Source :- BBC PUNJABI
ਸਿੱਖ ਇਤਿਹਾਸ ਵਿੱਚ ਸ਼ਹੀਦੀ ਪੈਂਡੇ ਵੱਜੋਂ ਯਾਦ ਕੀਤਾ ਜਾਂਦਾ ਇੱਕ ਅਜਿਹਾ ਸਫ਼ਰ ਜੋ ਇੱਕ ਹਫ਼ਤੇ ਵਿੱਚ ਆਪਣੀ ਉਸ ਮੰਜ਼ਿਲ ‘ਤੇ ਜਾ ਪੁੱਜਿਆ, ਜਿਸਨੂੰ ਸੁਣਾਉਂਦਿਆਂ ਸਿੱਖ ਇਤਿਹਾਸਕਾਰ ਵੈਰਾਗ ਨਾਲ ਭਰ ਜਾਂਦੇ ਹਨ।
ਇਤਿਹਾਸਕਾਰ ਦੱਸਦੇ ਹਨ ਕਿ ਇੱਕ ਹਫ਼ਤੇ ਦੇ ਅੰਦਰ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ।
ਇਹ ਸ਼ਹੀਦੀ ਪੈਂਡਾ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਫ਼ਤਹਿਗੜ੍ਹ ਸਾਹਿਬ ਵਿੱਚ ਪੂਰਾ ਹੁੰਦਾ ਹੈ।
ਇਸ ਸਫ਼ਰ ਦੌਰਾਨ ਸਿੱਖ ਸੰਗਤਾਂ ਹਰ ਸਾਲ 6 ਪੋਹ ਤੋਂ ਲੈ ਕੇ 13 ਪੋਹ ਤੱਕ ਅਨੰਦਪੁਰ ਸਾਹਿਬ ਤੋਂ ਲੈ ਕੇ ਫ਼ਤਹਿਗੜ੍ਹ ਸਾਹਿਬ ਤੱਕ ਹਰ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਦੀਆਂ ਹਨ।
ਬੀਬੀਸੀ ਨੇ ਇਸ ਸਫ਼ਰ ਦੌਰਾਨ ਆਉਂਦੇ ਵੱਖ-ਵੱਖ ਪੜਾਵਾਂ ਉੱਤੇ ਜਾ ਕੇ ਇਤਿਹਾਸਕਾਰਾਂ ਤੋਂ ਇਤਿਹਾਸ ਜਾਣਿਆ।
ਗੁਰਦੁਆਰਾ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ
ਗੁਰਦੁਆਰਾ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿੱਚ ਬਣਿਆ ਹੋਇਆ ਹੈ।
ਇੱਥੋਂ ਦਾ ਇਤਿਹਾਸ ਜਾਣਨ ਲਈ ਬੀਬੀਸੀ ਨੇ ਪ੍ਰੋਫੈਸਰ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਰਵਿੰਦਰ ਸਿੰਘ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਵਿੱਚ ਇਤਿਹਾਸ ਦੇ ਅਸਿਸਟੈਂਟ ਪ੍ਰੋਫੈਸਰ ਹਨ।
ਰਵਿੰਦਰ ਸਿੰਘ ਦੱਸਦੇ ਹਨ,”ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿੱਚ ਹੀ ਆਪਣੀ ਤਾਕਤ ਵਧਾ ਰਹੇ ਹਨ। ਆਨੰਦਗੜ੍ਹ ਦੇ ਕਿਲ੍ਹੇ ਵਿੱਚ ਗੁਰੂ ਗੋਬਿੰਦ ਸਿੰਘ ਆਪਣੀ ਫੌਜ ਤਿਆਰ ਕਰ ਰਹੇ ਸਨ। ਇੱਥੇ ਹੀ ਦੂਰੋਂ ਦੂਰੋਂ ਚਲ ਕੇ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਸਨ।”
“ਇਹ ਗੱਲ ਪਹਾੜੀ ਰਾਜਿਆਂ ਨੂੰ ਰਾਸ ਨਹੀਂ ਆ ਰਹੀ ਸੀ। ਰਾਜਾ ਭੀਮ ਚੰਦ ਅਤੇ ਉਸਦੇ ਸਾਥੀ ਹਰ ਹਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਵਿੱਚੋਂ ਕੱਢਣਾ ਚਾਹੁੰਦੇ ਸਨ। ਇਸ ਲਈ ਲਾਹੌਰ ਅਤੇ ਸਰਹਿੰਦ ਦੇ ਸੂਬੇਦਾਰਾਂ ਦਾ ਸਹਾਰਾ ਲੈਂਦੇ ਹਨ।”
“ਮੁਗਲ ਫੌਜ ਅਤੇ ਪਹਾੜੀ ਰਾਜੇ 8 ਮਹੀਨੇ ਤੱਕ ਅਨੰਦਗੜ੍ਹ ਦੇ ਕਿਲ੍ਹੇ ਨੂੰ ਘੇਰਾ ਪਾਉਂਦੇ ਹਨ। ਸਿੱਖ ਫੌਜ ਹਰ ਹਾਲਾਤ ਦਾ ਸਾਹਮਣਾ ਕਰਦੀ ਹੈ ਪਰ ਆਖਰ ਜਦੋਂ ਮੁਗਲ ਰਾਜਿਆਂ ਵੱਲੋਂ ਕੁਰਾਨ ਦੀਆਂ ਕਸਮਾਂ ਖਾਧੀਆਂ ਗਈਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਗੜ੍ਹ ਦੇ ਕਿਲ੍ਹੇ ਨੂੰ ਛੱਡਣ ਦਾ ਫੈਸਲਾ ਲਿਆ।”
“ਆਖਰ 6-7 ਪੋਹ ਦੀ ਦਰਮਿਆਨੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ, ਚਾਰੇ ਪੁੱਤਰਾਂ, ਪਤਨੀਆਂ, ਮਾਤਾ, ਪੰਜ ਪਿਆਰਿਆਂ ਅਤੇ ਬਾਕੀ ਸੰਗਤ ਨਾਲ ਅਨੰਦਗੜ੍ਹ ਦਾ ਕਿਲ੍ਹਾ ਛੱਡ ਦਿੱਤਾ।”
ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ
ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਸਥਿਤ ਹੈ।
ਰਵਿੰਦਰ ਸਿੰਘ ਕਹਿੰਦੇ ਹਨ, “ਗੁਰਦੁਆਰਾ ਸਾਹਿਬ ਸਰਸਾ ਨਦੀ ਦੇ ਵਿਚਕਾਰ ਬਣਿਆ ਹੋਇਆ ਹੈ। ਅਨੰਦਗੜ੍ਹ ਦਾ ਕਿਲ੍ਹਾ ਭਾਵੇਂ ਗੁਰੂ ਸਾਹਿਬ ਨੇ ਛੱਡ ਦਿੱਤਾ ਪਰ ਦੁਸ਼ਮਣ ਫੌਜ ਗੁਰੂ ਸਾਹਿਬ ਦਾ ਪਿੱਛਾ ਕਰਨੋਂ ਨਾ ਹਟੀਆਂ। ਫੌਜ ਤੁਰੇ ਜਾਂਦੇ ਸਿੰਘਾਂ ਉੱਤੇ ਪਿੱਛੋਂ ਹਮਲਾ ਕਰ ਰਹੇ ਹਨ।”
“ਸਿੱਖ ਫੌਜ ਸ਼ਾਹੀ ਟਿੱਬੀ ਉੱਤੇ ਦੁਸ਼ਮਣ ਦਾ ਸਾਹਮਣਾ ਕਰਦੀ ਹੈ। ਗੁਰੂ ਸਾਹਿਬ ਸਮੇਤ ਸਾਹਿਬਜ਼ਾਦੇ ਅਤੇ ਸਿੰਘ ਅੱਗੇ ਵੱਧ ਰਹੇ ਹਨ। ਕੜਾਕੇ ਦੀ ਠੰਡ ਹੈ, ਮੀਂਹ ਪੈ ਰਿਹਾ ਤੇ ਸਰਸਾ ਪਾਣੀ ਚੜ੍ਹਿਆ ਹੋਇਆ।”
“ਇਸੇ ਸਰਸਾ ਨਦੀ ਦੇ ਪਾਣੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਇੱਕ-ਦੂਜੇ ਨਾਲੋਂ ਵਿੱਛੜ ਜਾਂਦਾ ਹੈ। ਗੁਰੂ ਘਰ ਦਾ ਸਾਹਿਤ ਅਤੇ ਖਜ਼ਾਨਾ ਸਰਸਾ ਨਦੀ ਦੇ ਪਾਣੀ ਵਿਚ ਰੁੜ੍ਹ ਗਿਆ।”
“ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜ਼ੋਰਾਵਰ ਸਿੰਘ, ਕਈ ਸਿੰਘ, ਗੁਰੂ ਗੋਬਿੰਦ ਸਿੰਘ ਜੀ ਨਾਲ ਹੁੰਦੇ ਹਨ, ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਮਾਤਾ ਗੁਜਰੀ ਨਾਲ ਹੁੰਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਪਤਨੀਆਂ ਭਾਈ ਮਨੀ ਸਿੰਘ ਨਾਲ ਹੁੰਦੇ ਹੋਏ ਸਾਰੇ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ।”
ਗੁਰਦੁਆਰਾ ਕੋਤਵਾਲੀ ਸਾਹਿਬ
ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਸ਼ਹਿਰ ਦੇ ਵਿਚਕਾਰ ਬਣਿਆ ਹੋਇਆ ਹੈ।
ਇਹ ਉਹ ਥਾਂ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਮੁਗਲ ਹਕੂਮਤ ਕੈਦ ਕਰਕੇ ਰੱਖਦੀ ਹੈ।
ਇਤਿਹਾਸਕ ਖੋਜਾਰਥੀ ਪਰਮਜੀਤ ਕੌਰ ਸਰਹਿੰਦ ਕਹਿੰਦੇ ਹਨ, “ਪਰਿਵਾਰ ਨਾਲੋਂ ਵਿਛੜੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਪਹਿਲੀ ਰਾਤ ਸਰਸਾ ਨਦੀ ਦੇ ਕਿਨਾਰੇ ਕੁੰਮਾ ਮਾਸ਼ਕੀ ਦੀ ਛੰਨ ਵਿੱਚ ਕੱਟਦੇ ਹਨ।
“ਇੱਥੇ ਮਾਤਾ ਲੱਛਮੀ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਭੋਜਨ ਛਕਾਉਂਦੇ ਹਨ। ਇੱਥੇ ਹੀ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਉਹਨਾਂ ਨੂੰ ਮਿਲਦਾ। ਗੰਗੂ ਬ੍ਰਾਹਮਣ ਪਹਿਲਾਂ ਗੁਰੂ ਜੀ ਕੋਲ ਨੌਕਰੀ ਕਰ ਚੁੱਕਿਆ ਹੈ।”
“ਉਸ ਮਾਤਾ ਜੀ ਕੋਲ ਮੋਹਰਾਂ ਦੀ ਖੁਰਜੀ ਦੇਖ ਚੁੱਕਿਆ। ਸਾਹਿਬਜ਼ਾਦਿਆਂ ਦੀ ਮਦਦ ਕਰਨ ਦਾ ਜ਼ੋਖਮ ਉਠਾਉਣ ਪਿੱਛੇ ਗੰਗੂ ਬ੍ਰਾਹਮਣ ਦਾ ਲਾਲਚ ਹੀ ਹੈ, ਨਹੀਂ ਤਾਂ ਉਹ ਕਦੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਨਾ ਲੈ ਕੇ ਜਾਂਦਾ।”
“ਇਸਤੋਂ ਬਾਅਦ ਉਹ ਕਾਈਨੌਰ ਹੁੰਦਿਆਂ ਹੋਇਆਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ। ਗੰਗੂ ਦੇ ਘਰ ਵਿੱਚ ਸਾਹਿਬਜ਼ਾਦੇ ਅਤੇ ਮਾਤਾ ਜੀ ਜਿਹੜੀ ਰਾਤ ਕੱਟਦੇ ਹਨ, ਉਸੇ ਰਾਤ ਗੰਗੂ ਮਾਤਾ ਜੀ ਕੋਲ ਪਈਆਂ ਮੋਹਰਾਂ ਦੀ ਖੁਰਜੀ ਚੋਰੀ ਕਰ ਲੈਂਦਾ।”
“ਮਾਤਾ ਜੀ ਅਗਲੀ ਸਵੇਰ ਜਦੋਂ ਮੋਹਰਾਂ ਬਾਰੇ ਪੁੱਛਦੇ ਹਨ ਤਾਂ ਗੰਗੂ ਸੱਚ ਦੱਸਣ ਦੀ ਥਾਂ ਮਾਤਾ ਜੀ ਨਾਲ ਬਹਿਸ ਕਰਦਾ, ਇਲਜ਼ਾਮ ਲਗਾਉਂਦਾ ਕਿ ਤੁਸੀਂ ਮੇਰੇ ਉੱਤੇ ਝੂਠਾ ਚੋਰੀ ਦਾ ਇਲਜ਼ਾਮ ਲਾ ਰਹੇ ਹੋ। ਇਸੇ ਗੱਲ ਦਾ ਬਹਾਨਾ ਬਣਾ ਉਹ ਮੋਰਿੰਡੇ ਦੀ ਕੋਤਵਾਲੀ ਵਿੱਚ ਜਾ ਕੇ ਸ਼ਿਕਾਇਤ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਬੱਚੇ ਅਤੇ ਮਾਤਾ ਮੇਰੇ ਘਰ ਵਿੱਚ ਹਨ।”
ਸੂਹ ਮਿਲਦਿਆਂ ਹੀ ਮੋਰਿੰਡਾ ਕੋਤਵਾਲੀ ਦੇ ਸੂਬੇਦਾਰ ਜਾਨੀ ਖਾਂ ਅਤੇ ਮਾਨੀ ਖਾਂ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਮੋਰਿੰਡਾ ਕੋਤਵਾਲੀ ਵਿੱਚ ਲੈ ਆਉਂਦੇ ਹਨ। ਇਸੇ ਕੋਤਵਾਲੀ ਵਿੱਚ ਇੱਕ ਰਾਤ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਬਤੀਤ ਕੀਤੀ।
ਗੁਰਦੁਆਰਾ ਕੱਚੀ ਗੜ੍ਹੀ ਸਾਹਿਬ
ਗੁਰਦੁਆਰਾ ਕੱਚੀ ਗੜ੍ਹੀ ਸਾਹਿਬ ਚਮਕੌਰ ਸਾਹਿਬ ਵਿੱਚ ਬਣਿਆ ਹੋਇਆ ਹੈ।
ਪਰਮਜੀਤ ਕੌਰ ਦੱਸਦੇ ਹਨ, “ਇਹ ਉਹ ਥਾਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ, 40 ਸਿੰਘ ਰੋਪੜ ਤੋਂ ਹੁੰਦਿਆਂ ਹੋਇਆਂ ਪਹੁੰਚੇ ਸਨ।”
“ਚਮਕੌਰ ਸਾਹਿਬ ਵਿੱਚ ਬੁੱਧੀ ਚੰਦ ਦੀ ਹਵੇਲੀ ਵਿੱਚ ਗੁਰੂ ਸਾਹਿਬ, ਸਾਹਿਬਜ਼ਾਦਿਆਂ ਅਤੇ ਸਿੰਘਾਂ ਨਾਲ ਠਹਿਰੇ ਸਨ। ਇਸੇ ਹਵੇਲੀ ਵਿੱਚ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ 10 ਲੱਖ ਸ਼ਾਹੀ ਫੌਜ ਦਾ ਮੁਕਾਬਲਾ ਕੀਤਾ ਸੀ। ਵੀਹ-ਵੀਹ ਸਿੰਘਾਂ ਦਾ ਜੱਥਾ ਜੰਗ ਦੇ ਮੈਦਾਨ ਵਿੱਚ ਜਾ ਕੇ ਦੁਸ਼ਮਣ ਫੌਜ ਦਾ ਸਾਹਮਣਾ ਕਰਦਾ ਸੀ ਤੇ ਜਾਨ ਵਾਰਦਾ ਸੀ।”
ਪਰਮਜੀਤ ਕੌਰ ਦੱਸਦੇ ਹਨ, “ਸਿੰਘਾਂ ਤੋਂ ਬਾਅਦ ਦੋਵੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੇ ਵੀ ਆਪਣੇ ਆਪਣੇ ਜੱਥੇ ਨਾਲ ਜੰਗ ਦੇ ਮੈਦਾਨ ਵਿੱਚ ਜਾ ਕੇ ਆਪਣੀ ਜਾਨ ਕੁਰਬਾਨ ਕਰ ਦਿੱਤੀ।”
ਜਿਸ ਅਸਥਾਨ ਉੱਤੇ ਦੋਵੇਂ ਸਾਹਿਬਜ਼ਾਦਿਆਂ ਅਤੇ ਸਿੰਘਾਂ ਦਾ ਸਸਕਾਰ ਕੀਤਾ ਗਿਆ ਸੀ ਉੱਥੇ ਹੁਣ ਗੁਰਦੁਆਰਾ ਕਤਲਗੜ੍ਹ ਸਾਹਿਬ ਬਣਿਆ ਹੋਇਆ ਹੈ। ਕੱਚੀ ਗੜ੍ਹੀ ਤੋਂ ਥੱਲੇ ਵੱਲ ਉਤਰਦੇ ਹੋਏ ਗੁਰਦੁਆਰਾ ਕਤਲਗੜ੍ਹ ਸਾਹਿਬ ਆਉਂਦਾ ਹੈ।
ਪਰਮਜੀਤ ਕੌਰ ਅੱਗੇ ਦੱਸਦੇ ਹਨ,”ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਪੰਜ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੜ੍ਹੀ ਛੱਡਣ ਦਾ ਆਦੇਸ਼ ਦਿੱਤਾ।”
ਪੰਜਾਂ ਪਿਆਰਿਆਂ ਦਾ ਹੁਕਮ ਮੰਨ ਗੁਰੂ ਗੋਬਿੰਦ ਸਿੰਘ ਜੀ ਤਾੜੀ ਮਾਰ ਕੇ ਚਮਕੌਰ ਤੋਂ ਮਾਛੀਵਾੜਾ ਵੱਲ ਤੁਰਦੇ ਹਨ। ਤਾੜੀ ਮਾਰਨ ਵਾਲੇ ਸਥਾਨ ਉੱਤੇ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ ਹੈ।
ਗੁਰਦੁਆਰਾ ਠੰਡਾ ਬੁਰਜ ਸਾਹਿਬ
ਗੁਰਦੁਆਰਾ ਠੰਡਾ ਬੁਰਜ ਸਾਹਿਬ ਫਤਹਿਗੜ੍ਹ ਸਾਹਿਬ ਵਿੱਚ ਬਣਿਆ ਹੋਇਆ ਹੈ।
ਪਰਮਜੀਤ ਕੌਰ ਨੇ ਬੀਬੀਸੀ ਨੂੰ ਦੱਸਿਆ, “ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਰਹੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਨ ਨੇ ਠੰਡਾ ਬੁਰਜ ਵਿੱਚ ਕੈਦ ਕਰਨ ਦਾ ਹੁਕਮ ਦਿੱਤਾ ਸੀ।
ਠੰਡਾ ਬੁਰਜ ਇਸ ਕਰਕੇ ਚੁਣਿਆ ਗਿਆ ਸੀ ਕਿਉਂਕਿ ਉੱਥੇ ਗਰਮੀ ਦੇ ਦਿਨਾਂ ਵਿੱਚ ਮੁਗਲ ਰਾਜੇ ਠੰਡ ਦਾ ਆਨੰਦ ਮਾਣਦੇ ਸਨ। ਬੁਰਜ ਦੇ ਕੋਲ ਹੰਸਲਾ ਨਦੀ ਵੀ ਵਗਦੀ ਸੀ।”
“ਪੋਹ ਦੇ ਮਹੀਨੇ ਪੈਂਦੀ ਕੜਾਕੇ ਦੀ ਠੰਡ ਵਿੱਚ ਸਾਹਿਬਜ਼ਾਦਿਆਂ ਨੂੰ ਠੰਡਾ ਬੁਰਜ ਵਿੱਚ ਰੱਖਣ ਦਾ ਕਾਰਨ ਇਹੀ ਸੀ ਕਿ ਉਹ ਠੰਡ ਵਿੱਚ ਡੋਲ ਜਾਣ ਅਤੇ ਸੂਬਾ ਸਰਹਿੰਦ ਦੀ ਗੱਲ ਮੰਨ ਜਾਣ।”
ਪਰਮਜੀਤ ਕੌਰ ਕਹਿੰਦੇ ਹਨ, “ਸਾਹਿਬਜ਼ਾਦਿਆਂ ਨੂੰ ਦੋ ਦਿਨ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਸੀ। ਧਰਮ ਬਦਲਣ ਲਈ ਲਾਲਚ ਦਿੱਤੇ ਗਏ, ਡਰਾਇਆ-ਧਮਕਾਇਆ ਗਿਆ। ਪਰ ਸਾਹਿਬਜ਼ਾਦੇ ਨਾ ਡੋਲੇ।
ਅੰਤ ਸੂਬਾ ਸਰਹਿੰਦ ਨੇ ਕਾਜ਼ੀ ਤੋਂ ਫ਼ਤਵਾ ਜਾਰੀ ਕਰਵਾ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਜਾਰੀ ਕਰ ਦਿੱਤਾ।”
“ਆਖਰ 13 ਪੋਹ ਨੂੰ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਜਦੋਂ ਮਾਤਾ ਗੁਜਰੀ ਜੀ ਤੱਕ ਇਹ ਗੱਲ ਪਹੁੰਚੀ ਤਾਂ ਉਹ “ਵੀ ਆਪਣੇ ਸਵਾਸ ਤਿਆਗ ਗਏ।”
ਪਰਮਜੀਤ ਕੌਰ ਨੇ ਦੱਸਿਆ, “ਜਿਹੜੀ ਥਾਂ ਉੱਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲਈ ਕੰਧ ਉਸਾਰੀ ਗਈ ਸੀ ਉੱਥੇ ਹੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਬਣਿਆ ਹੋਇਆ ਹੈ।”
“ਗੁਰਦੁਆਰਾ ਸਾਹਿਬ ਦੇ ਥੱਲੇ ਭੋਰਾ ਸਾਹਿਬ ਵਿੱਚ ਉਹ ਦੀਵਾਰ ਅੱਜ ਵੀ ਮੌਜੂਦ ਹੈ ਜਿੱਥੇ ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ ਉੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਬਣਿਆ ਹੋਇਆ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI