Source :- BBC PUNJABI

ਤਸਵੀਰ ਸਰੋਤ, Getty Images
ਹਾਨੀਆ ਆਮਿਰ, ਮਾਹਿਰਾ ਖ਼ਾਨ, ਅਲੀ ਜ਼ਫ਼ਰ… ਨਾਮਾਂ ਦੀ ਫ਼ਹਿਰਿਸਤ ਕਾਫੀ ਲੰਮੀ ਹੈ ਅਤੇ ਹੋਰ ਲੰਮੀ ਹੋ ਸਕਦੀ ਹੈ। ਇਹ ਉਹ ਪਾਕਿਸਤਾਨੀ ਅਦਾਕਾਰ ਅਤੇ ਕਲਾਕਾਰ ਹਨ ਜਿਨ੍ਹਾਂ ਨੂੰ ਭਾਰਤ ਵਿੱਚ ਵੀ ਖ਼ੂਬ ਪਿਆਰ ਮਿਲਦਾ ਹੈ ਅਤੇ ਫੈਨਜ਼ ਦੀ ਗਿਣਤੀ ਵੀ ਵੱਡੀ ਹੈ।
ਇਨ੍ਹਾਂ ਦੀਆਂ ਰੀਲਜ਼ ਹੋਣ ਜਾਂ ਸਟੋਰੀਜ਼, ਭਾਰਤ ਵਿੱਚ ਖ਼ੂਬ ਦੇਖੀਆਂ ਅਤੇ ਸਰਾਹੀਆਂ ਜਾਂਦੀਆਂ ਹਨ।
ਪਰ ਫਿਲਹਾਲ ਹੁਣ ਭਾਰਤ ਵਿੱਚ ਤੁਸੀਂ ਇਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਨਹੀਂ ਵੇਖ ਪਾਓਗੇ। ਹੁਣ ਜਦੋਂ ਤੁਸੀਂ ਇਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਖੋਲ੍ਹੋਗੇ ਤਾਂ ਉਸ ਉੱਤੇ ਲਿਖਿਆ ਆਵੇਗਾ – ‘ਇਹ ਅਕਾਊਂਟ ਭਾਰਤ ਵਿੱਚ ਉਪਲਬਧ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਅਸੀਂ ਇਸ ਸਮੱਗਰੀ ਨੂੰ ਸੀਮਤ ਕਰਨ ਦੀ ਕਾਨੂੰਨੀ ਬੇਨਤੀ ਦੀ ਪਾਲਣਾ ਕੀਤੀ ਹੈ।’
ਪਾਕਿਸਤਾਨੀ ਡਰਾਮੇ ਵੀ ਹੁਣ ਭਾਰਤ ਵਿੱਚ ਵੇਖਣੇ ਔਖੇ ਹੋ ਜਾਣਗੇ।
ਦਰਅਸਲ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ, ਦੋਹਾਂ ਸਰਕਾਰਾਂ ਵੱਲੋਂ ਕਈ ਸਖ਼ਤ ਕਦਮ ਚੁੱਕੇ ਗਏ ਹਨ। ਸਿੰਧੂ ਜਲ ਸਮਝੌਤਾ ਰੱਦ ਕਰ ਦਿੱਤਾ ਗਿਆ ਹੈ, ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਵੀਜ਼ੇ ਰੱਦ ਕਰ ਦਿੱਤੇ ਗਏ ਹਨ ਅਤੇ ਭਾਰਤ ਦਾ ਏਅਰ ਸਪੇਸ ਵੀ ਪਾਕਿਸਤਾਨੀ ਜਹਾਜ਼ਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਇਸ ਲੜੀ ਵਿੱਚ ਹੀ 30 ਅਪ੍ਰੈਲ ਨੂੰ ਪਾਕਿਸਤਾਨ ਦੇ ਕਈ ਕਲਾਕਾਰਾਂ ਦੇ ਇੰਸਟਾ ਅਕਾਊਂਟ ਵੀ ਭਾਰਤ ਵਿੱਚ ਬੰਦ ਕਰ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਪਾਕਿਸਤਾਨੀ ਅਦਾਕਾਰ ਫ਼ਵਾਦ ਖ਼ਾਨ ਦੀ ਭਾਰਤੀ ਫ਼ਿਲਮ ਅਬੀਰ ਗੁਲਾਲ ਨੂੰ ਵੀ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ –
ਕਿਹੜੇ ਅਕਾਊਂਟ ਹੋਏ ਬੰਦ

ਹਾਨੀਆ ਆਮਿਰ ਦੀਆਂ ਪੰਜਾਬੀ ਅਤੇ ਬਾਲੀਵੁੱਡ ਗਾਣਿਆਂ ਉੱਤੇ ਬਣੀਆਂ ਰੀਲਜ਼ ਨੂੰ ਹਮੇਸ਼ਾ ਹੀ ਭਾਰਤੀ ਫੈਨਜ਼ ਦਾ ਪਿਆਰ ਮਿਲਿਆ ਹੈ। ਪਰ ਹੁਣ ਹਾਨੀਆ ਦਾ ਅਕਾਊਂਟ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਮਾਹਿਰਾ ਖ਼ਾਨ, ਅਲੀ ਜ਼ਫ਼ਰ, ਆਇਜ਼ਾ ਖ਼ਾਨ, ਸਜਲ ਅਲੀ, ਸਨਮ ਸੱਈਦ, ਮਾਇਆ ਅਲੀ ਅਤੇ ਇਕਰਾ ਅਜ਼ੀਜ਼ ਹੁਸੈਨ ਦਾ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਹੈ।
ਹਾਲਾਂਕਿ ਭਾਰਤੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਫ਼ਵਾਦ ਖ਼ਾਨ ਦਾ ਅਕਾਊਂਟ ਹਾਲੇ ਵੀ ਚੱਲ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਪ੍ਰਸਿੱਧ ਅਦਾਕਾਰ ਵਹਾਜ ਅਲੀ, ਸਬਾ ਕਮਰ, ਯੁਮਨਾ ਜ਼ੈਦੀ, ਮੈਹਵਿਸ਼ ਹਯਾਤ ਆਦਿ ਦੇ ਅਕਾਊਂਟ ਹਾਲੇ ਵੀ ਚੱਲ ਰਹੇ ਹਨ।
ਪਾਕਿਸਤਾਨ ਡਰਾਮਾ ਚੈਨਲ ਵੀ ਬੰਦ ਹੋਏ

ਜ਼ਿੰਦਗੀ ਗੁਲਜ਼ਾਰ ਹੈ, ਹਮਸਫ਼ਰ, ਤੇਰੇ ਬਿਨ, ਮੇਰੇ ਪਾਸ ਤੁਮ ਹੋ, ਮੀਮ ਸੇ ਮੁਹੱਬਤ, ਬਿਸਮਿਲ… ਅਜਿਹੇ ਕਈ ਡਰਾਮਾ ਸੀਰੀਜ਼ ਹਨ ਜੋ ਭਾਰਤ ਵਿੱਚ ਖ਼ੂਬ ਦੇਖੇ ਅਤੇ ਸਰਾਹੇ ਗਏ।
ਪਰ ਹੁਣ ਤੁਸੀਂ ਇਹ ਵੀ ਨਹੀਂ ਦੇਖ ਪਾਓਗੇ।
ਭਾਰਤ ਵਿੱਚ ਹਮ ਟੀਵੀ ਅਤੇ ਏਆਰਵਾਈ ਡਿਜੀਟਲ ਚੈਨਲ ਨੂੰ ਬੰਦ ਕਰ ਦਿੱਤਾ ਗਿਆ ਹੈ। ਜਦੋਂ ਤੁਸੀਂ ਇਨ੍ਹਾਂ ਚੈਨਲਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰੋਗੇ ਤਾਂ ਮੈਸੇਜ ਆਵੇਗਾ – ‘ਇਹ ਸਮੱਗਰੀ ਇਸ ਸਮੇਂ ਇਸ ਦੇਸ਼ ਵਿੱਚ ਉਪਲਬਧ ਨਹੀਂ ਹੈ ਕਿਉਂਕਿ ਇਸ ਬਾਰੇ ਸਰਕਾਰ ਵੱਲੋਂ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਨਾਲ ਸਬੰਧਤ ਇੱਕ ਆਦੇਸ਼ ਹੈ। ਸਰਕਾਰ ਵੱਲੋਂ ਹਟਾਉਣ ਦੀਆਂ ਬੇਨਤੀਆਂ ਬਾਰੇ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਗੂਗਲ ਪਾਰਦਰਸ਼ਤਾ ਰਿਪੋਰਟ (transparencyreport.google.com) ‘ਤੇ ਜਾਓ।’
ਇਸ ਤੋਂ ਪਹਿਲਾਂ ਭਾਰਤ ਨੇ 16 ਪਾਕਿਸਤਾਨੀ ਯੂਟਿਊਬ ਚੈਨਲ ਵੀ ਬਲੌਕ ਕੀਤੇ ਹਨ ਜਿਨ੍ਹਾਂ ਵਿੱਚ ਡਾਨ, ਜੀਊ ਨਿਊਜ਼, ਸਮਾ, ਦਿ ਪਾਕਿਸਤਾਨ ਐਕਸਪੀਰੀਅੰਸ ਆਦਿ ਸ਼ਾਮਲ ਹਨ।
ਸੋਸ਼ਲ ਮੀਡੀਆ ‘ਤੇ ਮੀਮਜ਼ ਦੀ ਭਰਮਾਰ

ਭਾਰਤ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਮੀਮਜ਼ ਦੀ ਭਰਮਾਰ ਹੋ ਗਈ ਹੈ। ਹਾਨੀਆ ਆਮਿਰ ਦੇ ਇੰਸਟਾਗ੍ਰਾਮ ਬੈਨ ਨੂੰ ਲੈ ਤੇ ਸਭ ਤੋਂ ਜ਼ਿਆਦਾ ਮੀਮਜ਼ ਬਣ ਰਹੇ ਹਨ।
ਗਦਰ ਫਿਲਮ ਦੇ ਕਈ ਡਾਇਲੌਗਜ਼ ਟ੍ਰੈਂਡ ਕਰ ਰਹੇ ਹਨ ਅਤੇ ਦੋਹਾਂ ਮੁਲਕਾਂ ਦੇ ਇਨਫਲੂਐਂਸਰਜ਼ ਇਸ ਉੱਤੇ ਰੀਲਜ਼ ਅਤੇ ਮੀਮਜ਼ ਬਣਾ ਰਹੇ ਹਨ।
ਇਸ ਤੋਂ ਇਲਾਵਾ ਲੋਕ ਇਸ ਮੁੱਦੇ ਉੱਤੇ ਟਵੀਟ ਵੀ ਕਰ ਰਹੇ ਹਨ। ਕੁਝ ਲੋਕ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਸਨਮਾਨ ਕਰ ਰਹੇ ਹਨ ਅਤੇ ਕੁਝ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਦਾ ਕਸੂਰ ਕੀ ਹੈ।


ਰਿਪੋਰਟਸ ਹਨ ਕਿ ਹਾਨੀਆ ਆਮਿਰ ਦਿਲਜੀਤ ਦੋਸਾਂਝ ਨਾਲ ਫ਼ਿਲਮ ਕਰ ਰਹੇ ਹਨ। ਉਨ੍ਹਾਂ ਵੱਲੋਂ ਪੰਜਾਬੀ ਅਤੇ ਹਿੰਦੀ ਗਾਣਿਆਂ ਉੱਤੇ ਬਣਾਈ ਗਈ ਰੀਲਜ਼ ਕਰਕੇ ਕਈ ਵਾਰ ਉਨ੍ਹਾਂ ਨੂੰ ਆਪਣੇ ਮੁਲਕ ਵਿੱਚ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।
ਪਰ ਇਸ ਵੇਲੇ ਕਈ ਤਰ੍ਹਾਂ ਦੀ ਮੀਮਜ਼ ਵੀ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਹਨ।

ਜਾਵੇਦ ਅਖ਼ਤਰ ਨੇ ਕੀ ਕਿਹਾ

ਤਸਵੀਰ ਸਰੋਤ, Getty Images
ਇਸ ਸਭ ਦੇ ਦਰਮਿਆਨ ਲੇਖਕ ਅਤੇ ਗੀਤਕਾਰ ਜਾਵੇਦ ਅਖ਼ਤਰ ਦਾ ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤਾ ਇੰਟਰਵਿਊ ਕਾਫੀ ਵਾਇਰਲ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਵਾਲ ਇਹ ਉੱਠਦਾ ਹੈ ਕਿ ਕੀ ਸਾਨੂੰ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਆਉਣ ਦੇਣਾ ਚਾਹੀਦਾ ਹੈ? ਇਸ ਉੱਤੇ ਦੋ ਤਰ੍ਹਾਂ ਦੀ ਸੋਚ ਹੈ ਅਤੇ ਦੋਵੇਂ ਹੀ ਸਹੀ ਲੱਗਦੀਆਂ ਹਨ। ਹੁਣ ਤੱਕ ਤਾਂ ਇਹ ਸਭ ਇਕਤਰਫਾ ਰਿਹਾ ਹੈ।
ਉਨ੍ਹਾਂ ਕਿਹਾ, “ਨੁਸਰਤ ਫਤਿਹ ਅਲੀ ਖ਼ਾਨ ਭਾਰਤ ਆਏ, ਮੇਹੰਦੀ ਹਸਨ ਭਾਰਤ ਆਏ, ਗੁਲਾਮ ਅਲੀ ਭਾਰਤ ਆਏ, ਨੂਰ ਜਹਾਨ ਵੀ ਇੱਕ ਵਾਰ ਭਾਰਤ ਆਏ ਸਨ। ਅਸੀਂ ਉਨ੍ਹਾਂ ਦੇ ਲਈ ਵੱਡੇ ਸਵਾਗਤ ਸਮਾਰੋਹ ਕੀਤੇ, ਕਈ ਵੱਡੀ ਈਵੈਂਟ ਕੀਤੇ ਗਏ, ਬਹੁਤ ਉਮਦਾ ਪਰਫਾਰਮੈਂਸ ਹੋਈ। “
“ਫ਼ੈਜ਼ ਅਹਿਮਦ ਫ਼ੈਜ਼ ਉਪ ਮਹਾਦੀਪ ਦੇ ਮਹਾਨ ਕਵੀ ਹੋਏ। ਮੈਂ ਉਨ੍ਹਾਂ ਨੂੰ ਪਾਕਿਸਤਾਨੀ ਨਹੀਂ ਕਹਾਂਹਾ ਕਿਉਂਕਿ ਉਹ ਰਹਿੰਦੇ ਪਾਕਿਸਤਾਨ ਵਿੱਚ ਸੀ, ਕਿਉਂਕਿ ਉਹ ਉੱਥੇ ਪੈਦਾ ਹੋਏ। ਪਰ ਉਹ ਉਪ ਮਹਾਦੀਪ ਦੇ ਕਵੀ ਸਨ। ਉਹ ਸ਼ਾਂਤੀ ਅਤੇ ਪਿਆਰ ਦੇ ਕਵੀ ਸਨ। ਜਦੋਂ ਉਹ ਭਾਰਤ ਆਏ ਸੀ, ਅਟਲ ਬਿਹਾਰੀ ਵਾਜਪਾਈ ਉਸ ਵੇਲੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੂੰ ਦੇਸ਼ ਦੇ ਮੁਖੀ ਵਾਂਗ ਰੱਖਿਆ ਗਿਆ ਸੀ।”

“ਮਤਲਬ ਜਿਸ ਤਰ੍ਹਾਂ ਨਾਲ ਸਰਕਾਰ ਨੇ ਉਨ੍ਹਾਂ ਦਾ ਖ਼ਿਆਲ ਰੱਖਿਆ ਸੀ ਅਤੇ ਦੇਖਭਾਲ ਕੀਤੀ ਸੀ। ਮੈਨੂੰ ਨਹੀਂ ਲੱਗਦਾ ਕਿ ਅਜਿਹਾ ਵਰਤਾਰਾ ਉਧਰੋਂ ਹੋਇਆ ਹੋਵੇ। ਮੈਨੂੰ ਪਾਕਿਸਤਾਨ ਦੇ ਲੋਕਾਂ ਤੋਂ ਸ਼ਿਕਾਇਤ ਨਹੀਂ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਉਹ ਪਿਆਰ ਕਰਦੇ ਹਨ। “
“ਪਾਕਿਸਤਾਨ ਦੇ ਵੱਡੇ ਕਵੀਆਂ ਨੇ ਲਤਾ ਮੰਗੇਸ਼ਕਰ ਲਈ ਕਵਿਤਾਵਾਂ ਲਿਖੀਆਂ ਹਨ। ਮੈਂ ਇਹ ਪੁਖ਼ਤਾ ਤੌਰ ਉੱਤੇ ਕਹਿ ਸਕਦਾ ਹੈ ਕਿ 60 ਅਤੇ 70 ਦੇ ਦਹਾਕਿਆਂ ਵਿੱਚ ਪਾਕਿਸਤਾਨ ਵਿੱਚ ਲਤਾ ਮੰਗੇਸ਼ਕਰ ਸਭ ਤੋਂ ਜ਼ਿਆਦਾ ਪ੍ਰਸਿੱਧ ਭਾਰਤੀ ਸੀ। ਪਰ ਪਾਕਿਸਤਾਨ ਵਿੱਚ ਲਤਾ ਮੰਗੇਸ਼ਕਰ or ਕੋਈ ਪਰਫਾਰਮੈਂਸ ਕਿਉਂ ਨਹੀਂ ਹੋਈ। “
“ਅਸੀਂ ਉਨ੍ਹਾਂ ਦੇ ਕਲਾਕਾਰਾਂ ਨੂੰ ਬਾਹਾਂ ਖੋਲ੍ਹ ਕੇ ਅਪਣਾਇਆ, ਪਰ ਉਨ੍ਹਾਂ ਦੀ ਸੱਤਾ ਵੱਲੋਂ ਸਾਡੇ ਲਈ ਕਦੇ ਅਜਿਹਾ ਨਹੀਂ ਕੀਤਾ ਗਿਆ।”
ਕਲਾਕਾਰਾਂ ‘ਤੇ ਬੰਦਿਸ਼ਾਂ ਨਾਲ ਕੀ ਹੱਲ ਨਿਕਲੇਗਾ?
ਥਿਏਟਰ ਨੇ ਹਮੇਸ਼ਾ ਦੋਹਾਂ ਮੁਲਕਾਂ ਦੀ ਸਰਹਦਾਂ ਨੂੰ ਜੋੜਿਆ ਹੈ। ਪਾਕਿਸਤਾਨੀ ਥੀਏਟਰ ਦੇ ਨਾਮੀ ਕਲਾਕਾਰ ਭਾਰਤ ਵਿੱਚ ਪਰਫਾਰਮ ਕਰਦੇ ਰਹੇ ਹਨ ਪਰ ਹੁਣ ਇਹ ਸਭ ਮੁਮਕਿਨ ਨਹੀਂ ਲੱਗਦਾ।
ਪੰਜਾਬੀ ਨਾਟਕਕਾਰ ਅਤੇ ਥੀਏਟਰ ਨਿਰਦੇਸ਼ਕ ਕੇਵਲ ਧਾਲੀਵਾਲ ਨਾਲ ਬੀਬੀਸੀ ਪੰਜਾਬੀ ਨੇ ਇਸ ਬਾਬਤ ਗੱਲਬਾਤ ਕੀਤੀ।
ਕੇਵਲ ਧਾਲੀਵਾਲ ਕਹਿੰਦੇ ਹਨ ਕਿ ਇਹ ਸਿਆਸੀ ਮਸਲੇ ਸਰਕਾਰਾਂ ਨੂੰ ਆਪਣੇ ਤਰੀਕੇ ਨਾਲ ਆਪਸ ਵਿੱਚ ਸੁਲਝਾਣੇ ਚਾਹੀਦੇ ਹਨ। ਕਲਾਕਾਰਾਂ ਉੱਤੇ ਬੈਨ ਲਗਾ ਕੇ ਮੁੱਦੇ ਦਾ ਹੱਲ ਨਹੀਂ ਨਿਕਲ ਸਕਦਾ।
“ਕਲਾਕਾਰ ਤਾਂ ਪਿਆਰ ਦਾ ਸੁਨੇਹਾ ਦਿੰਦੇ ਹਨ। ਬਲਕਿ ਅਜਿਹੇ ਹਾਲਾਤਾਂ ਵਿੱਚ ਤਾਂ ਉਹ ਦੋਹਾਂ ਮੁਲਕਾਂ ਦਰਮਿਆਨ ਪਾੜੇ ਦੀ ਜਗ੍ਹਾ ਪੁੱਲ ਦਾ ਕੰਮ ਕਰਦੇ ਹਨ। ਜੰਗ ਕਿਸੇ ਮਸਲੇ ਦਾ ਹਲ ਨਹੀਂ ਹੋ ਸਕਦਾ। ਇਨਸਾਨੀਅਤ ਨੂੰ ਪਹਿਲ ਦੇਣੀ ਚਾਹੀਦੀ ਹੈ। ਬੰਦਿਸ਼ਾਂ ਦਾ ਕੀ ਹੈ, ਉਹ ਤਾਂ ਪਹਿਲਾਂ ਵੀ ਕਈ ਲੱਗੀਆਂ, ਅੱਗੇ ਵੀ ਲੱਗਦੀਆਂ ਰਹਿਣੀਆਂ। ਪਰ ਇਸ ਨਾਲ ਮੁੱਦਿਆਂ ਦੇ ਹਲ ਨਹੀਂ ਹੋਣੇ।”

ਫ਼ਿਲਮਸਾਜ਼ ਪਾਲੀ ਭੁਪਿੰਦਰ ਇਸ ਨੂੰ ਸਿਆਸਤ ਦੀ ਨਾਕਾਮੀ ਸਮਝਦੇ ਹਨ। ਉਹ ਕਹਿੰਦੇ ਹਨ ਕਿ ਸਾਡੀ ਸਿਆਸਤ ਵਿੱਚ ਵਿਚਾਰਧਾਰਾ ਦੀ ਕਮੀ ਨਜ਼ਰ ਆਉਂਦੀ ਹੈ।
ਉਹ ਕਹਿੰਦੇ ਹਨ, “ਸਿਆਸਤ ਸਮਾਜ ਨੂੰ ਵੀ ਚਲਾਉਂਦੀ ਹੈ। ਕੋਈ ਵੀ ਫੈਸਲਾ ਲੈਂਦਿਆਂ ਇਸ ਗੱਲ ਨੂੰ ਸਮਝਣਾ ਪਵੇਗਾ। ਕਲਾਕਾਰ ਹਮੇਸ਼ਾ ਦੋ ਕੌਮਾਂ ਵਿੱਚ ਸਮਝੌਤਾ ਕਰਵਾਉਂਦੇ ਹਨ। ਸਮਾਜ ਦੇ ਇੱਕ ਆਖ਼ਰੀ ਪੁਲ ਨੂੰ ਬਚਾਈ ਰੱਖਦੇ ਹਨ।”
”ਅਜਿਹੇ ਫੈਸਲਿਆਂ ਨਾਲ ਨਫਰਤ ਵਧੇਗੀ, ਕਲਚਰਲ ਕੁਨੈਕਸ਼ਨ ਟੁੱਟਦਾ ਹੈ ਅਤੇ ਅਗਲੀ ਪੀੜੀ ਨੂੰ ਹੋਰ ਨਫਰਤ ਨਾਲ ਭਰ ਦਿੰਦਾ ਹੈ। ਅਜਿਹੇ ਫੈਸਲੇ ਨਫਰਤ ਦਾ ਮਾਹੌਲ ਪੈਦਾ ਕਰਦੇ ਹਨ।”
ਇਹ ਵੀ ਪੜ੍ਹੋ –
source : BBC PUNJABI