Source :- BBC PUNJABI

ਵਿਟਾਮਿਨ ਬੀ-12

ਤਸਵੀਰ ਸਰੋਤ, Getty Images

ਵਿਟਾਮਿਨ ਬੀ-12 ਸਰੀਰ ਦੇ ਹਰੇਕ ਸੈੱਲ ਲਈ ਜ਼ਰੂਰੀ ਹੈ। ਇਸ ਦੀ ਕਮੀ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ।

ਮਾਹਿਰਾਂ ਅਨੁਸਾਰ, ਇਹ ਵਿਟਾਮਿਨ ਸ਼ਾਕਾਹਾਰੀ ਭੋਜਨ ਵਿੱਚ ਘੱਟ ਹੁੰਦਾ ਹੈ।

ਵਿਟਾਮਿਨ ਬੀ-12 ਦੀ ਕਮੀ ਕਿਹੜੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ? ਇਸ ਵਿਟਾਮਿਨ ਦੀ ਸਭ ਤੋਂ ਵੱਧ ਲੋੜ ਕਿਸ ਉਮਰ ਵਿੱਚ ਹੁੰਦੀ ਹੈ? ਕਿਹੜੇ ਭੋਜਨਾਂ ਵਿੱਚ ਬੀ-12 ਭਰਪੂਰ ਹੁੰਦਾ ਹੈ?

ਸ਼ਾਕਾਹਾਰੀ ਲੋਕ ਇਹ ਵਿਟਾਮਿਨ ਕਿਵੇਂ ਹਾਸਿਲ ਕਰ ਸਕਦੇ ਹਨ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਇਸ ਲੇਖ ਵਿੱਚ ਜਾਣਾਂਗੇ।

ਵਿਟਾਮਿਨ ਬੀ-12 ਕੀ ਹੈ?

ਵਿਟਾਮਿਨ ਬੀ-12 ਕੋਬਾਲਾਮਿਨ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ। ʻਬੀʼ ਸਮੂਹ ਦਾ ਇਹ ਮਹੱਤਵਪੂਰਨ ਵਿਟਾਮਿਨ ਜ਼ਿਆਦਾਤਰ ਜਾਨਵਰਾਂ ਦੇ ਭੋਜਨ ਵਿੱਚ ਪਾਇਆ ਜਾਂਦਾ ਹੈ।

ਵਿਟਾਮਿਨ ਬੀ-12

ਤਸਵੀਰ ਸਰੋਤ, Getty Images

ਵਿਟਾਮਿਨ ਬੀ-12 ਚੰਗੀ ਸਿਹਤ ਲਈ ਕਿਉਂ ਮਹੱਤਵਪੂਰਨ ਹੈ?

ਤਾਮਿਲਨਾਡੂ ਦੇ ਓਮਦੁਰਰ ਸਰਕਾਰੀ ਹਸਪਤਾਲ ਵਿੱਚ ਪੋਸ਼ਣ ਵਿਗਿਆਨੀ ਵਜੋਂ ਕੰਮ ਕਰਨ ਵਾਲੇ ਡਾ. ਮਿਨਾਕਸ਼ੀ ਬਜਾਜ ਕਹਿੰਦੇ ਹਨ, “ਵਿਟਾਮਿਨ ਬੀ-12 ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਦੀ ਗਿਣਤੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਲਾਲ ਖੂਨ ਦੇ ਸੈੱਲ ਸਰੀਰ ਦੇ ਅੰਗਾਂ ਤੱਕ ਆਕਸੀਜਨ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।”

ਇਸ ਤੋਂ ਇਲਾਵਾ, ਬੀ-12 ਤੁਹਾਡੇ ਸਰੀਰ ਵਿੱਚ ਦਿਮਾਗ਼ੀ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਇਸ ਤੋਂ ਇਲਾਵਾ, ਡਾ. ਬਜਾਜ ਨੇ ਅੱਗੇ ਕਿਹਾ, “ਡੀਐੱਨਏ ਉਤਪਾਦਨ ਅਤੇ ਖ਼ਰਾਬ ਹੋਏ ਡੀਐੱਨਏ ਦੀ ਮੁਰੰਮਤ ਲਈ ਵਿਟਾਮਿਨ ਬੀ-12 ਦੀ ਵੀ ਵੱਡੀ ਮਾਤਰਾ ਵਿੱਚ ਲੋੜ ਹੁੰਦੀ ਹੈ।”

ਇਹ ਵੀ ਪੜ੍ਹੋ-

ਕਿਸ ਉਮਰ ਵਿੱਚ ਕਿੰਨੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ?

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ 2020 ਵਿੱਚ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਜਨਮ ਤੋਂ ਲੈ ਕੇ 3 ਸਾਲ ਦੀ ਉਮਰ ਤੱਕ ਖੁਰਾਕ ਵਿੱਚ 1.2 ਮਾਈਕ੍ਰੋਗ੍ਰਾਮ ਵਿਟਾਮਿਨ ਬੀ-12 ਦੀ ਲੋੜ ਹੁੰਦੀ ਹੈ।

6 ਤੋਂ 18 ਸਾਲ ਦੀ ਉਮਰ ਦੇ ਵਿਚਕਾਰ, ਇਸ ਪੌਸ਼ਟਿਕ ਤੱਤ ਦੀ ਮਾਤਰਾ ਪ੍ਰਤੀ ਦਿਨ 2.2 ਮਾਈਕ੍ਰੋਗ੍ਰਾਮ ਹੋਣੀ ਚਾਹੀਦੀ ਹੈ।

ਡਾ. ਮੀਨਾਕਸ਼ੀ ਬਜਾਜ ਦਾ ਕਹਿਣਾ ਹੈ ਕਿ ਗਰਭਵਤੀ ਔਰਤਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਨੂੰ ਵਿਟਾਮਿਨ ਬੀ-12 ਦੀ ਜ਼ਿਆਦਾ ਲੋੜ ਹੁੰਦੀ ਹੈ।

ਵਿਟਾਮਿਨ ਬੀ-12 ਦੀ ਕਮੀ ਦਾ ਖ਼ਤਰਾ ਕਿਸ ਨੂੰ ਹੈ?

ਵਿਟਾਮਿਨ ਬੀ-12

ਤਸਵੀਰ ਸਰੋਤ, Getty Images

ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ, ਡਾਕਟਰ ਨੇ ਮੀਨਾਕਸ਼ੀ ਦੱਸਿਆ ਕਿ ਵਿਟਾਮਿਨ ਬੀ-12 ਦੀ ਕਮੀ ਦਾ ਖ਼ਤਰਾ ਕਿਸ ਨੂੰ ਹੁੰਦਾ ਹੈ।

ਸ਼ਾਕਾਹਾਰੀ, ਜੋ ਜਾਨਵਰਾਂ ਦੇ ਉਤਪਾਦਾਂ ਦੇ ਨਾਲ-ਨਾਲ ਦੁੱਧ ਅਤੇ ਡੇਅਰੀ ਉਤਪਾਦਾਂ ਤੋਂ ਪਰਹੇਜ਼ ਕਰਦੇ ਹਨ, ਉਨ੍ਹਾਂ ਨੂੰ ਵਿਟਾਮਿਨ ਬੀ-12 ਦੀ ਘਾਟ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ।

ਵਿਟਾਮਿਨ ਬੀ-12 ਦੀ ਕਮੀ ਉਨ੍ਹਾਂ ਲੋਕਾਂ ਵਿੱਚ ਵੀ ਦੇਖੀ ਜਾਂਦੀ ਹੈ ਜੋ ਲੈਕਟੋਜ਼ ਅਸਹਿਣਸ਼ੀਲਤਾ ਤੋਂ ਪੀੜਤ ਹਨ, ਯਾਨਿ ਕਿ ਦੁੱਧ ਵਿੱਚ ਕੁਦਰਤੀ ਤੌਰ ‘ਤੇ ਪਾਈ ਜਾਣ ਵਾਲੀ ਖੰਡ ਨੂੰ ਹਜ਼ਮ ਕਰਨ ਵਿੱਚ ਅਸਮਰੱਥ।

ਵਿਟਾਮਿਨ ਬੀ-12

ਬੀ-12 ਇੱਕ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ। ਇਸ ਲਈ, ਇਹ ਆਸਾਨੀ ਨਾਲ ਸੋਖ ਲਿਆ ਜਾਂਦਾ ਹੈ। ਪਰ ਕੁਝ ਬਿਮਾਰੀਆਂ ਲਈ ਦਵਾਈਆਂ ਵਿਟਾਮਿਨਾਂ ਨੂੰ ਜਜ਼ਬ ਕਰਨ ਦੀ ਸਮਰੱਥਾ ਨੂੰ ਪ੍ਰਭਾਵਤ ਕਰਦੀਆਂ ਹਨ। ਇਸ ਨਾਲ ਸਰੀਰ ਵਿੱਚ ਇਸ ਦੀ ਕਮੀ ਵੀ ਹੁੰਦੀ ਹੈ।

ਜੇਕਰ ਕਿਸੇ ਨੂੰ ਪੇਟ ਦਾ ਕੈਂਸਰ ਹੈ, ਸਰਜਰੀ ਹੋਈ ਹੈ ਜਾਂ ਉਹ ਅਲਸਰ ਵਰਗੀਆਂ ਬਿਮਾਰੀਆਂ ਲਈ ਦਵਾਈ ਲੈ ਰਿਹਾ ਹੈ, ਤਾਂ ਸਰੀਰ ਦੀ ਬੀ-12 ਨੂੰ ਜਜ਼ਬ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ।

ਇਸ ਤੋਂ ਇਲਾਵਾ, ਟਾਈਪ 2 ਡਾਇਬਟੀਜ਼ ਵਾਲੇ ਲੋਕਾਂ ਵਿੱਚ ਵਿਟਾਮਿਨ ਬੀ12 ਦੀ ਕਮੀ ਵੀ ਹੋ ਸਕਦੀ ਹੈ।

ਵਿਟਾਮਿਨ ਬੀ-12 ਦੀ ਕਮੀ ਦੇ ਪ੍ਰਭਾਵ

ਗਰਭ ਅਵਸਥਾ

ਤਸਵੀਰ ਸਰੋਤ, Getty Images

ਡਾ. ਮੀਨਾਕਸ਼ੀ ਚੇਤਾਵਨੀ ਦਿੰਦੇ ਹਨ, “ਕਿਉਂਕਿ ਵਿਟਾਮਿਨ ਬੀ-12 ਦਿਮਾਗ਼ੀ ਪ੍ਰਣਾਲੀ ਅਤੇ ਲਾਲ ਖੂਨ ਦੇ ਸੈੱਲਾਂ ਦੇ ਵਿਕਾਸ ਲਈ ਮਹੱਤਵਪੂਰਨ ਹੈ, ਇਸ ਲਈ ਇਸਦੀ ਕਮੀ ਸਰੀਰ ‘ਤੇ ਗੰਭੀਰ ਪ੍ਰਭਾਵ ਪਾ ਸਕਦੀ ਹੈ।”

ਉਹ ਕਹਿੰਦੇ ਹਨ, “ਵਿਟਾਮਿਨ ਬੀ-12 ਦੀ ਕਮੀ ਆਮ ਤੌਰ ‘ਤੇ ਸਭ ਤੋਂ ਵੱਧ 4 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ।”

“ਗਰਭ ਅਵਸਥਾ ਦੌਰਾਨ ਮਾਂ ਦੇ ਵਿਟਾਮਿਨ ਬੀ-12 ਦੇ ਪੱਧਰ ਅਤੇ ਗਰਭ ਅਵਸਥਾ ਦੇ ਨਤੀਜਿਆਂ ਅਤੇ ਬੱਚੇ ਦੀ ਸਿਹਤ ਨਾਲ ਉਨ੍ਹਾਂ ਦਾ ਸਬੰਧ” ਸਿਰਲੇਖ ਵਾਲਾ ਇੱਕ ਅਧਿਐਨ ਫਰੰਟੀਅਰਜ਼ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਸੀ।

ਇਸ ਅਧਿਐਨ ਵਿੱਚ ਭਾਰਤ ਦੇ ਉੱਤਰੀ ਅਤੇ ਪੱਛਮੀ ਖੇਤਰੀ ਦੀ 70 ਤੋਂ 74 ਫੀਸਦ ਗਰਭਵਤੀ ਔਰਤਾਂ ਵਿੱਟ ਵਿਟਾਮਿਨ ਬੀ-12 ਦੀ ਘਾਟ ਪਾਈ ਗਈ। ਕਰਨਾਟਕ ਸੂਬੇ ਵਿੱਚ 51 ਫੀਸਦ ਗਰਭਵਤੀ ਔਰਤਾਂ ਵਿੱਚ ਵਿਟਾਮਿਨ ਬੀ-12 ਦੀ ਘਾਟ ਪਾਈ ਗਈ।

ਵਿਟਾਮਿਨ ਬੀ-12

ਤਸਵੀਰ ਸਰੋਤ, Getty Images

ਡਾ. ਮਿਨਾਕਸ਼ੀ ਕਹਿੰਦੇ ਹਨ, “ਘਾਤਕ ਅਨੀਮੀਆ ਵਿਟਾਮਿਨ ਬੀ-12 ਦੀ ਕਮੀ ਕਾਰਨ ਹੁੰਦਾ ਹੈ। ਇਸ ਨਾਲ ਦਿਮਾਗ਼ੀ ਪ੍ਰਣਾਲੀ ਦਾ ਢਿੱਲਾਪਣ, ਸੰਤੁਲਨ ਗੁਆਉਣਾ, ਚੱਕਰ ਆਉਣਾ, ਕਮਜ਼ੋਰੀ ਅਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।”

“ਜੇਕਰ ਕਮੀ ਬਹੁਤ ਜ਼ਿਆਦਾ ਹੋਵੇ, ਤਾਂ ਖੂਨ ਵਿੱਚ ਹੋਮੋਸਿਸਟੀਨ ਦਾ ਪੱਧਰ ਵੱਧ ਜਾਂਦਾ ਹੈ। ਜੇਕਰ ਹੋਮੋਸਿਸਟੀਨ ਬਹੁਤ ਜ਼ਿਆਦਾ ਵਧ ਜਾਂਦਾ ਹੈ, ਤਾਂ ਸਰੀਰ ਵਿੱਚ ਹੋਮੋਸਿਸਟੀਨੇਮੀਆ ਨਾਮਕ ਸਥਿਤੀ ਵਿਕਸਤ ਹੁੰਦੀ ਹੈ। ਇਸ ਨਾਲ ਦਿਲ ਦੀ ਬਿਮਾਰੀ ਹੁੰਦੀ ਹੈ।”

ਕੁਝ ਲੋਕ ਵਿਟਾਮਿਨ ਬੀ-12 ਦੀ ਕਮੀ ਨੂੰ ਦੂਰ ਕਰਨ ਲਈ ਦਵਾਈ ਲੈਂਦੇ ਹਨ। ਪਰ ਕੁਝ ਸਮੇਂ ਬਾਅਦ ਉਹ ਦਵਾਈ ਲੈਣੀ ਬੰਦ ਕਰ ਦਿੰਦੇ ਹਨ। ਇਹ ਨਾ ਕਰੋ। ਇਹੀ ਡਾਕਟਰ ਮੀਨਾਕਸ਼ੀ ਸਲਾਹ ਦਿੰਦੇ ਹਨ।

ਡਾ. ਮੀਨਾਕਸ਼ੀ ਨੇ ਕਿਹਾ ਕਿ ਅਜਿਹੀਆਂ ਬਿਮਾਰੀਆਂ ਨੂੰ ਵਿਟਾਮਿਨ ਬੀ-12 ਵਾਲੀਆਂ ਦਵਾਈਆਂ ਨਿਯਮਿਤ ਤੌਰ ‘ਤੇ ਲੈਣ ਨਾਲ ਹੀ ਰੋਕਿਆ ਜਾ ਸਕਦਾ ਹੈ।

ਵਿਟਾਮਿਨ ਬੀ-12

ਤਸਵੀਰ ਸਰੋਤ, Getty Images

ਕਿਹੜੇ ਭੋਜਨ ਵਿਟਾਮਿਨ ਬੀ-12 ਨਾਲ ਭਰਪੂਰ ਹੁੰਦੇ ਹਨ?

ਸਬਜ਼ੀਆਂ, ਫਲਾਂ ਅਤੇ ਪੱਤੇਦਾਰ ਸਬਜ਼ੀਆਂ ਵਿੱਚ ਵਿਟਾਮਿਨ ਬੀ-12 ਨਹੀਂ ਹੁੰਦਾ। ਇਸ ਵਿਟਾਮਿਨ ਦੀ ਸਭ ਤੋਂ ਵੱਧ ਮਾਤਰਾ ਜਾਨਵਰਾਂ ਦੇ ਮਾਸ ਵਿੱਚ ਪਾਈ ਜਾਂਦੀ ਹੈ।

ਵਿਟਾਮਿਨ ਬੀ-12 ਨਾਲ ਭਰਪੂਰ ਭੋਜਨਾਂ ਬਾਰੇ ਜਾਣਕਾਰੀ ਦਿੰਦੇ ਹੋਏ, ਡਾ. ਮੀਨਾਕਸ਼ੀ ਨੇ ਹੇਠ ਲਿਖੀ ਸੂਚੀ ਦਿੱਤੀ।

ਭਾਵੇਂ ਕੁਝ ਲੋਕ ਸ਼ਾਕਾਹਾਰੀ ਹੁੰਦੇ ਹਨ, ਫਿਰ ਵੀ ਉਹ ਦੁੱਧ ਅਤੇ ਦਹੀਂ ਵਰਗੇ ਡੇਅਰੀ ਉਤਪਾਦ ਖਾਣਾ ਪਸੰਦ ਕਰਦੇ ਹਨ।

ਇਸ ਤੋਂ ਇਲਾਵਾ, ਦਵਾਈ ਦੇ ਤੌਰ ‘ਤੇ ਰੋਜ਼ਾਨਾ ਘੱਟੋ-ਘੱਟ ਇੱਕ ਅੰਡਾ ਖਾਣ ਨਾਲ ਵਿਟਾਮਿਨ ਬੀ-12 ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਹਾਲਾਂਕਿ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਮਟਨ ਦੇ ਨਾਲ-ਨਾਲ ਮੱਛੀਆਂ ਜਿਵੇਂ ਕਿ ਮੈਕਰੇਲ, ਸੈਲਮਨ ਅਤੇ ਹੈਰਿੰਗ ਵਿਟਾਮਿਨ ਬੀ-12 ਨਾਲ ਭਰਪੂਰ ਹੁੰਦੀਆਂ ਹਨ।

ਪੋਸ਼ਣ ਵਿਗਿਆਨੀ ਲੌਰਾ ਟਿਲਟ ਨੇ ਬੀਬੀਸੀ ਲਈ ਲਿਖੇ ਇੱਕ ਲੇਖ ਵਿੱਚ ਕਿਹਾ ਕਿ ਸ਼ਾਕਾਹਾਰੀਆਂ ਅਤੇ ਵੀਗਨ ਲੋਕਾਂ ਨੂੰ ਦਿਨ ਵਿੱਚ ਦੋ ਤੋਂ ਤਿੰਨ ਵਾਰ ਸਾਬਤ ਅਨਾਜ, ਸਾਬਤ ਅਨਾਜ ਤੋਂ ਬਣੇ ਡੇਅਰੀ ਉਤਪਾਦ, ਬਦਾਮ ਅਤੇ ਸੋਇਆਬੀਨ ਵਰਗੇ ਭੋਜਨ ਅਤੇ ਖਮੀਰ-ਅਧਾਰਤ ਅਨਾਜ ਖਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI