦੇ ਦੀਦਾਰ ਕਰਨ ਲਈ (1598 ਈ. ‘ਚ) ਗੋਇੰਦਵਾਲ ਜਾਂਦਾ ਹੈ। ਉਥੇ ਲੰਗਰ ਛਕਦਾ ਹੈ।

ਗੁਰੂ ਸਾਹਿਬਾਨ ਅਕਬਰ ਨੂੰ ਬਾਣੀ ਦੇ ਇਹ ਸ਼ਬਦ ਉਚਾਰਦੇ ਹਨ:

“ਕੋਈ ਬੋਲੇ ਰਾਮ ਰਾਮ ਕੋਈ ਖੁਦਾਇ ।।

ਕੋਈ ਸੇਵੈ ਗੁਸਈਆਂ ਕੋਈ ਅਲਾਹਿ।।”

ਬਾਦਸ਼ਾਹ ਦੀ ਇਸ ਅੜੇ ਸਮੇਂ ਗ਼ੈਰ ਫ਼ਿਰਕੇਦਾਰਾਨਾ ਸਿਆਸਤ ਕਾਰਗਰ ਸਿੱਧ ਹੁੰਦੀ ਹੈ। ਅਕਬਰ ਸਿਆਣਾ ਹੈ। ਉਹ ਲਗਾਨ ਵਸੂਲੀ ਦੇ ਪੱਖ ਤੋਂ ਦੋ ਮੁਹਾਜ਼ਾਂ ‘ਤੇ ਲੜਨਾ ਮੁਨਾਸਿਬ ਨਹੀਂ ਸਮਝਦਾ।

ਗੁਰੂ ਹੁਰਾਂ ਦੀ ‘ਸਲਤਨਤ’ ਦੇ ‘ਮੁਰੀਦਾਂ’ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ ਜੇ ਦੁੱਲੇ ਦੀ ਬਗ਼ਾਵਤ ਨੂੰ ਨੱਥ ਪਾਉਣੀ ਹੈ।

ਗੁਰੂ ਵਾਲੇ ਪਾਸਿਓਂ ਨਿਸਚਿੰਤ ਹੋ ਕੇ, ਅਕਬਰ ਆਪਣੀ ਤਮਾਮ ਤਾਕਤ ਦੁੱਲੇ ਨੂੰ ਕਾਬੂ ਕਰਲ ‘ਤੇ ਲਗਾ ਦਿੰਦਾ ਹੈ।

ਦੁੱਲੇ ਦੀ ਗ੍ਰਿਫ਼ਤਾਰੀ

ਅਖ਼ੀਰ ਦੁੱਲਾ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਲਾਹੌਰ ਸ਼ਹਿਰ ਦੇ ਲੰਡੇ ਬਜ਼ਾਰ ‘ਚ ਸੂਲੀ ਗੱਡ ਦਿੱਤੀ ਗਈ ਤਾਂ ਜੋ ਤਮਾਮ ਲੋਕਾਈ ਦੁੱਲੇ ਦੇ ਚਿਹਰੇ ‘ਤੇ ਮੌਤ ਦਾ ਦਰਦ ਤੇ ਖੌਫ਼ ਦੇਖ ਸਕੇ।

ਬਾਦਸ਼ਾਹ ਦੁੱਲੇ ਦਾ ਗੁਮਾਨ ਲੋਕਾਈ ਸਾਹਮਣੇ ਤੋੜਣਾ ਲੋਚਦਾ ਹੈ। ਲਹੌਰ ਦੇ ਕੋਤਵਾਲ, ਮਲਿਕ ਅਲੀ ਨੂੰ ਹੁਕਮ ਹੈ ਕਿ ਉਹ ਸੂਲੀ ‘ਤੇ ਚੜ੍ਹਦੇ ਦੁੱਲੇ ਦੀ ਮਨੋ ਦਸ਼ਾ, ਮਿਜ਼ਾਜ ਤੇ ਇਸ ਦੇ ਉਚੇਰੇ ਆਖ਼ਰੀ ਲਫ਼ਜ਼ਾਂ ਤੋਂ ਬਾਦਸ਼ਾਹ ਨੂੰ ਜਾਣੂੰ ਕਰਵਾਏ।

ਜਿਸ ਰੰਗ ਨਾਬਰ ਦੁੱਲਾ ਲੜਿਆ ਉਸੇ ਹੀ ਰੰਗ ਉਹ ਸੂਲੀ ਚੜ੍ਹਦਾ ਹੈ। ਅਖ਼ੀਰਲੇ ਦਮ ਤਕ ਉਸ ਦੇ ਹੌਂਸਲੇ ਦਾ ਰੰਹ ਰੱਡ-ਰਾਂਗਲਾ ਹੀ ਰਹਿੰਦਾ ਹੈ।

ਸੂਲੀ ਤਾਂ ਉਸ ਦੀ ਲੜਾਈ ਦਾ ਇੱਕ ਮੋਰਚਾ ਹੈ ਜੋ ਮੁਗ਼ਲ ਸਲਤਨਤ ਦੇ ਖ਼ਿਲਾਫ਼ ਦੁੱਲੇ ਦੇ ਪੁਰਖਿਆਂ ਦੇ ਵਕਤਾਂ ਤੋਂ ਲੱਗਿਆ ਹੋਇਆ ਹੈ।

ਇਸ ਵਾਰ ਮੋਰਚੇ ਦਾ ਮੁਹਰੈਲ ਦੁੱਲਾ ਹੈ। ਦੁੱਲਾ ਲੋਕ ਮਨਾਂ ਵਿੱਚ ਵਸਿਆ ਹੋਇਆ ਹੈ। ਉਹ ਨਿਤਾਣਿਆਂ ਤੇ ਗ਼ਰੀਬਾਂ ਦੇ ਮਦਦਗਾਰ ਦਾ ਪ੍ਰਤੀਕ ਹੈ।

ਉਸ ਨੇ ਨਾਬਰ ਲੋਕ ਸਾਹਿਤ ‘ਚ ਆਪਣੀ ਥਾਂ ਮੱਲੀ ਹੋਈ ਹੈ।

“ਸੁੰਦਰ-ਮੁੰਦਰੀਏ, ਹੋ

ਤੇਰਾ ਕੌਣ ਵਿਚਾਰਾਂ, ਹੋ

ਦੁੱਲਾ ਭੱਟੀ ਵਾਲਾ, ਹੋ

ਦੁੱਲੇ ਧੀ ਵਿਆਹੀ, ਹੋ

ਸੇਰ ਸ਼ੱਕਰ ਪਾਈ, ਹੋ

ਕੁੜੀ ਦੇ ਬੋਝੇ ਪਾਈ, ਹੋ

ਕੁੜੀ ਦਾ ਲਾਲ ਪਟਾਕਾ, ਹੋ

ਕੁੜੀ ਦਾ ਸਾਲੂ ਪਾਟਾ, ਹੋ

ਸਾਲੂ ਕੌਣ ਸਮੇਟੇ, ਹੋ

ਚਾਚਾ ਗਾਲੀ ਦੇਸੇ, ਹੋ

ਚਾਚੀ ਚੂਰੀ ਕੁੱਟੀ, ਹੋ

ਜ਼ਿਮੀਂਦਾਰਾਂ ਲੁੱਟੀ, ਹੋ

ਜ਼ਿਮੀਂਦਾਰਾਂ ਸਦਾਏ, ਹੋ

ਗਿਣ ਗਿਣ ਪੌਲੇ ਲਾਏ, ਹੋ।”

ਨਾਬਰਾਂ ਦੀ ਗੁੱਟਬੰਦੀ

ਦੁੱਲੇ ਦੀ ਫਾਂਸੀ ਵਾਲੇ ਦਿਨ (ਸਾਲ 1599) ਜੋ ਹਜੂਮ ਲਾਹੌਰ ਸ਼ਹਿਰ ਦੇ ਬਜ਼ਾਰ ‘ਚ ਜੁੜਦਾ ਹੈ ਉਸ ਵਿੱਚ ਕਲੰਦਰ ਸੂਫ਼ੀ ਸ਼ਾਹ ਹੁਸੈਨ ਵੀ ਹੈ।

ਇੱਕ ਨਾਬਰ ਨੇ ਦੂਜਾ ਨਾਬਰ ਦੀ ਸ਼ਹਾਦਤ ਦਾ ਮੰਜ਼ਰ ਜੁ ਤੱਕਣਾ। ਸ਼ਾਹ ਹੁਸੈਨ ਦੀ ਨਾਬਰ ਰਹਿਣੀ ਸਹਿਣੀ ਤੋਂ ਲਾਹੌਰ ਦਾ ਕੋਤਵਾਲ, ਮਲਿਕ ਅਲੀ ਬੜੀ ਖਫ਼ਾ ਸੀ।

ਸ਼ਾਹ ਹੁਸੈਨ ‘ਤੇ ਨਜ਼ਰ ਪੈਂਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਦੁੱਲੇ ਤੇ ਸ਼ਾਹ ਹੁਸੈਨ ਦੀ ਦੋਸਤੀ ਬਾਰੇ ਇਤਿਹਾਸ ਚੁੱਪ ਹੈ ਕੋਈ ਸਬੂਤ ਨਹੀਂ। ਦੁੱਲੇ ਦੀ ਫਾਂਸੀ ਵਕਤ ਹੁਸੈਨ ਦੀ ਹਾਜ਼ਰੀ ਬੜੀ ਅਹਿਮ ਹੈ।

ਲੋਹੜੀ ਵਿਸ਼ੇਸ਼

ਨਾਬਰਾਂ ਦੀ ਦੋਸਤੀ ਦੀ ਇਤਿਹਾਸਕ ਗੁੱਟਬੰਦੀ ਵੱਲ ਸੰਕੇਤ ਕਰਦੀ ਹੈ। ਦੁੱਲੇ ਦੀ ਟੱਕਰ ਸਟੇਟ ਦੇ ਗ਼ਲਬੇ ਦੇ ਖ਼ਿਲਾਫ਼ ਰੋਹ ਮੁਖੀ ਹੈ। ਜਦ ਕਿ ਸ਼ਾਹ ਹੁਸੈਨ ਵਿਚਾਰਧਾਰਾ ਦੇ ਪੱਧਰ ‘ਤੇ ਪ੍ਰਤੀ ਗ਼ਾਲਬ ਹੈ।

ਐਪਰ ਦੁੱਲਾ ਪੰਜਾਬ ਦੀ ਕਿਸਾਨੀ ਨੂੰ ਗ਼ਾਲਬ ਸਟੇਟ ਦੇ ਖ਼ਿਲਾਫ਼ ਬਗ਼ਾਵਤ ਗੁੜਤੀ ਦਿੰਦਾ ਹੈ। ਉਸ ਨੇ ਕਿਸਾਨੀ ਦਾ ਝਾਕਾ ਖੋਲ੍ਹ ਦਿੱਤਾ ਹੈ।

ਲਗਬਗ ਡੇਢ ਸਦੀ ਬਾਅਦ ‘ਖਾਲਸਾ’ ਦੇ ਝੰਡੇ ਹੇਠ ਬੰਦੇ ਬਹਾਦਰ ਨੇ, ਕਿਸਾਨੀ ਦੀ ਆਰਥਿਕ ਦੁਰਦਸ਼ਾ ਨੂੰ ਮਹਿਸੂਸ ਕਰਦੇ ਹੋਏ, ਜ਼ਿਮੀਂਦਾਰੀ ਵਿਵਸਥਾ ਦੇ ਵਿਰੁੱਧ ਇੱਕ ਲੋਕ ਲਹਿਰ ਨੂੰ ਲਾਮਬੰਦ ਕੀਤਾ ਤੇ ਕਿਸਾਨਾਂ ਨੂੰ ਲਗਾਨ ਨਾ ਦੇਣ ਲਈ ਪ੍ਰੇਰਿਆ।

ਬੰਦਾ ਸਿੰਘ ਬਹਾਦਰ ਦਾ ਕਿਸਾਨ ਜ਼ਮਾਤੀ ਘੋਲ ਜ਼ਿਆਦਾ ਠੋਸ ਤੇ ਵਿਉਂਤਬੰਦ ਸੀ ਕਿਉਂਕਿ ਉਸ ਕੋਲ ‘ਸਿੱਖ’ ਗੁਰੂਆਂ ਦੁਆਰਾ ਸਿੰਜਿਆ ਤੇ ਜ਼ਰਖੇਜ਼ ਕੀਤਾ ਕਿਸਾਨੀ ਦਾ ਸਮਾਜਿਕ ਆਧਾਰ ਸੀ।

ਦੁੱਲੇ ਦੀ ਨਾਬਰੀ ਬਾਬਤ ਰਚੀਆਂ ਕਵਿਤਾਵਾਂ, ਨਾਚਕ, ਅਤੇ ਲੇਖ ਪ੍ਰਤੀ ਗ਼ਾਲਬ ਪੰਜਾਬੀ ਨਾਇਕ ਦੇ ਪ੍ਰਤੀਕ ਹਨ।

ਇਸਹਾਕ ਮੁਹੰਮਦ ਆਪਣੇ ਨਾਟਕ ‘ਕੁਕਨੁਸ’ ਵਿੱਚ ਦੁੱਲੇ ਭੱਟੂ ਨੂੰ ਸ਼ਾਹ ਹੁਸੈਨ ਦੀਆਂ ਕਾਫ਼ੀਆਂ ਗਾਉਂਦਾ ਪੇਸ਼ ਕਰਦਾ ਹੈ। ਲੋਕਾਈ ਦੀ ਇਤਿਹਾਸਕਾਰੀ ‘ਚ ਦੁੱਲਾ ਉਨ੍ਹਾਂ ਦਾ ਸ਼ਹੀਦ ਨਾਇਕ ਹੈ।

ਉਸ ਦੀ ਸ਼ਹਾਦਤ ਦੇ ਮੰਜ਼ਰ ਨੂੰ ਤੱਕਣ ਵਾਲਿਆਂ ‘ਚੋਂ ਸ਼ਾਹ ਹੁਸੈਨ ਵੀ ਹੈ ਜੋ ਆਪਣੇ ‘ਮਹਿਬੂਬ’ ਲਈ ਸ਼ਹੀਦ ਹੋਣ ਨੂੰ ਪਾਕ ਸਮਝਦਾ ਹੈ।

“ਨੀ ਸਹੀਓ ਅਸਈਂ ਨੈਣਾਂ ਦੇ ਆਖੇ ਲੱਗੇ

ਜਿਨ੍ਹਾਂ ਪਾਕ ਨਿਗਾਹਾਂ ਹੋਈਆਂ

ਸੇ ਨਹੀਂ ਜਾਦੇ ਠੱਗੇ।

ਕਾਲੇ ਪਟ ਨ ਚੜੇ ਸਫੈਦੀ

ਕਾਗ ਨ ਥੀਂਦੇ ਬਗੇ

ਸ਼ਾਹ ਹੁਸੈਨ ਸ਼ਹਾਦਤ ਪਾਇਨ

ਜੋ ਮਰਨ ਮਿਤਰਾਂ ਦੇ ਅੱਗੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI