Source :- BBC PUNJABI
ਅਪਡੇਟ 17 ਜਨਵਰੀ 2025
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ਼ ਅਲੀ ਖ਼ਾਨ ਦੇ ਘਰ ਵੜ੍ਹ ਕੇ ਹਮਲਾ ਕਰਨ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਅਣਪਛਾਤੇ ਸ਼ਖ਼ਸ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਾਮਲਾ ਮੁੰਬਈ ਦੇ ਬਾਂਦਰਾ ਪੁਲਿਸ ਥਾਣੇ ਵਿੱਚ ਦਰਜ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਜਿਸ ਬਿਲਡਿੰਗ ਵਿੱਚ ਸੈਫ਼ ਦਾ ਘਰ ਹੈ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਦੀ ਸੀਸੀਟੀਵੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਗਈ ਹੈ।
ਸੈਫ਼ ਅਲੀ ਖ਼ਾਨ ਦਾ ਇਲਾਜ ਫਿਲਹਾਲ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਚੱਲ ਰਿਹਾ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਣ ਬਾਰੇ ਦੱਸਿਆ ਗਿਆ ਹੈ।
ਬੀਬੀਸੀ ਨੇ ਪੁਲਿਸ ਸੂਤਰਾਂ ਰਾਹੀਂ ਸੈਫ਼ ਅਲੀ ਖ਼ਾਨ ਨਾਲ ਦੇ ਘਰ ਸਟਾਫ ਨਰਸ ਵਜੋਂ ਕੰਮ ਕਰਨ ਵਾਲੀ ਮਹਿਲਾ ਦੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਹਾਸਲ ਕੀਤੇ ਹਨ। ਜਿਸ ਵਿੱਚ ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਆਖ਼ਰ ਉਸ ਰਾਤ ਕੀ ਵਾਪਰਿਆ ਸੀ।
ਘਟਨਾ ਵੇਲੇ ਮੌਜੂਦ ਨਰਸ ਨੇ ਕੀ-ਕੀ ਦੱਸਿਆ
ਸੈਫ਼ ਅਲੀ ਖ਼ਾਨ ਦੇ ਘਰ ਨਰਸ ਵਜੋਂ ਕੰਮ ਕਰਨ ਵਾਲੀ ਈਲਆਮਾ ਫਿਲਿਪ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ , 16 ਜਨਵਰੀ ਨੂੰ ਰਾਤ 2 ਵਜੇ ਦੇ ਕਰੀਬ ਉਨ੍ਹਾਂ ਨੇ ਬਾਥਰੂਮ ਕੋਲ ਇੱਕ ਸ਼ਖ਼ਸ ਦਾ ਪਰਛਾਵਾਂ ਦੇਖਿਆ, ਜਿਸ ਨੇ ਟੋਪੀ ਪਾਈ ਹੋਈ ਸੀ।
ਈਲਆਮਾ ਫਿਲਿਪ ਸੈਫ਼ ਦੇ ਛੋਟੇ ਬੇਟੇ ਜਹਾਂਗੀਰ ਦਾ ਧਿਆਨ ਰੱਖਦੇ ਹਨ।
ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਈਲਆਮਾ ਫਿਲਿਪ ਨੇ ਕਿਹਾ ਕਿ 11 ਵਜੇ ਉਨ੍ਹਾਂ ਨੇ ਜਹਾਂਗੀਰ ਨੂੰ ਖਾਣ ਖੁਆ ਕੇ ਸੁਆ ਦਿੱਤਾ। ਘਟਨਾ ਰਾਤ 2 ਵਜੇ ਵਾਪਰੀ ।
ਈਲਆਮਾ ਨੇ ਕਿਹਾ ਕਿ ਘੁਸਪੈਠੀਏ ਨੇ ਰੌਲਾ ਨਾ ਪਾਉਣ ਲਈ ਕਿਹਾ। ਇਸ ਮੌਕੇ ਜਹਾਂਗੀਰ ਦੀ ਨੈਨੀ ਜੂਨੂੰ ਵੀ ਮੌਕੇ ਉੱਤੇ ਮੌਜੂਦ ਸੀ ਅਤੇ ਘੁਸਪੈਠੀਏ ਨੇ ਦੋਵਾਂ ਔਰਤਾਂ ਨੂੰ ਧਮਕਾਇਆ।
ਦੱਸਿਆ ਗਿਆ ਕਿ ਘੁਸਪੈਠੀਏ ਕੋਲ ਇੱਕ ਹੱਥ ਵਿੱਚ ਲੱਕੜ ਦੀ ਕੋਈ ਚੀਜ਼ ਸੀ ਅਤੇ ਦੂਜੇ ਹੱਥ ਵੀ ਬਲੇਡਨੁਮਾ ਹਥਿਆਰ ਸੀ। ਖਿੱਚਧੂ ਦੌਰਾਨ ਹਮਲਾਵਰ ਨੇ ਈਲਆਮਾ ਦੇ ਖੱਬੇ ਹੱਥ ਉੱਤੇ ਸੱਟ ਮਾਰੀ ਅਤੇ 1 ਕਰੋੜ ਰੁਪਏ ਮੰਗੇ।
ਚੀਕਾਂ ਸੁਣ ਕੇ ਜੂਨੂੰ ਸੈਫ਼ ਅਤੇ ਕਰੀਨਾ ਕਪੂਰ ਦੇ ਕਮਰੇ ਵੱਲ ਦੌੜੀ, ਸੈਫ਼ ਅਲੀ ਖ਼ਾਨ ਨੇ ਘੁਸਪੈਠੀਏ ਨੂੰ ਪੁੱਛਿਆ,”ਤੁਸੀਂ ਕੌਣ ਹੋ ਅਤੇ ਕੀ ਚਾਹੁੰਦੇ ਹੋ।”
ਇਸ ਦੌਰਾਨ ਹਮਲਾਵਰ ਨੇ ਬਲੇਡ ਨਾਲ ਸੈਫ਼ ਉੱਤੇ ਹਮਲਾ ਕਰ ਦਿੱਤਾ। ਇੰਨੇ ਨੂੰ ਸਟਾਫ ਵੀ ਜਾਗ ਗਿਆ ਅਤੇ ਘੁਸਪੈਠੀਏ ਦੀ ਭਾਲ ਕਰਨ ਲੱਗਾ ਪਰ ਉਹ ਲੱਭਿਆ ਨਹੀਂ।
ਰਿਪੋਰਟ ਦੇ ਮੁਤਾਬਕ ਸੈਫ਼ ਅਲੀ ਖ਼ਾਨ ਨੂੰ ਗਰਦਨ ਪਿੱਛੇ, ਸੱਜੇ ਮੋਢੇ,ਖੱਬੇ ਗੁੱਟ ਅਤੇ ਕੂਹਣੀ ਉੱਤੇ ਸੱਟ ਲੱਗੀ ਹੈ।
ਪੁਲਿਸ ਜਾਂਚ ਵਿੱਚ ਕੀ ਪਤਾ ਲੱਗਿਆ
ਡਿਪਟੀ ਪੁਲਿਸ ਕਮਿਸ਼ਨਰ ਦਿਕਸ਼ਿਤ ਗੋਡਾਮ ਮੁਤਾਬਕ,”ਘਟਨਾ ਰਾਤ 1.30 ਤੋਂ 2.30 ਵਜੇ ਦੇ ਦਰਮਿਆਨ ਦੀ ਹੈ। ਕੋਈ ਹਥਿਆਰ ਅਜੇ ਤੱਕ ਜ਼ਬਤ ਨਹੀਂ ਕੀਤਾ ਗਿਆ ਹੈ। ਅਸੀਂ 25-30 ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੇ ਹਨ।”
“ਘਰ ਵਿੱਚ ਸਹਾਇਕ ਵਜੋਂ ਕੰਮ ਕਰਨ ਵਾਲੀ ਮਹਿਲਾ ਦਾ ਬਿਆਨ ਦਰਜ ਕਰ ਲਿਆ ਗਿਆ ਹੈ ਅਤੇ ਬਿਆਨ ਦੇ ਅਧਾਰ ਉੱਤੇ ਸ਼ਿਕਾਇਤ ਦਰਜ ਕਰ ਲਈ ਗਈ ਹੈ।”
ਪੁਲਿਸ ਦੇ ਮੁਤਾਬਕ, “ਸ਼ੱਕੀ ਮੁਲਜ਼ਮ ਨੇ ਸੈਫ਼ ਅਲੀ ਖ਼ਾਨ ਦੇ ਘਰ ਵੜਣ ਲਈ ਇਮਾਰਤ ਦੀਆਂ ਉਨ੍ਹਾਂ ਪੌੜੀਆਂ ਦਾ ਇਸਤੇਮਾਲ ਕੀਤਾ ਸੀ,ਜਿਨ੍ਹਾਂ ਦੀ ਵਰਤੋ ਅੱਗ ਲੱਗਣ ਦੀ ਸੂਰਤ ਵਿੱਚ ਕੀਤੀ ਜਾਂਦੀ ਹੈ”
ਹਸਪਤਾਲ ਨੇ ਕੀ ਦੱਸਿਆ?
ਲੀਲਾਵਤੀ ਹਸਪਤਾਲ ਦੇ ਡਾਕਟਰ ਨਿਤਿਨ ਦਾਗੇ ਨੇ ਕਿਹਾ ਕਿ ਸੈਫ਼ ਅਲੀ ਖ਼ਾਨ ਦੀ ਰੀਡ ਦੀ ਹੱਡੀ ‘ਤੇ ਚਾਕੂ ਖੁਭਣ ਕਾਰਨ ਡੂੰਘੀ ਸੱਟ ਲੱਗੀ ਸੀ ਅਤੇ ਇਸ ਚਾਕੂ ਨੂੰ ਕੱਢਣ ਲਈ ਸਰਜਰੀ ਕੀਤੀ ਗਈ । ਉਨ੍ਹਾਂ ਮੁਤਾਬਕ ਖ਼ਾਨ ਦੇ ਖੱਬੇ ਹੱਥ ਅਤੇ ਗਰਦਨ ‘ਤੇ ਸੱਟਾਂ ਲੱਗੀਆ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਿਹਤ ਹੁਣ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ, ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
ਲੀਲਾਵਤੀ ਹਸਪਤਾਲ ਦੇ ਸੀਓਓ ਡਾਕਟਰ ਨੀਰਜ ਉੱਤਮਣੀ ਨੇ ਦੱਸਿਆ, “ਸੈਫ਼ ਨੂੰ ਲਗਭਗ 3:30 ਵਜੇ ਦੇ ਕਰੀਬ ਲੀਲਾਵਤੀ ਹਸਪਤਾਲ ਲਿਆਂਦਾ ਗਿਆ ਸੀ।”
“ਉਨ੍ਹਾਂ ਨੂੰ ਛੇ ਥਾਵਾਂ ‘ਤੇ ਸੱਟਾਂ ਲੱਗੀਆਂ ਸਨ, ਜਿਨ੍ਹਾਂ ਵਿੱਚੋਂ ਦੋ ਜ਼ਖ਼ਮ ਡੂੰਘੇ ਹਨ ਅਤੇ ਇੱਕ ਜ਼ਖ਼ਮ ਰੀੜ੍ਹ ਦੀ ਹੱਡੀ ਦੇ ਨੇੜੇ ਹੈ।”
ਸੈਫ਼ ਅਲੀ ਖ਼ਾਨ ਦੀ ਟੀਮ ਅਤੇ ਕਰੀਨਾ ਕਪੂਰ ਦਾ ਪ੍ਰਤੀਕਰਮ
ਅਦਾਕਾਰ ਸੈਫ਼ ਅਲੀ ਖ਼ਾਨ ਦੀ ਟੀਮ ਨੇ ਮੁੰਬਈ ਵਿੱਚ ਇੱਕ ਹਮਲਾਵਰ ਵੱਲੋਂ ਖ਼ਾਨ ‘ਤੇ ਹੋਏ ਹਮਲੇ ਬਾਰੇ ਸਵੇਰੇ ਵੀ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਸੀ।
ਟੀਮ ਨੇ ਬਿਆਨ ਵਿੱਚ ਕਿਹਾ, “ਸੈਫ਼ ਅਲੀ ਖ਼ਾਨ ਦੇ ਘਰ ‘ਤੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ। ਉਹ ਇਸ ਸਮੇਂ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਟੀਮ ਮੁਤਾਬਕ ਇਹ ਮਾਮਲਾ ਪੁਲਿਸ ਅਧੀਨ ਹੈ।”
ਕਰੀਨਾ ਕਪੂਰ ਖ਼ਾਨ ਵੱਲੋਂ ਇਸ ਘਟਨਾ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਇਨਸਟਾਗ੍ਰਾਮ ਉੱਤੇ ਇੱਕ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ।
ਕਰੀਨਾ ਕਪੂਰ ਨੇ ਕਿਹਾ,”ਅਸੀਂ ਤੁਹਾਡੇ ਸਹਿਯੋਗ ਅਤੇ ਹਮਦਰਦੀ ਲਈ ਸ਼ੁਕਰਗੁਜ਼ਾਰ ਹਾਂ ਪਰ ਇਸ ਮਸਲੇ ਉੱਤੇ ਜ਼ਿਆਦਾ ਧਿਆਨ ਸਾਡੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ। ਮੈਂ ਬੇਨਤੀ ਕਰਦੀ ਹਾਂ ਕਿ ਸਾਡੀਆਂ ਹੱਦਾਂ ਦਾ ਸਨਮਾਨ ਕੀਤਾ ਜਾਏ ਅਤੇ ਸਾਨੂੰ ਇਕੱਲਿਆ ਕੁਝ ਸਮਾਂ ਦਿੱਤਾ ਜਾਏ ਤਾਂ ਜੋ ਪਰਿਵਾਰ ਇਸ ਘਟਨਾ ਤੋਂ ਉਭਰ ਸਕੇ।
ਹੋਰ ਅਦਾਕਾਰਾਂ ਨੇ ਕੀ ਕਿਹਾ
ਅਦਾਕਾਰ ਚਿਰੰਜੀਵੀ ਅਤੇ ਜੂਨੀਅਰ ਐਨਟੀਆਰ ਨੇ ਸੈਫ਼ ਅਲੀ ਖਾਨ ‘ਤੇ ਹੋਏ ਹਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਚਿਰੰਜੀਵੀ ਨੇ ਕਿਹਾ, “ਸੈਫ਼ ਅਲੀ ਖ਼ਾਨ ‘ਤੇ ਇੱਕ ਹਮਲਾਵਰ ਦੁਆਰਾ ਹਮਲਾ ਕੀਤੇ ਜਾਣ ਦੀ ਖ਼ਬਰ ਕਰਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਜਦੋਂ ਕਿ ਜੂਨੀਅਰ ਐਨਟੀਆਰ ਨੇ ਕਿਹਾ, “ਸੈਫ ‘ਤੇ ਹਮਲੇ ਬਾਰੇ ਸੁਣ ਕੇ ਮੈਂ ਹੈਰਾਨ ਅਤੇ ਦੁਖੀ ਹਾਂ। ਮੈਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਅਤੇ ਚੰਗੀ ਸਿਹਤ ਲਈ ਅਰਦਾਸ ਕਰਦਾ ਹਾਂ।”
ਸੈਫ਼ ਅਲੀ ਖ਼ਾਨ ਨੇ ਜੂਨੀਅਰ ਐਨਟੀਆਰ ਨਾਲ ਹਾਲ ਹੀ ਵਿੱਚ ਆਈ ਫਿਲਮ ‘ਦੇਵਾਰਾ’ ਵਿੱਚ ਕੰਮ ਕੀਤਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI