Source :- BBC PUNJABI

ਤਸਵੀਰ ਸਰੋਤ, PTI
ਅਪਡੇਟ ਇੱਕ ਘੰਟਾ ਪਹਿਲਾਂ
ਬੀਤੇ ਦਿਨੀਂ ਆਏ ਝੱਖੜ ਅਤੇ ਮੀਂਹ ਨੇ ਉੱਤਰੀ ਭਾਰਤ ਦੀਆਂ ਕਈ ਥਾਵਾਂ ‘ਤੇ ਜੀਵਨ ਨੂੰ ਪ੍ਰਭਾਵਿਤ ਕੀਤਾ। ਕਈ ਥਾਵਾਂ ‘ਤੇ ਦਰੱਖਤ ਡਿੱਗ ਗਏ, ਬਿਜਲੀ ਗੁਲ ਹੋ ਗਈ ਅਤੇ ਜਾਨ-ਮਾਲ ਦਾ ਵੀ ਨੁਕਸਾਨ ਹੋਇਆ।
ਇਸੇ ਦੌਰਾਨ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਇੰਡੀਗੋ ਦੀ ਫਲਾਈਟ 6E 2142 ਨੂੰ ਏਅਰ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ ਅਤੇ ਪਾਇਲਟ ਨੇ ਕੰਟਰੋਲ ਰੂਮ ਨੂੰ ‘ਐਮਰਜੈਂਸੀ’ ਦਾ ਸੁਨੇਹਾ ਦਿੱਤਾ।
ਬਾਅਦ ਵਿੱਚ ਫਲਾਈਟ ਦੀ ਸ਼੍ਰੀਨਗਰ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕਰਵਾ ਲਈ ਗਈ।
ਸੋਸ਼ਲ ਮੀਡੀਆ ‘ਤੇ ਸ਼ੇਅਰ ਤਸਵੀਰਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੜੇਮਾਰੀ ਕਾਰਨ ਜਹਾਜ਼ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਹੈ। ਹਾਲਾਂਕਿ, ਏਅਰਪੋਰਟ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ।
ਪਰ ਇੰਡੀਗੋ ਵੱਲੋਂ ਜਾਰੀ ਬਿਆਨ ਵਿੱਚ ਇਹ ਜ਼ਰੂਰ ਕਿਹਾ ਗਿਆ ਹੈ ਕਿ ”ਜ਼ਰੂਰੀ ਨਿਰੀਖਣ ਅਤੇ ਰੱਖ-ਰਖਾਅ ਤੋਂ ਬਾਅਦ ਜਹਾਜ਼ ਨੂੰ ਮੁੜ ਸੇਵਾ ਲਈ ਬਹਾਲ ਕਰ ਦਿੱਤਾ ਜਾਵੇਗਾ।”
ਆਓ ਸਮਝੀਏ ਕਿ ਟਰਬੂਲੈਂਸ ਕਿਉਂ ਖ਼ਤਰਨਾਕ ਹੁੰਦਾ ਹੈ, ਇਹ ਕੀ ਹੁੰਦਾ ਹੈ ਅਤੇ ਵਧਦੀ ਗਰਮੀ ਨਾਲ ਇਸਦਾ ਕੀ ਰਿਸ਼ਤਾ ਜੋੜਿਆ ਜਾ ਰਿਹਾ ਹੈ?
ਟਰਬੂਲੈਂਸ ਕੀ ਹੁੰਦਾ ਹੈ?

ਤਸਵੀਰ ਸਰੋਤ, Getty Images
ਰੌਇਲ ਏਅਰ ਫੋਰਸ ਦੇ ਸਾਬਕਾ ਅਫਸਰ ਅਤੇ ਬੀਬੀਸੀ ਵੈਦਰ ਦੇ ਸਾਇਮਨ ਕਿੰਗ ਦੀ ਰਿਪੋਰਟ ਮੁਤਾਬਕ ਜ਼ਿਆਦਾਤਰ ਟਰਬੂਲੈਂਸ ਬੱਦਲਾਂ ਵਾਲੇ ਖੇਤਰ ਵਿੱਚ ਹੁੰਦਾ ਹੈ, ਜਿੱਥੇ ਹਵਾ ਦਾ ਆਪ ਮੁਹਾਰਾਪਣ ਜਹਾਜ਼ ਨੂੰ ਅਚਾਨਕ ਉੱਚਾ ਨੀਵਾਂ ਕਰ ਦਿੰਦੀ ਹੈ। ਹਵਾ ਕਾਰਨ ਜਹਾਜ਼ ਵਿੱਚ ਆਈ ਇਸ ਅਚਾਨਕ ਹਲਚਲ ਨੂੰ ਹੀ ਟਰਬੂਲੈਂਸ ਕਿਹਾ ਜਾਂਦਾ ਹੈ।
ਇੱਕ ਹੋਰ ਤਰ੍ਹਾਂ ਦੇ ਟਰਬੂਲੈਂਸ ਵਿੱਚ ਬੱਦਲ ਤਾਂ ਮੌਜੂਦ ਨਹੀਂ ਹੁੰਦੇ। ਇਹ ਜ਼ਿਆਦਾ ਖ਼ਤਰਨਾਕ ਹੁੰਦਾ ਹੈ ਕਿਉਂਕਿ ਇਸਦਾ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ।
ਕਰੈਨਫੀਲਡ ਯੂਨੀਵਰਸਿਟੀ ਵਿੱਚ ਏਵੀਏਸ਼ਨ ਅਤੇ ਇਨਵਾਇਰਨਮੈਂਟ ਦੇ ਐਸੋਸੀਏਟ ਪ੍ਰੋਫੈਸਰ ਗਾਈ ਗਰੈਟਨ ਮੁਤਾਬਕ ਇਸ ਕਿਸਮ ਦਾ ਟਰਬੂਲੈਂਸ ਅਕਸਰ ਜੈਟ ਸਟਰੀਮ (ਹਵਾ ਦੀ ਨਦੀ) ਦੇ ਨਜ਼ਦੀਕ ਹੁੰਦਾ ਹੈ। ਆਮ ਤੌਰ ‘ਤੇ ਇਸ 40 ਤੋਂ 60 ਹਜ਼ਾਰ ਫੁੱਟ ਦੀ ਉਚਾਈ ਉੱਤੇ ਪਾਇਆ ਜਾਂਦਾ ਹੈ।
ਜੈਟ ਸਟਰੀਮ ਦੇ ਨੇੜੇ ਹਵਾ ਦੀ ਗਤੀ ਵਿੱਚ 100 ਮੀਲ ਪ੍ਰਤੀ ਘੰਟਾ ਦਾ ਫਰਕ ਹੋ ਸਕਦਾ ਹੈ। ਉਹ ਕਹਿੰਦੇ ਹਨ ਕਿ ਤੇਜ਼ ਅਤੇ ਹੌਲੀ ਹਵਾ ਵਿਚਲਾ ਘਰਸ਼ਣ ਟਰਬੂਲੈਂਸ ਦੀ ਵਜ੍ਹਾ ਬਣਦਾ ਹੈ।
ਜੇ ਤੁਸੀਂ ਯੂਰਪ ਤੋਂ ਉੱਤਰੀ ਅਮਰੀਕਾ ਜਾ ਰਹੇ ਹੋ ਤਾਂ, ਇਸ ਤੋਂ ਬਚਣਾ ਮੁਸ਼ਕਿਲ ਹੈ।
ਕੀ ਟਰਬੂਲੈਂਸ ਖ਼ਤਰਨਾਕ ਹੁੰਦਾ ਹੈ?

ਤਸਵੀਰ ਸਰੋਤ, Reuters
ਗਾਈ ਗਰੈਟਨ ਮੁਤਾਬਕ, ਹਵਾਈ ਜਹਾਜ਼ ਬੁਰੇ ਤੋਂ ਬੁਰਾ ਟਰਬੂਲੈਂਸ ਬਰਦਾਸ਼ਤ ਕਰਨ ਲਈ ਤਿਆਰ ਕੀਤੇ ਗਏ ਹੁੰਦੇ ਹਨ।
ਉਹ ਕਹਿੰਦੇ ਹਨ ਕਿ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ ਕਿ ਟਰਬੂਲੈਂਸ ਕਿਸੇ ਜਹਾਜ਼ ਨੂੰ ਤਬਾਹ ਕਰ ਦੇਵੇ।
ਲੇਕਿਨ ਇਹ ਜਹਾਜ਼ ਦਾ ਕੋਈ ਭਲਾ ਵੀ ਨਹੀਂ ਕਰਦਾ। ਇਸੇ ਕਾਰਨ ਪਾਇਲਟ ਇਸ ਤੋਂ ਬਚਦੇ ਹਨ ਜਾਂ ਟਰਬੂਲੈਂਸ ਵਾਲੇ ਖੇਤਰ ਤੋਂ ਹਲਕਾ ਮੋੜ ਕੱਟ ਲੈਂਦੇ ਹਨ। ਮੁਸਾਫ਼ਰਾਂ ਨੂੰ ਸੀਟਬੈਲਟ ਬੰਨ੍ਹ ਕੇ ਰੱਖਣ ਲਈ ਕਿਹਾ ਜਾਂਦਾ ਹੈ।
ਉਡਾਣ ਖੇਤਰ ਦੇ ਮਾਹਿਰਾਂ ਮੁਤਾਬਕ ਲੱਖਾਂ ਉਡਾਣਾਂ ਦੀ ਤੁਲਨਾ ਵਿੱਚ ਟਰਬੂਲੈਂਸ ਕਾਰਨ ਸੱਟਾਂ ਲੱਗਣਾ ਅਤੇ ਮੌਤ ਦੁਰਲਭ ਹੈ।
ਪਾਇਲਟ ਟਰਬੂਲੈਂਸ ਦਾ ਕਿਵੇਂ ਮੁਕਾਬਲਾ ਕਰਦੇ ਹਨ?

ਪਾਇਲਟਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਇਸ ਸੰਬੰਧੀ ਵਿਸ਼ੇਸ਼ ਪੇਸ਼ੀਨਗੋਈਆਂ ਦਿੱਤੀਆਂ ਜਾਂਦੀਆਂ ਹਨ, ਜਿਸ ਵਿੱਚ ਮੌਸਮ ਸੰਬੰਧੀ ਜਾਣਕਾਰੀ ਵੀ ਹੁੰਦੀ ਹੈ।
ਆਪਣੇ ਰਸਤੇ ਦੀ ਯੋਜਨਾ ਬਣਾਉਂਦੇ ਸਮੇਂ ਉਹ ਇਸ ਜਾਣਕਾਰੀ ਦਾ ਅਧਿਐਨ ਕਰ ਸਕਦੇ ਹਨ।
ਇਸ ਦਾ ਮਤਲਬ ਹੈ ਇਹ ਬੱਦਲਾਂ ਵਿੱਚ ਬਿਜਲੀ ਦੇ ਤੁਫਾਨਾਂ ਤੋਂ ਬਚਾਅ ਕਰ ਸਕਦੇ ਹਨ। ਲੇਕਿਨ ਸਾਫ਼ ਹਵਾ ਵਿਚਲੀ ਹਲਚਲ ਤੋਂ ਬਚਾਅ ਕਰਨਾ ਮੁਸ਼ਕਿਲ ਹੈ।
ਉਨ੍ਹਾਂ ਦੇ ਸਾਹਮਣੇ ਜਾ ਰਿਹਾ ਜਹਾਜ਼ ਵੀ ਉਨ੍ਹਾਂ ਨੂੰ ਦੱਸ ਸਕਦਾ ਹੈ ਕਿ ਅੱਗੇ ਹਲਚਲ ਹੈ।
ਪਾਇਲਟ ਜਾਂ ਤਾਂ ਇਨ੍ਹਾਂ ਖੇਤਰਾਂ ਵਿੱਚ ਜਾਣ ਤੋਂ ਬਿਲਕੁਲ ਹੀ ਪ੍ਰਹੇਜ਼ ਕਰਦੇ ਹਨ ਜਾਂ ਫਿਰ ਜਹਾਜ਼ ਨੂੰ ਹਲਚਲ ਵਾਲੀ ਉਚਾਈ ਤੋਂ ਥੱਲੇ ਲੈ ਆਉਂਦੇ ਹਨ।
ਜਹਾਜ਼ ਦੇ ਕਰਿਊ ਨੂੰ ਵੀ ਇਸ ਹਲਚਲ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਯਾਤਰੀ ਕੀ ਕਰ ਸਕਦੇ ਹਨ?

ਤਸਵੀਰ ਸਰੋਤ, Reuters
ਯਾਤਰੀਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਸੀਟ ਬੈਲਟ ਬੰਨ੍ਹ ਕੇ ਰੱਖਣ ਅਤੇ ਕੋਈ ਭਾਰੀ ਵਸਤੂ ਖੁੱਲ੍ਹੀ ਨਾ ਰੱਖਣ।
ਪਾਇਲਟ ਤਾਂ ਸਾਰੀ ਉਡਾਣ ਦੇ ਦੌਰਾਨ ਹੀ ਪੇਟੀ ਬੰਨ੍ਹ ਕੇ ਰੱਖਣ ਦੀ ਸਲਾਹ ਦਿੰਦੇ ਹਨ ਕਿਉਂਕਿ ਹਲਚਲ ਦਾ ਕੁਝ ਪਤਾ ਨਹੀਂ ਹੁੰਦਾ ਕਿੱਥੇ ਮਿਲ ਜਾਵੇ।
ਗਲੋਬਲ ਵਾਰਮਿੰਗ ਨਾਲ ਕੀ ਹੈ ਸਬੰਧ
ਕੁਝ ਸਾਇੰਸਦਾਨ ਜਹਾਜ਼ਾਂ ਦੀ ਹਲਚਲ ਦਾ ਸੰਬੰਧ ਬਦਲ ਰਹੇ ਜਲਵਾਯੂ ਨਾਲ ਵੀ ਜੋੜਦੇ ਹਨ। ਉਹ ਕਹਿੰਦੇ ਹਨ ਕਿ ਇਨ੍ਹਾਂ ਮਾਮਲਿਆਂ ਵਿੱਚ ਵਾਧਾ ਹੋਇਆ ਹੈ।
ਪਿਛਲੇ ਸਾਲ ਬ੍ਰਿਟੇਨ ਦੀ ਰੀਡਿੰਗ ਯੂਨੀਵਰਸਿਟੀ ਨੇ ਦੇਖਿਆ ਕਿ 1979 ਤੋਂ 2020 ਦੇ ਸਾਲਾਂ ਦੌਰਾਨ ਉੱਤਰੀ ਅਟਲਾਂਟਿਕ ਰੂਟ ਵਿੱਚ ਟਰਬੂਲੈਂਸ ਦੇ ਮਾਮਲਿਆਂ ਵਿੱਚ 55% ਦਾ ਵਾਧਾ ਹੋਇਆ ਹੈ।
ਉਹ ਕਹਿੰਦੇ ਹਨ ਕਿ ਇਸਦੀ ਵਜ੍ਹਾ ਕਾਰਬਨ ਨਿਕਾਸੀ ਕਾਰਨ ਵਧੀ ਗਰਮੀ ਹੈ, ਜਿਸ ਕਾਰਨ ਉਚਾਈ ਉੱਪਰ ਹਵਾ ਗਰਮ ਹੋ ਗਈ ਹੈ।
ਗਾਈ ਗਰੈਟਨ ਮੁਤਾਬਕ ਹਲਚਲ ਦੇ ਮਾਮਲੇ ਵਧੇ ਹਨ, ਇਸ ਦੀ ਇੱਕ ਵਜ੍ਹਾ ਉਡਾਣਾਂ ਦੀ ਗਿਣਤੀ ਵਿੱਚ ਹੋਇਆ ਵਾਧਾ ਵੀ ਹੋ ਸਕਦਾ ਹੈ।
ਇਸਦਾ ਮਤਲਬ ਹੈ ਕਿ ਅਕਾਸ਼ ਰੁੱਝੇ ਰਹਿੰਦੇ ਹਨ। ਇਸ ਕਾਰਨ ਪਾਇਲਟ ਲਈ ਫੈਸਲਾ ਲੈਣਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਆਪਣੇ ਆਲੇ-ਦੁਆਲੇ ਦੇ ਜਹਾਜ਼ਾਂ ਤੋਂ ਵੀ ਇੱਕ ਸੁਰੱਖਿਅਤ ਫਾਸਲਾ ਬਣਾ ਕੇ ਰੱਖਣਾ ਹੁੰਦਾ ਹੈ।
source : BBC PUNJABI