Source :- BBC PUNJABI

ਬੀਬੀ ਮੁਮਤਾਜ਼ ਅਤੇ ਬੀਬੀ ਸ਼ਰਨ ਕੌਰ

ਤਸਵੀਰ ਸਰੋਤ, Gurudwara Bibi Mumtaz/DGMC AND book Cover – Giani Amar Singh

ਦੇਸੀ ਮਹੀਨੇ ਪੋਹ ਦੀ 6 ਤੋਂ 13 ਤਾਰੀਖ਼ ਤੱਕ ਹਫ਼ਤੇ ਦਾ ਸਮਾਂ ਸਿੱਖ ਕੌਮ ਦੇ ਇਤਿਹਾਸ ਦਾ ਇੱਕ ਅਜਿਹਾ ਪੰਨਾ ਹੈ, ਜਿਸ ਦੀ ਕਸਕ ਸਦੀਆਂ ਬਾਅਦ ਵੀ ਹਰ ਸਾਲ ਮਾਤਾ ਗੁਜਰੀ ਅਤੇ ਸਹਿਬਜ਼ਾਦਿਆਂ ਅਤੇ ਸਿੰਘਾਂ ਦੀ ਯਾਦ ਵਿੱਚ ਹੋਣ ਵਾਲੇ ਸਮਾਗਮਾਂ ਦੌਰਾਨ ਮਹਿਸੂਸ ਕੀਤੀ ਜਾਂਦੀ ਹੈ।

ਇਸ ਹਫ਼ਤੇ ਦੌਰਾਨ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਨੇ ਪਰਿਵਾਰ ਅਤੇ ਆਪਣੇ ਸਿੰਘਾਂ- ਮੁਰੀਦਾਂ ਸਣੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਸੀ।

ਦਰਅਸਲ ਪਹਾੜੀ ਰਾਜਿਆਂ ਤੇ ਮੁਗ਼ਲ ਫੌਜਾਂ ਵੱਲੋਂ ਅਨੰਦਪੁਰ ਕਿਲੇ ਦੀ 6 ਮਹੀਨੇ ਤੋਂ ਵੱਧ ਸਮੇਂ ਤੱਕ ਕੀਤੀ ਘੇਰਾਬੰਦੀ ਤੋਂ ਬਾਅਦ ਇੱਕ ਜੰਗੀ ਸਮਝੌਤਾ ਹੋਇਆ ਸੀ ਜਿਸ ਤਹਿਤ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ। ਸਮਝੌਤੇ ਮੁਤਾਬਕ ਪਿਛੋਂ ਹਮਲਾ ਨਹੀਂ ਕੀਤਾ ਜਾਣਾ ਸੀ ਪਰ ਜਦੋਂ ਗੋਬਿੰਦ ਸਿੰਘ ਆਪਣੇ ਪਰਿਵਾਰ ਨਾਲ ਇੱਥੋਂ ਚਲੇ ਤਾਂ ਪਿੱਛੋ ਹਮਲਾ ਕਰ ਦਿੱਤਾ ਗਿਆ।

ਇੱਥੇ ਸਰਸਾ ਦਰਿਆ ਪਾਰ ਕਰਦੇ ਸਮੇਂ ਗੁਰੂ ਸ੍ਰੀ ਗੋਬਿੰਦ ਸਿੰਘ ਦਾ ਪਰਿਵਾਰ ਵਿੱਛੜ ਗਿਆ, 4 ਪੁੱਤਰਾਂ ਅਤੇ ਮਾਤਾ ਜੀ ਦੀ ਸ਼ਹਾਦਤ ਹੋਈ ਅਤੇ ਮੁਗਲ ਫੌਜਾਂ ਨਾਲ ਲੜਦਿਆਂ ਸੈਂਕੜੇ ਸਿੰਘਾਂ ਨੇ ਜਾਨਾਂ ਨਿਸ਼ਾਵਰ ਕੀਤੀਆਂ।

ਇਹ ਸਾਰੀਆਂ ਘਟਨਾਵਾਂ ਪੰਜਾਬ ਦੇ ਰੋਪੜ ਜਿਲ੍ਹੇ ਵਿੱਚ ਪੈਂਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੱਕ 83 ਕਿਲੋਮੀਟਰ ਦੇ ਘੇਰੇ ਵਿੱਚ ਇੱਕ ਹਫ਼ਤੇ ਦੌਰਾਨ ਵਾਪਰੀਆਂ, ਜਿਸ ਕਾਰਨ ਇਸ ਨੂੰ ‘ਸਫ਼ਰ-ਏ-ਸ਼ਹਾਦਤ’ ਕਿਹਾ ਜਾਂਦਾ ਹੈ।

ਬੀਬੀਸੀ ਪੰਜਾਬੀ

ਸਫ਼ਰ-ਏ-ਸ਼ਹਾਦਤ ਦੌਰਾਨ ਵਾਪਰੀਆਂ ਘਟਨਾਵਾਂ ਦੌਰਾਨ ਦੋ ਅਜਿਹੀਆਂ ਮਹਿਲਾ ਪਾਤਰ ਉੱਭਰ ਕੇ ਸਾਹਮਣੇ ਆਈਆਂ, ਜਿਨ੍ਹਾਂ ਸਮੇਂ ਦੇ ਵੇਗ ਦੇ ਉਲਟ ਜਾ ਕੇ ਕਾਰਜ ਕੀਤੇ ਅਤੇ ਸਿੱਖ ਇਤਿਹਾਸ ਵਿੱਚ ਬਹੁਤ ਹੀ ਸਤਿਕਾਰਤ ਰੁਤਬਾ ਹਾਸਲ ਕੀਤਾ।

ਇਹ ਸ਼ਖ਼ਸੀਅਤਾਂ ਸਨ, ਬੀਬੀ ਸ਼ਰਨ ਕੌਰ ਅਤੇ ਬੀਬੀ ਮੁਮਤਾਜ਼। ਇਸ ਰਿਪੋਰਟ ਵਿੱਚ ਅਸੀਂ ਉਨ੍ਹਾਂ ਦੇ ਜੀਵਨ ਬਾਰੇ ਕੁਝ ਮੁੱਢਲੀ ਜਾਣਕਾਰੀ ਸਾਂਝੀ ਕਰ ਰਹੇ ਹਾਂ।

ਸ਼ਰਨ ਕੌਰ ਅਤੇ ਮੁਮਤਾਜ਼ ਦੇ ਸਿੱਖ ਇਤਿਹਾਸ ਵਿੱਚ ਯੋਗਦਾਨ ਬਾਰੇ ਜਾਣਨ ਲਈ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਡੀਨ ਫੈਕਲਟੀ ਆਫ਼ ਹਿਊਮੈਨਟੀਜ਼ ਐਂਡ ਰਿਲੀਜ਼ੀਅਸ ਸਟੱਡੀਜ਼ ਡਾ. ਸਰਬਜਿੰਦਰ ਸਿੰਘ ਨਾਲ ਗੱਲਬਾਤ ਕੀਤੀ।

ਸਰਬਜਿੰਦਰ ਸਿੰਘ ਨੇ ਤਤਕਾਲੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਯੁੱਧ ਦੀ ਜਾਣਕਾਰੀ ਦੇਣ ਵਾਲੇ ਦਸਤਾਵੇਜ਼ਾਂ, ਜਿਨ੍ਹਾਂ ਨੂੰ ਰੋਜ਼ਨਾਮਚੇ ਕਿਹਾ ਜਾਂਦਾ ਹੈ, ਉਨ੍ਹਾਂ ਦਾ ਅਧਿਐਨ ਕੀਤਾ ਹੋਇਆ ਹੈ। ਇਨ੍ਹਾਂ ਰੋਜ਼ਨਾਮਚਿਆਂ ਦੇ ਹਵਾਲੇ ਨਾਲ ਉਨ੍ਹਾਂ ਸ਼ਰਨ ਕੌਰ ਤੇ ਮੁਮਤਾਜ਼ ਬਾਰੇ ਬੀਬੀਸੀ ਪੰਜਾਬੀ ਨਾਲ ਜਾਣਕਾਰੀ ਸਾਂਝੀ ਕੀਤੀ।

ਪ੍ਰੋਫੈਸਰ ਸਰਬਜਿੰਦਰ ਸਿੰਘ ਦਾਅਵਾ ਕਰਦੇ ਹਨ ਕਿ ਅਸਲ ਵਿੱਚ ਰੋਜ਼ਨਾਮਚੇ ਔਰੰਗਜ਼ੇਬ ਨੂੰ ਯੁੱਧ ਦੀ ਜਾਣਕਾਰੀ ਦੇਣ ਦਾ ਇੱਕ ਜ਼ਰੀਆ ਸਨ। ਰੋਜ਼ਾਨਾ ਰੋਜ਼ਨਾਮਚਿਆਂ ਰਾਹੀਂ ਯੁੱਧ ਵਿੱਚ ਦਿਨ ਭਰ ਵਾਪਰਨ ਵਾਲੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਂਦਾ ਸੀ।

ਬੀਬੀ ਸ਼ਰਨ ਕੌਰ

ਤਸਵੀਰ ਸਰੋਤ, DGMC AND book Cover – Giani Amar Singh

ਸ਼ਰਨ ਕੌਰ ਕੌਣ ਸਨ

ਸ਼ਰਨ ਕੌਰ ਨੂੰ ਕਈ ਇਤਿਹਾਸਕਾਰ ਬੀਬੀ ਹਰਸ਼ਰਨ ਕੌਰ ਵੀ ਲਿਖਦੇ ਹਨ। ਉਨ੍ਹਾਂ ਦਾ ਪਰਿਵਾਰਕ ਪਿਛੋਕੜ ਪਿੰਡ ਰਾਏਪੁਰ (ਰੋਪੜ) ਦਾ ਹੈ। ਇੱਥੇ ਹੀ ਉਨ੍ਹਾਂ ਦੇ ਨਾਮ ਉੱਤੇ ਇਤਿਹਾਸਕ ਗੁਰਦੁਆਰਾ ਬਣਿਆ ਹੋਇਆ ਹੈ।

ਸਰਬਜਿੰਦਰ ਦੱਸਦੇ ਹਨ, “ਸ਼ਰਨ ਕੌਰ ਨੂੰ ਸਿੱਖ ਇਤਿਹਾਸ ਵਿੱਚ ਬਹਾਦਰੀ ਅਤੇ ਨਿਡਰਤਾ ਦੀ ਮਿਸਾਲ ਵਜੋਂ ਜਾਣਿਆ ਜਾਂਦਾ ਹੈ। ਉਹ 1705 ਵਿੱਚ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰਾਂ, ਜਿਨ੍ਹਾਂ ਨੂੰ ਵੱਡੇ ਸਾਹਿਬਜ਼ਾਦੇ ਵੀ ਆਖਿਆ ਜਾਂਦਾ ਹੈ ਅਤੇ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋਏ ਸਿੱਖਾਂ ਦਾ ਦਾਹ ਸੰਸਕਾਰ ਕਰਦਿਆਂ ਮੁਗ਼ਲ ਫੌਜਾਂ ਹੱਥੋਂ ਸ਼ਹੀਦ ਹੋ ਗਏ ਸਨ।”

ਉਹ ਚਮਕੌਰ ਸਾਹਿਬ ਦੇ ਨੇੜੇ ਸਥਿਤ ਪਿੰਡ ਰਾਏਪੁਰ ਰਾਣੀ ਵਸਨੀਕ ਪ੍ਰੀਤਮ ਸਿੰਘ ਨਾਲ ਵਿਆਹੇ ਹੋਏ ਸਨ।

ਪ੍ਰੀਤਮ ਸਿੰਘ ਸਰਸਾ ਨਦੀ ਉੱਤੇ ਗੁਰੂ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਉਨ੍ਹਾਂ ਦੇ ਨਾਲ ਸਨ। ਉਹ ਉਨ੍ਹਾਂ 40 ਸਿੱਖਾਂ ਵਿੱਚ ਸ਼ਾਮਲ ਸਨ ਜੋ ਚਮਕੌਰ ਦੀ ਗੜ੍ਹੀ ਵਿੱਚ ਮੁਗ਼ਲਾਂ ਦੇ ਹਜ਼ਾਰਾਂ ਫੌਜੀਆਂ ਨਾਲ ਲੜਦੇ ਜਾਨਾਂ ਵਾਰ ਗਏ ਸਨ।

ਬੀਬੀ ਸ਼ਰਨ ਕੌਰ

ਤਸਵੀਰ ਸਰੋਤ, DGMC AND book Cover – Giani Amar Singh

ਗੁਰੂ ਗੋਬਿੰਦ ਸਿੰਘ ਬੀਬੀ ਸ਼ਰਨ ਕੌਰ ਨੂੰ ਕਦੋਂ ਮਿਲੇ

ਪ੍ਰੋਫੈਸਰ ਸਰਬਜਿੰਦਰ ਸਿੰਘ ਨੇ ਦੱਸਿਆ, “ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੇ ਕਿਲ਼ੇ ਵਿੱਚੋਂ ਨਿਕਲੇ ਸਨ ਤਾਂ ਉਹ ਮਾਛੀਵਾੜੇ ਨੂੰ ਜਾਂਦਿਆਂ ਥੋੜੀ ਦੇਰ ਲਈ ਰਾਏਪੁਰ ਰਾਣੀ ਰੁਕੇ ਸਨ। ਇੱਥੇ ਉਨ੍ਹਾਂ ਨੇ ਸ਼ਰਨ ਕੌਰ ਨੂੰ ਜੰਗ ਦੌਰਾਨ ਸ਼ਹੀਦ ਹੋਏ ਦੋ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਅਤੇ ਸਿੱਖਾਂ ਦਾ ਸਸਕਾਰ ਕਰਨ ਲਈ ਕਿਹਾ ਸੀ।”

“ਇਸ ਮਗਰੋਂ ਸ਼ਰਨ ਕੌਰ ਨੇ ਜੰਗ ਦੇ ਮੈਦਾਨ ਵਿੱਚ ‘ਸ਼ਹੀਦ’ ਹੋਏ ਸਿੱਖ ਯੋਧਿਆਂ ਅਤੇ ਵੱਡੇ ਸਾਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਇੱਕ ਜਗ੍ਹਾ ਇਕੱਤਰ ਕਰਕੇ ਸਿੱਖ ਰੀਤੀ ਰਿਵਾਜਾਂ ਅਨੁਸਾਰ ਦਾਹ ਸਸਕਾਰ ਕੀਤਾ ਸੀ।”

ਸਰਬਜਿੰਦਰ ਨੇ ਦੱਸਿਆ ਕਿ ਸ਼ਰਨ ਕੌਰ ਨੇ, ਜਿਨ੍ਹਾਂ ਸਿੱਖਾਂ ਦਾ ਸਸਕਾਰ ਕੀਤਾ, ਉਨ੍ਹਾਂ ਵਿੱਚ ਉਨ੍ਹਾਂ ਦੇ ਪਤੀ ਪ੍ਰੀਤਮ ਸਿੰਘ ਅਤੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਵੀ ਸ਼ਾਮਲ ਸਨ।

ਗੁਰਦੁਆਰਾ ਬੀਬੀ ਮੁਮਤਾਜ਼

ਤਸਵੀਰ ਸਰੋਤ, Gurudwara Bibi Mumtaz

ਇਹ ਵੀ ਪੜ੍ਹੋ-

ਸ਼ਰਨ ਕੌਰ ਬਾਰੇ ਧਾਰਨਾਵਾਂ

ਇਸ ਦੌਰਾਨ ਅੱਗ ਦੀਆਂ ਲਪਟਾਂ ਦੇਖਕੇ ਨੇੜਲੇ ਪਿੰਡਾਂ ਦੇ ਰੰਗੜ ਮੁਗ਼ਲ ਫੌਜੀ ਮੌਕੇ ਉੱਤੇ ਪਹੁੰਚ ਗਏ ਅਤੇ ਇੱਥੇ ਹੀ ਸ਼ਰਨ ਕੌਰ ‘ਸ਼ਹੀਦ’ ਹੋ ਗਏ।

“ਬੀਬੀ ਸ਼ਰਨ ਕੌਰ ਦੀ ਸ਼ਹੀਦੀ ਬਾਰੇ ਦੋ ਧਾਰਨਾਵਾਂ ਪ੍ਰਚਲਿਤ ਹਨ। ਪਹਿਲੀ ਧਾਰਨਾ ਮੁਤਾਬਕ ਰੰਗੜਾਂ ਨੇ ਸ਼ਰਨ ਕੌਰ ਉੱਤੇ ਹਮਲਾ ਕੀਤਾ ਅਤੇ ਉਹਨਾਂ ਵੀ ਅਗਿਉਂ ਮੁਕਾਬਲਾ ਕੀਤਾ। ਇਸ ਮੁਕਾਬਲੇ ਦੌਰਾਨ ਸ਼ਰਨ ਕੌਰ ਸ਼ਹੀਦ ਹੋ ਗਏ ਅਤੇ ਉਨ੍ਹਾਂ ਨੂੰ ਬਲਦੀ ਚਿਖਾ ਵਿੱਚ ਸੁੱਟ ਦਿੱਤਾ ਗਿਆ। ਦੂਜੀ ਧਾਰਨਾ ਮੁਤਾਬਕ ਬੀਬੀ ਸ਼ਰਨ ਕੌਰ ਨੇ ਖ਼ੁਦ ਚਿਖਾ ਵਿੱਚ ਛਾਲ ਮਾਰਕੇ ਸ਼ਹਾਦਤ ਹਾਸਲ ਕੀਤੀ ਸੀ।”

ਬੀਬੀ ਮੁਮਤਾਜ਼

ਤਸਵੀਰ ਸਰੋਤ, Gurudwara Bibi Mumtaz

ਬੀਬੀ ਮੁਮਤਾਜ਼ ਕੌਣ ਸਨ

ਮੁਮਤਾਜ਼ ਬੀਬੀ ਦਾ ਪਿਛੋਕੜ ਅਜਿਹੇ ਮੁਸਲਮਾਨ ਪਰਿਵਾਰ ਤੋਂ ਹੈ, ਜੋ ਗੁਰੂ ਗੋਬਿੰਦ ਸਿੰਘ ਦਾ ਮੁਰੀਦ ਸੀ। ਉਨ੍ਹਾਂ ਦੀ ਯਾਦ ਵਿੱਚ ਚੰਡੀਗੜ੍ਹ ਅਤੇ ਰੋਪੜ ਵਿਚਾਲੇ ਪੁਰਖਾਲੀ ਕਸਬੇ ਨੇੜੇ ਇੱਕ ਗੁਰੂਦੁਆਰਾ ਸਾਹਿਬ ਉਸਾਰਿਆ ਗਿਆ ਹੈ।

ਇੱਥੇ ਲਿਖੇ ਗਏ ਇਤਿਹਾਸ ਮੁਤਾਬਕ ਮੁਮਤਾਜ਼ ਇੱਕ ਕਾਰੋਬਾਰੀ ਪਠਾਣ ਨਿਹੰਗ ਖ਼ਾਨ ਦੀ ਪੁੱਤਰੀ ਸੀ। ਨਿਹੰਗ ਖ਼ਾਨ ਦਾ ਆਪਣਾ ਇੱਟਾਂ ਦਾ ਭੱਠਾ ਸੀ ਅਤੇ ਉਹ ਕੋਟਲਾ ਪਿੰਡ ਦੇ ਵਸਨੀਕ ਸਨ। ਉਹ ਕੋਟਲ਼ਾ ਨਿਹੰਗ ਖ਼ਾਨ ਦੇ ਨਾਮ ਨਾਲ ਹੀ ਮਸ਼ਹੂਰ ਸੀ।

ਰੋਪੜ-ਚੰਡੀਗੜ੍ਹ ਹਾਈਵੇਅ ਉੱਤੇ ਇਹ ਪਿੰਡ ਰੋਪੜ ਸ਼ਹਿਰ ਦੇ ਦੱਖਣ-ਪੂਰਬੀ ਖੇਤਰ ਵਿੱਚ ਪੈਂਦਾ ਹੈ, ਇਸ ਪਿੰਡ ਨੂੰ ਕੋਟਲ਼ਾ ਨਿਹੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੇ ਵੀ ਇੱਕ ਇਤਿਹਾਸਕ ਗੁਰਦੁਆਰਾ ਉਸਾਰਿਆ ਗਿਆ ਹੈ।

ਸਰਬਜਿੰਦਰ ਸਿੰਘ ਦੱਸਦੇ ਹਨ, “ਗੁਰੂ ਗੋਬਿੰਦ ਸਿੰਘ ਜੀ ਕਈ ਵਾਰੀ ਨਿਹੰਗ ਖ਼ਾਨ ਕੋਲ ਰੁਕੇ ਸਨ। ਨਿਹੰਗ ਖ਼ਾਨ ਨਾਲ ਗੁਰੂ ਗੋਬਿੰਦ ਸਿੰਘ ਦੀ ਪਹਿਲੀ ਮੁਲਾਕਾਤ ਉਦੋਂ ਹੋਈ ਸੀ ਜਦੋਂ ਗੁਰੂ ਗੋਬਿੰਦ ਸਿੰਘ ਪਾਉਂਟਾ ਸਾਹਿਬ ਤੋਂ ਇਸ ਏਰੀਏ ਵੱਲ ਆਉਂਦੇ ਹਨ।”

ਬੀਬੀ ਮੁਮਤਾਜ਼

ਤਸਵੀਰ ਸਰੋਤ, Gurudwara Bibi Mumtaz

ਭਾਈ ਬਚਿੱਤਰ ਦੀ ਇਤਿਹਾਸਕ ਸਾਖੀ

ਪ੍ਰੋਫੈਸਰ ਸਰਬਜਿੰਦਰ ਨੇ ਦੱਸਿਆ, “ਜਦੋਂ ਸਰਸਾ ਨਦੀ ਉੱਤੇ ਯੁੱਧ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਰੱਖਿਆ ਘੇਰਾ ਮੁਹੱਈਆ ਕਰਵਾਇਆ ਗਿਆ, ਤਾਂ ਭਾਈ ਬਚਿੱਤਰ ਸਿੰਘ ਵੀ ਇੱਥੇ ਤੈਨਾਤ ਸਨ। ਇਸ ਦੌਰਾਨ ਬਚਿੱਤਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਅਤੇ ਗੁਰੂ ਗੋਬਿੰਦ ਸਿੰਘ ਖ਼ੁਦ ਆਪਣੇ ਘੋੜੇ ਉੱਤੇ ਬਚਿੱਤਰ ਸਿੰਘ ਨੂੰ ਚੁੱਕ ਕੇ ਸਰਸਾ ਨਦੀ ਤੋਂ ਪਾਰ ਲੈ ਕੇ ਜਾਂਦੇ ਹਨ।”

ਉਨ੍ਹਾਂ ਅੱਗੇ ਦੱਸਿਆ, “ਸਰਸਾ ਨਦੀ ਪਾਰ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਕੋਟਲ਼ਾ ਨਿਹੰਗ ਖ਼ਾਨ ਪਹੁੰਚਦੇ ਹਨ। ਇੱਥੇ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਨਿਹੰਗ ਖ਼ਾਨ ਨੂੰ ਬਚਿੱਤਰ ਸਿੰਘ ਦਾ ਇਲਾਜ ਅਤੇ ਸੇਵਾ ਕਰਨ ਲਈ ਕਹਿੰਦੇ ਹਨ। ਇਸ ਮਗਰੋਂ ਗੁਰੂ ਗੋਬਿੰਦ ਸਿੰਘ ਇੱਥੋਂ ਅੱਗੇ ਕੂਚ ਕਰ ਜਾਂਦੇ ਹਨ।”

ਗੁਰਦੁਆਰਾ ਬੀਬੀ ਮੁਮਤਾਜ਼

ਤਸਵੀਰ ਸਰੋਤ, Gurudwara Bibi Mumtaz

ਮੁਮਤਾਜ਼ ਨੇ ਬਚਿੱਤਰ ਸਿੰਘ ਨੂੰ ਪਤੀ ਕਿਵੇਂ ਮੰਨਿਆ

ਸਰਬਜਿੰਦਰ ਸਿੰਘ ਕਹਿੰਦੇ ਹਨ, “ਇਸ ਦੌਰਾਨ ਰੋਪੜ ਦੇ ਵੱਡੇ ਅਹਿਲਕਾਰ (ਇਕ ਤਰ੍ਹਾਂ ਦੇ ਥਾਣੇਦਾਰ) ਨੂੰ ਗੁਰੂ ਗੋਬਿੰਦ ਸਿੰਘ ਦੇ ਨਿਹੰਗ ਖ਼ਾਨ ਦੇ ਘਰ ਪਹੁੰਚਣ ਦੀ ਜਾਣਕਾਰੀ ਮਿਲਦੀ ਹੈ। ਜਦੋਂ ਅਹਿਲਕਾਰ ਨਿਹੰਗ ਖ਼ਾਨ ਦੇ ਘਰ ਪਹੁੰਚਦਾ ਹੈ ਤਾਂ ਗੁਰੂ ਗੋਬਿੰਦ ਇੱਥੋਂ ਨਿਕਲ ਚੁੱਕੇ ਹੁੰਦੇ ਹਨ।”

“ਇਸੇ ਸਮੇਂ ਇਕ ਕਮਰੇ ਵਿੱਚ ਬਚਿੱਤਰ ਸਿੰਘ ਜ਼ਖ਼ਮੀ ਪਏ ਹੁੰਦੇ ਹਨ। ਅਹਿਲਕਾਰ ਨਿਹੰਗ ਖ਼ਾਨ ਨੂੰ ਪੁੱਛਦਾ ਹੈ ਕਿ ਇਸ ਕਮਰੇ ਵਿੱਚ ਕੀ ਹੈ ਤਾਂ ਨਿਹੰਗ ਖ਼ਾਨ ਜਵਾਬ ਦਿੰਦਾ ਹੈ ਕਿ ਇਸ ਕਮਰੇ ਵਿੱਚ ਮੇਰੀ ਧੀ ਅਤੇ ਜਵਾਈ ਸੁੱਤੇ ਹੋਏ ਹਨ। ਇਸ ਮਗਰੋਂ ਅਹਿਲਕਾਰ ਉਸ ਕਮਰੇ ਵਿੱਚ ਦਾਖ਼ਲ ਨਹੀਂ ਹੁੰਦਾ।”

ਸਰਬਜਿੰਦਰ ਕਹਿੰਦੇ ਹਨ ਕਿ ਇਸ ਦਿਨ ਤੋਂ ਮਗਰੋਂ ਮੁਮਤਾਜ਼ ਨੇ ਬਚਿੱਤਰ ਸਿੰਘ ਨੂੰ ਹੀ ਆਪਣਾ ਪਤੀ ਮੰਨਿਆ ਸੀ।

ਭਾਵੇਂ ਕਿ ਬਚਿੱਤਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਇਹ ਦੋਵੇਂ ਰਸਮੀਂ ਵਿਆਹ ਦੇ ਬੰਧਨ ਵਿੱਚ ਨਹੀਂ ਬੱਝੇ ਸਨ। ਪਰ ਮੁਮਤਾਜ਼ ਨੇ ਇਸ ਘਟਨਾ ਦਾ ਹਵਾਲਾ ਦਿੰਦਿਆਂ ਵਿਆਹ ਕਰਵਾਉਣ ਤੋਂ ਵੀ ਮਨ੍ਹਾ ਕਰ ਦਿੱਤਾ ਸੀ।

ਉਨ੍ਹਾਂ ਦੱਸਿਆ, “ਇੱਕ ਵਾਰੀ ਮੁਮਤਾਜ਼ ਦੀ ਭੂਆ ਨੇ ਉਸਦਾ ਰਿਸ਼ਤਾ ਬੱਸੀ ਪਠਾਣਾਂ ਦੇ ਜਵਾਰ ਖ਼ਾਨ ਨਾਲ ਤੈਅ ਕੀਤਾ ਸੀ। ਜਦੋਂ ਉਨ੍ਹਾਂ ਦੀ ਭੂਆ ਨੇ ਵਿਆਹ ਵਾਲੀ ਗੱਲ ਤੋਰੀ ਤਾਂ ਮੁਮਤਾਜ਼ ਨੇ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਸੀ।”

“ਮੁਮਤਾਜ਼ ਨੇ ਕਿਹਾ ਸੀ ਕਿ ਉਸ ਦਾ ਪਤੀ ਬਚਿੱਤਰ ਸਿੰਘ ਹੈ। ਜਦੋਂ ਉਸ ਦੇ ਪਿਤਾ ਅਤੇ ਭੂਆ ਨੇ ਇਸ ਬਾਰੇ ਪੁੱਛਿਆ ਤਾਂ ਮੁਮਤਾਜ਼ ਨੇ ਜਵਾਬ ਦਿੰਦੇ ਹੋਏ ਉਸ ਦੇ ਪਿਤਾ ਵੱਲੋਂ ਅਹਿਲਕਾਰ ਨੂੰ ਦਿੱਤੇ ਜਵਾਬ ਦਾ ਜ਼ਿਕਰ ਕੀਤਾ।”

ਇਤਿਹਾਸਕ ਹਵਾਲੇ ਮਿਲਦੇ ਹਨ ਕਿ ਮੁਮਤਾਜ਼ ਨੇ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ ਅਤੇ ਪੁਰਖਾਲੀ ਨੇੜੇ ਉਸ ਅਸਥਾਨ ਉੱਤੇ ਜੀਵਨ ਦੇ ਆਖ਼ਰੀ ਦਿਨ ਗੁਜਾਰੇ, ਇੱਥੇ ਹੀ ਉਨ੍ਹਾਂ ਦੀ ਕਬਰ ਬਣੀ ਹੋਈ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI