Home rss national punjabi2ਰਾਸ਼ਟਰੀ ਖ਼ਬਰਾਂ ‘109 ਸਾਲ ਪਹਿਲਾਂ ਅੰਗਰੇਜ਼ਾਂ ਨੂੰ ਦਿੱਤਾ ਸੀ 35 ਹਜ਼ਾਰ ਰੁਪਏ ਦਾ ਕਰਜ਼ਾ’:...

‘109 ਸਾਲ ਪਹਿਲਾਂ ਅੰਗਰੇਜ਼ਾਂ ਨੂੰ ਦਿੱਤਾ ਸੀ 35 ਹਜ਼ਾਰ ਰੁਪਏ ਦਾ ਕਰਜ਼ਾ’: ਮੱਧ ਪ੍ਰਦੇਸ਼ ਦੇ ਇਸ ਪਰਿਵਾਰ ਨੇ ਰਕਮ ਵਾਪਸ ਕਰਨ ਦੀ ਮੰਗ ਕੀਤੀ

4
0

Source :- BBC PUNJABI

ਪਰਿਵਾਰ ਕੋਲ ਜੁੰਮਾਲਾਲ ਰੁਠੀਆ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਉਸ ਸਮੇਂ ਉਨ੍ਹਾਂ ਵੱਲੋਂ ਵਰਤੀ ਜਾਣ ਵਾਲੀ ਗੱਡੀ ਦੀ ਤਸਵੀਰ ਵੀ ਮੌਜੂਦ ਹੈ

ਤਸਵੀਰ ਸਰੋਤ, Gautam Ruthiya

ਜੁੰਮਾਲਾਲ ਰੁਠੀਆ ਨੇ 1917 ਵਿੱਚ ਬ੍ਰਿਟਿਸ਼ ਸਰਕਾਰ ਨੂੰ 35 ਹਜ਼ਾਰ ਰੁਪਏ ਦਾ ਕਰਜ਼ਾ ਦਿੱਤਾ ਸੀ। ਹੁਣ 109 ਸਾਲ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਬ੍ਰਿਟਿਸ਼ ਸਰਕਾਰ ਕੋਲੋਂ ਇਹ ਰਕਮ ਵਾਪਸ ਕਰਨ ਦੀ ਮੰਗ ਕੀਤੀ ਹੈ।

ਜੁੰਮਾਲਾਲ ਰੁਠੀਆ ਦੇ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਕੋਲ 4 ਜੂਨ 1917 ਦਾ ਇੱਕ ਸਰਟੀਫਿਕੇਟ ਹੈ, ਜਿਸ ਵਿੱਚ ਬ੍ਰਿਟਿਸ਼ ਸਰਕਾਰ ਨੂੰ 35 ਹਜ਼ਾਰ ਰੁਪਏ ਦਿੱਤੇ ਜਾਣ ਦਾ ਰਿਕਾਰਡ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਇਹ ਰਕਮ ਭੋਪਾਲ ਏਜੰਸੀ ਵਿੱਚ ਬ੍ਰਿਟਿਸ਼ ਸਰਕਾਰ ਦੇ ਪੌਲੀਟੀਕਲ ਏਜੰਟ ਦੇ ਜ਼ਰੀਏ ਦਿੱਤੀ ਗਈ ਸੀ।

ਹੁਣ ਬ੍ਰਿਟੇਨ ਦੇ ਡੈਟ ਮੈਨੇਜਮੈਂਟ ਆਫਿਸ ਮਤਲਬ ਡੀਐਮਓ ਨੇ ਪਰਿਵਾਰ ਤੋਂ ਇਸ ਮਾਮਲੇ ਨਾਲ ਜੁੜੇ ਦਸਤਾਵੇਜ਼ ਅਤੇ ਪਰਿਵਾਰ ਦੀ ਜਾਣਕਾਰੀ ਮੰਗੀ ਹੈ।

ਪਰਿਵਾਰ ਨੂੰ ਇਸੇ ਸਾਲ ਫ਼ਰਵਰੀ ਵਿੱਚ ਪਤਾ ਲੱਗਿਆ

ਸੇਠ ਜੁੰਮਾਲਾਲ ਰੁਠੀਆ ਅਤੇ ਉਨ੍ਹਾਂ ਦੀ ਪਤਨੀ ਦੀ ਤਸਵੀਰ

ਤਸਵੀਰ ਸਰੋਤ, Gautam Ruthiya

ਜੁੰਮਾਲਾਲ ਰੁਠੀਆ ਦੇ ਪੜਪੋਤੇ ਗੌਤਮ ਰੁਠੀਆ ਦੇ ਮੁਤਾਬਕ, ਬ੍ਰਿਟਿਸ਼ ਅਧਿਕਾਰੀਆਂ ਨੇ ਮਾਮਲੇ ਨੂੰ ਅੱਗੇ ਜਾਂਚ ਲਈ ਭੇਜ ਦਿੱਤਾ ਹੈ ਅਤੇ ਦਸਤਾਵੇਜ਼ਾਂ ਦੀ ਤਸਦੀਕ ਲਈ ਕੁਝ ਜਾਣਕਾਰੀ ਮੰਗੀ ਹੈ।

ਗੌਤਮ ਰੁਠੀਆ ਨੇ ਫ਼ੋਨ ‘ਤੇ ਗੱਲਬਾਤ ਕਰਦਿਆਂ ਬੀਬੀਸੀ ਨੂੰ ਦੱਸਿਆ, “ਦੇਖੋ, ਸਾਨੂੰ ਬ੍ਰਿਟਿਸ਼ ਸਰਕਾਰ ਤੋਂ ਇੱਕ ਈਮੇਲ ਆਇਆ, ਜਿਸ ਵਿੱਚ ਉਹ ਮਾਮਲੇ ਦੀ ਪੁਸ਼ਟੀ ਕਰਨ ਲਈ ਕੁਝ ਜਾਣਕਾਰੀ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜੇ ਇਸ ਮਾਮਲੇ ਦੀ ਜਾਂਚ ਲਈ ਕੇਸ ਅੱਗੇ ਭੇਜ ਦਿੱਤਾ ਗਿਆ ਹੈ। ਅਤੇ ਵੈਰੀਫ਼ਿਕੇਸ਼ਨ ਲਈ ਜੋ ਜਾਣਕਾਰੀ ਉਨ੍ਹਾਂ ਨੂੰ ਚਾਹੀਦੀ ਹੈ, ਉਹ ਅਸੀਂ ਆਪਣੇ ਵੱਲੋਂ ਉਨ੍ਹਾਂ ਨੂੰ ਭੇਜ ਰਹੇ ਹਾਂ।”

ਹਾਲਾਂਕਿ, ਬ੍ਰਿਟਿਸ਼ ਅਧਿਕਾਰੀਆਂ ਵੱਲੋਂ ਪਰਿਵਾਰ ਦੇ ਦਾਅਵੇ ਨੂੰ ਸਵੀਕਾਰ ਕੀਤੇ ਜਾਣ ਦੀ ਗੱਲ ਅਜੇ ਨਹੀਂ ਕਹੀ ਗਈ ਹੈ। ਦਸਤਾਵੇਜ਼ ਮੰਗੇ ਜਾਣਾ, ਫਿਲਹਾਲ ਦਾਅਵੇ ਦੀ ਜਾਂਚ ਦੀ ਪ੍ਰਕਿਰਿਆ ਦਾ ਹਿੱਸਾ ਹੈ।

ਜੁੰਮਾਲਾਲ ਦੇ ਪੋਤੇ ਅਤੇ ਗੌਤਮ ਦੇ ਪਿਤਾ ਵਿਨੇ ਰੁਠੀਆ ਨੇ ਕਿਹਾ ਕਿ ਪਰਿਵਾਰ ਬ੍ਰਿਟਿਸ਼ ਸਰਕਾਰ ਦੀ ਪਹਿਲੀ ਪ੍ਰਤੀਕਿਰਿਆ ਤੋਂ ਕਾਫ਼ੀ ਉਤਸ਼ਾਹਿਤ ਹੈ।

ਉਨ੍ਹਾਂ ਕਿਹਾ ਕਿ, “ਸਾਨੂੰ ਇੰਨੇ ਮਹੀਨਿਆਂ ਵਿੱਚ ਪਹਿਲੀ ਵਾਰ ਯੂਕੇ ਸਰਕਾਰ ਤੋਂ ਪ੍ਰਤੀਕਿਰਿਆ ਮਿਲੀ ਹੈ। ਸਾਡੀ ਉਮੀਦ ਵਧ ਗਈ ਹੈ। ਇਹ ਮਾਮਲਾ ਪੈਸੇ ਤੋਂ ਉੱਪਰ ਉੱਠ ਚੁੱਕਿਆ ਹੈ। ਇਹ ਸਾਡੇ ਲਈ ਇੱਕ ਤਰ੍ਹਾਂ ਨਾਲ ਸਾਡੇ ਵਡੇਰਿਆਂ ਦੀ ਵਿਰਾਸਤ ਦਾ ਮਾਮਲਾ ਹੈ।”

ਵਿਨੇ ਰੁਠੀਆ ਦੇ ਮੁਤਾਬਕ, ਪਰਿਵਾਰ ਨੂੰ ਇਸ ਦਸਤਾਵੇਜ਼ ਬਾਰੇ ਇਸੇ ਸਾਲ ਫ਼ਰਵਰੀ ਵਿੱਚ ਪਤਾ ਲੱਗਾ ਸੀ।

ਉਨ੍ਹਾਂ ਕਿਹਾ, “ਇਸੇ ਸਾਲ ਦੀ ਸ਼ੁਰੂਆਤ ਵਿੱਚ ਅਸੀਂ ਕਿਸੇ ਹੋਰ ਮਾਮਲੇ ਵਿੱਚ ਪੁਰਾਣੇ ਕਾਗਜ਼ਾਤ ਫਰੋਲ ਰਹੇ ਸੀ, ਉਦੋਂ ਹੀ ਸਾਨੂੰ ਬ੍ਰਿਟਿਸ਼ ਸਰਕਾਰ ਨੂੰ ਦਿੱਤੇ ਗਏ ਕਰਜ਼ੇ ਦਾ ਇਹ ਦਸਤਾਵੇਜ਼ ਮਿਲਿਆ। ਇਸ ਤੋਂ ਬਾਅਦ ਅਸੀਂ ਵਕੀਲ ਦੇ ਜ਼ਰੀਏ ਬ੍ਰਿਟਿਸ਼ ਸਰਕਾਰ ਨਾਲ ਸੰਪਰਕ ਕੀਤਾ।”

1917 ਵਿੱਚ ਜੁੰਮਾਲਾਲ ਨੇ ਬ੍ਰਿਟਿਸ਼ ਸਰਕਾਰ ਨੂੰ ਕਿਉਂ ਦਿੱਤਾ ਸੀ ਕਰਜ਼ਾ?

ਪਰਿਵਾਰ ਨੂੰ ਆਈ ਈਮੇਲ ਦੀ ਤਸਵੀਰ

ਤਸਵੀਰ ਸਰੋਤ, Gautam Ruthiya

ਪਰਿਵਾਰ ਦੇ ਮੁਤਾਬਕ, ਜੁੰਮਾਲਾਲ ਰੁਠੀਆ ਨੇ ਇਹ ਰਕਮ ਪਹਿਲੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਸਰਕਾਰ ਨੂੰ ਦਿੱਤੀ ਸੀ।

ਵਿਨੇ ਰੁਠੀਆ ਤੋਂ ਜਦੋਂ ਅਸੀਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ, “ਪਹਿਲੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀ ਜਵਾਨ ਵੀ ਜੰਗ ਵਿੱਚ ਸ਼ਾਮਲ ਹੋਏ ਸਨ। ਉਸ ਸਮੇਂ ਬ੍ਰਿਟਿਸ਼ ਸਰਕਾਰ ਜਵਾਨਾਂ ਦੀ ਸੰਭਾਲ ਲਈ ਪੈਸੇ ਇਕੱਠੇ ਕਰ ਰਹੀ ਸੀ। ਇਸੇ ਸਿਲਸਿਲੇ ਵਿੱਚ ਉਸ ਸਮੇਂ ਮੇਰੇ ਦਾਦਾ ਜੀ, ਜੁੰਮਾਲਾਲ ਜੀ ਨੇ ਇਹ ਪੈਸਾ ਬ੍ਰਿਟਿਸ਼ ਸਰਕਾਰ ਨੂੰ ਜੰਗ ‘ਤੇ ਗਏ ਭਾਰਤੀ ਜਵਾਨਾਂ ਦੇ ਖ਼ਰਚ ਲਈ ਦਿੱਤਾ ਸੀ।”

ਪਰਿਵਾਰ ਕੋਲ ਮੌਜੂਦ ਦਸਤਾਵੇਜ਼ ਵਿੱਚ ਕਰਜ਼ਾ ਦੇਣ ਦੀ ਤਾਰੀਖ਼ 4 ਜੂਨ 1917 ਦਰਜ ਹੈ।

ਜੁੰਮਾਲਾਲ ਦਾ ਪਰਿਵਾਰ ਇਸਨੂੰ ਵਾਰ ਲੋਨ (ਜੰਗ ਦੌਰਾਨ ਦਿੱਤਾ ਗਿਆ ਕਰਜ਼ਾ) ਦੱਸਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਆਮ ਬੈਂਕ ਲੋਨ ਵਾਂਗ ਨਹੀਂ ਸੀ, ਜਿਸ ਵਿੱਚ ਦੋ ਜਾਂ ਪੰਜ ਸਾਲਾਂ ਦੇ ਅੰਦਰ ਰਕਮ ਵਾਪਸ ਕਰਨ ਦੀ ਕੋਈ ਤੈਅ ਸਮਾਂ-ਸੀਮਾ ਹੋਵੇ।

ਗੌਤਮ ਰੁਠੀਆ ਕਹਿੰਦੇ ਹਨ, “ਜੇ ਬੈਂਕਿੰਗ ਡੌਕੂਮੈਂਟ ਹੁੰਦਾ ਤਾਂ ਉਸ ਵਿੱਚ ਇੱਕ ਸਮਾਂ-ਸੀਮਾ ਤੈਅ ਹੁੰਦੀ, ਜਿਵੇਂ ਕਿ ਪੰਜ ਸਾਲ ਵਿੱਚ ਕਰਜ਼ਾ ਅਦਾ ਕਰਨਾ ਹੈ ਜਾਂ 10 ਸਾਲ ਵਿੱਚ ਕਰਨਾ ਹੈ। ਪਰ ਇਹ ਵਾਰ ਲੋਨ ਯਾਨੀ ਕਿ ਜੰਗ ਲਈ ਦਿੱਤਾ ਗਿਆ ਲੋਨ ਸੀ। ਇਹ ਨਿਸ਼ਚਿਤ ਨਹੀਂ ਸੀ ਕਿ ਜੰਗ ਕਿੰਨੇ ਸਮੇਂ ਵਿੱਚ ਰੁਕੇਗੀ, ਕਦੋਂ ਰੁਕੇਗੀ।”

ਗੌਤਮ ਰੁਠੀਆ ਦੇ ਮੁਤਾਬਕ, ਪਰਿਵਾਰ ਦੇ ਪੁਰਾਣੇ ਰਿਕਾਰਡ ਵਿੱਚ ਇਹ ਦਸਤਾਵੇਜ਼ ਮੌਜੂਦ ਸੀ, ਪਰ ਇਸ ਬਾਰੇ ਉਨ੍ਹਾਂ ਨੂੰ ਇਸੇ ਸਾਲ ਫ਼ਰਵਰੀ ਵਿੱਚ ਜਾਣਕਾਰੀ ਮਿਲੀ।

ਗੌਤਮ ਨੇ ਦੱਸਿਆ ਕਿ ਹੁਣ ਬ੍ਰਿਟਿਸ਼ ਅਧਿਕਾਰੀਆਂ ਨੇ ਪਰਿਵਾਰ ਨਾਲ ਜੁੜੇ ਦਸਤਾਵੇਜ਼, ਪਰਿਵਾਰਕ ਇਤਿਹਾਸ, ਪੁਰਾਣੇ ਸਰਟੀਫਿਕੇਟ ਅਤੇ ਉਸ ਸਮੇਂ ਦੀ ਫ਼ਰਮ ਨਾਲ ਸਬੰਧਤ ਜਾਣਕਾਰੀ ਮੰਗੀ ਹੈ।

ਗੌਤਮ ਰੁਠੀਆ ਦੇ ਮੁਤਾਬਕ, ਅਧਿਕਾਰੀਆਂ ਨੇ ਇਹ ਵੈਰੀਫ਼ਾਈ ਕਰਨਾ ਹੈ ਕਿ 1917 ਵਿੱਚ ਰਕਮ ਦੇਣ ਵਾਲਾ ਪਰਿਵਾਰ ਅਤੇ ਹੁਣ ਦਾਅਵਾ ਕਰਨ ਵਾਲਾ ਪਰਿਵਾਰ ਇੱਕੋ ਹੈ ਜਾਂ ਨਹੀਂ।

35 ਹਜ਼ਾਰ ਰੁਪਏ ਦੇ ਕਰਜ਼ੇ ਦੀ ਅੱਜ ਕਿੰਨੀ ਕੀਮਤ ਹੋਵੇਗੀ?

ਗੌਤਮ ਰੁਠੀਆ

ਤਸਵੀਰ ਸਰੋਤ, Gautam Ruthiya

ਰੁਠੀਆ ਪਰਿਵਾਰ 1917 ਵਿੱਚ ਦਿੱਤੇ ਗਏ 35 ਹਜ਼ਾਰ ਰੁਪਏ ਦੀ ਅੱਜ ਦੀ ਕੀਮਤ ਦਾ ਵੀ ਹਿਸਾਬ ਲਗਾ ਰਿਹਾ ਹੈ।

ਗੌਤਮ ਰੁਠੀਆ ਦੇ ਮੁਤਾਬਕ, ਪਰਿਵਾਰ ਆਪਣੇ ਦਾਅਵੇ ਵਿੱਚ ਮੂਲ ਰਕਮ ਦੇ ਨਾਲ ਵਿਆਜ, ਕੰਪਾਊਂਡਿੰਗ ਇੰਟਰੈਸਟ ਅਤੇ ਹੋਰ ਖ਼ਰਚਿਆਂ ਨੂੰ ਵੀ ਸ਼ਾਮਲ ਕਰੇਗਾ।

ਉਹ ਕਹਿੰਦੇ ਹਨ, “ਅਸੀਂ ਪੂਰਾ ਕਲੇਮ ਕਰਾਂਗੇ। 35 ਹਜ਼ਾਰ ਤਾਂ ਆਪਣਾ ਪ੍ਰਿੰਸੀਪਲ ਅਮਾਊਂਟ ਹੈ, ਪਲੱਸ ਉਸ ‘ਤੇ ਵਿਆਜ ਹੈ, ਕੰਪਾਊਂਡਿੰਗ ਇੰਟਰੈਸਟ ਹੈ ਅਤੇ ਜੋ ਖ਼ਰਚ ਆਏਗਾ, ਇਸ ਵਿੱਚ ਮਹਿੰਗਾਈ ਨੂੰ ਵੀ ਸ਼ਾਮਲ ਕਰਾਂਗੇ ਅਤੇ ਸਾਰੀਆਂ ਚੀਜ਼ਾਂ ਨੂੰ ਕੈਲਕੁਲੇਟ ਕਰਨ ਤੋਂ ਬਾਅਦ ਅੱਜ ਦੀ ਕਰੰਸੀ ਨਾਲ ਉਸ ਦੀ ਤੁਲਨਾ ਕਰਾਂਗੇ।”

ਪਰਿਵਾਰ ਨੇ ਅਜੇ ਇਹ ਤੈਅ ਨਹੀਂ ਕੀਤਾ ਹੈ ਕਿ 109 ਸਾਲ ਬਾਅਦ ਇਸ ਕਥਿਤ ਕਰਜ਼ੇ ਦੇ ਬਦਲੇ ਉਹ ਕੁੱਲ ਕਿੰਨੇ ਪੈਸਿਆਂ ਦੀ ਮੰਗ ਕਰਨਗੇ।

2015 ‘ਚ ਬ੍ਰਿਟੇਨ ਨੇ ਪਹਿਲੇ ਵਿਸ਼ਵ ਯੁੱਧ ਦਾ 2.2 ਅਰਬ ਪੌਂਡ ਦਾ ਕਰਜ਼ਾ ਚੁਕਾਇਆ

ਜੁੰਮਾਲਾਲ ਰੁਠੀਆ ਦੇ ਪੋਤੇ ਵਿਨੇ ਰੁਠੀਆ

ਤਸਵੀਰ ਸਰੋਤ, Gautam Ruthiya

ਵਿਨੇ ਰੁਠੀਆ ਦੇ ਮੁਤਾਬਕ, ਬ੍ਰਿਟਿਸ਼ ਸਰਕਾਰ ਨੇ 2015 ਵਿੱਚ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਲਏ ਗਏ ਪੁਰਾਣੇ ਕਰਜ਼ੇ ਦਾ ਵੱਡਾ ਹਿੱਸਾ ਚੁਕਾਇਆ ਸੀ।

ਉਹ ਕਹਿੰਦੇ ਹਨ, “ਰਿਸਰਚ ਕਰਨ ਦੌਰਾਨ ਇਹ ਸਾਹਮਣੇ ਆਇਆ ਕਿ 2015 ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਫ਼ਰਸਟ ਵਰਲਡ ਵਾਰ ਦੀ ਕਾਫ਼ੀ ਰਕਮ ਚੁਕਾਈ ਸੀ। ਇਹ 1917 ਦੇ ਆਸ-ਪਾਸ ਦੇ ਲੋਨ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ 2015 ਵਿੱਚ ਚੁਕਾਇਆ।”

ਬ੍ਰਿਟਿਸ਼ ਸੰਸਦ ਵਿੱਚ ਸਰਕਾਰ ਵੱਲੋਂ ਦਸੰਬਰ 2014 ਵਿੱਚ ਦਿੱਤੇ ਗਏ ਇੱਕ ਜਵਾਬ ਦੇ ਮੁਤਾਬਕ, ਉਸ ਸਮੇਂ ਸਰਕਾਰ ਕੋਲ ਪਹਿਲੇ ਵਿਸ਼ਵ ਯੁੱਧ ਨਾਲ ਜੁੜਿਆ ਕਰੀਬ 2.2 ਅਰਬ ਪੌਂਡ ਦਾ ਕਰਜ਼ਾ ਬਾਕੀ ਸੀ। ਇਸ ਵਿੱਚੋਂ ਕੁਝ ਫ਼ੀਸਦੀ ਵਾਰ ਲੋਨ ਸੀ, ਜਿਸ ਨੂੰ 9 ਮਾਰਚ 2015 ਨੂੰ ਚੁਕਾਇਆ ਗਿਆ। ਇਸ ਤੋਂ ਇਲਾਵਾ ਕੁਝ ਫ਼ੀਸਦੀ ਕਨਸੌਲੀਡੇਟਿਡ ਲੋਨ ਅਤੇ ਕਨਵਰਜ਼ਨ ਲੋਨ ਸੀ, ਜਿਸ ਨੂੰ ਵੀ 2015 ਵਿੱਚ ਚੁਕਾਇਆ ਗਿਆ ਸੀ।

ਬ੍ਰਿਟਿਸ਼ ਸੰਸਦ ਵਿੱਚ ਦਿੱਤੇ ਗਏ ਇੱਕ ਦੂਜੇ ਜਵਾਬ ਮੁਤਾਬਕ, 4 ਫ਼ੀਸਦੀ ਕਨਸੌਲੀਡੇਟਿਡ ਲੋਨ ਅਤੇ 3.5 ਫ਼ੀਸਦੀ ਵਾਰ ਲੋਨ ਅਜਿਹੇ ਸਰਕਾਰੀ ਬੌਂਡ ਸਨ, ਜਿਨ੍ਹਾਂ ਨੂੰ ਪਹਿਲੇ ਵਿਸ਼ਵ ਯੁੱਧ ਲਈ ਪੈਸਾ ਇਕੱਠਾ ਕਰਨ ਦੇ ਮਕਸਦ ਨਾਲ ਜਾਰੀ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਬੌਂਡਾਂ ਵਿੱਚ ਉਸ ਸਮੇਂ ਜੰਗ ਲਈ ਜਾਰੀ ਕੀਤੇ ਗਏ ਕੁੱਲ ਬੌਂਡਾਂ ਦਾ ਕਰੀਬ 99 ਫ਼ੀਸਦੀ ਹਿੱਸਾ ਸੀ।

ਹਾਲਾਂਕਿ, 2015 ਵਿੱਚ ਬ੍ਰਿਟੇਨ ਵੱਲੋਂ ਇਨ੍ਹਾਂ ਪੁਰਾਣੇ ਕਰਜ਼ਿਆਂ ਦਾ ਪੈਸਾ ਵਾਪਸ ਕੀਤੇ ਜਾਣ ਨਾਲ ਇਹ ਸਾਬਿਤ ਨਹੀਂ ਹੁੰਦਾ ਕਿ ਜੁੰਮਾਲਾਲ ਰੁਠੀਆ ਨੇ 1917 ਵਿੱਚ ਜੋ 35 ਹਜ਼ਾਰ ਰੁਪਏ ਦਿੱਤੇ ਸਨ, ਉਹ ਵੀ ਇਨ੍ਹਾਂ ਹੀ ਬੌਂਡਾਂ ਵਿੱਚ ਸ਼ਾਮਲ ਸਨ।

ਸੇਠ ਜੁੰਮਾਲਾਲ ਰੁਠੀਆ ਕੌਣ ਸਨ?

ਵਿਨਯ ਰੁਠੀਆ - ਜੁੰਮਾਲਾਲ ਰੁਠੀਆ ਦੇ ਪੋਤੇ

ਪਰਿਵਾਰ ਦੇ ਮੁਤਾਬਕ, ਜੁੰਮਾਲਾਲ ਰੁਠੀਆ ਉਸ ਸਮੇਂ ਇਲਾਕੇ ਦੇ ਵੱਡੇ ਕਾਰੋਬਾਰੀ ਸਨ।

ਉਨ੍ਹਾਂ ਦੇ ਪੋਤੇ ਵਿਨੇ ਰੁਠੀਆ ਦੱਸਦੇ ਹਨ ਕਿ ਜੁੰਮਾਲਾਲ ਰੁਠੀਆ ਦੀ ਕਰੀਬ 3,000 ਗਊਆਂ ਵਾਲੀ ਗਊਸ਼ਾਲਾ ਵੀ ਸੀ।

ਪਰਿਵਾਰ ਕੋਲ ਜੁੰਮਾਲਾਲ ਰੁਠੀਆ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਉਸ ਸਮੇਂ ਉਨ੍ਹਾਂ ਵੱਲੋਂ ਵਰਤੀ ਜਾਣ ਵਾਲੀ ਗੱਡੀ ਦੀ ਤਸਵੀਰ ਵੀ ਮੌਜੂਦ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁਰਾਣੇ ਕਾਰੋਬਾਰ ਅਤੇ ਪਰਿਵਾਰ ਨਾਲ ਜੁੜੇ ਹੋਰ ਦਸਤਾਵੇਜ਼ ਵੀ ਮੌਜੂਦ ਹਨ।

ਉਨ੍ਹਾਂ ਅੱਗੇ ਕਿਹਾ, “ਇਸ ਤੋਂ ਇਲਾਵਾ ਮੇਰੇ ਦਾਦਾ ਜੀ ਦਾ ਬਹੁਤ ਵੱਡਾ ਕਾਰੋਬਾਰ ਸੀ। ਉਹ ਉਸ ਸਮੇਂ ਅਫ਼ੀਮ ਦੀ ਖੇਤੀ ਵੀ ਕਰਵਾਉਂਦੇ ਸਨ। ਉਨ੍ਹਾਂ ਕੋਲ ਰੋਲਜ਼ ਰੌਇਸ ਗੱਡੀ ਸੀ। ਤਾਂ ਸਵਾਲ ਇਹ ਨਹੀਂ ਹੈ ਕਿ ਉਨ੍ਹਾਂ ਨੇ ਕਰਜ਼ਾ ਦਿੱਤਾ ਜਾਂ ਨਹੀਂ। ਉਨ੍ਹਾਂ ਕੋਲ ਪੈਸੇ ਸਨ ਅਤੇ ਕਰਜ਼ਾ ਦੇਣ ਦਾ ਡਾਕਿਊਮੈਂਟ ਵੀ ਹੈ। ਸਵਾਲ ਇਹ ਹੈ ਕਿ ਬ੍ਰਿਟਿਸ਼ ਸਰਕਾਰ ਇਸ ‘ਤੇ ਕੀ ਕਾਰਵਾਈ ਕਰੇਗੀ।”

ਸੇਠ ਜੁੰਮਾਲਾਲ ਰੁਠੀਆ ਦੀ 1937 ਵਿੱਚ ਮੌਤ ਹੋ ਗਈ ਸੀ। ਯਾਨੀ ਕਰਜ਼ਾ ਦਿੱਤੇ ਜਾਣ ਦੇ ਕਰੀਬ ਦੋ ਦਹਾਕਿਆਂ ਬਾਅਦ। ਇਸ ਤੋਂ ਕਰੀਬ 10 ਸਾਲ ਬਾਅਦ 1947 ਵਿੱਚ ਬ੍ਰਿਟਿਸ਼ ਸ਼ਾਸਨ ਨੂੰ ਭਾਰਤ ਛੱਡਣਾ ਪਿਆ ਸੀ। ਪਰਿਵਾਰ ਦਾ ਦਾਅਵਾ ਹੈ ਕਿ ਇਸ ਰਕਮ ਦਾ ਕਦੇ ਭੁਗਤਾਨ ਜਾਂ ਨਿਪਟਾਰਾ ਨਹੀਂ ਹੋਇਆ।

ਦਸਤਾਵੇਜ਼ਾਂ ਅਤੇ ਜਾਣਕਾਰੀ ਦੀ ਤਸਦੀਕ ਹੋਣਾ ਬਾਕੀ

ਪਰਿਵਾਰ ਕੋਲ ਮੌਜੂਦ ਦਸਤਾਵੇਜ਼ ਵਿੱਚ ਕਰਜ਼ਾ ਦੇਣ ਦੀ ਤਾਰੀਖ਼ 4 ਜੂਨ 1917 ਦਰਜ ਹੈ

ਤਸਵੀਰ ਸਰੋਤ, Gautam Ruthiya

ਫਿਲਹਾਲ ਬ੍ਰਿਟਿਸ਼ ਅਧਿਕਾਰੀਆਂ ਨੇ ਪਰਿਵਾਰ ਦੇ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ ਹੈ।

ਅਜੇ ਪਰਿਵਾਰ ਤੋਂ ਮੰਗੇ ਗਏ ਦਸਤਾਵੇਜ਼ਾਂ ਅਤੇ ਜਾਣਕਾਰੀ ਦੀ ਤਸਦੀਕ ਹੋਣੀ ਹੈ। ਇਸ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ 1917 ਵਿੱਚ ਦਿੱਤੇ ਗਏ 35 ਹਜ਼ਾਰ ਰੁਪਏ ਨਾਲ ਜੁੜੇ ਦਸਤਾਵੇਜ਼ ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਨਾਲ ਕਿਸ ਤਰ੍ਹਾਂ ਮੇਲ ਖਾਂਦੇ ਹਨ।

ਪਰਿਵਾਰ ਵੱਲੋਂ ਅੱਗੇ ਦੀ ਕਾਨੂੰਨੀ ਪ੍ਰਕਿਰਿਆ ਅਤੇ ਆਰਬਿਟ੍ਰੇਸ਼ਨ ਦੀ ਸੰਭਾਵਨਾ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਵਿਨੇ ਰੁਠੀਆ ਦੇ ਮੁਤਾਬਕ, ਮੂਲ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਹੀ ਅੱਗੇ ਦਾ ਰਸਤਾ ਤੈਅ ਹੋਵੇਗਾ।

109 ਸਾਲ ਪੁਰਾਣੇ ਇਸ ਮਾਮਲੇ ਵਿੱਚ ਫਿਲਹਾਲ ਪਰਿਵਾਰ ਬ੍ਰਿਟਿਸ਼ ਅਧਿਕਾਰੀਆਂ ਵੱਲੋਂ ਮੰਗੇ ਗਏ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI