Source :- BBC PUNJABI
ਕੇਰਲ ਦੇ ਪਥਨਮਥਿੱਟਾ ‘ਚ 18 ਸਾਲਾ ਦਲਿਤ ਵਿਦਿਆਰਥਣ ਨਾਲ ਕਥਿਤ ਜਿਨਸੀ ਸ਼ੋਸ਼ਣ ਅਤੇ ਸਮੂਹਿਕ ਬਲਾਤਕਾਰ ਦੇ ਮਾਮਲੇ ‘ਚ ਪੁਲਿਸ ਨੇ 64 ਵਿੱਚੋਂ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤ ਵਿਦਿਆਰਥਣ ਦਲਿਤ ਹੈ। ਉਸ ਨੇ ਇਲਜ਼ਾਮ ਲਾਇਆ ਕਿ ਸਾਰੇ ਮੁਲਜ਼ਮਾਂ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ।
ਇਸ ਮਾਮਲੇ ਵਿੱਚ ਜਿਨ੍ਹਾਂ ਲੋਕਾਂ ‘ਤੇ ਇਲਜ਼ਾਮ ਲੱਗੇ ਹਨ, ਉਨ੍ਹਾਂ ਵਿੱਚ ਵਿਦਿਆਰਥਣ ਦੇ ਗੁਆਂਢੀ, ਉਸ ਦੇ ਉਨ੍ਹਾਂ ਦੇ ਪਿਤਾ ਦੇ ਦੋਸਤ, ਖੇਡ ਕੋਚ ਅਤੇ ਹੋਰ ਲੋਕ ਸ਼ਾਮਲ ਹਨ।
ਇਨ੍ਹਾਂ ਵਿੱਚੋਂ 2 ਮੁਲਜ਼ਮ 17 ਸਾਲ ਦੇ ਨਾਬਾਲਿਗ ਹਨ, ਜਦਕਿ ਬਾਕੀ 19 ਤੋਂ 47 ਸਾਲ ਦੀ ਉਮਰ ਦੇ ਹਨ।
ਪੀੜਤ ਦੇ ਗੁਆਂਢੀ ਅਤੇ ਬਚਪਨ ਦੇ ਦੋਸਤ ਨੂੰ ਪਹਿਲਾ ਮੁਲਜ਼ਮ ਬਣਾਇਆ ਗਿਆ। ਪੀੜਤ ਵਿਦਿਆਰਥਣ ਉਸ ਸਮੇਂ 13 ਸਾਲ ਦੀ ਸੀ। ਇਸ ਤੋਂ ਇਲਾਵਾ ਵਿਦਿਆਰਥਣ ਦੇ ਦੋਸਤ ‘ਤੇ ਇਲਜ਼ਾਮ ਹਨ ਕਿ ਉਹ ਗੈਂਗਰੇਪ ਮਾਮਲਿਆਂ ਵਿੱਚੋਂ ਘੱਟੋ-ਘੱਟ ਇੱਕ ਵਿੱਚ ਸ਼ਾਮਲ ਸੀ।
ਪੀੜਤ ਵਿਦਿਆਰਥਣ ਮੁਤਾਬਕ ਇਹ ਸਭ ਉਸ ਨਾਲ 3 ਤੋਂ 4 ਸਾਲਾਂ ਦੇ ਦਰਮਿਆਨ ਹੋਇਆ।
ਪਥਨਮਥਿੱਟਾ ਦੇ ਡੀਐੱਸਪੀ ਨੰਦਕੁਮਾਰ ਨੇ ਦੱਸਿਆ, “ਉਸ ਨੂੰ ਪਿਛਲੇ 5 ਸਾਲਾਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਿਉਂਕਿ ਪੀੜਤ ਉਦੋਂ ਤੱਕ ਨਾਬਾਲਗ ਸੀ, ਇਸ ਕਰਕੇ ਪੋਕਸੋ ਐਕਟ ਅਤੇ ਐੱਸਸੀ-ਐੱਸਟੀ (ਬਲਾਤਕਾਰ ਦੀ ਰੋਕਥਾਮ) ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਹਨ।”
ਪਥਨਮਥਿੱਟਾ ਜ਼ਿਲ੍ਹਾ ਅਪਰਾਧ ਸ਼ਾਖਾ ਦੇ ਮੀਡੀਆ ਸੈੱਲ ਦੇ ਸਜੀਵ ਐੱਮ. ਨੇ ਕਿਹਾ, “ਪਹਿਲੇ ਮੁਲਜ਼ਮ ਦੇ ਫੋਨ ਵਿੱਚ ਜਿਨਸੀ ਸ਼ੋਸ਼ਣ ਦੇ ਸਬੂਤ ਮਿਲੇ ਸਨ, ਜਿਸ ਦੀ ਵਰਤੋਂ ਉਹ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ, ਉਸ ਨੂੰ ਬਲੈਕਮੇਲ ਕਰਨ ਅਤੇ ਉਸ ਨੂੰ ਆਪਣੇ ਦੋਸਤਾਂ ਕੋਲ ਲਿਜਾਣ ਲਈ ਕਰਦਾ ਸੀ।”
ਉਨ੍ਹਾਂ ਨੇ ਦੱਸਿਆ ਕਿ, “ਵਿਦਿਆਰਥਣ ਸਦਮੇ ਵਿੱਚ ਹੈ।”
ਇਹ ਮਾਮਲਾ ਕਿਵੇਂ ਸਾਹਮਣੇ ਆਇਆ?
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕਮਿਊਨਿਟੀ ਕਾਊਂਸਲਰਾਂ ਦੀ ਇੱਕ ਟੀਮ ਕੁਟੁੰਬਸ਼੍ਰੀ ‘ਸਨੇਹਿਤਾ’ ਪ੍ਰੋਗਰਾਮ ਤਹਿਤ ਪੀੜਤ ਦੇ ਘਰ ਗਈ।
ਬਾਲ ਕਲਿਆਣ ਕਮੇਟੀ ਪਥਨਮਥਿੱਟਾ ਦੇ ਚੇਅਰਪਰਸਨ ਐਡਵੋਕੇਟ ਐੱਨ ਰਾਜੀਵ ਨੇ ਬੀਬੀਸੀ ਹਿੰਦੀ ਨੂੰ ਕਿਹਾ, “ਇਸ ਪ੍ਰੋਗਰਾਮ ਦੇ ਤਹਿਤ, ਪਰਿਵਾਰਾਂ ਦੇ ਬਹੁਤ ਸਾਰੇ ਵੇਰਵੇ ਇਕੱਠੇ ਕੀਤੇ ਜਾਂਦੇ ਹਨ ਅਤੇ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਬਾਰੇ ਸਲਾਹ ਦਿੱਤੀ ਜਾਂਦੀ ਹੈ।”
“ਇਹ ਉਦੋਂ ਹੋਇਆ ਜਦੋਂ ਪੀੜਤ ਆਪਣੇ ਸਕੂਲੀ ਦਿਨਾਂ ਦੇ ਤਜ਼ਰਬਿਆਂ ਬਾਰੇ ਗੱਲ ਕਰਨਾ ਚਾਹੁੰਦੀ ਸੀ ਪਰ ਉਸ ਨੇ ਕਿਸੇ ਸੀਨੀਅਰ ਅਧਿਕਾਰੀ ਨਾਲ ਗੱਲ ਕਰਨ ਲਈ ਜ਼ੋਰ ਪਾਇਆ ਅਤੇ ਕੌਂਸਲਰ ਨੇ ਸਿੱਧਾ ਮੇਰੇ ਨਾਲ ਸੰਪਰਕ ਕੀਤਾ।”
ਪੀੜਤ ਅਤੇ ਉਸ ਦੀ ਮਾਂ ਸੀ.ਡਬਲਯੂ.ਸੀ. ਚੇਅਰਮੈਨ ਦੇ ਦਫ਼ਤਰ ਗਏ, ਜਿੱਥੇ ਉਸ ਨੇ ਸਾਰੀ ਗੱਲ ਦੱਸੀ।
ਰਾਜੀਵ ਨੇ ਦੱਸਿਆ, “ਪੀੜਤ ਨੇ ਸਾਡੇ ਮਨੋਵਿਗਿਆਨੀ ਨਾਲ ਗੱਲ ਕੀਤੀ ਜਦੋਂ ਉਸਦੀ ਮਾਂ ਬਾਹਰ ਇੰਤਜ਼ਾਰ ਕਰ ਰਹੀ ਸੀ। ਮਾਂ ਨੂੰ ਆਪਣੇ ਪਤੀ ਦਾ ਫੋਨ ਲਿਆਉਣ ਲਈ ਕਿਹਾ ਗਿਆ ਅਤੇ ਇਸ ਤਰ੍ਹਾਂ ਮੁਲਜ਼ਮਾਂ ਦੇ ਨਾਮ ਸਾਹਮਣੇ ਆਏ।”
ਪਥਨਮਥਿੱਟਾ ਜ਼ਿਲ੍ਹਾ ਅਪਰਾਧ ਸ਼ਾਖਾ ਦੇ ਮੀਡੀਆ ਸੈੱਲ ਦੇ ਸਜੀਵ ਐੱਮ. ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ, “ਵਿਦਿਆਰਥਣ ਨੇ ਆਪਣੇ ਪਿਤਾ ਦੇ ਫੋਨ ‘ਤੇ ਆਏ 40 ਲੋਕਾਂ ਦੀਆਂ ਕਾਲਾਂ ਦੇ ਸਬੂਤ ਮੁੱਹਈਆ ਕਰਵਾਏ।”
ਪੀੜਤ ਵਿਦਿਆਰਥਣ ਨੇ ਦੱਸਿਆ ਕਿ ਇਹ ਸਾਰੇ ਉਸਦੇ ਗੁਆਂਢੀ, ਜਮਾਤੀ ਅਤੇ ਇੱਥੋਂ ਤੱਕ ਕਿ ਕਈ ਅਜਨਬੀ ਵੀ ਸਨ।
ਇਹ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਬੁਲਾਉਣ ਤੋਂ ਪਹਿਲਾਂ, ਸੀ.ਡਬਲਯੂ.ਸੀ. ਦੇ ਕਾਉਂਸਲਰ ਅਤੇ ਇੱਕ ਮਨੋਵਿਗਿਆਨੀ ਨੇ ਵਿਦਿਆਰਥਣ ਨਾਲ ਕਈ ਵਾਰ ਮੁਲਾਕਾਤਾਂ ਕੀਤੀਆਂ।
ਆਮ ਤੌਰ ‘ਤੇ ਸੀ.ਡਬਲਯੂ.ਸੀ. ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਮਾਮਲੇ ਬਾਰੇ ਥਾਣੇ ਦੇ ਸਟੇਸ਼ਨ ਹਾਊਸ ਅਫ਼ਸਰ ਨੂੰ ਸੂਚਨਾ ਦੇਵੇ।
ਪਰ ਰਾਜੀਵ ਨੇ ਕਿਹਾ, “ਸਾਨੂੰ ਲੱਗਾ ਕਿ ਇਹ ਇੱਕ ਅਲੱਗ ਮਾਮਲਾ ਹੈ। ਇਸ ਲਈ ਅਸੀਂ ਪੁਲਿਸ ਸੁਪਰਡੈਂਟ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ।”
ਇਸੇ ਦੌਰਾਨ ਕੌਮੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੇ ਸਬੰਧ ਵਿੱਚ ਸੂਬਾ ਸਰਕਾਰ ਤੋਂ ਤਿੰਨ ਦਿਨਾਂ ਵਿੱਚ ਰਿਪੋਰਟ ਮੰਗੀ ਹੈ। ਕੇਰਲ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਖ਼ੁਦ ਨੋਟਿਸ ਲਿਆ ਹੈ।
ਪੀੜਤ ਅਤੇ ਉਸ ਦੀ ਮਾਂ ਨੂੰ ਸੁਰੱਖਿਅਤ ਘਰ ਲਿਜਾਇਆ ਗਿਆ ਹੈ।
ਹੁਣ ਤੱਕ ਕੀ ਕਾਰਵਾਈ ਹੋਈ?
ਹੁਣ ਤੱਕ ਇਸ ਮਾਮਲੇ ਵਿੱਚ 64 ਮੁਲਜ਼ਮਾਂ ਵਿੱਚੋਂ 20 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
8 ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਇਹ ਸ਼ਿਕਾਇਤਾਂ ਦੋ ਪੁਲਿਸ ਸਟੇਸ਼ਨਾਂ ਵਿੱਚ ਦਰਜ ਹੋਈਆਂ ਹਨ।
ਪਥਨਮਥਿੱਟਾ ਜ਼ਿਲ੍ਹੇ ਦੇ ਡਿਪਟੀ ਐੱਸਪੀ ਨੰਦਕੁਮਾਰ ਐੱਸ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “ਐੱਸਸੀ-ਐੱਸਟੀ ਐਕਟ ਅਤੇ ਪੋਕਸੋ ਦੇ ਤਹਿਤ ਵੀ ਮਾਮਲੇ ਦਰਜ ਕੀਤੇ ਗਏ ਹਨ, ਕਿਉਂਕਿ ਇਹ ਅਪਰਾਧ ਪਿਛਲੇ ਪੰਜ ਸਾਲਾਂ ਵਿੱਚ ਹੋਏ ਹਨ। ਪੀੜਤ ਉਸ ਸਮੇਂ ਨਾਬਾਲਗ ਸੀ।”
ਪੁਲਿਸ ਅਧਿਕਾਰੀ ਨੇ ਦੱਸਿਆ ਕਿ, “ਇਸ ਵਿਚਾਲੇ ਗੈਂਗਰੇਪ ਦੀਆਂ 3 ਘਟਨਾਵਾਂ ਹੋਈਆਂ ਹਨ।”
ਦੱਸਿਆ ਜਾਂਦਾ ਹੈ ਕਿ ਕੁਝ ਮੁਲਜ਼ਮ ਦੂਜੇ ਜ਼ਿਲ੍ਹਿਆਂ ਦੇ ਵੀ ਹਨ। ਇਸ ਮਾਮਲੇ ਵਿੱਚ ਹੋਰ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI