Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਜਾਹਨਵੀ ਮੂਲੇ
- ਰੋਲ, ਬੀਬੀਸੀ ਪੱਤਰਕਾਰ
-
5 ਨਵੰਬਰ 2023
ਅਪਡੇਟ ਇੱਕ ਘੰਟਾ ਪਹਿਲਾਂ
ਭਾਰਤ ਦੇ ਦਿੱਗਜ ਕ੍ਰਿਕਟਰ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਪਿਛਲੇ ਦਿਨੀਂ ਉਨ੍ਹਾਂ ਦੇ ਟੈਸਟ ਤੋਂ ਸੰਨਿਆਸ ਲੈਣ ਦੀਆਂ ਖਬਰਾਂ ਚੱਲ ਰਹੀਆਂ ਸਨ ਅਤੇ ਹੁਣ ਕੋਹਲੀ ਨੇ ਆਪ ਇੱਕ ਇੰਸਟਾਗ੍ਰਾਮ ਪੋਸਟ ਪਾ ਕੇ ਇਸ ਫੈਸਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਆਪਣੀ ਪੋਸਟ ਵਿੱਚ ਲਿਖਿਆ ਹੈ, ”14 ਸਾਲ ਪਹਿਲਾਂ ਮੈਂ ਪਹਿਲੀ ਵਾਰ ਟੈਸਟ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਕਦੇ ਸੋਚਿਆ ਨਹੀਂ ਸੀ ਕਿ ਇਹ ਮੈਨੂੰ ਕਿੱਥੇ ਲੈ ਜਾਵੇਗਾ। ਇਸ ਨੇ ਮੇਰੇ ਇਮਤਿਹਾਨ ਲਏ, ਮੈਨੂੰ ਨਿਖਾਰਿਆ ਅਤੇ ਅਜਿਹੇ ਸਬਕ ਸਿਖਾਏ ਜੋ ਜੀਵਨ ਭਰ ਮੇਰੇ ਨਾਲ ਰਹਿਣਗੇ।”
ਉਨ੍ਹਾਂ ਕਿਹਾ, ”ਕ੍ਰਿਕਟ ਇਸ ਫਾਰਮੈਟ ਨਾਲ ਖੇਡਣਾ ਕਾਫੀ ਨਿੱਜੀ ਜੁੜਾਵ ਵਾਲਾ ਹੈ ਅਤੇ ਉਹ ਨਿੱਕੇ-ਨਿੱਕੇ ਪਲ਼ ਜੋ ਕਿਸੇ ਨੂੰ ਨਜ਼ਰ ਨਹੀਂ ਆਉਂਦੇ, ਸਦਾ ਲਈ ਤੁਹਾਡੇ ਅੰਦਰ ਰਹਿ ਜਾਂਦੇ ਹਨ।”
ਉਨ੍ਹਾਂ ਅੱਗੇ ਕਿਹਾ ਕਿ ”ਅਜਿਹਾ ਕਰਨਾ ਸੌਖਾ ਨਹੀਂ ਹੈ ਪਰ ਇਹੀ ਠੀਕ ਹੈ।”
ਇਸ ਪੋਸਟ ਵਿੱਚ ਕੋਹਲੀ ਨੇ ਕ੍ਰਿਕਟ ਅਤੇ ਕ੍ਰਿਕਟ ਵਿੱਚ ਉਨ੍ਹਾਂ ਦੇ ਸਹਿਯੋਗੀਆਂ ਤੇ ਸਾਥੀਆਂ ਦਾ ਵੀ ਧੰਨਵਾਦ ਕੀਤਾ।
ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਵੀ ਲੈ ਚੁੱਕੇ ਸੰਨਿਆਸ

ਤਸਵੀਰ ਸਰੋਤ, Getty Images
ਵਿਰਾਟ ਕੋਹਲੀ ਪਿਛਲੇ ਸਾਲ ਟੀਮ ਇੰਡੀਆ ਦੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ, ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਵੀ ਸੰਨਿਆਸ ਲੈ ਚੁੱਕੇ ਹਨ।
ਟਿਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਸ ਫਾਰਮੈਟ ‘ਚ ਕੁੱਲ 123 ਟੈਸਟ ਮੈਚ ਖੇਡੇ ਹਨ ਅਤੇ 210 ਪਾਰੀਆਂ ਵਿੱਚ 9230 ਦੌੜਾਂ ਆਪਣੇ ਖਾਤੇ ਜੋੜੀਆਂ ਹਨ।
ਇਨ੍ਹਾਂ ਵਿੱਚ 30 ਸੈਂਕੜੇ ਅਤੇ 31 ਅਰਧ ਸੈਂਕੜੇ ਸ਼ਾਮਲ ਹਨ।
ਫਿਲਹਾਲ ਉਨ੍ਹਾਂ ਨੇ ਵਨਡੇ ਮੈਚਾਂ ਤੋਂ ਸੰਨਿਆਸ ਨਹੀਂ ਲਿਆ ਹੈ।
ਦੱਸ ਦੇਈਏ ਕਿ ਲੰਘੀ 7 ਮਈ ਨੂੰ ਰੋਹਿਤ ਸ਼ਰਮਾ ਵੀ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਚੁੱਕੇ ਹਨ।

ਤਸਵੀਰ ਸਰੋਤ, ANI
(ਇਸ ਮੌਕੇ ਪੜ੍ਹੋ ਵਿਰਾਟ ਕੋਹਲੀ ਬਾਰੇ ਬੀਬੀਸੀ ਪੱਤਰਕਾਰ ਜਾਹਨਵੀ ਮੂਲੇ ਦਾ ਇਹ ਲੇਖ। ਇਹ ਲੇਖ ਅਸੀਂ ਪਿਛਲੇ ਸਾਲ ਪ੍ਰਕਾਸ਼ਿਤ ਕੀਤਾ ਸੀ ਜਿਸ ਨੂੰ ਅਸੀਂ ਮੁੜ ਹੁਬਹੂ ਪ੍ਰਕਾਸ਼ਿਤ ਕਰ ਰਹੇ ਹਾਂ।)
ਵਿਰਾਟ ਦਾ ਨਾਂ ਤੁਸੀਂ ਭਾਰਤੀ ਟੀਮਾਂ ਦੇ ਮੈਚਾਂ ਦੌਰਾਨ ਤਕਰੀਬਨ ਹਰ ਜਰਸੀ ‘ਤੇ ਦੇਖਿਆ ਹੋਵੇਗਾ।
ਵਿਸ਼ਵ ਕੱਪ 2023 ਦੇ ਮੈਚ ਲਈ ਸਟੇਡੀਅਮ ਵਿੱਚ ਮੌਜੂਦ ਜ਼ਿਆਦਾਤਰ ਪ੍ਰਸ਼ੰਸਕਾਂ ਦੀ ਨੀਲੀ ਜਰਸੀ ‘ਤੇ ਨੰਬਰ 18 ਦੇਖਿਆ ਜਾ ਸਕਦਾ ਹੈ।
ਭਾਰਤੀ ਕ੍ਰਿਕੇਟ ਦੀ ਦੁਨੀਆਂ ‘ਚ ਵਿਰਾਟ ਕੋਹਲੀ ਦੀ ਕੀਮਤ ਨੂੰ ਸਮਝਣ ਲਈ ਇਹ ਦੇਖਣਾ ਕਾਫੀ ਹੈ।
ਇੰਨਾ ਪਿਆਰ ਅਤੇ ਇੰਨੀ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹੋਣ ਹਰ ਕੋਈ ਇਸ ਕਦਰ ਖੁਸ਼ਕਿਸਮਤ ਨਹੀਂ ਹੁੰਦਾ। ਸਚਿਨ ਤੇਂਦੁਲਕਰ ਦੇ ਆਉਂਦਿਆਂ ਹੀ ਤਾੜੀਆਂ ਨਾਲ ਸਟੇਡੀਅਮ ਗੂੰਜ ਉੱਠਦੇ ਸਨ, ਲੋਕ ਤੇਂਦੁਲਕਰ ਦੇ ਦੀਵਾਨੇ ਸਨ।
ਹੁਣ ਲੱਗਦਾ ਹੈ ਕਿ ਵਿਰਾਟ ਨੇ ਸਚਿਨ ਦੀ ਵਿਰਾਸਤ ਨੂੰ ਅੱਗੇ ਤੋਰਿਆ ਹੈ।
ਸਚਿਨ ਤੇਂਦੁਲਕਰ ਨੇ ਖ਼ੁਦ ਮਾਰਚ 2012 ਵਿੱਚ ਭਵਿੱਖਬਾਣੀ ਕੀਤੀ ਸੀ ਕਿ ਵਿਰਾਟ ਰੀਤ ਅੱਗੇ ਤੋਰਨਗੇ।
ਕੌਮਾਂਤਰੀ ਕ੍ਰਿਕੇਟ ‘ਚ ਸਚਿਨ ਦੇ 100ਵੇਂ ਸੈਂਕੜੇ ਦੇ ਸਨਮਾਨ ‘ਚ ਉਦਯੋਗਪਤੀ ਮੁਕੇਸ਼ ਅੰਬਾਨੀ ਵੱਲੋਂ ਆਯੋਜਿਤ ਇਹ ਇੱਕ ਖ਼ਾਸ ਸਮਾਗਮ ਸੀ।

ਤਸਵੀਰ ਸਰੋਤ, Getty Images
ਮਸ਼ਹੂਰ ਅਦਾਕਾਰ ਸਲਮਾਨ ਖਾਨ ਨੇ ਸਚਿਨ ਨੂੰ ਸਵਾਲ ਕੀਤਾ ਸੀ, “ਤੁਹਾਡੇ ਸੈਂਕੜੇ ਦੇ ਰਿਕਾਰਡ ਨੂੰ ਕੌਣ ਪਾਰ ਕਰੇਗਾ?”
ਇਸ ਦੇ ਜਵਾਬ ‘ਚ ਸਚਿਨ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦਾ ਨਾਂ ਲਿਆ ਸੀ। ਉਸ ਵੇਲੇ ਇਸ ਜਵਾਬ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ ਸੀ।
ਹਾਲਾਂਕਿ, ਪਿਛਲੇ ਇੱਕ ਦਹਾਕੇ ਵਿੱਚ, ਵਿਰਾਟ ਨੇ ਸੱਚਮੁੱਚ ਇਹ ਉਪਲੱਬਧੀ ਹਾਸਲ ਕੀਤੀ ਹੈ ਅਤੇ ਸਚਿਨ ਦੇ ਸੈਂਕੜੇ ਦੇ ਰਿਕਾਰਡ ਨੂੰ ਪਿੱਛੇ ਛੱਡਣ ਦੇ ਬਹੁਤ ਨੇੜੇ ਹਨ।
ਇੱਕ ਸਮੇਂ, ਉਨ੍ਹਾਂ ਹਮਲਾਵਰ ਰਵੱਈਏ ਲਈ ‘ਬਿਗੜਾ ਹੁਆ ਬੇਟਾ’ ਕਿਹਾ ਜਾਂਦਾ ਸੀ, ਪਰ ਵਿਰਾਟ ਹੁਣ ਸਿਰਫ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਹੀ ਨਹੀਂ , ਬਲਕਿ ਵਿਸ਼ਵ ਭਰ ਵਿੱਚ ਆਪਣੇ ਲਈ ਇੱਕ ਵਿਲੱਖਣ ਥਾਂ ਬਣਾ ਚੁੱਕੇ ਹਨ।

ਤਸਵੀਰ ਸਰੋਤ, Getty Images
ਕ੍ਰਿਕਟ ਅੰਬੈਸਡਰ
ਕੌਮਾਂਤਰੀ ਓਲੰਪਿਕ ਕਮੇਟੀ ਦੀ ਮੁੰਬਈ ‘ਚ ਹੋਈ ਬੈਠਕ ‘ਚ 2028 ਦੇ ਲਾਸ ਏਂਜਲਸ ਓਲੰਪਿਕ ‘ਚ ਕ੍ਰਿਕਟ ਨੂੰ ਸ਼ਾਮਲ ਕਰਨ ਦਾ ਇਤਿਹਾਸਕ ਫ਼ੈਸਲਾ ਲਿਆ ਗਿਆ ਅਤੇ ਇਸ ਫ਼ੈਸਲੇ ਦਾ ਸਮਰਥਨ ਕਰਨ ਲਈ ਵਿਰਾਟ ਦੀ ਉਦਾਹਰਨ ਦਿੱਤੀ ਗਈ।
ਸਾਬਕਾ ਓਲੰਪੀਅਨ ਅਤੇ 2028 ਓਲੰਪਿਕ-ਪੈਰਾ ਉਲੰਪਿਕ ਦੇ ਖੇਡ ਨਿਰਦੇਸ਼ਕ ਨਿਕੋਲੋ ਕੈਮਪ੍ਰਿਆਨੀ ਨੇ ਕ੍ਰਿਕਟ ਦੀ ਗੱਲ ਕਰਦੇ ਹੋਏ ਖੇਡ ਦੀ ਪ੍ਰਸਿੱਧੀ ਬਾਰੇ ਇਹ ਕਹਿਣਾ ਸੀ, “ਅੱਜ, ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਤੀਜੇ ਸਭ ਤੋਂ ਮਸ਼ਹੂਰ ਐਥਲੀਟ ਹਨ। ਉਨ੍ਹਾਂ ਦੇ ਤਕਰੀਬਨ 34 ਕਰੋੜ ਫਾਲੋਅਰਜ਼ ਹਨ।”
ਇਸ ਤਰ੍ਹਾਂ ‘ਬ੍ਰਾਂਡ ਕੋਹਲੀ’ ਦਾ ਕ੍ਰਿਕੇਟ ਜਗਤ ਨੂੰ ਵੀ ਫ਼ਾਇਦਾ ਹੋ ਰਿਹਾ ਹੈ। ਪਰ ਇਹ ਸਫਲਤਾ ਪ੍ਰਾਪਤ ਕਰਨਾ ਇੰਨਾ ਸੌਖਾ ਨਹੀਂ ਸੀ।
ਉਨ੍ਹਾਂ ਨੂੰ ਇਸ ਸਫ਼ਰ ਵਿੱਚ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ।
ਸਖ਼ਤ ਮਿਹਨਤ, ਉੱਚ ਉਮੀਦਾਂ ਦਾ ਦਬਾਅ, ਨਿਰੰਤਰ ਪ੍ਰਦਰਸ਼ਨ ਲਈ ਦਬਾਅ ਅਤੇ ਬੇਸ਼ੱਕ ਮਾਨਸਿਕ ਮਜ਼ਬੂਤੀ ਸਭ ਕੁਝ ਉਨ੍ਹਾਂ ਦੇ ਸਫ਼ਰ ਦਾ ਹਿੱਸਾ ਸੀ।

ਤਸਵੀਰ ਸਰੋਤ, Getty Images
ਜਦੋਂ ਵਿਰਾਟ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਵੀ ਖੇਡੇ
ਵਿਰਾਟ ਕੋਹਲੀ ਦੀ ਮਾਨਸਿਕ ਮਜ਼ਬੂਤੀ 2006 ਵਿੱਚ ਜ਼ਾਹਰ ਹੋ ਗਈ ਸੀ।
ਵਿਰਾਟ ਦੇ ਪਿਤਾ ਪ੍ਰੇਮ ਕੋਹਲੀ ਨੂੰ ਦਿਲ ਦਾ ਦੌਰਾ ਪਿਆ ਸੀ। ਉਸ ਸਮੇਂ ਉਹ ਮੰਜੇ ‘ਤੇ ਸੀ। ਵਿਰਾਟ ਦੀ ਉਮਰ ਸਿਰਫ 17 ਸਾਲ ਸੀ ਅਤੇ ਉਹ ਉਦੋਂ ਦਿੱਲੀ ਟੀਮ ਲਈ ਰਣਜੀ ਕ੍ਰਿਕਟ ਖੇਡ ਰਹੇ ਸਨ।
ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ‘ਚ ਕਰਨਾਟਕ ਦੇ ਖ਼ਿਲਾਫ਼ ਰਣਜੀ ਮੈਚ ‘ਚ ਵਿਰਾਟ ਦੂਜੇ ਦਿਨ ਦੇ ਅੰਤ ਤੱਕ ਨਾਟ ਆਊਟ ਰਹੇ।
ਦੇਰ ਰਾਤ ਪ੍ਰੇਮ ਕੋਹਲੀ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ ਅਤੇ ਅਚਾਨਕ ਤੜਕੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸਵੇਰੇ ਕਰੀਬ 2 ਵਜੇ ਵਿਰਾਟ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ।
ਵਿਰਾਟ ਲਈ ਇਹ ਇੱਕ ਵੱਡਾ ਝਟਕਾ ਸੀ ਕਿਉਂਕਿ ਪਿਤਾ ਨੇ ਵੀ ਉਨ੍ਹਾਂ ਦੇ ਕ੍ਰਿਕਟ ਸਫ਼ਰ ਵਿੱਚ ਅਹਿਮ ਯੋਗਦਾਨ ਪਾਇਆ ਸੀ।
ਅਚਾਨਕ, ਉਹ ਚਲੇ ਗਏ ਅਤੇ ਵਿਰਾਟ ਅਲਵਿਦਾ ਕਹਿਣ ਲਈ ਵੀ ਉਤੇ ਮੌਜੂਦ ਨਹੀਂ ਸਨ। ਪਰ ਉਹ ਮਜ਼ਬੂਤ ਰਹੇ। ਰਿਸ਼ਤੇਦਾਰ ਆਉਣ ਲੱਗੇ ਪਰ ਉਹ ਰੋਏ ਤੱਕ ਨਹੀਂ ਸਨ।
ਸਵੇਰੇ ਉਨ੍ਹਾਂ ਨੇ ਦਿੱਲੀ ਦੇ ਕੋਚ ਚੇਤਨ ਸ਼ਰਮਾ ਨੂੰ ਫ਼ੋਨ ਕੀਤਾ, ਜੋ ਵਾਪਰਿਆ ਉਸ ਦੀ ਖ਼ਬਰ ਸਾਂਝੀ ਕੀਤੀ ਅਤੇ ਆਪਣੀ ਪਾਰੀ ਨੂੰ ਪੂਰਾ ਕਰਨ ਦੀ ਇੱਛਾ ਦੱਸੀ।
ਉਹ ਸਟੇਡੀਅਮ ਗਏ। ਵਿਰਾਟ ਜਦੋਂ ਉੱਥੇ ਆਪਣੇ ਸਾਥੀਆਂ ਨੂੰ ਮਿਲੇ ਤਾਂ ਰੋ ਪਏ।
ਪਰ ਉਹ ਫਿਰ ਤੋਂ ਆਪਣੇ ਹੰਝੂ ਪੂੰਝ ਕੇ ਮੈਦਾਨ ਵੱਲ ਤੁਰ ਪਏ। ਉਸ ਦਿਨ ਉਨ੍ਹਾਂ ਨੇ 90 ਦੌੜਾਂ ਬਣਾਈਆਂ।
ਉਸ ਔਖੇ ਸਮੇਂ ‘ਚ ਵਿਰਾਟ ਦੇ ਸ਼ਾਨਦਾਰ ਸੰਜਮ ਅਤੇ ਸਮਰਪਣ ਨੇ ਉਨ੍ਹਾਂ ਦੇ ਮੁਕਾਬਲੇਬਾਜ਼ਾਂ ਨੂੰ ਵੀ ਹੈਰਾਨ ਕਰ ਦਿੱਤਾ।
ਉਹ ਆਪਣੀ ਪਾਰੀ ਖ਼ਤਮ ਕਰਕੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਚਲੇ ਗਏ।
ਵਿਰਾਟ ਦੀ ਮਾਂ ਸਰੋਜ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ,“ਉਸ ਰਾਤ ਵਿਰਾਟ ਅਚਾਨਕ ਸਿਆਣਾ ਹੋ ਗਿਆ ਸੀ।”
ਉਨ੍ਹਾਂ ਨੂੰ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਵੱਡੇ ਭਰਾ ਵਿਕਾਸ ਦੇ ਨਾਲ ਚੁੱਕਣੀਆਂ ਪਈਆਂ। ਉਸ ਤੋਂ ਬਾਅਦ ਵਿਰਾਟ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਤਸਵੀਰ ਸਰੋਤ, Getty Images
ਵਿਰਾਟ ਦਾ ਨਾਂ ‘ਚੀਕੂ’ ਕਿਵੇਂ ਪਿਆ
ਇੱਕ ਵਾਰ, ਭਾਰਤ-ਇੰਗਲੈਂਡ ਦੇ ਮੈਚ ਸੀ, ਵਿਕਟਕੀਪਿੰਗ ਦੌਰਾਨ ਮਹਿੰਦਰ ਸਿੰਘ ਧੋਨੀ ਨੇ ਖ਼ੁਸ਼ ਹੁੰਦਿਆਂ ਵਿਰਾਟ ਕੋਹਲੀ ਨੂੰ ਪਿਆਰ ਨਾਲ ਮੈਦਾਨ ਵਿੱਚ ਹੀ ‘ਚੀਕੂ’ ਕਹਿ ਕੇ ਪੁਕਾਰਿਆ। ਇਸ ਤੋਂ ਬਾਅਦ ਉਹ ਦੁਨੀਆਂ ਲਈ ਵੀ ‘ਚੀਕੂ’ ਬਣ ਗਏ।
ਕ੍ਰਿਕੇਟ ਜਗਤ ਦੇ ‘ਐਂਗਰੀ ਯੰਗ ਮੈਨ’ ਨੂੰ ਉਪਨਾਮ ਮਿਲਿਆ ਹੈ।
ਪਰ ਵਿਰਾਟ ਨੂੰ ਇਹ ਨਾਮ ਕਿਵੇਂ ਅਤੇ ਕਦੋਂ ਮਿਲਿਆ?
ਵਿਰਾਟ ਨੇ ਖ਼ੁਦ ਕੇਵਿਨ ਪੀਟਰਸਨ ਨਾਲ ਇੰਸਟਾਗ੍ਰਾਮ ਲਾਈਵ ਸੈਸ਼ਨ ਦੌਰਾਨ ਇਸ ਬਾਰੇ ਕੁਝ ਜਾਣਕਾਰੀ ਸਾਂਝੀ ਕੀਤੀ ਸੀ।
ਜਦੋਂ ਵਿਰਾਟ ਨੇ ਬਹੁਤ ਛੋਟੀ ਉਮਰ ਵਿੱਚ ਦਿੱਲੀ ਲਈ ਰਣਜੀ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ, ਤਾਂ ਉਨ੍ਹਾਂ ਨੂੰ ਆਪਣੇ ਹੇਅਰ ਸਟਾਈਲ ਦਾ ਬਹੁਤ ਧਿਆਨ ਰੱਖਣਾ ਪੈਂਦਾ ਸੀ।
ਉਹ ਆਪਣੇ ਵਾਲਾਂ ਨੂੰ ਬਹੁਤ ਛੋਟਾ ਰੱਖਦੇ ਸਨ।
ਉਸ ਸਮੇਂ, ਉਸ ਦੀਆਂ ਗੱਲ੍ਹਾਂ ਵੀ ਕਿਸੇ ਬੱਚੇ ਦੀਆਂ ਗੱਲ੍ਹਾਂ ਵਰਗੀਆਂ ਗੋਲ ਹੁੰਦੀਆਂ ਸਨ, ਜਿਸ ਕਾਰਨ ਉਹ ਸਭ ਵਿੱਚ ਖੜੇ ਮਾਸੂਮ ਤੇ ਪਿਆਰੇ ਨਜ਼ਰ ਆਉਂਦੇ ਸਨ।
ਉਨ੍ਹਾਂ ਨੂੰ ਦੇਖਦੇ ਹੋਏ, ਦਿੱਲੀ ਦੀ ਟੀਮ ਦੇ ਕੋਚਾਂ ਵਿੱਚੋਂ ਇੱਕ ਨੇ, ਬੱਚਿਆਂ ਦੀ ਮਸ਼ਹੂਰ ਕਾਮਿਕ ਬੁੱਕ ‘ਚੰਪਕ’ ਵਿੱਚੋਂ ਚੀਕੂ ਨਾਮ ਦੇ ਖਰਗੋਸ਼ ਦੇ ਇੱਕ ਕਿਰਦਾਰ ਨੂੰ ਯਾਦ ਕਰਾਇਆ।
ਉਹ ਖ਼ੁਦ ਵੀ ਵਿਰਾਟ ਨੂੰ ਚੀਕੂ ਕਹਿ ਕੇ ਬੁਲਾਉਂਦੇ ਸਨ।

ਤਸਵੀਰ ਸਰੋਤ, Getty Images
ਅੰਡਰ-19 ਵਿਸ਼ਵ ਕੱਪ ‘ਚ ਜਿੱਤ ਅਤੇ ਟੀਮ ਇੰਡੀਆ ‘ਚ ਐਂਟਰੀ
ਫ਼ਰਵਰੀ 2008 ਵਿੱਚ, ਭਾਰਤ ਨੇ ਵਿਰਾਟ ਕੋਹਲੀ ਦੀ ਅਗਵਾਈ ਕਰਦੇ ਹੋਏ, ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਆਯੋਜਿਤ ਹੋਇਆ ਅੰਡਰ-19 ਵਿਸ਼ਵ ਕੱਪ ਜਿੱਤਿਆ।
ਇੱਥੋਂ ਤੱਕ ਕਿ ਇੱਕ ਅੰਡਰ-19 ਕ੍ਰਿਕਟ ਖਿਡਾਰੀ ਦੇ ਰੂਪ ਵਿੱਚ, ਵਿਰਾਟ ਨੇ ਖੇਡ ਪ੍ਰਤੀ ਆਪਣੀ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕੀਤਾ।
ਅਗਲੇ ਛੇ ਮਹੀਨਿਆਂ ਦੇ ਅੰਦਰ ਉਨ੍ਹਾਂ ਨੇ ਦੇਸ਼ ਦੀ ਕੌਮਾਂਤਰੀ ਕ੍ਰਿਕੇਟ ਟੀਮ ਵਿੱਚ ਆਪਣੀ ਥਾਂ ਬਣਾ ਲਈ।
2008 ‘ਚ ਸ਼੍ਰੀਲੰਕਾ ਦੇ ਦੌਰੇ ਦੌਰਾਨ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਦੇ ਸੱਟ ਲੱਗਣ ਕਾਰਨ ਵਿਰਾਟ ਨੂੰ ਭਾਰਤੀ ਟੀਮ ‘ਚ ਜਗ੍ਹਾ ਮਿਲੀ ਸੀ।
ਉਨ੍ਹਾਂ ਨੇ ਇੱਕ ਰੋਜ਼ਾ ਕੌਮਾਂਤਰੀ ਸੀਰੀਜ਼ ਵਿੱਚ ਆਪਣੀ ਸ਼ੁਰੂਆਤ ਕੀਤੀ, ਜਿੱਥੇ ਉਨ੍ਹਾਂ ਨੇ ਅਰਧ ਸੈਂਕੜਾ ਬਣਾਇਆ।
2010 ਵਿੱਚ, ਹਰਾਰੇ ਵਿੱਚ ਜ਼ਿੰਬਾਬਵੇ ਦੇ ਖ਼ਿਲਾਫ਼ ਮੈਚ ਦੇ ਨਾਲ, ਵਿਰਾਟ ਨੂੰ ਟੀ-20 ਟੀਮ ਵਿੱਚ ਚੁਣਿਆ ਗਿਆ ਸੀ।
2011 ਵਿੱਚ, ਉਨ੍ਹਾਂ ਨੇ ਵੈਸਟਇੰਡੀਜ਼ ਦੌਰੇ ਦੇ ਨਾਲ-ਨਾਲ ਟੈਸਟ ਕ੍ਰਿਕਟ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ।
ਵਿਰਾਟ ਲੀਗ ਦੇ ਸ਼ੁਰੂਆਤੀ ਸੀਜ਼ਨ ਤੋਂ ਹੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਟੀਮ ਦਾ ਹਿੱਸਾ ਸਨ।

ਤਸਵੀਰ ਸਰੋਤ, Getty Images
ਵਿਰਾਟ ਦੀ ਖੇਡ ਵਿੱਚ ਨਿਰੰਤਰਤਾ ਅਤੇ ਦੌੜਾਂ ਬਣਾਉਣ ਦੇ ਜਨੂੰਨ ਨੇ ਉਨ੍ਹਾਂ ਨੂੰ ਸਚਿਨ ਤੇਂਦੁਲਕਰ ਦੇ ਬਰਾਬਰ ਲਿਆ ਖੜਾ ਕੀਤਾ।
ਵਿਰਾਟ ਨੂੰ ਅਕਸਰ ਵਿਸ਼ਵ ਕ੍ਰਿਕਟ ਵਿੱਚ ਅਗਲੇ ‘ਸਚਿਨ’ ਵਜੋਂ ਦੇਖਿਆ ਜਾਂਦਾ ਹੈ।
ਵਿਰਾਟ ਨੇ ਕਦੀ ਵੀ ਉੱਚੀਆਂ ਉਮੀਦਾਂ ਦਾ ਦਬਾਅ ਨਹੀਂ ਲਿਆ। ਬਲਕਿ ਉਨ੍ਹਾਂ ਨੇ ਖ਼ੁਦ ਸਚਿਨ ਤੇਂਦੁਲਕਰ ਤੋਂ ਮਾਰਗਦਰਸ਼ਨ ਪ੍ਰਾਪਤ ਕੀਤਾ।
ਉਨ੍ਹਾਂ ਨੇ ਹੀ 2011 ਦੇ ਵਿਸ਼ਵ ਕੱਪ ਫ਼ਾਈਨਲ ਜਿੱਤਣ ਤੋਂ ਬਾਅਦ ਸਚਿਨ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਇੱਕ ਸਟੇਡੀਅਮ ਦਾ ਇੱਕ ਗੇੜਾ ਮਾਰਿਆ ਸੀ।
ਵਿਰਾਟ ਦੀ ਅਖੰਡ ਬਿਰਤੀ ਅਤੇ ਅਤੇ ਦ੍ਰਿੜ ਇਰਾਦੇ ਨੇ ਉਨ੍ਹਾਂ ਨੂੰ ਉੱਚਾਈਆਂ ’ਤੇ ਪਹੁੰਚਾਇਆ।
ਆਸਟਰੇਲੀਆ ਵਿੱਚ 2011-12 ਦੀ ਲੜੀ, ਹਾਲਾਂਕਿ ਟੀਮ ਇੰਡੀਆ ਇਸ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਹਾਰਿਆ ਪਰ ਵਿਰਾਟ ਲਈ ਕਮਾਲ ਦੀ ਰਹੀ ਸੀ, ਕਿਉਂਕਿ ਉਨ੍ਹਾਂ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਜੜਿਆ, ਜੋ ਉਨ੍ਹਾਂ ਦੇ ਕਰੀਅਰ ਵਿੱਚ ਇੱਕ ਪੜਾਅ ਸਾਬਿਤ ਹੋਇਆ ਸੀ।
ਜਦੋਂ ਉਨ੍ਹਾਂ ਦੇ ਸਾਥੀ ਬੱਲੇਬਾਜ਼ ਇੱਕ-ਇੱਕ ਕਰਕੇ ਆਪਣੀਆਂ ਵਿਕਟਾਂ ਗੁਆ ਰਹੇ ਸਨ ਤਾਂ ਵਿਰਾਟ ਮੈਦਾਨ ‘ਤੇ ਡਟੇ ਰਹੇ ਅਤੇ ਆਪਣੇ ਖਾਸ ਸ਼ਾਟ ਖੇਡਦੇ ਹੋਏ ਉਨ੍ਹਾਂ ਨੇ ਸੈਂਕੜਾ ਮਾਰਿਆ।
ਤੇਂਦੁਲਕਰ, ਦ੍ਰਾਵਿੜ ਅਤੇ ਗੌਤਮ ਗੰਭੀਰ ਵਰਗੇ ਵੱਡੇ ਖਿਡਾਰੀ ਵੀ ਉਸ ਦਿਨ ਕੋਈ ਖ਼ਾਸ ਖੇਡ ਨਹੀਂ ਸਨ ਦਿਖਾ ਸਕੇ।
ਇਸ ਸੈਂਕੜੇ ਨਾਲ ਭਾਰਤੀ ਕ੍ਰਿਕੇਟ ‘ਚ ‘ਵਿਰਾਟ ਯੁੱਗ’ ਦੀ ਆਗਾਜ਼ ਦਾ ਐਲਾਨ ਹੋਇਆ।

ਤਸਵੀਰ ਸਰੋਤ, Getty Images
ਨਵੀਂ ਪੀੜ੍ਹੀ ਦੇ ਹਮਲਾਵਰ ਖਿਡਾਰੀ
2011-12 ਵਿੱਚ ਭਾਰਤ ਦੇ ਆਸਟਰੇਲੀਆ ਦੌਰੇ ਦੌਰਾਨ ਵਿਰਾਟ ਕੋਹਲੀ ਦਾ ਹਮਲਾਵਰ ਅਤੇ ਬੜਬੋਲ਼ਾ ਸੁਭਾਅ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਉਹ ਆਸਟ੍ਰੇਲੀਆਈ ਖਿਡਾਰੀਆਂ ਦੇ ਗਲਤ ਵਿਵਹਾਰ ਤੋਂ ਪਿੱਛੇ ਨਹੀਂ ਹਟੇ ਅਤੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਪ੍ਰਤੀ ਕੀਤੇ ਗਲਤ ਵਿਵਹਾਰ ਨੂੰ ਵੀ ਹਮਲਾਵਰ ਤਰੀਕੇ ਨਾਲ ਸੰਭਾਲਿਆ।
ਆਸਟ੍ਰੇਲੀਆ ਦੇ ਨਾਮੀ ਹਮਲਾਵਰ ਖਿਡਾਰੀਆਂ ਦਾ ਸਾਹਮਣਾ ਕਰਦੇ ਹੋਏ ਵੀ ਵਿਰਾਟ ਅਡੋਲ ਰਹੇ।
ਉਹ ਨਵੀਂ ਪੀੜ੍ਹੀ ਦੇ ਨਿਡਰ ਭਾਰਤੀ ਖਿਡਾਰੀ ਆਸਟ੍ਰੇਲੀਆ ਦੀ ਅਗਲੀ ਕ੍ਰਿਕਟ ਸੀਰੀਜ਼ ’ਚ ਨਜ਼ਰ ਆਏ।
2014-15 ਦੇ ਦੌਰੇ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ, ਜਿੱਥੇ ਵਿਰਾਟ ਮੈਦਾਨ ਵਿੱਚ ਮਿਸ਼ੇਲ ਜਾਨਸਨ ਨਾਲ ਭਿੜ ਗਏ, ਜਿਸ ਦੇ ਬਾਅਦ ਅੰਪਾਇਰ ਨੂੰ ਦਖਲ ਦੇਣਾ ਪਿਆ।
ਕਈਆਂ ਲਈ ਇਹ ਭਾਰਤੀ ਕ੍ਰਿਕਟ ਦਾ ਨਵਾਂ ਚਿਹਰਾ ਸੀ।
ਭਾਰਤੀ ਕ੍ਰਿਕੇਟਰਾਂ ਦੀ ਨਵੀਂ ਪੀੜ੍ਹੀ ਦੁਆਰਾ ਲਿਆਂਦੀ ਗਈ ਇੱਕ ਤਾਜ਼ਾ ਤਬਦੀਲੀ ਸੀ।
ਦਰਅਸਲ ਅੰਤਰਰਾਸ਼ਟਰੀ ਕ੍ਰਿਕਟ ਦੀ ਤਬਦੀਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਅਤੇ ਟਵੰਟੀ-20 ਕ੍ਰਿਕਟ ਫਾਰਮੈਟ ਦੀ ਸ਼ੁਰੂਆਤ ਦੇ ਨਾਲ ਸਪੱਸ਼ਟ ਹੋ ਗਈ ਸੀ, ਜੋ ਅੰਤਰਰਾਸ਼ਟਰੀ ਕ੍ਰਿਕਟ ਮੁਜ਼ਾਹਰੇ ਵਿੱਚ ਵਿਰਾਟ ਕ੍ਰਿਕੇਟ ਦੇ ਪ੍ਰਵੇਸ਼ ਦੇ ਨਾਲ ਮੇਲ ਖਾਂਦਾ ਸੀ।
ਵਿਰਾਟ ਨਾ ਸਿਰਫ਼ ਭਾਰਤੀ ਕ੍ਰਿਕੇਟ ਦੇ ਪ੍ਰਤੀਨਿਧ ਬਣੇ, ਸਗੋਂ ਉਨ੍ਹਾਂ ਨੇ ਦੇਸ਼ ਦੀ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਵੀ ਕੀਤੀ, ਜੋ ਆਪਣੇ ਆਤਮ-ਵਿਸ਼ਵਾਸ ਦੇ ਨਾਲ ਉਸ ਵਾਂਗ ਉੱਚੇ ਸੁਪਨੇ ਦੇਖ ਰਹੀ ਸੀ।
ਉਨ੍ਹਾਂ ਦੇ ਹਮਲਾਵਰ ਅਤੇ ਕਈ ਵਾਰ ਸਖ਼ਤ ਸੁਭਾਅ ਨੇ ਉਨ੍ਹਾਂ ਨੂੰ ਕਈ ਮੌਕਿਆਂ ‘ਤੇ ਸੁਰਖੀਆਂ ਵਿੱਚ ਲਿਆ ਦਿੱਤਾ।
ਉਸ ਸਮੇਂ ਕਈ ਲੋਕਾਂ ਨੂੰ ਉਨ੍ਹਾਂ ਦਾ ਅੱਖੜ ਅਤੇ ਹੰਕਾਰੀ ਵਿਵਹਾਰ ਪਸੰਦ ਨਹੀਂ ਆਇਆ।
ਪਰ ‘‘ਸਖ਼ਤ ਮਿਹਨਤ ਨਾਲ ਖੇਡਣ’’ ਦੀ ਉਨ੍ਹਾਂ ਦੀ ਮਜ਼ਬੂਤ ਵਚਨਬੱਧਤਾ ਨੂੰ ਨਾ ਸਿਰਫ਼ ਨੌਜਵਾਨ ਭਾਰਤੀ ਪ੍ਰਸ਼ੰਸਕਾਂ ਨੇ ਪਸੰਦ ਕੀਤਾ, ਬਲਕਿ ਦੁਨੀਆ ਭਰ ਦੇ ਨੌਜਵਾਨਾਂ ਨੂੰ ਵੀ ਇਸ ਦੀ ਧਮਕ ਮਹਿਸੂਸ ਹੋਈ।

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ ਵਿਰਾਟ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਲਈ ਅਕਸਰ ਤਤਕਾਲੀ ਕਪਤਾਨ ਐੱਮਐੱਸ ਧੋਨੀ ਸਮੇਤ ਉਨ੍ਹਾਂ ਦੇ ਸਾਥੀ ਖਿਡਾਰੀਆਂ ਦੁਆਰਾ ਪ੍ਰਸੰਸਾ ਮਿਲਦੀ ਹੈ।
ਵਿਰਾਟ ਕੋਹਲੀ ਦੀ ਕਾਰਜਸ਼ੈਲੀ ਅਤੇ ਨਿਮਰਤਾ ਦੀ ਅਕਸਰ ਮਹਿੰਦਰ ਸਿੰਘ ਧੋਨੀ ਅਤੇ ਹੋਰਾਂ ਸਮੇਤ ਉਨ੍ਹਾਂ ਦੇ ਸਾਥੀ ਖਿਡਾਰੀਆਂ ਦੁਆਰਾ ਪ੍ਰਸ਼ੰਸਾ ਕੀਤੀ ਜਾਂਦੀ ਹੈ।
ਸਖ਼ਤ ਮਿਹਨਤ ਪ੍ਰਤੀ ਉਨ੍ਹਾਂ ਦਾ ਸਮਰਪਣ ਅਤੇ ‘‘ਸਖ਼ਤ ਮਿਹਨਤ ਨਾਲ ਖੇਡਣ’’ ਦੇ ਰਵੱਈਏ ਨੇ ਆਸਟ੍ਰੇਲੀਆਈ ਕ੍ਰਿਕਟ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਨਾਲ ਹੀ ਆਸਟ੍ਰੇਲੀਆਈ ਦੇ ਲੋਕਾਂ ਵਿੱਚ ਉਨ੍ਹਾਂ ਦੀ ਹਰਮਨਪਿਆਰਤਾ ਵੀ ਵਧ ਗਈ
ਉਨ੍ਹਾਂ ਦੇ ਪ੍ਰਸੰਸਕ ਭਾਰਤ ਦੀਆਂ ਸਰਹੱਦਾਂ ਤੋਂ ਪਰੇ ਤੱਕ ਫੈਲ ਗਏ, ਇੱਥੋਂ ਤੱਕ ਕਿ ਕੁਝ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਵੀ ਇੱਛਾ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਬੱਚੇ ਵਿਰਾਟ ਦੇ ਦ੍ਰਿੜ ਇਰਾਦੇ ਅਤੇ ਖੇਡ ਸ਼ੈਲੀ ਦੀ ਨਕਲ ਕਰਨ।
ਪ੍ਰਸ਼ੰਸਕਾਂ ਨੂੰ ਵੈਸਟ ਇੰਡੀਜ਼ ਦੌਰੇ ਦਾ ਇੱਕ ਵੀਡੀਓ ਜ਼ਰੂਰ ਯਾਦ ਹੋਵੇਗਾ।
ਜੁਲਾਈ 2023 ਵਿੱਚ ਟੀਮ ਇੰਡੀਆ ਦੇ ਤ੍ਰਿਨੀਦਾਦ ਦੌਰੇ ਦੌਰਾਨ ਵੈਸਟਇੰਡੀਜ਼ ਦੇ ਵਿਕਟਕੀਪਰ ਜੋਸ਼ੂਆ ਡੀ ਸਿਲਵਾ ਦੀ ਮਾਂ ਵਿਰਾਟ ਨੂੰ ਮਿਲੀ ਸੀ।

ਤਸਵੀਰ ਸਰੋਤ, Getty Images
ਚੇਜ਼ ਮਾਸਟਰ
ਵਿਰਾਟ ਨੂੰ ਕ੍ਰਿਕਟ ਖੇਡਦੇ ਦੇਖਣਾ, ਖਾਸ ਤੌਰ ‘ਤੇ ਉਨ੍ਹਾਂ ਦੇ ਕਵਰ ਡਰਾਈਵ ਨੂੰ ਦੇਖਣਾ, ਪ੍ਰਸ਼ੰਸਕਾਂ ਲਈ ਖੁਸ਼ੀ ਦੀ ਗੱਲ ਹੈ, ਖਾਸ ਤੌਰ ‘ਤੇ ਜਦੋਂ ਉਹ ਆਪਣੇ ਗਰਾਉਂਡ ਸਟ੍ਰੋਕ ਲਗਾਉਂਦੇ ਹਨ।
ਇੱਥੋਂ ਤੱਕ ਕਿ ਆਊਟਸਵਿੰਗ ਜਾਂ ਆਫ-ਸਟੰਪ ਤੋਂ ਬਾਹਰ ਜਾਣ ਵਾਲੀਆਂ ਗੇਂਦਾਂ ਦਾ ਸਾਹਮਣਾ ਕਰਦੇ ਸਮੇਂ ਵੀ ਉਹ ਅਕਸਰ ਗੈਪ ਲੱਭ ਲੈਂਦੇ ਹਨ। ਜਦੋਂ ਵਿਰਾਟ ਦੌੜਾਂ ਦਾ ਪਿੱਛਾ ਕਰਨ ਲਈ ਮੈਦਾਨ ’ਤੇ ਉਤਰਦੇ ਹਨ ਤਾਂ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ।
ਇੱਕ ਰੋਜ਼ਾ ਕ੍ਰਿਕੇਟ ਵਿੱਚ ‘ਰਨ ਚੇਜ਼’ ਦਾ ਮਤਲਬ ਹੈ , ਟੀਚੇ ਦਾ ਪਿੱਛਾ ਕਰਨ ਦੀ ਕਲਾ ਵਿੱਚ ਮੁਹਾਰਤ ਹਾਸਲ ਕਰਨਾ ਅਤੇ ਵਿਰਾਟ ਦਾ ਬੱਲਾ ਸ਼ਾਇਦ ਹੀ ਕਦੇ ਅਜਿਹਾ ਕਰਨ ਵਿੱਚ ਅਸਫ਼ਲ ਰਹਿੰਦਾ ਹੈ।
ਉਨ੍ਹਾਂ ਨੇ ਲਗਾਤਾਰ ਵਿਰੋਧੀ ਟੀਮ ਦਾ ਸਾਹਮਣਾ ਕਰਨ ਅਤੇ ਟੀਚੇ ਦਾ ਪਿੱਛਾ ਕਰਦੇ ਹੋਏ ਚੌਕੇ ਮਾਰ ਕੇ ਭਾਰਤ ਨੂੰ ਜਿੱਤ ਦਿਵਾਉਣ ਦੀ ਚੁਣੌਤੀ ਦਾ ਸਾਹਮਣਾ ਕੀਤਾ ਹੈ। ਇਸ ਲਈ ਵਿਰਾਟ ਨੇ ‘ਚੇਜ਼ ਮਾਸਟਰ’ ਦਾ ਖਿਤਾਬ ਹਾਸਲ ਕੀਤਾ ਹੈ।

ਤਸਵੀਰ ਸਰੋਤ, Getty Images
ਇੱਕ ਰੋਜ਼ਾ ਮੈਚਾਂ ਵਿੱਚ ਕਰੀਅਰ
ਦੁਨੀਆਂ ’ਚ ਜਿੱਥੇ ਵੀ ਖੇਡੇ, ਵਿਰਾਟ ਨੇ ਉੱਥੇ ਬੱਲੇਬਾਜ਼ੀ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ।
ਉਨ੍ਹਾਂ ਦੀਆਂ ਰਣਨੀਤੀਆਂ ਵਿੱਚ ਇਹ ਜਾਣਨਾ ਸ਼ਾਮਲ ਹੈ ਕਿ ਕਦੋਂ ਕਿਹੜਾ ਸ਼ਾਟ ਖੇਡਣਾ ਹੈ, ਸਕੋਰ ਬੋਰਡ ’ਤੇ ਸਾਂਝੇਦਾਰੀ ਬਣਾਉਣੀ ਹੈ ਜਾਂ ਹਮਲਾਵਰ ਗੇਂਦਬਾਜ਼ਾਂ ਦਾ ਮਜ਼ਬੂਤੀ ਨਾਲ ਸਾਹਮਣਾ ਕਰਨਾ ਹੈ।
ਪਿੱਚ ਅਤੇ ਸਥਿਤੀਆਂ ਦਾ ਅੰਦਾਜ਼ਾ ਲਗਾਉਣਾ ਅਤੇ ਲੋੜ ਅਨੁਸਾਰ ਰਣਨੀਤੀਆਂ ਨੂੰ ਬਦਲਣਾ ਉਨ੍ਹਾਂ ਦੀਆਂ ਰਣਨੀਤੀਆਂ ਵਿੱਚ ਸ਼ਾਮਲ ਹੈ। ਇਹ ਵਿਰਾਟ ਦੇ ਗੇਮਪਲੇਅ ਦੇ ਵਿਲੱਖਣ ਗੁਣ ਹਨ।
ਉਹ ਆਪਣੀ ਫਿਟਨੈੱਸ ਨੂੰ ਲੈ ਕੇ ਵੀ ਓਨੇ ਹੀ ਸੁਚੇਤ ਰਹਿੰਦੇ ਹਨ। 2018 ਵਿੱਚ ਸਿਹਤ ਸਮੱਸਿਆਵਾਂ ਦੇ ਕਾਰਨ ਵਿਰਾਟ ਨੇ ਸ਼ਾਕਾਹਾਰੀ ਬਣਨ ਦਾ ਫੈਸਲਾ ਕੀਤਾ, ਜਿਸ ਦਾ ਅਰਥ ਹੈ ਕਿ ਉਨ੍ਹਾਂ ਨੇ ਆਪਣੀ ਖੁਰਾਕ ਤੋਂ ਮੀਟ ਦੇ ਨਾਲ ਨਾਲ ਡੇਅਰੀ ਉਤਪਾਦਾਂ ਨੂੰ ਵੀ ਹਟਾ ਦਿੱਤਾ। ਉਹ ਆਪਣੀ ਖੁਰਾਕ ਅਤੇ ਕਸਰਤ ਨੂੰ ਲੈ ਕੇ ਸਖ਼ਤ ਹਨ।
ਉਨ੍ਹਾਂ ਦਾ ਆਤਮ ਵਿਸ਼ਵਾਸ, ਖੇਡ ਪ੍ਰਤੀ ਸਮਰਪਣ, ਫੋਕਸ, ਅਨੁਸ਼ਾਸਨ, ਇਕਾਗਰਤਾ ਅਤੇ ਸੰਜਮ ਉਨ੍ਹਾਂ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।
ਇਨ੍ਹਾਂ ਖੂਬੀਆਂ ਨੇ ਵਿਰਾਟ ਨੂੰ ਭਾਰਤੀ ਕ੍ਰਿਕੇਟ ਵਿੱਚ ਇੱਕ ਵਿਸ਼ੇਸ਼ ਸਥਾਨ ਦਿਵਾਇਆ ਅਤੇ ਉਨ੍ਹਾਂ ਨੇ ਧੋਨੀ ਦੇ ਸੰਨਿਆਸ ਤੋਂ ਬਾਅਦ ਕਪਤਾਨ ਦੀ ਵੀ ਜ਼ਿੰਮੇਵਾਰੀ ਨਿਭਾਈ ਹੈ।

ਤਸਵੀਰ ਸਰੋਤ, Getty Images
ਕਪਤਾਨੀ: ਕੰਡਿਆਂ ਦਾ ਤਾਜ
2014 ਵਿੱਚ ਆਸਟ੍ਰੇਲੀਆ ਦੇ ਦੌਰੇ ਦੌਰਾਨ ਵਿਰਾਟ ਕੋਹਲੀ ਨੂੰ ਅਚਾਨਕ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਸੌਂਪੀ ਗਈ ਸੀ ਜਦੋਂ ਤਤਕਾਲੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਉਂਗਲੀ ਵਿੱਚ ਸੱਟ ਲੱਗ ਗਈ ਸੀ, ਜੋ ਐਡੀਲੇਡ ਵਿੱਚ ਇੱਕ ਟੈਸਟ ਮੈਚ ਤੋਂ ਪਹਿਲਾਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੀ ਸੀ।
ਕੋਹਲੀ ਨੂੰ ਟੈਸਟ ਟੀਮ ਦੀ ਅਗਵਾਈ ਕਰਨ ਦਾ ਪਹਿਲਾ ਮੌਕਾ ਇਸ ਤਰ੍ਹਾਂ ਮਿਲਿਆ ਜਿਸ ਨੂੰ ਉਨ੍ਹਾਂ ਨੇ ਬਾਖੂਬੀ ਸਾਬਤ ਕੀਤਾ।
ਕਪਤਾਨ ਦੇ ਤੌਰ ’ਤੇ ਆਪਣੇ ਪਹਿਲੇ ਹੀ ਟੈਸਟ ’ਚ ਕੋਹਲੀ ਨੇ ਆਪਣੇ ਲੀਡਰਸ਼ਿਪ ਹੁਨਰ ਦਾ ਪ੍ਰਦਰਸ਼ਨ ਕੀਤਾ।
ਉਨ੍ਹਾਂ ਨੇ 2022 ਤੱਕ 68 ਟੈਸਟ ਮੈਚਾਂ ਵਿੱਚ ਭਾਰਤ ਦੀ ਅਗਵਾਈ ਕੀਤੀ ਹੈ। ਇਨ੍ਹਾਂ ਵਿੱਚੋਂ ਭਾਰਤ ਨੇ 40 ਮੈਚ ਜਿੱਤੇ ਜਦੋਂਕਿ 17 ਮੌਕਿਆਂ ’ਤੇ ਹਾਰ ਸਵੀਕਾਰ ਕੀਤੀ। ਟੈਸਟ ਵਿੱਚ ਕਪਤਾਨ ਦੇ ਰੂਪ ਵਿੱਚ ਉਨ੍ਹਾਂ ਦੀ ਜਿੱਤ ਦਰ 58.82% ਹੈ।
ਹਾਲਾਂਕਿ, ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਇੱਕ ਰੋਜ਼ਾ ਕ੍ਰਿਕੇਟ ਵਿੱਚ 95 ਮੈਚ ਖੇਡੇ ਜਿਨ੍ਹਾਂ ਵਿੱਚੋਂ 65 ਵਿੱਚ ਜਿੱਤ ਦਰਜ ਕੀਤੀ। ਇਸ ਵਿੱਚ ਭਾਰਤ ਵਿੱਚ 24 ਅਤੇ ਵਿਦੇਸ਼ ਵਿੱਚ 41, ਕੁੱਲ 65 ਜਿੱਤਾਂ ਸ਼ਾਮਲ ਹਨ। ਇੱਕ ਕਪਤਾਨ ਵਜੋਂ ਕੋਹਲੀ ਦੀ ਕੁੱਲ ਜਿੱਤ ਦਰ 68.42% ਹੈ।
ਟੀ-20 ਕ੍ਰਿਕੇਟ ਵਿੱਚ ਜਿੱਥੇ ਕੋਹਲੀ ਨੇ ਟੀਮ ਦੀ ਅਗਵਾਈ ਕੀਤੀ, ਭਾਰਤ ਨੇ 66 ਵਿੱਚੋਂ
50 ਮੈਚ ਜਿੱਤੇ, ਸਿਰਫ਼ 16 ਹਾਰੇ ਅਤੇ ਉਨ੍ਹਾਂ ਦੀ ਜਿੱਤ ਦਰ 64.58 ਹੈ।
ਹਾਲਾਂਕਿ ਵਿਰਾਟ ਆਈਸੀਸੀ ਮੈਚਾਂ ਵਿੱਚ ਇੱਕ ਕਪਤਾਨ ਦੇ ਤੌਰ ’ਤੇ ਜਿੱਤ ਹਾਸਲ ਨਹੀਂ ਕਰ ਸਕੇ, ਪਰ ਉਨ੍ਹਾਂ ਦੇ ਅੰਕੜੇ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹਨ ਅਤੇ ਉਨ੍ਹਾਂ ਨੂੰ ਨਿਸ਼ਚਤ ਤੌਰ ’ਤੇ ਭਾਰਤੀ ਕ੍ਰਿਕਟ ਦੇ ਮਹਾਨ ਕਪਤਾਨਾਂ ਵਿੱਚ ਜਗ੍ਹਾ ਮਿਲਦੀ ਹੈ।
ਪਰ ਕਹਿੰਦੇ ਹਨ ਕਿ ਕਪਤਾਨੀ ਕੰਡਿਆਂ ਦਾ ਤਾਜ ਹੈ ਅਤੇ ਵਿਰਾਟ ਦਾ ਤਜਰਬਾ ਵੀ ਇਸ ਤੋਂ ਵੱਖਰਾ ਨਹੀਂ ਹੈ।
ਇੱਕ ਬੱਲੇਬਾਜ਼ ਦੇ ਤੌਰ ’ਤੇ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ 2019 ਵਿੱਚ ਗਿਰਾਵਟ ਸ਼ੁਰੂ ਹੋ ਗਈ। ਇੱਕ ਬੱਲੇਬਾਜ਼ ਦੇ ਰੂਪ ਵਿੱਚ ਕੋਹਲੀ ਨੂੰ ਖਰਾਬ ਫਾਰਮ ਦਾ ਸਾਹਮਣਾ ਕਰਨਾ ਪਿਆ।
ਉਸ ਦੌਰਾਨ, ਉਨ੍ਹਾਂ ਨੇ ਟੀ-20 ਵਿੱਚ ਕਪਤਾਨੀ, ਉਸ ਤੋਂ ਬਾਅਦ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਬਾਅਦ ਵਿੱਚ ਟੈਸਟ ਕਪਤਾਨੀ ਛੱਡਣ ਦਾ ਸੁਚੇਤ ਫੈਸਲਾ ਲਿਆ। ਫਿਰ ਕੋਹਲੀ ਦੀ ਜਗ੍ਹਾ ਰੋਹਿਤ ਸ਼ਰਮਾ ਨੇ ਕਪਤਾਨ ਦੀ ਭੂਮਿਕਾ ਨਿਭਾਈ।
ਇਸ ਫੈਸਲੇ ਨਾਲ ਕਾਫ਼ੀ ਬਹਿਸ ਛਿੜ ਗਈ ਅਤੇ ਕਈ ਤਰ੍ਹਾਂ ਦੀ ਗੱਲਬਾਤ ਸ਼ੁਰੂ ਹੋ ਗਈ ਜਿਵੇਂ – ਇੱਕ ਮਿਆਨ ਵਿੱਚ ਦੋ ਤਲਵਾਰਾਂ ਜਾਂ ਦੋ ਸ਼ੇਰ ਕਦੇ ਵੀ ਇੱਕ ਜੰਗਲ ਵਿੱਚ ਨਹੀਂ ਰਹਿ ਸਕਦੇ ਆਦਿ।
ਭਾਵੇਂ ਕਿ ਦੋਵਾਂ ਯਾਨੀ ਵਿਰਾਟ ਅਤੇ ਰੋਹਿਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਵਿਚਕਾਰ ਕੋਈ ਮੁਕਾਬਲਾ ਨਹੀਂ ਹੈ ਅਤੇ ਨਾ ਹੀ ਕੋਈ ਦੁਸ਼ਮਣੀ ਹੈ; ਇਹ ਚਰਚਾ ਵਾਰ-ਵਾਰ ਹੁੰਦੀ ਰਹਿੰਦੀ ਹੈ।

ਤਸਵੀਰ ਸਰੋਤ, Getty Images
ਵਿਰਾਟ ਦੀ ਦੂਜੀ ਪਾਰੀ
ਸਾਲ 2021-22 ਵਿਰਾਟ ਕੋਹਲੀ ਲਈ ਚੁਣੌਤੀਪੂਰਨ ਦੌਰ ਲੈ ਕੇ ਆਇਆ। ਉਨ੍ਹਾਂ ਦਾ ਬੱਲਾ, ਜੋ ਆਸਾਨੀ ਨਾਲ ਰਨ ਬਣਾਉਣ ਲਈ ਜਾਣਿਆ ਜਾਂਦਾ ਸੀ, ਉਹ ਆਪਣਾ ਜਾਦੂ ਗੁਆਉਂਦਾ ਨਜ਼ਰ ਆ ਰਿਹਾ ਸੀ। ਉਨ੍ਹਾਂ ਨੇ ਟੀ-20 ਫਾਰਮੈਟ ’ਚ ਕਪਤਾਨੀ ਛੱਡ ਦਿੱਤੀ।
ਲਗਾਤਾਰ ਕ੍ਰਿਕੇਟ ਖੇਡਣ ਲਈ ਕੀਤੀ ਮਿਹਨਤ ਨੇ ਉਨ੍ਹਾਂ ਨੂੰ ਥਕਾ ਦਿੱਤਾ ਸੀ। ਉਨ੍ਹਾਂ ਦਾ ਸੰਘਰਸ਼, ਉਨ੍ਹਾਂ ਦੇ ਬੱਲੇਬਾਜ਼ੀ ਦੇ ਪ੍ਰਦਰਸ਼ਨ ਤੋਂ ਸਪੱਸ਼ਟ ਸੀ।
ਸਾਲ 2022 ਵਿੱਚ ਵਿਰਾਟ ਨੇ ਇੱਕ ਮਹੀਨੇ ਦਾ ਬ੍ਰੇਕ ਲਿਆ, ਜੋ 2008 ਤੋਂ ਲਗਾਤਾਰ ਖੇਡ ਦੇ ਸਾਰੇ ਫਾਰਮੈਟਾਂ ਵਿੱਚ ਖੇਡ ਰਿਹਾ ਸੀ, ਅਜਿਹੇ ਵਿਅਕਤੀ ਲਈ ਇਹ ਇੱਕ ਦੁਰਲੱਭ ਘਟਨਾ ਸੀ।
ਹਾਲਾਂਕਿ ਵਿਰਾਟ ਨੇ ਏਸ਼ੀਆ ਕੱਪ ’ਚ ਸ਼ਾਨਦਾਰ ਵਾਪਸੀ ਕੀਤੀ ਜਦੋਂ ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਖਿਲਾਫ਼ ਸੈਂਕੜਾ ਲਗਾਇਆ। 2022 ਦੇ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ਼ ਵਿਸਫੋਟਕ ਪਾਰੀ ਖੇਡਦੇ ਹੋਏ ਨਾਬਾਦ 82 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਦਿਵਾਈ।
ਉਦੋਂ ਤੋਂ ਵਿਰਾਟ ਨੇ ਆਪਣੀ ਫਾਰਮ ਨੂੰ ਮੁੜ ਹਾਸਲ ਕਰ ਲਿਆ ਹੈ ਅਤੇ ਨਵੇਂ ਜੋਸ਼ ਨਾਲ ਖੇਡ ਰਹੇ ਹਨ। ਉਹ ਹੁਣ ਇੱਕ ਨਵੇਂ ਦ੍ਰਿਸ਼ਟੀਕੋਣ ਦਾ ਪ੍ਰਦਰਸ਼ਨ ਕਰਦੇ ਹੋਏ ਟੀਮ ਵਿੱਚ ਇੱਕ ਸੀਨੀਅਰ ਖਿਡਾਰੀ ਦੀ ਭੂਮਿਕਾ ਨਿਭਾ ਰਹੇ ਹਨ।
ਪਰ ਇਹ ਵਾਪਸੀ ਕਰਨਾ ਆਸਾਨ ਨਹੀਂ ਸੀ। 2022 ਵਿੱਚ ਸਟਾਰ ਸਪੋਰਟਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਵਿਰਾਟ ਨੇ ਖੁਲਾਸਾ ਕੀਤਾ:
‘‘ਉਦੋਂ ਮੈਂ ਲਗਭਗ ਇੱਕ ਮਹੀਨੇ ਤੱਕ ਆਪਣਾ ਬੱਲਾ ਨਹੀਂ ਚੁੱਕਿਆ। ਅਜਿਹਾ ਪਿਛਲੇ ਦਸ ਸਾਲਾਂ ਵਿੱਚ ਪਹਿਲੀ ਵਾਰ ਹੋ ਰਿਹਾ ਸੀ। ਮੈਨੂੰ ਮਹਿਸੂਸ ਹੋਣ ਲੱਗਾ ਕਿ ਇਹ ਸਭ ਸਤਹੀ ਤੌਰ ’ਤੇ ਹੈ। ਮੈਂ ਖ਼ੁਦ ਨੂੰ ਲਗਾਤਾਰ ਕਹਿ ਰਿਹਾ ਸੀ ਕਿ ਮੇਰੇ ਕੋਲ ਸਮਰੱਥਾ ਹੈ, ਮੇਰੇ ਕੋਲ ਯੋਗਤਾ ਹੈ। ਉਹ ਤੀਬਰਤਾ ਹੈ।’’
‘‘ਮੇਰਾ ਦਿਮਾਗ ਮੈਨੂੰ ਅੱਗੇ ਵਧਣ ਲਈ ਕਹਿ ਰਿਹਾ ਸੀ, ਉਸੇ ਸਮੇਂ ਮੇਰਾ ਸਰੀਰ ਸੁਝਾਅ ਦੇ ਰਿਹਾ ਸੀ ਕਿ ਮੈਨੂੰ ਆਰਾਮ ਕਰਨਾ ਚਾਹੀਦਾ ਹੈ। ਇਸ ਨੂੰ ਆਰਾਮ ਦੀ ਜ਼ਰੂਰਤ ਹੈ। ਮੈਨੂੰ ਇੱਕ ਬ੍ਰੇਕ ਦੀ ਜ਼ਰੂਰਤ ਹੈ।’’
ਆਪਣੀ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਚਰਚਾ ਕਰਨ ਦੀ ਵਿਰਾਟ ਦੀ ਇੱਛਾ ਦੀ ਕਈ ਲੋਕਾਂ ਨੇ ਕਾਫ਼ੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੀ ਖੁੱਲ੍ਹਦਿਲੀ ਅਤੇ ਸਪੱਸ਼ਟਤਾ ਨੇ ਦਿਖਾਇਆ ਹੈ ਕਿ ਉਨ੍ਹਾਂ ਵਰਗਾ ਮਾਨਸਿਕ ਤੌਰ ’ਤੇ ਮਜ਼ਬੂਤ ਵਿਅਕਤੀ ਵੀ ਔਖੇ ਸਮੇਂ ਵਿੱਚੋਂ ਗੁਜ਼ਰ ਸਕਦਾ ਹੈ।
ਉਨ੍ਹਾਂ ਨੇ ਦੂਜਿਆਂ ਨੂੰ ਮਾਨਸਿਕ ਤੰਦਰੁਸਤੀ ਦੇ ਮਹੱਤਵ ਨੂੰ ਸਮਝਣ ਲਈ ਉਤਸ਼ਾਹਿਤ ਕੀਤਾ ਹੈ।
‘‘ਮੈਂ ਮਾਨਸਿਕ ਤੌਰ ‘ਤੇ ਮਜ਼ਬੂਤ ਹਾਂ, ਅਜਿਹਾ ਲੋਕ ਸੋਚਦੇ ਹਨ। ਪਰ ਹਰ ਕਿਸੇ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਤੁਹਾਨੂੰ ਉਨ੍ਹਾਂ ਸੀਮਾਵਾਂ ਨੂੰ ਜਾਣਨ ਦੀ ਜ਼ਰੂਰਤ ਹੁੰਦੀ ਹੈ, ਨਹੀਂ ਤਾਂ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ।’’
‘‘ਮੈਂ ਮਾਨਸਿਕ ਤੌਰ ’ਤੇ ਸੰਘਰਸ਼ ਕਰ ਰਿਹਾ ਸੀ ਅਤੇ ਹੁਣ ਮੈਨੂੰ ਇਸ ਨੂੰ ਸਵੀਕਾਰ ਕਰਨ ਵਿੱਚ ਕੋਈ ਝਿਜਕ ਨਹੀਂ ਹੈ। ਹੁਣ ਮੈਨੂੰ ਉਸ ਤਰ੍ਹਾਂ ਨਹੀਂ ਲੱਗਦਾ। ਤੁਸੀਂ ਮਜ਼ਬੂਤ ਹੋ ਸਕਦੇ ਹੋ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕਿਸੇ ਵੀ ਸੰਘਰਸ਼ ਨੂੰ ਲੁਕਾਉਂਦੇ ਹੋਏ ਹਮੇਸ਼ਾ ਆਪਣਾ ਮਜ਼ਬੂਤ ਪੱਖ ਦਿਖਾਉਣਾ ਚਾਹੀਦਾ ਹੈ।’’

ਤਸਵੀਰ ਸਰੋਤ, Getty Images
ਅਨੁਸ਼ਕਾ ਨਾਲ ਸਾਂਝ
ਵਿਰਾਟ ਅਤੇ ਅਨੁਸ਼ਕਾ ਦੀ ਪਹਿਲੀ ਮੁਲਾਕਾਤ 2013 ਵਿੱਚ ਇੱਕ ਸ਼ੈਂਪੂ ਦੇ ਇਸ਼ਤਿਹਾਰ ਦੀ ਸ਼ੂਟਿੰਗ ਦੌਰਾਨ ਹੋਈ ਸੀ। ਸ਼ੁਰੂ ਵਿੱਚ ਉਨ੍ਹਾਂ ਵਿੱਚ ਦੋਸਤੀ ਹੋਈ ਜੋ ਬਾਅਦ ਵਿੱਚ ਰੁਮਾਂਟਿਕ ਰਿਸ਼ਤੇ ਵਿੱਚ ਬਦਲ ਗਈ।
2014 ਵਿੱਚ ਭਾਰਤ ਦੇ ਇੰਗਲੈਂਡ ਦੌਰੇ ਦੌਰਾਨ ਜਦੋਂ ਵਿਰਾਟ ਨੇ ਜਨਤਕ ਤੌਰ ’ਤੇ ਅਨੁਸ਼ਕਾ ਨੂੰ ਆਪਣੀ ਪ੍ਰੇਮਿਕਾ ਵਜੋਂ ਸਵੀਕਾਰ ਕੀਤਾ, ਤਾਂ ਉਨ੍ਹਾਂ ਨੂੰ ਅਨੁਸ਼ਕਾ ਨੂੰ ਦੌਰੇ ’ਤੇ ਲੈ ਕੇ ਜਾਣ ਦੀ ਆਗਿਆ ਮਿਲ ਗਈ ਜੋ ਅਧਿਕਾਰਤ ਤੌਰ ’ਤੇ ਉਨ੍ਹਾਂ ਦੇ ਰਿਸ਼ਤੇ ਵਿੱਚ ਇੱਕ ਮਹੱਤਵਪੂਰਨ ਪਲ ਸੀ।
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇੱਕ ਸਟਾਰ ਜੋੜੀ, ਜਿਸ ਵਿੱਚ ਇੱਕ ਸਫਲ ਕ੍ਰਿਕਟਰ ਅਤੇ ਇੱਕ ਅਭਿਨੇਤਰੀ ਸ਼ਾਮਲ ਹੈ, ਇਨ੍ਹਾਂ ਬਾਰੇ ਕੋਈ ਗੱਪਸ਼ੱਪ ਦੀ ਖ਼ਬਰ ਨਹੀਂ ਬਣਦੀ। ਉਨ੍ਹਾਂ ਦਾ ਰਿਸ਼ਤਾ ਆਪਣੇ ਅਨੋਖੇ ਬੰਧਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ।
ਪਰ ਸ਼ੁਰੂ ਵਿੱਚ ਉਨ੍ਹਾਂ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਜਦੋਂ ਵਿਰਾਟ ਇੰਗਲੈਂਡ ਦੇ ਖਿਲਾਫ਼ ਖੇਡਦੇ ਹੋਏ ਆਪਣੀ ਫਾਰਮ ਵਿੱਚ ਨਹੀਂ ਆ ਸਕੇ ਜਦੋਂ ਅਨੁਸ਼ਕਾ ਉਨ੍ਹਾਂ ਦੇ ਨਾਲ ਸੀ। ਪ੍ਰਸ਼ੰਸਕਾਂ ਅਤੇ ਫੌਲੋਅਰਜ਼ ਨੇ ਉਨ੍ਹਾਂ ਨੂੰ ਕਿਸੇ ਹੋਰ ਚੀਜ਼ ਦੀ ਬਜਾਏ ਖੇਡ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ।
ਵਿਰਾਟ ਅਤੇ ਅਨੁਸ਼ਕਾ ਦੋਵਾਂ ਨੇ ਉਨ੍ਹਾਂ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।
ਪਰ 2016 ਵਿੱਚ ਉਨ੍ਹਾਂ ਨੂੰ ਇੱਕ ਵਾਰ ਫਿਰ ਉਹੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਦੋਂ ਵਿਰਾਟ ਖੁੱਲ੍ਹ ਕੇ ਅਨੁਸ਼ਕਾ ਦੇ ਨਾਲ ਖੜ੍ਹੇ ਹੋ ਗਏ ਸਨ।
2017 ਵਿੱਚ ਲਗਭਗ ਇੱਕ ਸਾਲ ਬਾਅਦ ਉਨ੍ਹਾਂ ਨੇ ਮੀਡੀਆ ਅਤੇ ਲੋਕਾਂ ਦੇ ਧਿਆਨ ਤੋਂ ਦੂਰ, ਇਟਲੀ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰਨ ਦਾ ਫੈਸਲਾ ਕੀਤਾ।
ਜਦੋਂ ਇਸ ਜੋੜੇ ਦੀ ਬੇਟੀ ਵਾਮਿਕਾ ਦਾ ਜਨਮ ਹੋਇਆ ਤਾਂ ਵਿਰਾਟ ਨੇ ਪੈਟਰਨਿਟੀ ਲੀਵ ਵੀ ਲੈ ਲਈ। ਆਪਣੀ ਪ੍ਰਸਿੱਧੀ ਅਤੇ ਮੰਗ ਭਰਪੂਰ ਕਰੀਅਰ ਦੇ ਬਾਵਜੂਦ, ਇਸ ਮਸ਼ਹੂਰ ਜੋੜੇ- ਵਿਰਾਟ ਅਤੇ ਅਨੁਸ਼ਕਾ ਨੇ ਦਿਖਾਇਆ ਹੈ ਕਿ ਆਪਣੇ ਪੇਸ਼ੇਵਰ ਅਤੇ ਨਿੱਜੀ ਜੀਵਨ ਵਿੱਚ ਸੰਤੁਲਨ ਕਿਵੇਂ ਕਾਇਮ ਰੱਖਣਾ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ‘ਤੇ ਜੁੜੋ।)
source : BBC PUNJABI