Source :- BBC PUNJABI

ਰੰਜਨੀ

ਤਸਵੀਰ ਸਰੋਤ, Special arrangement

2006 ਵਿੱਚ, ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਇੱਕ ਮਹਿਲਾ ਅਤੇ ਉਨ੍ਹਾਂ ਦੀਆਂ 17 ਦਿਨਾਂ ਦੀਆਂ ਜੁੜਵਾਂ ਬੱਚੀਆਂ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਹੁਣ 19 ਸਾਲਾਂ ਬਾਅਦ, ਸੀਬੀਆਈ ਨੇ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਇਸ ਕਤਲ ਕੇਸ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨਾਲੋਜੀ ਨੇ ਲੰਬੇਂ ਸਮੇਂ ਤੋਂ ਫਰਾਰ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੁਕ ਕੇ ਰਹਿ ਰਹੇ ਮੁਲਜ਼ਮਾਂ ਨੂੰ ਫੜਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਇਸ ਮਾਮਲੇ ਵਿੱਚ ਮ੍ਰਿਤਕ ਦੀ ਮਾਂ 19 ਸਾਲਾਂ ਤੋਂ ਇਕੱਲਿਆਂ ਕਾਨੂੰਨੀ ਲੜਾਈ ਲੜ ਰਹੇ ਸਨ।

ਮ੍ਰਿਤਕ ਦੀ ਮਾਂ ਨੇ ਕਿਹਾ, “ਮੈਂ ਆਪਣੀ ਜਿੰਦਗੀ ਸਿਰਫ਼ ਇਹ ਖ਼ਬਰ ਸੁਣਨ ਲਈ ਜੀਅ ਰਹੀ ਸੀ, ਰੱਬ ਨੇ ਮੇਰੀ ਅਰਦਾਸ ਸੁਣ ਲਈ।”

ਕੇਰਲ ਦੇ ਕੋਲਮ ਜ਼ਿਲ੍ਹੇ ਦੇ ਆਂਚਲ ਪਿੰਡ ਦੇ ਰਹਿਣ ਵਾਲੇ ਸ਼ਾਂਥਮਾ 10 ਫਰਵਰੀ 2006 ਦੇ ਦਿਨ ਕਿਸੇ ਕੰਮ ਲਈ ਪੰਚਾਇਤ ਦਫ਼ਤਰ ਗਏ ਸਨ। ਜਦੋਂ ਉਹ ਘਰ ਵਾਪਸ ਪਹੁੰਚੇ ਤਾਂ ਉਨ੍ਹਾਂ ਦੀ 24 ਸਾਲਾ ਧੀ ਰੰਜਨੀ ਅਤੇ ਧੀ ਦੀਆਂ 17 ਦਿਨਾਂ ਦੀਆਂ ਜੁੜਵਾਂ ਬੱਚੀਆਂ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਆਪਣੀ ਧੀ ਅਤੇ ਬੱਚੀਆਂ ਨੂੰ ਇਸ ਹਾਲਤ ਵਿੱਚ ਵੇਖਣ ਦੇ ਨਾਲ ਹੀ ਸ਼ਾਂਥਮਾ ਸਦਮੇ ਵਿੱਚ ਚੱਲੇ ਗਏ ਅਤੇ ਬੇਹੋਸ਼ ਹੋ ਗਏ। ਇਸ ਮਗਰੋਂ ਗੁਆਂਢੀਆਂ ਨੇ ਆ ਕੇ ਪੁਲਿਸ ਨੂੰ ਬੁਲਾਇਆ। ਸ਼ਾਂਥਮਾ ਦੀ ਉਮਰ 67 ਸਾਲ ਹੈ ਅਤੇ ਉਹ ਲੰਬੇ ਵਕਫ਼ੇ ਤੋਂ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨੀ ਲੜਾਈ ਲੜ ਰਹੇ ਸਨ।

ਹਾਲਾਂਕਿ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਦਾ ਪਤਾ ਤੁਰੰਤ ਨਹੀਂ ਲੱਗ ਸਕਿਆ।

ਪਰ ਅਖੀਰ 19 ਸਾਲ ਦੇ ਸੰਘਰਸ਼ ਤੋਂ ਬਾਅਦ ਸ਼ਾਂਥਮਾ ਨੂੰ ਮੁਲਜ਼ਮਾਂ ਦੇ ਫੜੇ ਜਾਣ ਦੀ ਖ਼ਬਰ ਮਿਲੀ।

ਬੀਬੀਸੀ ਪੰਜਾਬੀ

ਇਸ ਤਕਨੀਕੀ ਯੁੱਗ ਦੇ ਦੌਰ ਵਿੱਚ ਜਦੋਂ ਕੁਝ ਵੀ ਅਸੰਭਵ ਨਹੀਂ ਹੈ ਤਾਂ ਕੇਰਲ ਪੁਲਿਸ ਏਆਈ ਤਕਨਾਲੋਜੀ ਦੀ ਮਦਦ ਨਾਲ ਮੁਲਜ਼ਮਾਂ ਤੱਕ ਪਹੁੰਚੀ ਹੈ। ਸੀਬੀਆਈ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਪੁਡੂਚੇਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਮੁਲਜ਼ਮ ਦੇਵਿਲ ਕੁਮਾਰ, ਮ੍ਰਿਤਕ ਰੰਜਨੀ ਦੇ ਜਾਣਕਾਰ ਹਨ ਅਤੇ ਜੁੜਵਾਂ ਬੱਚਿਆਂ ਦੇ ਪਿਤਾ ਹਨ। ਦੂਜਾ ਮੁਲਜ਼ਮ ਉਨ੍ਹਾਂ ਦਾ ਦੋਸਤ ਰਾਜੇਸ਼ ਹਨ।

ਕਤਲ ਦੀ ਵਾਰਦਾਤ ਮਗਰੋਂ ਮੁਲਜ਼ਮਾਂ ਨੇ ਆਪਣੀ ਪਛਾਣ ਬਦਲ ਲਈ ਅਤੇ ਵੱਖ-ਵੱਖ ਨਾਵਾਂ ਨਾਲ ਪੁਡੂਚੇਰੀ ਵਿੱਚ ਰਹਿਣ ਲੱਗ ਪਏ। ਉਹ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ ਪਰਿਵਾਰ ਵੀ ਹਨ।

ਦੇਵਿਲ ਕੁਮਾਰ ਆਂਚਲ ਪਿੰਡ ਦੇ ਹੀ ਰਹਿਣ ਵਾਲੇ ਹਨ। ਦੂਜੇ ਮੁਲਜ਼ਮ ਰਾਜੇਸ਼ ਕੰਨੂਰ ਜ਼ਿਲ੍ਹੇ ਦੇ ਸ਼੍ਰੀਕੰਦਪੁਰਮ ਖੇਤਰ ਦੇ ਰਹਿਣ ਵਾਲੇ ਹਨ।

ਫਰਵਰੀ 2006 ਵਿੱਚ ਸੀਬੀਆਈ ਦੁਆਰਾ ਲੁਕਆਊਟ ਨੋਟਿਸ ਵਿੱਚ ਕਿਹਾ ਗਿਆ ਸੀ ਕਿ ਦੋਵੇਂ ਮੁਲਜ਼ਮ ਅੰਗਰੇਜ਼ੀ, ਹਿੰਦੀ, ਮਲਿਆਲਮ ਅਤੇ ਤਾਮਿਲ ਬੋਲ ਸਕਦੇ ਸਨ। ਉਸ ਸਮੇਂ ਦੇਵਿਲ ਕੁਮਾਰ ਅਤੇ ਰਾਜੇਸ਼ ਫੌਜ ਵਿੱਚ ਨੌਕਰੀ ਕਰ ਰਹੇ ਸਨ।

‘ਮੇਰੇ ਸੰਘਰਸ਼ ਦਾ ਨਤੀਜਾ’

ਕਤਲ ਬਾਰੇ ਅਖ਼ਬਾਰਾਂ ਦੇ ਆਰਟੀਕਲ

ਤਸਵੀਰ ਸਰੋਤ, Special arrangement

ਅਜੇ ਵੀ ਸ਼ਾਂਥਮਾ ਆਪਣੇ ਧੀ ਅਤੇ ਪੋਤਿਆਂ ਦੇ ਕਤਲ ਦੇ ਸਦਮੇ ਤੋਂ ਪੂਰੀ ਤਰ੍ਹਾਂ ਨਾਲ ਉੱਭਰ ਨਹੀਂ ਪਾਏ ਹਨ। ਉਨ੍ਹਾਂ ਨੂੰ ਉਸ ਸਮੇਂ ਵਾਪਰੀ ਹਰ ਘਟਨਾ ਯਾਦ ਹੈ।

ਸ਼ਾਂਥਮਾ ਨੇ ਕਿਹਾ, “ਇਹ ਮੇਰੀ ਅਰਦਾਸ ਅਤੇ ਸੰਘਰਸ਼ ਦਾ ਇਨਾਮ ਹੈ। ਮੈਨੂੰ ਖੁਸ਼ੀ ਹੈ ਕਿ ਮੇਰੀ ਧੀ ਨੂੰ ਮਾਰਨ ਵਾਲੇ ਕਾਤਲ ਫੜੇ ਗਏ ਹਨ। ਮੈਂ ਸਾਲਾਂ ਤੋਂ ਇਨਸਾਫ਼ ਲਈ ਲੜ ਰਹੀ ਸੀ। ਮੈਨੂੰ ਨਹੀਂ ਪਤਾ ਕਿ ਮੈਨੂੰ ਇਕੱਲੀ ਲੜਨ ਦੀ ਹਿੰਮਤ ਕਿੱਥੋਂ ਮਿਲੀ। ਮੈਨੂੰ ਨਿਆਂਪਾਲਿਕਾ ਵਿੱਚ ਵਿਸ਼ਵਾਸ ਹੈ। ਮੈਨੂੰ ਉਮੀਦ ਹੈ ਕਿ ਦੋਵਾਂ ਨੂੰ ਸਖ਼ਤ ਸਜ਼ਾ ਮਿਲੇਗੀ।”

ਸ਼ਾਂਥਮਾ ਇੱਕ ਗਰੀਬ ਪਰਿਵਾਰ ਤੋਂ ਹਨ। ਉਹ ਛੋਟੀ ਉਮਰ ਵਿੱਚ ਆਪਣੇ ਪਤੀ ਤੋਂ ਵੱਖ ਹੋ ਗਏ ਸਨ ਅਤੇ ਇਕੱਲਿਆਂ ਰਹਿ ਰਹੇ ਸਨ। ਸ਼ਾਂਥਮਾ ਦੇ ਪਤੀ ਉਨ੍ਹਾਂ ਦੀ ਧੀ ਦੇ ਅੰਤਿਮ ਸੰਸਕਾਰ ਦੌਰਾਨ ਆਏ ਸਨ। ਉਨ੍ਹਾਂ ਨੇ ਕੋਲਮ ਵਿੱਚ ਦੂਜੇ ਧੀ ਅਤੇ ਹੋਰ ਰਿਸ਼ਤੇਦਾਰਾਂ ਦੀ ਮਦਦ ਨਾਲ ਇੱਕ ਛੋਟਾ ਜਿਹਾ ਘਰ ਬਣਾਇਆ ਹੈ ਅਤੇ ਇਕੱਲੇ ਰਹਿ ਰਹੇ ਹਨ।

ਦਮਾ ਅਤੇ ਥਾਇਰਾਇਡ ਵਰਗੀਆਂ ਸਿਹਤ ਸਮੱਸਿਆਵਾਂ ਤੋਂ ਪੀੜਤ ਹੋਣ ਦੇ ਬਾਵਜੂਦ, ਸ਼ਾਂਥਮਾ ਨੇ ਆਪਣੀ ਕਾਨੂੰਨੀ ਲੜਾਈ ਡੱਟ ਕੇ ਲੜੀ, ਭਾਵੇਂ ਕਿ ਸ਼ਾਂਥਮਾ ਇਸ ਗੱਲ ਤੋਂ ਦੁਖੀ ਸਨ ਕਿ ਕਾਨੂੰਨੀ ਲੜਾਈ ਵਿੱਚ ਕੋਈ ਉਨ੍ਹਾਂ ਦਾ ਸਮਰਥਨ ਕਰਨ ਲਈ ਅੱਗੇ ਨਹੀਂ ਆਇਆ।

ਉਹ ਕਹਿੰਦੇ ਹਨ ਕਿ ਇਨ੍ਹਾਂ 19 ਸਾਲਾਂ ਵਿੱਚ ਉਨ੍ਹਾਂ ਕਦੇ ਵੀ ਕਾਨੂੰਨੀ ਲੜਾਈ ਤੋਂ ਪਿੱਛੇ ਹੱਟਣ ਬਾਰੇ ਨਹੀ ਸੋਚਿਆ।

ਉਨ੍ਹਾਂ ਕਿਹਾ, “ਮੈਨੂੰ ਪਤਾ ਸੀ ਕਿ ਇਹ ਦਿਨ ਆਵੇਗਾ, ਮੈਨੂੰ ਉਮੀਦ ਸੀ ਕਿ ਕਾਤਲ ਇੱਕ ਦਿਨ ਲੱਭ ਲਏ ਜਾਣਗੇ, ਪਰ ਜਦੋਂ ਵੀ ਮੈਨੂੰ ਨਿਰਾਸ਼ਾ ਹੁੰਦੀ ਸੀ ਕਿ ਹੁਣ ਤੱਕ ਕੇਸ ਅੱਗੇ ਨਹੀਂ ਵਧਿਆ, ਤਾਂ ਮੈਂ ਆਪਣੇ ਆਪ ਨੂੰ ਕਹਿੰਦੀ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ।”

ਸ਼ਾਂਥਮਾ ਇੱਕ ਵਾਰ ਕਾਤਲਾਂ ਨੂੰ ਦੇਖਣਾ ਚਾਹੁੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਧੀ ਨੂੰ ਮਾਰਿਆ ਸੀ।

ਉਨ੍ਹਾਂ ਕਿਹਾ, “ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਨ੍ਹਾਂ ਨੇ ਮੇਰੀ ਧੀ ਅਤੇ ਬੱਚਿਆਂ ਨੂੰ ਕਿਉਂ ਮਾਰਿਆ।”

ਸ਼ਾਂਥਮਾ

ਤਸਵੀਰ ਸਰੋਤ, Special arrangement

ਸ਼ਾਂਥਮਾ ਦਾ ਦ੍ਰਿੜ ਇਰਾਦਾ

ਕੇਰਲ ਕਾਂਗਰਸ ਦੇ ਸੀਨੀਅਰ ਨੇਤਾ ਜਯੋਤੀਕੁਮਾਰ ਸਮੱਕਲ ਨੇ ਕਿਹਾ ਕਿ ਸ਼ਾਂਥਮਾ ਦੇ ਦ੍ਰਿੜ ਇਰਾਦੇ ਨੇ ਇਸ ਕੇਸ ਨੂੰ ਨਤੀਜੇ ਤੱਕ ਪਹੁੰਚਾਇਆ ਹੈ।

ਜਯੋਤੀਕੁਮਾਰ ਨੇ ਕਿਹਾ, “ਸ਼ਾਂਥਮਾ ਦਾ ਸਮਰਥਨ ਕਰਨ ਲਈ ਕੋਈ ਵੀ ਅੱਗੇ ਨਹੀਂ ਆਇਆ, ਭਾਵੇਂ ਕਤਲਾਂ ਦੇ ਦੋਸ਼ੀਆਂ ਨੂੰ ਸਾਲਾਂ ਤੱਕ ਨਹੀਂ ਫੜਿਆ ਜਾ ਸਕਿਆ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ।”

ਇਹ ਵੀ ਪੜ੍ਹੋ-

ਘਟਨਾਕ੍ਰਮ ਸਮੇਂ ਕੀ ਵਾਪਰਿਆ

ਕਤਲ

ਤਸਵੀਰ ਸਰੋਤ, Getty Images

10 ਫਰਵਰੀ 2006 ਦੀ ਦੁਪਹਿਰ ਨੂੰ, ਉਸ ਸਮੇਂ ਦੇ ਸਰਕਲ ਇੰਸਪੈਕਟਰ, ਸ਼ਾਹਨਵਾਜ਼ ਨੂੰ ਇੱਕ ਫ਼ੋਨ ਆਇਆ।

ਸ਼ਾਹਨਵਾਜ਼ ਨੇ ਉਸ ਸਮੇਂ ਦੀਆਂ ਘਟਨਾਵਾਂ ਨੂੰ ਯਾਦ ਕਾਰਦਿਆਂ ਦੱਸਿਆ, “ਸਥਾਨਕ ਲੋਕਾਂ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਆਂਚਲ ਪਿੰਡ ਵਿੱਚ ਕਿਰਾਏ ਦੇ ਘਰ ਵਿੱਚ ਰਹਿ ਰਹੇ ਰੰਜਨੀ ਅਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ ਹੈ।”

ਸ਼ਾਹਨਵਾਜ਼ ਤੁਰੰਤ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੂੰ ਅਜੇ ਵੀ ਯਾਦ ਹੈ ਕਿ ਸ਼ਾਂਥਮਾ ਉਸ ਸਮੇਂ ਉੱਚੀ-ਉੱਚੀ ਰੋ ਰਹੇ ਸਨ।

ਉਨ੍ਹਾਂ ਨੇ ਕਤਲ ਦੇ ਸ਼ੱਕ ਅਤੇ ਰਹੱਸ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਵਿਲ ਕੁਮਾਰ ਅਤੇ ਰਾਜੇਸ਼ ਨੇ ਇੱਕ ਯੋਜਨਾਬੱਧ ਤਰੀਕੇ ਨਾਲ ਕਤਲ ਕੀਤਾ ਸੀ।

ਸ਼ਾਹਨਵਾਜ਼ ਨੇ ਕਿਹਾ, “ਦੇਵਿਲ ਕੁਮਾਰ ਕਤਲ ਦੇ ਸਮੇਂ ਕੋਲਮ ਵਿੱਚ ਨਹੀਂ ਸਨ, ਉਹ ਪਠਾਨਕੋਟ ਆਰਮੀ ਕੈਂਪ ਵਿੱਚ ਸਨ। ਉਨ੍ਹਾਂ ਨੇ ਮਿਲ ਕੇ ਇਸ ਦੀ ਯੋਜਨਾ ਬਣਾਈ ਸੀ ਤਾਂ ਜੋ ਕੋਈ ਸ਼ੱਕ ਨਾ ਪੈਦਾ ਹੋਵੇ। ਉਨ੍ਹਾਂ ਦੇ ਦੋਸਤ ਰਾਜੇਸ਼ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।”

ਸ਼ਾਹਨਵਾਜ਼ ਨੇ ਕਿਹਾ ਕਿ ਦੇਵਿਲ ਕੁਮਾਰ ਰੰਜਨੀ ਨਾਲ ਸਬੰਧਾਂ ਵਿੱਚ ਸਨ ਅਤੇ ਪਰ ਫਿਰ ਉਨ੍ਹਾਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ।

ਦੇਵਿਲ ਜੁੜਵਾ ਬੱਚੀਆਂ ਦੇ ਪਿਤਾ ਸਨ ਪਰ ਜਦੋਂ ਉਨ੍ਹਾਂ ਨੇ ਵਿਆਹ ਤੋਂ ਇਨਕਾਰ ਕਰਕੇ ਬੱਚਿਆਂ ਨੂੰ ਸਵੀਕਾਰ ਨਹੀਂ ਕੀਤਾ, ਤਾਂ ਰੰਜਨੀ ਨੇ ਰਾਜ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਾਹਨਵਾਜ਼ ਮੁਤਾਬਕ ਦੇਵਿਲ ਦਾ ਰੰਜਨੀ ਅਤੇ ਬੱਚਿਆਂ ਨੂੰ ਮਾਰਨ ਦਾ ਇਹੀ ਕਾਰਨ ਸੀ।

ਰੰਜਨੀ ਦੀ ਡਿਲੀਵਰੀ ਸਮੇਂ, ਰਾਜੇਸ਼ ਨੇ ਆਪਣਾ ਨਾਮ ਅਨਿਲ ਕੁਮਾਰ ਦੱਸ ਕੇ ਰੰਜਨੀ ਨਾਲ ਜਾਣ-ਪਛਾਣ ਕੀਤੀ। ਉਨ੍ਹਾਂ ਨੇ ਰੰਜਨੀ ਨੂੰ ਕਿਹਾ ਕਿ ਉਨ੍ਹਾਂ ਦੀ ਪਤਨੀ ਵੀ ਹਸਪਤਾਲ ਵਿੱਚ ਡਿਲੀਵਰੀ ਲਈ ਦਾਖਲ ਹਨ।

ਲਗਾਤਾਰ ਜਾਣ-ਪਛਾਣ ਅਤੇ ਮਦਦ ਕਰਨ ਤੋਂ ਬਾਅਦ, ਰਾਜੇਸ਼ ਹਸਪਤਾਲ ਤੋਂ ਘਰ ਵਾਪਸ ਆਉਣ ਤੋਂ ਬਾਅਦ ਵੀ ਮਦਦ ਕਰਨ ਦੀ ਗੱਲ ਕਰਦੇ ਰਹੇ।

ਕਤਲ ਤੋਂ ਕੁਝ ਹਫ਼ਤੇ ਪਹਿਲਾਂ, ਦੇਵਿਲ ਕੁਮਾਰ ਅਤੇ ਰਾਜੇਸ਼ ਨੇ ਇੱਕ ਪੁਰਾਣੀ ਮੋਟਰ ਸਾਈਕਲ ਖਰੀਦੀ ਸੀ। ਇਸ ਦੀ ਆਰਸੀ (ਰਜਿਸਟ੍ਰੇਸ਼ਨ ਸਰਟੀਫਿਕੇਟ) ਮੌਕੇ ‘ਤੇ ਮਿਲੀ ਸੀ।

ਸ਼ਾਹਨਵਾਜ਼ ਨੇ ਕਿਹਾ, “ਸਾਡੇ ਕੋਲ ਇਹੀ ਇੱਕੋ ਇੱਕ ਸੁਰਾਗ ਸੀ। ਬਾਈਕ ਦੇ ਮਾਲਕ ਦੁਆਰਾ ਦਿੱਤੇ ਗਏ ਸੰਕੇਤਾਂ ਦੇ ਆਧਾਰ ‘ਤੇ ਹੀ ਅਸੀਂ ਇਹ ਸਮਝਿਆ ਕਿ ਦੇਵਿਲ ਕੁਮਾਰ ਅਤੇ ਰਾਜੇਸ਼ ਨੇ ਹੀ ਇਹ ਕਤਲ ਕੀਤੇ ਹਨ।”

ਮੁਲਜ਼ਮ ਕਿਉਂ ਨਹੀਂ ਫੜੇ ਗਏ

 ਲੁੱਕਆਊਟ ਨੋਟਿਸ

ਤਸਵੀਰ ਸਰੋਤ, Special arrangement

ਸਥਾਨਕ ਲੋਕਾਂ ਮੁਤਾਬਕ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਸਮੇਂ ਕੋਈ ਬਾਈਕ ‘ਤੇ ਤੇਜ਼ੀ ਨਾਲ ਭੱਜਿਆ ਸੀ। ਪੁਲਿਸ ਨੇ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ।

ਰਾਜੇਸ਼ ਰਸਤੇ ਵਿੱਚ ਏਟੀਐਮ ਤੋਂ ਪੈਸੇ ਕਢਵਾਉਣ ਲਈ ਰੁਕੇ ਸਨ। ਉਸ ਸਮੇਂ ਪੁਲਿਸ ਦੀ ਟੀਮ ਵਿੱਚੋਂ ਇੱਕ ਮੁਲਾਜ਼ਮ ਨੇ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਭੱਜ ਨਿਕਲਿਆ।”

ਸ਼ਾਹਨਵਾਜ਼ ਨੇ ਦੱਸਿਆ, “ਜਦੋਂ ਅਸੀਂ ਬਾਅਦ ਵਿੱਚ ਬੈਂਕ ਦੇ ਲੈਣ-ਦੇਣ ਬਾਰੇ ਪੁੱਛਗਿੱਛ ਕੀਤੀ, ਤਾਂ ਸਾਨੂੰ ਪਤਾ ਲੱਗਾ ਕਿ ਉਸ ਖਾਤੇ ਅਤੇ ਪਠਾਨਕੋਟ ਦੇ ਇੱਕ ਬੈਂਕ ਖਾਤੇ ਵਿੱਚ ਲੈਣ-ਦੇਣ ਹੋਇਆ ਸੀ। ਸਾਨੂੰ ਪਤਾ ਲੱਗਾ ਕਿ ਉਹ ਫੌਜ ਵਿੱਚ ਕੰਮ ਕਰ ਰਹੇ ਸਨ ਅਤੇ ਰਾਜੇਸ਼ ਦੀ ਦੇਵਿਲ ਕੁਮਾਰ ਨਾਲ ਨਜ਼ਦੀਕੀ ਸਾਂਝ ਸੀ। ਉਸ ਬੈਂਕ ਖਾਤੇ ਰਾਹੀਂ ਹੀ ਸਾਨੂੰ ਰਾਜੇਸ਼ ਦੀ ਫੋਟੋ ਮਿਲੀ ਸੀ।

ਸ਼ਾਹਨਵਾਜ਼ ਨੇ ਕਿਹਾ, “ਅਸੀਂ ਦੋਵਾਂ ਨੂੰ ਫੜਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ। ਅਸੀਂ ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਵਰਗੇ ਕਈ ਸੂਬਿਆਂ ਵਿੱਚ ਭਾਲ ਕੀਤੀ। ਉਹ ਭੱਜਦੇ ਰਹੇ ਅਤੇ ਕਈ ਥਾਵਾਂ ‘ਤੇ ਲੁਕ-ਛਿਪ ਦੇ ਰਹੇ। ਅਸੀਂ ਇਸ ਮਾਮਲੇ ਬਾਰੇ ਫੌਜ ਨੂੰ ਵੀ ਸੂਚਿਤ ਕੀਤਾ ਅਤੇ ਫੌਜ ਨੇ ਦੋਵਾਂ ਨੂੰ ਡਿਊਟੀ ਤੋਂ ਬਰਖ਼ਸਸਤ ਕਰ ਦਿੱਤਾ।”

ਕੇਰਲ ਸੀਬੀਸੀਆਈਡੀ ਦੁਆਰਾ ਜਾਂਚ ਕੀਤੇ ਜਾ ਰਹੇ ਇਸ ਮਾਮਲੇ ਨੂੰ 2010 ਵਿੱਚ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। 2013 ਵਿੱਚ ਇਸ ਮਾਮਲੇ ਵਿੱਚ ਇੱਕ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਪਰ ਫਿਰ ਵੀ ਦੋਸ਼ੀਆਂ ਦਾ ਪਤਾ ਨਹੀਂ ਲਗ ਸਕਿਆ।

ਸ਼ਾਹਨਵਾਜ਼ ਬਾਅਦ ਵਿੱਚ ਆਈਪੀਐਸ ਦੇ ਰੈਂਕ ਤੱਕ ਪਹੁੰਚੇ ਅਤੇ 2022 ਵਿੱਚ ਕੇਰਲ ਪੁਲਿਸ ਇੰਟੈਲੀਜੈਂਸ ਦੇ ਐਸਪੀ ਵਜੋਂ ਸੇਵਾਮੁਕਤ ਹੋਏ ਸਨ। ਇਨ੍ਹਾਂ ਬੇਰਹਿਮ ਕਤਲਾਂ ਵਿੱਚ ਦੋਸ਼ੀਆਂ ਨੂੰ ਫੜਨ ਵਿੱਚ ਅਸਫਲਤਾ ਨੇ ਸ਼ਾਹਨਵਾਜ਼ ਨੂੰ ਕਾਫ਼ੀ ਨਿਰਾਸ਼ ਕੀਤਾ ਸੀ।

ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਜਾਣਦੇ ਸੀ ਕਿ ਕਾਤਲ ਕੌਣ ਹਨ, ਪਰ ਅਸੀਂ ਉਨ੍ਹਾਂ ਨੂੰ ਫੜਨ ਅਤੇ ਪੀੜਤਾਂ ਨੂੰ ਇਨਸਾਫ਼ ਨਹੀਂ ਦਵਾ ਸਕੇ।”

ਜਦੋਂ ਸ਼ਾਹਨਵਾਜ਼ ਖੁਫੀਆ ਵਿਭਾਗ ਵਿੱਚ ਸਨ, ਤਾਂ ਕੇਰਲ ਪੁਲਿਸ ਨੇ ਉਨ੍ਹਾਂ ਲੰਬਿਤ ਮਾਮਲਿਆਂ ਦੀ ਮੁੜ ਜਾਂਚ ਕਰਨ ਦਾ ਫੈਸਲਾ ਕੀਤਾ ਜਿਨ੍ਹਾਂ ਵਿੱਚ ਦੋਸ਼ੀ ਫਰਾਰ ਸਨ। ਸ਼ਾਹਨਵਾਜ਼ ਨੇ ਫਿਰ ਆਪਣੇ ਉੱਚ ਅਧਿਕਾਰੀਆਂ ਨੂੰ ਕੇਸ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਤਕਨਾਲੋਜੀ ਦੀ ਮਦਦ ਨਾਲ ਦੇਵਿਲ ਕੁਮਾਰ ਅਤੇ ਰਾਜੇਸ਼ ਦੀ ਭਾਲ ਸ਼ੁਰੂ ਹੋ ਗਈ।

ਏਆਈ ਤਕਨਾਲੋਜੀ ਦੀ ਮਦਦ

ਏਆਈ ਤਕਨਾਲੋਜੀ

ਤਸਵੀਰ ਸਰੋਤ, Getty Images

ਕੇਰਲ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਏਆਈ ਤਕਨਾਲੋਜੀ ਦੀ ਮਦਦ ਨਾਲ ਫੜਨ ਦੀ ਸ਼ੁਰੂਆਤ ਕੀਤੀ।

ਕੇਰਲ ਵਿੱਚ ਕਾਨੂੰਨ ਵਿਵਸਥਾ ਦੇ ਏਡੀਜੀਪੀ ਮਨੋਜ ਅਬਰਾਹਿਮ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਲੰਬਿਤ ਮਾਮਲਿਆਂ ਵਿੱਚ ਫ਼ਰਾਰ ਅਪਰਾਧੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ। ਸਾਡੇ ਕੋਲ ਅਜੇ ਵੀ ਦੇਵਿਲ ਕੁਮਾਰ ਦੀ ਇੱਕ ਪੁਰਾਣੀ ਫੋਟੋ ਸੀ, ਜੋ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਸੀ।”

ਕੇਰਲ ਪੁਲਿਸ ਨੇ ਦੇਵਿਲ ਕੁਮਾਰ ਨੂੰ ਫੜਨ ਲਈ ਖਾਸ ਤੌਰ ‘ਤੇ ਤਿਆਰ ਕੀਤੇ ਗਏ ਏਆਈ ਸੌਫਟਵੇਅਰ ਦੀ ਵਰਤੋਂ ਕੀਤੀ। ਇਸ ਰਾਹੀਂ ਉਨ੍ਹਾਂ ਨੇ ਦੇਵਿਲ ਕੁਮਾਰ ਦੀਆਂ ਪੁਰਾਣੀਆਂ ਫੋਟੋਆਂ ਦੀ ਵਰਤੋਂ ਕਰਕੇ ਹੋਰ ਤਸਵੀਰਾਂ ਬਣਾਈਆਂ ਅਤੇ ਉਨ੍ਹਾਂ ਦੀ ਤੁਲਨਾ ਇੰਟਰਨੈੱਟ ‘ਤੇ ਲੱਖਾਂ ਫੋਟੋਆਂ ਨਾਲ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਦੇਵਿਲ ਕੁਮਾਰ ਦੀ ਪਛਾਣ ਕੀਤੀ।

ਮਨੋਜ ਅਬਰਾਹਿਮ ਮੁਤਾਬਕ, “ਇਸ ਤਕਨਾਲੋਜੀ ਨੇ ਦੇਵਿਲ ਕੁਮਾਰ ਦੇ ਚਿਹਰੇ ਦੇ ਹਾਵ-ਭਾਵ ਅਤੇ ਉਨ੍ਹਾਂ ਦੇ ਵਾਲਾਂ ਵਿੱਚ ਫਰਕ ਨੂੰ ਪਛਾਣਿਆ।”

ਮੌਜੂਦਾ ਦੇਵਿਲ ਕੁਮਾਰ ਆਰਟੀਫਿਸ਼ਲ ਅਵਤਾਰ ਫੋਟੋ ਫੇਸਬੁੱਕ ‘ਤੇ ਇੱਕ ਫੋਟੋ ਨਾਲ ਮੇਲ ਖਾਂਦੀ ਸੀ।

ਉਨ੍ਹਾਂ ਨੇ ਉਸ ਫੇਸਬੁੱਕ ਅਕਾਊਂਟ ਦੇ ਮੋਬਾਈਲ ਨੰਬਰ ਨੂੰ ਟ੍ਰੇਸ ਕੀਤਾ ਅਤੇ ਇਸ ਦੀ ਜਾਂਚ ਕੀਤੀ ਅਤੇ ਪਾਇਆ ਕਿ ਦੇਵਿਲ ਕੁਮਾਰ ਪੁਡੂਚੇਰੀ ਵਿੱਚ ਹਨ। ਫਿਰ ਉਨ੍ਹਾਂ ਨੇ ਸੀਬੀਆਈ ਚੇਨਈ ਸ਼ਾਖਾ ਨੂੰ ਸੂਚਿਤ ਕੀਤਾ। ਦੇਵਿਲ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਸੀਬੀਆਈ ਨੇ ਉਨ੍ਹਾਂ ਰਾਹੀਂ ਰਾਜੇਸ਼ ਨੂੰ ਵੀ ਗ੍ਰਿਫ਼ਤਾਰ ਕੀਤਾ।

ਪਛਾਣ ਬਦਲੀ ਅਤੇ ਵੱਖੋਂ-ਵਖਰੇ ਨਾਮ ਰੱਖੇ

ਏਆਈ ਤਕਨਾਲੋਜੀ

ਤਸਵੀਰ ਸਰੋਤ, Getty Images

ਡੇਵਿਲ ਕੁਮਾਰ ਅਤੇ ਰਾਜੇਸ਼ ਨੇ ਆਪਣੀ ਪਛਾਣ ਬਦਲ ਲਈ ਅਤੇ ਵਿਸ਼ਨੂੰ ਅਤੇ ਪ੍ਰਵੀਨ ਕੁਮਾਰ ਨਾਮ ਨਾਲ ਰਹਿਣ ਲੱਗੇ। ਉਨ੍ਹਾਂ ਨੇ ਵਿਆਹ ਵੀ ਕਰਵਾਇਆ ਅਤੇ ਇੰਟੀਰੀਅਰ ਡਿਜ਼ਾਈਨ ਇੰਡਸਟਰੀ ਵਿੱਚ ਕੰਮ ਕਰ ਰਹੇ ਸਨ।

ਏਡੀਜੀਪੀ ਮਨੋਜ ਅਬਰਾਹਿਮ ਨੇ ਕਿਹਾ, “ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਾ ਹੀ ਉਨ੍ਹਾਂ ਦੇ ਗੁਆਂਢੀਆਂ ਨੇ ਪਹਿਲਾਂ ਕਦੇ ਉਨ੍ਹਾਂ ‘ਤੇ ਸ਼ੱਕ ਕੀਤਾ ਸੀ।”

ਉਨ੍ਹਾਂ ਨੇ ਕਿਹਾ ਕਿ ਏਆਈ ਤਕਨਾਲੋਜੀ ਦੀ ਮਦਦ ਨਾਲ ਅਪਰਾਧੀਆਂ ਨੂੰ ਫੜਨ ਦਾ ਰੁਝਾਨ ਦੁਨੀਆ ਭਰ ਵਿੱਚ ਵਧ ਰਿਹਾ ਹੈ।

ਏਡੀਜੀਪੀ ਮਨੋਜ ਦਾ ਮੰਨਣਾ ਹੈ, “ਏਆਈ ਤਕਨਾਲੋਜੀ ਦੀ ਮਦਦ ਨਾਲ ਅਪਰਾਧੀਆਂ ਦੀ ਪਛਾਣ ਕਰਨਾ ਆਸਾਨ ਅਤੇ ਪ੍ਰਭਾਵਸ਼ਾਲੀ ਹੈ। ਭਵਿੱਖ ਵਿੱਚ, ਕਾਨੂੰਨ ਵਿਵਸਥਾ ਨਾਲ ਸਬੰਧਤ ਸਾਰੇ ਮਾਮਲਿਆਂ ਵਿੱਚ ਏਆਈ ਦੀ ਵਰਤੋਂ ਕੀਤੀ ਜਾ ਸਕਦੀ ਹੈ,”

ਗ੍ਰਿਫ਼ਤਾਰ ਕੀਤੇ ਗਏ ਦੇਵਿਲ ਕੁਮਾਰ ਅਤੇ ਰਾਜੇਸ਼ ਇਸ ਸਮੇਂ ਸੀਬੀਆਈ ਦੀ ਹਿਰਾਸਤ ਵਿੱਚ ਹਨ। ਅਦਾਲਤ ਨੇ ਉਨ੍ਹਾਂ ਨੂੰ 18 ਜਨਵਰੀ ਤੱਕ ਸੀਬੀਆਈ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ।

ਇਸੇ ਤਰ੍ਹਾਂ, ਡੀਐਨਏ ਟੈਸਟਿੰਗ ਲਈ ਮ੍ਰਿਤਕ ਜੁੜਵਾਂ ਬੱਚਿਆਂ ਦੇ ਨਮੂਨਿਆਂ ਨੂੰ ਸੁਰੱਖਿਅਤ ਰੱਖਣ ਦੇ ਅਦਾਲਤੀ ਹੁਕਮ ਪਹਿਲਾਂ ਹੀ ਸਨ। ਹੁਣ ਜਦੋਂ ਦੇਵਿਲ ਕੁਮਾਰ ਮਿਲ ਗਏ ਹਨ ਤਾਂ ਪੁਲਿਸ ਨੇ ਕਿਹਾ ਕਿ ਡੀਐਨਏ ਟੈਸਟ ਕੀਤੇ ਜਾਣਗੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI