Source :- BBC PUNJABI

 ਪ੍ਰਧਾਨ ਬਾਬਾ ਖੜਕ ਸਿੰਘ

ਤਸਵੀਰ ਸਰੋਤ, SGPC/X

ਅੰਮ੍ਰਿਤਸਰ ਵਿਚਲੇ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਲਈ ਲੱਗਾ ‘ਚਾਬੀਆਂ ਦਾ ਮੋਰਚਾ’ ਅਣਵੰਡੇ ਪੰਜਾਬ ਵਿੱਚ ਅਕਾਲੀ ਲਹਿਰ ਦੇ ਨਾਲ-ਨਾਲ ਭਾਰਤ ਦੀ ਆਜ਼ਾਦੀ ਦੀ ਤਹਿਰੀਕ ਦੀ ਵੀ ਪ੍ਰਮੁੱਖ ਘਟਨਾ ਸੀ।

ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਨੂੰ ‘ਦਰਬਾਰ ਸਾਹਿਬ’ ਅਤੇ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ। ਇਹ ਸਿੱਖ ਕੌਮ ਦਾ ਕੇਂਦਰੀ ਰੂਹਾਨੀ ਸਰੋਤ ਹੈ।

‘ਚਾਬੀਆਂ ਦਾ ਮੋਰਚਾ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਰੇਸ਼ਮੀ ਕੱਪੜੇ ‘ਚ ਲਿਪਟੀਆਂ ਦਰਬਾਰ ਸਾਹਿਬ ਦੀਆਂ ਚਾਬੀਆਂ ਸੌਂਪਣ ਨਾਲ ਖ਼ਤਮ ਹੋਇਆ ਸੀ।

20 ਜਨਵਰੀ ਦੇ ਦਿਨ ਹਰ ਸਾਲ ਇਸ ਮੋਰਚੇ ਦੀ ਵਰ੍ਹੇਗੰਢ ਮਨਾਈ ਜਾਂਦੀ ਹੈ।

ਇਤਿਹਾਸਕਾਰਾਂ ਮੁਤਾਬਕ ‘ਚਾਬੀਆਂ ਦੇ ਮੋਰਚੇ’ ਦਾ ਨਿਰੋਲ ਸਬੰਧ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਨਾਲ ਸੀ ਪਰ ਇਸ ਲਹਿਰ ਨੂੰ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਆਗੂਆਂ ਦਾ ਵੀ ਸਮਰਥਨ ਮਿਲਿਆ।

ਇਸ ‘ਨੌਨ ਵਾਇਓਲੈਂਟ'(ਅਹਿੰਸਕ) ਲਹਿਰ ਨੇ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਦੇ ਹਰਿਆਵਲ ਦਸਤੇ ਵਜੋਂ ਹੋਂਦ ਵਿੱਚ ਆਏ ਅਕਾਲੀ ਦਲ ਵਿੱਚ ਰੂਹ ਫੂਕਣ ਦਾ ਵੀ ਕੰਮ ਕੀਤਾ ਅਤੇ ਇਸ ਦੇ ਲੋਕਾਂ ਵਿੱਚ ਆਧਾਰ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਇਸ ਲਹਿਰ ਨੇ ਹੀ ਅਕਾਲੀ ਦਲ ਨੂੰ ਪੰਜਾਬ ਦੀ ਪ੍ਰਮੁੱਖ ਸਿਆਸੀ ਸ਼ਕਤੀ ਵਜੋਂ ਉਭਾਰਿਆ ਸੀ।

ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜੇ ਵਿੱਚੋਂ ਆਜ਼ਾਦ ਕਰਵਾਉਣ ਦੀ ਲਹਿਰ ਨੂੰ ਗੁਰਦੁਆਰਾ ਸੁਧਾਰ ਲਹਿਰ ਕਿਹਾ ਜਾਂਦਾ ਹੈ।

ਗੁਰਦੁਆਰਾ ਸੁਧਾਰ ਲਹਿਰ ਦੇ ਅਹਿਮ ਘੋਲ਼ ‘ਚਾਬੀਆਂ ਦੇ ਮੋਰਚੇ’ ਵਿੱਚ ਮਿਲੀ ਫਤਿਹ ਤੋਂ ਬਾਅਦ ਬਾਬਾ ਖੜਕ ਸਿੰਘ ਨੂੰ ਮੋਹਨ ਦਾਸ ਕਰਮ ਚੰਦ ਗਾਂਧੀ ਵੱਲੋਂ ਸੁਨੇਹਾ ਮਿਲਿਆ ਸੀ, “ਹਿੰਦੁਸਤਾਨ ਦੀ ਅਜ਼ਾਦੀ ਲਈ ਪਹਿਲੀ ਲੜਾਈ ਜਿੱਤ ਲਈ ਗਈ, ਵਧਾਈਆਂ ਹੋਣ।”

ਇਸ ਸੁਨੇਹੇ ਦਾ ਹਵਾਲਾ ਇਤਿਹਾਸਕਾਰ ਸੋਹਣ ਸਿੰਘ ਜੋਸ਼ ਨੇ ਆਪਣੀ ਕਿਤਾਬ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਵਿੱਚ ਦਿੱਤਾ ਹੈ।

‘ਚਾਬੀਆਂ ਦਾ ਮੋਰਚਾ’ ਗੁਰਦੁਆਰਾ ਸੁਧਾਰ ਲਹਿਰ ਦਾ ਇੱਕ ਫ਼ੈਸਲਾਕੁੰਨ ਮੋਰਚਾ ਹੋ ਨਿੱਬੜਿਆ ਸੀ।

ਇਤਿਹਾਸਕਾਰਾਂ ਮੁਤਾਬਕ ਇਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਸਿੱਖ ਭਾਈਚਾਰੇ ਦੀ ਅਗਵਾਈ ਲਈ ਇੱਕ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਅਜਿਹੇ ਆਗੂਆਂ ਨੂੰ ਵੀ ਉਭਾਰਿਆ, ਜਿਨ੍ਹਾਂ ਨੇ ਅੱਗੇ ਚੱਲ ਕੇ ਸਿੱਖਾਂ ਦੀ ਅਵਗਾਈ ਕੀਤੀ।

ਸਮਕਾਲੀ ਲੇਖਕ ਅਤੇ ਵਿਗਿਆਨੀ ਰੁਚੀ ਰਾਮ ਸਾਹਨੀ ਆਪਣੀ ਕਿਤਾਬ ਵਿੱਚ ਲਿਖ਼ਦੇ ਹਨ, ”ਮੇਰੇ ਖਿਆਲ ਵਿੱਚ ਅਕਾਲੀ ਮੂਵਮੈਂਟ ਮਹਾਤਮਾ ਗਾਂਧੀ ਦੀਆਂ ਅਹਿੰਸਾ ਦੀਆਂ ਸਿੱਖਿਆਵਾਂ ਦੀ ਸਭ ਤੋਂ ਪ੍ਰੇਰਣਾਮਈ ਉਦਾਹਰਨ ਹੈ।”

ਬੀਬੀਸੀ ਪੰਜਾਬੀ

ਗੁਰਦੁਆਰਾ ਸੁਧਾਰ ਲਹਿਰ ਕਿਉਂ ਸ਼ੁਰੂ ਹੋਈ?

ਦਰਬਾਰ ਸਾਹਿਬ

ਤਸਵੀਰ ਸਰੋਤ, Getty Images

ਸਾਲ 1922 ਵਿੱਚ ਲਿਖੀ ਆਪਣੀ ਕਿਤਾਬ ‘ਸਟਰਗਲ ਫਾਰ ਰਿਫਾਰਮ ਇੰਨ ਸਿੱਖ ਸ਼ਰਾਈਨਜ਼’ ਵਿੱਚ ਰੁਚੀ ਰਾਮ ਸਾਹਨੀ ਲਿਖਦੇ ਹਨ ਕਿ ਬ੍ਰਿਟਿਸ਼ ਸ਼ਾਸਕਾਂ ਦੇ ਪੰਜਾਬ ‘ਤੇ ਕਬਜ਼ੇ ਤੋਂ ਬਾਅਦ ਵੱਖ-ਵੱਖ ਗੁਰਦੁਆਰਿਆਂ ਵਿਚਲੇ ਮਹੰਤਾਂ ਅਤੇ ਸਾਧੂਆਂ ਦੇ ਮਨਾਂ ਵਿੱਚੋਂ ਸਿੱਖ ਸੰਗਤ ਦਾ ਡਰ ਖ਼ਤਮ ਹੋ ਗਿਆ ਸੀ।

ਉਹ ਲਿਖਦੇ ਹਨ, “ਕਈ ਗੁਰਦੁਆਰਿਆਂ ਵਿੱਚ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਜੋ ਕਿ ਸਿੱਖ ਸਿੱਖਿਆਵਾਂ ਦੇ ਉਲਟ ਸੀ।”

ਸਾਲ 1880 ਤੱਕ ਆਉਂਦਿਆਂ ਸਿੱਖ ਧਰਮ ਵਿੱਚ ਜਾਗਰੁਕਤਾ, ਗੁਰਦੁਆਰਿਆਂ ਵਿੱਚ ਸੁਧਾਰ ਅਤੇ ਅਨਪੜ੍ਹਤਾ ਨੂੰ ਹਟਾਉਣ ਲਈ ‘ਸਿੰਘ ਸਭਾ ਲਹਿਰ’ ਦੀ ਸ਼ੁਰੂਆਤ ਹੋਈ।

ਸੋਹਣ ਸਿੰਘ ਜੋਸ਼ ਲਿਖਦੇ ਹਨ ਕਿ ਇਸ ਦੌਰਾਨ ਸਿੱਖਾਂ ਵੱਲੋਂ ਸੁਧਾਰ ਲਈ ਲਾਹੌਰ ਖਾਲਸਾ ਦੀਵਾਨ ਅਤੇ ਹੋਰ ਸੰਸਥਾਵਾਂ ਬਣਾਈਆਂ ਗਈਆਂ ਸਨ, ਇਸ ਦੇ ਦੌਰਾਨ ਹੀ ਸਿੱਖ, ਧਾਰਮਿਕ ਅਸਥਾਨਾਂ ਉੱਤੇ ਕਾਬਜ਼ ‘ਮਹੰਤਾਂ'(ਪੁਜਾਰੀਆਂ) ਬਾਰੇ ਵੀ ਚੇਤੰਨ ਹੋਏ।

ਸੋਹਣ ਸਿੰਘ ਜੋਸ਼ ਭਗਤ ਸਿੰਘ ਵੱਲੋਂ ਬਣਾਈ ਗਈ ਨੌਜਵਾਨ ਭਾਰਤ ਸਭਾ ਦੇ ਮੈਂਬਰ ਰਹੇ ਸਨ। ਉਹ ਸਾਲ 1937 ਵਿੱਚ ਪੰਜਾਬ ਵਿੱਚ ਹੋਈਆਂ ਅਸੰਬਲੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਚੁਣੇ ਗਏ ਸਨ।

ਸੋਹਣ ਸਿੰਘ ਲਿਖਦੇ ਹਨ ਕਿ ਇਨ੍ਹਾਂ ਮਹੰਤਾਂ ਦਾ ਗੁਰਦੁਆਰਿਆਂ ਦੀਆਂ ਜਾਇਦਾਦਾਂ ਅਤੇ ਜਗੀਰਾਂ ਉੱਤੇ ਕੰਟਰੋਲ ਵੀ ਸੀ, ਜਿਸ ਤੋਂ ਉਨ੍ਹਾਂ ਨੂੰ ਚੰਗੀ ਆਮਦਨ ਮਿਲਦੀ ਸੀ।ਇਸ ਦੇ ਖਿਲਾਫ਼ ਹੀ ਸਿੱਖ ਕਾਰਕੁਨਾਂ ਵੱਲੋਂ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਕੀਤੀ ਗਈ।

ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ‘ਤਰਨ ਤਾਰਨ ਮੋਰਚੇ’ ਤੋਂ ਹੋਈ ਸੀ। ਇਹ ਮੋਰਚਾ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਨੂੰ ਮਹੰਤਾਂ ਦੇ ਕਬਜ਼ੇ ਤੋਂ ਛੁਡਵਾਉਣ ਲਈ ਲਾਇਆ ਗਿਆ ਸੀ।

ਇਹ ਵੀ ਪੜ੍ਹੋ-
ਬਾਬਾ ਖੜਕ ਸਿੰਘ

ਤਸਵੀਰ ਸਰੋਤ, X/SAD

ਜਲ੍ਹਿਆਂਵਾਲਾ ਬਾਗ਼ ਅਤੇ ਦਰਬਾਰ ਸਾਹਿਬ

ਸਾਲ 1919 ਵਿੱਚ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚਲੇ ਜਲ੍ਹਿਆਂਵਾਲਾ ਬਾਗ਼ ਵਿੱਚ ਬ੍ਰਿਟਿਸ਼ ਸਰਕਾਰ ਦੇ ਰੌਲੈਟ ਐਕਟ ਦੇ ਖ਼ਿਲਾਫ਼ ਲੋਕ ਮੁਜ਼ਾਹਰਾ ਕਰਨ ਲਈ ਪਹੁੰਚੇ ਸਨ, ਜਿਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ।

ਰੁਚੀ ਰਾਮ ਸਾਹਨੀ ਲਿਖਦੇ ਹਨ ਕਿ ਇਸ ਕਤਲੇਆਮ ਤੋਂ ਬਾਅਦ ਜਨਰਲ ਡਾਇਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਨਮਾਨਿਤ ਕੀਤਾ ਗਿਆ ਸੀ, ਇਸ ਨੂੰ ਸਿੱਖ ਭਾਈਚਾਰੇ ਵੱਲੋ ਇੱਕ ਹੱਤਕ ਮੰਨਿਆ ਗਿਆ ਸੀ।

ਇਸ ਮਗਰੋਂ ਦਰਬਾਰ ਸਾਹਿਬ ਦੇ ਮੈਨੇਜਰ (ਸਰਬਰਾਹ) ਅਰੂੜ ਸਿੰਘ ਨੂੰ ਹਟਾਏ ਜਾਣ ਨੂੰ ਲੈ ਕੇ ਮੋਰਚਾ ਸ਼ੁਰੂ ਹੋ ਗਿਆ।

ਸਰਕਾਰ ਵੱਲੋਂ ਅਕਾਲੀਆਂ ਦੀਆਂ ਮੰਗਾਂ ਵੱਲ ਖਾਸ ਧਿਆਨ ਨਾ ਦਿੱਤਾ ਗਿਆ ਪਰ ਸਿੱਖਾਂ ਦੇ ਵਿਰੋਧ ਦੇ ਕਾਰਨ ‘ਸਰਦਾਰ ਬਹਾਦੁਰ’ ਅਰੂੜ ਸਿੰਘ ਨੇ ਆਪਣੇ ਆਪ ਅਸਤੀਫ਼ਾ ਦੇ ਦਿੱਤਾ।

ਇਸ ਮਗਰੋਂ ਬ੍ਰਿਟਿਸ਼ ਸਰਕਾਰ ਵੱਲੋਂ ਜੁਲਾਈ 1920 ਵਿੱਚ ਸੁੰਦਰ ਸਿੰਘ ਰਾਮਗੜ੍ਹੀਆ ਨੂੰ ਮੈਨੇਜਰ ਲਾਇਆ ਗਿਆ।

ਪਿਛੜੀਆਂ ਜਾਤਾਂ ਨਾਲ ਵਿਤਕਰੇ ਖਿਲਾਫ਼ ਕਾਰਵਾਈ

ਰੁਚੀ ਰਾਮ ਲਿਖਦੇ ਹਨ ਕਿ ਇਸੇ ਦੌਰਾਨ ਦਰਬਾਰ ਸਾਹਿਬ ਦੇ ਪੁਜਾਰੀਆਂ ਵੱਲੋਂ ਪਿਛੜੀ ਜਾਤ ਨਾਲ ਸਬੰਧ ਰੱਖਦੇ ਸਿੱਖਾਂ ਨਾਲ ਭੇਦ-ਭਾਵ ਕੀਤਾ ਜਾਂਦਾ ਸੀ।

ਉਨ੍ਹਾਂ ਵੱਲੋਂ ਭੇਟਾ ਕੀਤੇ ਜਾਂਦੇ ਕੜ੍ਹਾਹ ਪ੍ਰਸ਼ਾਦ ਨੂੰ ਮਿੱਥੇ ਸਮੇਂ ਤੋਂ ਬਾਅਦ ਪ੍ਰਵਾਨ ਨਹੀਂ ਕੀਤਾ ਜਾਂਦਾ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਸਤਾਵੇਜਾਂ ਮੁਤਾਬਕ ਅਕਤੂਬਰ 1920 ਦੌਰਾਨ ਕਈ ਅਕਾਲੀ ਅੰਮ੍ਰਿਤਧਾਰੀ ਦਲਿਤ ਸਿੱਖਾਂ ਨਾਲ ਦਰਬਾਰ ਸਾਹਿਬ ਵਿੱਚ ਕੜਾਹ ਪ੍ਰਸ਼ਾਦ ਲੈ ਕੇ ਗਏ। ਇਸ ਮਗਰੋਂ ਪੁਜਾਰੀਆਂ ਨੇ ਇਹ ਕੜ੍ਹਾਹ ਪ੍ਰਸ਼ਾਦ ਪ੍ਰਵਾਨ ਕਰਨ ਤੋਂ ਮਨ੍ਹਾ ਕਰ ਦਿੱਤਾ ਪਰ ਜ਼ੋਰ ਪਾਉਣ ਮਗਰੋਂ ਅਰਦਾਸ ਕਰਨ ਲਈ ਮੰਨ ਗਏ।

ਰੁਚੀ ਰਾਮ ਸਾਹਨੀ ਮੁਤਾਬਕ ਇਸ ਘਟਨਾ ਤੋਂ ਬਾਅਦ ਪੁਜਾਰੀ ਦਰਬਾਰ ਸਾਹਿਬ ਖਾਲੀ ਕਰਕੇ ਚਲੇ ਗਏ। ਉਨ੍ਹਾਂ ਤੋਂ ਬਾਅਦ ਅਕਾਲ ਤਖ਼ਤ ਤੋਂ ਵੀ ਪੁਜਾਰੀ ਚਲੇ ਗਏ ਅਤੇ ਇਸ ਤਰ੍ਹਾਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਦਾ ਕੰਟਰੋਲ ਅਕਾਲੀਆਂ ਦੇ ਹੱਥਾਂ ਵਿੱਚ ਆ ਗਿਆ।

ਇਸ ਮਗਰੋਂ ਨਵੰਬਰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ।

ਤਰਨ ਤਾਰਨ ਸਾਹਿਬ ਅਤੇ ਨਨਕਾਣਾ ਸਾਹਿਬ ਵਿਖੇ ਕਤਲੇਆਮ

‘ਚਾਬੀਆਂ ਦੇ ਮੋਰਚੇ’ ਤੋਂ ਪਹਿਲਾਂ ਤਰਨ ਤਾਰਨ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦਾ ਪ੍ਰਬੰਧ ਮਹੰਤਾਂ ਕੋਲੋਂ ਲੈਣ ਲਈ ਵੀ ਮੋਰਚਾ ਲੱਗਾ, ਜਿਸ ਵਿੱਚ ਕਈ ਅਕਾਲੀ ਕਾਰਕੁਨਾਂ ਦੀਆਂ ਜਾਨਾਂ ਗਈਆਂ।

ਜਨਵਰੀ 1921 ਨੂੰ ਅਕਾਲੀ, ਤਰਨ ਤਾਰਨ ਸਾਹਿਬ ਦੇ ਮਹੰਤ ਨਾਲ ਗੱਲਬਾਤ ਲਈ ਗਏ, ਇਸ ਦੌਰਾਨ ਉਨ੍ਹਾਂ ਉੱਤੇ ਹਮਲਾ ਹੋਇਆ ਜਿਸ ਵਿੱਚ ਦੋ ਜਣਿਆਂ ਦੀ ਮੌਤ ਹੋਈ ਸੀ।

ਫਰਵਰੀ 1921 ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿੱਚ ਅਕਾਲੀ ਆਗੂ ਲਛਮਣ ਸਿੰਘ ਧਾਰੋਵਾਲ ਸਣੇ ਦਰਜਨਾਂ ਸਿੱਖਾਂ ਨੂੰ ਮਹੰਤ ਨਰਾਇਣ ਦਾਸ ਵੱਲੋਂ ਭਾੜੇ ਉੱਤੇ ਲਏ ਗੁੰਡਿਆਂ ਵੱਲੋਂ ਮਾਰ ਦਿੱਤਾ ਗਿਆ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਸਤਾਵੇਜੀ ਸਰੋਤਾਂ ਮੁਤਾਬਕ ਇਸ ਕਤਲੇਆਮ ਵਿੱਚ 168 ਜਣਿਆਂ ਦੀ ਮੌਤ ਹੋਈ ਸੀ।

21 ਫਰਵਰੀ 1921 ਨੂੰ ਲਾਹੌਰ ਦੇ ਕਮਿਸ਼ਨਰ ਵੱਲੋਂ ਨਨਕਾਣਾ ਸਾਹਿਬ ਗੁਰਦੁਆਰੇ ਦੀਆਂ ਚਾਬੀਆਂ ਐੱਸਜੀਪੀਸੀ ਦੀ ਨੁਮਾਇੰਦਗੀ ਕਰਦੀ ਸਿੱਖਾਂ ਦੀ 7 ਮੈਂਬਰੀ ਕਮੇਟੀ ਨੂੰ ਸੌਂਪ ਦਿੱਤੀਆਂ ਗਈਆਂ ਸਨ।

‘ਚਾਬੀਆਂ ਦਾ ਮੋਰਚਾ’ ਕਿਉਂ ਲੱਗਾ?

1920 ‘ਚ ਸ੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਦਾ ਕੰਟਰੋਲ ਅਕਾਲੀਆਂ ਹੱਥ ਆ ਜਾਣ ਤੋਂ ਬਾਅਦ ਵੀ ਸਰਕਾਰ ਵੱਲੋਂ ਰਸਮੀ ਤੌਰ ਉੱਤੇ ਉਨ੍ਹਾਂ ਦਾ ਪ੍ਰਬੰਧ ਸਵੀਕਾਰ ਨਹੀਂ ਕੀਤਾ ਗਿਆ ਸੀ।

ਦਰਬਾਰ ਸਾਹਿਬ ਦੇ ਤੋਸ਼ਾਖਾਨੇ ਦੀਆਂ ਚਾਬੀਆਂ ਬ੍ਰਿਟਿਸ਼ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਸਰਬਰਾਹ ਸੁੰਦਰ ਸਿੰਘ ਰਾਮਗੜ੍ਹੀਆਂ ਕੋਲ ਸਨ।

ਅਕਤੂਬਰ 1921 ਨੂੰ ਐਸਜੀਪੀਸੀ ਨੇ ਇਹ ਮਤਾ ਪਾਸ ਕੀਤਾ ਕਿ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਲ ਹੋਣੀਆਂ ਚਾਹੀਦੀਆਂ ਹਨ।

ਇਹ ਖ਼ਬਰ ਮਿਲਦਿਆਂ ਹੀ ਸਰਕਾਰੀ ਅਧਿਕਾਰੀ ਸੁੰਦਰ ਸਿੰਘ ਰਾਮਗੜ੍ਹੀਆ ਦੇ ਘਰ ਚਾਬੀਆਂ ਲੈਣ ਲਈ ਪਹੁੰਚ ਗਏ, ਉਨ੍ਹਾਂ ਨੇ ਚਾਬੀਆਂ ਦੇ ਦਿੱਤੀਆਂ ਅਤੇ ਐੱਸਜੀਪੀਸੀ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ।

ਸੋਹਣ ਸਿੰਘ ਜੋਸ਼ ਲਿਖਦੇ ਹਨ ਕਿ ਸਰਕਾਰ ਵੱਲੋਂ ਚਾਬੀਆਂ ਲੈਣ ਦੀ ਘਟਨਾ ਨੇ ”ਸਿੱਖਾਂ ਦੇ ਗੁੱਸੇ ਨੂੰ ਤਪਾ ਕੇ ਲਾਲ ਸੂਹਾ ਕਰ ਦਿੱਤਾ”।

ਇਸ ਤੋਂ ਬਾਅਦ ਸ਼ੁਰੂ ਹੋਏ ਮੋਰਚੇ ਨੂੰ ਹੀ ‘ਚਾਬੀਆਂ ਦਾ ਮੋਰਚਾ’ ਕਿਹਾ ਜਾਂਦਾ ਹੈ।

ਦਰਬਾਰ ਸਾਹਿਬ ਵਿਚਲੀ 1907 ਦੀ ਤਸਵੀਰ

ਤਸਵੀਰ ਸਰੋਤ, Getty Images

ਚਾਬੀਆਂ ਨੂੰ ਲੈ ਕੇ ਸਰਕਾਰ ਦੇ ਮਨ ਵਿੱਚ ਕੀ ਡਰ ਸੀ?

ਸੋਹਣ ਸਿੰਘ ਮੁਤਾਬਕ, ਇਸ ਮਗਰੋਂ ਸਰਕਾਰ ਖ਼ਿਲਾਫ ਆਪਣਾ ਸੁਨੇਹਾ ਪਹੁੰਚਾਉਣ ਲਈ ਅਕਾਲੀਆਂ ਵੱਲੋਂ ਵੱਖ-ਵੱਖ ਕਾਨਫਰੰਸਾਂ ਕੀਤੀਆਂ ਜਾਣ ਲੱਗੀਆਂ।

ਸਰਕਾਰ ਵੱਲੋਂ ਵੀ ਆਪਣਾ ਸੁਨੇਹਾ ਆਮ ਲੋਕਾਂ ਤੱਕ ਪਹੁੰਚਾਉਣ ਲਈ ਅਜਿਹੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ।

ਅਜਨਾਲਾ ਵਿੱਚ ਹੋਈ ਅਕਾਲੀ ਦਲ ਇੱਕ ਰੈਲੀ ਵਿੱਚ ਕਈ ਉੱਘੇ ਅਕਾਲੀ ਆਗੂਆਂ ਸਣੇ ਸ਼੍ਰੋਮਣੀ ਕਮੇਟੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।

ਇਸ ਮਗਰੋਂ ਇਨ੍ਹਾਂ ਅਕਾਲੀ ਆਗੂਆਂ ਉੱਤੇ ਮੁਕੱਦਮੇ ਚੱਲੇ। ਸਰਕਾਰ ਵੱਲੋਂ ਕੀਤੀਆਂ ਗਈਆਂ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਨੇ ਪਿੰਡਾਂ ਵਿੱਚ ਅਕਾਲੀ ਲਹਿਰ ਨੂੰ ਮਜ਼ਬੂਤ ਕੀਤਾ।

ਇਸ ਮਗਰੋਂ ਪਿੰਡਾਂ ਵਿੱਚੋਂ ਅਕਾਲੀਆਂ ਦੇ ਹਥਿਆਰਾਂ ਨਾਲ ਲੈਸ ਜਥੇ ਸਰਕਾਰ ਨਾਲ ਟਕਰਾਅ ਲਈ ਅੰਮ੍ਰਿਤਸਰ ਪੁੱਜਣੇ ਸ਼ੁਰੁ ਹੋ ਗਏ।

ਸੋਹਣ ਸਿੰਘ ਸਰਕਾਰੀ ਰਿਪੋਰਟ ਦਾ ਜ਼ਿਕਰ ਕਰਦਿਆਂ ਲਿਖਦੇ ਹਨ, “ਸਰਕਾਰ ਨੂੰ ਡਰ ਸੀ ਕਿ ਗਰਮਖ਼ਿਆਲੀ ਸਿੱਖਾਂ ਦਾ ਨਿਸ਼ਾਨਾ ਉਸ ਵੱਡੇ ਖਜ਼ਾਨੇ ਉੱਤੇ ਕਬਜ਼ਾ ਕਰਨਾ ਹੈ, ਜਿਹੜਾ ਦਰਬਾਰ ਸਾਹਿਬ ਵਿੱਚ ਜਮ੍ਹਾਂ ਪਿਆ ਹੈ ਅਤੇ ਕਮੇਟੀ ਦਾ ਸੰਭਵ ਤੌਰ ਉੱਤੇ ਇਰਾਦਾ ਇਹ ਹੈ ਕਿ ਇਸ ਖਜ਼ਾਨੇ ਨੂੰ ਰਾਜਸੀ ਤਹਿਰੀਕ ਉੱਤੇ ਖ਼ਰਚ ਕਰਨ ਲਈ ਵਰਤਿਆ ਜਾਵੇ।”

ਕਿਵੇਂ ਮਿਲੀਆਂ ਚਾਬੀਆਂ?

ਸੋਹਣ ਸਿੰਘ ਜੋਸ਼ ਲਿਖਦੇ ਹਨ ਕਿ ਸਰਕਾਰ ਲਈ ਕਾਫੀ ਮੁਸ਼ਕਲ ਸਥਿਤੀ ਬਣ ਗਈ ਸੀ।

ਉਹ ਲਿਖਦੇ ਹਨ, “ਸਰਕਾਰ ਵਾਹੋਦਾਹੀ ਕੋਈ ਅਜਿਹਾ ਵਫ਼ਾਦਾਰ ਆਦਮੀ ਲੱਭ ਰਹੀ ਸੀ, ਜਿਹੜਾ ਉਸ ਤੋਂ ਚਾਬੀਆਂ ਲੈ ਕੇ ਉਸ ਦਾ ਖਹਿੜਾ ਛੁਡਾਵੇ।”

11 ਜਨਵਰੀ 1922 ਨੂੰ ਸਰਕਾਰ ਨੇ ਪੰਜਾਬ ਲੈਜਿਸਲੇਟਿਵ ਕੌਂਸਲ ਵਿੱਚ ਦਰਬਾਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਹੱਥਾਂ ਵਿੱਚ ਦੇਣ ਅਤੇ ਕੁਝ ਆਗੂ ਨੂੰ ਰਿਹਾਅ ਕਰਨ ਦਾ ਵੀ ਐਲਾਨ ਕੀਤਾ।

ਇਸ ਬਾਰੇ ਸੋਹਣ ਸਿੰਘ ਜੋਸ਼ ਲਿਖਦੇ ਹਨ, “ਸਿੱਖ ਆਗੂ ਛੱਡ ਦਿੱਤੇ ਗਏ, ਉਨ੍ਹਾਂ ਦਾ ਹਰ ਥਾਂ ਸਟੇਸ਼ਨਾਂ ਉੱਤੇ ਬੜਾ ਸ਼ਾਨਦਾਰ ਸੁਆਗਤ ਹੋਇਆ। ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਨੇ ਅੰਮ੍ਰਿਤਸਰ ਵਿੱਚ ਮਿਲਕੇ, ਸ਼ਹਿਰ ਨੂੰ ਫੁਲਕਾਰੀਆਂ ਤੇ ਮੌਟੋਆਂ ਨਾਲ, ਦਰਵਾਜ਼ੇ ਸਜਾ ਕੇ, ਸਿੱਖ ਆਗੂਆਂ ਦਾ ਬੇਮਿਸਾਲ ਸੁਆਗਤ ਕੀਤਾ। ਅੰਮ੍ਰਿਤਸਰ ਦੇ ਇਤਿਹਾਸ ਵਿੱਚ ਇਹੋ ਜਿਹਾ ਸਾਂਝਾ ਜਲੂਸ ਪਹਿਲਾਂ ਸ਼ਹਿਰ ਵਿੱਚ ਕਦੇ ਨਹੀਂ ਸੀ ਨਿਕਲਿਆ।”

“ਅਕਾਲ ਤਖ਼ਤ ਦੇ ਸਾਹਮਣੇ ਬੜਾ ਭਾਰਾ ਦੀਵਾਨ ਲੱਗਾ, ਜਿਸ ਵਿੱਚ ਆਗੂਆਂ ਨੂੰ ਸਿਰੋਪੇ ਦਿੱਤੇ ਗਏ। ਦੀਵਾਨ ਵਿਚ ਡਿਸਟਰਿਕਟ ਜੱਜ ਆਇਆ ਹੋਇਆ ਸੀ। ਉਸ ਨੇ ਖੜਕ ਸਿੰਘ ਨੂੰ ਦਰਬਾਰ ਸਾਹਿਬ ਦੀਆਂ ਕੁੰਜੀਆਂ ਪੇਸ਼ ਕੀਤੀਆਂ।”

“ਸਰਦਾਰ ਜੀ ਨੇ ਸੇਜਲ ਨੇਤਰਾਂ ਨਾਲ ਕੁੰਜੀਆਂ ਲੈ ਲੈਣ ਦੀ ਸੰਗਤ ਤੋਂ ਆਗਿਆ ਮੰਗੀ। ਸਤਿ ਸਿਰੀ ਅਕਾਲ ਦੇ ਜੈਕਾਰਿਆਂ ਨਾਲ ਕੁੰਜੀਆਂ ਹਾਸਲ ਕਰ ਲਈਆਂ ਗਈਆਂ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI