Source :- BBC PUNJABI

ਮੈਂ ਨੇਪਾਲ ਦੀ ਰਾਜਧਾਨੀ ਵਿੱਚ ਹਿਮਾਲਿਆ ਪਹਾੜੀਆਂ ਦੀਆਂ ਚੋਟੀਆਂ ਨੂੰ ਵੇਖਦੇ ਹੋਏ ਵੱਡਾ ਹੋਇਆ ਹਾਂ।
ਜਦੋਂ ਤੋਂ ਮੈਂ ਨੇਪਾਲ ਛੱਡਿਆ, ਮੈਨੂੰ ਧਰਤੀ ਦੀਆਂ ਕੁਝ ਸਭ ਤੋਂ ਉੱਚੀਆਂ ਚੋਟੀਆਂ ਦੇ ਵਿਸ਼ਾਲ ਅਤੇ ਸੁੰਦਰ ਦ੍ਰਿਸ਼ ਯਾਦ ਆਉਂਦੇ ਹਨ।
ਜਦੋਂ ਵੀ ਮੈਂ ਕਾਠਮੰਡੂ ਜਾਂਦਾ ਹਾਂ, ਤਾਂ ਉਮੀਦ ਕਰਦਾ ਹਾਂ ਕਿ ਇਸ ਸੁੰਦਰ ਪਰਬਤ ਮਾਲਾ ਦੀ ਇੱਕ ਝਲਕ ਦੇਖ ਸਕਾਂਗਾਂ ਪਰ ਮੇਰੀ ਕਿਸਮਤ ਆਮ ਤੌਰ ‘ਤੇ ਮੇਰਾ ਸਾਥ ਨਹੀਂ ਦਿੰਦੀ।
ਇਸਦਾ ਮੁੱਖ ਕਾਰਨ ਗੰਭੀਰ ਹਵਾ ਪ੍ਰਦੂਸ਼ਣ ਹੈ। ਹੁਣ ਇਹ ਧੁੰਦ ਬਸੰਤ ਅਤੇ ਪਤਝੜ ਦੇ ਮੌਸਮ ਦੌਰਾਨ ਵੀ ਦਿਖਾਈ ਦੇਣ ਲੱਗ ਪਈ ਹੈ। ਪਹਿਲਾਂ ਇਸ ਸਮੇਂ ਦੌਰਾਨ ਅਸਮਾਨ ਸਾਫ਼ ਹੁੰਦਾ ਸੀ।
ਮੈਂ ਅਪ੍ਰੈਲ ਵਿੱਚ ਕਾਠਮੰਡੂ ਗਿਆ ਸੀ। ਜਿਸ ਜਹਾਜ਼ ਵਿੱਚ ਮੈਂ ਸੀ, ਉਸ ਨੂੰ ਉਤਰਨ ਤੋਂ ਪਹਿਲਾਂ ਹਵਾ ਵਿੱਚ ਲਗਭਗ 20 ਵਾਰ ਚੱਕਰ ਲਗਾਉਣੇ ਪਏ ਕਿਉਂਕਿ ਧੁੰਦ ਕਾਰਨ ਹਵਾਈ ਅੱਡੇ ‘ਤੇ ਵਿਜ਼ੀਬਿਲਿਟੀ ਘੱਟ ਹੋ ਗਈ ਸੀ।
ਸੈਲਾਨੀਆਂ ਲਈ ਬਦਲਣਾ ਪਿਆ ਪ੍ਰਚਾਰ ਦਾ ਤਰੀਕਾ

ਤਸਵੀਰ ਸਰੋਤ, Yogendra Shakya
ਜਿਸ ਹੋਟਲ ਵਿੱਚ ਮੈਂ ਠਹਿਰਿਆ ਸੀ, ਜੇ ਅਸਮਾਨ ਸਾਫ਼ ਹੋਵੇ ਤਾਂ ਉਥੋਂ ਬਹੁਤ ਸਾਰੀਆਂ ਚੋਟੀਆਂ ਦਿਖਾਈ ਦਿੰਦੀਆਂ ਹਨ। ਪਰ ਨੇਪਾਲ ਵਿੱਚ ਮੇਰੇ ਦੋ ਹਫ਼ਤਿਆਂ ਦੇ ਠਹਿਰਨ ਦੌਰਾਨ, ਇੱਕ ਵੀ ਦਿਨ ਅਜਿਹਾ ਨਹੀਂ ਸੀ ਜਦੋਂ ਅਸਮਾਨ ਸਾਫ਼ ਹੋਵੇ।
ਕਾਠਮਾਂਡੂ ਤੋਂ ਬਾਹਰ ਨਾਗਰਕੋਟ ਇੱਕ ਉੱਚੀ ਥਾਂ ‘ਤੇ ਸਥਿਤ ਹੈ। ਪਰ ਉੱਥੋਂ ਵੀ ਧੁੰਦ ਹੀ ਦਿਖਾਈ ਦਿੰਦੀ ਹੈ। ਇੰਝ ਲੱਗਦਾ ਹੈ ਜਿਵੇਂ ਹਿਮਾਲਿਆ ਦੀਆਂ ਚੋਟੀਆਂ ਗਾਇਬ ਹੋ ਗਈਆਂ ਹੋਣ।
ਯੋਗੇਂਦਰ ਸ਼ਾਕਿਆ ਸਾਲ 1996 ਤੋਂ ਨਾਗਰਕੋਟ ਵਿੱਚ ਇੱਕ ਹੋਟਲ ਚਲਾ ਰਹੇ ਹਨ। ਉਹ ਕਹਿੰਦੇ ਹਨ, “ਮੈਂ ਹੁਣ ਇਸ ਜਗ੍ਹਾ ਦਾ ਪ੍ਰਚਾਰ ਇਸਦੇ ‘ਸੂਰਜ ਚੜ੍ਹਨ, ਡੁੱਬਣ ਅਤੇ ਹਿਮਾਲਿਆ’ ਦੇ ਦ੍ਰਿਸ਼ਾਂ ਲਈ ਨਹੀਂ ਕਰਦਾ ਜਿਵੇਂ ਕਿ ਮੈਂ ਪਹਿਲਾਂ ਕਰਦਾ ਸੀ ਕਿਉਂਕਿ ਇਹ ਤਿੰਨੋਂ ਚੀਜ਼ਾਂ ਹੁਣ ਧੂੰਏਂ ਕਾਰਨ ਦਿਖਾਈ ਹੀ ਨਹੀਂ ਦਿੰਦੀਆਂ। ਹੁਣ ਮੈਂ ਇਸਨੂੰ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ।”
ਇੱਕ ਸਾਲ ਪਹਿਲਾਂ ਵੀ ਜਦੋਂ ਮੈਂ ਨੇਪਾਲ ਵਿੱਚ ਸੀ, ਤਾਂ ਮੈਂ ਅੰਨਪੂਰਣਾ ਖੇਤਰ ਵਿੱਚ ਟ੍ਰੈਕਿੰਗ ਕਰਦੇ ਹੋਏ ਹਿਮਾਲਿਆ ਦੀਆਂ ਵੱਡੀਆਂ ਚੋਟੀਆਂ ਨੂੰ ਦੇਖਣਾ ਚਾਹੁੰਦਾ ਸੀ ਪਰ ਉਦੋਂ ਵੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਧੁੰਦ ਲਗਾਤਾਰ ਵਧ ਰਹੀ ਹੈ ਜਿਸ ਕਾਰਨ ਵਿਜ਼ੀਬਿਲਿਟੀ ਕਾਫ਼ੀ ਘਟ ਗਈ ਹੈ।
ਧੁੰਦ ਕਾਰਨ ਵਿਜ਼ੀਬਿਲਿਟੀ 5 ਹਜ਼ਾਰ ਮੀਟਰ (16,400 ਫੁੱਟ) ਤੋਂ ਘੱਟ ਹੋ ਜਾਂਦੀ ਹੈ। ਜਲਵਾਯੂ ਪਰਿਵਰਤਨ ਕਾਰਨ ਹੁਣ ਧੁੰਦ ਦੀ ਮਿਆਦ ਵੀ ਪਹਿਲਾਂ ਨਾਲੋਂ ਵੱਧ ਹੋ ਗਈ ਹੈ।
ਇਸ ਖੇਤਰ ਵਿੱਚ ਜੂਨ ਤੋਂ ਸਤੰਬਰ ਤੱਕ ਬਰਸਾਤ ਦਾ ਮੌਸਮ ਹੁੰਦਾ ਹੈ। ਉਸ ਸਮੇਂ ਦੌਰਾਨ, ਧੁੰਦ ਦੀ ਬਜਾਏ, ਮਾਨਸੂਨ ਦੇ ਬੱਦਲ ਪਹਾੜਾਂ ਨੂੰ ਲੂਕਾ ਦਿੰਦੇ ਹਨ।
ਸ਼ਹਿਰ-ਸਪਾਟੇ ਦੇ ਲਿਹਾਜ਼ ਨਾਲ ਦੇਖੀਏ ਤਾਂ ਰਵਾਇਤੀ ਤੌਰ ‘ਤੇ, ਮਾਰਚ ਤੋਂ ਮਈ ਅਤੇ ਅਕਤੂਬਰ ਤੋਂ ਨਵੰਬਰ ਤੱਕ ਦਾ ਸਮਾਂ ਕਾਰੋਬਾਰ ਲਈ ਸਭ ਤੋਂ ਚੰਗਾ ਹੁੰਦਾ ਸੀ, ਕਿਉਂਕਿ ਉਸ ਸਮੇਂ ਅਸਮਾਨ ਸਾਫ਼ ਹੁੰਦਾ ਸੀ ਅਤੇ ਵਿਜ਼ੀਬਿਲਿਟੀ ਸਭ ਤੋਂ ਚੰਗੀ ਹੁੰਦੀ ਸੀ।
ਪਰ ਵਧਦੇ ਤਾਪਮਾਨ, ਬਾਰਿਸ਼ ਦੀ ਘਾਟ ਅਤੇ ਵਿਗੜਦੇ ਹਵਾ ਪ੍ਰਦੂਸ਼ਣ ਕਾਰਨ, ਹੁਣ ਬਸੰਤ ਰੁੱਤ ਦੇ ਮਹੀਨਿਆਂ ਦੌਰਾਨ ਇਸ ਵਿੱਚ ਸੰਘਣੀ ਧੁੰਦ ਛਾਈ ਰਹਿੰਦੀ ਹੈ।
ਇਹ ਹਾਲਾਤ ਦਸੰਬਰ ਦੀ ਸ਼ੁਰੂਆਤ ਤੋਂ ਹੀ ਦਿਖਾਈ ਦੇਣ ਲੱਗਦੇ ਹਨ।
ਸੈਰ-ਸਪਾਟੇ ‘ਤੇ ਪ੍ਰਭਾਵ

ਤਸਵੀਰ ਸਰੋਤ, Lucky Chhetri
ਨੇਪਾਲ ਵਿੱਚ ਇੱਕ ਮਹਿਲਾ ਟ੍ਰੈਕਿੰਗ ਗਾਈਡ ਲੱਕੀ ਛੇਤਰੀ ਕਹਿੰਦੇ ਹਨ ਕਿ ਧੁੰਧ ਕਾਰਨ ਕਾਰੋਬਾਰ ਵਿੱਚ 40 ਫੀਸਦੀ ਦੀ ਗਿਰਾਵਟ ਆਈ ਹੈ।
ਉਨ੍ਹਾਂ ਕਿਹਾ, “ਪਿਛਲੇ ਸਾਲ ਸਾਨੂੰ ਟ੍ਰੈਕਰਾਂ ਦੇ ਇੱਕ ਸਮੂਹ ਨੂੰ ਪੈਸੇ ਵਾਪਸ ਕਰਨੇ ਪਏ ਕਿਉਂਕਿ ਸਾਡੇ ਗਾਈਡ ਧੁੰਦ ਕਾਰਨ ਉਨ੍ਹਾਂ ਨੂੰ ਹਿਮਾਲਿਆ ਦੀਆਂ ਚੋਟੀਆਂ ਨਹੀਂ ਦਿਖਾ ਸਕੇ।”
ਆਸਟ੍ਰੇਲੀਆਈ ਸੈਲਾਨੀ ਜੌਨ ਕੈਰੋਲ, ਜੋ 1986 ਤੋਂ ਕਈ ਵਾਰ ਨੇਪਾਲ ਆਏ ਹਨ, ਇਨ੍ਹਾਂ ਹਾਲਾਤਾਂ ਤੋਂ ਦੁਖੀ ਹਨ।
ਉਨ੍ਹਾਂ ਕਿਹਾ, “10 ਸਾਲ ਪਹਿਲਾਂ ਅਜਿਹਾ ਨਹੀਂ ਸੀ, ਪਰ ਹੁਣ ਇੱਥੇ ਧੁੰਦ ਨੇ ਕਬਜ਼ਾ ਕਰ ਲਿਆ ਹੈ ਅਤੇ ਇਹ ਮੇਰੇ ਵਰਗੇ ਸੈਲਾਨੀਆਂ ਲਈ ਬਹੁਤ ਨਿਰਾਸ਼ਾਜਨਕ ਹੈ।”

ਨੇਪਾਲ ਦੇ ਗੰਡਕੀ ਸੂਬੇ ਵਿੱਚ ਟ੍ਰੈਕਿੰਗ ਏਜੰਟ ਐਸੋਸੀਏਸ਼ਨ ਦੇ ਖੇਤਰੀ ਪ੍ਰਧਾਨ ਕ੍ਰਿਸ਼ਨਾ ਆਚਾਰੀਆ ਦਾ ਕਹਿਣਾ ਹੈ ਕਿ ਖੇਤਰ ਵਿੱਚ ਟ੍ਰੈਕਿੰਗ ਉਦਯੋਗ ਡੂੰਘੇ ਸੰਕਟ ਵਿੱਚ ਹੈ।
ਉਨ੍ਹਾਂ ਬੀਬੀਸੀ ਨੂੰ ਦੱਸਿਆ, “ਸਾਡੇ ਟ੍ਰੈਕਿੰਗ ਆਪਰੇਟਰ ਨਾਖੁਸ਼ ਹਨ ਕਿਉਂਕਿ ਹਿਮਾਲਿਆ ਨੂੰ ਨਾ ਦੇਖ ਸਕਣ ਦਾ ਮਤਲਬ ਹੈ ਉਨ੍ਹਾਂ ਦਾ ਕਾਰੋਬਾਰ ਖਤਮ ਹੋ ਗਿਆ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣਾ ਪੇਸ਼ਾ ਬਦਲਣ ਬਾਰੇ ਵੀ ਵਿਚਾਰ ਕਰ ਰਹੇ ਹਨ।”

ਤਸਵੀਰ ਸਰੋਤ, Yunish Gurung
ਇਹ ਧੁੰਦ ਕੇਂਦਰੀ ਹਿਮਾਲਿਆਈ ਖੇਤਰ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।
ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਹੋਟਲ ਮਾਲਕਾਂ ਅਤੇ ਟੂਰ ਆਪਰੇਟਰਾਂ ਦਾ ਕਹਿਣਾ ਹੈ ਕਿ ਧੁੰਦ ਹੁਣ ਹੋਰ ਸੰਘਣੀ ਹੋ ਗਈ ਹੈ ਅਤੇ ਪਹਿਲਾਂ ਨਾਲੋਂ ਜ਼ਿਆਦਾ ਸਮੇਂ ਤੱਕ ਰਹਿੰਦੀ ਹੈ।
ਉਤਰਾਖੰਡ ਵਿੱਚ ਸੈਰ-ਸਪਾਟਾ ਉਦਯੋਗ ਵਿੱਚ ਕੰਮ ਕਰਨ ਵਾਲੇ ਮਲਿਕਾ ਵਿਰਦੀ ਕਹਿੰਦੇ ਹਨ, “ਹੁਣ ਇੱਥੇ ਲੰਬੇ ਸਮੇਂ ਤੱਕ ਮੀਂਹ ਨਹੀਂ ਪੈਂਦਾ। ਅਨਿਯਮਿਤ ਮੀਂਹ ਕਾਰਨ, ਧੁੰਦ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।”
ਹਾਲਾਂਕਿ, ਵਿਰਦੀ ਕਹਿੰਦੇ ਹਨ ਕਿ ਸੈਲਾਨੀ ਅਜੇ ਵੀ ਹਿਮਾਲਿਆ ਦੀਆਂ ਚੋਟੀਆਂ ਨੂੰ ਦੇਖਣ ਲਈ ਆ ਰਹੇ ਹਨ। ਅਤੇ ਜਿਹੜੇ ਪਹਿਲੀ ਵਾਰ ਉਨ੍ਹਾਂ ਨੂੰ ਨਹੀਂ ਦੇਖ ਸਕੇ, ਉਹ ਦੁਬਾਰਾ ਉੱਥੇ ਪਹੁੰਚ ਰਹੇ ਹਨ।
ਪਾਕਿਸਤਾਨ ਵਿੱਚ, ਪੱਛਮੀ ਹਿਮਾਲਿਆ ਦਾ ਖੇਤਰ ਧੂੰਏਂ ਤੋਂ ਮੁਕਾਬਲਤਨ ਘੱਟ ਪ੍ਰਭਾਵਿਤ ਹੋਇਆ ਹੈ ਕਿਉਂਕਿ ਇਹ ਪਹਾੜੀਆਂ ਸ਼ਹਿਰਾਂ ਤੋਂ ਬਹੁਤ ਦੂਰ ਹਨ।
ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਪਹਾੜੀ ਚੋਟੀਆਂ ਜੋ ਕਦੇ ਪੇਸ਼ਾਵਰ ਅਤੇ ਗਿਲਗਿਤ ਵਰਗੀਆਂ ਥਾਵਾਂ ਤੋਂ ਆਸਾਨੀ ਨਾਲ ਦਿਖਾਈ ਦਿੰਦੀਆਂ ਸਨ, ਹੁਣ ਦਿਖਾਈ ਨਹੀਂ ਦਿੰਦੀਆਂ।
ਪਾਕਿਸਤਾਨ ਦੀ ਵਾਤਾਵਰਣ ਸੁਰੱਖਿਆ ਏਜੰਸੀ ਦੇ ਸਾਬਕਾ ਮੁਖੀ ਆਸਿਫ਼ ਸ਼ੁਜਾ ਨੇ ਕਿਹਾ, “ਧੁੰਦ ਜ਼ਿਆਦਾ ਦੇਰ ਤੱਕ ਰਹਿੰਦੀ ਹੈ ਅਤੇ ਅਸੀਂ ਹੁਣ ਉਹ ਪਹਾੜ ਨਹੀਂ ਦੇਖ ਸਕਦੇ ਜੋ ਪਹਿਲਾਂ ਦਿਖਾਈ ਦਿੰਦੇ ਸਨ।”
ਧੁੰਦ ਅਤੇ ਧੂੜ ਭਰੀ ਹਨ੍ਹੇਰੀ

ਦੱਖਣੀ ਏਸ਼ੀਆਈ ਸ਼ਹਿਰ ਨਿਯਮਿਤ ਤੌਰ ‘ਤੇ ਦੁਨੀਆਂ ਭਰ ਵਿੱਚ ਹਵਾ ਪ੍ਰਦੂਸ਼ਣ ਦੇ ਸਭ ਤੋਂ ਉੱਚੇ ਪੱਧਰ ਵਾਲੇ ਸਥਾਨਾਂ ਦੀ ਸੂਚੀ ਵਿੱਚ ਸਿਖਰ ‘ਤੇ ਰਹਿੰਦੇ ਹਨ।
ਜ਼ਹਿਰੀਲੀ ਹਵਾ ਨੇ ਪੂਰੇ ਖੇਤਰ ਵਿੱਚ ਜਨਤਕ ਸਿਹਤ ‘ਤੇ ਵਿਨਾਸ਼ਕਾਰੀ ਪ੍ਰਭਾਵ ਪਾਇਆ ਹੈ, ਜਿਸ ਕਾਰਨ ਅਕਸਰ ਯਾਤਰਾ ਵਿੱਚ ਵਿਘਨ ਪੈਂਦਾ ਹੈ ਅਤੇ ਸਕੂਲ ਬੰਦ ਹੋ ਜਾਂਦੇ ਹਨ।
ਵਾਹਨਾਂ ਦੇ ਧੂੰਏਂ, ਉਦਯੋਗਿਕ ਨਿਕਾਸ, ਨਿਰਮਾਣ ਕਾਰਜ, ਸੁੱਕੀਆਂ ਬੱਜਰੀ ਵਾਲੀਆਂ ਸੜਕਾਂ ਤੋਂ ਨਿਕਲਣ ਵਾਲੀ ਧੂੜ ਅਤੇ ਕੂੜੇ ਨੂੰ ਖੁੱਲ੍ਹੇ ਵਿੱਚ ਸਾੜਨ ਕਾਰਨ ਹਵਾ ਪ੍ਰਦੂਸ਼ਣ ਵਧ ਰਿਹਾ ਹੈ। ਜੰਗਲ ਦੀ ਅੱਗ ਕਾਰਨ ਇਹ ਸਮੱਸਿਆ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ।
ਮੌਸਮੀ ਸਥਿਤੀਆਂ ਦੇ ਕਾਰਨ, ਗਰਮ ਹਵਾ ਠੰਡੀ ਹਵਾ ਦੇ ਉੱਪਰ ਬਣੀ ਰਹਿੰਦੀ ਹੈ, ਇਸ ਤਰ੍ਹਾਂ ਇਹ ਪ੍ਰਦੂਸ਼ਣ ਪੈਦਾ ਕਰਨ ਵਾਲੇ ਬਰੀਕ ਕਣਾਂ ਨੂੰ ਉੱਥੇ ਹੀ ਫਸਾ ਲੈਂਦੀ ਹੈ ਅਤੇ ਹਵਾ ਦਾ ਵਰਟੀਕਲ ਮੂਵਮੈਂਟ ਹੌਲੀ ਹੋ ਜਾਂਦਾ ਹੈ। ਇਸ ਕਾਰਨ ਪ੍ਰਦੂਸ਼ਣ ਦੇ ਕਣ ਦੂਰ ਤੱਕ ਫੈਲ ਨਹੀਂ ਸਕਦੇ ਹਨ।
ਦੱਖਣੀ ਏਸ਼ੀਆਈ ਮੌਸਮ ਵਿਗਿਆਨ ਸੰਘ ਦੇ ਡਾਕਟਰ ਸੋਮੇਸ਼ਵਰ ਦਾਸ ਨੇ ਬੀਬੀਸੀ ਨੂੰ ਦੱਸਿਆ, “ਦੱਖਣੀ ਏਸ਼ੀਆ ਵਿੱਚ ਧੂੰਏਂ ਅਤੇ ਧੂੜ ਭਰੇ ਤੂਫਾਨ ਵਧ ਰਹੇ ਹਨ। ਜਲਵਾਯੂ ਪਰਿਵਰਤਨ ਅਤੇ ਹੋਰ ਕਾਰਕਾਂ ਕਰਕੇ ਅਜਿਹਾ ਜਾਰੀ ਰਹਿਣ ਦੀ ਉਮੀਦ ਹੈ। ”

ਤਸਵੀਰ ਸਰੋਤ, Yunish Gurung/NurPhoto via Getty Images
ਨੇਪਾਲ ਦੇ ਜਲ ਅਤੇ ਮੌਸਮ ਵਿਭਾਗ ਦੇ ਅਨੁਸਾਰ, ਸਾਲ 2024 ਵਿੱਚ, ਪੱਛਮੀ ਨੇਪਾਲ ਦੇ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਪੋਖਰਾ ਦੇ ਹਵਾਈ ਅੱਡੇ ‘ਤੇ 168 ਦਿਨਾਂ ਤੱਕ ਧੁੰਦ ਰਹੀ।
ਇਹ ਅੰਕੜਾ ਸਾਲ 2020 ਵਿੱਚ 23 ਦਿਨ ਅਤੇ ਸਾਲ 2021 ਵਿੱਚ 84 ਦਿਨ ਰਿਹਾ ਸੀ।
ਮਾਹਿਰਾਂ ਦਾ ਮੰਨਣਾ ਹੈ ਕਿ ਸੰਘਣੀ ਆਬਾਦੀ ਅਤੇ ਪ੍ਰਦੂਸ਼ਿਤ ਖੇਤਰ ਵਿੱਚ ਹੋਣ ਕਾਰਨ, ਹਿਮਾਲਿਆ ‘ਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।
ਤਾਂ ਕੀ ਹਿਮਾਲਿਆ ਦੇ ਉਹ ਸੁੰਦਰ ਦ੍ਰਿਸ਼ ਹੁਣ ਸਿਰਫ਼ ਤਸਵੀਰਾਂ, ਪੇਂਟਿੰਗਾਂ ਅਤੇ ਪੋਸਟਕਾਰਡਾਂ ਤੱਕ ਹੀ ਸੀਮਤ ਰਹਿ ਜਾਣਗੇ?
ਕਿੰਗ ਇੰਡਸਟਰੀ ਨਾਲ ਸਬੰਧਿਤ ਛੇਤਰੀ ਕਰਹਿੰਦੇ ਹਨ, “ਜਦੋਂ ਅਸੀਂ ਸੈਲਾਨੀਆਂ ਨੂੰ ਉਹ ਪਹਾੜ ਨਹੀਂ ਦਿਖਾ ਪਾਉਂਦੇ ਜਿਸ ਲਈ ਅਸੀਂ ਉਨ੍ਹਾਂ ਤੋਂ ਪੈਸੇ ਲੈਂਦੇ ਹਾਂ ਤਾਂ ਸਾਨੂੰ ਅਪਰਾਧ ਬੋਧ ਹੁੰਦਾ ਹੈ। ਅਤੇ ਅਸੀਂ ਇਸ ਧੁੰਦ ਦਾ ਕੁਝ ਕਰ ਵੀ ਨਹੀਂ ਸਕਦੇ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI