Source :- BBC PUNJABI
38 ਮਿੰਟ ਪਹਿਲਾਂ
ਬਾਲੀਵੁੱਡ ਅਦਾਕਾਰ ਸੈਫ਼ ਅਲੀ ਖਾਨ ‘ਤੇ ਚਾਕੂ ਨਾਲ ਹਮਲੇ ਨੂੰ ਇੱਕ ਦਿਨ ਬੀਤ ਜਾਣ ਤੋਂ ਬਾਅਦ ਵੀ ਮੁੰਬਈ ਪੁਲਿਸ ਹਮਲਾਵਰ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਵੀਰਵਾਰ ਤੜਕੇ ਸੈਫ਼ ਅਲੀ ਖ਼ਾਨ ‘ਤੇ ਉਨ੍ਹਾਂ ਦੇ ਬਾਂਦਰਾ ਸਥਿਤ ਘਰ ‘ਚ ਇੱਕ ਅਣਪਛਾਤੇ ਵਿਅਕਤੀ ਨੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਤੋਂ ਬਾਅਦ ਸੈਫ਼ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ‘ਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ।
ਇਸ ਹਮਲੇ ‘ਚ ਸੈਫ਼ ਅਲੀ ਖ਼ਾਨ ਨੂੰ ਸਰੀਰ ‘ਤੇ 6 ਸੱਟਾਂ ਲੱਗੀਆਂ ਸਨ, ਜਿਨ੍ਹਾਂ ‘ਚ ਰੀੜ੍ਹ ਦੀ ਹੱਡੀ ਅਤੇ ਗਰਦਨ ‘ਤੇ ਡੂੰਘੇ ਜ਼ਖਮ ਸਨ।
ਡਾਕਟਰਾਂ ਨੇ ਕਿਹਾ ਕਿ “ਸੈਫ਼ ਅਲੀ ਖ਼ਾਨ ਦੀ ਰੀੜ੍ਹ ਦੀ ਹੱਡੀ ਵਿੱਚੋਂ ਚਾਕੂ ਦਾ ਢਾਈ ਇੰਚ ਲੰਬਾ ਟੁਕੜਾ ਕੱਢਿਆ ਗਿਆ ਹੈ।”
ਸ਼ੁੱਕਰਵਾਰ ਦੁਪਿਹਰ ਨੂੰ ਡਾਕਟਰਾਂ ਨੇ ਮੀਡੀਆ ਨੂੰ ਦੱਸਿਆ ਕਿ ਸੈਫ਼ ਹੁਣ ਤੁਰ ਸਕਦੇ ਹਨ, ਪਰ ਉਨ੍ਹਾਂ ਨੂੰ ਪੂਰੇ ਆਰਾਮ ਦੀ ਸਲਾਹ ਦਿੱਤੀ ਗਈ ਹੈ।
ਹੁਣ ਤੱਕ ਕੀ ਹੋਇਆ ਹੈ?
ਸਮਾਚਾਰ ਏਜੰਸੀ ਪੀਟੀਆਈ ਨੇ ਸੰਯੁਕਤ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਸਤਿਆਨਾਰਾਇਣ ਚੌਧਰੀ ਦੇ ਹਵਾਲੇ ਨਾਲ ਵੀਰਵਾਰ ਨੂੰ ਦੱਸਿਆ ਕਿ ਮੁੰਬਈ ਪੁਲਿਸ ਨੇ ਹਮਲਾਵਰ ਨੂੰ ਫੜਨ ਲਈ 20 ਟੀਮਾਂ ਬਣਾਈਆਂ ਹਨ।
ਸੈਫ਼ ਅਲੀ ਖ਼ਾਨ ‘ਤੇ ਹਮਲਾ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 2.30 ਵਜੇ ਹੋਇਆ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਵੀਰਵਾਰ ਨੂੰ ਹੀ ਉਨ੍ਹਾਂ ਦੀ ਟੀਮ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਸਰਜਰੀ ਤੋਂ ਬਾਅਦ ਸੈਫ਼ ਖ਼ਤਰੇ ਤੋਂ ਬਾਹਰ ਹਨ।
ਡਿਪਟੀ ਕਮਿਸ਼ਨਰ, ਪੁਲਿਸ ਦੀਕਸ਼ਿਤ ਗੇਡਾਮ ਨੇ ਬੀਬੀਸੀ ਮਰਾਠੀ ਨੂੰ ਦੱਸਿਆ, “ਇਹ ਘਟਨਾ ਰਾਤ 1.30 ਤੋਂ 2.30 ਵਜੇ ਦੇ ਵਿਚਕਾਰ ਵਾਪਰੀ।”
“ਇੱਕ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ। ਕੋਈ ਹਥਿਆਰ ਜ਼ਬਤ ਨਹੀਂ ਕੀਤਾ ਗਿਆ ਹੈ। ਕਰੀਬ 25-30 ਸੀਸੀਟੀਵੀਜ਼ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।”
“ਸੈਫ਼ ਦੇ ਘਰੇਲੂ ਨੌਕਰ ਦਾ ਬਿਆਨ ਆਇਆ ਹੈ। ਉਸ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।”
ਉਨ੍ਹਾਂ ਨੇ ਕਿਹਾ, “ਮੁਲਜ਼ਮ ਅੱਗ ਤੋਂ ਬਚਣ ਲਈ ਬਣਾਈ ਗਈ ਪੌੜੀ ਰਾਹੀਂ ਘਰ ਪਹੁੰਚਿਆ ਸੀ। ਘਰ ਦਾ ਦਰਵਾਜ਼ਾ ਕਿਵੇਂ ਖੁੱਲ੍ਹਿਆ ਜਾਂ ਉਹ ਅੰਦਰ ਕਿਵੇਂ ਆਇਆ, ਇਸ ਦੀ ਜਾਂਚ ਅਜੇ ਜਾਰੀ ਹੈ।”
“ਮੁੱਢਲਾ ਅੰਦਾਜ਼ਾ ਹੈ ਕਿ ਮੁਲਜ਼ਮ ਚੋਰੀ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਏ ਸਨ।”
ਪੁਲਿਸ ਇਮਾਰਤ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਫੁਟੇਜ ਵਾਇਰਲ ਹੋ ਰਹੀ ਹੈ ਜੋ ਸੈਫ਼ ਦੀ ਇਮਾਰਤ ਦੀ ਦੱਸੀ ਜਾ ਰਹੀ ਹੈ।
ਇਸ ਵਿੱਚ ਭੂਰੇ ਰੰਗ ਦੀ ਟੀ-ਸ਼ਰਟ ਪਹਿਨੇ ਇੱਕ ਵਿਅਕਤੀ ਨੂੰ ਦੇਖਿਆ ਜਾ ਸਕਦਾ ਹੈ। ਇਸ ਵਿਅਕਤੀ ਨੇ ਸਕਾਰਫ਼ ਵੀ ਪਾਇਆ ਹੋਇਆ ਹੈ ਅਤੇ ਤੇਜ਼ੀ ਨਾਲ ਪੌੜੀਆਂ ਉਤਰ ਰਿਹਾ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸੈਫ਼ ਅਲੀ ਖ਼ਾਨ ਤੋਂ ਇਲਾਵਾ ਉਨ੍ਹਾਂ ਦੇ ਘਰ ‘ਚ ਮੌਜੂਦ 56 ਸਾਲਾ ਨਰਸ ਇਲਿਮਾ ਫਿਲਿਪਸ ਨੂੰ ਵੀ ਬਲੇਡ ਨਾਲ ਸੱਟਾਂ ਲੱਗੀਆਂ ਹਨ।
ਉਹ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਵੀ ਹਨ।
ਹੁਣ ਤੱਕ ਕੀ-ਕੀ ਪਤਾ ਲੱਗਿਆ?
ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਸਟਾਫ਼ ਨਰਸ ਇਲਿਆਮਾ ਫ਼ਿਲਿਪਸ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਹਮਲਾਵਰ ਨੇ 1 ਕਰੋੜ ਰੁਪਏ ਦੀ ਮੰਗ ਕੀਤੀ ਸੀ।
ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ, ਪੀਟੀਆਈ ਨੇ ਦੱਸਿਆ ਕਿ ਘੁਸਪੈਠੀਆ ਪਹਿਲਾਂ ਸੈਫ਼ ਅਤੇ ਕਰੀਨਾ ਦੇ ਛੋਟੇ ਬੇਟੇ ਜੇਹ ਦੇ ਕਮਰੇ ਵਿੱਚ ਦਾਖ਼ਲ ਹੋਇਆ।
ਨਰਸ ਨੇ ਪੁਲਿਸ ਨੂੰ ਦੱਸਿਆ ਕਿ ਰਾਤ 2 ਵਜੇ ਉਸ ਨੇ ਜੇਹ ਦੇ ਕਮਰੇ ‘ਚੋਂ ਰੌਲਾ ਸੁਣਿਆ ਅਤੇ ਬਾਥਰੂਮ ਦੀ ਲਾਈਟ ਵੀ ਜਗ ਰਹੀ ਸੀ।
ਨਰਸ ਨੇ ਕਿਹਾ, “ਮੈਂ ਇਹ ਵੇਖਣ ਲਈ ਉੱਠੀ ਕਿ ਬਾਥਰੂਮ ਵਿੱਚ ਕੌਣ ਹੈ, ਤਾਂ ਮੈਂ ਇੱਕ ਪਤਲਾ ਆਦਮੀ ਜੇਹ ਦੇ ਮੰਜੇ ਵੱਲ ਜਾਂਦਾ ਦੇਖਿਆ। ਇਸ ਵਿਅਕਤੀ ਦੇ ਖੱਬੇ ਹੱਥ ਵਿੱਚ ਸੋਟੀ ਅਤੇ ਸੱਜੇ ਹੱਥ ਵਿੱਚ ਤਿੱਖਾ ਬਲੇਡ ਸੀ।”
“ਹੱਥਾਪਾਈ ਵਿੱਚ ਉਸਨੇ ਮੇਰੇ ਉੱਤੇ ਬਲੇਡ ਨਾਲ ਹਮਲਾ ਕੀਤਾ ਅਤੇ ਮੇਰੇ ਗੁੱਟ ਉੱਤੇ ਸੱਟ ਲੱਗੀਆ। ਮੈਂ ਉਸ ਨੂੰ ਪੁੱਛਿਆ ਕਿ ਕੀ ਚਾਹੀਦਾ ਹੈ ਤਾਂ ਉਸ ਨੇ ਕਿਹਾ ਇੱਕ ਕਰੋੜ ਰੁਪਏ।”
ਇਸ ਤੋਂ ਬਾਅਦ ਨੈਨੀ ਨੇ ਆਵਾਜ਼ ਮਾਰੀ ਅਤੇ ਸੈਫ਼ ਅਤੇ ਕਰੀਨਾ ਵੀ ਹਾਲ ‘ਚ ਆ ਗਏ।
ਨਰਸ ਨੇ ਪੁਲਿਸ ਨੂੰ ਦੱਸਿਆ, ”ਘੁਸਪੈਠੀਏ ਨੇ ਸੈਫ਼ ‘ਤੇ ਹਮਲਾ ਕੀਤਾ। ਘਰ ‘ਚ ਮੌਜੂਦ ਬਾਕੀ ਸਟਾਫ਼ ਵੀ ਦੌੜ ਕੇ ਆ ਗਿਆ।”
ਬਿਆਨ ਮੁਤਾਬਕ ਘੁਸਪੈਠੀਆ ਸੈਫ਼ ਨਾਲ ਹੱਥਾਪਾਈ ਕਰਨ ਲੱਗਿਆ।
ਪਰ ਕੁਝ ਸਮੇਂ ਬਾਅਦ ਮੁੱਖ ਦਰਵਾਜ਼ਾ ਖੁੱਲ੍ਹਿਆ ਸੀ ਤਾਂ ਉਹ ਫਰਾਰ ਹੋ ਗਿਆ।
ਸ਼ਿਕਾਇਤ ਮੁਤਾਬਕ ਇਸ ਹਮਲਾਵਰ ਦੀ ਉਮਰ 35 ਤੋਂ 40 ਸਾਲ ਦਰਮਿਆਨ ਸੀ।
ਇਹ ਸਵਾਲ ਬਾਕੀ ਹਨ
ਮੁੰਬਈ ਦੇ ਇੱਕ ਉੱਚ ਸੁਰੱਖਿਆ ਰਿਹਾਇਸ਼ੀ ਖੇਤਰ ਵਿੱਚ ਅਜਿਹੀ ਸੁਰੱਖਿਆ ਕੁਤਾਹੀ ਤੋਂ ਬਾਅਦ ਕਈ ਸਵਾਲ ਖੜੇ ਹੋ ਗਏ ਹਨ ਜਿਨ੍ਹਾਂ ਦੇ ਜਵਾਬ ਮਿਲਣੇ ਬਾਕੀ ਹਨ।
ਪੁਲਿਸ ਨੇ ਕਿਹਾ ਹੈ ਕਿ ਘੁਸਪੈਠੀਏ ਨੇ ਪੌੜੀਆਂ ਦੀ ਵਰਤੋਂ ਕੀਤੀ ਜੋ ਅੱਗ ਲੱਗਣ ਦੇ ਹਾਲਾਤ ਵਿੱਚ ਵਰਤੀ ਜਾਂਦੀ ਸੀ।
ਇਸ ਦੀ ਸੀਸੀਟੀਵੀ ਫੁਟੇਜ ਵੀ ਆ ਗਈ ਹੈ।
ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਅਣਪਛਾਤਾ ਵਿਅਕਤੀ ਘਰ ‘ਚ ਦਾਖ਼ਲ ਹੋ ਕੇ ਬੱਚਿਆਂ ਦੇ ਕਮਰੇ ਤੱਕ ਕਿਵੇਂ ਪਹੁੰਚਿਆ।
ਪੁਲਿਸ ਨੇ ਇਸ ਮਾਮਲੇ ‘ਚ ਸੈਫ਼ ਅਲੀ ਖ਼ਾਨ ਦੇ ਸਟਾਫ਼ ਦੇ ਕੁਝ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਹੈ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਘਟਨਾ ਵਿੱਚ ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਦਾ ਹੱਥ ਨਾ ਹੋਵੇ, ਜਿਸ ਦੀ ਮਦਦ ਨਾਲ ਹਮਲਾਵਰ ਆਸਾਨੀ ਨਾਲ ਘਰ ਵਿਚ ਦਾਖ਼ਲ ਹੋਇਆ।
ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਘੁਸਪੈਠੀਏ ਨੂੰ ਇੱਕ ਸੀਸੀਟੀਵੀ ਵਿੱਚ ਦੇਖਿਆ ਗਿਆ ਸੀ, ਪਰ ਉਹ ਮੁੱਖ ਗੇਟ ‘ਤੇ ਲੱਗੇ ਕੈਮਰੇ ਸਮੇਤ ਘਰ ਦੇ ਬਾਹਰ ਲੱਗੇ ਹੋਰ ਸੁਰੱਖਿਆ ਕੈਮਰਿਆਂ ਤੋਂ ਕਿਵੇਂ ਬਚਕੇ ਨਿਕਲਿਆ।
ਸੈਫ਼ ਦੀ ਸਿਹਤ ਬਾਰੇ ਡਾਕਟਰ ਨੇ ਕੀ ਕਿਹਾ?
ਸ਼ੁੱਕਰਵਾਰ ਨੂੰ ਸੈਫ਼ ਦੀ ਸਰਜਰੀ ਕਰਨ ਵਾਲੇ ਡਾਕਟਰ ਨਿਤਿਨ ਡਾਂਗੇ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਉਨ੍ਹਾਂ ਨੂੰ ਤੁਰਨ-ਫਿਰਨ ‘ਚ ਕੋਈ ਦਿੱਕਤ ਨਹੀਂ ਹੈ।
ਹੁਣ ਡਾਕਟਰਾਂ ਦੀ ਟੀਮ ਨੇ ਦੱਸਿਆ ਹੈ ਕਿ ਸੈਫ਼ ਨੂੰ ਸਪੈਸ਼ਲ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਅੱਜ ਉਨ੍ਹਾਂ ਨੂੰ ਤੁਰਾਇਆ ਗਿਆ ਸੀ।
ਡਾਕਟਰਾਂ ਨੇ ਦੱਸਿਆ ਕਿ ਸੈਫ਼ ਅਲੀ ਖ਼ਾਨ ਖੁਸ਼ਕਿਸਮਤ ਸਨ ਕਿਉਂਕਿ ਜੇਕਰ ਚਾਕੂ ਦੋ ਮਿਲੀਮੀਟਰ ਵੀ ਡੂੰਘਾ ਹੁੰਦਾ ਤਾਂ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪਹੁੰਚ ਸਕਦਾ ਸੀ।
ਇਸ ਤੋਂ ਪਹਿਲਾਂ ਲੀਲਾਵਤੀ ਹਸਪਤਾਲ ਦੇ ਚੀਫ਼ ਆਪਰੇਟਿੰਗ ਅਫ਼ਸਰ (ਸੀਓਓ) ਡਾਕਟਰ ਨੀਰਜ ਉੱਤਮਨੀ ਨੇ ਮੀਡੀਆ ਨੂੰ ਦੱਸਿਆ ਕਿ ਸਰਜਰੀ ਰਾਹੀਂ ਸੈਫ਼ ਦੀ ਰੀੜ੍ਹ ਦੀ ਹੱਡੀ ਤੋਂ ਢਾਈ ਇੰਚ ਦਾ ਚਾਕੂ ਕੱਢਿਆ ਗਿਆ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੈਫ਼ ਦੀਆਂ ਦੋ ਸੱਟਾਂ ਡੂੰਘੀਆਂ ਹਨ।
ਆਪਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ‘ਚ ਰੱਖਿਆ ਗਿਆ ਸੀ, ਜਿੱਥੇ ਉਹ ਠੀਕ ਹੋ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਸੈਫ਼ ਦੇ ਖੱਬੇ ਹੱਥ ਅਤੇ ਗਰਦਨ ਦੇ ਸੱਜੇ ਪਾਸੇ ਦੇ ਜ਼ਖਮ ਵੀ ਡੂੰਘੇ ਹਨ ਅਤੇ ਉਨ੍ਹਾਂ ਨੂੰ ਠੀਕ ਕਰਨ ਲਈ ਪਲਾਸਟਿਕ ਸਰਜਰੀ ਕੀਤੀ ਗਈ ਹੈ।
ਡਾਕਟਰ ਨਿਤਿਨ ਡਾਂਗੇ ਨੇ ਦੱਸਿਆ ਕਿ ਸੈਫ਼ ਨੂੰ ਬੈੱਡ ਰੈਸਟ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਦੋ-ਤਿੰਨ ਦਿਨਾਂ ਵਿੱਚ ਛੁੱਟੀ ਮਿਲ ਜਾਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI